ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਸਮਝ ਨਹੀਂ

ਵਿਕੀਸਰੋਤ ਤੋਂ

ਅੱਜ ਗਿਆਰਾਂ ਅਕਤੂਬਰ ਹੈ, ਮੈਂ ਛੇ ਵਜੇ ਹੀ ਬਿਸਤਰੇ 'ਚੋਂ ਉੱਠ ਬੈਠਾ ਹਾਂ। ਮੇਰੀ ਬੀਵੀ ਪਤਾ ਨਹੀਂ ਕਦੋਂ ਮੇਰੇ ਕੋਲੋਂ ਉੱਠ ਕੇ ਰਸੋਈ ਵਿਚ ਚਲੀ ਗਈ ਹੈ। ਰਸੋਈ ਵਿਚੋਂ ਬਰਤਨ ਖੜਕਣ ਦੀ ਆਵਾਜ਼ ਆ ਰਹੀ ਹੈ, ਬੀਵੀ ਚਾਹ ਬਣਾ ਰਹੀ ਹੋਵੇਗੀ। ਚਾਹ ਬਣਾਏਗੀ, ਚੁੱਲੇ ਤੇ ਪਾਣੀ ਤੱਤਾ ਹੋਣਾ ਰੱਖ ਕੇ ਪਹਿਲਾਂ ਆਪ ਚਾਹ ਪੀਵੇਗੀ ਤੇ ਫਿਰ ਹੋਰ ਨਿੱਕੇ ਮੋਟੇ ਕੰਮ ਮੁਕਾ ਕੇ ਸੱਤ ਵਜੇ ਦੇ ਕਰੀਬ ਮੈਨੂੰ ਜਗਾਵੇਗੀ। ਮੇਰੇ ਮੰਜੇ ਕੋਲ ਪਏ ਛੋਟੇ ਮੇਜ਼ ਤੇ ਚਾਹ ਦੀ ਗੜਵੀ ਰੱਖ ਦੇਵੇਗੀ ਤੇ ਇੱਕ ਖ਼ਾਲੀ ਕੱਚ ਦਾ ਗਲਾਸ। ਮੈਂ ਚਾਹ ਪੀਣੀ ਸ਼ਰ ਕਰਾਂਗਾ ਤੇ ਨਾਲ ਦੀ ਨਾਲ ਬੀਵੀ ਨੂੰ ਹਾਕ ਮਾਰਾਂਗਾ-ਅਖ਼ਬਾਰ, ਦੇਖੀਂ ਤਾਂ ਸੁੱਟ ਗਿਆ?? ਜਵਾਬ ਵਿਚ ਉਹ ਡਿਉਢੀ 'ਤੇ ਜਾਏਗੀ ਤੇ ਮੁੱਦਤਾਂ ਪੁਰਾਣੇ ਤਖ਼ਤਿਆਂ ਦੇ ਥੱਲੇ ਦੀ ਵਗਾਹ ਮਾਰਿਆ ਅਖ਼ਬਾਰ ਚੁੱਕ ਕੇ ਮੇਰੇ ਮੰਜੇ ਤੇ ਸੂਟ ਜਾਏਗੀ। ਹੌਲੀ ਹੌਲੀ ਚਾਹ ਦੀਆਂ ਚੁਸਕੀਆਂ ਲਵਾਂਗਾ ਤੇ ਮੋਟੀਆਂ ਮੋਟੀਆਂ ਸੁਰਖੀਆਂ ਪੜਨ ਲੱਗਾਂਗਾ।

ਪਰ ਅੱਜ ਤਾਂ ਸਭ ਕੁਝ ਇਸ ਦੇ ਉਲਟ ਹੈ। ਮੈਂ ਤਾਂ ਉੱਠ ਵੀ ਬੈਠਾ ਹਾਂ। ਚਾਹ ਤਾਂ ਅਜੇ ਬਣੀ ਵੀ ਨਹੀਂ। ਬੀਵੀ ਚੁੱਲ੍ਹੇ ਵਿਚ ਅੰਗ ਮਚਾਉਣ ਲਈ ਕਾਗ਼ਜ਼ ਦਾ ਕੋਈ ਟੁਕੜਾ ਲੈਣ ਕਮਰੇ ਵਿਚ ਆਈ ਹੈ ਤੇ ਮੈਨੂੰ ਉੱਠਿਆ ਬੈਠਾ ਦੇਖਕੇ ਹੈਰਾਨ ਹੋਈ ਹੈ।

ਚਾਹ ਬਣ 'ਗੀ? ਮੈਂ ਪੁੱਛਿਆ ਹੈ। ਉਹ ਮੁਸਕਰਾਈ ਹੈ ਤੇ ਕਿਹਾ ਹੈ-'ਕਿਉਂ?'

'ਛੇਤੀ ਕਰ।' ਮੈਂ ਉਬਾਸੀ ਲੈ ਕੇ ਅਗਵਾੜੀ ਭੰਨੀ ਹੈ।

ਅਜੇ ਤਾਂ...'

'ਚਾਹ ਬਣਾ ਦੇ ਫਟਾ ਫਟ। ਠੰਡੇ ਪਾਣੀ ਨਾਲ ਈ ਨ੍ਹਾ ਲੈਨਾ ਅੱਜ ਤਾਂ ਮੈਂ। ਪਟਿਆਲੇ ਜਾਣੈ। ਪੌਣਾ ਘੰਟਾ ਈ ਰਹਿ ਗਿਆ ਗੱਡੀ ਆਉਣ 'ਚ।'

'ਪਟਿਆਲੇ'

'ਹਾਂ ਪਟਿਆਲੇ'

'ਰਾਤ ਤਾਂ ਗੱਲ ਨੀ ਕੀਤੀ ਤੁਸੀਂ?' ਉਹ ਹੈਰਾਨ ਹੋਈ ਮੇਰੇ ਸਾਹਮਣੇ ਖੜ੍ਹੀ ਹੈ।

'ਰਾਤ, ਯਾਦ ਨੀ ਰਿਹਾ ਦੱਸਣਾ। ਜ਼ਰੂਰੀ ਕੰਮ ਜਾਣੈ, ਯੂਨੀਵਰਸਿਟੀ 'ਚ ਕੰਮ ਐ।'

'ਤਾਂ ਫੇਰ ਪੰਜ ਵਜੇ ਅਲਾਰਮ ਲਾ ਲੈਣਾ ਸੀ।'

'ਚੱਲ ਹੁਣ ਕੀ ਹੋਇਐ। ਤੂੰ ਚਾਹ ਬਣਾ ਛੇਤੀ ਦੇ ਕੇ। ਮੈਂ ਪਹਿਲਾਂ ਨ੍ਹਾ ਈ ਲੈਨਾਂ।' 'ਅੱਜ ਜ਼ਰੂਰੀ ਐ? ਕੱਲ੍ਹ ਨੂੰ ਚਲੇ ਜਾਇਓ। ਤਵੇ 'ਤੇ ਅੱਗ ਮਚਾ ਦਿੰਨੇ ਓਂ ਤੁਸੀਂ ਤਾਂ?'

'ਕੀ ਆਖਿਐ ਮੈਂ ਤੈਨੂੰ...' ਮੈਂ ਕੜਕ ਕੇ ਬੋਲਿਆ ਹਾਂ। ਬੀਵੀ ਦੇ ਮੰਜੇ 'ਤੇ ਖੇਸ ਵਿਚ ਲਿਪਟੀ ਪਈ ਬੇਬੀ ਜਾਗ ਪਈ ਹੈ। ਉੱਭੜਵਾਹੇ ਉੱਠ ਬੈਠੀ ਹੈ। ਅੱਖਾਂ ਮਲ ਰਹੀ ਹੈ ਤੇ ਰੋ ਰਹੀ ਹੈ। ਬੀਵੀ ਉਸ ਨੂੰ ਦੁਬਾਰਾ ਮੰਜੇ 'ਤੇ ਪਾਉਂਦੀ ਹੈ ਤੇ ਉਸ ਦੀ ਪਿੱਠ ਥਾਪੜਦੀ ਹੈ। ਬੇਬੀ ਰੋ ਰਹੀ ਹੈ। 'ਆ ਬਾਬਾ, ਲਹੂ ਪੀ ਲਿਆ ਤੈਂ ਵੀ। ਨਾਲ ਈ ਉੱਠ ਖੜ੍ਹਦੀ ਐਂ। ਹੁਣੇ ਜਾਗ ਕੇ ਦੱਸ ਕੀ ਕਰਨਾ ਸੀ ਤੂੰ?' ਬੇਬੀ ਨੂੰ ਗੋਦੀ ਚੁੱਕ ਕੇ ਉਹ ਰਸੋਈ ਵਿਚ ਹੀ ਲੈ ਆਈ ਹੈ।

ਟੂਟੀ ਦਾ ਪਾਣੀ ਛੱਡ ਕੇ ਮੈਂ ਬਾਲਟੀ ਭਰੀ ਹੈ। ਕੱਪੜੇ ਉਤਾਰੇ ਹਨ ਤੇ ਨਹਾਉਣ ਲੱਗ ਪਿਆ ਹਾਂ। ਠੰਡਾ ਠੰਡਾ ਪਾਣੀ ਪਿੰਡੇ ਨੂੰ ਧੁੜਧੁੜੀ ਛੇੜ ਗਿਆ ਹੈ। ਇਕ ਤਰ੍ਹਾਂ ਨਾਲ ਸੁਆਦ ਜਿਹਾ ਵੀ ਆ ਰਿਹਾ ਹੈ।

ਮਈ, ਜੂਨ, ਜੁਲਾਈ ਅਤੇ ਅਗਸਤ ਦੇ ਮਹੀਨੇ ਛੱਡ ਕੇ ਹਮੇਸ਼ਾ ਹੀ ਮੈਂ ਗਰਮ ਪਾਣੀ ਨਾਲ ਨਹਾਉਂਦਾ ਹਾਂ। ਬਸ ਇੱਕ ਆਦਤ ਜਿਹੀ ਹੈ। ਇਹ ਆਦਤ ਪਰ ਆਪਣੇ ਘਰ ਵਿਚ ਹੀ ਹੈ। ਬਿਗਾਨੇ ਥਾਂ ਜਾ ਕੇ ਤਾਂ ਠੰਡਾ ਹੀ ਵਰਤੀਦਾ ਹੈ। ਭਾਵੇਂ ਦਸੰਬਰ-ਜਨਵਰੀ ਹੋਵੇ, ਬਿਗਾਨੇ ਥਾਂ ਕੌਣ ਦਿੰਦਾ ਹੈ, ਤੱਤਾ ਕਰਕੇ ਜਲੂਆ। ਕੋਈ ਖ਼ਾਸ ਥਾਂ ਹੋਵੇ, ਫਿਰ ਤਾਂ ਕਹਿ ਕੇ ਵੀ ਕਰਵਾ ਲਈਦਾ ਹੈ।

ਸਾਬਣ ਲਾਉਣ ਤੋਂ ਬਾਅਦ ਮੈਂ ਆਪਣੇ ਅੰਗਾਂ ਨੂੰ ਮਲ ਮਲ ਕੇ ਧੋ ਰਿਹਾ ਹਾਂ। ਡੌਲਿਆਂ ਦੀਆਂ ਕੁੱਕੜੀਆਂ ਤੇ ਪੱਟਾਂ ਦੀਆਂ ਘੁੱਗੀਆਂ 'ਤੇ ਰਗੜਵਾਂ ਹੱਥ ਫੇਰ ਕੇ ਮੈਨੂੰ ਕੋਈ ਮਿੱਠਾ ਜਿਹਾ ਅਹਿਸਾਸ ਹੁੰਦਾ ਹੈ। ਆਪਣੇ ਸਰੀਰ ਵਿਚੋਂ ਹੀ ਮੈਨੂੰ ਮਹਿਕ ਆਉਂਦੀ ਹੈ। ਮੈਂ ਆਪਣੇ ਪੱਟਾਂ, ਡੌਲਿਆਂ ਤੇ ਗਰਦਨ ਨਾਲ ਗੱਲਾਂ ਕਰਦਾ ਹਾਂ। ਦੂ ਆਖਿਆ ਕਰਦੀ ਸੀ-ਕੱਪੜੇ ਪਾਇਆਂ ਤੋਂ ਪਤਾ ਜਾ ਨੀ ਲਗਦਾ, ਅੰਦਰੋਂ ਥੋਡਾ ਸਰੀਰ ਖਿੱਦੋ ਵਾਂਗੂੰ ਮੜਿਆ ਪਿਐ।' ਗਰਦਨ 'ਤੇ ਹੱਥ ਫੇਰਦਿਆਂ ਮੈਨੂੰ ਯਾਦ ਆਉਂਦਾ ਹੈ, ਇੱਕ ਵਾਰੀ ਉਸ ਨੇ ਮੈਨੂੰ ਗਰਦਨ ਤੋਂ ਚੰਮਿਆ ਸੀ। ਮੈਨੂੰ ਮਹਿਸੂਸ ਹੁੰਦਾ ਹੈ, ਮੇਰੀ ਗਰਦਨ ਤੇ ਬੁੱਲ੍ਹ ਉੱਗ ਆਏ ਹਨ।

ਆਦਮ ਕੱਦ ਸ਼ੀਸ਼ੇ ਅੱਗੇ ਦਾੜੀ ਬੰਨ੍ਹ ਰਿਹਾ ਮੈਂ ਆਪਣੀਆਂ ਅੱਖਾਂ ਵਿਚੋਂ ਕੁੱਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਅੱਖਾਂ ਤੋਂ ਕੁਝ ਪੁੱਛਣਾ ਚਾਹੁੰਦਾ ਹਾਂ। ਆਪਣੀਆਂ ਅੱਖਾਂ ਹੀ ਮੈਨੂੰ ਓਪਰੀਆਂ ਓਪਰੀਆਂ ਲੱਗ ਰਹੀਆਂ ਹਨ। ਆਪਣੀਆਂ ਅੱਖਾਂ 'ਤੇ ਜਿਵੇਂ ਮੈਨੂੰ ਵਿਸ਼ਵਾਸ ਨਹੀਂ ਰਿਹਾ ਹੈ। ਮੈਨੂੰ ਆਪਣਾ ਚਿਹਰਾ ਉਦਾਸ ਜਾਪਦਾ ਹੈ। ਸੋਚਦਾ ਹਾਂ, ਖੁਸ਼ੀ ਹੋਣੀ ਚਾਹੀਦੀ ਹੈ, ਉਦਾਸੀ ਕਿਉਂ? ਮੈਂ ਆਪਣੇ ਚਿਹਰੇ 'ਤੇ ਮੁਸ਼ਕਰਾਹਟ ਦਾ ਲੇਪ ਕਰਨਾ ਚਾਹੁੰਦਾ ਹਾਂ। ਠਾਠੀ ਬੰਨ੍ਹ ਰਿਹਾ ਗੁਣ ਗੁਣਾ ਰਿਹਾ ਹਾਂ... 'ਯੀਏ ਜੋ ਮੁਹੱਬਤ ਹੈ, ਬਸ ਉਨਕਾ ਹੈ ਉਨਕਾ ਹੈ ਕਾਮ...'

ਚਾਹ ਲਿਆ ਕੇ ਬੀਵੀ ਨੇ ਮੇਜ਼ 'ਤੇ ਰੱਖੀ ਹੈ। ਪੈਂਟ ਬਸ਼ਰਟ ਪਾ ਲਿਆ ਹੈ।‘ਜਾਲੀ 'ਚੋਂ ਬਰੈੱਡ ਦੇ ਪੀਸ ਰੱਖੀਂ, ਦੋ।ਜਾਮ ਵੀ ਦੇਈਂ।' ਮੈਂ ਬੀਵੀ ਨੂੰ ਕਿਹਾ ਹੈ। ਬਹੁਤ ਕਾਹਲ ਵਿਚ ਹਾਂ। ਪੌਣੇ ਸੱਤ ਹੋ ਗਏ ਹਨ। ਸੱਤ ਵਜੇ ਗੱਡੀ ਆ ਜਾਂਦੀ ਹੈ। ਸਟੇਸ਼ਨ ਦੇ ਕੋਲ ਹੀ ਘਰ ਹੈ। ਠਾਠੀ ਖੋਲ੍ਹ ਕੇ ਸਿਰ 'ਤੇ ਪੱਗ ਧਰਦਾ ਹਾਂ ਤੇ ਬਹੁਤ ਤੇਜ਼ੀ ਨਾਲ ਚਾਹ ਪੀ ਕੇ ਇੱਕ ਵਾਰ ਫੇਰ ਸ਼ੀਸ਼ੇ ਅੱਗੇ ਖੜ੍ਹ ਜਾਂਦਾ ਹਾਂ। ਸੱਤ ਵੱਜਣ ਵਿਚ ਪੰਜ ਮਿੰਟ ਰਹਿੰਦੇ ਹਨ। ਰੁਪਿਆਂ ਵੱਲ ਨਜ਼ਰ ਸੁੱਟ ਕੇ ਪਰਸ ਨੂੰ ਪੈਂਟ ਦੀ ਹਿੱਪ ਪਾਕਟ ਵਿਚ ਪਾਉਂਦਾ ਹਾਂ, ਬੁਸ਼ਰਟ ਦੀ ਜੇਬ੍ਹ ਵਿਚ ਪੈੱਨ ਟੰਗਦਾ ਹਾਂ ਤੇ ਅੱਧੀ ਪੂਣੀ ਕੀਤੀ ਠਾਠੀ ਨੂੰ ਮੇਜ਼ 'ਤੇ ਸੁੱਟ ਕੇ ਘਰੋਂ ਨਿਕਲ ਤੁਰਦਾ ਹਾਂ।

ਸਟੇਟ ਕਾਲਜ ਵਿਚ ਵਿੰਦੂ ਨੇ ਮੇਰੇ ਨਾਲ ਬੀ. ਐੱਡ. ਕੀਤੀ ਸੀ। ਅਗਲੇ ਸਾਲ ਮੈਂ ਇੱਕ ਪ੍ਰਾਈਵੇਟ ਸਕੂਲ ਵਿਚ ਪਟਿਆਲੇ ਹੀ ਟੀਚਰ ਲੱਗ ਗਿਆ ਸੀ। ਪੰਜ ਛੇ ਮਹੀਨਿਆਂ ਬਾਅਦ ਵਿੰਦੂ ਵੀ ਉਸੇ ਸਕੂਲ ਵਿਚ ਆ ਲੱਗੀ ਸੀ। ਕਾਲਜ ਦੀ ਸਾਂਝ ਨੇ ਸਕੂਲ ਦੇ ਭਰੱਪਣ ਵਿਚ ਬਹੁਤ ਮੱਦਦ ਕੀਤੀ। ਅਸੀਂ ਇੱਕ ਦੂਜੇ ਨੂੰ ਹੱਸ ਕੇ ਮਿਲਦੇ। ਮਿਲਦੇ ਤਾਂ ਕੋਈ ਅਪਣੱਤ ਜਿਹੀ ਮਨਾਂ ਅੰਦਰ ਖੇਡਣ ਲੱਗਦੀ। ਵਿੰਦੂ ਦਾ ਸੁਭਾਅ ਮੈਨੂੰ ਬੇਹੱਦ ਪਿਆਰਾ ਲੱਗਦਾ। ਓਦੋਂ ਮੇਰਾ ਵਿਆਹ ਨਹੀਂ ਸੀ ਹੋਇਆ। ਮੈਂ ਅਕਸਰ ਵਿੰਦੂ ਦੇ ਘਰ ਚਲਿਆ ਜਾਂਦਾ ਸੀ। ਪਰ ਉਹ ਕਦੇ ਵੀ ਮੇਰੇ ਕਮਰੇ 'ਤੇ ਨਹੀਂ ਸੀ ਆਈ। ਮੈਂ ਉਸ ਨੂੰ ਸੱਦਿਆ ਵੀ ਕਦੇ ਨਹੀਂ ਸੀ। ਵਿੰਦੂ ਉੱਥੇ ਆਪਣੇ ਮਾਮੇ ਦੇ ਘਰ ਰਹਿੰਦੀ ਸੀ। ਉਸ ਦਾ ਮਾਮਾ ਪੀ. ਡਬਲਿਊ. ਡੀ. ਦੇ ਦਫ਼ਤਰ ਵਿਚ ਹੈੱਡ ਕਲਰਕ ਸੀ। ਤੇ ਫਿਰ ਜਦ ਉਸ ਦਾ ਵਿਆਹ ਇੱਕ ਐੱਮ. ਏ. ਬੀ. ਟੀ. ਮੁੰਡੇ ਨਾਲ ਹੋ ਗਿਆ ਸੀ ਤਾਂ ਵੀ ਉਸ ਦੇ ਵਿਵਹਾਰ ਦਾ ਮੇਰੇ ਨਾਲ ਕੋਈ ਫ਼ਰਕ ਨਹੀਂ ਪਿਆ ਸੀ। ਮੁੰਡਾ ਉਹ ਪਟਿਆਲੇ ਦੇ ਨੇੜੇ ਹੀ ਕਿਸੇ ਮਿਡਲ ਸਕੂਲ ਦਾ ਹੈੱਡ ਮਾਸਟਰ ਸੀ। ਪਟਿਆਲੇ ਹੀ ਰਹਿੰਦਾ ਸੀ। ਇਕੱਲਾ। ਆਪਣਾ ਪਿੰਡ ਤਾਂ ਉਸ ਦਾ ਸਮਾਣੇ ਦੇ ਇਰਦ-ਗਿਰਦ ਕੋਈ ਸੀ।

ਵਿੰਦੂ ਤੇ ਉਸ ਦਾ ਹਸਬੈਂਡ ਕਿਰਪਾਲ ਸਿੰਘ ਦੋਵੇਂ ਹੀ ਮੇਰੇ ਕਮਰੇ ’ਤੇ ਆ ਜਾਇਆ ਕਰਦੇ ਸਨ। ਜਦ ਕਦੇ ਉਹ ਮੈਨੂੰ ਬਲਾਉਂਦੇ, ਮੈਂ ਵੀ ਉਨਾਂ ਦੇ ਘਰ ਜਾ ਆਉਂਦਾ ਸਾਂ।ਉਨ੍ਹਾਂ ਨੇ ਇੱਕ ਵੱਖਰਾ ਮਕਾਨ ਲਹਿਲ ਕਾਲੋਨੀ ਵਿਚ ਕਿਰਾਏ 'ਤੇ ਲੈ ਲਿਆ ਸੀ। ਵਿੰਦੂ ਦੇ ਘਰ ਵੀ ਮੈਂ ਜਾਂਦਾ ਸੀ ਤੇ ਵਿਦੁ ਦੇ ਮਾਮੇ ਦੇ ਘਰ ਵੀ। ਵਿੰਦੂ ਦੇ ਮਾਮੇ ਦੀਆਂ ਨਜ਼ਰਾਂ ਵਿਚ ਮੈਂ ਬਹੁਤ ਸਾਊ ਲੜਕਾ ਸਾਂ ਤੇ ਏਸੇ ਤਰ੍ਹਾਂ ਕਿਰਪਾਲ ਦੀਆਂ ਨਜ਼ਰਾਂ ਵਿਚ ਵੀ।

ਕਿਰਪਾਲ ਲੰਮਾ ਲੰਝਾ, ਸੋਹਣਾ ਤੇ ਤਕੜਾ ਨੌਜਵਾਨ ਸੀ ਬਾਹਠ ਵਿਚ ਚੀਨ ਦੀ ਲੜਾਈ ਲੱਗੀ ਤੇ ਉਹ ਐਮਰਜੈਂਸੀ ਕਮਿਸ਼ਨ ਪ੍ਰਾਪਤ ਕਰ ਗਿਆ। ਵਿੰਦੂ ਉਸੇ ਤਰ੍ਹਾਂ ਮੇਰੇ ਨਾਲ ਸਕੂਲ ਵਿਚ ਨੌਕਰੀ ਕਰਦੀ ਰਹੀ। ਕਿਰਪਾਲ ਚਾਹੁੰਦਾ ਸੀ ਕਿ ਉਹ ਸਕੂਲ ਦੀ ਨੌਕਰੀ ਛੱਡ ਦੇਵੇ। ਵਿੰਦੂ ਕਹਿੰਦੀ ਸੀ, ਉਹ ਮਾਮੇ 'ਤੇ ਭਾਰ ਕਾਹਨੂੰ ਬਣੇ। ਵਿੰਦੂ ਤੇ ਮੈਂ ਸਗੋਂ ਸਲਾਹਾਂ ਕਰਦੇ ਹੁੰਦੇ ਕਿ ਜੇ ਬੋਰਡ ਪੋਸਟਾਂ ਕੰਢੇ ਤਾਂ ਅਪਲਾਈ ਕਰੀਏ। ਪ੍ਰਾਈਵੇਟ ਸਕੂਲ ਦੇ ਖੱਚਖਾਨੇ ਚੋਂ ਨਜਾਤ ਮਿਲੇ। ਤਨਖ਼ਾਹ ਵੀ ਪੂਰੀ ਨਹੀਂ ਦਿੰਦੇ ਬੇਈਮਾਨ।

ਕਿਰਪਾਲ ਸਾਲ ਵਿਚ ਇਕ ਦੋ ਵਾਰ ਹੀ ਛੁੱਟੀ ਆਉਂਦਾ ਸੀ। ਤਿੰਨ ਵਾਰੀ ਤਾਂ ਕਿਸੇ ਕਿਸੇ ਸਾਲ ਹੀ। ਵਿੰਦੂ ਬਣ ਠਣ ਕੇ ਪੂਰਾ ਰਹਿੰਦੀ, ਪਰ ਬੋਲਦੀ ਚਲਦੀ ਘੱਟ। ਗੁਆਚੀ ਜਿਹੀ ਰਹਿੰਦੀ, ਗੁੰਮ ਸੁੰਮ ਜਿਹੀ। ਸਕੂਲ ਵਿਚ ਉਹ ਮੇਰੇ ਨਾਲ ਗੱਲ ਕਰਦੀ ਤਾਂ ਮੈਨੂੰ ਇਉਂ ਲੱਗਦਾ, ਜਿਵੇਂ ਉਸ ਦੇ ਸੰਘ ਵਿਚੋਂ ਮਸ੍ਹਾਂ ਹੀ ਆਵਾਜ਼ ਨਿਕਲਦੀ ਹੋਵੇ। ਉਸ ਦੀ ਜ਼ਬਾਨ ਥਿੜਕਦੀ ਜਿਹੀ ਲਗਦੀ।

ਲਹਿਲ ਵਾਲਾ ਮਕਾਨ ਤਾਂ ਉਸ ਨੇ ਕਦੋਂ ਦਾ ਛੱਡ ਦਿੱਤਾ ਸੀ। ਮਾਮੇ ਦੇ ਘਰ ਹੀ ਰਹਿੰਦੀ ਸੀ, ਮਾਡਲ ਟਾਊਨ ਵਿਚ। ਮੈਂ ਉਨ੍ਹਾਂ ਦੇ ਘਰ ਜਾਂਦਾ ਸੀ। ਉਸ ਦੇ ਮਾਮੇ ਨਾਲ, ਉਸ ਦੀ ਮਾਮੀ ਨਾਲ ਗੱਲਾਂ ਮਾਰ ਕੇ ਤੁਰ ਆਉਂਦਾ ਸੀ। ਵਿੰਦੂ ਸਧਾਰਨ ਜਿਹੀਆਂ ਗੱਲਾਂ ਕਰਦੀ। ਕਦੇ ਉਹ ਮੇਰੇ ਕਮਰੇ 'ਤੇ ਆ ਜਾਂਦੀ। ਰਾਘੋ ਮਾਜਰੇ ਵਿਚ ਮੇਰੇ ਕਮਰਾ ਸੀ। ਉਹ ਬਜ਼ਾਰ ਵਿਚ ਕੋਈ ਸ਼ਾਪਿੰਗ ਕਰਨ ਆਉਂਦੀ ਸੀ ਤਾਂ ਅਗਾਂਹ ਰਾਘੋ ਮਾਜਰੇ ਵਿਚ ਮੇਰਾ ਕਮਰੇ 'ਤੇ ਵੀ ਆ ਜਾਂਦੀ। ਮਹੀਨੇ ਵਿਚ ਬਸ ਇੱਕ ਔਧ ਵਾਰ ਹੀ। ਉਹ ਆਪ ਹੀ ਖਾਣ ਵਾਲੀਆਂ ਚੀਜ਼ਾਂ ਬਜ਼ਾਰੋਂ ਲੈ ਆਉਂਦੀ। ਕਮਰੇ ਵਿਚ ਸਟੋਵ ਜਲਾ ਕੇ ਆਪ ਹੀ ਚਾਹ ਬਣਾ ਲੈਂਦੀ ਤੇ ਫਿਰ ਖਾਣ ਦੀਆਂ ਚੀਜ਼ਾਂ ਲਿਫ਼ਾਫ਼ਿਆਂ ਵਿਚੋਂ ਕੱਢਕੇ ਪਲੇਟ ਵਿਚ ਮੇਜ਼ 'ਤੇ ਧਰ ਲੈਂਦੀ। ਮੈਨੂੰ ਚਾਹ ਪੀਣ ਲਈ ਕਹਿੰਦੀ।

ਮੇਰੇ ਮਨ ਵਿਚ ਉਸ ਦੀ ਬਹੁਤ ਇੱਜ਼ਤ ਸੀ। ਉਸ ਪ੍ਰਤੀ ਹੋਰ ਤਰ੍ਹਾਂ ਦਾ ਕੋਈ ਖਿਆਲ ਮੇਰੇ ਮਨ ਵਿਚ ਕਦੇ ਵੀ ਨਹੀਂ ਆਇਆ ਸੀ। ਉਹ ਵਿਆਹੀ ਹੋਈ ਸੀ। ਉਸ ਸਬੰਧੀ ਮੇਰਾ ਵਤੀਰਾ ਸਪਸ਼ਟ ਸੀ। ਮੇਰੇ ਵਿਆਹ ਦੀਆਂ ਉਹ ਗੱਲਾਂ ਕਰਿਆ ਕਰਦੀ। ਕਹਿੰਦੀ ਹੁੰਦੀ-'ਦਰਸ਼ਨ, ਏ-ਵਨ ਲੜਕੀ ਲੱਭ ਕੋਈ।

'ਇਹ ਕੰਮ ਮੈਂ ਤੇਰੇ ਤੇ ਛੱਡਦਾ, ਵਿੰਦੂ। ਮੈਨੂੰ ਕੁਛ ਸੁੱਝਦਾ ਨੀ।' ਮੈਂ ਆਖ ਦਿੰਦਾ।

ਐਤਵਾਰ ਦਾ ਦਿਨ ਸੀ। ਗਿਆਰਾਂ ਅਕਤੂਬਰ। ਸਿਰ ਦੇ ਵਾਲ ਧੋ ਕੇ ਮੈਂ ਸਵੇਰੇ ਦਸ ਕੁ ਵਜੇ ਕੋਸੀ ਕੋਸੀ ਧੁੱਪ ਵਿਚ ਬੈਠਾ ਸਾਂ। ਚਾਹ ਪੀ ਰਿਹਾ ਸਾਂ ਤੇ ਅਖ਼ਬਾਰ ਪੜ੍ਹ ਰਿਹਾ ਸਾਂ। ਉਹ ਆਈ ਸੀ ਤੇ ਖਹਿ ਕੇ ਮੇਰੇ ਨਾਲ ਮੰਜੇ ਤੇ ਬੈਠ ਗਈ ਸੀ। ਮੇਰਾ ਹੱਥ ਫੜ ਕੇ ਮੇਰੀ ਬਾਂਹ ਆਪਣੇ ਕਮਰ ਦੁਆਲੇ ਵਲਾ ਲਈ ਸੀ। ਮੈਂ ਠੰਡਾ ਠੰਡਾ ਰਿਹਾ ਸਾਂ। ਉਹ ਰੋਣ ਲੱਗ ਪਈ ਸੀ। ਆਖ਼ਰ ਗੱਲ ਤਾਂ ਦੱਸ, ਵਿੰਦੂ। ਕੀ ਹੋ ਗਿਆ ਅੱਜ ਤੈਨੂੰ? ਮੈਂ ਹੈਰਾਨੀ ਨਾਲ ਪੁੱਛਿਆ ਸੀ। ਉਹ ਤਾਂ ਬਸ ਰੋ ਹੀ ਰਹੀ ਸੀ। ਉਸ ਨੇ ਮੈਨੂੰ ਆਪਣੀ ਵੱਖੀ ਨਾਲ ਲਾ ਕੇ ਪੋਲਾ ਜਿਹਾ ਘੁਟਿਆ ਸੀ। ਉਸ ਦਾ ਸਾਹ ਤੇਜ਼ ਤੇਜ਼ ਚੱਲ ਰਿਹਾ ਸੀ। ਪਿੰਡਾ ਭਖਿਆ ਹੋਇਆ। ਮੈਂ ਵੀ ਪੰਘਰ ਗਿਆ ਸਾਂ। ਤੇ ਫਿਰ ਮੈਂ ਉਸ ਨੂੰ ਚੁੰਮ ਲਿਆ ਸੀ। ਮੈਂ ਹੋਰ ਚਾਹ ਬਣਾਈ ਸੀ। ਅਸੀਂ ਚਾਹ ਪੀਂਦੇ ਰਹੇ ਸਾਂ ਤੇ ਉੱਖੜੀਆਂ ਉੱਖੜੀਆਂ ਗੱਲਾਂ ਕਰਦੇ ਰਹੇ ਸਾਂ। ਵਿੰਦੂ ਦਾ ਅਸਤਿੱਤਵ ਟੁਕੜੇ ਟੁਕੜੇ ਸੀ। ਗੱਲ ਕਰਦੀ ਕਰਦੀ ਉਹ ਵਿਚੋਂ ਹੀ ਭੁੱਲ ਜਾਂਦੀ ਸੀ "ਇਹ ਤੈਨੂੰ ਅੱਜ ਕੀ ਸੁਣਿਆ?" ਮੈਂ ਦੋ ਵਾਰ ਉਸ ਤੋਂ ਪੁਛਿਆ ਸੀ। ਮੈਨੂੰ ਨਹੀਂ ਪਤਾ। ਕਹਿਕੇ ਉਹ ਕੋਈ ਹੋਰ ਗੱਲ ਛੇੜ ਲੈਂਦੀ ਸੀ। ਫਿਰ ਉਹ ਹਰ ਐਤਵਾਰ ਆਉਣ ਲਗੀ ਤੇ ਫਿਰ ਹਫ਼ਤੇ ਵਿਚ ਦੋ ਵਾਰ ਵੀ।

ਰੌਲਾ ਤਾਂ ਹਕਲੇ ਡਾਕਟਰ ਦੀ ਢਿੱਡਲ ਪਤਨੀ ਨੇ ਪਾਇਆ। ਇੱਕ ਦਿਨ ਚਾਰ ਪੰਜ ਬੰਦਿਆਂ ਨੇ ਇਕੱਠੇ ਹੋ ਕੇ ਮੇਰੇ ਕਮਰੇ 'ਤੇ ਧਾਵਾ ਬੋਲਿਆ ਸੀ ਤੇ ਕਿਹਾ ਸੀ- 'ਸਰਦਾਰ ਜੀ, ਮੁਹੱਲੇ ਨੂੰ ਬਦਨਾਮ ਨਾ ਕਰੋ। ਜਾਂ ਤਾਂ ਮਕਾਨ ਛੱਡ ਦਿਓ ਜਾਂ ਉਸ ਔਰਤ ਨੂੰ ਏਥੇ ਆਉਣ ਤੋਂ ਹਟਾਓ।'

ਹੁਣ ਅਸੀਂ ਸਕੂਲ ਵਿਚ ਹੀ ਸਮਾਂ ਤੇ ਸਥਾਨ ਮਿਥ ਕੇ ਦੂਜੇ ਦਿਨ ਮਿਲਦੇ ਸਾਂ ਤੇ ਫਿਰ ਸ਼ਹਿਰ ਤੋਂ ਦੂਰ ਨਿਕਲ ਜਾਂਦੇ ਸਾਂ। ਤ੍ਰਿਪੜੀ, ਥਾਪਰ ਇੰਸਟੀਚਿਊਟ, ਮੋਤੀ ਬਾਗ ਤੇ ਰਾਜਪੁਰਾ ਰੋਡ ਵੱਲ ਦੇ ਉਜਾੜ ਇਲਾਕੇ ਅਸੀਂ ਛਾਣ ਮਾਰੇ ਸਨ।

ਉਸ ਦੇ ਮਾਮੇ ਦੇ ਘਰ ਹੁਣ ਮੈਂ ਕਦੇ ਕਦੇ ਹੀ ਜਾਂਦਾ। ਜਦ ਜਾਂਦਾ, ਉਸ ਦਾ ਮਾਮਾ ਮੈਨੂੰ ਤਾੜਦਾ-'ਦਰਸ਼ਨ, ਕਿੱਥੇ ਰਹਿਨਾ ਏਂ ਹੁਣ ਤੂੰ? ਬਹੁਤ ਘੱਟ ਦਿਖਾਈ ਦਿੰਦਾ ਏਂ।" ਮੇਰਾ ਚਿਹਰਾ ਲਟਕ ਜਾਂਦਾ। ਹਮੇਸ਼ਾ ਹੀ ਮੈਂ ਕੋਈ ਬਹਾਨਾ ਘੜਦਾ।

ਬੀ. ਐੱਡ ਦੀਆਂ ਪੋਸਟਾਂ ਨਿਕਲੀਆਂ ਸਨ। ਅਸੀਂ ਅਪਲਾਈ ਕੀਤਾ ਸੀ। ਦੋਵੇਂ ਹੀ ਸਿਲੈਕਟ ਹੋ ਗਏ ਸਾਂ। ਮੇਰੀ ਅਪਾਇੰਟਮੈਂਟ ਬਰਨਾਲੇ ਦੀ ਹੋ ਗਈ ਸੀ ਤੇ ਵਿੰਦੂ ਦੀ ਮਾਡਲ ਟਾਊਨ ਪਟਿਆਲਾ ਦੀ ਹੀ। ਇਸੇ ਸਾਲ ਛੱਬੀ ਜਨਵਰੀ ਨੂੰ ਕਿਰਪਾਲ ਸਿੰਘ ਕੈਪਟਨ ਬਣ ਗਿਆ ਸੀ।

ਮਹੀਨੇ ਵਿਚ ਇਕ ਵਾਰੀ ਜੇ ਮੈਂ ਪਟਿਆਲੇ ਨਾ ਜਾਂਦਾ ਤਾਂ ਉਹ ਬਹੁਤ ਗੁੱਸੇ ਹੁੰਦੀ। ਤੇ ਫਿਰ ਜਦ ਮੇਰਾ ਵਿਆਹ ਹੋ ਗਿਆ ਸੀ, ਛੇ ਸੱਤ ਮਹੀਨੇ ਮੈਥੋਂ ਪਟਿਆਲੇ ਜਾਇਆ ਨਹੀਂ ਗਿਆ ਸੀ। ਵਿੰਦੂ ਦੀਆਂ ਦੋ ਚਿੱਠੀਆਂ ਵੀ ਆਈਆਂ। ਮੈਂ ਨਾ ਜਾ ਸਕਿਆ।

ਅਕਤੂਬਰ ਦੇ ਹੀ ਦਿਨ ਸਨ। ਗਿਆਰਾ ਤਰੀਕ ਨੇੜੇ ਆ ਰਹੀ ਸੀ। ਇਸ ਦਿਨ ਮੈਂ ਬੜੀ ਸ਼ਿੱਦਤ ਨਾਲ ਸੋਚ ਰਿਹਾ ਸਾਂ। ਇਹ ਸੱਤਵਾਂ ਗਿਆਰਾਂ ਅਕਤੂਬਰ ਸੀ। ਮੈਂ ਚਾਹੁੰਦਾ ਸੀ, ਇਸ ਦਿਨ ਤਾਂ ਜ਼ਰੂਰ ਪਟਿਆਲੇ ਜਾਇਆ ਜਾਵੇ। ਭਾਵੇਂ ਮੇਰਾ ਵਿਆਹ ਹੋ ਗਿਆ ਸੀ। ਬੀਵੀ ਦਸਵੀਂ ਜਮਾਤ ਪਾਸ ਸੀ। ਬਣਦੀ ਤਣਦੀ ਵੀ ਸੀ। ਪਰ ਜੋ ਆਕਾਸ਼ ਉਡਾਰੀਆਂ ਮੈਂ ਵਿੰਦੂ ਨਾਲ ਲਾਈਆਂ ਸਨ, ਉਨ੍ਹਾਂ ਦਾ ਤਾਂ ਰੰਗ ਹੀ ਹੋਰ ਸੀ। ਇਸ ਸਾਲ ਗਿਆਰਾਂ ਅਕਤੂਬਰ ਨੂੰ ਮੈਂ ਸੈਲੀਬਰੇਟ ਕਰਨਾ ਚਾਹੁੰਦਾ ਸਾਂ।

ਗਿਆਰਾਂ ਅਕਤੂਬਰ ਦੇ ਦਿਨ ਹੀ ਮੈਂ ਪਟਿਆਲੇ ਗਿਆ। ਵਿੰਦੂ ਘਰ ਨਹੀਂ ਸੀ। ਸਕੂਲੋਂ ਉਸ ਦਿਨ ਛੁੱਟੀ ਵੀ ਨਹੀਂ ਸੀ। ਮਾਮੀ ਤੋਂ ਪਤਾ ਲੱਗਿਆ ਕਿ ਉਹ ਤਾਂ ਸਰਹੰਦ ਗਈ ਹੋਈ ਹੈ। ਸਰਹੰਦ ਉਸ ਦਾ ਪਿਓ ਰਹਿੰਦਾ ਸੀ। ਸ਼ਰਾਬ ਦਾ ਠੇਕਾ ਲਿਆ ਹੋਇਆ ਸੀ। ਵਿੰਦੂ ਦੀ ਮਾਂ ਬਚਪਨ ਵਿਚ ਹੀ ਮਰ ਗਈ ਸੀ। ਭਰਾ ਵੀ ਕੋਈ ਨਹੀਂ ਸੀ। ਅਸੀਂ ਭਾਰਤ ਪਾਕਿ ਸਬੰਧਾਂ ਦੀਆਂ ਗੱਲਾਂ ਸੁਣਦੇ ਰਹੇ ਸਾਂ। "ਕਿਵੇਂ ਆਇਆ ਸੀ ਅੱਜ?" ਉਸ ਨੇ ਮੈਥੋਂ ਪੁੱਛਿਆ ਸੀ। ਮੈਂ ਬਹਾਨਾ ਬਣਾਇਆ ਸੀ ਕਿ ਮੈਂ ਤਾਂ ਹਰਟੀਕਲਚਰ ਵਾਲਿਆਂ ਤੋਂ ਸਕੂਲ ਵਾਸਤੇ ਗੁਲਮੋਹਰ ਦੇ ਬੂਟੇ ਲੈਣ ਆਇਆ ਹਾਂ। ਮੈਂ ਉਸ ਨੂੰ ਉਲਾਂਭਾ ਦਿੱਤਾ ਸੀ ਕਿ ਉਹ ਮੇਰੇ ਵਿਆਹ 'ਤੇ ਸਾਡੇ ਪਿੰਡ ਕਾਲੇਕੇ ਕਿਉਂ ਨਾ ਆਏ? ਅਸਲ ਵਿਚ ਤਾਂ ਮੈਂ ਪੁੱਛਿਆ ਸੀ ਕਿ ਉਹ ਵਿੰਦੂ ਨੂੰ ਲੈ ਕੇ ਮੇਰੇ ਵਿਆਹ ਤੇ ਕਿਉਂ ਨਾ ਆਇਆ?

"ਯਾਰ, ਉਨ੍ਹਾਂ ਦਿਨਾਂ ਵਿਚ ਵਿੰਦੂ ਤਾਂ ਕਿਰਪਾਲ ਕੋਲ ਕਸ਼ਮੀਰ ਗਈ ਹੋਈ ਸੀ। ਮੈਨੂੰ ਕੰਮ ਬੜਾ ਹੀ। ਓਵਰ ਟਾਈਮ ਲੱਗਦਾ ਸੀ, ਉਨੀਂ ਦਿਨੀਂ ਤਾਂ। ਐਤਵਾਰ ਨੂੰ ਵੀ। ਤੂੰ ਮੁੜਕੇ ਮੂੰਹ ਨਾ ਦਿਖਾਇਆ, ਚੰਗਾ ਵਿਆਹ ਕਰਵਾਇਆ ਸੀ। ਇਸ ਤਰ੍ਹਾਂ ਦਾ ਲੈਕਚਰ ਝਾੜ ਕੇ ਉਸ ਨੇ ਮੇਰੇ 'ਤੇ ਪੂਰੀ ਦਬਸ਼ ਪਾਈ। ਮੈਂ ਨਿਰੁਤਰ ਜਿਹਾ ਬੈਠਾ ਰਿਹਾ ਸਾਂ।

ਅਸੀਂ ਹੋਰ ਕਈ ਗੱਲਾਂ ਕੀਤੀਆਂ ਸਨ। ਗੱਲਾਂ ਵਿਚ ਹੀ ਉਸ ਨੇ ਦੱਸਿਆ ਸੀ ਕਿ ਕਿਰਪਾਲ ਰਲੀਜ਼ ਹੋ ਕੇ ਆ ਰਿਹਾ ਹੈ। ਸਕੂਲ ਵਿਚ ਆਪਣੇ ਲੀਅਨ 'ਤੇ ਹੀ। ਛੇ ਵਜੇ ਵਿੰਦੂ ਆ ਗਈ ਸੀ। ਥੱਕੀ ਟੁੱਟੀ। ਚੜ੍ਹੀਆਂ ਅੱਖਾਂ ਜਿਵੇਂ ਫੀਮ ਖਾਧੀ ਹੋਵੇ। ਆਲਸ ਭਰਿਆ ਬੋਲ। ਆਉਣ ਸਾਰ ਮੈਨੂੰ ਪੁੱਛਿਆ-"ਕਦੋਂ ਆਏ?"

'ਦੁਪਹਿਰ ਦੀ ਗੱਡੀ।' ਮੈਂ ਜਵਾਬ ਦਿੱਤਾ।

'ਅੱਛਿਆ ਕਹਿ ਕੇ ਉਹ ਕਮਰੇ ਵਿਚ ਗਈ ਤੇ ਬਿਸਤਰਾ ਵਿਛਾ ਕੇ ਲੇਟ ਗਈ ਸੀ। ਮੈਂ ਤੇ ਉਸ ਦਾ ਮਾਮਾ ਸਿਹਨ ਵਿਚ ਬੈਠੇ ਸਾਂ। ਮੈਂ ਚਾਹੁੰਦਾ ਸਾਂ ਕਿ ਵਿੰਦੂ ਸਾਡੇ ਕੋਲ ਆ ਕੇ ਬੈਠੇ ਜਾਂ ਮੈਂ ਹੀ ਅੰਦਰ ਕਮਰੇ ਵਿਚ ਉਸ ਕੋਲ ਚਲਿਆ ਜਾਵਾਂ। ਪਰ ਉਹ ਨਾ ਸਾਡੇ ਕੋਲ ਆਈ ਤੇ ਨਾ ਮੈਂ ਉਸ ਕੋਲ ਕਮਰੇ ਵਿਚ ਗਿਆ। ਅਸੀਂ ਰੋਟੀ ਖਾਣ ਲੱਗੇ, ਮਾਮੇ ਨੇ ਪੁੱਛਿਆ, "ਵਿੰਦੂ ਨੂੰ ਰੋਟੀ?'

ਉਹਨੇ ਨਹੀਂ ਖਾਣੀ। ਪੈ ਗਈ ਐ ਬੱਸ। ਕਹਿੰਦੀ ਮੈਨੂੰ ਨਾ ਬੁਲਾਇਓ ਕੋਈ। ਮਾਮੀ ਨੇ ਰਸੋਈ ਵਿਚੋਂ ਹੀ ਜਵਾਬ ਦਿੱਤਾ।

"ਵਿੰਦੂ...ਵਿੰਦਰ।' ਮਾਮੇ ਨੇ ਹਾਕ ਮਾਰੀ, ਉਹ ਬੋਲੀ ਨਹੀਂ। 'ਸੌਂ ਗਈ ਪਤਾ ਨਹੀਂ।' ਮਾਮੇ ਨੇ ਕਿਹਾ ਤੇ ਹੱਸਿਆ। ਇਹ ਕੁੜੀ ਵੀ ਠੀਕ ਏ। ਔਣ ਸਾਰ ਮੰਜਾ।'

ਅਸੀਂ ਰੋਟੀ ਖਾਧੀ। ਮਾਮਾ ਆਪਣੇ ਕਮਰੇ ਵਿਚ ਚਲਿਆ ਗਿਆ। ਮੈਂ ਵਿੰਦੂ ਵਾਲੇ ਕਮਰੇ ਵਿਚ ਚਲਿਆ ਗਿਆ। ਉਸ ਨੂੰ ਹੌਲੀ ਦੇ ਕੇ ਬੁਲਾਇਆ। ਉਹ ਨਹੀਂ ਬੋਲੀ। ਸੱਚੀਂ ਹੀ ਸੌਂ ਚੁੱਕੀ ਸੀ। ਮੇਰਾ ਬਿਸਤਰਾ ਮਾਮੇ ਵਾਲੇ ਕਮਰੇ ਵਿਚ ਹੀ ਸੀ। ਵਿੰਦੂ ਵਾਲੇ ਕਮਰੇ ਵਿਚ ਮਾਮੀ ਨੇ ਪੈਣਾ ਸੀ।

ਸਵੇਰੇ ਛੇ ਵਜੇ ਤਿਆਰ ਹੋ ਕੇ ਮੈਂ ਬੱਸ ਸਟੈਂਡ ਨੂੰ ਜਾਣ ਲੱਗਿਆ। ਚਾਹੁੰਦਾ ਸਾਂ, ਸਕੂਲ ਸਮੇਂ ਤੋਂ ਪਹਿਲਾਂ ਬਰਨਾਲੇ ਪਹੁੰਚ ਜਾਵਾਂ। ਆਇਆ ਕਾਹਦੇ ਵਾਸਤੇ ਸੀ? ਵਿੰਦੂ ਨਾਲ ਕੋਈ ਗੱਲ ਨਹੀਂ ਹੋਈ ਸੀ। ਦੇਖਿਆ, ਵਿੰਦੂ ਤਾਂ ਅਜੇ ਵੀ ਆਪਣੇ ਬਿਸਤਰੇ ਵਿਚ ਸੀ। ਮੈਂ ਉਸ ਦੇ ਕਮਰੇ ਵਿਚ ਗਿਆ। ਉਸ ਨੂੰ ਬੁਲਾਇਆ। ਉੱਠ ਕੇ ਬੈਠੀ ਹੋ ਗਈ। ਕਹਿਣ ਲੱਗੀ-'ਚਲੇ?' ਨਾਲ ਦੀ ਨਾਲ ਹੱਥ ਜੋੜੇ। ਉਸ ਦੇ ਵਾਲ ਖੁੱਸੇ ਹੋਏ ਸਨ। ਅੱਖਾਂ ਵਿਚ ਨੀਂਦ ਅਜੇ ਵੀ ਸੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿ ਕੇ ਮੈਂ ਘਰੋਂ ਬਾਹਰ ਆ ਗਿਆ ਸਾਂ।

ਥਰਡ ਕਲਾਸ ਦੇ ਡੱਬੇ ਵਿਚ ਬੈਠਾ ਮੈਂ ਸੋਚ ਰਿਹਾ ਹਾਂ, ਦਿਨ ਕਿਸ ਤਰ੍ਹਾਂ ਬਦਲ ਜਾਂਦੇ ਹਨ। ਉਹੀ ਦਿਨ ਕੱਲ੍ਹ ਕੀ ਸਨ, ਅੱਜ ਕੀ ਹਨ। ਸਭ ਕੁਝ ਹੀ ਬਦਲ ਗਿਆ ਹੈ। ਮੈਨੂੰ ਸ਼ਿੱਦਤ ਨਾਲ ਮਹਿਸੂਸ ਹੋ ਰਿਹਾ ਹੈ, ਜਿਵੇਂ ਮੇਰੇ ਅੰਦਰੋਂ ਕੋਈ ਚੀਜ਼ ਟੁੱਟ ਗਈ ਹੋਵੇ। ਇਸ ਦੁਨੀਆਂ ਵਿਚ 'ਸਬੰਧ' ਨਾਂ ਦਾ ਸ਼ਬਦ ਮੇਰੇ ਲਈ ਕੋਈ ਅਰਥ ਨਹੀਂ ਰੱਖ ਰਿਹਾ। ਬਸ ਐਵੇਂ ਛਿਣ-ਭੰਗਰ ਦੀ ਪਹਿਚਾਣ ਹੈ। ਇਸ ਥਾਂ ਬਣੀ, ਦੂਜੇ ਥਾਂ ਜਾ ਕੇ ਖ਼ਤਮ ਹੋ ਗਈ। ਅੱਜ ਬਣੀ, ਕੱਲ੍ਹ ਖ਼ਤਮ ਹੋ ਗਈ। ਬਾਰੀ ਵਿਚ ਦੀ ਮੈਂ ਝਾਕ ਰਿਹਾ ਹਾਂ। ਬਹੁਤ ਦੁਰ ਤੋਂ ਦਰੱਖ਼ਤ ਭੱਜੇ ਮੇਰੀ ਬਾਰੀ ਵੱਲ ਆਉਂਦੇ ਹਨ ਤੇ ਫਿਰ ਬਹੁਤ ਨੇੜੇ ਆ ਕੇ ਪਿੱਛੇ ਨੂੰ ਨੱਸ ਜਾਂਦੇ ਹਨ। ਇੱਕ ਤੋਂ ਬਾਅਦ ਇੱਕ।ਕਿਸੇ ਵੀ ਦਰਖਤ 'ਤੇ ਮੇਰੀ ਨਿਗਾਹ ਨਹੀਂ ਟਿਕ ਰਹੀ। ਕਿਸੇ ਵੀ ਦਰੱਖ਼ਤ ਦੀ ਮਨ ਵਿਚ ਪਹਿਚਾਣ ਨਹੀਂ ਰਹਿ ਰਹੀ ਹੈ। ਇੱਕ ਜਾਂਦਾ ਹੈ, ਦੂਜਾ ਝੱਟ ਸਾਹਮਣੇ ਆ ਜਾਂਦਾ ਹੈ। ਬੇਸ਼ੁਮਾਰ ਦਰੱਖ਼ਤ ਘੁੰਮ ਰਹੇ ਹਨ। ਕਿੱਥੋਂ ਆ ਰਹੇ ਹਨ, ਐਨੇ ਦਰੱਖ਼ਤ? ਕਿੱਥੇ ਜਾ ਰਹੇ ਹਨ, ਐਨੇ ਦਰੱਖ਼ਤ? ਮੇਰੇ ਸੱਜੇ ਹੱਥ ਬੈਠਾ ਖੁੱਲ੍ਹੇ ਦਾੜ੍ਹੀ ਵਾਲਾ ਬਜ਼ੁਰਗ ਪੰਜਾਬੀ ਦਾ ਕੋਈ ਅਖ਼ਬਾਰ ਅੱਖਾਂ ਦੇ ਬੜੇ ਨਜ਼ਦੀਕ ਲਿਜਾ ਕੇ ਪੜ ਰਿਹਾ ਹੈ। ਉਸ ਦੇ ਮੂੰਹ ਵਿਚੋਂ ਹਲਕੀ ਹਲਕੀ ਗੁਣ ਗੁਣ ਦੀ ਆਵਾਜ਼ ਆ ਰਹੀ ਹੈ। ਖੱਬੇ ਹੱਥ ਦੋ ਔਰਤਾਂ ਬੈਠੀਆਂ ਹਨ। ਇੱਕ ਬੁੱਢੀ ਹੈ, ਦੂਜੀ ਅਧਖੜ। ਉਹ ਕਿਸੇ ਘਰੇਲੂ ਬਹਿਸ ਵਿਚ ਉਲਝੀਆਂ ਹੋਈਆਂ ਹਨ। ਸਾਹਮਣੇ ਵਾਲੀ ਸੀਟ 'ਤੇ ਚਾਰ ਬੰਦੇ ਤੇ ਇਕ ਔਰਤ ਹੈ। ਬੰਦਿਆਂ ਵਿਚ ਮੋਗੇ ਵਿਖੇ ਗੋਲੀ ਨਾਲ ਮਰੇ ਵਿਦਿਆਰਥੀਆਂ ਦੀ ਗੱਲ ਛਿੜੀ ਹੋਈ ਹੈ। ਔਰਤ ਦਾ ਧਿਆਨ ਮੇਰੇ ਖੱਬੇ ਹੱਥ ਬੈਠੀਆਂ ਔਰਤਾਂ ਦੀਆਂ ਗੱਲਾਂ ਵੱਲ ਹੈ। ਉਹ ਉਨ੍ਹਾਂ ਦੇ ਮੂੰਹਾਂ ਵੱਲ ਮੂਤਰ ਮੁਤਰ ਝਾਕ ਰਹੀ ਹੈ।

ਮੈਂ ਆਪਣੀ ਸੀਟ ਤੋਂ ਉੱਠਦਾ ਹਾਂ ਤੇ ਉੱਪਰਲਾ ਫੱਟਾ ਖ਼ਾਲੀ ਦੇਖ ਕੇ ਦੋਵੇਂ ਹੱਥ ਪਾਸਿਆਂ ਦੇ ਫੱਟਿਆਂ 'ਤੇ ਰੱਖਦਾ ਹਾਂ ਤੇ ਜ਼ੋਰ ਪਾਉਂਦਾ ਹਾਂ। ਲੰਬਾ ਪਿਆ ਹਾਂ। ਹੁਣ ਕੁਝ ਚਿਰ ਆਰਾਮ ਮਹਿਸੂਸ ਕਰਦਾ ਹਾਂ। ਮੇਰੀਆਂ ਅੱਖਾਂ ਤੋਂ ਸਿਰਫ਼ ਦੋ ਫੁੱਟ ਦੇ ਫਾਸਲੇ 'ਤੇ ਪੱਖਾ ਚੱਲ ਰਿਹਾ ਹੈ। ਦਿਲ ਕਰਦਾ ਹੈ, ਇਸ ਨੂੰ ਬੰਦ ਕਰ ਦਿਆਂ। ਪਰ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਿਆ ਹੈ। ਪੱਖੇ ਦੀ ਠੰਡੀ ਹਵਾ ਮੈਨੂੰ ਚੰਗੀ ਨਹੀਂ ਲੱਗ ਰਹੀ। ਹੱਥ ਨਾਲ ਮੈਂ ਉਸ ਦਾ ਮੂੰਹ ਪਰਲੇ ਪਾਸੇ ਕਰਵਾ ਦਿੱਤਾ ਹੈ।

ਇਸ ਅਕਤੂਬਰ ਤੋਂ ਪਿਛਲੇ ਅਕਤੂਬਰ ਵਿਚਕਾਰ ਤਿੰਨ ਵਾਰ ਮੈਂ ਪਟਿਆਲੇ ਜਾ ਆਇਆ ਹਾਂ। ਪਹਿਲੀ ਵਾਰ ਜਦੋਂ ਗਿਆ ਸਾਂ, ਉਹ ਬਿਮਾਰ ਸੀ। ਸਕੂਲੋਂ ਛੁੱਟੀ ਲੈ ਰੱਖੀ ਸੀ। ਘਰ ਹੀ ਕਮਰੇ ਵਿਚ ਉਸ ਦਾ ਇਲਾਜ ਹੋ ਰਿਹਾ ਸੀ। ਦੋ ਘੰਟੇ ਬੈਠਿਆ ਸਾਂ। ਦੋਵੇਂ ਘੰਟੇ ਮਾਮੀ ਉਸ ਦੇ ਕੋਲੋਂ ਨਹੀਂ ਸੀ ਹਿੱਲੀ। ਮੈਂ ਕਿਵੇਂ ਗੱਲ ਕਰਦਾ? ਸਧਾਰਨ ਜਿਹੀਆਂ ਤੇ ਉਟ ਪਟਾਂਗ ਗੱਲਾਂ ਹੋਈਆਂ ਸਨ। ਮੈਨੂੰ ਉਸ ਦੀ ਬਿਮਾਰੀ ਦਾ ਕੋਈ ਪਤਾ ਨਹੀਂ ਲਗ ਸਕਿਆ ਸੀ। ਮਾਮੀ ਬੱਸ ਇਹੋ ਕਹਿ ਰਹੀ ਸੀ, ਪੇਟ ਵਿਚ ਦਰਦ ਟਿਕਿਆ ਹੋਇਆ ਹੈ।

ਦੂਜੀ ਵਾਰੀ ਜਦ ਮੈਂ ਗਿਆ ਸਾਂ ਤਾਂ ਕਿਰਪਾਲ ਰਲੀਜ਼ ਹੋ ਕੇ ਆ ਗਿਆ ਸੀ ਤੇ ਨਾਭੇ ਦੇ ਨੇੜੇ ਕਿਸੇ ਹਾਈ ਸਕੂਲ ਵਿਚ ਹਾਜ਼ਰ ਹੋ ਚੁੱਕਿਆ ਸੀ। ਸਕੂਲ ਸੜਕ ਦੇ ਉੱਤੇ ਹੀ ਸੀ। ਸੋ ਹਰ ਰੋਜ਼ ਹੀ ਉਹ ਪਟਿਆਲੇ ਆ ਜਾਂਦਾ ਸੀ। ਉਦੋਂ ਵੀ ਮੈਂ ਖਾਲੀ ਮੁੜ ਗਿਆ ਸਾਂ। ਵਿੰਦੂ ਬੋਲਦੀ ਚਲਦੀ ਤਾਂ ਠੀਕ ਰਹੀ ਸੀ। ਉਸ ਦੇ ਵਿਵਹਾਰ ਵਿਚ ਕਿਤੇ ਕੁਝ ਰੁੱਖਾਪਣ ਨਹੀਂ ਸੀ। ਪਰ ਉਸ ਦੀਆਂ ਗੱਲਾਂ ਸਭ ਘਰੇਲੂ ਕਿਸਮ ਦੀਆਂ ਰਹੀਆਂ ਸਨ। ਉਨ੍ਹਾਂ ਗੱਲਾਂ ਵਿਚ ਮੈਨੂੰ ਕੋਈ ਦਿਲਚਸਪੀ ਨਹੀਂ ਸੀ। ਉਸ ਨੇ ਦੱਸਿਆ ਕਿ ਉਹ ਬਿਮਾਰ ਰਹਿੰਦੀ ਹੈ। ਡਾਕਟਰ ਤੋਂ ਲਿਆਂਦੀਆਂ ਗੋਲੀਆਂ ਉਸ ਨੇ ਮੈਨੂੰ ਦਿਖਾਈਆਂ ਸਨ। ਪੀਣ ਵਾਲੀ ਦਵਾਈ ਦੀ ਬੋਤਲ ਅਲਮਾਰੀ ਵਿਚੋਂ ਕੱਢ ਕੇ ਮੇਰੇ ਕੋਲ ਲਿਆਂਦੀ ਸੀ। ਮੈਨੂੰ ਉਸ ਦੀ ਬਿਮਾਰੀ ਤੇ ਗੁੱਸਾ ਆਇਆ ਸੀ। ਕੋਈ ਵੀ ਆਪਣੀ ਗੱਲ ਉਸ ਨੇ ਨਹੀਂ ਕੀਤੀ ਸੀ। ਇੱਕ ਫ਼ਿਕਰਾ ਵੀ ਜਿਸ ਨੂੰ ਸੁਣ ਕੇ ਮਨ ਨੂੰ ਕੁਝ ਆਰਾਮ ਤਾਂ ਮਿਲਦਾ।

ਤੀਜੀ ਵਾਰ ਅਗਸਤ ਵਿਚ ਗਿਆ ਸਾਂ। ਗਰਮੀ ਦੀਆਂ ਛੁੱਟੀਆਂ ਖ਼ਤਮ ਹੋਣ ਵਾਲੀਆਂ ਸਨ। ਉਹ ਅਜੇ ਮਾਮੇ ਦੇ ਘਰ ਮਾਡਲ ਟਾਊਨ ਵਿਚ ਹੀ ਸਨ। ਸਦਾ ਉੱਥੇ ਰਹਿਣ ਲਈ ਹੀ ਸ਼ਾਇਦ ਉਨ੍ਹਾਂ ਨੇ ਫ਼ੈਸਲਾ ਕਰ ਲਿਆ ਹੋਵੇਗਾ। ਮਾਮੇ ਦੀ ਕੋਈ ਔਲਾਦ ਨਹੀਂ ਸੀ। ਉਨ੍ਹਾਂ ਦਾ ਸਗੋਂ ਦਿਲ ਲੱਗਿਆ ਹੋਇਆ ਸੀ। 'ਬੜੇ ਚੱਕਰ ਲੱਗ ਰਹੇ ਨੇ ਪਟਿਆਲੇ, ਦਰਸ਼ਨ ਸਿੰਘ?' ਕਿਰਪਾਲ ਨੇ ਮੈਥੋਂ ਪੁੱਛਿਆ ਸੀ। ਪੁੱਛਿਆ ਤਾਂ ਸ਼ਾਇਦ ਸਧਾਰਨ ਹੀ ਸੀ, ਪਰ ਮੈਨੂੰ ਲੱਗਿਆ ਸੀ, ਜਿਵੇਂ ਉਸਨੂੰ ਕੋਈ ਸ਼ੱਕ ਹੋ ਗਿਆ ਹੋਵੇ। ਜਾਂ ਸ਼ਾਇਦ ਉਹ ਮੇਰੇ ਉਨ੍ਹਾਂ ਦੇ ਘਰ ਜਾਣ ਤੋਂ ਉਕਤਾ ਹੋ ਗਿਆ ਹੋਵੇ। ਮੈਂ ਜਵਾਬ ਦਿੱਤਾ ਸੀ-'ਯਾਰ, ਏਥੇ ਬਿਜਲੀ ਬੋਰਡ ਵਿਚ ਇਕ ਕਲਰਕ ਐ। ਆਪਣੀ ਭਤੀਜੀ ਵਾਸਤੇ ਮੇਰੀ ਉਸ ਨਾਲ ਗੱਲਬਾਤ ਚੱਲ ਰਹੀ ਐ।' ਉਸ ਵਾਰ ਵੀ ਅਸੀਂ ਕੋਈ ਗੱਲ ਨਾ ਕਰ ਸਕੇ। ਕਿਰਪਾਲ ਨੇ ਹੀ ਮੇਰਾ ਖਹਿੜਾ ਨਹੀਂ ਸੀ ਛੱਡਿਆ। ਹਰ ਵੇਲੇ ਹੀ ਕੋਲ ਰਿਹਾ ਸੀ। ਹਰ ਵੇਲੇ ਹੀ ਗੱਲਾਂ ਦੀ ਚੱਕੀ ਝੋਈ ਹੋਈ।

ਜਦ ਮੈਂ ਪਟਿਆਲੇ ਹੁੰਦਾ ਸੀ, ਇੱਕ ਦਿਨ ਅਸੀਂ ਰਾਜਪੁਰੇ ਚਲੇ ਗਏ ਸੀ। ਇੱਕ ਫ਼ੋਟੋ ਸਟੂਡੀਓ ਵਿਚ ਜਾ ਕੇ ਅਸੀਂ ਆਪਣੀ ਤਸਵੀਰ ਬਣਵਾਈ ਸੀ। ਬੈਂਚ ਉੱਤੇ ਮੈਂ ਬੈਠਾ। ਖੱਬੇ ਪਾਸੇ ਵਿੰਦੂ ਮੇਰੇ ਨਾਲ ਖਹਿ ਕੇ ਬੈਠੀ ਹੋਈ ਹੈ। ਉਸ ਦਾ ਸਿਰ ਮੇਰੇ ਮੋਢੇ 'ਤੇ ਝੁਕਿਆ ਹੋਇਆ ਹੈ। ਇਸ ਦੀ ਇੱਕ ਕਾਪੀ ਵਿੰਦੂ ਕੋਲ ਹੈ। ਇੱਕ ਕਾਪੀ ਮੇਰੇ ਕੋਲ ਹੈ। ਕਈ ਵਾਰ ਮੈਂ ਇਹ ਤਸਵੀਰ ਨੂੰ ਜਲਾ ਦੇਣਾ ਚਾਹਿਆ ਹੈ। ਪਰ ਪਤਾ ਨਹੀਂ ਕੀ ਸੋਚ ਕੇ ਮੈਂ ਇਸ ਨੂੰ ਸਦਾ ਹੀ ਸੰਭਾਲ ਕੇ ਰੱਖਿਆ ਹੈ। ਇਸ ਵਾਰ ਮੈਂ ਇਸ ਤਸਵੀਰ ਨੂੰ ਆਪਣੇ ਪਰਸ ਵਿਚ ਪਾ ਲਿਆਇਆ ਹਾਂ। ਸੋਚ ਰਿਹਾ ਹਾਂ, ਇਸ ਵਾਰ ਵੀ ਵਿੰਦੂ ਨੇ ਜੇ ਕੋਈ 'ਗੱਲ ਕੀਤੀ ਤਾਂ ਉਸ ਨੂੰ ਇਹ ਤਸਵੀਰ ਦਿਖਾਕੇ ਕਹਾਂਗਾ-ਕਦੋਂ ਤੱਕ ਰੁਲਾਏਂਗੀ? ਆਹ ਦੇਖ ਸਬੂਤ। ਪ੍ਰੈੱਸ ਨੂੰ ਦਿਆਂਗਾ। ਆਪ ਤਾਂ ਬਦਨਾਮ ਹੋਵਾਂਗਾ ਈ, ਤੇਰੀ ਪੱਟੀਮੇਸ ਨਾ ਕੀਤੀ ਤਾਂ...' ਇਸ ਖਿਆਲ ਦੇ ਨਾਲ ਹੀ ਪਿਆ ਪਿਆ ਮੈਂ ਆਪਣੀ ਪੈਂਟ ਦੀ ਹਿੱਪ ਪਾਕਟ ਵਿਚੋਂ ਪਰਸ ਕੱਢਦਾ ਹਾਂ ਤੇ ਉਸ ਵਿਚੋਂ ਤਸਵੀਰ ਕੱਢ ਕੇ ਉਸਨੂੰ ਸਰਸਰੀ ਨਜ਼ਰ ਨਾਲ ਦੇਖਦਾ ਹਾਂ। ਵਿੰਦੂ ਦਾ ਚਿਹਰਾ ਮੈਨੂੰ ਬਹੁਤ ਭੋਲਾ ਲੱਗਦਾ ਹੈ। ਬਹੁਤ ਮਾਸੂਮ। ਇਸ ਚਿਹਰੇ ਦੇ ਅੰਦਰ ਜੋ ਇੱਕ ਚਿਹਰਾ ਹੈ, ਮੈਨੂੰ ਬਹੁਤ ਡਰਾਉਣਾ ਜਾਪਦਾ ਹੈ, ਬੜਾ ਮੱਕਾਰ, ਬੜਾ ਬੇਤਰਸ। ਉਸ ਚਿਹਰੇ ਨਾਲ ਮੈਨੂੰ ਨਫ਼ਰਤ ਹੈ।

ਮੇਰੇ ਅੰਦਰਲਾ ਫ਼ਿਲਾਸਫਰ ਮੈਨੂੰ ਸਮਝਾਉਣ ਲੱਗਦਾ ਹੈ-ਇਹ ਜੋ ਵਾਰ ਵਾਰ ਵਿੰਦੂ ਨੂੰ ਮਿਲਣ ਜਾਂਦਾ ਹਾਂ, ਸਰੀਰਕ ਖਿੱਚ ਕਰਕੇ ਹੀ ਤਾਂ ਜਾਂਦਾ ਹਾਂ। ਜਦ ਜਾਂਦਾ ਹਾਂ, ਉਹ ਉਸੇ ਤਰ੍ਹਾਂ ਮਿੱਠਾ ਬੋਲਦੀ ਹੈ। ਚੰਗੀ ਇੱਜ਼ਤ ਕਰਦੀ ਹੈ। ਰਹਿਣਾ ਚਾਹਾਂ ਤਾਂ ਰਾਤ ਵੀ ਰਹਿ ਲੈਂਦਾ ਹਾਂ। ਕਿਰਪਾਲ ਕਿੰਨਾ ਮੋਹ ਕਰਦਾ ਹੈ। ਮਾਮਾ ਮਾਮੀ ਹੱਥਾਂ 'ਤੇ ਚੁੱਕ ਲੈਂਦੇ ਹਨ। ਹੋਰ ਹੁਣ ਬਿੰਦੂ ਤੋਂ ਮੈਂ ਕੀ ਲੈਣਾ ਚਾਹੁੰਦਾ ਹਾਂ। ਇਹੀ ਗੱਲ ਹੈ ਨਾ ਕਿ ਉਹ ਮੈਨੂੰ ਪਹਿਲਾਂ ਵਾਂਗ 'ਇਕੱਲੀ' ਕਿਉਂ ਨਹੀਂ ਮਿਲਦੀ? ਸਰੀਰਕ-ਖਿੱਚ ਪਸ਼ੂਪਣ ਹੀ ਤਾਂ ਹੈ। ਅਕਲ ਤੋਂ ਦੂਰ ਦੀ ਕੋਈ ਚੀਜ਼।

ਇੱਕ ਕੜੀ ਹੋਰ ਸੀ, ਰੰਜਨਾ। ਮੇਰੇ ਨਾਲ ਉਹ ਸਾਰੀਆਂ ਗੱਲਾਂ ਕਰ ਲੈਂਦੀ ਸੀ, ਪਰ ਇੱਕ ਨਿਸ਼ਚਿਤ ਸੀਮਾਂ ਤੋਂ ਉਸ ਨੇ ਮੈਨੂੰ ਕਦੇ ਵੀ ਪਾਰ ਨਹੀਂ ਹੋਣ ਦਿੱਤਾ ਸੀ। ਕਹਿੰਦੀ ਹੁੰਦੀ ਸੀ ਏਸ ਕੰਮ ਵਿਚ ਕੁਝ ਨਹੀਂ ਪਿਆ ਦਰਸ਼ੀ। ਇਹ ਕਰੇਂਗਾ, ਮੈਨੂੰ ਛੱਡ ਕੇ ਕਿਸੇ ਹੋਰ ਕੁੜੀ ਨੂੰ ਅਪਣਾਏਂਗਾ ਤਾਂ ਮੈਨੂੰ ਭੁੱਲ ਜਾਏਂਗਾ। ਜੇ ਤੂੰ ਮੇਰੇ ਨਾਲ ਇਹ ਨਾ ਕਰੇ ਤੇ ਮੈਨੂੰ ਛੱਡ ਵੀ ਜਾਵੇਂ ਜਾਂ ਮੈਂ ਤੈਨੂੰ ਛੱਡ ਜਾਵਾਂ ਤਾਂ ਤੈਨੂੰ ਕੋਈ ਅਫ਼ਸੋਸ ਨਹੀਂ ਹੋਵੇਗਾ ਤੇ ਨਾ ਹੀ ਮੈਨੂੰ "ਹੁਣ ਸੋਚਦਾ ਹਾਂ, ਘੁੱਗੀ ਠੀਕ ਹੀ ਆਖਿਆ ਕਰਦੀ ਸੀ। ਰੰਜਨਾ ਨੂੰ ਪਿਆਰ ਨਾਲ ਮੈਂ ਘੁੱਗੀ ਕਹਿੰਦਾ ਸੀ। ਉਸ ਦੀਆਂ ਪਿਆਰੀਆਂ ਪਿਆਰੀਆਂ ਵੱਡੀਆਂ ਵੱਡੀਆਂ ਅੱਖਾਂ, ਹਿਪਸ ਤੱਕ ਡਿੱਗਦੇ ਲੰਮੇ ਵਾਲ, ਧੀਮੇ ਸਫਰ ਵਿਚ ਛੇਤੀ ਛੇਤੀ ਗੱਲ ਕਰ ਰਹੀ ਉਹ ਅਜੇ ਵੀ ਮੇਰੇ ਸਾਹਮਣੇ ਹੈ। ਪਤਾ ਨਹੀਂ? ਵਿਆਹੀ ਗਈ ਹੈ। ਜਾਂ ਨਹੀਂ? ਕੀ ਕੰਮ ਕਰਦੀ ਹੈ? ਮੈਨੂੰ ਕੋਈ ਪਤਾ ਨਹੀਂ। ਨਾ ਹੀ ਮੇਰੇ ਮਨ ਵਿਚ ਉਸ ਨੂੰ ਮਿਲਣ ਦੀ ਕੋਈ ਤਾਂਘ ਹੈ। ਪਰ ਕਮਾਲ ਹੈ, ਉਹ ਮੇਰੇ ਸਦਾ ਯਾਦ ਰਹਿੰਦੀ ਹੈ। ਹਿੱਕ 'ਤੇ ਚੜ੍ਹੀ ਰਹਿੰਦੀ ਹੈ।

ਕੋਈ ਸਰੀਰਕ ਖਿੱਚ ਹੀ ਮੈਨੂੰ ਵਿੰਦੂ ਵੱਲ ਧੱਕੀ ਲਈ ਜਾ ਰਹੀ ਹੈ।

ਪਟਿਆਲਾ ਆ ਗਿਆ ਹੈ। ਦਸ ਵੱਜਣ ਵਿਚ ਦਸ ਮਿੰਟ ਬਾਕੀ ਹਨ। ਮੈਂ ਫ਼ੈਸਲਾ ਕੀਤਾ ਹੈ। ਸਿੱਧਾ ਸਕੂਲ ਵਿਚ ਹੀ ਵਿੰਦੂ ਕੋਲ ਜਾਵਾਂ।

ਸਟੇਸ਼ਨ ਦੀ ਭੀੜ ਪਾਰ ਕਰਕੇ ਮੈਂ ਇੱਕ ਰਿਕਸਾ ਲਿਆ ਹੈ। ਮਾਡਲ ਟਾਊਨ ਪਹੁੰਚ ਗਿਆ ਹਾਂ। ਵਿੰਦੂ ਸਕੂਲ ਵਿਚ ਹੀ ਹੈ। ਕੰਟੀਨ ਤੋਂ ਉਸ ਨੇ ਮੇਰੇ ਵਾਸਤੇ ਚਾਹ ਮੰਗਵਾਈ ਹੈ। ਸਟਾਫ਼ ਰੂਮ ਵਿਚ ਮੈਂ ਚਾਹ ਪੀਤੀ ਹੈ, ਵਿੰਦੂ ਨੇ ਵੀ, ਉਸ ਦੀਆਂ ਦੋ ਸਾਥੀ ਅਧਿਆਪਕਾਵਾਂ ਨੇ ਵੀ। ਮੈਂ ਬੈਠਾ ਹਾਂ। ਕਹਿਣਾ ਚਾਹੁੰਦਾ ਹਾਂ, ਕਿ ਵਿੰਦੂ ਹੁਣੇ 'ਸੀ-ਲੀਵ' ਲੈ ਲਵੇ। ਪਰ ਉਸ ਦੀਆਂ ਸਾਥੀ ਅਧਿਆਪਕਾਵਾਂ ਉਸ ਕੋਲੋਂ ਹਿੱਲ ਹੀ ਨਹੀਂ ਰਹੀਆਂ। ਉਨ੍ਹਾਂ ਨੇ ਮੇਰੇ ਬਾਰੇ ਵੀ ਉਸ ਤੋਂ ਕੁਝ ਨਹੀਂ ਪੁੱਛਿਆ। ਬਾਅਦ ਵਿਚ ਪੁੱਛਣਗੀਆਂ। ਸ਼ਾਇਦ ਨਾ ਹੀ ਪੁੱਛਣ। ਅੱਧਾ ਘੰਟਾ ਬੀਤ ਗਿਆ ਹੈ। ਪਿੰਸੀਪਲ ਦੀ ਚਪੜਾਸਨ ਦੋ ਵਾਰ ਮੈਨੂੰ ਪ੍ਰਸ਼ਨ-ਵਾਚਕ ਨਜ਼ਰਾਂ ਨਾਲ ਦੇਖ ਗਈ ਹੈ। ਸਟਾਫ਼ ਰੂਮ ਵਿਚ ਅੱਜ ਦੇ ਅੰਗਰੇਜ਼ੀ ਅਖ਼ਬਾਰ ਦੇ ਉਤਲੇ ਦੋ ਵਰਕੇ ਚਾਰ ਤਹਿਆਂ ਮਾਰ ਕੇ ਫੂਕਣੀ ਵਾਂਗ ਗੋਲ ਕੀਤੇ ਇੱਕ ਪਾਸੇ ਸੱਟੇ ਪਏ ਮੈਂ ਚੱਕਦਾ ਹਾਂ ਤੇ ਖੋਲ ਕੇ ਪੜਨ ਲੰਗਦਾ ਹਾਂ। ਦੋਵੇਂ ਅਧਿਆਪਕਾਵਾਂ ਦੇ ਕਮਰੇ 'ਚੋਂ ਚਲੇ ਜਾਣ ਦੇ ਇੰਤਜ਼ਾਰ ਵਿਚ ਹਾਂ। ਵਿੰਦੂ ਚੁੱਪ ਬੈਠੀ ਹੈ। ਪਤਾ ਨਹੀਂ ਕੀ ਸੋਚ ਰਹੀ ਹੈ। 'ਤੁਸੀਂ ਚਲੋ। ਮਾਮੀ ਜੀ ਘਰ ਹੀ ਨੇ।' ਵਿੰਦੂ ਨੇ ਇਸ ਅੰਦਾਜ਼ ਵਿਚ ਕਿਹਾ ਹੈ, ਜਿਵੇਂ ਮੈਂ ਕੁੜੀਆਂ ਦੇ ਸਕੂਲ ਵਿਚ ਬੈਠਾ ਬਹੁਤ ਬੁਰਾ ਲੱਗ ਰਿਹਾ ਹੋਵਾਂ।

ਮੈਂ ਘਰ ਆਜਾਂਦਾ ਹਾਂ।ਮਾਮੀ ਜੀ ਨੂੰ ਸਤਿ ਸ੍ਰੀ ਅਕਾਲ ਕਹੀ ਹੈ ਤੇ ਕਮਰੇ ਵਿਚ ਪਲੰਘ ਤੇ ਲੇਟ ਗਿਆ ਹਾਂ। ਮੈਨੂੰ ਪੂਰੀ ਆਸ ਹੈ ਕਿ ਦੂ ਛੁੱਟੀ ਲੈ ਕੇ ਘਰ ਆਵੇਗੀ। ਮਾਮੀ ਨੇ ਚਾਹ ਨੂੰ ਪੁਛਿਆ ਹੈ। ਮੈਂ ਨਹੀਂ ਕਹਿ ਦਿੱਤਾ ਹੈ ਤੇ ਕਿਹਾ ਹੈ ਕਿ ਰੋਟੀ ਖਾਵਾਂਗਾ। ਸਵੇਰ ਦੀ ਬਣੀ ਸਬਜ਼ੀ ਬਚੀ ਪਈ ਹੈ। ਚਾਰ ਫੁਲਕੇ ਮਾਮੀ ਨੇ ਪਕਾਏ ਹਨ ਤੇ ਮੈਂ ਰੋਟੀ ਖਾ ਲਈ ਹੈ। ਬਾਰਾਂ ਵੱਜ ਚੁੱਕੇ ਹਨ। ਵਿਦੁ ਨਹੀਂ ਆਈ ਤੇ ਫਿਰ ਇੱਕ ਵੱਜ ਗਿਆ ਹੈ। ਉਹ ਨਹੀਂ ਆਈ। ਪਲੰਘ ਤੇ ਪਿਆ ਮੈਂ ਉਬਾਸੀਆਂ ਲੈ ਰਿਹਾ ਹਾਂ। 'ਤੇ ਫਿਰ ਮੈਨੂੰ ਨੀਂਦ ਆ ਜਾਂਦੀ ਹੈ। ਦੋ ਵਜੇ ਅਣੀ ਪਟਕੇ ਅੱਖ ਖੁੱਲ੍ਹਦੀ ਹੈ। ਮੇਰਾ ਚਿੰਤ ਖੁਸ ਰਿਹਾ ਹੈ। ਮਨ ਵਿਚ ਕਾਹਲ ਹੈ। ਅੰਗਾਂ ਵਿਚ ਬੇਚੈਨੀ ਭਰੀ ਹੋਈ। ਵਿੰਦੂ 'ਤੇ ਗੁੱਸਾ ਆਉਂਦਾਹੈ। ਪਲੰਘ ਤੋਂ ਉੱਠ ਕੇ ਕਮਰੇ 'ਚ ਬਾਹਰ ਆਉਂਦਾ ਹਾਂ। ਮਾਮੀ ਪਿਛੋਂ ਆਈਆਂ ਗੁਆਰੇਦੀਆਂ ਫ਼ਲੀਆਂ ਦਾਤ ਨਾਲ ਚੀਰ ਕੇ ਬਰੀ ਤੇ ਸੁੱਕਣੀਆਂ ਪਾ ਰਹੀ ਹੈ। ਪੰਛਿਆ ਹੈ-ਚਾਹ ਬਣਾਵਾਂ ਭਾਈ? ਮੈਂ ਨਹੀਂ ਕਹਿ ਦਿੱਤਾ ਹੈ। ਮੈਂ ਜ਼ਰਾ ਮਾਰਕੀਟ ਜਾ ਆਵਾਂ, ਮਾਮੀ ਜੀ।' ਕਹਿ ਕੇ ਮੈਂ ਘਰੋਂ ਬਾਹਰ ਆ ਗਿਆ ਹਾਂ। ਮਾਰਕੀਟ ਵਿਚ ਏਧਰ ਓਧਰ ਬੇਫ਼ਾਇਦਾ ਜਿਹਾ ਫਿਰ ਤੁਰ ਰਿਹਾ ਹਾਂ। ਇਕ ਹੋਟਲ 'ਤੇ ਇੱਕ ਚਾਹ ਪੀਲਈਹੈ। ਤਿੰਨ ਵੱਜਣ ਵਾਲੇ ਹੋ ਗਏ ਹਨ। ਵਿੰਦੂ ਘਰ ਆ ਜਾਂਦੀ ਤਾਂ ਚੰਗਾ ਹੀ ਸੀ। ਚਾਰ ਵਜੇ ਤੋਂ ਬਾਅਦ ਤਾਂ ਕਿਰਪਾਲ ਵੀ ਆਉਣ ਵਾਲਾ ਹੋਵੇਗਾ। ਮੇਰੇ ਅੰਦਰਲਾ ਪਾਗਲ ਕਹਿੰਦਾ ਹੈ-ਸਕੂਲ ਜਾਵਾਂ ਤੇ ਗੇਟ ਦੀ ਦੀਵਾਰ ਨਾਲ ਟੱਕਰ ਮਾਰ ਕੇ ਮਰ ਜਾਵਾਂ। ਵਿੰਦੂ ਨੂੰ ਕੁਝ ਤਾਂ ਅਹਿਸਾਸ ਹੋਵੇ।

ਮੈਂ ਘਰ ਜਾਂਦਾ ਹਾਂ। ਮਾਮੀ ਚਾਹ ਬਣਾਉਂਦੀ ਹੈ। ਮੈਂ ਪੀਂਦਾ ਹਾਂ, ਉਹ ਵੀ। ਐਨੇ ਨੂੰ ਚਾਰ ਵੱਜ ਜਾਂਦੇ ਹਨ। ਵਿੰਦੂ ਆ ਜਾਂਦੀ ਹੈ। ਮਾਮੀ ਪੁੱਛਦੀ ਹੈ-'ਚਾਹ?' ਉਹ ਜਵਾਬ ਦੇ ਦਿੰਦੀ ਹੈ। ਦੱਸਦੀ ਹੈ ਕਿ ਚਾਹ ਤਾਂ ਉਸ ਨੇ ਆਪਣੀ ਇੱਕ ਕੁਲੀਗ ਦੇ ਘਰ ਜਾ ਕੇ ਪੀਣੀ ਹੈ। ਉਸ ਦਾ ਮੁੰਡਾ ਐੱਮ.ਬੀ.ਬੀ.ਐੱਸ. ਵਿਚ ਐਡਮਿਟ ਹੋਇਆ ਹੈ। ਇਸ ਖੁਸ਼ੀ ਵਿਚ ਉਹ ਆਪਣੇ ਘਰ ਸਾਰੇ ਸਟਾਫ਼ ਨੂੰ ਚਾਹ ਪਿਆ ਰਹੀ ਹੈ।

'ਰਹੋਗੇ?' ਵਿੰਦੂ ਨੇ ਮੈਥੋਂ ਪੁੱਛਿਆ ਹੈ। ਮੈਂ ਜਲਿਆ ਫੂਕਿਆ ਜਵਾਬ ਦਿੱਤਾ ਹੈ-'ਹਾਂ, ਸਲਾਹ ਤਾਂ ਹੈ।'

ਮੇਰਾ ਗੁੱਸਾ ਪਤਾ ਨਹੀਂ ਕਿਉਂ ਤੇ ਕਿਵੇਂ ਕਾਫੂਰ ਹੋ ਗਿਆ ਹੈ। ਹੁਣ ਮੇਰੇ ਅੰਦਰ ਹੀਣਤਾ ਭਰਨ ਲੱਗੀ ਹੈ। ਵਿੰਦੂ ਦਾ ਮੇਰੇ ਵੱਲ ਕੋਈ ਧਿਆਨ ਨਹੀਂ। ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਨਾਲ ਗੱਲਾਂ ਕਰੇ। ਬੈਠੇ, ਅਜਿਹੀਆਂ ਗੱਲਾਂ, ਜਿੰਨ੍ਹਾਂ ਨਾਲ ਕੋਈ ਰਾਹਤ ਮਿਲੇ। ਮਨ ਵਿਚ ਤਸਕੀਨ ਆਵੇ। ਪਰ ਵਿਦੁ ਹੈ ਕਿ ਮੈਨੂੰ ਛੱਡ ਕੇ ਕੁਲੀਗ ਦੀ ਚਾਹ ਤੇ ਚਲੀ ਗਈ ਹੈ। ਬਹਾਨਾ ਲਾਇਆ ਜਾ ਸਕਦਾ ਸੀ। ਮੈਂ ਕੋਈ ਨਿੱਤ ਨਿੱਤ ਤਾਂ ਨਹੀਂ ਆਉਣਾ? ਚਾਹੁੰਦਾ ਹਾਂ ਕਿ ਏਸੇ ਵੇਲੇ ਇਸ ਘਰੋਂ ਬਾਹਰ ਨਿਕਲ ਜਾਵਾਂ। ਕਿਸੇ ਹੋਰ ਘਰ ਰਾਤ ਕੱਟਾਂ। ਹੋਰ ਨਹੀਂ ਤਾਂ ਸਟੇਸ਼ਨ 'ਤੇ ਹੀ ਸੌਂ ਰਵਾਂ। ਸਵੇਰੇ ਗੱਡੀ ਆਵੇ, ਚੜ੍ਹਕੇ ਛੇਤੀ ਬਰਨਾਲੋਂ ਪਹੁੰਚਾਂ। ਕੀ ਲੈਣਾ ਹੈ, ਇਸ ਕੁੱਤੇ-ਝਾਕ ਚੋਂ? ਮੈਂ ਤਾਂ ਬਹੁਤ ਗਿਰ ਗਿਆ ਹਾਂ। ਜਦ ਇਹ ਮੈਨੂੰ ਹੁਣ 'ਸਿਆਣਦੀ' ਹੀ ਨਹੀਂ, ਕਿਉਂ ਚੜ੍ਹਦਾ ਹਾਂ ਮੈਂ ਇਸ ਦੇ ਮੋਢੀਂ? ਬੇਵਕੂਫ਼ੀ ਦੀ ਵੀ ਕੋਈ ਹੱਦ ਹੁੰਦੀ ਹੈ। ਪਰ ਨਹੀਂ, ਮੈਂ ਇੱਥੇ ਹੀ ਰਹਿਣਾ ਚਾਹੁੰਦਾ ਹਾਂ। ਬਹੁਤ ਢੀਠ ਹਾਂ। ਪਤਾ ਨਹੀਂ ਕਿਉਂ? ਵਿੰਦੂ ਦੇ ਮਿੱਠੇ ਲੁੱਚੇ ਵਤੀਰੇ ਨੂੰ ਸੌ ਫ਼ੀਸਦੀ ਸਮਝੀ ਬੈਠਾ ਹਾਂ। ਨਹੀਂ, ਮੈਂ ਕੁਝ ਵੀ ਨਹੀਂ ਸਮਝਿਆ। ਸਮਝਿਆ ਹੁੰਦਾ ਤਾਂ ਐਨੀ ਵਾਰ ਪਟਿਆਲੇ ਦੀ ਭਕਾਈ ਮਾਰ ਕੇ ਨਾ ਜਾਂਦਾ।

ਪਰਸ ਵਿਚੋਂ ਤਸਵੀਰ ਕੱਢ ਕੇ ਮੈਂ ਗਹੁ ਨਾਲ ਦੇਖ ਰਿਹਾ ਹਾਂ। ਪੱਕਾ ਫ਼ੈਸਲਾ ਕਰ ਲਿਆ ਹੈ ਕਿ ਜੇ ਵਿੰਦੂ ਠੀਕ ਰਸਤੇ 'ਤੇ ਨਾ ਆਈ ਤਾਂ ਕੱਲ੍ਹ ਨੂੰ ਇਹ ਤਸਵੀਰ ਕਿਸੇ ਅਖ਼ਬਾਰ ਨੂੰ ਭੇਜ ਦਿਆਂਗਾ।

ਕਿਰਪਾਲ ਆ ਗਿਆ ਹੈ। ਮਾਮੀ ਨੇ ਚਾਹ ਬਣਾਈ ਹੈ।

ਛੇ ਸੱਤ ਵਜੇ ਵਿੰਦੂ ਆਈ ਹੈ। ਮੈਂ ਤੇ ਕਿਰਪਾਲ ਰੋਟੀ ਖਾ ਚੁੱਕੇ ਹਾਂ। ਵਿੰਦੂ ਨੇ ਰੋਟੀ ਖਾਧੀ ਹੈ। ਮੈਂ ਤੇ ਕਿਰਪਾਲ ਗੱਲਾਂ ਕਰ ਰਹੇ ਹਾਂ। ਵਿੰਦੂ ਰਸੋਈ ਵਿਚ ਹੈ। ਪਤਾ ਨਹੀਂ ਕੀ ਕਰ ਰਹੀ ਹੈ। ਕੁਝ ਦੇਰ ਬਾਅਦ ਉਹ ਆਈ ਹੈ। ਪਲੇਟਾਂ ਵਿਚ ਕੜਾਹ ਹੈ। ਪਲੇਟਾਂ ਵਿਚ ਚਮਚੇ ਰੱਖਦਿਆਂ ਉਸ ਨੇ ਮੈਥੋਂ ਪੁੱਛਿਆ-'ਕੜਾਹ ਬੁੱਝੋ ਕਾਹਦਾ ਐ?'

'ਕੜਾਹ ਕੜਾਹ ਹੁੰਦੈ। ਹੋਰ ਕੀ?' ਮੈਂ ਕਿਹਾ ਹੈ। 'ਨਹੀਂ, ਖਾ ਕੇ ਦੱਸੋ।" ਉਸ ਨੇ ਕਿਹਾ ਹੈ। ਕਿਰਪਾਲ ਨੇ ਕੜਾਹ ਖਾਣਾ ਸ਼ੁਰੂ ਕਰ ਦਿੱਤਾ ਹੈ।ਉਹ ਮੁਸਕਰਾ ਰਿਹਾ ਹੈ। ਮੈਂ ਇੱਕ ਚਮਚਾ ਮੂੰਹ ਵਿਚ ਪਾਇਆ ਹੈ। ਮੈਨੂੰ ਕੋਈ ਪਤਾ ਨਹੀਂ ਲੱਗ ਰਿਹਾ। ਕੁਝ ਚਿਰ ਵਿੰਦੁ ਤੇ ਕਿਰਪਾਲ ਦੋਵੇਂ ਹੀ ਮੈਨੂੰ ਕੜਾਹ ਖਾਂਦੇ ਨੂੰ ਦੇਖ ਕੇ ਹੱਸੀ ਜਾਂਦੇ ਹਨ। ਫਿਰ ਵਿੰਦੂ ਨੇ ਦੱਸਿਆ ਹੈ-ਆਲੂਆਂ ਦਾ ਕੜਾਹ ਐ।'

ਤੇ ਫਿਰ ਵਿੰਦੂ ਨੇ ਦੁੱਧ ਤੱਤਾ ਕਰਕੇ ਅੱਧਾ ਅੱਧਾ ਗਲਾਸ ਸਾਨੂੰ ਦਿੱਤਾ ਹੈ। ਇੱਕ ਗਲਾਸ ਵਿਚ ਥੋੜ੍ਹਾ ਜਿਹਾ ਦੁੱਧ ਆਪ ਲੈ ਕੇ ਉਹ ਸਾਡੇ ਕਮਰੇ ਵਿਚ ਹੀ ਆਰਾਮ ਕੁਰਸੀ 'ਤੇ ਬੈਠ ਗਈ ਹੈ।

'ਤੁਹਾਡੀ ਕਨਫਰਮੇਸ਼ਨ ਹੋ ਗਈ?' ਕੋਈ ਹੋਰ ਗੱਲ ਛਿੜਦੀ ਨਾ ਦੇਖ ਕੇ ਵਿੰਦੂ ਨੇ ਮੈਥੋਂ ਪੁੱਛਿਆ ਹੈ।

'ਤੀਜੀ ਵਾਰ ਹੁਣ ਕੇਸ ਬਣਾ ਕੇ ਭੇਜਿਐ। ਦੇਖੋ।' ਮੈਂ ਦੱਸਿਆ ਹੈ।

'ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਕੇਸ 'ਚ?' ਵਿੰਦੂ ਨੇ ਮੈਥੋਂ ਪੁੱਛਿਆ ਹੈ। ਮੈਂ ਸੋਚਿਆ ਹੈ। ਇਹ ਗੱਲ ਉਸ ਨੇ ਕਿਰਪਾਲ ਕੋਲੋਂ ਕਦੇ ਕਿਉਂ ਨਹੀਂ ਪੁੱਛੀ? ਮੈਂ ਮਹਿਸੂਸ ਕਰ ਰਿਹਾ ਹਾਂ, ਇਹ ਗੱਲ ਸਿਰਫ਼ ਗੱਲ ਕਰਨ ਲਈ ਹੀ ਉਸ ਨੇ ਕੀਤੀ ਹੈ, ਗੱਲ ਜਾਰੀ ਰੱਖਣ ਲਈ ਹੀ। ਮੈਂ ਕਨਫਰਮੇਸ਼ਨ ਬਾਰੇ ਮੋਟੀਆਂ ਮੋਟੀਆਂ ਗੱਲਾਂ ਵਿੰਦੂ ਨੂੰ ਦੱਸਦਾ ਹਾਂ। ਕਿਰਪਾਲ ਸੁਣਦਾ ਰਹਿੰਦਾ ਹੈ।ਉਸ ਦੀ ਚੁੱਪ ਤੋਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਉਹ ਸਭ ਕੁਝ ਜਾਣਦਾ ਹੈ। ਉਹ ਵੀ ਅਧਿਆਪਕ ਹੈ ਤੇ ਮੈਥੋਂ ਕਿੰਨਾ ਹੀ ਸੀਨੀਅਰ। ਫਿਰ ਅਸੀਂ ਤਿੰਨੇ ਹੀ ਮਹਿਕਮੇ ਨੂੰ ਨਿੰਦਣ ਲੱਗਦੇ ਹਾਂ। ਗੱਲਾਂ ਗੱਲਾਂ ਵਿਚ ਹੀ ਵਿੰਦੂ ਨੇ ਦੱਸਿਆ ਹੈ ਕਿ ਕਿਰਪਾਲ ਤਾਂ ਸ਼ਾਇਦ ਹੁਣ ਹੈੱਡਮਾਸਟਰ ਬਣ ਹੀ ਜਾਏ। ਕਮਿਸ਼ਨ ਨੇ ਪੰਜਾਹ ਪੋਸਟਾਂ ਕੱਢੀਆਂ ਸਨ, ਉਨ੍ਹਾਂ ਵਿਚ ਦਸ ਤਾਂ 'ਇਨ੍ਹਾਂ' ਵਾਸਤੇ ਰਿਜ਼ਰਵ ਹੀ ਹਨ। ਦਸ ਬੰਦੇ ਤਾਂ ਇਹ ਮਸ਼ਾਂ ਹੀ ਹੋਣਗੇ। ਵਿੰਦੂ ਬੇਹੱਦ ਖੁਸ਼ ਹੈ ਕਿਰਪਾਲ ਹੈੱਡਮਾਸਟਰ ਬਣ ਜਾਏਗਾ। ਕਿਰਪਾਲ ਕੋਈ ਖੁਸ਼ੀ ਜ਼ਾਹਰ ਨਹੀਂ ਕਰ ਰਿਹਾ। ਸਗੋਂ ਗਿਲਾ ਕਰਦਾ ਹੈ-ਕੰਪਨਸੇਸ਼ਨ ਦਾ ਸੁਆਦ ਤਾਂ ਤਦ ਆਉਂਦਾ ਹੈ ਜੋ ਸਾਨੂੰ ਸਿੱਧਾ ਈ 'ਹੈੱਡ' ਲੈਂਦੇ। ਵਾਅਦਾ ਤਾਂ ਏਹੀ ਸੀ। ਜੰਗ ਲੱਗੀ ਹੁੰਦੀ ਐ ਓਦੋਂ ਤਾਂ.... ਮੈਨੂੰ ਨਾ ਤਾਂ ਵਿੰਦੂ ਦੀ ਕਨਫਰਮੇਸ਼ਨ ਵਿਚ ਦਿਲਚਸਪੀ ਹੈ ਤੇ ਨਾ ਹੀ ਕਿਰਪਾਲ ਦੀ ਹੈੱਡਮਾਸਟਰੀ ਵਿਚ। ਬੁਝੇ ਹੋਏ ਮਨ ਨਾਲ ਮੈਂ ਉਨ੍ਹਾਂ ਦੀਆਂ ਗੱਲਾਂ ਦਾ ਹੁੰਗਾਰਾ ਭਰ ਰਿਹਾ ਹਾਂ।

ਬਰਤਨ ਸਾਫ਼ ਕਰਨ ਤੋਂ ਬਾਅਦ ਮਾਮੀ ਸਾਡੇ ਕਮਰੇ ਵਿਚ ਆਈ ਹੈ। ਮੈਂ ਉਸ ਤੋਂ ਪੁੱਛਿਆ ਹੈ-'ਮਾਮਾ ਜੀ, ਕਿੱਥੇ ਨੇ ਅੱਜ?'

'ਚੰਡੀਗੜ੍ਹ। ਸੁਬ੍ਹਾ ਗਏ ਸੀ। ਕੋਈ ਖ਼ਾਸ ਅੜਿੱਕਾ ਈ ਹੋ ਗਿਆ ਲਗਦੈ। ਸਵੇਰੇ ਬੇਸ਼ੱਕ ਔਣ। ਵਿੰਦੂ ਨੇ ਜਵਾਬ ਦਿੱਤਾ ਹੈ। ਮੈਂ ਤੇ ਕਿਰਪਾਲ ਪਲੰਘ 'ਤੇ ਬੈਠੇ ਹਾਂ। ਵਿੰਦੂ ਨੇ ਬਾਹਰੋਂ ਇੱਕ ਮੰਜਾ ਲਿਆਂਦਾ ਹੈ ਤੇ ਕਿਰਪਾਲ ਦੇ ਪਲੰਘ ਕੋਲ ਡਾਹ ਦਿੱਤਾ ਹੈ। ਮਾਮੀ ਨੇ ਦਰੀ, ਚਾਦਰ, ਸਿਰਹਾਣਾ ਤੇ ਇੱਕ ਖੇਸ ਪੇਟੀ ਵਿਚੋਂ ਕੱਢ ਕੇ ਮੰਜੇ 'ਤੇ ਰੱਖ ਦਿੱਤੇ ਹਨ। ਵਿੰਦੂ ਨੇ ਮੇਰਾ ਬਿਸਤਰਾ ਵਿਛਾ ਦਿੱਤਾ ਹੈ। ਬਿਸਤਰਾ ਵਿਛਾ ਰਹੀ ਉਹ ਮੈਨੂੰ ਆਪਣੀ ਆਪਣੀ ਲੱਗੀ ਹੈ। 'ਸਰਦੀ ਮਹਿਸੂਸ ਤਾਂ ਨਹੀਂ ਕਰੋਂਗੇ? ਕੰਬਲ ਰੱਖਾਂ?' ਵਿੰਦੂ ਨੇ ਮੈਨੂੰ ਪੁੱਛਿਆ ਹੈ। 'ਹਾਂ, ਰੱਖ ਦਿਓ ਕੰਬਲ। ਅੱਧੀ ਰਾਤ ਤੋਂ ਬਾਅਦ ਸਰਦੀ ਹੋ ਜਾਂਦੀ ਐ।' ਮੈਂ ਕਿਹਾ ਹੈ।

'ਆਪਾਂ ਤਾਂ ਬਈ ਅਜੇ ਖੇਸ ਨਾਲ ਈ ਸਾਰਦੇ ਆਂ।' ਕਿਰਪਾਲ ਨੇ ਕਿਹਾ ਹੈ ਤੇ ਉਬਾਸੀ ਲਈ ਹੈ। ਵਿੰਦੂ ਤੇ ਮਾਮੀ ਆਪਣੇ ਕਮਰੇ ਵੱਲ ਚਲੀਆਂ ਗਈਆਂ ਹਨ। ਮੈਂ ਕਿਰਪਾਲ ਨੂੰ ਦੱਸਿਆ ਕਿ ਮੈਂ ਸਵੇਰੇ ਸਾਢੇ ਤਿੰਨ ਵਾਲੀ ਗੱਡੀ ਚੜ੍ਹ ਜਾਵਾਂਗਾ। 'ਅੱਛਿਆ' ਕਹਿ ਕੇ ਉਹ ਚੁੱਪ ਹੋ ਗਿਆ ਤੇ ਥੋੜ੍ਹੀ ਦੇਰ ਬਾਅਦ ਘੁਰਾੜੇ ਮਾਰਨ ਲੱਗਿਆ ਹੈ। ਮੈਂ ਜਾਗ ਰਿਹਾ ਹਾਂ। ਉੱਠ ਕੇ ਲਾਈਟ ਆਫ਼ ਕਰਦਾ ਹਾਂ। ਸੌਂ ਜਾਣ ਦੀ ਕੋਸ਼ਿਸ਼ ਵਿਚ ਹਾਂ। ਨੀਂਦ ਨਹੀਂ ਆ ਰਹੀ। ਬਹੁਤ ਕੁਝ ਸੋਚ ਰਿਹਾ ਹਾਂ। ਖਿਆਲ ਕਿਤੇ ਦੀ ਕਿਤੇ ਉੱਪੜ ਜਾਂਦੇ ਹਨ। ਆਪਣੇ ਆਪ ਵਿਚ ਆਉਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਖਿਆਲਾਂ ਦੀ ਰੇਂਜ ਬਹੁਤ ਲੰਮੀ ਰਹਿੰਦੀ ਹੈ। ਗਿਆਰਾਂ ਕੁ ਵਜੇ ਉੱਠ ਕੇ ਬਾਹਰ ਸਿਹਨ ਵਿਚ ਪਿਸ਼ਾਬ ਕਰਨ ਆਇਆ ਹਾਂ। ਵਿੰਦੂ ਵਾਲੇ ਕਮਰੇ ਵਿਚ ਹਨੇਰਾ ਹੈ। ਇਹ ਹਨੇਰਾ ਮੈਨੂੰ ਡਰਾ ਰਿਹਾ ਹੈ। ਸਿਹਨ ਵਿਚ ਦੁਆਦਸ਼ੀ ਦੀ ਚਾਂਦਨੀ ਚੁੱਪ ਚਾਪ ਬੈਠੀ ਹੈ। ਮੇਰੀਆਂ ਅੱਖਾਂ ਨੂੰ ਇਹ ਚਾਨਣ ਸੁਖਾਂਦਾ ਨਹੀਂ। ਵਾਪਸ ਬਿਸਤਰੇ ਵਿਚ ਆ ਕੇ ਲੇਟਿਆ ਹਾਂ ਤਾਂ ਨੀਂਦ ਦਾ ਕੁਝ ਅਭਿਆਸ ਸ਼ੁਰੂ ਹੋਇਆ ਹੈ। ਸੌਂ ਗਿਆ ਹਾਂ। ਦੋ ਵਜੇ ਹੀ ਅੱਖ ਖੁੱਲ੍ਹ ਗਈ ਹੈ। ਘੜੀ ਦਾ ਰੇਡੀਅਮ ਮੱਧਮ ਹੈ। ਲਾਈਟ ਆਨ ਕੀਤੀ ਹੈ। ਦੋ ਹੀ ਵੱਜੇ ਹਨ। ਅੰਧਾ ਘੰਟਾ ਉਸਲਵੱਟੇ ਲੈਂਦਿਆਂ ਗੁਜ਼ਰ ਰਿਹਾ ਹੈ।

ਚੁੱਪ ਕੀਤਾ ਹੀ ਘਰੋਂ ਬਾਹਰ ਹੋਇਆ ਹਾਂ। ਸਟੇਸ਼ਨ 'ਤੇ ਆ ਗਿਆ ਹਾਂ। ਟਿਕਟ ਲਿਆ ਹੈ। ਗੱਡੀ ਲੇਟ ਨਹੀਂ।

ਉਤਲੇ ਫੱਟੇ 'ਤੇ ਚੜ੍ਹ ਕੇ ਸੌਂ ਗਿਆ ਹਾਂ। ਧੂਰੀ ਆ ਕੇ ਜਾਗਿਆ ਹਾਂ। ਚਾਹ ਦਾ ਗਿਲਾਸ ਪੀਤਾ ਹੈ। ਵਿੰਦੂ ਬਾਰੇ ਸੋਚ ਰਿਹਾ ਹਾਂ। ਮੇਰੇ ਮਨ ਵਿਚ ਉਸ ਦੇ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ। ਕੋਈ ਗਿਲਾ ਨਹੀਂ। ਵਿੰਦੂ ਦਾ ਅਹਿਸਾਸ ਸਧਾਰਨ ਹੁੰਦਾ ਜਾ ਰਿਹਾ ਹੈ। ਚਾਹ ਦੇ ਪੈਸੇ ਦੇਣ ਲੱਗਿਆਂ ਪਰਸ ਵਿਚੋਂ ਮੈਂ ਤਸਵੀਰ ਵੀ ਕੱਢ ਲੈਂਦਾ ਹਾਂ ਤੇ ਉਸ ਦੇ ਚਾਰ ਟੁਕੜੇ ਕਰਕੇ ਪਲੇਟ ਫਾਰਮ ਤੋਂ ਥੱਲੇ ਰੇਲ ਦੇ ਪਹੀਏ ਕੋਲ ਸੁੱਟ ਦਿੰਦਾ ਹਾਂ।◆