ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਪੁਨਰਵਾਸ

ਵਿਕੀਸਰੋਤ ਤੋਂ

ਉਨ੍ਹਾਂ ਦਿਨਾਂ ਵਿਚ ਸੁਰਿਦਰ ਇੱਕੋ ਸਮੇਂ ਤਿੰਨ ਕੁੜੀਆਂ ਨਾਲ ਇਸ਼ਕ ਕਰਦਾ ਸੀ। ਤਿੰਨ ਕੁੜੀਆਂ ਨਹੀਂ, ਦੋ ਕੁੜੀਆਂ ਤੇ ਤੀਜੀ ਨੂੰ ਤੀਵੀਂ ਕਹਿਣਾ ਚਾਹੀਦਾ ਹੈ।

ਤੀਵੀਂ ਕਹਿਣਾ ਉਸ ਨੂੰ ਇਸ ਕਰਕੇ ਜਚਦਾ ਹੈ ਕਿ ਉਹ ਵਿਆਹੀ ਹੋਈ ਸੀ।

ਉਸ ਮੁਹੱਲੇ ਵਿਚ ਜਿੱਥੇ ਉਹ ਰਹਿੰਦਾ ਸੀ, ਉਸ ਦੇ ਗਵਾਂਢ ਵਿਚ ਹੀ ਉਸ ਤੀਵੀਂ ਦਾ ਘਰ ਸੀ। ਉਹਦਾ ਢਿੱਡਲ ਪਤੀ ਬੈਂਕ ਵਿਚ ਮੁਲਾਜ਼ਮ ਸੀ। ਤੜਕੇ ਹੀ ਰੋਟੀ ਖਾ ਕੇ ਦਸ ਵਜੇ ਚਲਿਆ ਜਾਂਦਾ ਤੇ ਪੰਜ ਵਜੇ ਥੱਕਿਆ ਟੁੱਟਿਆ ਮੰਜੀ 'ਤੇ ਆ ਡਿੱਗਦਾ। ਰੋਟੀ ਖਾਂਦਾ ਤੇ ਸੌਂ ਜਾਂਦਾ। ਨਾ ਕਦੀ ਉਹ ਸੈਰ ਨੂੰ ਗਿਆ ਸੀ ਤੇ ਨਾ ਕਦੀ ਤੇਲ ਦੀ ਮਾਲਿਸ਼ ਕਰਕੇ ਨ੍ਹਾਤਾ ਸੀ। ਸਿਨਮਾ ਵਰਗਾ ਸ਼ੌਕ ਵੀ ਉਸ ਨੂੰ ਕੋਈ ਨਹੀਂ ਸੀ।

ਉਸ ਤੀਵੀਂ ਨੂੰ ਆਪਣਾ ਪਤੀ ਲੋਗੜ ਦੇ ਇੱਕ ਗਦੈਲੇ ਨਾਲੋਂ ਵੱਧ ਹੋਰ ਕੁਝ ਨਹੀਂ ਸੀ ਲੱਗਦਾ। ਉਨ੍ਹਾਂ ਦੇ ਵਿਆਹ ਹੋਏ ਨੂੰ ਤਿੰਨ ਸਾਲ ਹੋ ਗਏ ਸਨ ਤੇ ਅਜੇ ਉਸ ਤੀਵੀਂ ਕੋਲ ਕੋਈ ਜਵਾਬ ਨਹੀਂ ਸੀ ਹੋਇਆ।

ਉਹ ਸੂਰਜ ਚੜ੍ਹਨ ਤੋਂ ਤਿੰਨ ਘੰਟੇ ਪਹਿਲਾਂ ਉੱਠਦੀ। ਹੱਥ ਵਿਚ ਪਾਣੀ ਦੀ ਚਿਲਕਣੀ ਤੇ ਕੰਗਣੀ ਵਾਲੀ ਗੜਵੀ ਫੜਦੀ ਤੇ ਸੁਰਿੰਦਰ ਦੀ ਬੈਠਕ ਵਿਚ ਆ ਧਮਕਦੀ। ਉਸ ਦਾ ਢਿੱਡਲ ਪਤੀ ਉੱਚੇ ਉੱਚੇ ਘੁਰਾੜਿਆਂ ਨੂੰ ਬੰਦ ਕਰਕੇ ਅੱਖਾਂ ਝਮਕਦਾ ਤਾਂ ਦੇਖਦਾ ਕਿ ਉਹ ਬਾਹਰ ਕੰਨੀਂ ਚਲੀ ਗਈ ਹੈ। ਨਿੱਤ ਹੀ ਜਾਂਦੀ ਹੈ। ਜਾਂਦੀ ਹੈ ਤਾਂ ਸਵੇਰੇ ਸਵੇਰੇ ਜਾਂਦੀ ਹੈ। ਸੁਹੰਨਰੀਆਂ ਤੀਵੀਆਂ ਸਦੇਹਾਂ ਹੀ ਉੱਠਦੀਆਂ ਹੁੰਦੀਆਂ ਨੇ। ਉਹ ਦਾ ਪਤੀ ਸਮਝਦਾ ਹੈ ਕਿ ਉਹ ਕਿੰਨੀ ਚੰਗੀ ਹੈ। ਸਦੇਹਾਂ ਸਦੇਹਾਂ ਵਿਚਾਰੀ ਉੱਠਦੀ ਹੈ। ਨੇੜੇ ਥਾਂ ਨਹੀਂ ਇਸ ਲਈ ਦੂਰ ਸਾਰੇ ਬਾਹਰ ਜਾਂਦੀ ਹੈ। ਚਿਰ ਭਾਵੇਂ ਕਾਫ਼ੀ ਲੱਗ ਜਾਂਦਾ ਹੈ। ਉਹ ਸੋਚਦਾ ਹੈ ਕਿ ਹੋਰ ਤੀਵੀਆਂ ਟੱਕਰ ਜਾਂਦੀਆਂ ਹੋਣਗੀਆਂ ਤੇ ਗੱਲੀਂ ਪੈ ਜਾਂਦੀਆਂ ਹੋਣਗੀਆਂ। ਪਰ ਜਦ ਵਾਪਸ ਆਉਂਦੀ ਹੈ ਤਾਂ ਮਿੰਟਾਂ ਵਿਚ ਦੀ ਚਾਹ ਬਣਾ ਦਿੰਦੀ ਹੈ। ਮਿੰਟਾਂ ਵਿਚ ਦੀ ਨਹਾਉਣ ਲਈ ਪਾਣੀ ਪਾ ਦਿੰਦੀ ਹੈ। ਮਿੰਟਾਂ ਵਿਚ ਦੀ ਰੋਟੀ ਬਣਾ ਦਿੰਦੀ ਹੈ ਤੇ ਵੇਲੇ ਸਿਰ ਉਹ ਨੂੰ ਦਫ਼ਤਰ ਤੋਰ ਦਿੰਦੀ ਹੈ।

ਸੁਰਿੰਦਰ ਨੂੰ ਉਹ ਤੀਵੀਂ ਬੜੀ ਚੰਗੀ ਲੱਗਦੀ ਸੀ। ਦੇਖਣ ਵਿਚ ਭਾਵੇਂ ਕੁਝ ਮਧਰੀ ਜਿਹੀ ਸੀ, ਪਰ ਅੰਗਾ ਪੈਰਾ ਦੀ ਖੁੱਲ੍ਹੀ ਸੀ, ਚੌੜੇ ਚੁਗਾਠੇ ਵਾਲੀ। ਭਰਵੇਂ ਭਰਵੇਂ ਅੰਗਾਂ ਵਾਲੀ। ਚਿੱਟੀ ਸਾੜ੍ਹੀ ਪਹਿਨਦੀ ਸੀ। ਨਜ਼ਰ ਕੁਝ ਕਮਜ਼ੋਰ ਸੀ ਤੇ ਅੱਖਾਂ ਦਾ ਬਰੀਕ ਕੰਮ ਕਰਨ ਵੇਲੇ ਐਨਕ ਲਾ ਲੈਂਦੀ ਸੀ। ਸੁਰਿੰਦਰ ਨੂੰ ਉਹ ਚਾਹੁੰਦੀ ਸੀ। ਉਸ ਨੂੰ ਅੰਨ੍ਹਾਂ ਪਿਆਰ ਕਰਦੀ। ਉਹ ਦੇ ਅੰਗਾਂ ਨੂੰ ਟੋਹ ਟੋਹ ਦੇਖਦੀ। ਹਰ ਤਰ੍ਹਾਂ ਉਹਦੀ ਸਹਾਇਤਾ ਕਰਦੀ। ਕਦੇ ਕਦੇ ਐਵੇਂ ਹੀ ਉਹਦੀ ਜੇਬ੍ਹ ਵਿਚ ਰੁਪਈਏ ਪਾ ਜਾਂਦੀ- ਕਦੇ ਦਸ ਪਾ ਗਈ, ਕਦੇ ਵੀਹ ਪਾ ਗਈ। ਕਹਿੰਦੀ, 'ਤੂੰ ਥੁੜ ਕੇ ਨਾ ਬੈਠਿਆ ਕਰ। ਖ਼ਰਚ ਦੀ ਪਰਵਾਹ ਨਾ ਕਰ, ਮੈਥੋਂ ਲੈ। ਮਨ ਭੌਂਦਾ ਖਾ, ਮਨ ਭੌਂਦਾ ਹੰਢਾ। ਸੁਰਿੰਦਰ ਨੂੰ ਮਹਿਸੂਸ ਹੁੰਦਾ ਕਿ ਉਹ ਕਿੰਨੇ ਖੁੱਲ੍ਹੇ ਦਿਲ ਵਾਲੀ ਹੈ। ਢਿੱਡਲ ਜਦ ਬੈਂਕ ਨੂੰ ਉੱਠ ਜਾਂਦਾ ਹੈ ਤਾਂ ਕਦੇ ਕਦੇ ਉਹ ਉਸ ਨੂੰ ਪਰੌਠੇ ਪਕਾ ਕੇ ਦੇ ਜਾਂਦੀ ਹੈ। ਢਿੱਡਲ ਤੋਂ ਚੋਰੀਂ ਇੱਕ ਦਰੀ, ਇੱਕ ਸਰ੍ਹਾਣਾ ਤੇ ਇਕ ਖੇਸ ਵੀ ਉਸ ਨੇ ਉਸ ਨੂੰ ਦਿੱਤਾ ਹੋਇਆ ਹੈ। ਉਹਦਾ ਪਤੀ ਜੇ ਉਸ ਦੇ ਮਨ ਦੀ ਗੱਲ ਪੂਰੀ ਨਹੀਂ ਕਰਦਾ ਤਾਂ ਉਹ ਵਿਚਾਰੀ ਕਰੇ ਵੀ ਕੀ? ਸੁਰਿੰਦਰ ਬੇਹੱਦ ਖੁਸ਼ ਰਹਿੰਦਾ ਕਿ ਉਹ ਉਸ ਤੀਵੀਂ ਨੂੰ ਖੁਸ਼ੀ ਦਿੰਦਾ ਹੈ।

ਉਸ ਸ਼ਹਿਰ ਵਿਚ ਸੁਰਿੰਦਰ ਬੱਸ ਅੱਡੇ 'ਤੇ ਇੱਕ ਮਸ਼ਹੂਰ ਬੱਸ ਕੰਪਨੀ ਦਾ ਅੱਡਾ ਇੰਚਾਰਜ ਲੱਗਿਆ ਹੋਇਆ ਸੀ। ਉਸ ਨੇ ਦਸ ਜਮਾਤਾਂ ਪਾਸ ਕੀਤੀਆਂ ਹੋਈਆਂ ਸਨ। ਕੋਰਸ ਉਹ ਕੋਈ ਕਰ ਨਹੀਂ ਸੀ ਸਕਿਆ। ਇਕੱਲੀ ਦਸਵੀਂ ਪਾਸ ਹੋਣ ਕਰਕੇ ਸਰਕਾਰੀ ਨੌਕਰੀ ਕੋਈ ਉਹਨੂੰ ਮਿਲੀ ਨਾ। ਉਚ ਚੰਗੇ ਰੱਜੇ ਪੁੱਜੇ ਘਰ ਦਾ ਪੁੱਤ ਤਾਂ ਹੈ ਨਹੀਂ ਸੀ। ਉਹਦਾ ਪਿਓ ਵਾਹੀ ਕਰਦਾ ਸੀ ਤੇ ਬਸ ਘਰ ਦੀ ਆਈ ਚਲਾਈ ਕਰੀਂ ਜਾਂਦਾ ਸੀ। ਸੁਰਿੰਦਰ ਕਿਵੇਂ ਨਾ ਕਿਵੇਂ ਦਸਵੀਂ ਪਾਸ ਕਰ ਗਿਆ ਸੀ। ਜਦ ਉਹ ਪੜ੍ਹਦਾ ਹੁੰਦਾ, ਹਾਕੀ ਦਾ ਬਹੁਤ ਵਧੀਆ ਖਿਡਾਰੀ ਰਿਹਾ ਸੀ। ਉਸ ਦੀ ਸਿਹਤ ਪਹਿਲੇ ਦਿਨੋਂ ਹੀ ਵਧੀਆ ਸੀ। ਕੱਦ ਕਾਠ ਵੀ ਚੰਗਾ ਸੀ। ਰੰਗ ਗੰਦਮੀ, ਹੱਡ ਪੈਰ ਖੁੱਲ੍ਹੇ ਖੁੱਲ੍ਹੇ, ਡੌਲੇ, ਪਟ ਤੇ ਛਾਤੀ ਦੇ ਪੱਠੇ ਉੱਭਰਵੇਂ, ਖੁੱਦੋ ਵਾਂਗ ਮੜ੍ਹੇ ਹੋਏ। ਚਿਹਰੇ ਦੀ ਰੌਣਕ ਬਹੁਤ ਖੂਬ। ਨੈਣ ਨਕਸ਼ ਤਿੱਖੇ। ਬੋਲਣ ਚੱਲਣ ਦਿਲ ਨੂੰ ਮੋਹ ਲੈਣ ਵਾਲਾ।

ਹਰ ਕੁੜੀ ਉਹਦੀ ਨੁਹਾਰ 'ਤੇ ਮਰ ਸਕਦੀ ਸੀ।

ਦੂਜਾ ਇਸ਼ਕ ਉਹਦਾ ਇੱਕ ਨਰਸ ਨਾਲ ਸੀ। ਨਰਸ ਨਿੱਤ ਉਸ ਬੱਸ ਅੱਡੇ ਤੋਂ ਬਸ ਫੜਕੇ ਅੱਠ ਮੀਲ ਦੂਰ ਕਿਸੇ ਪਿੰਡ ਜਾਇਆ ਕਰਦੀ ਸੀ। ਇੱਕ ਹੋਰ ਬੰਦੇ ਦੇ ਕਹਿਣੈ ਤੇ ਉਸ ਨੇ ਉਸ ਬੱਸ ਦਾ ਪਾਸ ਬਣਵਾ ਦਿੱਤਾ ਸੀ। ਉਸ ਨਾਲ ਜਾਣ ਪਛਾਣ ਦਾ ਬੱਸ ਇਹੀ ਮੁੱਢ ਸੀ। ਨਿੱਤ ਹੀ ਜਦ ਉਹ ਸਵੇਰੇ ਸਵੇਰੇ ਬੱਸ ਚੜ੍ਹਨ ਆਉਂਦੀ ਤਾਂ ਸੁਰਿੰਦਰ ਨਾਲ ਨਿਗਾਹ ਸਾਂਝੀ ਕਰ ਜਾਂਦੀ। ਕਦੇ ਕਦੇ ਉਹ ਕੋਈ ਗੱਲ ਵੀ ਕਰ ਜਾਂਦੀ। ਸੁਰਿੰਦਰ ਜਿਵੇਂ ਉਸ ਨੂੰ ਜਚ ਗਿਆ ਸੀ। ਉਹ ਉਸ ਦੇ ਬਹੁਤੇ ਹੀ ਨੇੜੇ ਹੁੰਦੀ ਗਈ। ਇੱਕ ਦਿਨ ਸ਼ਾਮ ਨੂੰ ਉਹ ਪਿੰਡੋ ਬਹੁਤ ਹੀ ਥੱਕੀ ਟੁੱਟੀ ਆਈ ਤੇ ਸੁਰਿੰਦਰ ਉਸ ਨੂੰ ਚਾਹ ਪਿਆਉਣ ਲਈ ਆਪਣੀ ਬੈਠਕ ਵਿਚ ਲੈ ਗਿਆ। ਉਸ ਤੋਂ ਪਿੱਛੋਂ ਅਕਸਰ ਉਹ ਉਸ ਦੀ ਬੈਠਕ ਵਿਚ ਆ ਜਾਇਆ ਕਰਦੀ ਸੀ। ਇੱਕ ਰਾਤ ਤਾਂ ਉਹ ਉਸ ਦੀ ਬੈਠਕ ਵਿਚ ਹੀ ਉਸ ਕੋਲ ਪੈ ਗਈ ਸੀ। ਸੁਰਿੰਦਰ ਨੇ ਬੜੇ ਹਾੜ੍ਹੇ ਕੱਢੇ ਤੇ ਬਹੁਤ ਤਰਲੇ ਕੀਤੇ, ਪਰ ਉਹ ਕਹਿੰਦੀ-'ਹੋਰ ਭਾਵੇਂ ਕੁਸ਼ ਆਖ ਲੈ, ਪਰ ਮੈਨੂੰ ਏਸ ਇਮਤਿਹਾਨ ਵਿਚ ਨਾ ਪਾ।'

ਉਹ ਬੜਾ ਹੈਰਾਨ ਪ੍ਰੇਸ਼ਾਨ ਕਿ ਇਹ ਕਿਸ ਕਿਸਮ ਦੀ ਕੁੜੀ ਹੈ। ਜੇ ਇਸ ਨੇ ਕਿਸੇ ਇਮਤਿਹਾਨ ਵਿਚ ਨਹੀਂ ਸੀ ਪੈਣਾ ਤਾਂ ਕੀ ਇਹ ਮੇਰੇ ਕੋਲ ਗੀਤਾਂ ਦੇ ਸਲੋਕ ਸਿੱਖਣ ਆਈ ਹੈ? ਕੁੜੀ ਨੇ ਜਿੱਦ ਕੀਤੀ-'ਸੁਰਿੰਦਰ, ਦੇਖ ਤੇਰੇ ਨਾਲੋਂ ਵੱਧ ਦੁਨੀਆਂ 'ਤੇ ਮੈਨੂੰ ਕੋਈ ਹੋਰ ਚੀਜ਼ ਨੀ। ਮੈਂ ਤੈਨੂੰ ਬੇਅੰਤ ਪਿਆਰ ਕਰਦੀ ਆਂ। ਤੂੰ ਮੇਰੇ ਸਰੀਰ ਦੇ ਵੱਢ ਕੇ ਬੇਸ਼ਕ ਡੱਕਰੇ ਕਰ ਦੇ, ਪਰ ਮੈਨੂੰ ਏਸ ਇਮਤਿਹਾਨ ਵਿਚ ਨਾ ਨਾ।' ਸੁਰਿਦਰ ਦੀ ਸੋਚ ਉਸ ਕੁੜੀ ਮੁਹਰੇ ਹਾਰ ਗਈ ਸੀ। ਦਿਲੋਂ ਪਰ ਉਹ ਉਸ ਦੀ ਕਦਰ ਕਰਦਾ ਸੀ।

ਸੁਰਿੰਦਰ ਨੂੰ ਚਿਤਵਨੀ ਲੱਗੀ ਰਹਿੰਦੀ ਕਿ ਉਹ ਉਸ ਦਾ ਕਿਹੋ ਜਿਹਾ ਇਸ਼ਕ ਹੈ। ਗੱਲਾਂ ਉਹ ਸਾਰੀਆਂ ਕਰ ਲੈਂਦੀ ਹੈ। ਉਹ ਗੱਲਾਂ ਕਰਦੀ ਹੈ, ਜਿਹੜੀਆਂ ਸ਼ਾਇਦ ਹੋਰ ਕਿਸੇ ਨਾਲ ਨਹੀਂ ਕਰਦੀ ਹੋਣੀ। ਉਸ ਦੀ ਬੈਠਕ ਵਿਚ ਜਦੋਂ ਉਹ ਕਹੇ, ਆ ਜਾਂਦੀ ਹੈ, ਜ਼ਮਾਨੇ ਭਰ ਦੀਆਂ ਗੱਲਾਂ ਮਾਰਦੀ ਹੈ। ਇੱਕੋ ਗੱਲ ਉਹਦੀ ਸਮਝ ਵਿਚ ਨਹੀਂ ਆਉਂਦੀ, ਜਿਹੜੀ ਉਹ ਵਾਰ ਵਾਰ ਕਹਿੰਦੀ ਹੈ-'ਮੇਰੀ ਭਾਵੇਂ ਜਾਨ ਸੂਤ ਲੈ, ਪਰ ਮੈਨੂੰ ਕਦੇ ਇਮਤਿਹਾਨ 'ਚ ਨਾ ਪਾਈਂ। ਇਹ ਕਿਸ ਕਿਸਮ ਦੀ ਕੁੜੀ ਹੈ, ਸੁਰਿੰਦਰ ਸੋਚਦਾ ਰਹਿੰਦਾ।

ਉਹ ਨਰਸ ਕੁੜੀ ਜਦ ਕਦੇ ਉਸ ਦੀ ਬੈਠਕ ਵਿਚ ਆਉਂਦੀ ਤਾਂ ਸੁਰਿੰਦਰ ਚਿੱਟੀ ਸਾੜ੍ਹੀ ਵਾਲੀ ਤੀਵੀਂ ਨੂੰ ਦੱਸਦਾ ਕਿ ਅੱਜ ਉਸ ਦੇ ਮਾਮੇ ਦੀ ਧੀ ਆਈ ਹੋਈ ਹੈ। ਚਿੱਟੀ ਸਾੜ੍ਹੀ ਵਾਲੀ ਤੀਵੀਂ ਨੂੰ ਕੀ? ਭਾਵੇਂ ਉਸ ਦੀ ਮਾਮੇ ਦੀ ਧੀ ਹੋਵੇ, ਭੂਆ ਦੀ ਹੋਵੇ ਭਾਵੇਂ ਚਾਚੇ ਦੀ। ਕੋਈ ਵੀ ਹੋਵੇ ਆਉਂਦੀ ਰਹੇ। ਉਹ ਉਸ ਨਾਲ ਤਾਂ ਪੂਰਾ ਸੀ।

ਇਹ ਦੋਵੇਂ ਇਸ਼ਕ ਸੁਰਿੰਦਰ ਲਈ ਜਿਸਮ ਤੇ ਰੂਹ ਦੇ ਇਸ਼ਕ ਸਨ। ਚਿੱਟੀ ਸਾੜ੍ਹੀ ਵਾਲੀ ਤੀਵੀਂ ਨਾਲ ਜਿਸਮ ਦਾ ਇਸ਼ਕ ਤੇ ਨਰਸ ਕੁੜੀ ਨਾਲ ਰੂਹ ਦਾ ਇਸ਼ਕ। ਚਿੱਟੀ ਸਾੜ੍ਹੀ ਵਾਲੀ ਤੀਵੀਂ ਰੂਹ ਦੇ ਇਸ਼ਕ ਨੂੰ ਕੁਝ ਨਹੀਂ ਸੀ ਸਮਝਦੀ ਤੇ ਜਿਸਮ ਦਾ ਸੇਕ ਠੰਡਾ ਕਰਨ ਨੂੰ ਹੀ ਸਭ ਕੁਝ ਸਮਝਦੀ ਸੀ। ਸੁਰਿੰਦਰ ਸਮਝਦਾ ਸੀ ਕਿ ਉਹ ਉਸਦੇ ਜਿਸਮ ਦੇ ਸੇਕ ਨੂੰ ਠੰਡਾ ਕਰਕੇ ਉਸ ਤੇ ਬਹੁਤ ਵੱਡਾ ਉਪਕਾਰ ਕਰ ਰਿਹਾ ਹੈ। ਉਸ ਦਾ ਆਦਰ ਸਤਿਕਾਰ ਵੀ ਬੜਾ ਕਰਦੀ ਸੀ। ਉਸ ਨੂੰ ਖਵਾਉਂਦੀ ਪਿਆਉਂਦੀ ਸੀ। ਉਸ ਨੂੰ ਪੈਸੇ ਦਿੰਦੀ ਸੀ ਤੇ ਕਿਸੇ ਗੱਲੋਂ ਥੁੜਨ ਨਹੀਂ ਸੀ ਦਿੰਦੀ। ਨਰਸ ਕੜੀ ਕਿਸੇ ਇਮਤਿਹਾਨ ਵਿਚ ਨਹੀਂ ਸੀ ਪੈਣਾ ਚਾਹੁੰਦੀ। ਉਹ ਤਾਂ ਚਾਹੁੰਦੀ ਸੀ ਕਿ ਉਸ ਨੂੰ ਸੁਰਿੰਦਰ ਦਾ ਰੱਜ ਕੇ ਪਿਆਰ ਮਿਲਦਾ ਰਹੇ, ਪਰ ਉਹ ਆਪਣੀ ਜਾਨ ਨੂੰ ਦੁੱਖਾਂ ਵਿਚ ਨਾ ਪਾਵੇ।

ਸੁਰਿੰਦਰ ਦੋਵੇਂ ਪਾਸੇ ਖੁਸ਼ ਸੀ।

ਤੀਜਾ ਇਸ਼ਕ ਉਹ ਉਸ ਮੁਹੱਲੇ ਦੀ ਕਾਲਜ ਵਿਚ ਪੜ੍ਹਦੀ ਇੱਕ ਕੁੜੀ ਨੂੰ ਕਰਦਾ ਸੀ। ਇਹ ਇਸ਼ਕ ਉਹਦਾ ਬੜਾ ਪਵਿੱਤਰ ਇਸ਼ਕ ਸੀ।

ਕਾਲਜ ਵਿਚ ਪੜ੍ਹਦੀ ਉਸ ਕੁੜੀ, ਕੁੜੀ ਕਾਹਦੀ, ਬੱਸ ਇੱਕ ਸਪੋਲੀਆ ਸੀ। ਮਧਰਾ ਜਿਹਾ ਕੱਦ, ਪਤਲਾ ਸਰੀਰ ਤੇ ਗੋਲ ਅੰਗ। ਰੰਗ ਬਦਾਮੀ। ਹੰਸੂ ਹੰਸੂ ਕਰਦਾ ਮੂੰਹ। ਮਸ਼ਾਲਾ ਵਾਂਗ ਬਲਦੀਆਂ ਦਿਲ ਕੱਢ ਲੈਣ ਵਾਲੀਆਂ ਅੱਖਾਂ।

ਉਸ ਸ਼ਹਿਰ ਵਿਚ ਇੱਕ ਬੰਦਾ ਟੈਂਪੂ ਗੱਡੀ ਰਾਹੀਂ ਵੱਧ ਸਪਲਾਈ ਕਰਦਾ ਹੁੰਦਾ ਆਥਣ ਉੱਗਣ ਉਹ ਸ਼ਹਿਰ ਦੇ ਸਾਰੇ ਮੁਹੱਲਿਆਂ ਵਿਚ ਗੱਡੀ 'ਤੇ ਦੁੱਧ ਦੇ ਵੱਡੇ ਢੋਲ ਲੱਦ ਕੇ ਲਿਆਉਂਦਾ। ਢੋਲਾਂ ਦੇ ਟੂਟੀਆਂ ਲੱਗੀਆਂ ਹੁੰਦੀਆਂ। ਹਰ ਮੁਹੱਲੇ ਦੇ ਚੌਕ ਵਿਚ ਉਹ ਆਉਂਦਾ ਤੇ ਜਿਨ੍ਹਾਂ ਘਰਾਂ ਨੂੰ ਦੁੱਧ ਬੰਨਿਆਂ ਹੁੰਦਾ, ਉਹ ਉਸ ਤੋਂ ਦੁੱਧ ਲੈ ਲੈਂਦੇ। ਸੁਰਿੰਦਰ ਵੀ ਉਸ ਤੋਂ ਦੁੱਧ ਲੈਂਦਾ ਹੁੰਦਾ। ਦੁੱਧ ਵਾਲਾ ਜਦ ਆਉਂਦਾ ਤਾਂ ਚੌਕ ਵਿਚ ਦੁੱਧ ਲੈਣ ਵਾਲਿਆਂ ਦਾ ਮੇਲਾ ਲੱਗ ਜਾਂਦਾ। ਆਪਣੇ ਘਰ ਦਾ ਦੁੱਧ ਲੈਣ ਲਈ ਹਮੇਸ਼ਾ ਉਹੀ ਕਾਲਜ ਵਾਲੀ ਕੁੜੀ ਆਉਂਦੀ। ਟੱਪਦੀ ਬੁੜ੍ਹਕਦੀ ਡੋਲੂ ਫੜੀ ਉਹ ਆਉਂਦੀ ਤੇ ਧੁੱਸ ਦੇ ਕੇ ਦੂਜਿਆਂ ਦੇ ਦੁੱਧ ਵੀ ਪਵਾ ਦਿੰਦੀ। ਏਵੇਂ ਜਿਵੇਂ ਇੱਕ ਦਿਨ ਉਸ ਨੇ ਸੁਰਿੰਦਰ ਦੇ ਹੱਥੋਂ ਗੜਵੀ ਫੜੀ ਤੇ ਮੂਹਰ ਦੀ ਹੋ ਕੇ ਉਸ ਨੂੰ ਦੁੱਧ ਪਵਾ ਦਿੱਤਾ। ਗੜਵੀ ਫੜਾਉਣ ਲੱਗੀ ਤਾਂ ਉਸ ਨੇ ਸੁਰਿੰਦਰ ਦੀਆਂ ਉਂਗਲਾਂ ਘੁੱਟ ਦਿੱਤੀਆਂ ਤੇ ਹੱਸ ਹੱਸ ਦੂਹਰੀ ਹੁੰਦੀ, ਔਹ ਗਈ। ਸੁਰਿੰਦਰ ਸਾਰਾ ਦਿਨ ਇਹੀ ਖੌਝਲਦਾ ਰਿਹਾ-'ਲੋਹੜਾ ਓਏ, ਰਤੀ ਭਰ ਕੁੜੀ ਐ ਤੇ ਕਿੰਨੀ ਚੱਕਵੀਂ ਐਂ।'

ਜਦ ਉਹਦੀ ਬੈਠਕ ਕੋਲ ਦੀ ਲੰਘਣ ਲੱਗਦੀ, ਖੰਘ ਕੇ ਲੰਘਦੀ। ਕਦੇ ਕਦੇ ਕੋਈ ਰੋੜੀ ਵੀ ਮਾਰ ਜਾਂਦੀ। ਇੱਕ ਦਿਨ ਜਦ ਉਹ ਓਥੋਂ ਦੀ ਲੰਘਣ ਲੱਗੀ ਤਾਂ ਚਾਰ ਚੁਫ਼ੇਰਾ ਜਿਹਾ ਦੇਖ ਕੇ ਸੁਰਿੰਦਰ ਨੇ ਉਸ ਦੀ ਬਾਂਹ ਫੜੀ ਤੇ ਬੈਠਕ ਅੰਦਰ ਧੂ ਲਿਆ। 'ਮੈਂ ਰੌਲਾ ਪਾ ਦੂੰਗੀ, ਹਾਂ। 'ਕੁੜੀ ਨੇ ਬਾਂਹ ਛੁਡਾ ਕੇ ਆਖਿਆ। 'ਰੌਲਾ ਤਾਂ ਤੂੰ ਕੀ ਪਾ ਦੇਂਗੀ ਬਚੀਏ ਜੀਏ। ਊਈਂ ਗਠਿੱਲ ਜ੍ਹੀ ਦੇਖਕੇ, ਤੇਰੇ 'ਤੇ ਤਰਸ ਔਂਦੈ।' ਉਸ ਦੀ ਗੱਲ੍ਹ 'ਤੇ ਪੋਲਾ ਜਿਹਾ ਲੱਫੜ ਮਾਰ ਕੇ ਸੁਰਿੰਦਰ ਨੇ ਉਸ ਨੂੰ ਛੱਡ ਦਿੱਤਾ।

ਸੁਰਿੰਦਰ ਦੇ ਮਨ ਵਿਚ ਆਉਂਦੀ ਕਿ ਇਹ ਕੁੜੀ ਕਿੰਨੀ ਔਲੋ ਹੱਥੀ ਹੈ, ਪਰ ਹੈ ਨਿੱਕੀ ਜਿਹੀ। ਐਡੀ ਕੁ ਕੁੜੀ ਨੂੰ ਬੁਰੀ ਨਿਗਾਹ ਨਾਲ ਦੇਖਣਾ ਤਾਂ ਉਂਝ ਹੀ ਪਾਪ ਏ। ਉਸ ਨੂੰ ਉਹ ਛੇੜਦੀ ਰਹਿੰਦੀ, ਪਰ ਉਹ ਹੱਸ ਛੱਡਦਾ ਤੇ ਉਸ ਨੂੰ ਕੁਝ ਨਾਂ ਕਹਿੰਦਾ। ਉਹ ਕਿਸੇ ਤਰ੍ਹਾਂ ਛੇੜਦੀ ਰਹਿੰਦੀ। ਕਦੇ ਉਸ ਦੀ ਬੈਠਕ ਵਿਚ ਪਾਣੀ ਦਾ ਛਿੱਟਾ ਦੇ ਜਾਂਦੀ। ਕਦੇ ਰੋੜੀ ਮਾਰ ਜਾਂਦੀ। ਕਦੇ ਖੰਘ ਜਾਂਦੀ ਤੇ ਕਦੇ ਕੋਈ ਚੁਭਵੀਂ ਗੱਲ ਕਹਿ ਜਾਂਦੀ, ਪਰ ਸੁਰਿੰਦਰ ਉਸ ਨੂੰ ਨਿਆਣੀ ਸਮਝ ਕੇ ਹੱਸ ਛੱਡਦਾ। ਦਿਲੋਂ ਉਸ ਨੂੰ ਪਿਆਰ ਕਰਦਾ ਕਿ ਉਹ ਉਸ ਨੂੰ ਕਿੰਨਾ ਸ਼ਰਾਰਤੀ ਲਾਡ ਕਰਦੀ ਹੈ।

ਇਹ ਤਿੰਨੇ ਇਸ਼ਕ ਉਹਦੇ ਪੰਜ ਛੀ ਮਹੀਨਿਆਂ ਤੋਂ ਬਰਾਬਰ ਵਧੀਆ ਚੱਲ ਰਹੇ ਸਨ। ਉਸ ਦਾ ਪੱਬ ਧਰਤੀ 'ਤੇ ਮਸ਼ਾਂ ਟਿਕਦਾ। ਉਸ ਦੀ ਸੋਚ ਵਿਚ ਹਵਾ ਨੂੰ ਗੰਢਾਂ ਆਉਂਦੀਆਂ ਰਹਿੰਦੀਆਂ।

ਪੰਜ ਸੱਤ ਦਿਨ ਤਾਂ ਸੁਰਿੰਦਰ ਚੁੱਪ ਕਰਿਆ ਰਿਹਾ ਤੇ ਮਹਿਸੂਸ ਜਿਹਾ ਕਰਦਾ ਰਿਹਾ, ਪਰ ਦਸ ਕੁ ਦਿਨਾਂ ਬਾਅਦ ਉਹ ਹੈਰਾਨ ਰਹਿਣ ਲੱਗ ਪਿਆ ਕਿ ਕਾਲਜ ਵਾਲੀ ਕੁੜੀ ਹੁਣ ਕਦੇ ਬਾਹਰ ਕਿਉਂ ਨਹੀਂ ਨਿਕਲੀ। 'ਬਿਮਾਰ ਹੋਣੀ ਐ?; ਉਹ ਸਮਝਦਾ। ਬੀਮਾਰ ਹੋਵੇ ਤਾਂ ਕੋਈ ਡਾਕਟਰ ਘਰ ਆਉਂਦਾ ਜਾਂਦਾ ਹੋਵੇ ਜਾਂ ਉਹ ਆਪ ਕਦੇ ਡਾਕਟਰ ਦੇ ਜਾਂਦੀ ਦੇਖੀ ਹੋਵੇ। ਉਸ ਨੂੰ ਕੁਝ ਥਹੁ ਨਾ ਲਗਦਾ। ਪੰਦਰਾਂ ਦਿਨਾਂ ਬਾਅਦ ਸੁਰਿੰਦਰ ਨੇ ਉਸ ਨੂੰ ਦੇਖਿਆ। ਉਹ ਆਪਣੇ ਘਰ ਮੂਹਰੇ ਖੜ੍ਹੀ ਸਿਰ ਦੇ ਵਾਲ ਸੁਕਾਅ ਰਹੀ ਸੀ। ਉਹਦਾ ਚਿਹਰਾ ਉਤਰਿਆ ਹੋਇਆ ਸੀ। ਉਹ ਉਸ ਵੱਲ ਝਾਕੀ ਤਾਂ ਓਵੇਂ ਜਿਵੇਂ ਸ਼ਰਾਰਤ ਭਰੀਆਂ ਅੱਖਾਂ ਨਾਲ ਮੁਸਕਰਾਈ।

ਚਿੱਟੀ ਸਾੜੀ ਵਾਲੀ ਤੀਵੀਂ ਨੇ ਉਸ ਨੂੰ ਇਹ ਗੱਲ ਦੱਸ ਕੇ ਪੈਰਾਂ ਥੱਲਿਓਂ ਮਿੱਟੀ ਕੱਢ ਦਿੱਤੀ ਕਿ ਕਾਲਜ ਵਿਚ ਪੜ੍ਹਦੀ, ਉਸ ਕੁੜੀ ਦੀ ਜਾਨ ਮਸਾਂ ਬਚੀ ਹੈ। 'ਜੂੰ ਜਿੰਨੀ ਕੁੜੀ ਐ। ਪਤਾ ਨੀ ਕਿੱਥੋਂ ਖੱਟ ਲਿਆਈ ਚੰਦਰੀ।' ਸੁਰਿੰਦਰ ਥਾਂ ਦੀ ਥਾਂ ਸੁੰਨ ਹੋ ਗਿਆ। ਓਹ ਜਿਸ ਕੁੜੀ ਨੂੰ ਐਨੀ ਛੋਟੀ ਸਮਝਦਾ ਸੀ, ਉਸ ਨੇ ਤਾਂ ਬਿਲਕੁਲ ਹੀ ਹੱਦ ਕਰ ਦਿੱਤੀ। ਉਹ ਸੋਚਦਾ ਕਿ ਉਸ ਨੂੰ ਮੰਦ ਭਾਵਨਾ ਨਾਲ ਖਿਆਲ ਕਰਨਾ ਵੀ ਮੈਂ ਤਾਂ ਪਾਪ ਤੇ ਅਰਥ ਸਮਝਦਾ ਸੀ ਤੇ ਇਹ ਕੀ ਹੋ ਗਿਆ। ਮੈਂ ਤਾਂ ਐਵੇਂ ਹੀ ਸੁੱਚਾ ਬਣਿਆ ਰਿਹਾ। ਉਸ ਨੂੰ ਉਸ ਕੁੜੀ ਨਾਲ ਨਫ਼ਰਤ ਹੋ ਗਈ।

ਹੁਣ ਨਾ ਉਹ ਉਸ ਕੁੜੀ ਵੱਲ ਕਦੇ ਝਾਕਦਾ ਸੀ ਤੇ ਨਾ ਆਪਣੀ ਬੈਠਕ ਦਾ ਬਾਰ ਖੁੱਲ੍ਹਾ ਰੱਖਦਾ ਸੀ। ਉਸ ਕੁੜੀ ਦੀ ਮੜ੍ਹਕ ਵੀ ਢੈਲੀ ਹੋ ਗਈ ਸੀ। ਨਾ ਕਦੀ ਉਹ ਉਸ ਦੀ ਬੈਠਕ ਮੂਹਰੇ ਦੀ ਖੰਘ ਕੇ ਲੰਘਦੀ, ਨਾ ਕੋਈ ਰੋੜੀ ਮਾਰਦੀ ਤੇ ਨਾ ਹੀ ਕੋਈ ਹੋਰ ਛੇੜ ਛਾੜ ਕਰਦੀ ਸੀ। ਸੁਰਿੰਦਰ ਦੇ ਮਨ ਵਿਚ ਉਸ ਕੁੜੀ ਪ੍ਰਤੀ ਸਾਰੀ ਪਵਿੱਤਰਤਾ ਭੰਗ ਹੋ ਕੇ ਗਈ ਸੀ।

ਚਿੱਟੀ ਸਾੜ੍ਹੀ ਵਾਲੀ ਤੀਵੀਂ ਦਾ ਪ੍ਰੋਗਰਾਮ ਓਵੇਂ ਚੱਲ ਰਿਹਾ ਸੀ। ਨਰਸ ਕੁੜੀ, ਪਰ ਹੁਣ ਕਦੇ ਕਦੇ ਹੀ ਮਿਲਦੀ ਸੀ। ਦਸ ਕੁ ਦਿਨਾਂ ਤੋਂ ਤਾਂ ਉਹ ਬਿਲਕੁਲ ਹੀ ਨਹੀਂ ਮਿਲੀ। ਉਹੀ ਬੰਦਾ ਉਸ ਨੂੰ ਇੱਕ ਦਿਨ ਮਿਲਿਆ, ਜਿਹੜਾ ਉਸ ਦਾ ਪਾਸ ਬਣਵਾ ਕੇ ਲੈ ਗਿਆ ਸੀ। ਉਸ ਬੰਦੇ ਨੇ ਦੱਸਿਆ ਕਿ ਉਹ ਉਸੇ ਪਿੰਡ ਰਹਿਣ ਲੱਗ ਪਈ ਹੈ, ਜਿੱਥੇ ਉਹ ਨਿੱਤ ਜਾਇਆ ਕਰਦੀ ਸੀ। ਬੱਸ ਅੱਡੇ 'ਤੇ ਹੀ ਉਹ ਬੰਦਾ ਨਰਸ ਦੀਆਂ ਗੱਲਾਂ ਕਰਦਾ ਰਿਹਾ। ਉਹ ਬੰਦਾ ਸੁਰਿੰਦਰ ਨਾਲ ਪਲਾਂ ਵਿਚ ਹੀ ਖੁੱਲ੍ਹ ਗਿਆ ਸੀ। ਸੁਰਿੰਦਰ ਨੂੰ ਵੀ ਉਸ ਦੀਆਂ ਗੱਲਾਂ ਵਿਚ ਪੂਰੀ ਦਿਲਚਸਪੀ ਸੀ। ਉਹ ਬੰਦਾ ਆਪਣੇ ਮਨ ਦੀ ਭੜਾਸ ਕੱਢ ਰਿਹਾ ਸੀ ਤੇ ਭੜਾਸ ਕੱਢ ਕੇ ਜਿਵੇਂ ਕੋਈ ਆਰਾਮ ਮਹਿਸੂਸ ਕਰ ਰਿਹਾ ਹੋਵੇ।

ਆਖ਼ਰ ਮਲਵੀਂ ਜਿਹੀ ਜੀਭ ਨਾਲ ਉਸ ਨੇ ਵੀ ਦੱਸਿਆ ਕਿ ਉਹ ਉਸ ਨਰਸ ਨਾਲ ਇੱਕ ਧੱਕਾ ਕਰ ਬੈਠਾ ਤੇ ਉਸ ਤੋਂ ਬਾਅਦ ਵੀ ਉਹ ਉਸ ਦੀ ਨਾਰਾਜ਼ਗੀ ਨੂੰ ਕੁਚਲ ਦਿੰਦਾ ਰਿਹਾ ਸੀ। ਉਸ ਵਿਚਾਰੀ ਨੂੰ ਇੱਕ ਮਹੀਨੇ ਦੀ ਛੁੱਟੀ ਲੈਣੀ ਪਈ ਸੀ ਤਾਂ ਕਿਤੇ ਜਾ ਕੇ ਉਸ ਦੇ ਫੰਧ ਪਰਾਣ ਮੋਕਲੇ ਹੋਏ ਸਨ। ਉਹ ਬੰਦਾ ਹਾਬੜਿਆ ਹੋਇਆ ਗੱਲਾਂ ਕਰ ਰਿਹਾ ਸੀ ਕਿ ਹੁਣ ਕਦੇ ਚਾਰ ਮਹੀਨੇ ਹੋ ਗਏ, ਉਸ ਨਰਸ ਨੇ ਉਹਦੇ ਕੋਲ ਰਾਤ ਨਹੀਂ ਕੱਟੀ। ਜਦੋਂ ਕਦੇ ਹੁਣ ਮਿਲਦੀ ਹੈ, ਮੂੰਹ ਦੀ ਭਕਾਈ ਬਥੇਰਾ ਮਾਰ ਲੈਂਦੀ ਹੈ, ਪਰ ਅਸਲੀ ਗੱਲ 'ਤੇ ਨਹੀਂ ਆਉਂਦੀ।

ਓਦਣ ਆਥਣੇ ਜਦ ਸੁਰਿੰਦਰ ਆਪਣੀ ਬੈਠਕ ਵਿਚ ਆਇਆ ਤਾਂ ਉਹਦਾ ਸਰੀਰ ਸੁੰਨ ਮਿੱਟੀ ਬਣਿਆ ਹੋਇਆ ਸੀ, ਨਾ ਉਹ ਨਾਤਾ ਤੇ ਨਾ ਹੋਟਲ 'ਤੇ ਰੋਟੀ ਖਾਣ ਗਿਆ। ਸਟੋਵ 'ਤੇ ਥੋੜ੍ਹੀ ਜਿਹੀ ਚਾਹ ਬਣਾਈ ਤੇ ਪੀ ਕੇ ਮੰਜੀ 'ਤੇ ਢੇਰੀ ਹੋ ਗਿਆ।

ਨਾ ਉਸ ਨੂੰ ਨੀਂਦ ਆਉਂਦੀ ਸੀ ਤੇ ਨਾ ਹੀ ਉਸ ਦਾ ਜੀਅ ਕਰਦਾ ਸੀ ਕਿ ਉੱਠ ਕੇ ਬੈਠੇ ਤੇ ਕੋਈ ਗੱਲ ਸੋਚੇ, ਕਦੇ ਕਦੇ ਉਹਦੀ ਅੱਖ ਲੱਗ ਜਾਂਦੀ, ਪਰ ਛੇਤੀ ਹੀ ਭੜੱਕ ਦੇ ਕੇ ਖੁੱਲ੍ਹ ਜਾਂਦੀ। ਇਹੋ ਜਿਹੀ ਅਚਵੀ ਉਸ ਨੂੰ ਪਹਿਲਾਂ ਕਦੇ ਨਹੀਂ ਸੀ ਲੱਗੀ। ਉਸ ਨੂੰ ਲੱਗਦਾ ਸੀ ਕਿ ਅੱਜ ਸਾਰੀ ਰਾਤ ਨੀਂਦ ਨਹੀਂ ਆਵੇਗੀ। ਹੌਲੀ ਹੌਲੀ ਉਸ ਦੀ ਸੋਚ ਤੁਰ ਪਈ। ਤੀਵੀਂ ਦੇ ਮਨ ਦੀ ਕੀ ਬੁੱਝੀਏ? ਕਾਲਜ ਵਿਚ ਪੜ੍ਹਦੀ ਕੁੜੀ, ਜਿਸ ਨੂੰ ਉਹ ਅਜੇ ਨਿਆਣੀ ਸਮਝਦਾ ਸੀ ਤੇ ਉਸ ਨੂੰ ਕੁਝ ਕਹਿਣਾ ਪਾਪ ਸਮਝਦਾ ਸੀ, ਕਿਸ ਤਰ੍ਹਾਂ ਦੀ ਨਿਕਲੀ। ਉਹ ਨਰਸ ਕੁੜੀ ਏਸੇ ਕਰਕੇ ਤਾਂ ਉਹਦੇ ਨਾਲ ਕਿਸੇ ਇਮਤਿਹਾਨ ਵਿਚ ਪੈਣਾ ਨਹੀਂ ਚਾਹੁੰਦੀ ਕਿ ਉਸ ਨੂੰ ਪਹਿਲਾਂ ਹੱਥ ਲੱਗ ਚੁੱਕੇ ਸਨ। ਗੱਲਾਂ ਕਰਕੇ ਤੇ ਅੰਗਾਂ ਦੇ ਦੱਬਣ ਘੁਟਣ ਵਿਚੋਂ ਹੀ ਉਹ ਸਾਰੇ ਸੁਆਦ ਪੂਰੇ ਕਰ ਲੈਂਦੀ ਸੀ। ਉਹ ਉਸ ਨੂੰ ਕਿੰਨੀ ਚੰਗੀ ਸਮਝਦਾ ਸੀ। ਕਿਸੇ ਇਮਤਿਹਾਨ ਵਿਚ ਨਾ ਪੈਣ ਵਾਲੀ, ਉਸ ਦੀ ਗੱਲ ਦਾ ਉਹ ਸਿੱਕਾ ਮੰਨਦਾ ਸੀ, ਉਸ ਦੀ ਕਦਰ ਕਰਦਾ ਸੀ। ਸੋਚਦਾ ਸੀ ਕਿ ਉਹ ਕਿੱਡੀ ਪਤੀਵਰਤਾ ਇਸਤਰੀ ਬਣੇਗੀ ਤੇ ਇਸਤਰੀ ਧਰਮ ਵਿਚ ਕਿੰਨੀ ਪੱਕੀ ਸਾਬਤ ਹੋਵੇਗੀ। ਪਰ ਅੱਜ ਅੱਡੇ ਤੇ ਮਿਲੇ ਉਸ ਬੰਦੇ ਦੀਆਂ ਗੱਲਾਂ ਸੁਣ ਕੇ ਉਸ ਦੇ ਦਿਮਾਗ਼ ਵਿਚੋਂ ਸਭ ਕੁਝ ਧੋਤਾ ਗਿਆ ਸੀ।

ਉਸ ਨੇ ਇੱਕ ਘੰਟਾ ਅੱਖ ਲਾਈ ਹੋਵੇਗੀ ਕਿ ਉਸ ਦੀ ਬੈਠਕ ਦੇ ਤਖ਼ਤੇ ਖੜਕੇ। ਸਮਝਿਆ ਕਿ ਚਿੱਟੀ ਸਾੜੀ ਵਾਲੀ ਤੀਵੀਂ ਆ ਗਈ ਹੈ। ਉਹ ਢਿੱਲਾ ਢਿੱਲਾ ਉੱਠਿਆ ਤੇ ਬਾਰ ਖੋਲ੍ਹਕੇ ਦੇਖਿਆ, ਕੋਈ ਵੀ ਨਹੀਂ ਸੀ। ਉਸ ਨੇ ਬਾਹਰ ਨਿਕਲ ਕੇ ਦੇਖਿਆ, ਸੁੰਨ ਸਰਾਂ ਪਈ ਸੀ। ਬਾਹਰ ਕੋਈ ਵੀ ਨਹੀਂ ਸੀ। ਬੈਂਕ ਵਾਲੇ ਬਾਬੂ ਦੀ ਬੈਠਕ ਵਿਚ ਬਿਜਲੀ ਜਗ ਰਹੀ ਸੀ। ਉਹ ਦੱਬੇ ਪੈਰੀਂ ਓਧਰ ਨੂੰ ਤੁਰ ਪਿਆ। ਬਾਰੀ ਦੀਆਂ ਸੀਖਾਂ ਨੂੰ ਹੱਥ ਪਾ ਕੇ ਉਸ ਨੇ ਉਹ ਚੜ੍ਹਕੇ ਸ਼ੀਸ਼ਿਆਂ ਵਿਚ ਵੀ ਦੇਖਿਆ, ਖੋਦੀ ਦਾੜੀ ਤੇ ਚੁੰਨੀਆਂ ਅੱਖਾਂ ਵਾਲਾ ਪਹਿਲਵਾਨ ਡਰਾਈਵਰ ਬੈਠਕ ਵਿਚ ਖੜ੍ਹਾ ਆਪਣੇ ਬੂਟਾਂ ਦੇ ਫ਼ੀਤੇ ਖੋਲ੍ਹ ਰਿਹਾ ਸੀ ਤੇ ਤੀਵੀਂ ਬਾਰ ਦੀ ਚਿਟਕਣੀ ਲਾ ਰਹੀ ਸੀ। ਸੁਰਿੰਦਰ ਦੇ ਸਾਹ ਸੂਤੇ ਗਏ। ਉਹ ਉਨੀਂ ਪੈਰੀਂ ਆਪਣੀ ਬੈਠਕ ਵਿਚ ਮੰਜੀ 'ਤੇ ਆ ਡਿੱਗਿਆ ਤੇ ਉੱਤੋਂ ਖੇਸ ਲੈ ਕੇ ਅੱਖਾਂ ਮੀਚ ਲਈਆਂ। ਨੀਂਦ ਬਿਲਕੁੱਲ ਨਾ ਆਈ ਤੇ ਘੰਟਾ ਭਰ ਅੱਖਾਂ ਮੀਚ ਕੇ ਉਹ ਉੱਠ ਖੜੋਤਾ। ਟੂਟੀ ਦਾ ਪਾਣੀ ਆ ਗਿਆ ਸੀ। ਉਸ ਨੇ ਕੱਪੜੇ ਲਾਹੇ ਤੇ ਖ਼ਾਸਾ ਚਿਰ ਮਲ ਮਲ ਕੇ ਨਾਉਂਦਾ ਰਿਹਾ। ਨਾਲ ਦੀ ਨਾਲ ਉਸ ਦੇ ਦਿਮਾਗ਼ ਵਿਚ ਅਨੇਕਾਂ ਪ੍ਰਕਾਰ ਦੇ ਤੂਫ਼ਾਨ ਦੌੜਦੇ ਰਹੇ। ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਸ ਨੇ ਆਪਣੇ ਸਾਰੇ ਪਿੰਡੇ ਦੀ ਮੈਲ ਉਤਾਰ ਦਿੱਤੀ ਹੈ। ਅੰਗ ਅੰਗ ਨਿਖੇਰ ਲਿਆ ਹੈ।

ਸੂਰਜ ਚੜ੍ਹੇ ਤੋਂ ਉਹ ਤਿਆਰ ਹੋ ਕੇ ਅੰਡੇ ਵੱਲ ਨੂੰ ਜਾਣ ਲੱਗਿਆ, ਪਰ ਚਿੱਟੀ ਸਾੜ੍ਹੀ ਵਾਲੀ ਤੀਵੀਂ ਦੇ ਘਰ ਵੱਲ ਉਸ ਦਾ ਮੂੰਹ ਹੋ ਗਿਆ। ਤੀਵੀਂ ਇੱਕ ਤੌਲੀਏ ਨੂੰ ਥਾਪੀ ਨਾਲ ਕੁੱਟ ਕੁੱਟ ਧੋ ਰਹੀ ਸੀ। ਸੁਰਿੰਦਰ ਨੂੰ ਜਦ ਉਸ ਨੇ ਦੇਖਿਆ ਤਾਂ ਮੁਸਕਰਾਈ ਤੇ ਉਸ ਨੂੰ ਕੁਰਸੀ 'ਤੇ ਬੈਠ ਜਾਣ ਲਈ ਆਖਿਆ। ਸੁਰਿੰਦਰ ਦਾ ਮੂੰਹ ਬਣਿਆ ਹੋਇਆ ਸੀ। ਉਸ ਨੇ ਪੁੱਛਿਆ, 'ਬਾਊ ਜੀ, ਕਿੱਥੇ ਨੇ? ਪੁੱਛਣਾ ਸੀ ਬੈਂਕ 'ਚ ਅੱਜ ਛੁੱਟੀ ਤਾਂ ਨੀ? ਹੋਰ ਦਫ਼ਤਰ ਤਾਂ ਬੰਦ ਨੇ।' ਉਹ ਤੀਵੀਂ ਨੇ ਦੱਸਿਆ ਕਿ ਉਹ ਤਾਂ ਚਾਰ ਦਿਨ ਹੋ ਗਏ ਪਟਿਆਲੇ ਗਏ ਹੋਏ ਨੇ। ਸੁਰਿੰਦਰ ਸਭ ਕੁਝ ਸਮਝ ਗਿਆ ਤੇ ਬਿਨਾਂ ਹੋਰ ਕੁਝ ਬੋਲੇ ਅੱਡੇ ਨੂੰ ਤੁਰ ਪਿਆ। ਚਿੱਟੀ ਸਾੜ੍ਹੀ ਵਾਲੀ ਤੀਵੀਂ ਨੇ ਉਸ ਨੂੰ ਚਾਹ ਵੀ ਪੁੱਛੀ ਸੀ, ਪਰ ਉਹ ਬੋਲਿਆ ਨਹੀਂ ਸੀ।

ਉਸ ਦਿਨ ਉਹ ਅੱਡੇ ਤੋਂ ਛੁੱਟੀ ਲੈ ਕੇ ਸਿੱਧਾ ਆਪਣੇ ਘਰ ਪਿੰਡ ਨੂੰ ਆ ਗਿਆ ਤੇ ਚਾਰ ਦਿਨ ਪਿੰਡ ਹੀ ਰਿਹਾ। ਚਾਰੇ ਦਿਨ ਉਹ ਸੋਚਦਾ ਰਿਹਾ ਕਿ ਜ਼ਿੰਦਗੀ ਨੂੰ ਦੁਬਾਰਾ ਹੁਣ ਉਹ ਕਿੱਥੋਂ ਸ਼ੁਰੂ ਕਰੇ? ਚਿੱਟੀ ਸਾੜ੍ਹੀ ਵਾਲੀ ਤੀਵੀਂ, ਨਰਸ ਕੁੜੀ ਤੇ ਕਾਲਜ ਵਿਚ ਪੜ੍ਹਦੀ ਕੁੜੀ; ਜਦ ਉਸਦੇ ਦਿਲ ਅੰਦਰ ਆ ਉਤਰਦੀਆਂ ਤਾਂ ਉਸ ਨੂੰ ਆਪਣੇ ਅਦਰੋਂ ਪਲੇ ਗੰਢੇ ਵਰਗੀ ਹਉਂਕ ਮਾਰਦੀ।

ਪਿੰਡੋਂ ਆ ਕੇ ਓਦਣ ਹੀ ਆਥਣ ਨੂੰ ਉਸ ਨੇ ਉਸ ਬੈਠਕ ਵਿਚੋਂ ਆਪਣਾ ਲਟਾਪਟਾ ਚੁੱਕ ਕੇ ਦੂਰ ਇੱਕ ਨਵੇਂ ਮਕਾਨ ਵਿਚ ਜਾ ਧਰਿਆ। *