ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਮੀਂਹ ਵਾਲੀ ਰਾਤ

ਵਿਕੀਸਰੋਤ ਤੋਂ

1

ਬਹੁਤੇ ਤਾਂ ਆਥਣ ਨੂੰ ਹੀ ਪਿੰਡ ਮੁੜ ਆਏ ਸਨ। ਦੂਜੇ ਦਿਨ ਤਾਂ ਸਾਰੇ ਹੀ ਆ ਗਏ ਸਨ। ਚੰਦੋ ਨਹੀਂ ਸੀ ਆਈ। ਉਸ ਦੀਆਂ ਗਵਾਂਢਣਾਂ ਸੋਚਦੀਆਂ ਸਨ, ਚੰਦੋ ਕਿਉਂ ਨਹੀਂ ਆਈ? ਤੇ ਫਿਰ ਕੋਈ ਕਹਿੰਦੀ ਸੀ-ਕੋਈ ਟੋਕਣ ਵਾਲਾ ਈ ਨਹੀਂ, ਜਿੱਥੇ ਮਰਜ਼ੀ ਬੈਠੀ ਰਹੇ। ਪਰ ਬਹੁਤਾ ਘੋਰ-ਮਸੋਰਾ ਤਾਂ ਗਵਾਂਢਣਾਂ ਇਸ ਕਰਕੇ ਕਰਦੀਆਂ ਸਨ, ਕਿਉਂਕਿ ਗੰਡੇ ਕਾ ਚਰਨ ਵੀ ਨਹੀਂ ਸੀ ਮੁੜਿਆ। ਦੋ ਦਿਨ, ਤਿੰਨ ਦਿਨ ਤੇ ਚੌਥਾ ਦਿਨ ਵੀ ਲੰਘ ਗਿਆ ਸੀ, ਪਰ ਚੰਦੋਂ ਅਜੇ ਪਿੰਡ ਨਹੀਂ ਸੀ ਆਈ ਤੇ ਨਾ ਚਰਨ।

ਉਹ ਦਮਦਮੇ ਦੀ ਵਿਸਾਖੀ ਦੇਖਣ ਹਰ ਸਾਲ ਜਾਇਆ ਕਰਦੀ ਸੀ। ਸੁਬੇਦਾਰ ਜਦੋਂ ਪੈਨਸ਼ਨ ਆਇਆ ਸੀ, ਉਸ ਨੇ ਕੋਈ ਵਿਸਾਖੀ ਖ਼ਾਲੀ ਨਹੀਂ ਸੀ ਜਾਣ ਦਿੱਤੀ। ਹਰ ਸਾਲ ਜਾਂਦਾ ਸੀ ਤੇ ਚੰਦੋ ਨੂੰ ਨਾਲ ਲੈ ਕੇ ਜਾਂਦਾ ਸੀ ਤੇ ਫਿਰ ਜਦ ਉਹ ਮਰ ਗਿਆ ਸੀ ਤਾਂ ਉਹ ਇਕੱਲੀ ਹੀ ਵਿਸਾਖੀ 'ਤੇ ਜਾਇਆ ਕਰਦੀ। ਉਹ ਕਹਿੰਦੀ ਹੁੰਦੀ, ਵਿਸਾਖੀ ਨਾਉਣ ਕਰਨ ਨਾਲ ਸੂਬੇਦਾਰ ਦੀ ਆਤਮਾ ਨੂੰ ਸੁੱਖ ਮਿਲਦੈ। ਮੈਂ ਤਾਂ ਜਾਂਦੀ ਈ ਏਸੇ ਵਾਸਤੇ ਆ। ਏਈ ਤਾਂ ਉਹ ਦੀ ਇੱਕ ਨਿਸ਼ਾਨੀ ਐ।

ਪੰਜਵੇਂ ਦਿਨ ਹਨੇਰੇ ਹੋਏ ਉਹ ਪਿੰਡ ਪਹੁੰਚੀ। ਉਹ ਦੇ ਚੁਬਾਰੇ ਦੀ ਬੱਤੀ ਜਗੀ ਤਾਂ ਸਾਰੇ ਅਗਵਾੜ ਨੂੰ ਪਤਾ ਲੱਗ ਗਿਆ ਕਿ ਸੂਬੇਦਾਰਨੀ ਆ ਗਈ ਹੈ।

ਖਾ ਪੀ ਕੇ ਲੋਕ ਸੌਂ ਚੁੱਕੇ ਸਨ। ਚੰਦੋ ਦੇ ਦਰਵਾਜ਼ੇ ਦਾ ਬਾਹਰਲਾ ਕੁੰਡਾ ਖੜਕਿਆ, ਹੌਲੀ-ਹੌਲੀ। ਉਸ ਨੂੰ ਜਿਵੇਂ ਸੁਣਿਆ ਨਾ ਹੋਵੇ। ਉਹ ਦਰਵਾਜ਼ੇ 'ਤੇ ਹੀ ਬਨੇਰੇ ਦੇ ਕੋਲ ਪਈ ਸੀ। ਸ਼ਾਇਦ ਸੌਂ ਗਈ ਸੀ। ਜਾਗਦੀ ਵੀ ਹੋ ਸਕਦੀ ਸੀ। ਦੂਜੀ ਵਾਰ ਕੁੰਡਾ ਜ਼ੋਰ ਦੀ ਖੜਕਿਆ। ਉਹ ਮੰਜੇ ਉੱਤੋਂ ਨਹੀਂ ਉੱਠੀ। ਕੁੰਡਾ ਖੜਕਾਉਣ ਵਾਲੇ ਨੇ ਵੀਹੀ ਵਿਚੋਂ ਦੋ-ਤਿੰਨ ਪੱਕੇ ਰੋੜੇ ਚੌਕੇ ਤੇ ਇੱਕ-ਇੱਕ ਕਰਕੇ ਉਸ ਦੇ ਕੋਠੇ 'ਤੇ ਵਗਾਹ ਮਾਰੇ।

ਕੌਣ ਐਂ ਵੇ ਤੂੰ, ਮੇਰੇ ਪਿਓ ਦਾ ਸਾਲਾ, ਐਸ ਵੇਲੇ? ਉਸ ਨੇ ਮੰਜੇ ਉੱਤੋਂ ਉੱਠ ਕੇ ਤੇ ਬਨੇਰੇ ਉੱਤੋਂ ਦੀ ਗਾਲ੍ਹ ਕੱਢ ਕੇ ਵੀਹੀ ਵਿੱਚ ਕੜਕਵਾਂ ਬੋਲ ਸੁਟਿਆ।

ਮੈਂ ਆਂ, ਚਾਚੀ, ਹਰਨੇਕ। ਬਾਰ ਖੋਲ੍ਹੀ ਥੱਲੇ ਆ ਕੇ। ਕੰਮ ਐ।

ਕੰਮ ਐਂ ਤਾਂ ਤੜਕੇ ਕੀ ਦਿਨ ਨ੍ਹੀ ਚੜੂ? ਅੱਧੀ ਰਾਤ, ਕੀ ਕੰਮ ਐਂ ਤੈਨੂੰ?

ਚੰਗਾ, ਚਾਚੀ ਤੜਕੇ ਲਈ ਫੇਰ ਕਹਿ ਕੇ ਹਰਨੇਕ ਘਰ ਨੂੰ ਤੁਰ ਗਿਆ। ਗਵਾਂਢ ਵਿੱਚ ਕੋਠਿਆਂ 'ਤੇ ਪਏ ਲੋਕਾਂ ਵਿੱਚੋਂ ਜਿਹੜਾ ਕੋਈ ਜਾਗਦਾ ਸੀ, ਹੈਰਾਨ ਸੀ, ਕੀ ਹੋ ਗਿਆ ਚੰਦੋ ਨੂੰ? ਹਰਨੇਕ ਨੂੰ ਉਹ ਐਨਾ ਹਰਖ਼ ਕੇ ਕਿਉਂ ਪਈ? ਹਰਨੇਕ ਤਾਂ ਉਹ ਦੇ ਘਰ ਕਿੰਨੇ ਹੀ ਸਾਲਾਂ ਤੋਂ ਆਉਂਦਾ ਸੀ। ਉਹ ਤਾਂ ਸੂਬੇਦਾਰ ਦੇ ਜੀਂਦਿਆਂ ਵੀ ਆਇਆ ਕਰਦਾ ਸੀ। ਹਰਨੇਕ ਬਿਨਾਂ ਤਾਂ ਚੰਦੋ ਸਾਹ ਨਹੀਂ ਸੀ ਲੈਂਦੀ।

2

ਸੂਬੇਦਾਰ ਚੰਨਣ ਸਿੰਘ ਜਦ ਉਸ ਨੂੰ ਵਿਆਹ ਕੇ ਲਿਆਇਆ ਸੀ, ਉਦੋਂ ਤਾਂ ਉਹ ਅਜੇ 'ਉੱਠਦੀ' ਹੀ ਸੀ। ਉਸ ਦੀ ਉਮਰ ਤਾਂ ਮਸ੍ਹਾਂ ਚੌਦਾਂ-ਪੰਦਰਾਂ ਸਾਲ ਸੀ। ਸੁਬੇਦਾਰ ਤਾਂ ਉਸ ਤੋਂ ਦੁੱਗਣਾ ਵੱਡਾ ਸੀ। ਉਹ ਅਜੇ ਹੌਲਦਾਰ ਵੀ ਨਹੀਂ ਸੀ ਬਣਿਆ।

ਜਿੱਥੇ ਕਿਤੇ ਚੰਨਣ ਸਿੰਘ ਨੂੰ 'ਫੈਮਿਲੀ' ਰੱਖਣ ਦੀ ਇਜਾਜ਼ਤ ਹੁੰਦੀ ਉਹ ਚੰਦੋ ਨੂੰ ਲੈ ਜਾਂਦਾ, ਨਹੀਂ ਤਾਂ ਉਹ ਪਿੰਡ ਸੱਸ ਕੋਲ ਰਹਿੰਦੀ। ਸੱਸ ਸੀ ਬੱਸ ਇੱਕ ਨਾ ਸਹੁਰਾ, ਨਾ ਕੋਈ ਦਿਓਰ, ਜੇਠ। ਕਦੇ ਪੇਕੀਂ ਵੀ ਚਲੀ ਜਾਂਦੀ। ਕੋਈ ਹੁਸਨ ਸੀ ਉਸ ’ਤੇ। ਮਨ ਮੋਹਣੇ ਨਕਸ਼ਾਂ ਵਾਲਾ ਉਹ ਦਾ ਮੁੱਖੜਾ ਤਾਂਬੇ ਵਾਂਗ ਭਖਦਾ ਸੀ।

ਪੇਕੇ ਉਸ ਤੋਂ ਤਪੇ ਹੋਏ ਸਨ। ਜਦ ਕਦੇ ਉਹ ਪੇਕੀ ਜਾਂਦੀ ਤੂਫ਼ਾਨ ਖੜ੍ਹਾ ਹੋ ਜਾਂਦਾ। ਉਹ ਦਾ ਪਿਓ ਜਿੱਚ ਹੋ ਜਾਂਦਾ। ਆਪ ਹੀ ਉਹ ਉਸ ਨੂੰ ਦੀ ਸੱਸ ਕੋਲ ਛੱਡ ਜਾਂਦਾ।

ਸਹੁਰੀਂ ਹੁੰਦੀ ਤਾਂ ਸੱਸ ਤੋਂ ਤਪੀ ਰਹਿੰਦੀ।

ਚੰਦੋ ਜਦ ਆਈ ਹੁੰਦੀ ਤਾਂ ਅਗਵੜਾ ਦੇ ਛੈਲ ਗੱਭਰੂ ਉਨ੍ਹਾਂ ਦੇ ਘਰ ਆਨੀਂ ਬਹਾਨੀ ਗੇੜਾ ਮਾਰਦੇ। ਕੋਈ ਪੁੱਛਦਾ। ਤਾਈ, ਚੰਨਣ ਦੀ ਚਿੱਠੀ ਨੀਂ ਆਈ ਕੋਈ? ਕੋਈ ਪੁੱਛਦਾ, ਚਾਚੀ, ਚੰਨਣ ਹੁਣ ਕਿੱਥੇ ਹੁੰਦੈ? ਛੁੱਟੀ ਕਦੋਂ ਆਊਗਾ? ਤੇ ਕੋਈ ਕਹਿੰਦਾ, ਅੰਮਾ, ਲਿਆ ਟੋਕਾ ਕਰਦਿਆਂ ਚਰੀ ਦਾ ਥੋਡਾ-ਮਹਿੰ ਵਾਸਤੇ।

ਬੁੱਢੀ ਸਭ ਗੱਲਾਂ ਜਾਣਦੀ ਸੀ। ਉਸ ਦੀ ਨੂੰਹ ਜਦ ਨਹੀਂ ਹੁੰਦੀ ਤਾਂ ਕਿਉਂ ਨਹੀਂ ਪੁੱਛਣ ਆਉਂਦਾ ਕੋਈ ਚੰਨਣ ਦੀ ਸੁੱਖ-ਸਾਂਦ? ਫਿਰ ਕਿਉਂ ਨਹੀਂ ਕਰਵਾਉਂਦਾ ਕੋਈ ਉਸ ਦੀ ਮਹਿੰ ਵਾਸਤੇ ਟੋਕਾ? ਹੋਰ ਤਾਂ ਹੋਰ ਕਾਕਾ ਘੁਮਿਆਰ ਵੀ ਇੱਕ ਦਿਨ ਸੁਲਾਹ ਮਾਰ ਗਿਆ ਸੀ-ਮੰਜੇ ਦੀ ਚੁਗਾਠ ਜੇ ਕੋਈ ਖ਼ਾਲੀ ਪਈ ਐ ਤਾਂ ਦੱਸ ਦੇ ਤਾਈ, ਥੋਡੇ ਘਰ ਬਹਿ ਕੇ ਈ ਬੁਣ ਦੂੰ ਗਾ। ਬਾਣ ਦਾ ਕਹੇਂ, ਬਾਣ ਦਾ ਬੁਣ ਦੂੰ-ਸੂਤ ਦਾ ਕਹੇਂ, ਸੂਤ ਦਾ ਬੁਣ ਦੁੰ।

ਚੰਨਣ ਸਿੰਘ ਜਦ ਕਦੇ ਉਸ ਨੂੰ ਆਪਣੇ ਨਾਲ ਲੈ ਜਾਂਦਾ, ਸੱਸ ਸੁੱਖ ਦਾ ਸਾਹ ਲੈਂਦੀ। ਪਰ ਚੰਦੋ ਚੰਨਣ ਸਿੰਘ ਨਾਲ ਜਾ ਕੇ ਖ਼ੁਸ਼ ਨਹੀਂ ਸੀ। ਉੱਥੇ ਜਾ ਕੇ ਤਾਂ ਉਹ ਇਉਂ ਸਮਝਦੀ, ਜਿਵੇਂ ਕੈਦਣ ਹੋਵੇ। ਰੋਂਦੀ ਰਹਿੰਦੀ। ਭੋਰਾ ਜੀਅ ਨਾ ਲਾਉਂਦੀ। ਚੰਨਣ ਸਿੰਘ ਬਥੇਰਾ ਪਿਆਰ ਕਰਦਾ, ਚੰਗਾ ਖਵਾਉਂਦਾ-ਪਿਆਉਂਦਾ, ਚੰਗਾ ਪਹਿਨਾਉਂਦਾ। ਤਲੀਆਂ ਝੱਸਣ ਤਾਈਂ ਜਾਂਦਾ, ਪਰ ਨਾਂਹ। ਉਹ ਤਾਂ ਉੱਥੇ ਰਹਿ ਕੇ ਹੀ ਖ਼ੁਸ਼ ਨਹੀਂ ਸੀ।

3

ਸੂਬੇਦਾਰ ਜਦ ਪੈਨਸ਼ਨ ਆਇਆ, ਉਸ ਦੀ ਮਾਂ ਮਰ ਚੁੱਕੀ ਸੀ। ਆਉਣ ਸਾਰ ਪਹਿਲਾਂ ਉਸ ਨੇ ਕੱਚਾ ਘਰ ਢਾਹ ਕੇ ਪੱਕਾ ਪਾਇਆ। ਮੂਹਰੇ ਦਰਵਾਜ਼ਾ। ਦਰਵਾਜ਼ੇ ਦੇ ਵਿਚ ਹੀ ਇੱਕ ਬੈਠਕ। ਵਿਹੜੇ ਵਿਚ ਇੱਕ ਪਾਸੇ ਰਸੋਈ ਤੇ ਇੱਕ ਪਾਸੇ ਗੁਸਲਖ਼ਾਨਾ। ਪਿਛਲੇ ਪਾਸੇ ਦੋ ਸਬ੍ਹਾਤਾਂ। ਇੱਕ ਡੰਗਰ-ਪਸ਼ੂ ਤੇ ਨੀਰੇ ਦਾਣੇ ਵਾਸਤੇ, ਇੱਕ ਸਮਾਨ ਆਦਿ ਰੱਖਣ ਲਈ ਵਸੋਂ ਵਾਲੀ। ਇੱਕ ਸਬ੍ਹਾਤ 'ਤੇ ਸਬ੍ਹਾਤ ਜਿੱਡਾ ਹੀ ਚੁਬਾਰਾ।

ਜੱਦੀ ਜ਼ਮੀਨ ਉਸ ਕੋਲ ਦਸ ਕਿੱਲੇ ਸੀ। ਜਿੰਨਾ ਚਿਰ ਉਹ ਨੌਕਰੀ ਵਿੱਚ ਰਿਹਾ, ਜ਼ਮੀਨ ਨੂੰ 'ਠੇਕੇ' ਤੇ ਦਿੰਦਾ ਰਿਹਾ। ਕਦੇ-ਕਦੇ 'ਹਿੱਸੇ' 'ਤੇ ਵੀ ਦੇ ਦਿੰਦਾ ਸੀ। ਪੈਨਸ਼ਨ ਆ ਕੇ ਉਸ ਨੇ ਸੱਤ ਕਿੱਲੇ ਜ਼ਮੀਨ ਹੋਰ ਖਰੀਦ ਲਈ ਸੀ। ਆਪ ਵਾਹੀ ਕਰਵਾਈ। ਇੱਕ ਸੀਰੀ, ਇੱਕ ਕਾਮਾ। ਇੰਕ ਜੋੜੀ ਬਲਦ। ਆਪ ਉਹ ਉਤਲੇ ਕੰਮ 'ਤੇ ਰਹਿੰਦਾ ਸੀ। ਪਰ ਵਾਹੀ ਦਾ ਕੰਮ ਉਹ ਤਿੰਨ-ਚਾਰ ਸਾਲਾਂ ਤੋਂ ਵੱਧ ਨਾ ਚਲਾ ਸਕਿਆ। ਚੰਦੋ ਨੂੰ ਵੀ ਇਹ ਕੰਮ ਪਸੰਦ ਨਹੀਂ ਸੀ। ਐਨੇ-ਐਨੇ ਬੰਦਿਆਂ ਦੀਆਂ ਰੋਟੀਆਂਉਸ ਤੋਂ ਖੇਤ ਢੋਈਆਂ ਨਹੀਂ ਸੀ ਜਾਂਦੀਆਂ। ਹੋਰ ਕਿੰਨੇ ਹੀ ਕੰਮ ਉਸ ਨੂੰ ਸਾਹ ਲੈਣਾ ਔਖਾ ਹੋ ਗਿਆ ਸੀ। ਉਹ ਤਾਂ ਹਰ ਵੇਲੇ ਖੇਤੀ ਦੇ ਕੰਮ ਵਿੱਚ ਹੀ ਰੁੱਝੀ ਰਹਿੰਦੀ ਸੀ। ਅਖੀਰ ਸਬੇਦਾਰ ਨੇ ਸਾਰੀ ਜ਼ਮੀਨ ਹਿੱਸੇ 'ਤੇ ਦੇਣੀ ਅਰੰਭ ਕਰ ਦਿੱਤੀ। ਦਾਣਿਆ ਦੀਆਂ ਬੋਰੀਆਂ ਛੱਤ ਨਾਲ ਲੱਗੀਆਂ ਰਹਿੰਦੀਆਂ। ਵਾਧੂ ਤੂੜੀ ਵੇਚ ਦਿੱਤੀ ਜਾਂਦੀ। ਪੈਨਸ਼ਨ ਆਉਂਦੀ ਸੀ। ਰੁਪਈਏ ਪੈਸੇ ਦਾ ਤੋੜਾ ਨਹੀਂ ਸੀ।

ਇੱਕ ਘਾਟ ਸੀ। ਚੰਦੋ ਢਿੱਡੋਂ ਨਹੀਂ ਸੀ ਟੁੱਟੀ। ਹੁਣ ਤਾਂ ਉਮੀਦ ਵੀ ਕੋਈ ਨਹੀਂ ਸੀ। ਚੰਦੋ ਦਾ ਸਰੀਰ ਫੁੱਲ ਗਿਆ ਸੀ। ਪੰਜਣੀਆਂ ਭਾਰੀ ਹੋ ਗਈਆਂ ਸਨ। ਗਰਦਨ ਵਿੱਚ ਦੋ-ਤਿਨ ਚੂੜੀਆਂ ਪੈਂਦੀਆਂ ਨਜ਼ਰ ਆਉਂਦੀਆਂ ਸਨ।

ਸੂਬੇਦਾਰ ਦਿਨੋ-ਦਿਨ ਥਿਵਦਾ ਜਾਂਦਾ ਸੀ।

ਸ਼ਰਾਬ ਪਰ ਉਹ ਨਿੱਤ ਪੀਂਦਾ ਸੀ। ਚੌਥੇ ਪੰਜਵੇਂ ਦਿਨ ਮਾਸ ਵੀ ਰਿਝਦਾ। ਕਦੇ-ਕਦੇ ਤਾਂ ਚੰਦੋ ਵੀ ਘੱਟ ਪੀ ਲੈਂਦੀ। ਮਾਸ ਤਾਂ ਉਹ ਖਾ ਹੀ ਲੈਂਦੀ ਸੀ। ਸ਼ਰਾਬ ਪੀਣ ਤੇ ਮਾਸ ਖਾਣ ਦੀ ਆਦਤ ਉਸਨੂੰ ਚੰਨਣ ਸਿੰਘ ਨੇ ਆਪ ਹੀ ਪਾਈ ਸੀ। ਜਦ ਉਹ ਫ਼ੌਜ ਵਿੱਚ ਸੀ, ਉਸ ਨੇ ਦੇਖਿਆ ਸੀ ਕਿ ਵੱਡੇ-ਵੱਡੇ ਅਫ਼ਸਰਾਂ ਦੀਆਂ ਤੀਵੀਆਂ ਸ਼ਰਾਬ ਪੀ ਲੈਂਦੀਆਂ ਸਨ ਤੇ ਮਾਸ ਵੀ ਖਾਂਦੀਆਂ ਹਨ। ਸੋ ਜਦੋਂ ਚੰਦੋ ਉਸ ਕੋਲ ਆਈ ਹੁੰਦੀ, ਉਹ ਨਿੱਤ ਹੀ ਉਸ ਨੂੰ ਮੱਲੋ-ਮੱਲੀ ਛੋਟਾ ਜਿਹਾ ਪੈੱਗ ਪਿਆ ਦਿੰਦਾ ਸੀ।ਪਹਿਲੇ ਦਿਨ ਤਾਂ ਪਸ਼ੂ ਵਾਂਗ ਢਾਹ ਕੇ ਉਸਨੇ ਉਸ ਦੇ ਮੂੰਹ ਵਿੱਚ ਸ਼ਰਾਬ ਪਾਈ ਸੀ। ਮਾਸ ਖਾਣ ਤੋਂ ਵੀ ਚੰਦੋਨੂੰ ਕਚਿਆਣ ਜਿਹੀ ਆਉਂਦੀ। ਪਰ ਉਸ ਨੇ ਚੰਦੋ ਦਾ ਇਹ ਹਿੱਕ ਧੜੱਕਾ ਵੀ ਚੁੱਕ ਦਿੱਤਾ ਸੀ। ਫਿਰ ਤਾਂ ਚੰਦੋ ਆਪ ਹੀ ਸ਼ਰਾਬ ਪੀ ਲੈਂਦੀ, ਆਪ ਹੀ ਮਾਸ ਖਾ ਲੈਂਦੀ। ਸੂਬੇਦਾਰ ਖ਼ੁਸ਼ ਸੀ।

ਹੁਣ ਪਿੰਡ ਵਿੱਚ ਜਦੋਂ ਉਹ ਸ਼ਰਾਬ ਪੀਂਦਾ ਤਾਂ ਕਦੇ-ਕਦੇ ਅਗਵਾੜ ਦੇ ਕਿਸੇ ਚੋਬਰ ਨੂੰ ਵੀ ਘਰ ਸੱਦ ਲੈਂਦਾ। ਕਿਸੇ ਚੋਬਰ ਮੁੰਡੇ ਨਾਲ ਸ਼ਰਾਬ ਪੀ ਕੇ ਜਿਵੇਂ ਉਹ ਆਪਣੀ ਬੀਤ ਚੁੱਕੀ ਜਵਾਨੀ ਨੂੰ ਵਾਪਸ ਬੁਲਾ ਲੈਂਦਾ ਹੋਵੇ। ਅਜਿਹਾ ਉਸ ਨੂੰ ਮਹਿਸੂਸ ਹੁੰਦਾ। ਕਦੇ-ਕਦੇ ਤਾਂ ਦੋ-ਦੋ, ਤਿੰਨ-ਤਿੰਨ ਨੌਜਵਾਨ ਮੁੰਡੇ ਵੀ ਉਸ ਕੋਲ ਆ ਜਾਂਦੇ। ਸ਼ਰਾਬ ਦੀ ਬੋਤਲ ਵੀ ਉਹ ਆਪ ਲੈ ਕੇ ਆਉਂਦੇ।

ਹਰਨੇਕ ਚੌਥੇ-ਪੰਜਵੇਂ ਦਿਨ ਹੀ ਬੋਤਲ ਲੈ ਕੇ ਆ ਬਹਿੰਦਾ ਸੀ। ਚੰਦੋ ਨੂੰ ਚਾਚੀ ਕਹਿੰਦਾ। ਸੂਬੇਦਾਰ ਨੂੰ ਬਾਪੂ ਕਹਿਣ ਤਾਈਂ ਜਾਂਦਾ। ਉਸ ਦੀ ਆਪਣੀ ਪਤਨੀ ਦੇਖਣ ਨੂੰ ਮਾੜੀ ਨਹੀਂ ਸੀ। ਦੋ ਮੁੰਡੇ ਸਨ। ਮੁੰਡਿਆਂ ਤੋਂ ਵੱਡੀ ਇੱਕ ਕੜੀ ਸੀ। ਕੁੜੀ ਮੁਟਿਆਰ ਸੀ, ਵਿਆਹਣ ਵਾਲੀ। ਜ਼ਮੀਨ ਸੀ। ਘਰ ਸੀ ਵਧੀਆ। ਸਭ ਕੁਝ ਸੀ। ਖੁਰਲੀ ਵਿੱਚ ਕਿੰਨਾ ਕੁਝ ਪਿਆ ਹੋਵੇ, ਪਰ ਜਿਸ ਪਸ਼ੂ ਨੂੰ ਰੱਸੇ ਚੱਬਣ ਦੀ ਬਾਣ ਪੈ ਜਾਵੇ, ਉਹ ਦਾ ਕੋਈ ਕੀ ਕਰੇ? ਹਰਨੇਕ ਚੰਦੋ ਦਾ ਖਹਿੜਾ ਨਹੀਂ ਸੀ ਛੱਡਦਾ।

ਉਸ ਦੀ ਪਤਨੀ ਨੂੰ ਸਭ ਪਤਾ ਸੀ। ਕਦੇ-ਕਦੇ ਤਾਂ ਉਹ ਬਹੁਤੀ ਹੀ ਪਿੱਟ ਉੱਠਦੀ। ਚੰਦੋ ਦੇ ਘਰ ਆਉਂਦੀ। ਉਸ ਨੂੰ ਬੇਸਬਰੀਆਂ ਗਾਲ੍ਹਾਂ ਦਿੰਦੀ। ਪੱਟਾਂ 'ਤੇ ਦੁਹੱਥੜ ਮਾਰ ਕੇ ਵਿਲਕਦੀ। ਹਿੱਕ ਕੁੱਟਦੀ। ਗੁੱਡੀਏ, ਲੰਡਰੇ, ਜੇ ਤੂੰ ਸੁੰਡ ਚੱਲ ਕੇ ਨਾ ਮਰੇਂ ਤਾਂ ਮੈਨੂੰ ਜੱਟ ਦੀ ਧੀ ਨਾ ਆਖੀਂ। ਪਾਪਣੇ, ਹਤਿਆਰੀਏ, ਦੁਖਸਮੀਏ, ਰੱਬ ਦਾ ਖੌਫ਼ ਕਰ। ਹੱਡ ਚੂਸਦੀ ਐਂ, ਮੂਤ ਪੀਨੀ ਐਂ, ਧਗੜੇ ਨੂੰ ਅੰਦਰ ਵਾੜ ਕੇ ਬਹਿ ਜਾਨੀ ਐਂ। ਕੰਜਰ, ਤੇਰਾ ਸੂਬੇਦਾਰ ਦਾੜੀ ਕਿਉਂ ਨ੍ਹੀਂ ਮੁਨਾ ਦਿੰਦਾ?

ਚੰਦੋ ਦੋ-ਚਾਰ ਗਾਲ੍ਹਾਂ ਮੋੜਵੀਆਂ ਦਿੰਦੀ ਤਾਂ ਸਹੀ? ਪਰ ਹਰਨੇਕ ਦੀ ਤੀਵੀਂ ਨਾਲ ਉਸ ਤੋਂ ਐਨਾ ਮੜਕਿਆਂ ਨਹੀਂ ਸੀ ਜਾਂਦਾ। ਉਹ ਦਰਵਾਜ਼ੇ ਦਾ ਬਾਰ ਝੰਬ ਕੇ ਚੁਬਾਰੇ ਜਾ ਚੜ੍ਹਦੀ।

ਹਰਨੇਕ ਦੀ ਤੀਵੀਂ ਕੋਲ ਵਿਹੜੇ ਦੀਆਂ ਹੋਰ ਤੀਵੀਆਂ ਇਕੱਠੀਆਂ ਹੋ ਜਾਂਦੀਆਂ। ਉਸ ਦੀਆਂ ਮਸਾਲੇਦਾਰ ਗਾਲ੍ਹਾਂ ਨੂੰ ਦਿਲਚਸਪੀ ਨਾਲ ਸੁਣਦੀਆਂ ਤੇ ਮੁਸਕੜੀਏਂ ਹੱਸਦੀਆਂ। ਕੋਈ ਤਾਂ ਤਾੜੀ ਮਾਰ ਕੇ ਨੱਠ ਜਾਂਦੀ। ਹਰਨੇਕ ਦੀ ਤੀਵੀਂ ਦੇ ਪੱਲੇ ਗਾਲ੍ਹਾਂ ਹੀ ਗਾਲ੍ਹਾਂ ਸਨ। ਉਹ ਤਾਂ ਕੱਚੀ ਘੜੀ ਵੀ ਉਹ ਦਾ ਵਰਜਿਆ ਨਹੀਂ ਸੀ ਰਹਿੰਦਾ।

ਉਹ ਬੋਤਲ ਲੈ ਕੇ ਸੂਬੇਦਾਰ ਦੇ ਘਰ ਜਾਂਦਾ। ਜਾਂਦਾ, ਪਰ ਦਿਨ ਛਿਪੇ। ਉਹ ਦੋਵੇਂ ਪੀਣ ਲੱਗ ਪੈਂਦੇ। ਸੂਬੇਦਾਰ ਫ਼ੌਜ ਦੀਆਂ ਗੱਲਾਂ ਛੇੜ ਲੈਂਦਾ। ਹਰਨੇਕ ਹੁੰਗਾਰਾ ਭਰਦਾ ਰਹਿੰਦਾ। ਕੁਰਸੀ ਤੇ ਮੰਜੇ ਵਿਚਾਲੇ ਉਹ ਲੋਹੇ ਦਾ ਮੂਹੜਾ ਡਾਹ ਲੈਂਦੇ। ਕਾਂਸੀ ਦੇ ਕੋਲ ਵਿੱਚ ਅੰਬ ਦਾ ਅਚਾਰ ਤੇ ਚੀਰੇ ਹੋਏ ਗਣੇਪਾ ਕੇ ਮੁੜੇ ਤੇ ਧਰ ਲੈਂਦੇ। ਇੱਕੋ ਗਲਾਸ ਵਿੱਚ ਸ਼ਰਾਬ ਪੀਂਦੇ ਤੇ ਅਚਾਰ ਦੀਆਂ ਸਣੇ ਗੁਠਲੀ ਫਾੜੀਆਂ ਚੂਸਦੇ। ਹਰ ਵਾਰ ਹਰਨੇਕ ਸੂਬੇਦਾਰ ਨੂੰ ਥੋੜ੍ਹਾ ਜਿਹਾ ਢੁੱਕਵਾਂ ਪੈੱਗ ਪਾ ਦਿੰਦਾ। ਸੂਬੇਦਾਰ ਦੀ ਜ਼ਬਾਨ ਜਦ ਥਿੜਕਣ ਲੱਗ ਪੈਂਦੀ, ਉਹ ਡਬਲ ਪੈੱਗ ਪਾਕੇ ਉਸਨੂੰ ਮੱਲੋ-ਮੌਲੀ ਪਿਆ ਦਿੰਦਾ। ਸੂਬੇਦਾਰ ਮੰਜੇ 'ਤੇ ਲਿਟ ਜਾਂਦਾ ਤੇ ਕਮਲੀਆਂ ਬੌਲੀਆਂ ਮਾਰਦਾ ਮਾਰਦਾ। ਅੱਖ ਬਚਾ ਕੇ ਹਰਨੇਕ ਇੱਕ ਛੋਟਾ ਜਿਹਾ ਪੈੱਗ ਪਾਉਂਦਾ ਤੇ ਚੁੱਲ੍ਹੇ ਕੋਲ ਬੈਠੀ ਚੰਦੋ ਨੂੰ ਫੜਾ ਆਉਂਦਾ। ਆਪ ਅਚਾਰ ਖਾ-ਖਾ-ਨਸ਼ੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦਾ। ਸੂਬੇਦਾਰ ਨੂੰ ਬਾਹੋਂ ਫੜ ਕੇ ਬੈਠਾ ਕਰਦਾ ਤੇ ਇਕ ਭਰਵਾਂ ਪੈੱਗ ਉਸ ਸੰਘੋ ਥੱਲੇ ਉਤਾਰ ਦਿੰਦਾ। ਉਹ ਹਿਚਕੀਆਂ ਲੈਂਦਾ। ਪਾਣੀ ਦੀਆਂ ਘੁੱਟਾਂ ਕੁਰਲੀਆਂ ਕਰਕੇ ਸੁਟਦਾ। ਬੇਹੋਸ਼ ਹੋ ਜਾਂਦਾ। ਹਰਨੇਕ ਰਸੋਈ ਵਿੱਚ ਜਾਂਦਾ। ਚੰਦੋ ਨੂੰ ਡੌਲਿਓ ਫੜ ਕੇ ਸਬ੍ਹਾਤ ਵਿੱਚ ਲੈ ਜਾਂਦਾ।

ਤੜਕੇ ਉੱਠ ਕੇ ਚੰਦੋ ਸੂਬੇਦਾਰ ਨੂੰ ਘੁਰਕੀਆਂ ਲੈ-ਲੈ ਪੈਂਦੀ-ਕੰਜਰਾਂ ਦਾ ਘਰ ਬਣਾ ਛੱਡਿਐ।ਨਿੱਤ ਸ਼ਰਾਬ, ਨਿੱਤ ਸ਼ਰਾਬ। ਪੀਣੀ ਹੁੰਦੀ ਐ ਤਾਂ ਥੋੜ੍ਹੀ ਝੁਲਸਿਆ ਕਰ। ਮੂੰਹ ਟੱਡ ਕੇ ਪੈ ਜਾਨੈ। ਰੋਟੀ ਖਾਣ ਦੀ ਸੁਰਤ ਰਹਿੰਦੀ ਐ ਕੋਈ? ਔਣ ਦੇ ਅੱਜ ਹਰਨੇਕ ਨੂੰ, ਔਤ ਦੇ ਜਾਣੇ ਨੂੰ। ਉਹ ਦੀ ਮੁੰਨੂੰ ਦਾੜ੍ਹੀ ਠੇਠੇਰ ਦੀ।

ਨ੍ਹੀਂ ਜਾਣ ਦੇ ਹੁਣ ਪੈਣ ਦੇਣੇ ਦੀਏ। ਬੱਸ ਵੀ ਕਰ। ਦੋ ਘੁੱਟਾਂ ਬਹਿ ਕੇ ਪੀ ਲੈਨੇ ਆਂ, ਤੇਰਾ ਕੀ ਦੱਸ ਵਿਹੜਾ ਨੀਵਾਂ ਹੋ ਜਾਂਦੈ? ਸੂਬੇਦਾਰ ਲਾਚੜ ਕੇ ਬੋਲਦਾ। ਨਾਂਹ, ਕੋਈ ਲੋੜ ਨ੍ਹੀਂ ਬਸ। ਅੱਜ ਤੋਂ ਮੁੱਕਿਆ ਸਭ ਕੁਸ। ਪੀਣੀ ਹੁੰਦੀ ਐ ਤਾਂ ਬਾਹਰ ਕਿਤੇ ਨਿੱਜ ਆਇਆ ਕਰ। ਇੱਥੇ ਨਿੱਤ ਘਰੇ ਝੱਜੂ ਪੌਣ ਦੀ ਜ਼ਰੂਰਤ ਨ੍ਹੀਂ। ਚੰਦੋ ਅੰਦਰੋਂ ਖ਼ੁਸ਼, ਪਰ ਬਾਹਰੋਂ ਮੱਥੇ 'ਤੇ ਤਿਉੜੀਆਂ ਪਾ ਕੇ ਬੁੜ੍ਹਕਦੀ।

ਚੰਗਾ, ਪੀ ਆਇਆ ਕਰਾਂਗੇ ਬਾਹਰ ਕਿਤੇ। ਤੂੰ ਡੱਬੀ 'ਚ ਪਾ ਕੇ ਰੱਖ ਆਵਦੀ ਹਵੇਲੀ ਨੂੰ। ਤੇ ਫਿਰ ਕਹਿ ਦਿੰਦਾ, ਵੱਡੀ ਆ 'ਗੀ। ਇਹ ਘਰ ਦੀ ਮਾਲਕਣ? ਤੇ ਫਿਰ ਹੱਕ ਨੂੰ ਮੋਢਿਆਂ ਤੋਂ ਉਤਾਂਹ ਲਿਜਾ ਕੇ ਅਲਸਾਈ ਅਵਾਜ਼ ਵਿੱਚ ਵਿੱਚ ਬੋਲਦਾ, ਖਾਣ ਪੀਣ ਈ ਰਹਿ ਜਾਣੈ, ਕਮਲੀਏ। ਕੀ ਲੈ ਜਾਣੈ, ਏਸ ਜੱਗ ਤੋਂ?

ਚੰਦੋ ਦਾ ਓਪਰਾ-ਓਪਰਾ ਗੁੱਸਾ ਠੰਡਾ ਹੋ ਚੁੱਕਿਆ ਹੁੰਦਾ।

4

ਇੱਕ ਸੀ ਪਟਵਾਰੀ ਕੁੰਦਨ ਲਾਲਾ।

ਉਹ ਉਸ ਪਿੰਡ ਵਿੱਚ ਚਾਰ-ਪੰਜ ਸਾਲ ਤੋਂ ਰਹਿ ਰਿਹਾ ਸੀ। ਹੱਟਾ-ਕੱਟਾ, ਜਾਤ ਦਾ ਬਾਣੀਆ। ਪਰ ਖਾਣ ਪੀਣ ਸਾਰਾ ਜੱਟਾਂ ਵਾਲਾ। ਤੀਜੇ-ਚੌਥੇ ਦਿਨ ਮੁਰਗਾ ਰਿੰਨ੍ਹਦਾ। ਘਰ ਦੀ ਕੱਢੀ ਸ਼ਰਾਬ ਦੀ ਬੋਤਲ ਤਾਂ ਉਸ ਕੋਲ ਪਈ ਹੀ ਰਹਿੰਦੀ। ਮੁਫ਼ਤ ਦੀ। ਕਦੇ-ਕੋਈ ਦੇ ਜਾਂਦਾ, ਕਦੇ ਕੋਈ। ਉਸ ਦੀ ਘਰਵਾਲੀ ਤੇ ਜਵਾਕ ਉਸ ਦੇ ਆਪਣੇ ਪਿੰਡ ਰਹਿੰਦੇ ਸਨ। ਆਪਣੇ ਪਿੰਡ ਤਾਂ ਉਹ ਮਹੀਨੇ ਪਿੱਛੋਂ ਗੇੜਾ ਮਾਰਦਾ।

ਪਿਛਲੇ ਇੱਕ ਸਾਲ ਤੋਂ ਸੂਬੇਦਾਰ ਦੇ ਘਰ ਉਹ ਦਾ ਆਉਣ ਜਾਣ ਸੀ। ਕਦੇ ਪਟਵਾਰੀ ਸੂਬੇਦਾਰ ਨੂੰ ਪਟਵਾਰਖ਼ਾਨੇ ਸੱਦ ਲੈਂਦਾ ਤੇ ਕਦੇ ਸੂਬੇਦਾਰ ਪਟਵਾਰੀ ਨੂੰ ਆਪਣੇ ਘਰ। ਬੋਤਲ ਦਾ ਇੰਤਜ਼ਾਮ ਹਮੇਸ਼ਾ ਹੀ ਪਟਵਾਰੀ ਕਰਦਾ।

ਸਬੇਦਾਰ ਖੇਤਾਂ ਵੱਲ ਗੇੜਾ ਮਾਰਨ ਗਿਆ ਹੁੰਦਾ ਕਦੇ ਸ਼ਹਿਰ ਚਲਿਆ ਜਾਂਦਾ ਜਾਂ ਜਿਸ ਦਿਨ ਉਹ ਪੈਨਸ਼ਨ ਲੈਣ ਗਿਆ ਹੁੰਦਾ ਤਾਂ ਪਟਵਾਰੀ ਜ਼ਰੂਰ ਹੀ ਉਸ ਦੇ ਘਰ ਜਾਂਦਾ। ਪਟਵਾਰੀ ਨੇ ਗੇਂਦੇ ਚੌਕੀਦਾਰ ਨੂੰ ਚਾਟ 'ਤੇ ਲਾਇਆ ਹੋਇਆ ਸੀ। ਉਹ ਸੁਬੇਦਾਰ ਦੇ ਘਰੋਂ ਬਾਹਰ ਜਾਣ ਦੀ ਬਿੜਕ ਰੱਖਦਾ। ਚੰਦੇ ਕੁੰਦਨ ਪਟਵਾਰੀ ਨੂੰ ਚਾਹੁੰਦੀ ਵੀ ਸੀ। ਮੱਲਾਂ ਵਾਂਗ ਉਸ ਨੂੰ ਪਾਲਦੀ ਸੀ। ਡੋਲੂ ਘਿਓ ਦਾ ਭਰ ਕੇ ਗੇਂਦੇ ਨੂੰ ਫੜਾ ਦਿੰਦੀ। ਪੰਦਰੀਂ-ਵੀਹੀਂ ਦਿਨੀਂ ਹੀ। ਹਰਨੇਕ ਨਾਲੋਂ ਪਟਵਾਰੀ ਦਾ ਤਿਹੁ ਉਹ ਬਹੁਤ ਕਰਦੀ। ਉਸ ਦਾ ਤਾਂ ਰੰਗ ਹੀ ਹੋਰ ਸੀ। ਉਹ ਤਾਂ ਧਰਤੀ ਹਿਲਾ ਦਿੰਦਾ।

5

ਕਦੇ-ਕਦੇ ਉਹ ਸੋਚਦੀ, ਕਿੰਨੀ ਪਾਪਣ ਹੈ। ਕਿੰਨੀ ਬੇਸ਼ਰਮ। ਉਸ ਨੂੰ ਤਾਂ ਚੜ੍ਹੀ ਲੱਥੀ ਦੀ ਸੁਰਤ ਹੀ ਨਹੀਂ।

ਜਦ ਕਦੇ ਉਹ ਸੱਥ ਵਿੱਚ ਦੀ ਲੰਘਦੀ, ਹਥਾਈ ਦੀ ਚੌਕੜੀ 'ਤੇ ਬੈਠੀ ਲੰਡੋਰ ਢਾਣੀ ਉਸ ਨੂੰ ਬੋਲੀਆਂ ਮਾਰਦੀ, ਖੰਡ ਦੀ ਬੋਰੀ ਐ, ਜੀਹਦੀ ਮਰਜ਼ੀ ਫੱਕਾਂ ਮਾਰ ਲੋ।

ਕਦੇ ਉਹ ਦੇ ਨਾਲ ਕੋਈ ਗਵਾਂਢਣ ਲੜ ਪੈਂਦੀ ਤਾਂ ਕਹਿੰਦੀ, ਨੀ, ਤੂੰ ਕੀ ਬੋਲਣ ਨੂੰ ਮਰਦੀ ਐਂ? ਸਾਰੇ ਪਿੰਡ ਦੀ ਚਗਲ। ਚੰਦੋ ਨੂੰ ਕੋਈ ਗੱਲ ਨਾ ਔੜਦੀ। ਉਹ ਕੋਈ ਜਵਾਬ ਨਾ ਕਰ ਸਕਦੀ। ਕੀ ਜਵਾਬ ਕਰਦੀ ਭਲਾ ਉਹ?

ਕੀ ਕਰਦੀ ਉਹ? ਉਸ ਦੀ ਜ਼ਿੰਦਗੀ ਤਾਂ ਵਿਅਰਥ ਬੀਤੀ ਜਾ ਰਹੀ ਸੀ। ਸੁਬੇਦਾਰ ਬੁੱਢਾ ਹੋ ਗਿਆ ਸੀ। ਗੋਡਿਆਂ ਵਿੱਚ ਦਰਦ ਰਹਿੰਦਾ। ਢੂਹੀ ਵਿੱਚ ਕੁੱਬ। ਨੀਂਦ ਨਹੀਂ ਸੀ ਆਉਂਦੀ। ਉਹ ਉਸ ਨੂੰ ਦੁੱਧ ਵਿੱਚ ਘਿਓ ਪਾ-ਪਾ ਪਿਆਉਂਦੀ। ਸਿਆਲ ਦੀ ਰੁੱਤ ਵਿੱਚ ਮੇਥਿਆਂ ਦੀ ਦਸ-ਦਸ ਸੇਰ ਪੰਜੀਰੀ ਰਲਾ ਕੇ ਦਿੰਦੀ, ਪਰ ਸੂਬੇਦਾਰ ਵਿੱਚ ਤਾਂ ਕਣ ਹੀ ਨਹੀਂ ਸੀ ਭਰਦਾ। ਉਹ ਦਿਨੋ-ਦਿਨ ਗੋਹਾ ਹੁੰਦਾ ਜਾਂਦਾ ਸੀ।

ਕਦੇ-ਕਦੇ ਅਜਿਹਾ ਹੁੰਦਾ ਕਿ ਹਰਨੇਕ ਪੰਜ-ਸੱਤ ਦਿਨ ਨਹੀਂ ਸੀ ਆਉਂਦਾ। ਪਟਵਾਰੀ ਦਾ ਦਾਅ ਵੀ ਨਾ ਭਰਦਾ। ਚੰਦੋ ਦੇ ਸਰੀਰ ਵਿੱਚ ਕੋਈ ਅੱਗ ਜਿਹੀ ਧੁਖ਼ਣ ਲੱਗ ਪੈਂਦੀ। ਉਸ ਦੇ ਅੰਗ-ਅੰਗ ਵਿੱਚੋਂ ਚੰਗਿਆੜੇ ਉੱਠਦੇ। ਉਸ ਦੇ ਲੂੰ-ਲੂੰ ਨੂੰ ਕੋਈ ਲੂਹਣ ਜਿਹੀ ਲੱਗੀ ਰਹਿੰਦੀ। ਉਸ ਦੇ ਅੰਦਰਲਾ ਸੇਕ ਡੁੱਲ੍ਹ-ਡੁੱਲ੍ਹ ਪੈਂਦਾ। ਜਦ ਉਹ ਪੂਰੀ ਉੱਬਲ ਪੈਂਦੀ ਤਾਂ ਉਸ ਦੀਆਂ ਚੀਕਾਂ ਨਿਕਲਣ ਵਾਲੀਆਂ ਹੋ ਜਾਂਦੀਆਂ। ਉਸ ਦਿਨ ਉਹ ਸੂਬੇਦਾਰ ਨੂੰ ਠੁਣਕਾ ਕੇ ਦੇਖਣ ਦੀ ਤਿਆਰੀ ਵਿੱਚ ਰੁੱਝ ਜਾਂਦੀ।

ਆਪਣੇ ਪਾਲੀ ਨੂੰ ਰੁਪਈਆ ਦੇ ਕੇ ਕੇਹਰੇ ਤੇਲੀ ਦਿਉਂ ਉਹ ਚਾਰ-ਪੰਜ ਆਂਡੇ ਮੰਗਵਾ ਲੈਂਦੀ। ਆਲੂ-ਆਂਡਿਆਂ ਦੀ ਸਬਜ਼ੀ ਚੁੱਲ੍ਹੇ ਧਰ ਲੈਂਦੀ। ਖਾਸਾ ਸਾਰਾ ਲਸਣ ਪਾਉਂਦੀ। ਕਰਾਰਾ ਜਿਹਾ ਲੂਣ ਮਿਰਚ ਤੇ ਮਸਾਲਾ। ਅਧੀਆ ਪਊਆਂ ਬੋਤਲ ਬਚੀ ਤਾਂ ਘਰੇ ਹਮੇਸ਼ਾ ਹੀ ਪਈ ਰਹਿੰਦੀ ਸੀ। ਨਾ ਹੁੰਦੀ ਤਾਂ ਪਾਲੀ ਕੋਲੋਂ ਪਤਾ ਨਹੀਂ ਕਿੱਥੋਂ ਇੱਕ ਅਧੀਆ ਮੰਗਵਾ ਲੈਂਦੀ। ਸਿਰ ਦੁਖਣ ਜਾਂ ਵੱਖੀ ਦੁਖਣ ਦਾ ਬਹਾਨਾ ਬਣਾਉਂਦੀ ਤੇ ਸੂਬੇਦਾਰ ਨੂੰ ਦਿਖਾ ਕੇ ਅੱਧਾ ਕੁ ਪੈੱਗ ਪੀ ਲੈਂਦੀ। ਆਪ ਪੀਂਦੀ ਤੇ ਨਾਲ ਦੀ ਨਾਲ ਇੱਕ ਪੈੱਗ ਪਾ ਕੇ ਸੂਬੇਦਾਰ ਦੇ ਹੱਥ ਫੜਾ ਦਿੰਦੀ। ਉਹ ਚੁੱਪ ਕੀਤਾ ਹੀ ਪੀ ਲੈਂਦਾ। ਦੂਜਾ ਪੈੱਗ ਆਪ ਹੀ ਪਾ ਲੈਂਦਾ ਕਹਿੰਦਾ, ਇੱਕ ਪੈੱਗ ਨਾਲ ਤਾਂ ਬਣੀਆਂ ਈ ਕੁਸ। ਤੀਜਾ ਪੈੱਗ ਜਦ ਪੀਂਦਾ ਤਾਂ ਅੱਧਾ ਕੁ ਪੈੱਗ ਚੰਦੇ ਨੂੰ ਵੀ ਪਾ ਕੇ ਦਿੰਦਾ। ਕਹਿੰਦਾ, ਲੈ ਫੜ, ਐਨੀ ਕੁ ਹੌਰ ਲੈ ਲੈ। ਰਾਮ ਆ ਜੂ ਗਾ ਤੈਨੂੰ। ਅੱਖਾਂ ਵਿੱਚ ਸ਼ਰਾਰਤ ਭਰ ਕੇ ਚੰਦੋ ਗਲਾਸ ਫੜ ਲੈਂਦੀ।

ਰੋਟੀ-ਟੁੱਕ ਖਾਣ ਤੋਂ ਬਾਅਦ ਉਹ ਸੂਬੇਦਾਰ ਦੀ ਬਾਹੀ ਨਾਲ ਬਾਹੀ ਲਾ ਕੇ ਮੰਜਾ ਡਾਹ ਲੈਂਦੀ। ਨਿੱਕੀਆਂ-ਨਿੱਕੀਆਂ ਗੱਲਾਂ ਤੁਰਦੀਆਂ ਰਹਿੰਦੀਆਂ। ਗੱਲ ਕਰਦੀ-ਕਰਦੀ ਉਹ ਸੂਬੇਦਾਰ ਦੇ ਕੋਲ ਆ ਬੈਠਦੀ। ਉਹ ਬਹੁਤ ਕੋਸ਼ਿਸ ਕਰਦੀ, ਪਰ ਅਸਲੀ ਰਾਹ 'ਤੇ ਤਾਂ ਉਹ ਆਉਂਦਾ ਹੀ ਨਾ। ਨਿਰਾਸ਼ ਹੋ ਕੇ ਉਹ ਉੱਠਦੀ ਤੇ ਲੰਬੇ-ਲੰਬੇ ਹਉਂਕੇ ਲੈਂਦੀ ਰਹਿੰਦੀ। ਸੂਬੇਦਾਰ ਭੋਰਾ ਵੀ ਨਾ ਕੁਸਕਦਾ। ਕੁਝ ਚਿਰ ਬਾਅਦ ਉਹ ਉੱਠ ਕੇ ਠੰਡੇ ਪਾਣੀ ਦਾ ਗਲਾਸ ਪੀਂਦੀ। ਸੂਬੇਦਾਰ ਖਰਰ-ਖਰਰ ਘੁਰਾੜੇ ਮਾਰ ਰਿਹਾ ਹੁੰਦਾ।

ਇੱਕ ਸਮਾਂ ਅਜਿਹਾ ਆਇਆ ਕਿ ਸੂਬੇਦਾਰ ਬਿਲਕੁੱਲ ਹੀ ਹਾਰ ਗਿਆ। ਕੰਨਾਂ ਤੋਂ ਵੀ ਸੁਣਨੋਂ ਹਟ ਗਿਆ। ਗੋਡਿਆਂ ਦਾ ਦਰਦ ਐਨਾ ਵਧਿਆ ਕਿ ਤੁਰਨਾ-ਫਿਰਨਾ ਵੀ ਮੁਸ਼ਕਲ ਹੋ ਗਿਆ। ਦਿਨੋਂ-ਦਿਨ ਉਸ ਦੀ ਖ਼ੁਰਾਕ ਘਟਦੀ ਗਈ। ਕਦੇ-ਕਦੇ ਪਿਸ਼ਾਬ ਦਾ ਬੰਨ੍ਹ ਵੀ ਪੈ ਜਾਂਦਾ। ਟੀਕਾ ਲਗ ਕੇ ਬੰਨ੍ਹ ਖੁੱਲ੍ਹਦਾ। ਇੱਕ ਵਾਰੀ ਤਾਂ ਬੰਨ੍ਹ ਖੁੱਲਿਆ ਹੀ ਨਾ। ਚਾਰ-ਪੰਜ ਦਿਨ ਦੁੱਖ ਭੋਗ ਕੇ ਉਹ ਤੁਰ ਗਿਆ। ਸੂਬੇਦਾਰ ਦੀ ਮੌਤ ਪਿੱਛੋਂ ਚੰਦੋ ਸੁੰਨ ਜਿਹੀ ਹੋ ਗਈ ਸੀ। ਨਾ ਉਸ ਦਾ ਕਿਤੇ ਚਿੱਤ ਠਹਿਰਦਾ ਸੀ ਤੇ ਨਾ ਹੀ ਉਸ ਦੀ ਅੱਖੋਂ ਹੰਝੂ ਡਿੱਗਦਾ ਸੀ। ਕਦੇ ਉਸ ਨੂੰ ਲੱਗਦਾ, ਜਿਵੇਂ ਉਸ ਦਾ ਤਾਂ ਸੁਹਾਗ ਰੁੜ੍ਹ ਗਿਆ ਹੋਵੇ। ਉਹ ਦਾ ਰਹਿ ਹੀ ਕੀ ਗਿਆ ਸੀ? ਪਰ ਦੂਜੇ ਬਿੰਦ ਉਹ ਸੋਚਦੀ ਕਿ ਉਹ ਸੁਹਾਗਣ ਸੀ ਹੀ ਕਦੋਂ? ਉਹ ਤਾਂ ਜਿਵੇਂ ਵਿਆਹੀ ਸੀ ਹੀ ਨਹੀਂ। ਨਾ ਉਹ ਪਹਿਲਾਂ ਸੁਹਾਗਣ ਸੀ ਤੇ ਨਾ ਹੁਣ ਰੰਡੀ। ਉਸ ਨੂੰ ਲੱਗਦਾ, ਜਿਵੇਂ ਉਹ ਤਾਂ ਅਜੇ ਵੀ ਕੰਵਾਰੀ ਹੈ। ਅਜੇ ਤਾਂ ਜਿਵੇਂ ਉਸ ਦਾ ਵਿਆਹ ਹੋਣਾ ਬਾਕੀ ਹੋਵੇ।

ਘਰ ਵਿੱਚ ਰਿਹਾ ਹੀ ਕੋਈ ਨਾ।

ਉਸ ਦੀ ਵੱਡੀ ਭਰਜਾਈ ਆਪਣੇ ਛੋਟੇ ਮੁੰਡੇ ਗੁਰਜੀਤ ਨੂੰ ਨਾਲ ਲੈ ਕੇ ਮਿਲਣ ਆਈ। ਚੰਦੋ ਨੇ ਗੁਰਜੀਤ ਨੂੰ ਉੱਥੇ ਹੀ ਰੱਖ ਲਿਆ। ਦੋ-ਤਿੰਨ ਮਹੀਨਿਆਂ ਬਾਅਦ ਗੁਰਜੀਤ ਦਾ ਜੀਅ ਵੀ ਪੂਰਾ ਲੱਗ ਗਿਆ। ਦੋ ਮੱਝਾਂ ਸਨ। ਗੁਰਜੀਤ ਡੱਕਵਾਂ ਦੁੱਧ ਪੀਂਦਾ, ਰੱਜਵਾਂ ਘਿਓ ਖਾਂਦਾ। ਸਤਾਰਾਂ-ਅਠਾਰਾਂ ਸਾਲਾਂ ਦਾ ਮੁੰਡਾ ਤਾਂ ਉਹ ਲੱਗਦਾ ਹੀ ਨਹੀਂ ਸੀ। ਉਹ ਤਾਂ ਦਿਨਾਂ ਵਿੱਚ ਹੀ ਬਾਘੜ-ਬਿੱਲੇ ਵਰਗਾ ਹੋ ਗਿਆ ਸੀ।

ਇੱਕ ਸਾਲ ਲੰਘ ਗਿਆ।

ਹਰਨੇਕ ਕਦੇ-ਕਦੇ ਹੀ ਆਉਂਦਾ, ਪਰ ਆਉਂਦਾ ਜ਼ਰੂਰ। ਪਰ ਉਦੋਂ ਆਉਂਦਾ, ਜਦੋਂ ਗੁਰਜੀਤ ਘਰ ਨਾ ਹੁੰਦਾ। ਇਹ ਮੌਕਾ ਕਦੇ ਹੀ ਲੱਗਦਾ।

ਪਟਵਾਰੀ ਨੂੰ ਤਹਿਸੀਲ ਵਿੱਚ ਸੱਦ ਲਿਆ ਗਿਆ ਸੀ। ਚਾਰ-ਪੰਜ ਮਹੀਨੇ ਹੋ ਗਏ ਸਨ। ਪਰ ਉਸ ਨੇ ਇਸ ਪਿੰਡ ਵਾਲੀ ਆਪਣੀ ਰਿਹਾਇਸ਼ ਅਜੇ ਛੱਡੀ ਨਹੀਂ ਸੀ। ਉਹ ਪੰਦਰੀਂ-ਵੀਹੀਂ ਦਿਨੀਂ ਗੇੜਾ ਮਾਰਦਾ ਤੇ ਆਪਣੇ ਮਕਾਨ ਦੇ ਗਵਾਂਢ ਵਿੱਚ ਹੀ ਕੰਦੋ ਬੁੜੀ ਦੇ ਘਰ, ਗੇਂਦੇ ਚੌਕੀਦਾਰ ਦੇ ਹੱਥ ਚੰਦੋ ਨੂੰ ਸੱਦ ਲੈਂਦਾ।

ਹੌਲੀ-ਹੌਲੀ ਗੱਲ ਸੁਲਗਣ ਲੱਗੀ, ਚੰਦੋ ਗੁਰਜੀਤ ਨਾਲ ਵੀ ਰਹਿੰਦੀ ਹੈ।

ਹਾਏ-ਹਾਏ ਨੀ, ਭਤੀਜੇ ਨਾਲ?

ਲੈ ਗੁੰਡੀ ਰੰਨ ਦਾ ਹੋਰ ਕੀ ਹੁੰਦੈ?

ਨਾ ਕੁੜੇ, ਐਡਾ ਪੱਥਰ ਨਾ ਤੋਲ।

ਨਾਂਹ, ਇਹ ਤਾਂ ਮੈਸ ਐ। ਜੀਹਨੇ ਮਨੁੱਖ ਤਿਆਗੀ ਰੱਖਿਆ, ਉਸ ਨੂੰ ਭਤੀਜੇ ਭਾਣਜਿਆਂ ਦੀ ਵੀ ਹੁਣ ਕੀ ਸ਼ਰਮ ਐ?

ਤੈਂ ਕੀ ਅੱਖੀਂ ਦੇਖਿਐ, ਭੈੜੀਏ?

ਹਾਂ, ਜਿੱਡੀ ਮਰਜ਼ੀ ਸਹੁੰ ਘਤਾ ਲੈ। ਤੇਰੇ ਜੇਠ ਨੇ ਦੇਖਿਐ।

ਕਦੋਂ?

ਨੀ ਸਾਰੀ ਰਾਤ ਕੋਠੇ ਤੇ ਕੁੱਤੇ ਨੀ ਟਿਕਣ ਦਿੰਦੇ। ਰਾਤ ਤੇਰਾ ਜੇਠ ਸੋਟੀ ਲੈ ਕੇ ਗਿਆ, ਕਹਿੰਦਾ, ਹੁਣ ਤਾਂ ਮੇਰੇ ਸਾਲਿਆਂ ਨੂੰ ਵੀਹੀ 'ਚ ਉਤਾਰ ਕੇ ਹੀ ਹਟੂੰ। ਚੰਨ-ਚਾਨਣੀ ਰਾਤ। ਸੂਬੇਦਾਰ ਦੇ ਕੋਠੇ 'ਤੇ ਗਿਆ ਤਾਂ ਉਨ੍ਹਾਂ ਦੇ ਵਿਹੜੇ 'ਚ ਆਹ ਭਾਣਾ ਦੇਖਿਆ। ਇੱਕ ਦਿਨ ਢਲੇ ਦੁਪਹਿਰੇ। ਗਰਮੀ ਦਾ ਮੌਸਮ, ਜੇਠ ਦਾ ਮਹੀਨਾ। ਤੱਤੀ ਲੋਅ ਕੰਨਾਂ ਨੂੰ ਫੂਕਦੀ ਸੀ। ਗੁਰਜੀਤ ਚੁਬਾਰੇ ਵਿੱਚ ਪਿਆ ਭੂਆ ਨੂੰ ਉਡੀਕ ਰਿਹਾ ਸੀ। ਆਵੇ ਤਾਂ ਚਾਹ ਬਣਾਵੇ।ਵਿਹੜੇ ਵਿੱਚ ਕੋਈ ਖੜਕਾ ਹੁੰਦਾ ਤਾਂ ਉਹ ਮੰਜੇ ਤੋਂ ਬੈਠਾ ਹੋ ਜਾਂਦਾ। ਸੋਚਦਾ, ਸ਼ਾਇਦ ਭੂਆ ਆ ਗਈ ਹੈ, ਪਰ ਨਹੀਂ। ਉਹ ਲੰਬੀ ਸਾਰੀ ਉਬਾਸੀ ਲੈਂਦਾ ਤੇ ਮੰਜੇ 'ਤੇ ਹੀ ਢੇਰੀ ਹੋ ਜਾਂਦਾ। ਕਿੰਨਾ ਹੀ ਚਿਰ ਹੋ ਗਿਆ ਸੀ, ਉਸ ਦੀ ਭੂਆ ਘਰ ਨਹੀਂ ਸੀ ਪਹੁੰਚੀ। ਉਹ ਤਾਂ ਕਿਹੜੇ ਵੇਲੇ ਦੀ ਗਈ ਹੋਈ ਸੀ। ਐਨਾ ਚਿਰ ਤਾਂ ਉਸ ਨੇ ਕਦੇ ਲਾਇਆ ਨਹੀਂ ਸੀ। ਉਹ ਮਨ ਵਿੱਚ ਸਲਾਹ ਕਰਨ ਲੱਗਿਆ ਕਿ ਉਹ ਉੱਠ ਕੇ ਆਪ ਹੀ ਕਿਉਂ ਨਾ ਚਾਹ ਬਣਾ ਲਵੇ। ਖ਼ਬਰ ਐ ਕਦੋਂ ਆਵੇ ਉਹ? ਐਨੇ ਚਿਰ ਤੋਂ ਉਹ ਬੈਠੀ ਕਿਥੇ ਹੈ? ਗੁਰਜੀਤ ਦੇ ਮੱਥੇ ਵਿੱਚ ਹਲਕਾ ਜਿਹਾ ਯੁੱਧ ਛਿੜਨ ਲੱਗਦਾ, ਪਰ ਦੂਜੇ ਬਿੰਦ ਹੀ ਉਹ ਉਡੀਕ ਕਰਨ ਲੱਗ ਪੈਂਦਾ ਹੁਣ ਆਈ, ਹੁਣ ਆਈ।

ਵਿਹੜੇ ਵਿੱਚ ਪੈੜ-ਚਾਲ ਹੋਈ। ਗੁਰਜੀਤ ਚੁਬਾਰੇ ਦੇ ਬਾਰ ਮੂਹਰੇ ਆ ਖੜ੍ਹਾ।

ਵਿਹੜੇ ਵਿੱਚ ਹਰਨੇਕ ਖੜ੍ਹਾ ਸੀ।

ਵੱਡੇ ਭਾਈ, ਕਿਵੇਂ ਆਇਆ? ਗੁਰਜੀਤ ਨੇ ਪੁੱਛਿਆ।

ਚਾਚੀ ਕਿੱਥੇ ਐ? ਹਰਨੇਕ ਨੇ ਜਵਾਬ ਵਿੱਚ ਪੁੱਛਿਆ।

ਪਤਾ ਨੀ, ਹੈਥੇ ਈ ਕਿਤੇ ਹੋਣੀ ਐ, ਕਿਸੇ ਦੇ ਘਰ। ਮੈਂ ਵੀ ਉਸੇ ਨੂੰ ਉਡੀਕਦਾ। ਚਾਹ ਨੂੰ ਕੁਵੇਲਾ ਹੋਈ ਜਾਂਦੈ। ਗੁਰਜੀਤ ਚੁਬਾਰੇ ਦੀਆਂ ਪੌੜੀਆਂ ਉਤਰ ਰਿਹਾ ਸੀ।

ਤਾਂ ਕੰਦੋ ਬੁੜੀ ਦੇ ਘਰ ਹੋਣੀ ਐ। ਸਾਫ਼ੇ ਦੇ ਲੜ ਨਾਲ ਮੱਥਾ ਪੂੰਝ ਕੇ ਹਰਨੇਕ ਨੇ ਆਖਿਆ।

ਕਿਉਂ? ਵਿਹੜੇ ਵਿੱਚ ਆ ਕੇ ਗੁਰਜੀਤ ਨੇ ਪੁੱਛਿਆ। ਦਰਵਾਜ਼ੇ ਵਿੱਚ ਡਹੇ ਪਏ ਮੰਜੇ 'ਤੇ ਬੈਠਣ ਲਈ ਉਸ ਨੇ ਹਰਨੇਕ ਨੂੰ ਕਿਹਾ।

ਕਿਉਂ ਕੀ, ਪਟਵਾਰੀ ਆਇਆ ਹੋਇਐ। ਕਹਿ ਕੇ ਹਰਨੇਕ ਘਰੋਂ ਬਾਹਰ ਹੋ ਗਿਆ। ਗੁਰਜੀਤ ਨੇ ਬਹੁਤ ਜ਼ੋਰ ਲਾਇਆ ਕਿ ਉਹ ਮੁੜ ਕੇ ਆ ਜਾਵੇ ਤੇ ਦਰਵਾਜ਼ੇ ਵਿੱਚ ਬੈਠੇ। ਭੂਆ ਹੁਣੇ ਆ ਜਾਂਦੀ ਹੈ ਤੇ ਚਾਹ ਬਣਾਉਂਦੀ ਹੈ, ਪਰ ਹਰਨੇਕ ਅਟਕਿਆ ਨਹੀਂ।

ਗੁਰਜੀਤ ਸੋਚਣ ਲੱਗਿਆ, ਪਟਵਾਰੀ ਤੋਂ ਭੂਆ ਨੇ ਕੀ ਲੈਣਾ ਹੈ? ਉਸ ਦੇ ਮਨ ਵਿੱਚ ਕਈ ਕਿਸਮ ਦੇ ਖਿਆਲ ਆਉਣੇ ਸ਼ੁਰੂ ਹੋ ਗਏ। ਅਖ਼ੀਰ ਉਸ ਨੇ ਫ਼ੈਸਲਾ ਕੀਤਾ ਕਿ ਜੇ ਭੂਆ ਕੰਦੋ ਬੁੜ੍ਹੀ ਦੇ ਘਰ ਹੀ ਗਈ ਹੈ ਤਾਂ ਉਹ ਆਪ ਹੀ ਜਾ ਕੇ ਉਸ ਨੂੰ ਸੱਦ ਲਿਆਵੇ।

ਕੰਦੋ ਦੇ ਘਰ ਉਹ ਗਿਆ। ਉਹ ਘਰ ਨਹੀਂ ਸੀ। ਦਰਵਾਜ਼ੇ ਨੂੰ ਬਾਹਰਲਾ ਕੁੰਡਾ ਲੱਗਿਆ ਹੋਇਆ ਸੀ। ਉਸ ਨੇ ਪਟਵਾਰੀ ਨੂੰ ਦੇਖਿਆ, ਉਹ ਵੀ ਘਰ ਨਹੀਂ ਸੀ। ਪਟਵਾਰੀ ਵਾਲੇ ਮਕਾਨ ਦੇ ਬਾਰ ਮੂਹਰੇ ਪਿੱਪਲ ਥੱਲੇ ਗੇਂਦਾ ਚੌਕੀਦਾਰ ਬੈਠਾ ਸਿਗਰਟ ਪੀ ਰਿਹਾ ਸੀ। ਗੇਂਦੇ ਨੂੰ ਗੁਰਜੀਤ ਨੇ ਕੁਝ ਨਾ ਪੁੱਛਿਆ। ਬਿੰਦ ਕੁ ਪੈਰ ਮਲ ਕੇ ਉਹ ਵਾਪਸ ਜਾਣ ਲੱਗਿਆ। ਉਸ ਨੇ ਸੁਣਿਆ, ਜਿਵੇਂ ਕੰਦੋ ਦੇ ਤਖ਼ਤੇ ਖੜਕੇ ਹੋਣ। ਉਸ ਨੇ ਧਿਆਨ ਨਾਲ ਸੁਣਿਆ, ਅੰਦਰੋਂ ਕੋਈ ਹੌਲੀ-ਹੌਲੀ ਗੇਂਦੇ ਨੂੰ ਹਾਕਾਂ ਮਾਰ ਰਿਹਾ ਸੀ। ਪਟਵਾਰੀ ਤੇ ਬਾਰ ਮੂਹਰਿਓਂ ਹਿੱਲ ਕੇ ਉਹ ਗੇਂਦੇ ਦੇ ਬਿਲਕੁਲ ਨੇੜੇ ਹੋ ਗਿਆ। ਉਸ ਨੇ ਕਣੱਖਾ ਜਿਹਾ ਦੇਖਿਆ, ਗੇਂਦਾ ਕੰਦੋ ਦੇ ਤਖ਼ਤਿਆਂ ਵੱਲ ਆਪਣੀ ਉਂਗਲ ਨਾਲ ਕੋਈ ਇਸ਼ਾਰਾ ਕਰ ਗਿਆ ਸੀ। ਗੁਰਜੀਤ ਨੇ ਆਪ ਜਾ ਕੇ ਕੰਦੇ ਦੇ ਤਖ਼ਤਿਆਂ ਦਾ ਕੁੰਡਾ ਖੋਲ੍ਹ ਦਿੱਤਾ। ਦੇਖਿਆ, ਪਟਵਾਰੀ ਖੜ੍ਹਾ ਸੀ ਤੇ ਉਸ ਦੇ ਪਿੱਛੇ ਉਹ ਦੀ ਭੂਆ। ਗੁਰਜੀਤ ਨੂੰ ਸਣੇ ਕੱਪੜੀਂ ਅੱਗ ਲੱਗ ਗਈ। ਉਸ ਨੇ ਬਾਰੋਂ ਅੰਦਰ ਹੋ ਕੇ ਪਟਵਾਰੀ ਨੂੰ ਜੱਫ਼ਾ ਪਾ ਲਿਆ ਤੇ ਧਰਤੀ 'ਤੇ ਡੇਗਣ ਦੀ ਕੋਸ਼ਿਸ ਕਰਨ ਲੱਗਿਆ। ਪਟਵਾਰੀ ਵੀ ਤਕੜਾ ਸੀ। ਕੋਈ ਵੀ ਘੱਟ ਨਹੀਂ ਸੀ। ਕਾਫ਼ੀ ਦੇਰ ਉਹ ਜੱਫੋ-ਜੱਫ਼ੀ ਤੇ ਘਸੁੰਨ-ਮੁੱਕੀ ਹੁੰਦੇ ਰਹੇ। ਚੰਦੋ ਕਦੋਂ ਦੀ ਉੱਥੋਂ ਖਿਸਕ ਗਈ ਸੀ। ਇੱਕ ਖੂੰਜੇ ਪਿਆ ਟੁੱਟਿਆ ਜਿਹਾ ਗੰਧਾਲਾ ਗੁਰਜੀਤ ਨੇ ਚੁੱਕ ਲਿਆ। ਪਟਵਾਰੀ ਭੱਜਣ ਦੀ ਕੋਸ਼ਿਸ ਕਰਨ ਲੱਗਿਆ, ਪਰ ਨਹੀਂ। ਗੁਰਜੀਤ ਨੇ ਉਸ ਨੂੰ ਜਾਣ ਨਹੀਂ ਦਿੱਤਾ। ਦੋਵਾਂ ਹੱਥਾਂ ਦੀ ਮਜ਼ਬੂਤ ਪਕੜ ਨਾਲ ਜ਼ੋਰ ਦੀ ਉਸ ਨੇ ਦੋ ਗੰਧਾਲੇ ਪਟਵਾਰੀ ਦੇ ਮੌਰਾਂ 'ਤੇ ਮਾਰੇ। ਥਾਏਂ ਡੇਗ ਲਿਆ। ਦੋ-ਤਿੰਨ ਹੋਰ ਵਾਰ ਉਸ ਨੇ ਉਸ ਦੇ ਗਿੱਟਿਆਂ 'ਤੇ ਜੜ ਦਿੱਤੇ। ਉੱਠਣ ਜੋਗਾ ਨਾ ਛੱਡਿਆ। ਉਹ ਬੇਸੁਰਤ ਜਿਹਾ ਹੋ ਗਿਆ। ਗੁਰਜੀਤ ਨੇ ਗੰਧਾਲਾ ਹੱਥੋਂ ਪਰ੍ਹੇ ਵਗਾਹ ਮਾਰਿਆ। ਉਹ ਛੇਤੀ-ਛੇਤੀ ਆਪਣੇ ਘਰ ਵੱਲ ਤੁਰ ਪਿਆ। ਬਾਰ ਮੂਹਰੇ ਆ ਕੇ ਤਖ਼ਤੇ ਉਸ ਨੇ ਭਿੜੇ ਹੋਏ ਦੇਖੇ। ਧੱਕਾ ਮਾਰਿਆ, ਅੰਦਰਲਾ ਕੁੰਡਾ ਲੱਗਿਆ ਹੋਇਆ ਸੀ। ਭੂਆ, ਕਹਿ ਕੇ ਉਸ ਨੇ ਹਾਕਾਂ ਮਾਰੀਆਂ। ਅੰਦਰੋਂ ਕੋਈ ਨਾ ਬੋਲਿਆ। ਇੱਕ ਗਵਾਂਢਣ ਨੇ ਦੱਸਿਆ, ਚੰਦੋ ਤਾਂ ਭਾਈ ਅੰਦਰ ਈ ਐ। ਹੁਣੈ ਆਈ ਐ।

ਗੁਰਜੀਤ ਨੇ ਜ਼ੋਰ-ਜ਼ੋਰ ਦੀ ਕੁੰਡਾ ਖੜਕਾਇਆ। ਉੱਚੀ-ਉੱਚੀ ਹਾਕਾਂ ਮਾਰੀਆਂ। ਚੰਦੋ ਫਿਰ ਵੀ ਨਹੀਂ ਬੋਲੀ। ਗੁਰਜੀਤ ਦੇ ਚਿੱਤ ਵਿੱਚ ਪਤਾ ਨਹੀਂ ਕੀ ਆਈ, ਉਹ ਪਿੱਛੋਂ ਨਿਕਲਿਆ ਤੇ ਤੁਰਦਾ-ਤੁਰਦਾ ਸ਼ਹਿਰ ਪਹੁੰਚ ਗਿਆ। ਕਿਸੇ ਤੋਂ ਕੁਝ ਪੈਸੇ ਫੜੇ ਤੇ ਬੱਸ ਚੜ੍ਹ ਕੇ ਆਪਣੇ ਪਿੰਡ ਪਹੁੰਚ ਗਿਆ। ਮੁੜ ਕੇ ਭੂਆ ਦੇ ਪਿੰਡ ਨਹੀਂ ਆਇਆ।

ਸਾਰੇ ਪਿੰਡ ਵਿੱਚ ਰੌਲਾ ਪੈ ਗਿਆ ਸੀ। ਗੇਂਦੇ ਚੌਕੀਦਾਰ ਨੂੰ ਜੇ ਕੋਈ ਕੁਝ ਪੁੱਛਦਾ, ਚੌਕੀਦਾਰਾ, ਤੈਨੂੰ ਤਾਂ ਸਾਰੀ ਗੱਲ ਦਾ ਪਤਾ ਹੋਣੈ?

ਨਾ, ਨਾ ਭਾਈ ਮੈਨੂੰ ਕੋਈ ਇਲਮ ਨੀ। ਗੇਂਦਾ ਜਵਾਬ ਦਿੰਦਾ।

ਕੰਦੋ ਦੇ ਘਰੋਂ ਪਟਵਾਰੀ ਨੂੰ ਧਰਮੂ ਪੰਚ ਤੇ ਰੌਣਕੀ ਬਾਣੀਏ ਨੇ ਚੁੱਕਿਆ ਸੀ। ਉਸ ਦੇ ਮਕਾਨ ਵਿੱਚ ਲਿਆ ਕੇ ਮੰਜੇ 'ਤੇ ਪਾਇਆ ਸੀ। ਪਟਵਾਰੀ ਨੇ ਭੋਰਾ ਵੀ ਗੱਲ ਪੁਲਿਸ ਕੋਲ ਨਹੀਂ ਸੀ ਪਹੁੰਚਣ ਦਿੱਤੀ, ਪਰ ਉਹ ਨਮੋਸ਼ੀ ਬਹੁਤ ਮੰਨ ਗਿਆ ਸੀ। ਪੰਜ-ਸੱਤ ਦਿਨਾਂ ਵਿੱਚ ਹੀ ਉਹ ਆਪਣਾ ਸਮਾਨ ਚੁੱਕ ਕੇ ਮਕਾਨ ਖਾਲੀ ਕਰ ਗਿਆ। ਮੁੜ ਕੇ ਪਿੰਡ ਨਹੀਂ ਸੀ ਵੜਿਆ। ਦੂਜੇ ਪਟਵਾਰੀ ਦੇ ਆਉਣ 'ਤੇ ਹੀ ਪਤਾ ਲੱਗਿਆ ਕਿ ਕੁੰਦਨ ਪਾਟਵਾਰੀ ਨੇ ਤਾਂ ਬਦਲੀ ਕਰਵਾ ਲਈ ਸੀ। ਬਹੁਤਾ ਦੁੱਧ ਦੇਣ ਵਾਲੀ ਮੱਝ ਚੰਦੋ ਨੇ ਵੇਚ ਦਿੱਤੀ। ਇੱਕ ਜਿਹੜੀ ਰਹਿ ਗਈ, ਉਸ ਦਾ ਇੱਕ ਥਣ ਚੋਅ ਕੇ ਦੂਜੇ ਥਣ ਨੂੰ ਭਾਵੇਂ ਕੋਈ ਹੋਰ ਚੋਣ ਬੈਠ ਜਾਵੇ। ਤੀਜੇ ਨੂੰ ਹੋਰ, ਚੌਥੇ ਨੂੰ ਹੋਰ। ਭੋਰਾ ਵੀ ਨਾ ਹਿੱਲਦੀ। ਪੈਰ ਗੱਡ ਕੇ ਖੜ੍ਹੀ ਰਹਿੰਦੀ, ਪਰ ਉਸ ਥੱਲੇ ਦੁੱਧ ਥੋੜ੍ਹਾ ਸੀ, ਮਗਰ ਵੀ ਕੱਟਾ ਸੀ। ਸੀਲ ਹੋਣ ਕਰਕੇ ਚੰਦੋ ਉਸ ਨੂੰ ਵੇਚਣਾ ਨਹੀਂ ਸੀ ਚਾਹੁੰਦੀ। ਉਹ ਤਾਂ ਉਨ੍ਹਾਂ ਦੇ ਘਰ ਚਾਰ-ਪੰਜ ਸੂਏ ਦੇ ਚੁੱਕੀ ਸੀ। ਉਨ੍ਹਾਂ ਦੇ ਘਰ ਵਿੱਚ ਤਾਂ ਜਿਵੇਂ ਉਸ ਦਾ ਸਦੀਵੀਂ ਮੋਹ ਪੈ ਗਿਆ ਹੋਵੇ ਤੇ ਨਾਲੇ ਉਹ ਖਰੀਦੀ ਹੋਈ ਵੀ ਸੂਬੇਦਾਰ ਦੇ ਆਪਣੇ ਹੱਥਾਂ ਦੀ ਸੀ।

ਪਾਲੀ ਚਮਿਆਰਾਂ ਦਾ ਮੁੰਡਾ ਸੀ। ਉਮਰ ਪੰਦਰਾਂ-ਸੋਲਾਂ ਸਾਲ। ਰੰਗ ਤਾਂ ਭਾਵੇਂ ਗੁੜ ਦੇ ਕੜਾਹ ਵਰਗਾ ਸੀ, ਪਰ ਨੈਣ-ਨਕਸ਼ ਵਾਹਵਾ ਸਨ। ਹੱਡਾਂ-ਪੈਰਾਂ ਦਾ ਵੀ ਖੁੱਲ੍ਹਾ ਸੀ। ਜਾਂਘੀਆ ਪਾਕੇ ਰੱਖਦਾ। ਚਾਦਰਾ ਉਸਨੇ ਕਦੇ ਵੀ ਨਹੀਂ ਸੀ ਪਾਇਆ। ਚੰਦੋ ਕਈ ਵਾਰ ਉਸਨੂੰ ਟੋਕਦੀ- ਮੂਲ੍ਹਿਆਂ ਵਰਗੇ ਪੱਟ ਨੰਗੇ ਰੱਖਦੈਂ, ਕੋਈ ਨਿਆਣੈ, ਅਜੇ ਵੀ ਤੂੰ?

ਉਹ ਮੁਸਕਰਾ ਛੱਡਦਾ।

ਉਹ ਉਸ ਦੇ ਪੱਟਾਂ 'ਤੇ ਮੋੜਵੀ ਨਜ਼ਰ ਸੁੱਟਦੀ। ਉਹ ਕੁੜਤੇ ਦੇ ਪੱਲੇ ਨਾਲ ਪੱਟਾਂ ਨੂੰ ਢਕ ਲੈਣ ਦੀ ਕੋਸ਼ਿਸ਼ ਕਰਨ ਲੱਗਦਾ।

ਇੱਕ ਦਿਨ ਕੁਤਰੇ ਕਰਨ ਵਾਲੀ ਮਸ਼ੀਨ ਮੂਹਰੇ ਚਰ੍ਹੀ ਦਾ ਟੋਕਾ ਬਚਿਆ ਪਿਆ ਸੀ। ਆਥਣ ਦਾ ਵੇਲਾ ਸੀ। ਚੰਦੋ ਰੋਟੀਆਂ ਪਕਾ ਰਹੀ ਸੀ। ਉਹ ਬਾਹਰੋਂ ਆਇਆ। ਚੰਦੋ ਨੇ ਉਸ ਨੂੰ ਕਿਹਾ ਕਿ ਉਹ ਮਸ਼ੀਨ ਮੂਹਰਿਓਂ ਟੋਕਾ ਚੁੱਕ ਕੇ ਸਬਾਤ ਵਿੱਚ ਧਰ ਦੇਵੇ। ਬੱਦਲ ਹੋ ਗਏ ਹਨ। ਮੀਂਹ-ਕਣੀ ਦਾ ਮੌਸਮ ਹੈ। ਰਾਤ ਨੂੰ ਮੀਂਹ ਪੈ ਗਿਆ ਤਾਂ ਟੋਕਾ ਭਿੱਜ ਕੇ ਮੁਸ਼ਕ ਜਾਵੇਗਾ।

ਇੱਕ ਵੱਡੇ ਸਾਰੇ ਟੋਕਰੇ ਵਿੱਚ ਸਾਰਾ ਟੋਕਾ ਪਾ ਕੇ ਉੱਤੋਂ ਉਸ ਨੇ ਉਸ ਨੂੰ ਸੰਵਾਰ ਕੇ ਥਾਪੜ ਲਿਆ। ਇਕੱਲਾ ਚੁੱਕੇ ਤਾਂ ਚੁਕਿਆ ਨਾ ਜਾਵੇ। ਟੋਕਰਾ ਸੀ ਵੀ ਭਾਰੀ ਤੇ ਇਕੱਲੇ ਦਾ ਬਲ ਵੀ ਨਹੀਂ ਸੀ ਪੈਂਦਾ। ਉਹ ਨੇ ਚੰਦੋ ਨੂੰ ਹਾਕ ਮਾਰੀ, ਤਾਈ, ਲਵਾਈ ਹੱਥ।

ਸੌ ਵਾਰੀ ਆਖਿਆ ਕੇ ਤੈਨੂੰ, ਤਾਈ ਨਾ ਕਿਹਾ ਕਰ। ਤਾਈ, ਤਾਈ। ਪਿਓ ਨੂੰ ਤਾਂ ਪੁੱਛੀ, ਸੂਬੇਦਾਰ ਉਹ ਤੋਂ ਵੱਡਾ ਸੀ ਕਿ ਛੋਟਾ? ਚਾਚੀ ਆਖਿਆ ਕਰ। ਅਹੀ ਤੀ ਕਰੌਣਾ ਨਾ ਹੋਵੇ ਤਾਂ।

ਚੰਗਾ ਤਾਈ, ਚਾਚੀ ਕਹਿ ਦਿਆ ਕਰੂੰਗਾ।

ਫੇਰ ਤਾਈ? ਚੰਦੋ ਨੇ ਟੋਕਰਾ ਚੁੱਕ ਕੇ ਉਸ ਦੇ ਡੌਲੇ 'ਤੇ ਚੂੰਢੀ ਵੱਢ ਦਿੱਤੀ।

ਤਾਈ....ਊਈ ......ਟੋਕਰਾ ਡਿੱਗ ਪੂ। ਉਸ ਨੇ ਚੰਦੋ ਦਾ ਹੱਥ ਫੜ ਕੇ ਪਰ੍ਹਾਂ ਝੰਜਕ ਦਿੱਤਾ। ਸਬ੍ਹਾਤ ਵੱਲ ਟੋਕਰਾ ਚੁੱਕੀ ਜਾਂਦੇ ਦੇ ਮੌਰਾਂ 'ਤੇ ਚੰਦੋ ਨੇ ਇੱਕ ਧੱਫ਼ਾ ਮਾਰ ਦਿੱਤਾ-ਕਮੂਤ, ਅਜੇ ਕਿਹੜਾ ਹਟਦੈ ਕਹਿਣੋਂ।

ਚੱਕਲੇ 'ਤੇ ਰੋਟੀ ਵੇਲਦੀ ਚੰਦੋ ਦੇ ਦਿਮਾਗ ਵਿੱਚ ਮੁੜ-ਮੁੜ ਇਹ ਅਹਿਸਾਸ ਟਪਕਦਾ ਕਿ ਉਸ ਦੇ ਡੌਲੇ ਦਾ ਮਾਸ ਕਿੰਨਾ ਕਰਡਾ ਸੀ। ਚੂੰਢੀ ਵੱਢ ਕੇ ਉਸ ਦਾ 'ਗੂਠਾ ਤੇ ਉਂਗਲ ਅਜੇ ਵੀ ਚਿਲੂੰ-ਚਿਲੂੰ ਕਰੀ ਜਾਂਦੇ ਸਨ। ਬਾਟੀ ਵਿੱਚ ਦਾਲ ਪਵਾ ਕੇ ਤੇ ਹੱਥ 'ਤੇ ਦੋ ਰੋਟੀਆਂ ਖਾ ਕੇ ਉਹ ਰਸੋਈ ਵਿੱਚ ਹੀ ਇੱਕ ਪਾਸੇ ਬਹਿ ਗਿਆ। ਚੰਦੋ ਮੁੜ-ਮੁੜ ਉਸ ਦੇ ਮੂੰਹ ਵੱਲ ਦੇਖੀ ਜਾਂਦੀ ਸੀ ਤੇ ਚਿੱਤ ਵਿੱਚ ਕਹੀ ਜਾਂਦੀ ਸੀ, ਢਹਿ ਜਾਣੇ ਦਾ ਮਾਸ ਕਿੰਨਾ ਕਰੜੈ।

ਕਪਾਹ-ਛਟੀ ਤੋੜ ਕੇ ਚੁੱਲ੍ਹੇ ਵਿੱਚ ਡਾਹੁੰਦੀ ਨੇ ਪੁੱਛਿਆ, ਕੈਲਿਆ, ਵਿਆਹ ਤੇਰਾ ਫੇਰ ਹੁਣ ਕਦੋਂ ਦਾ ਦੇਣਗੇ?

ਕੀ ਪਤੈ, ਬਾਪੂ ਇਹ ਸਾਕ ਛੱਡ ਈ ਦੇਵੇ, ਚਾਚੀ। ਉਹ ਹੁਣ ਤੋਂ ਚਾਚੀ ਕਹਿਣ ਲੱਗ ਪਿਆ ਸੀ।

ਕਿਉਂ, ਛੱਡੂਗਾ ਕਿਉਂ?

ਕੈਲਾ ਬੋਲਿਆ ਨਹੀਂ। ਚੁੱਪ-ਚਾਪ ਰੋਟੀ ਖਾਂਦਾ ਰਿਹਾ।

ਥੋੜ੍ਹਾ ਚਿਰ ਠਹਿਰ ਕੇ ਉਹ ਫਿਰ ਪੁੱਛਣ ਲੱਗੀ, ਛੱਡੂ ਗਾ ਕਾਹਤੋਂ ਵੇ?

ਕੁੜੀ ਤਾਂ, ਚਾਚੀ ਕਹਿੰਦੇ ਪਿੰਡ ਦੇ ਕਿਸੇ ਮੁੰਡੇ ਨਾਲ ਨਿਕਲ 'ਗੀ ਸੀ। ਚਹੁੰ ਦਿਨਾਂ ਪਿੱਛੋਂ ਮੋੜ ਕੇ ਲਿਆਂਦੀ। ਅਜੇ ਤਾਂ ਗੱਲ ਨੀ ਉਡੀ, ਲੋਕਾਂ 'ਚ, ਨਹੀਂ ਤਾਂ ਪੱਟੀ ਮੇਸ ਹੋ ਜਾਣੀ ਸੀ ਚਮਿਆਰ ਦੀ। ਚੁੱਪ-ਗੜੁੱਪ 'ਚ ਈ ਮੋੜ ਲਿਆਂਦੀ। ਸਾਕ ਨੂੰ ਜਵਾਬ ਦਿਊ ਜ਼ਰੂਰ ਬਾਪੂ। ਦੀਂਹਦੀ ਐ। ਤੀਜੀ ਰੋਟੀ ਫੜਦਿਆਂ ਕੈਲਾ ਕਹਿ ਰਿਹਾ ਸੀ।

ਕਿਉਂ ਵੇ ਜਵਾਬ ਕਿਉਂ ਦੇਣੈ? ਚਾਰ ਦਿਨਾਂ 'ਚ ਬਗਾਨੇ ਮੁੰਡੇ ਨੇ ਤੋੜ ਤਾਂ ਨੀ ਲਿਆ ਕੁਸ ਉਹ ਦਾ?

ਲੈ, ਚਾਚੀ, ਬਦਨਾਮੀ ਜਿਹੜੀ ਹੋ 'ਗੀ, ਓਹੋ?

ਨਹੀਂ ਵੇ ਨਹੀਂ, ਕੋਹੜੀਆ। ਅੱਜ ਤਾਂ ਚਾਚੀ, ਤੂੰ ਜਮ੍ਹਾ ਮੱਛਰੀ ਫਿਰਦੀ ਐਂ। ਕਹਿ ਕੇ ਕੈਲੇ ਨੇ ਇਕ ਰੋਟੀ ਫੜੀ ਤੇ ਥੋੜ੍ਹੀ ਜਿਹੀ ਦਾਲ ਹੋਰ ਪਵਾ ਕੇ ਰਸੋਈ ਤੋਂ ਬਾਹਰ ਜਾ ਬੈਠਾ।

ਹੈਥੇ, ਨ੍ਹੇਰੇ 'ਚ ਤੈਨੂੰ ਕੀ ਦਿੱਸੂ ਵੇ ਢਾਂਡਿਆ? ਜਾਂ ਤਾਂ ਵਿਹੜੇ ਵਾਲੀ 'ਸੁੱਚ' ਦੱਬ ਲੈ।

ਰੋਟੀ ਈ ਖਾਣੀ ਐ। ਨਾਸਾਂ 'ਚ ਤਾਂ ਨੀ ਪੈਜੂ ਬੁਰਕੀ?

ਪੰਪ ਤੋਂ ਕੈਲੇ ਨੇ ਬਾਟੀ ਧੋਤੀ, ਪਾਣੀ ਪੀਤਾ ਤੇ ਬਾਟੀ ਨੂੰ ਆਲੇ ਵਿੱਚ ਖੜ੍ਹੀ ਕਰਕੇ ਉਹ ਘਰ ਨੂੰ ਜਾਣ ਲੱਗਿਆ। ਦਰਵਾਜ਼ੇ ਵਿੱਚ ਜਾ ਕੇ ਉਹ ਮੁੜ ਆਇਆ। ਕਹਿੰਦਾ, ਚਾਚੀ, ਧਾਰ ਤਾਂ ਤੂੰ ਕੱਢ ਲੇਂਗੀ ਆਪੇ? ਮੈਂ ਜਾਵਾਂ?

ਵੇ ਖੜ੍ਹ ਜਾ। ਧਾਰ ਹੁਣ ਕਢਾ ਕੇ ਈ ਜਾਈਂ। ਨਾਲੇ ਦੁੱਧ ਲੈ ਜੀ ਗੜਵੀ ਕੁ। ਥੋਡੀ ਬੁੜ੍ਹੀ ਕਹਿ ਗਈ ਅਖੇ ਛੋਟੀ ਕੁੜੀ ਦਾ ਪ੍ਰਾਹੁਣਾ ਆਇਆ ਹੋਇਆ।

ਉਸ ਦੇ ਮਨ ਵਿੱਚ ਪਾਲਾ ਜਾਗਿਆ, ਇਹ ਦੁੱਧ ਦੀ ਗੜਵੀ ਕਿਹੜਾ ਦਿੰਦੀ ਐ-ਕਿਤੇ....

9

ਕਦੇ-ਕਦੇ ਤਾਂ ਘਰ ਚੰਦੋ ਨੂੰ ਖਾਣ ਨੂੰ ਆਉਂਦਾ। ਕੀ ਕਰਨਾ ਸੀ ਉਸ ਨੇ ਐਡਾ ਘਰ? ਉਸ ਨੂੰ ਤਾਂ ਇੱਕ ਕੋਠੜੀ ਨਾਲ ਸਰ ਸਕਦਾ ਸੀ। ਮੱਝ ਉਸ ਨੇ ਕੀਹਦੇ ਵਾਸਤੇ ਬੰਨ੍ਹ ਰੱਖੀ ਸੀ। ਤੜਕੇ ਸਦੇਹਾਂ ਉੱਠ ਕੇ ਉਹ ਆਹਰ ਜਿਹਾ ਕਿਸ ਵਾਸਤੇ ਕਰਦੀ ਸੀ? ਰਾਤ ਨੂੰ ਇਕੱਲੀ ਪਈ ਉਹ ਹਉਕੇ ਲੈਂਦੀ। ਉਹ ਆਪਣੇ ਕੋਲ ਰਾਤ ਨੂੰ ਗਵਾਂਢ ਵਿੱਚੋਂ ਕਦੇ ਕਿਸੇ ਕੁੜੀ ਨੂੰ ਪਾ ਲੈਂਦੀ ਤੇ ਕਦੇ ਕਿਸੇ ਬੁੜ੍ਹੀ ਨੂੰ। ਕੁੜੀਆਂ-ਬੁੜ੍ਹੀਆਂ, ਪਰ ਰਾਤ ਨੂੰ ਉਸ ਕੋਲ ਪੈਣ ਤੋਂ ਸੰਗਦੀਆਂ ਸਨ। ਝਿਜਕਦੀਆਂ ਸਨ। ਡਰ ਰਹਿੰਦਾ, ਕਿਤੇ ਕੋਈ ਓਪਰਾ ਬੰਦਾ ਨਾ ਆ ਜਾਵੇ। ਇਉਂ ਓਪਰੇ ਬੰਦੇ ਨੇ ਕਿਸ ਨੇ ਆਉਣਾ ਸੀ? ਜਦੋਂ ਕਿਤੇ ਹਰਨੇਕ ਨੇ ਆਉਣਾ ਹੁੰਦਾ, ਉਹ ਆਪ ਹੀ ਕਿਸੇ ਕੁੜੀ, ਬੁੜ੍ਹੀ ਨੂੰ ਆਪਣੇ ਕੋਲ ਨਹੀਂ ਸੀ ਪਾਉਂਦੀ।

ਫਿਰ ਤਾਂ ਉਹ ਕਿਸੇ ਨੂੰ ਆਪਣੇ ਕੋਲ ਪਾਉਣੋਂ ਹਟ ਹੀ ਗਈ ਸੀ। ਇਕੱਲੀ ਪੈਂਦੀ। ਕੀ ਡਰ ਸੀ? ਆਲੇ-ਦੁਆਲੇ ਦੇ ਘਰ ਘੁੱਗ ਵੱਸਦੇ ਸਨ। ਆਲੇ-ਦੁਆਲੇ ਦੇ ਘਰਾਂ ਵਿੱਚ ਇਕੱਲੀ ਰਹਿੰਦੀ ਤਾਂ ਉਹ ਇਉਂ ਲੱਗਦੀ ਸੀ, ਜਿਵੇਂ ਕਿਸੇ ਵੱਡੇ ਸਾਰੇ ਸੰਯੁਕਤ ਪਰਿਵਾਰ ਵਿੱਚ ਰਹਿੰਦੀ ਹੋਵੇ।

ਪੰਜਵੇਂ-ਸੱਤਵੇਂ ਦਿਨ ਟਿਕੀ ਰਾਤ ਤੋਂ ਹਰਨੇਕ ਆਉਂਦਾ। ਦਰਵਾਜ਼ੇ ਦਾ ਕੁੰਡਾ ਖੜਕਾ ਦਿੰਦਾ। ਚੰਦੋ ਨੂੰ ਪਹਿਲਾਂ ਹੀ ਪਤਾ ਹੁੰਦਾ। ਉਹ ਤਾਂ ਉਸ ਦੀ ਉਡੀਕ ਵਿੱਚ ਜ਼ੀਰੋ ਦਾ ਬਲ੍ਹਬ ਜਗਾ ਕੇ ਬੈਠਕ ਵਿੱਚ ਜਾਗਦੀ ਪਈ ਹੁੰਦੀ ਸੀ। ਵੱਡੇ ਤੜਕੇ ਉੱਠ ਕੇ ਹਰਨੇਕ ਵਗ ਜਾਂਦਾ।

ਪੰਦਰਵੇਂ-ਵੀਹਵੇਂ ਦਿਨ ਹੀ ਉਹ ਹਰਨੇਕ ਨੂੰ ਕਿੱਲੋ, ਡੇਢ ਕਿੱਲੋਂ ਘਿਓ ਫੜਾ ਦਿੰਦੀ। ਘਰ ਜਾ ਕੇ ਆਪਣੀ ਤੀਵੀਂ ਕੋਲ ਉਹ ਬਹਾਨਾ ਲਾਉਂਦਾ ਕਿ ਘਿਓ ਤਾਂ ਉਹ ਕਿਸੇ ਦਿਉਂ ਮੁੱਲ ਲਿਆਇਆ ਹੈ। ਸ਼ਰਾਬ ਪੀਣ ਵਾਸਤੇ ਵੀ ਉਹ ਕਦੇ-ਕਦੇ ਚੰਦੋ ਤੋਂ ਦਸਾਂ ਦਾ ਨੋਟ ਫੜ ਲਿਜਾਂਦਾ ਸੀ।

ਹੁਣ ਤਾਂ ਹਰਨੇਕ ਦੀ ਘਰਵਾਲੀ ਵੀ ਕੁਝ ਨਹੀਂ ਸੀ ਬੋਲਦੀ। ਬਥੇਰਾ ਲੜ ਹਟੀ ਸੀ। ਕੋਈ ਕਸਰ ਨਹੀਂ ਛੱਡੀ। ਸੌ ਵਾਰੀ ਹਰਨੇਕ ਨਾਲ ਦੂਰੋ-ਦੂਰੀ ਹੋਈ ਸੀਤੇ ਚੰਦੋ ਨੂੰ ਕਿੰਨੀ ਹੀ ਵਾਰ ਛੱਜ ਵਿੱਚ ਪਾ ਕੇ ਛੰਡਿਆ ਸੀ, ਪਰ ਉਹ ਹਾਰ ਕੇ ਹੁਣ ਚੁੱਪ ਹੋ ਗਈ ਸੀ।

10

ਜਿਸ ਦਿਨ ਚੰਦੋ ਕਦੇ ਘਰ ਨਾ ਹੁੰਦੀ, ਕੈਲਾ ਟੋਕਾ ਕਰਵਾਉਣ ਵਾਸਤੇ ਕਿਸੇ ਮੁੰਡੇ ਨੂੰ ਸੱਦ ਲਿਆਉਂਦਾ। ਕਦੇ ਕਿਸੇ ਨੂੰ, ਕਦੇ ਕਿਸੇ ਨੂੰ। ਗੰਡੇ ਕੇ ਚਰਨ ਨੂੰ ਤਾਂ ਉਹ ਜਦੋਂ ਮਰਜ਼ੀ ਸੱਦ ਲੈਂਦਾ। ਕਦੇ-ਕਦੇ ਚੰਦੋ ਦੇ ਘਰ ਹੁੰਦਿਆਂ ਵੀ ਉਹ ਚਰਨ ਨੂੰ ਸੱਦ ਲਿਆਉਂਦਾ। ਜਦ ਉਹ ਟੋਕਾ ਕਰ ਹਟਦੇ। ਹਾਰੇ ਵਿਚੋਂ ਤੌੜੀ ਲਾਹ ਕੇ ਸੂਹਾ-ਸੂਹਾ ਦੁੱਧ ਚੰਦੋ ਦੋਵਾਂ ਨੂੰ ਪਿਆਉਂਦੀ।

ਸਿਆਲ ਦੇ ਦਿਨ ਸਨ। ਅਸਮਾਨ 'ਤੇ ਬੱਦਲ ਛਾਏ ਹੋਏ ਸਨ। ਰਾਤ ਨੂੰ ਦੁੱਧ ਬਾਧ ਸਾਂਭਣ ਤੋਂ ਬਾਅਦ ਚੰਦੋ ਨੇ ਦਰਵਾਜ਼ੇ ਦਾ ਅੰਦਰਲਾ ਕੁੰਡਾ ਲਾਇਆ ਤੇ ਸਬ੍ਹਾਤ ਵਿੱਚ ਪੈ ਗਈ। ਬੱਦਲ ਗੱਜਿਆ। ਸਬਾਤ ਦਾ ਕੁੰਡਾ ਖੋਲ੍ਹ ਕੇ ਉਹ ਵਿਹੜੇ ਵਿੱਚ ਆਈ। ਘੁੱਪ-ਹਨੇਰੀ ਰਾਤ। ਬਿਜਲੀ ਲਿਸ਼ਕੀ ਤੇ ਬਦਲ ਗੜਗੜਾਇਆ। ਨੰਗੀ ਬਾਂਹ ਫੈਲਾ ਕੇ ਉਸ ਨੇ ਮਹਿਸੂਸ ਕੀਤਾ, ਕੋਈ-ਕੋਈ ਕਣੀ ਡਿੱਗਣ ਲੱਗ ਪਈ ਸੰਭਾਲ ਕੇ ਉਹ ਸਬ੍ਹਾਤ ਵਿੱਚ ਆਉਣ ਲੱਗੀ ਤਾਂ ਦਰਵਾਜ਼ੇ ਦੇ ਤਖ਼ਤੇ ਖੜਕੇ। ਉਹ ਦਰਵਾਜ਼ੇ ਵਿੱਚ ਗਈ। ਤਖ਼ਤਿਆਂ ਨਾਲ ਕੰਨ ਲਾਇਆ। ਕੋਈ ਵੀ ਨਹੀਂ ਸੀ। ਕੌਣ ਐਂ? ਉਸ ਨੇ ਕਿਹਾ ਵੀ। ਕੁੰਡਾ ਖੋਲ੍ਹ ਕੇ ਦੇਖਿਆ। ਕੋਈ ਵੀ ਨਹੀਂ ਸੀ ਸੀ। ਉਸ ਦੀ ਹਾਸੀ ਨਿਕਲ ਗਈ। ਪੁੱਤ ਖਾਣੇ ਦੀ। ਉਸ ਨੂੰ ਹੁਣ ਪਤਾ ਲੱਗਿਆ ਕਿ ਇਹ ਤਾਂ ਹਵਾ ਸੀ। ਬਿਜਲੀ ਬੁਝਾ ਕੇ ਉਹ ਸਬ੍ਹਾਤ ਵਿੱਚ ਆਈ ਤੇ ਰਜਾਈ ਚਾਰੇ ਲੜ ਦੱਬ ਕੇ ਪੈ ਗਈ। ਉਸ ਦੇ ਢਿੱਡ ਵਿੱਚੋਂ ਪਾਲਾ ਉੱਠ ਰਿਹਾ ਸੀ। ਉਹ ਕੁਝ ਵੀ ਨਹੀਂ ਸੀ ਸੋਚ ਰਹੀ। ਹੌਲੀ-ਹੌਲੀ ਉਸ ਨੂੰ ਨੀਂਦ ਆ ਗਈ।

ਸੁਪਨੇ ਵਿੱਚ ਉਸ ਦੇ ਮਗਰ ਇੱਕ ਝੋਟਾ ਪਿਆ ਹੋਇਆ ਸੀ। ਝੋਟੇ ਮਗਰ ਲੋਕ ਡਾਂਗਾਂ ਚੁੱਕੀ ਭੱਜੇ ਆ ਰਹੇ ਸਨ। ਲਾਲਕਾਰੇ ਮਾਰ ਰਹੇ ਸਨ। ਝੋਟੇ ਨੂੰ ਡਰਾ ਕੇ ਉਹ ਉਸ ਦੇ ਮਗਰੋਂ ਮੋੜਨਾ ਚਾਹੁੰਦੇ ਸਨ। ਝੋਟਾ ਪਰ ਬੇਥਾਹ ਉਸ ਦੇ ਪਿੱਛੇ ਪਿਆ ਹੋਇਆ ਸੀ। ਉਹ ਵੀ ਭੱਜ ਰਹੀ ਸੀ। ਪਰ ਜਿੰਨਾ ਉਹ ਭੱਜਣਾ ਚਾਹੁੰਦੀ ਸੀ, ਓਨਾ ਉਸ ਤੋਂ ਭੱਜਿਆ ਨਹੀਂ ਸੀ ਜਾ ਰਿਹਾ। ਉਸ ਦੇ ਮਨ ਵਿੱਚ ਬਹੁਤ ਕਾਹਲ ਸੀ। ਪਰ ਉਸ ਦੇ ਪੈਰ ਮਸ਼ਾਂ ਹੀ ਧਰਤੀ ਤੋਂ ਪੁੱਟੇ ਜਾ ਰਹੇ ਸਨ। ਜਿਵੇਂ ਧਰਤੀ ਨਾਲ ਹੀ ਚਿਪਕ ਗਏ ਹੋਣ। ਮਣ-ਮਣ ਦੇ ਭਾਰੀ ਹੋ ਗਏ ਹੋਣ। ਉਸ ਦਾ ਧੜ ਅੱਗੇ ਨੂੰ ਜਾ ਰਿਹਾ ਸੀ ਤੇ ਪੈਰ ਜਿਵੇਂ ਹਿੱਲ ਹੀ ਨਹੀਂ ਸਨ ਰਹੇ। ਰਸਤੇ ਵਿੱਚ ਇੱਕ ਟੋਇਆ ਆਉਂਦਾ ਹੈ। ਪੈਰ ਉੱਖੜ ਕੇ ਉਹ ਉਸ ਟੋਏ ਵਿੱਚ ਡਿੱਗ ਪੈਂਦੀ ਹੈ। ਭੂਸਰਿਆ ਹੋਇਆ ਝੋਟਾ ਟੋਏ 'ਤੇ ਖੜ੍ਹਾ ਹੈ। ਉਸ ਦੀਆਂ ਨਾਸਾਂ ਵਿੱਚੋਂ ਤਿੱਖੇ ਫੁਕਾਰੇ ਛੁੱਟ ਰਹੇ ਹਨ। ਮੂੰਹ ਵਿੱਚੋਂ ਝੱਗ ਡਿੱਗ ਰਹੀ ਹੈ। ਕਿੰਨੇ ਹੀ ਲੋਕਾਂ ਨੇ ਆ ਕੇ ਉਸ ਨੂੰ ਭਾਲਿਆਂ ਨਾਲ ਪਰੋ ਦਿੱਤਾ। ਗੰਡਾਸਿਆਂ ਨਾਲ ਵੱਢ ਦਿੱਤਾ। ਇੱਕ ਬੰਦੇ ਨੇ ਬਾਂਹ ਫੜ ਕੇ ਉਸ ਨੂੰ ਟੋਏ ਵਿੱਚੋਂ ਬਾਹਰ ਕੱਢ ਲਿਆ। ਉਸ ਦੇ ਕੱਪੜਿਆਂ ਤੋਂ ਮਿੱਟੀ ਝਾੜੀ। ਨੇੜੇ ਹੀ ਗੁਰਦੁਆਰੇ ਵਾਲੀ ਹਲਟੀ ਤੋਂ ਪਾਣੀ ਦਾ ਬੁੱਕ ਲਿਆ ਕੇ ਉਸ ਦੇ ਮੂੰਹ ਨੂੰ ਲਾਇਆ ਹੈ। ਫਿਰ ਉਸ ਨੂੰ ਦਿੱਸਿਆ, ਝੋਟਾ ਮਾਰਿਆ ਪਿਆ ਹੈ। ਗੰਡਾਸਿਆਂ ਭਾਲਿਆਂ ਵਾਲੇ ਲੋਕ ਪਤਾ ਨਹੀਂ ਕਦੋਂ ਘਰਾਂ ਨੂੰ ਤੁਰ ਗਏ ਹਨ। ਜਿਸ ਨੇ ਉਸ ਨੂੰ ਟੋਏ ਵਿੱਚੋਂ ਕੱਢਿਆ ਸੀ, ਉਹ ਅਜੇ ਉਸ ਦੇ ਕੋਲ ਹੀ ਖੜ੍ਹਾ ਹੈ ਤੇ ਉਸ ਵੱਲ-ਉਸ ਦੇ ਅੰਗ ਅੰਗ ਵੱਲ ਡੂੰਘੀ ਨਜ਼ਰ ਸੁੱਟ ਰਿਹਾ ਹੈ। ਬੋਲ ਕੁਝ ਨਹੀਂ ਰਿਹਾ। ਸਿਰਫ਼ ਦੇਖ ਰਿਹਾ ਹੈ। ਉਹ ਬੰਦਾ ਉਸ ਨੂੰ ਬਹੁਤ ਸੁਹਣਾ ਲੱਗਦਾ ਹੈ। ਬਹੁਤ ਪਿਆਰਾ। ਉਸ ਬੰਦੇ ਵੱਲ ਉਸ ਦੀਆਂ ਬਾਹਾਂ ਉੱਠਦੀਆਂ ਹਨ। ਉਹ ਉਸ ਨੂੰ ਘੁੱਟ ਲੈਂਦਾ ਹੈ।

ਰਾਤ ਅੱਧੀ ਤੋਂ ਬਹੁਤ ਟੱਪ ਚੁੱਕੀ ਸੀ। ਉਸ ਨੂੰ ਮੁੜ੍ਹਕਾ ਆਇਆ ਹੋਇਆ ਸੀ। ਰਜ਼ਾਈ ਉਸ ਨੇ ਸਾਰੇ ਪਿੰਡ ਉੱਤੋਂ ਹੀ ਲਾਹ ਦਿੱਤੀ। ਉਵੇਂ ਜਿਵੇਂ ਪਈ ਰਹੀ। ਜ਼ੋਰਾਂ ਦੀਆਂ ਕਣੀਆਂ ਨਾਲ ਸਬ੍ਹਾਤ ਦੀ ਛੱਤ ਖੜਕ ਰਹੀ ਸੀ। ਉੱਠ ਕੇ ਬਿਜਲੀ ਜਲਾਈਂ। ਬਾਰ ਦਾ ਕੁੰਡਾ ਖੋਲ੍ਹ ਕੇ ਉਹ ਵਿਹੜੇ ਵਿੱਚ ਝਾਕੀ। ਮੀਂਹ ਬਹੁਤ ਜ਼ਿਆਦਾ ਵਰ੍ਹ ਰਿਹਾ ਸੀ। ਪਰਨਾਲਿਆਂ ਦਾ ਪਾਣੀ ਧਰਤੀ 'ਤੇ ਡਿੱਗਦਾ ਸੁਣ ਰਿਹਾ ਸੀ। ਘੁੱਪ ਹਨੇਰਾ ਸੀ। ਬਿਜਲੀ ਲਿਸ਼ਕੀ। ਉਸ ਨੇ ਦੇਖਿਆ, ਸੱਜੇ ਪਾਸੇ ਵਿਹੜੇ ਦੀ ਕੰਧ, ਜੋ ਇਕਹਿਰੀ ਇੱਟ ਦੀ ਸੀ ਡਿੱਗੀ ਪਈ ਹੈ। ਬਿਜਲੀ ਫਿਰ ਭੜਕੀ। ਵਿਹੜੇ ਵਿੱਚ ਡਿੱਗੀ ਪਈ ਕੰਧ ਉਸ ਨੇ ਫੇਰ ਦੇਖੀ। ਉਹ ਵਾਪਸ ਸਬ੍ਹਾਤ ਵਿੱਚ ਆਈ। ਬੋਰੀ ਦਾ ਝੁੰਭ ਬਣਾ ਕੇ ਸਿਰ 'ਤੇ ਲੈ ਲਿਆ। ਰਸੋਈ ਵਿੱਚ ਜਾ ਕੇ ਵਿਹੜੇ ਵਾਲੀ ਸਵਿੱਚ ਦੱਬੀ। ਕੰਧ ਬਿਲਕੁਲ ਸਾਫ਼ ਸੀ। ਵੀਹੀ ਤੇ ਵਿਹੜਾ ਇੱਕੋਂ ਬਣਿਆ ਪਿਆ ਸੀ। ਪਰ ਰਾਤ ਨੂੰ ਹੁਣ ਉਹ ਕੀ ਕਰਦੀ? ਸਲਵਾਰ ਦੇ ਪੌਂਚੇ ਚੜ੍ਹਾ ਕੇ ਉਹ ਵਿਹੜੇ ਦੇ ਪਾਣੀ ਵਿੱਚ ਛਪਲਕ-ਛਪਲਕ ਕਰਦੀ ਕੰਧ ਵਾਲੀਆਂ ਡਿੱਗੀਆਂ ਹੋਈਆਂ ਇੱਟਾਂ 'ਤੇ ਜਾ ਚੜ੍ਹੀ। ਹੈਰਾਨੀ ਨਾਲ ਦੇਖਣ ਲੱਗੀ। ਫੇਰ ਉਸ ਨੇ ਦੇਖਿਆ, ਕਿਤੇ ਵਿਹੜੇ ਵਾਲੇ ਵਹੀਣ ਦਾ ਪਾਣੀ ਤਾਂ ਨਹੀਂ ਬੰਦ ਹੋ ਗਿਆ? ਪਰ ਨਹੀਂ। ਪਾਣੀ ਨਿਕਲ ਰਿਹਾ ਸੀ, ਪਰ ਕੰਧ ਦਾ ਕੀ ਕਰੇ ਹੁਣ ਉਹ? ਉਸ ਦੇ ਸਿਰ 'ਤੇ ਲਈ ਬੋਰੀ ਵੀ ਚੋਣ ਲੱਗ ਪਈ ਸੀ। ਪਿੰਜਣੀਆਂ ਕੋਲ ਸਲਵਾਰ ਉੱਤੇ ਕਣੀਆਂ ਵੱਜ ਰਹੀਆਂ ਸਨ। ਵਿਹੜੇ ਵਾਲੀ ਬੱਤੀ ਬੁਝਾ ਕੇ ਉਹ ਸਬ੍ਹਾਤ ਵਿੱਚ ਆ ਗਈ, ਸਿਰ ਤੋਂ ਬੋਰੀ ਲਾਹ ਕੇ ਕਿੱਲੀ 'ਤੇ ਟੰਗ ਦਿੱਤੀ। ਇੱਕ ਪੁਰਾਣੇ ਦੋੜੇ ਨਾਲ ਰਗੜ ਕੇ ਪੈਰ ਪੂੰਝੇ। ਬਿਸਤਰੇ ਵਿੱਚ ਵੜ ਕੇ ਰਜਾਈ ਨੂੰ ਆਪਣੇ ਪਿੰਡੇ ਨਾਲ ਸਵਾਰ ਕੇ ਘੁੱਟ ਲਿਆ। ਬੱਤੀ ਉਵੇਂ, ਜਿਵੇਂ ਬਲਦੀ ਰਹੀ। ਉਹ ਆਪਣੇ ਸੁਪਨੇ ਨੂੰ ਲੱਭ ਰਹੀ ਸੀ।

ਦਿਨ ਚੜ੍ਹਿਆ। ਉਸ ਨੇ ਚਾਹ ਬਣਾਈ। ਕੈਲਾ ਵੀ ਆ ਗਿਆ।

ਚਾਚੀ, ਆਹ ਕੀ?

ਕਿੱਦਣ ਦੀ ਡਿਗੂੰ-ਡਿਗੂੰ ਕਰਦੀ ਸੀ। ਡਿੱਗ ਪੀ ਬੱਸ।

ਹੁਣ ਫੇਰ? ਬਾਟੀ ਵਿੱਚ ਚਾਹ ਪਵਾਉਂਦੇ ਕੈਲੇ ਨੇ ਪੁੱਛਿਆ।

ਹੁਣ ਨਵੀਂ ਕੱਢਾਂਗੇ ਏਹ ਨੂੰ, ਹੋਰ ਕੀ? ਸੁਬੇਦਾਰ ਸਲਾਹਾਂ ਕਰਦਾ ਈ ਰਹਿ ਗਿਆ। ਨਾ ਈ ਕੱਢੀ ਗਈ। ਪਿੱਲੀਆਂ ਇੱਟਾਂ ਦੀ ਕਿੰਨੀ ਕੁ ਮੁਨਿਆਦ ਹੁੰਦੀ ਐ, ਡਿੱਗ ਪੀ ਆਖ਼ਰ ਨੂੰ।

ਬਦਲ ਚੁੱਕੇ ਗਏ ਸਨ। ਹਵਾ ਵੀ ਨਹੀਂ ਸੀ ਵਗ ਰਹੀ। ਸੂਰਜ ਭੱਠੀ ਵਿੱਚੋਂ ਕੱਢੇ ਫਾਲੇ ਵਾਂਗ ਦਗ ਰਿਹਾ ਸੀ। ਸੱਚਮੁਚ ਈ ਅੱਗ ਦਾ ਗੋਲਾ। ਸਰਦੀ ਵਿੱਚ ਮਠਿਆਸ ਘੁਲ ਰਹੀ ਸੀ।

ਕੈਲਿਆ, ਅੱਜ ਨਾ ਛੱਡੀਂ ਮ੍ਹੈਸ ਵੇ। ਭਾਗੂ ਤਖਾਣ ਨੂੰ ਲਿਆ ਸੱਦ ਕੇ। ਚਰਨ ਜੇ ਘਰ ਹੋਇਆ, ਦੇਖੀਂ ਭਲਾ, ਭੇਜੀਂ ਮੇਰੇ ਕੋਲ। ਚੰਦੋ ਨੇ ਕਿਹਾ।

ਬਾਟੀ ਮਾਂਜ ਕੇ ਕੈਲੇ ਨੇ ਰਸੋਈ ਵਾਲੇ ਆਲੇ ਵਿੱਚ ਰੱਖ ਦਿੱਤੀ। ਭਾਗੂ ਦੇ ਘਰ ਜਾਣ ਤੋਂ ਪਹਿਲਾਂ ਉਹ ਚਰਨ ਕੇ ਘਰ ਹੀ ਚਲਿਆ ਗਿਆ। ਉਹ ਘਰ ਹੀ ਸੀ।

ਭਾਗੂ ਤੇਸੀ ਕਰੰਡੀ ਲੈ ਕੇ ਜਦੋਂ ਪਹੁੰਚਿਆ ਤਾਂ ਚੰਦੋ ਤੇ ਚਰਨ ਕੋਈ ਗੱਲ ਕਰਕੇ ਉੱਚੀ-ਉੱਚੀ ਹੱਸ ਰਹੇ ਸਨ।

ਚੰਦ ਕੁਰੇ, ਜਾਣਾ ਤਾਂ ਅੱਜ ਭੱਦੂ ਕੇ ਹਰਨਾਮੇ ਦੇ ਸੀ, ਕੈਲਾ ਕਹਿੰਦਾ, ਸਰਦਾ ਨੀ, ਜ਼ਰੂਰ ਚੱਲ, ਸੂਬੇਦਾਰਨੀ ਨੇ ਕਿਹੈ। ਮੈਂ ਕਿਹਾ-ਹਰਨਾਮੇ ਦਾ ਕੰਮ ਤਾਂ ਕੱਲ੍ਹ ਨੂੰ ਕਰ ਦਿਆਂਗੇ, ਸੂਬੇਦਾਰਨੀ ਦਾ ਆਖਿਆ ਕਾਹਨੂੰ ਮੋੜਨੈ। ਲੋਹੇ ਦੀ ਕੁਰਸੀ ਨੂੰ ਮੋਢੇ ਵਾਲੇ ਸਮੋਸੇ ਨਾਲ ਝਾੜਦਾ ਹੋਇਆ ਭਾਗੁ ਬੋਲਿਆ।

ਇਹ ਤਾਂ ਅੱਜ ਈ ਜ਼ਰੂਰੀ ਐ, ਮਿਸਤਰੀਆ। ਨਾ ਕੱਢੀ ਕੰਧ ਤਾਂ ਕੁੱਤੇ ਵੜ-ਵੜ ਨਿਕਲਣਗੇ। ਬਿਗਾਨਾ ਡੰਗਰ-ਪਸ਼ੂ ਕੋਈ ਆ ਵੜਿਆ ਤਾਂ ਊਂ ਵਿਹੜੇ ਦੀ ਖੁਰਗੋ ਕਰ ਜਿਆ ਕਰੂ। ਚੋਰੀ ਚਕਾਰੀ ਦਾ ਵੀ ਡਰ ਈ ਐ। ਦਰਵਾਜ਼ੇ ਦੀ ਦੇਹਲੀ 'ਤੇ ਪੈਰਾਂ ਭਾਰ ਬੈਠਾ ਚਰਨ ਕਹਿ ਰਿਹਾ ਸੀ।

ਚੰਗਾ ਫੇਰ, ਚੱਕ ਕਹੀ, ਕਰ ਗਾਰਾ। ਭਾਗੂ ਨੇ ਚਰਨ ਨੂੰ ਕਿਹਾ। ਚਰਨ ਦੰਦੀਆਂ ਕੱਢਣ ਲੱਗ ਪਿਆ।

ਵੇ ਚਰਨ, ਔਖਾ ਸੁਖਾਲਾ ਲਵਾ ਅੱਜ ਦਾ ਦਿਨ ਤਾਂ। ਬਾਹਾਂ ਦੀ ਬੁੱਕਲ ਨਾਲ ਹਿੱਕ ਘੁੱਟਦਿਆਂ ਚੰਦੋ ਨੇ ਆਖਿਆ। ਚੰਗਾ, ਕਹੀ ਲਿਆ ਫੇਰ ਕਿੱਥੇ ਐ?

ਇਹ ਬਣੀ ਨਾ ਗੱਲ। ਕਹਿ ਕੇ ਭਾਗੂ ਨੇ ਪੁੱਛਿਆ, ਕੈਲਾ ਨਹੀਂ ਮੁੜਿਆ ਹਾਲੇ? ਕਹਿੰਦਾ ਸੀ, ਘਰੇ ਜਾ ਆਵਾਂ ਮਾੜਾ ਜ੍ਹਾ।

ਉਹ ਦਾ ਮੁੜਨ ਐਸਾ-ਵੈਸਾ ਈ ਐ। ਚੰਦੋ ਕਹਿ ਕੇ ਹਟੀ ਹੀ ਸੀ ਕਿ ਕੈਲਾ ਆ ਗਿਆ। ਆਉਣ ਸਾਰ ਲੱਗਿਆ, ਇੱਟਾਂ ਤਾਂ ਤਾਈ ਸੱਚ ਚਾਚੀ, ਔਹ ਜਿਹੜੀਆਂ ਖੂੰਜੇ ਪਈਆਂ ਨੇ, ਨਵੀਆਂ, ਉਹ ਲਾਈਏ ਹੁਣ?

ਹੋਰ ਹੁਣ-ਹਜ਼ਾਰ ਇੱਟ ਇਹ ਸੂਬੇਦਾਰ ਨੇ ਏਸ ਕੰਧ ਵਾਸਤੇ ਈ ਲੈ ਕੇ ਰੱਖੀ ਸੀ। ਚੰਦੋ ਨੇ ਕਿਹਾ।

ਚੰਗਾ ਚਾਚੀ, ਤੂੰ ਕਾਰੀਗਰ ਵਾਸਤੇ ਚਾਹ ਬਣਾ ਤਿੱਖੀ ਜ੍ਹੀ ਮੈਂ ਤੇ ਚਰਨ ਨੀਂਹ ਹੁਣ ਪੁੱਟ ਦਿਨੇ ਆਂ-ਮਿੰਟਾਂ ਦੇ ਸ੍ਹਾਬ। ਕੈਲੇ ਨੇ ਆਖਿਆ। ਦੂਜੀ ਸਬ੍ਹਾਤ ਵਿੱਚੋਂ ਉਹ ਸੱਬਲ ਲੈਣ ਚਲਿਆ ਗਿਆ। ਆਉਂਦਾ ਹੋਇਆ ਕਹੀ ਵੀ ਚੁੱਕ ਲਿਆਇਆ।

ਚੰਦੋਂ ਚਾਹ ਬਣਾਉਣ ਲਈ ਵੱਡੇ ਡੱਬਕੂ ਵਿੱਚ ਪਾਣੀ ਦੇ ਗਲਾਸ ਪਾਉਣ ਲੱਗੀ। ਤੇਸੀ ਵਿੱਚੋਂ ਚੰਡ ਕੱਢ ਕੇ ਭਾਗੂ ਉਸ ਨੂੰ ਤਿੱਖਾ ਕਰਨ ਲੱਗਿਆ। ਸੱਬਲ ਨਾਲ ਕੈਲਾ ਨੀਂਹ ਵਿੱਚੋਂ ਇੱਟਾਂ ਉਖਾੜ-ਉਖਾੜ ਬਾਹਰ ਕੱਢਣ ਲੱਗਿਆ। ਚਰਨ ਕਹੀ ਨਾਲ ਮਿੱਟੀ ਕੱਢ ਰਿਹਾ ਸੀ। ਚਾਹ ਪੀ ਕੇ ਉਹ ਛੁੱਟੀ ਨਾਲ ਕੰਮ ਕਰਨ ਲੱਗੇ। ਸਾਹਲ, ਲੈਵਲ, ਸੂਤ ਤੇ ਗਜ਼ ਲੈਣ ਭਾਗੂ ਆਪਣਾ ਘਰ ਨੂੰ ਚਲਿਆ ਗਿਆ। ਭਾਗੂ ਥੋੜ੍ਹਾ ਜਿਹਾ ਚਿਰ ਲਾ ਕੇ ਆਇਆ। ਉਹ ਦੇ ਆਉਂਦੇ ਨੂੰ ਨੀਂਹ ਤਿਆਰ ਸੀ। ਕੈਲਾ ਗਾਰੇ ਵਾਸਤੇ ਵਿਹੜੇ ਵਿੱਚ ਟੋਆ ਪੁੱਟ ਰਿਹਾ ਸੀ। ਚਰਨ ਪੰਪ ਤੋਂ ਪਾਣੀ ਦੀ ਬਾਲਟੀ ਭਰ ਰਿਹਾ ਸੀ।

ਰੋਟੀ ਵੇਲੇ ਤੀਕ ਉਹ ਲੱਕ ਜਿੱਡੀ ਕੰਧ ਖਿੱਚ ਲਿਆਏ।

ਆਥਣ ਡੂੰਘੀ ਹੁੰਦੀ ਜਾ ਰਹੀ ਸੀ, ਜਦੋਂ ਉਨ੍ਹਾਂ ਨੇ ਕੰਮ ਮੁਕਾਹਿਆ। ਖੜ੍ਹੇ ਆਦਮੀ ਦੇ ਖੜ੍ਹੇ ਹੱਥ ਤੋਂ ਉੱਚੀ ਕੰਧ ਹੋ ਗਈ ਸੀ।

ਭਾਗੂ ਰੋਟੀ ਲੈ ਕੇ ਗਿਆ ਤਾਂ ਚੰਦੋ ਸਬ੍ਹਾਤ ਵਿੱਚ ਜਾ ਕੇ ਕਣਕ ਦੀ ਬੋਰੀ ਵਿੱਚੋਂ ਬੋਤਲ ਕੱਢ ਲਿਆਈ। ਪੀੜ੍ਹੀ 'ਤੇ ਬੈਠੇ ਚਰਨ ਦੇ ਗੋਡੇ ਕੋਲ ਬੋਤਲ ਉਸ ਨੇ ਹੌਲੀ ਦੇ ਕੇ ਧਰ ਦਿੱਤੀ। ਕਹਿਣ ਲੱਗੀ, ਅੱਜ ਤਾਂ ਬਹੁਤ ਕੰਮ ਕੀਤਾ ਤੁਸੀਂ, ਚਰਨ ਥੱਕ 'ਗੇ ਹੋਵੋਗੇ। ਚਰਨ ਕੈਲੇ ਵੱਲ ਝਾਕ ਕੇ ਹੱਸਿਆ। ਕਹਿਣ ਲੱਗਿਆ, ਲਿਆ ਓਏ ਬਾਟੀ।

ਦਰਵਾਜ਼ੇ ਵਿੱਚ ਬੈਠ ਕੇ ਉਹ ਪੀਣ ਲੱਗ ਪਏ। ਚਰਨ ਪੀੜ੍ਹੀ 'ਤੇ ਬੈਠਾ ਸੀ ਤੇ ਕੈਲਾ ਇੱਟ ਉੱਤੇ। ਦੋ-ਦੋ ਪੈੱਗ ਪੀ ਕੇ ਉਹ ਕਾਹਲੀ-ਕਾਹਲੀ ਗੱਲਾਂ ਕਰਨ ਲੱਗੇ। ਤੀਜਾ ਪੈੱਗ ਕੱਚ ਦੇ ਗਲਾਸ ਵਿੱਚ ਚਰਨ ਨੇ ਆਪ ਨੂੰ ਪਾਇਆ ਤੇ ਕੈਲੇ ਉਸ ਦੇ ਹੱਥੋਂ ਗਲਾਸ ਫੜ ਲਿਆ।

ਉਏ ਇਹ ਕੀ ਕਰਦੈਂ, ਚਮਿਆਰਾ? ਚਰਨ ਨੇ ਕਿਹਾ।

ਤੈਨੂੰ ਕੀ ਪਤੈ, ਉਰੇ ਕਰ। ਗਲਾਸ ਲੈ ਕੇ ਕੈਲਾ ਰਸੋਈ ਵਿੱਚ ਗਿਆ ਤੇ ਚੁੱਲ੍ਹੇ ਕੋਲ ਬੈਠੀ ਚੰਦੋ ਨੂੰ ਨਾਂਹ-ਨਾਹ ਕਰਦੀ ਨੂੰ ਵੀ ਪਿਆ ਆਇਆ।

ਓਏ, ਏਧਰ ਕੀਹਨੂੰ ਦੇ ਆਇਐਂ? ਚਰਨ ਨੇ ਪੁੱਛਿਆ।

ਤੈਨੂੰ ਨੀ ਪਤਾ, ਸੂਬੇਦਾਰਨੀ ਤਾਂ ਪੂਰੀ ਪਿਆਕ ਐ। ਕੈਲੇ ਨੇ ਦੱਸਿਆ।

ਚਰਨ ਸੋਚੀਂ ਪੈ ਗਿਆ। ਤੀਵੀਂ ਸ਼ਰਾਬ ਪੀਂਦੀ ਉਸ ਨੇ ਕਦੇ ਦੇਖੀ ਨਹੀਂ ਸੀ। ਚੰਗਾ, ਪਾ ਆਪ ਨੂੰ। ਕਹਿ ਕੇ ਕੈਲਾ ਗੰਢੇ ਨੂੰ ਗੋਡੇ ਦੀ ਚੱਪਣੀ 'ਤੇ ਰੱਖ ਕੇ ਮੁੱਕੇ ਕਾਰ-ਮਾਰ ਭੰਨ੍ਹਣ ਲੱਗਿਆ।

ਗੰਢੇ ਨਾਲ ਕਿਉਂ ਮੱਥਾ ਮਰਵੋਨੈਂ? ਕੰਜਰ ਦਿਆ ਚਮਿਆਰਾ। ਅਚਾਰ ਦੀ ਫਾੜੀ ਪੁੱਛਗਾਂ ਕੋਈ। ਦਾਲ ਦੂਲ ਹੋਣੀ ਐ? ਚਰਨ ਦੀ ਗੱਲ ਰਸੋਈ ਅੰਦਰ ਚੰਦੋ ਨੂੰ ਸੁਣ ਰਹੀ ਸੀ। ਕਾਂਸੀ ਦੇ ਕੌਲ ਵਿੱਚ ਉਸ ਨੇ ਚੁੱਲ੍ਹੇ ਮੂਹਰੇ ਗੋਹਿਆਂ ਦੀ ਮੁੱਠੀ-ਮੁੱਠੀ ਅੱਗ 'ਤੇ ਧਰੇ ਤਪਲੇ 'ਚ ਭਾਫਾਂ ਛੱਡਦਾ ਤੱਤਾ-ਤੱਤਾ ਸਾਗ ਪਾਇਆ। ਸਾਗ ਵਿੱਚ ਮੱਖਣੀ ਪਾ ਕੇ ਤੇ ਕੌਲ ਵਿੱਚ ਚਮਚਾ ਧਰ ਕੇ ਚੰਦੋ ਦਰਵਾਜ਼ੇ ਵਿੱਚ ਆਈ ਤੇ ਕਹਿਣ ਲੱਗੀ, ਜਾਹ ਵੇ ਕੈਲਿਆ, ਮੈਸ ਦੀ ਖੁਰਲੀ 'ਚ ਹੱਥ ਮਾਰ ਕੇ ਆ। ਕੈਲਾ ਉੱਠਿਆ ਤਾਂ ਚੰਦੋ ਨੇ ਸਾਗ ਵਾਲਾ ਕੌਲ ਚਰਨ ਮੂਹਰੇ ਰੱਖਕੇ ਉਹ ਦੀ ਗੱਲ੍ਹ 'ਤੇ ਚੂੰਢੀ ਵੱਢ ਲਈ। ਕਹਿਣ ਲੱਗੀ, ਦਾਰੂ ਹੋਰ ਲਿਆਵਾਂ?

ਬੱਸ, ਸਭ ਕੁਸ ਵਿੱਚੇ ਆ ਗਿਆ। ਆਪਣੀ ਗੱਲ੍ਹ 'ਤੇ ਹੱਥ ਫੇਰ ਕੇ ਚਰਨ ਨੇ ਆਖਿਆ ਤੇ ਫੇਰ ਆਪਣੇ ਵਾਲਾ ਪੈੱਗ ਉਸ ਨੇ ਚੰਦੋ ਮੂਹਰੇ ਕਰ ਦਿੱਤਾ। ਪਾਸਾ ਜਿਹਾ ਵੱਟ ਕੇ ਉਹ ਸਾਰਾ ਪੈੱਗ ਚਰੜ-ਚਰੜ ਪੀ ਗਈ। ਰੋਟੀ ਖਾ ਕੇ ਜਾਈਂ ਨਾ। ਉਸ ਨੇ ਹੌਲੀ ਦੇ ਕੇ ਚਰਨ ਦੇ ਕੰਨ ਵਿੱਚ ਆਖਿਆ। ਕੈਲਾ ਦਰਵਾਜ਼ੇ ਵਿੱਚ ਆ ਕੇ ਬੈਠਿਆ ਤਾਂ ਚੰਦੋ ਰਸੋਈ ਵਿੱਚ ਮੁੜ ਆਈ। ਦਰਵਾਜ਼ੇ ਦਾ ਬਾਹਰਲਾ ਕੁੰਡਾ ਖੜਕਿਆ। ਕੈਲੇ ਨੇ ਅੰਦਰਲਾ ਕੁੰਡਾ ਖੋਲ੍ਹਿਆ। ਚਰਨ ਦੀ ਮਾਸੀ ਖੜ੍ਹੀ ਸੀ। ਉਹ ਅੰਦਰ ਆ ਗਈ। ਲੋਹੜਾ ਮਾਰਿਆ ਵੇ ਮੁੰਡਿਆ, ਘਰੇ ਨੀ ਔਣਾ?

ਤੂੰ ਚੱਲ ਬੇਬੇ, ਮੈਂ ਔਨਾਂ ਰੋਟੀ ਖਾ ਕੇ ਈ ਆਊਂਗਾ। ਤੂੰ ਚੱਲ। ਉਸ ਨੇ ਇਸ ਢੰਗ ਨਾਲ ਆਖਿਆ ਜਿਵੇਂ ਉਹ ਚਾਹੁੰਦਾ ਹੋਵੇ ਕਿ ਉਸ ਦੀ ਮਾਸੀ ਉੱਥੋਂ ਛੇਤੀ ਹੀ ਤੁਰ ਜਾਵੇ। ਚੰਦੋ ਉਸ ਦਾ ਬੋਲ ਸੁਣ ਕੇ ਉਸ ਨੂੰ ਹਾਕਾਂ ਮਾਰਦੀ ਹੀ ਰਹਿ ਗਈ, ਪਰ ਉਹ ਤਾਂ ਜਾ ਚੁੱਕੀ ਸੀ। ਇੱਕ-ਇੱਕ ਭਰਵਾਂ ਜਿਹਾ ਪੈੱਗ ਪਾ ਕੇ ਉਨ੍ਹਾਂ ਨੇ ਬੋਤਲ ਖ਼ਾਲੀ ਕਰ ਦਿੱਤੀ।

ਬਾਟੀ ਧੋ ਕੇ ਕੈਲੇ ਨੇ ਉਸ ਵਿੱਚ ਸਾਗ ਦੀਆਂ ਦੌ ਕੜਛੀਆਂ ਪਵਾਈਆਂ ਤੇ ਮੱਕੀ ਦੀਆਂ ਚਾਰ ਰੋਟੀਆਂ ਬਾਟੀ ਤੇ ਰੱਖ ਕੇ ਉਹ ਆਪਣੇ ਘਰ ਨੂੰ ਚਲਿਆ ਗਿਆ। ਚੰਦੋ ਨੇ ਬਥੇਰਾ ਆਖਿਆ ਸੀ ਕਿ ਉਹ ਇੱਥੇ ਬਹਿ ਕੇ ਹੀ ਰੋਟੀ ਖਾ ਲਵੇ, ਪਰ ਉਹ ਮੰਨਿਆ ਨਹੀਂ ਸੀ। ਕਹੀ ਹੀ ਗਿਆ ਸੀ ਕਿ ਉਹ ਤਾਂ ਘਰ ਜਾ ਕੇ ਤੱਤੇ ਪਾਣੀ ਨਾਲ ਹੱਥ-ਪੈਰ ਧੋ ਕੇ ਹੀ ਰੋਟੀ ਖਾਵੇਗਾ।

ਥੋੜ੍ਹੀ ਜ੍ਹੀ ਹੋਰ ਪੀ ਲੈ, ਚਰਨ। ਇੱਕ ਖੁੱਲ੍ਹਾ ਅਧੀਆ, ਜਿਸ ਵਿੱਚ ਦੋ ਕੁ ਉਂਗਲ ਸ਼ਰਾਬ ਊਣੀ ਸੀ, ਉਹ ਪਤਾ ਨਹੀਂ ਕਿੱਥੋਂ ਕੱਢ ਲਿਆਈ। ਇੱਕ ਤਕੜਾ ਸਾਰਾ ਪੈੱਗ ਚਰਨ ਨੇ ਪਾਇਆ। ਚੂਲੀ ਕੁ ਪਾਣੀ ਪਾ ਕੇ ਗਲਾਸ ਉਸ ਨੇ ਚੰਦੋ ਵੱਲ ਵਧਾਇਆ ਤੇ ਕਿਹਾ, ਲੈ ਪੀ ਜਾ ਸਾਰੀ। ਚੰਦੋ ਨੇ ਦੋ ਘੁੱਟਾਂ ਭਰੀਆਂ। ਧੁੜਧੜੀ ਲਈ। ਮੇਰਾ ਮਾਜਨਾ ਤਾਂ ਥੋੜ੍ਹਾ ਈ ਐ। ਤੂੰ ਪੀ ਲੈ। ਚੰਦੋ ਨੇ ਮੋੜ ਕੇ ਗਲਾਸ ਚਰਨ ਨੂੰ ਹੀ ਫੜਾ ਦਿੱਤਾ। ਚਰਨ ਨੇ ਗਲਾਸ ਖ਼ਾਲੀ ਕਰ ਦਿੱਤਾ।

ਰੋਟੀ ਫੇਰਾ 'ਲੀ ਕਹਿ ਕੇ ਚੰਦੋ ਨੇ ਚਰਨ ਦਾ ਡੋਲਾ ਫੜਿਆ। ਦਰਵਾਜ਼ੇ ਦਾ ਅੰਦਰਲਾ ਕੁੰਡਾ ਲਾ ਕੇ ਉਸ ਨੇ ਬੈਠਕ ਦਾ ਬਲ੍ਹਬ ਜਗਾਇਆ। ਚਰਨ ਛਾਂ ਵਾਂਗ ਉਸ ਦੇ ਨਾਲ ਹੀ ਅੰਦਰ ਬੈਠਕ ਵਿੱਚ ਆ ਗਿਆ ਸੀ।

11

ਚਰਨ ਦਾ ਮਾਸੜ ਗੰਡਾ ਸਿੰਘ ਇੱਕ ਆਮ ਜਿਹਾ ਜਿਮੀਂਦਾਰ ਸੀ। ਉਸ ਕੋਲ ਪੰਜ ਕਿੱਲੇ ਜ਼ਮੀਨ ਸੀ। ਪਹਿਲਾਂ-ਪਹਿਲਾਂ ਉਹ ਆਪ ਹੀ ਵਾਹੀ ਕਰਿਆ ਕਰਦਾ ਸੀ। ਪੰਜ-ਸੱਤ ਕਿੱਲੇ ਹੋਰ ਉਹ ਹਿੱਸੇ ਠੇਕੇ 'ਤੇ ਲੈ ਲੈਂਦਾ। ਉਸ ਦੀ ਘਰਵਾਲੀ ਦੇ ਜਵਾਕ ਹੁੰਦਾ ਸੀ ਤੇ ਓਸੇ ਵੇਲੇ ਮਰ ਜਾਂਦਾ ਸੀ। ਤਿੰਨ ਜਾਪੇ ਐਵੇਂ ਹੀ ਗਏ ਸਨ। ਚੌਥੇ ਜਾਪੇ ਵੇਲੇ ਤਾਂ ਜਵਾਕ ਪੇਟ ਅੰਦਰ ਹੀ ਮਰ ਗਿਆ ਸੀ।

ਹਸਪਤਾਲ ਜਾ ਕੇ ਉਹ ਆਪ ਵੀ ਅਖ਼ੀਰ ਨੂੰ ਮਰ ਗਈ ਸੀ। ਗੰਡਾ ਸਿੰਘ ਦੀ ਉਮਰ ਉਸ ਵੇਲੇ ਪੈਂਤੀ-ਛੱਤੀ ਸਾਲ ਦੀ ਸੀ। ਦੂਜੇ ਵਿਆਹ ਵਾਲੀ ਵਹੁਟੀ ਦੀ ਉਮਰ ਮਸ੍ਹਾਂ ਚੌਦਾਂ-ਪੰਦਰਾਂ ਸਾਲ ਸੀ, ਉਸ ਨੂੰ ਸ਼ੁਰੂ-ਸ਼ੁਰੂ ਵਿੱਚ ਹੀ ਕੋਈ ਐਸੀ ਕਸਰ ਬੈਠੀ ਕਿ ਔਲਾਦ ਨਹੀਂ ਸੀ ਹੋਈ। ਗੰਡਾ ਸਿੰਘ ਬੇਉਮੈਦਾ ਹੋ ਗਿਆ ਸੀ। ਉਸ ਨੇ ਵਾਹੀ ਛੱਡ ਦਿੱਤੀ ਸੀ। ਆਪਣੀ ਪੰਜ ਕਿੱਲੇ ਜ਼ਮੀਨ ਨੂੰ ਹੁਣ ਉਹ ਹਿੱਸੇ 'ਤੇ ਦੇ ਛੱਡਦਾ। ਦਿਨ ਕਟੀ ਕਰਦਾ ਰਹਿੰਦਾ। ਦਿਨੋ-ਦਿਨ ਉਹ ਕਮਜ਼ੋਰ ਹੁੰਦਾ ਗਿਆ।ਦਿਨੋ-ਦਿਨ ਉਸ ਦੀ ਦੇਹ ਹਾਰਨ ਲੱਗੀ। ਸੱਠ ਕੁ ਸਾਲ ਦਾ ਜਦ ਉਹ ਹੋਇਆ, ਉਸ ਦੇ ਹੱਥ-ਪੈਰ ਸੁੱਜਣ ਲੱਗੇ। ਜਦ ਉਹ ਮਰਿਆ, ਚਰਨ ਦੀ ਮਾਸੀ ਚਾਲ੍ਹੀਆਂ ਤੋਂ ਥੱਲੇ ਸੀ। ਅਜੇ ਤਾਂ ਉਸ ਦੀ ਸਾਰੀ ਉਮਰ ਪਈ ਸੀ। ਡਲੀ ਵਰਗਾ ਉਹ ਦਾ ਸਰੀਰ ਸੀ। ਗੰਡਾ ਸਿੰਘ ਮਰਿਆ ਤਾਂ ਉਸ ਨੂੰ ਝੋਰਾ ਲਾ ਗਿਆ। ਉਹ ਦਾ ਇੱਕੋ-ਇੱਕ ਸਹਾਰਾ ਪੰਜ-ਸੱਤ ਸਾਲ ਤਾਂ ਉਸ ਨੇ ਇਕੱਲੀ ਨੇ ਕੱਟੇ ਤੇ ਫਿਰ ਉਹ ਆਪਣੀ ਸਭ ਤੋਂ ਛੋਟੀ ਭੈਣ ਕੋਲੋਂ ਚਰਨ ਨੂੰ ਮੰਗ ਲਿਆਈ। ਮਾਸੀ-ਭਾਣਜੇ ਦਾ ਜੀਅ ਪਰਚਿਆ ਰਹਿੰਦਾ। ਇੱਕ ਮੱਝ ਉਹ ਹਮੇਸ਼ਾ ਰੱਖਦੇ। ਆਪਣੀ ਜ਼ਮੀਨ ਵਿੱਚ ਵਿੱਘਾ ਦੋ ਵਿੱਘੇ ਹਰਾ ਬਿਜਵਾ ਲੈਂਦੇ ਬਾਕੀ ਦੀ ਸਾਰੀ ਜ਼ਮੀਨ ਹਿੱਸੇ 'ਤੇ ਦੇ ਕੇ ਰੱਖਦੇ। ਉਨ੍ਹਾਂ ਦੇ ਗੁਜ਼ਾਰੇ ਜੋਗੇ ਦਾਣੇ ਮੁੱਕਣੇ ਨਹੀਂ ਸਨ। ਮਾਸੀ ਨੂੰ ਮਹਿਸੂਸ ਹੋਣ ਲੱਗਿਆ, ਜਿਵੇਂ ਚਰਨ ਉਸ ਦਾ ਆਪਣਾ ਪੁੱਤਰ ਹੀ ਹੋਵੇ।

ਉਹ ਸਾਰਾ ਦਿਨ ਵਿਹਲਾ ਰਹਿੰਦਾ ਸੀ। ਕੰਮ ਕੋਈ ਨਹੀਂ ਸੀ। ਕੀ ਕਰਦਾ? ਇੱਕੋ ਕੰਮ ਸੀ ਬੱਸ। ਮੱਝ ਵਾਸਤੇ ਪੱਠੇ ਲੈ ਆਉਣੇ ਤੇ ਮਸ਼ੀਨ ਤੇ ਕੁਤਰ ਕੇ ਖੁਰਲੀ ਵਿੱਚ ਪਾ ਦੇਣੇ। ਬਾਕੀ ਦਾ ਸਾਰਾ ਕੰਮ ਮਾਸੀ ਕਰਦੀ।

ਚਰਨ ਦੀ ਵੀਹ-ਬਾਈ ਉਮਰ ਹੋ ਚੱਲੀ ਸੀ। ਸਾਕ ਉਸ ਨੂੰ ਅਜੇ ਕੋਈ ਨਹੀਂ ਸੀ ਹੋਇਆ। ਮਾਸੀ ਨੇ ਆਪਣੇ ਪੰਜ ਕਿੱਲੇ ਜ਼ਮੀਨ ਅਜੇ ਉਸ ਦੇ ਨਾਉਂ ਲਵਾਈ ਨਹੀਂ ਸੀ। ਉਸ ਦੇ ਪਿਓ ਕੋਲ ਭੋਰਾ ਵੀ ਜ਼ਮੀਨ ਨਹੀਂ ਸੀ। ਉਸ ਦਾ ਪਿਓ ਤਾਂ ਸੜਕ 'ਤੇ ਮੇਟ ਲੱਗਿਆ ਹੋਇਆ ਸੀ। ਚਰਨ ਦਾ ਇੱਕ ਭਰਾ ਤੇ ਤਿੰਨ ਭੈਣਾਂ ਸਨ। ਭਰਾ ਸਭ ਤੋਂ ਵੱਡਾ ਸੀ। ਵਿਆਹ ਕਰਵਾ ਕੇ ਪਿਓ ਨਾਲੋਂ ਅੱਡ ਹੋ ਗਿਆ ਸੀ। ਸ਼ਹਿਰ ਵਿੱਚ ਕਿਸੇ ਸਰਕਾਰ ਦੇ ਮੁਰਗੀ ਫਾਰਮ ਦਾ ਇੰਚਾਰਜ ਸੀ। ਤਿੰਨਾਂ ਭੈਣਾਂ ਵਿੱਚੋਂ ਇੱਕ ਵੀ ਨਹੀਂ ਸੀ ਵਿਆਹੀ ਹੋਈ। ਚਰਨ ਦੇ ਪਿਓ ਦਾ ਆਪਣਾ ਗੁਜ਼ਾਰਾ ਮਸ੍ਹਾਂ ਹੋ ਰਿਹਾ ਸੀ। ਵੱਡਾ ਮੁੰਡਾ ਪਤਾ ਨਹੀਂ ਕਿਵੇਂ ਵਿਆਹਿਆ ਗਿਆ ਸੀ। ਚਰਨ ਨੂੰ ਡੋਲਾ ਕਿੱਥੋਂ?

ਉਸ ਦਾ ਪਿਓ ਬਹੁਤ ਜ਼ੋਰ ਲਾਉਂਦਾ ਕਿ ਉਹ ਆਪਣੇ ਘਰ ਆ ਜਾਵੇ। ਕਿਸੇ ਕੰਮ ਵਿੱਚ ਪਵੇ। ਉਸ ਦਾ ਸਹਾਈ ਬਣੇ। ਉਠ ਦਾ ਬੁੱਲ੍ਹ ਡਿੱਗਣ ਵਾਂਗ ਮਾਸੀ ਦਾ ਕੀ ਭੇਤ? ਕੀ ਪਤਾ ਹੈ, ਨਾ ਹੀ ਲਵਾਵੇ ਜ਼ਮੀਨ ਉਸ ਦੇ ਨਾਉਂ? ਚਰਨ ਨੂੰ ਪਰ ਵਿਹਲੀਆਂ ਖਾਣ ਦਾ ਭੁੱਸ ਪੈ ਗਿਆ ਹੋਇਆ ਸੀ; ਚੰਗਾ ਖਾਂਦਾ ਸੀ, ਚੰਗਾ ਪਹਿਨਦਾ ਸੀ। ਪਿੰਡ ਪਿਓ ਦੇ ਘਰ ਆ ਕੇ ਉਸ ਨੇ ਕੀ ਲੈਣਾ ਸੀ? ਖਾਂਦਾ ਸੀ, ਦੜਕਾਂਦਾ ਸੀ।

ਉਸ ਦੀ ਤਾਂ ਸਿਹਤ ਦੀ ਬਹੁਤ ਸੋਹਣੀ ਬਣੀ ਹੋਈ ਸੀ। ਆਪਣੇ ਪਿਓ ਜਿੱਡਾ ਹੀ ਉੱਚਾ ਕੱਦਾ। ਭਰਵਾਂ ਜਿਹਾ ਗੁੰਦਵਾਂ ਸਰੀਰ। ਤਿੱਖੇ-ਤਿੱਖੇ ਨੈਣ ਨਕਸ਼। ਸਾਂਵਲਾ ਜਿਹਾ ਰੰਗ।


12

ਚੰਦੋ ਸੂਬੇਦਾਰਨੀ ਨਾਲ ਜਦ ਉਸ ਦਾ ਸਬੰਧ ਬਣਿਆ ਸੀ, ਉਸ ਦੀ ਲਿਹਾਜਣ ਰਫ਼ਿਊਜੀਆਂ ਦੀ ਕੁੜੀ ਉਸ ਨੂੰ ਘੇਰ-ਘੇਰ ਰੱਖਦੀ। ਚੰਦੋ ਬਾਰੇ ਸ਼ਾਇਦ ਉਸ ਨੂੰ ਕੋਈ ਪਤਾ ਲੱਗ ਗਿਆ ਹੋਵੇ। ਸ਼ਾਇਦ ਉਸ ਦਾ ਧਿਆਨ ਘਟਦਾ ਦੇਖ ਕੇ ਉਹ ਉਸ ਨੂੰ ਜੱਫ਼ਾ ਪਾ ਕੇ ਰੱਖਣਾ ਚਾਹੁੰਦੀ ਹੋਵੇ। ਜਿੰਨਾ ਉਹ ਉਸ ਤੋਂ ਦੂਰ ਹੁੰਦਾ ਜਾਂਦਾ, ਓਨੀ ਹੀ ਉਹ ਉਸ ਦੇ ਨੇੜੇ ਆ ਰਹੀ ਹੁੰਦੀ।

ਚੰਦੋ ਦੇ ਘਰ ਉਹ ਜਾਂਦਾ ਤਾਂ ਕਦੇ-ਕਦੇ, ਪਰ ਜਾਂਦਾ ਜ਼ਰੂਰ। ਜਦੋਂ ਕਦੇ ਜਾਂਦਾ ਉਹ ਕਾੜ੍ਹਨੀ ਵਿਚੋਂ ਸਣੇ ਮਲਾਈ ਦੁੱਧ ਕੱਢ ਕੇ ਤੇ ਉਸ ਵਿੱਚ ਘਿਓ ਦੀ ਕੜਛੀ ਪਾ ਕੇ ਉਸ ਨੂੰ ਪਿਆਉਂਦੀ। ਉਸ ਨਾਲ ਗੁੱਸੇ ਹੁੰਦੀ-ਤੂੰ ਨਿੱਤ ਕਿਉਂ ਨਹੀਂ ਔਂਦਾ? ਜਦ ਉਹ ਉਸ ਦੇ ਘਰੋਂ ਜਾਣ ਲੱਗਦਾ ਤਾਂ ਉਹ ਮੱਲੋ-ਮੱਲੀ ਉਸ ਦੀ ਜੇਬ ਵਿੱਚ ਦਸਾਂ ਦਾ ਨੋਟ ਪਾ ਦਿੰਦੀ।

ਇਸੇ ਤਰ੍ਹਾਂ ਦੋ-ਤਿੰਨ ਮਹੀਨੇ ਲੰਘ ਗਏ, ਹਰਨੇਕ ਵੀ ਚੰਦੋ ਕੋਲ ਆਉਂਦਾ। ਪੁਰਾਣਾ ਪਰਦਾ ਬਣਿਆ ਹੋਇਆ ਸੀ। ਨਹੀਂ ਤਾਂ ਕੀ ਸੀ ਹੁਣ ਉਹ ਦੇ 'ਚ।


13

ਵਿਸਾਖੀ ਦੇ ਮੇਲੇ 'ਤੇ ਦਮਦਮੇ ਚੰਦੋ ਜਦ ਗਈ, ਚਰਨ ਨੂੰ ਨਾਲ ਲੈ ਕੇ ਗਈ। ਚਰਨ ਦੀ ਮਾਸੀ ਨਹੀਂ ਸੀ ਗਈ। ਵਿਸ਼ਾਖੀ ਦਾ ਨ੍ਹਾਉਣ ਕਰਕੇ ਉਹ ਬਠਿੰਡੇ ਪਹੁੰਚੇ। ਬਠਿੰਡੇ ਦੇ ਬੱਸ ਸਟੈਂਡ 'ਤੇ ਹੀ ਚੰਦੋ ਨੂੰ ਇੱਕ ਬੁੜੀ ਮਿਲੀ। ਬੁੜੀ ਜਿਵੇਂ ਚੰਦੋ ਨੇ ਸਿਆਣ ਲਈ ਹੋਵੇ। ਚੰਦੋ ਪਰ ਉਸ ਦੀ ਸਿਆਣ ਵਿੱਚ ਨਹੀਂ ਸੀ ਆਈ।

ਤੂੰ ਜੰਗੀਰ ਕੁਰ ਐਂ, ਕਿਤੇ? ਚੰਦੋ ਨੇ ਪੁੱਛਿਆ।

ਤੂੰ ਭੈਣੇ ਕੌਣ ਐਂ? ਮੱਥੇ ਮੂਹਰੇ ਹੱਥ ਕਰਕੇ ਬੁੜ੍ਹੀ ਨੇ ਉਲਟਾ ਕੇ ਪੁੱਛਿਆ।

ਮੈਂ ਸਿਆਣ ਗਾਂ ਭਲਾਂ ਕੌਣ ਆਂ? ਚੰਦੋ ਨੇ ਲਾਚੜ ਕੇ ਪੁੱਛਿਆ।

ਬੁੜ੍ਹੀ ਗਹੁ ਨਾਲ ਝਾਕੀ। ਕਹਿਣ ਲੱਗੀ, ਨਾ ਭਾਈ, ਮੈਨੂੰ ਤਾਂ ਕੋਈ ਪਤਾ ਨੀ ਲੱਗਦਾ। ਕੋਈ ਸਮਝ ਨੀ ਔਂਦੀ।

ਚੰਦੋ ਹਿੜ-ਹਿੜ ਕਰ ਕੇ ਹੱਸੀ। ਕਹਿੰਦੀ, ਮੈਂ ਚੰਦ ਕੁਰ ਆਂ। ਸੂਬੇਦਾਰ, ਨਾ ਸੱਚ, ਹੌਲਦਾਰ ਚੰਨਣ ਸਿਹੁੰ ਦੇ ਘਰੋਂ। ਅੰਬਾਲੇ ਆਪਣੇ ਕੁਆਟਰ ਦੇਹਗਾਂ ਆਹਮਣੋ-ਸਾਹਮਣੇ ਹੁੰਦੇ ਸੀ। ਮੈਂ ਤਾਂ ਤੈਨੂੰ ਭੁੱਲੀ ਨੀ, ਤੂੰ ਕਿਵੇਂ ਮੈਨੂੰ ਭੁੱਲਗੀ?

ਅੱਛਿਆ, ਅੱਛਿਆ ਕਹਿ ਕੇ ਉਸ ਨੇ ਚੰਦੋ ਨੂੰ ਗੱਲ ਲਾ ਲਿਆ। ਪਰ੍ਹੇ ਹਟ ਕੇ ਅੱਖਾਂ ਭਰ ਲਈਆਂ। ਮੌਤਾਂ ਨੇ ਹਰਾ 'ਲੀ ਭੈਣੇ ਉਹ ਤਾਂ ਕਸ਼ਮੀਰ ਦੀ ਹੱਦ 'ਤੇ ਪਾਕਿਸਤਾਨੀਆਂ ਦੇ ਘੇਰੇ 'ਚ ਆ ਗਿਆ ਸੀ। ਮੁੜ ਕੇ ਪਤਾ ਈ ਨੀ ਲੱਗਿਆ। ਸੱਤ ਸਾਲ ਹੋ 'ਗੇ।ਧੀ ਵੀ ਫ਼ੌਜੀ ਨੂੰ ਵਿਆਹੀ। ਉਹ ਵੀ ਚੀਨ ਦੀ ਜੰਗ 'ਚ ਮਾਰਿਆ ਗਿਆ ਸੀ। ਧੀ ਮੇਰੇ ਕੋਲ ਰਹਿੰਦੀ ਐ ਹੁਣ। ਜੇਠ ਦੇ ਲੜ ਲਾ 'ਤੀ ਸੀ। ਮੀਨ੍ਹਾ-ਵੀਹ ਦਿਨ ਉੱਥੇ ਰਹਿੰਦੀ ਐ, ਮੀਨ੍ਹਾ-ਵੀਹ ਦਿਨ ਮੇਰੇ ਕੋਲ, ਪਰ ਬਹੁਤਾ ਮੇਰੇ ਕੋਲ ਈ ਰਹਿੰਦੀ ਐ। ਬੱਸ ਦੋਵੇਂ ਮਾਵਾਂ-ਧੀਆਂ ਜੂਲ ਜ੍ਹੀ ਕਰੀਂ ਜਾਨੀਆਂ। ਧੀ ਨੂੰ ਕੋਈ ਬੇਲ-ਤੂੰਬੜੀ ਲੱਗੀ ਹੁੰਦੀ, ਫੇਰ ਵੀ ਦਿਨ ਨਿਕਲ ਜਾਂਦੇ, ਹੁਣ ਤਾਂ ਬੱਸ...। ਉਸ ਦੀ ਭੁੱਬ ਨਿਕਲ ਗਈ। ਪੱਕੇ ਬੈਂਚ 'ਤੇ ਬੈਠਣ ਲਈ ਉਹ ਅਹੁਲੇ। ਚੁੱਪ-ਚਾਪ। ਕੋਈ ਵੀ ਗੱਲ ਨਹੀਂ ਸੀ ਹੋ ਰਹੀ।

ਚਾਹ, ਦੱਸ ਫੇਰ, ਪੀਵੇਂਗੀ? ਚੰਦੋ ਨੇ ਸੁਲਾਹ ਮਾਰੀ।

ਪੁੱਛਦੀ ਕੀਹ ਐਂ, ਚੁੱਪ ਕਰਕੇ ਕਰਾ ਲੈ ਤਿੰਨ ਕੱਪ, ਚਰਨ ਨੇ ਹੰਕਾਰਿਆ ਜਿਹਾ ਬੋਲ ਕੱਢਿਆ। ਇਹ ਮੁੰਡਾ ਕੌਣ ਐ, ਭੈਣੇ? ਬੁੜ੍ਹੀ ਨੇ ਪੁੱਛਿਆ।

ਚੰਦੋ ਚੁੱਪ ਰਹੀ।

ਜਵਾਬ ਮਿਲਣ ਤੋਂ ਪਹਿਲਾਂ ਹੀ ਬੁੜ੍ਹੀ ਕਹਿਣ ਲੱਗੀ, ਕੁੜੇ ਮੇਰੇ ਤਾਂ ਤੂੰ ਭੋਰਾ ਸਿਆਣ 'ਚ ਨੀ ਆਈ। ਉਦੋਂ ਤਾਂ ਤੇਰਾ ਸਰੀਰ ਪਤਲਾ ਜ੍ਹਾ ਸੀ। ਛਟੀ ਵਰਗਾ। ਹੁਣ ਤਾਂ ਤੂੰ ਹੋਰ ਈ ਕੁਸ ਬਣੀ ਫਿਰਦੀ ਐਂ। ਪਾਟਣ 'ਤੇ ਆਈ ਪਈ ਐਂ। ਚੰਨਣ ਸਿਹੁੰ ਦੀ ਦੇਹ ਗੱਲ, ਤਕੜਾ? ਚੰਦੋ ਹੁਣ ਵੀ ਚੁੱਪ ਸੀ।

ਬੁੜ੍ਹੀ ਨੂੰ ਉੱਚਾ ਸੁਣਦਾ ਸੀ। ਪਹਿਲੀ ਗੱਲ ਦਾ ਜਵਾਬ ਲਏ ਬਿਨਾਂ ਉਹ ਹੋਰ ਗੱਲ ਪੁੱਛ ਲੈਂਦੀ।

ਸੁਣਾ ਫੇਰ, ਕੋਈ ਨਿੱਕਾ ਨਿਆਣਾ?

ਚੰਦੋ ਚੁੱਪ।

ਚਰਨ ਦੀ ਗੱਲ ਸੁਣ ਕੇ ਕੋਲ ਹੀ ਖੜ੍ਹੀ ਰੇੜ੍ਹੀ ਵਾਲੇ ਨੇ ਚਾਹ ਦੇ ਤਿੰਨ ਕੱਪ ਬਣਾ ਦਿੱਤੇ ਸਨ। ਪੱਕੇ ਬੈਂਚ 'ਤੇ ਬੈਠੇ ਉਹ ਤਿੰਨ ਚਾਹ ਪੀਣ ਲੱਗੇ। ਚੱਲ ਭੈਣੇ, ਅੱਜ ਮੇਰੇ ਨਾਲ ਚੱਲ ਸਾਡੇ ਪਿੰਡ। ਬੁੱਲ੍ਹ ਫੂਕਵੀਂ ਤੱਤੀ ਚਾਹ ਦਾ ਗਲਾਸ ਆਪਣੇ ਸੱਜੇ ਹੱਥ ਰੱਖਦੀ ਬੁੜ੍ਹੀ ਨੇ ਕਿਹਾ। ਚੰਦੋ ਤੇ ਚਰਨ ਇੱਕ ਦੂਜੇ ਵੱਲ ਝਾਕੇ।

ਲੈ ਸੱਚ, ਮੈਂ ਤਾਂ ਥੋਡਾ ਪਿੰਡ ਈ ਭੁੱਲ 'ਗੀ, ਜੰਗੀਰ ਕੁਰੇ। ਚੰਦੋ ਨੇ ਕਿਹਾ।

ਪਿੰਡ ਸਾਡਾ ਐਥੋਂ ਨੇੜੇ ਈ ਐ। ਆਹ ਖੜ੍ਹੇ। ਮਾਈਸਰ ਖਾਨਾ। ਬਿੰਦੇ-ਬਿੰਦੇ ਬੱਸ ਚੱਲਦੀ ਐ। ਫੋਰੇ 'ਚ ਪਹੁੰਚ ਜਾਈਦੈ। ਚੌਲ, ਮੈਂ ਤਾਂ ਕਹਿਨੀ ਆਂ। ਚੰਦੋ ਦਾ ਹੱਥ ਫੜ ਕੇ ਉਸ ਨੇ ਕਿਹਾ। ਚਰਨ ਤੇ ਚੰਦੋ ਫਿਰ ਇੱਕ-ਦੂਜੇ ਵੱਲ ਦੇਖਣ ਲੱਗੇ।

ਚੰਦੋ ਨੇ ਜਿਗਰਾ ਜਿਹਾ ਬਣਾ ਕੇ ਕਹਿ ਹੀ ਦਿੱਤਾ, ਚੰਗਾ, ਚੱਲ ਫੇਰ।


14

ਅੰਬਾਲੇ ਜਦ ਉਹ ਫੈਮਿਲੀ ਕੁਆਰਟਰਾਂ ਵਿੱਚ ਰਹਿੰਦੀਆਂ ਹੁੰਦੀਆਂ, ਉਨ੍ਹਾਂ ਦੇ ਮਾਲਕ ਜਦ ਡਿਊਟੀ 'ਤੇ ਜਾਂਦੇ ਹੁੰਦੇ ਤੇ ਜਦ ਉਨ੍ਹਾਂ ਨੂੰ ਥੋੜ੍ਹੀ-ਮੋਟੀ ਵਿਹਲ ਮਿਲਦੀ, ਉਹ ਚਾਰ-ਪੰਜ ਜਣੀਆਂ ਕੁਆਰਟਰਾਂ ਦੇ ਚੜ੍ਹਦੇ ਪਾਸੇ ਪਿੱਪਲ ਦੁਆਲੇ ਬਣੀ ਪੱਕੀ ਚੌਕੜੀ 'ਤੇ ਜਾ ਬੈਠਦੀਆਂ। ਭਾਂਤ-ਭਾਂਤ ਦੀਆਂ ਗੱਲਾਂ ਮਾਰਦੀਆਂ। ਕੁੜੇ ਪਿਓ ਤੇਰੇ ਨੇ ਕੀ ਦੇਖਿਆ? ਜਗੀਰ ਕੌਰ ਚੰਦੋ ਨੂੰ ਛੇੜਦੀ ਹੁੰਦੀ।

ਨੀ ਤੇਰਾ ਤਾਂ ਉਹ ਪਿਓ ਜ੍ਹਾ ਲਗਦੈ। ਹੌਲਦਾਰ ਨਿੱਕਾ ਸਿੰਘ ਦੀ ਤੀਵੀਂ ਤਾਂ ਭੋਰਾ ਸ਼ਰਮ ਵੀ ਨਹੀਂ ਸੀ ਕਰਦੀ।

ਲੈ ਕੁੜੇ ਬੰਦਾ ਚਾਹੀਦੈ, ਚਾਰ ਸਾਲ ਵੱਡਾ ਹੋਇਆ, ਛੋਟਾ ਹੋਇਆ। ਹੌਲਦਾਰ ਸ਼ੰਗਾਰਾ ਸਿੰਘ ਦੀ ਘਰਵਾਲੀ ਚੰਦੋ ਦਾ ਦਿਲ ਧਰਾਉਂਦੀ।

ਜੰਗੀਰ ਕੌਰ ਦੀ ਧੀ ਰੋਟੀ ਪਕਾ ਰਹੀ ਸੀ। ਚਰਨ ਪਾਣੀ ਦੀ ਬਾਲਟੀ ਭਰ ਕੇ ਫੁੱਟੇ ਹੋਏ ਚੌਕੀ ਦੇ ਪੁੜ 'ਤੇ ਖੜ੍ਹਾ ਨਹਾ ਰਿਹਾ ਸੀ। ਉਨ੍ਹਾਂ ਦੋਵਾਂ ਨੇ ਗੱਲਾਂ ਦੀ ਚੱਕੀ ਝੋਈ ਹੋਈ ਸੀ। ਚੰਦੋ ਨੇ ਉਸ ਨੂੰ ਸਭ ਕੁਝ ਦੱਸ ਦਿੱਤਾ ਸੀ। ਸੂਬੇਦਾਰ ਮਰ ਗਿਆ। ਘਰ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ। ਇੱਕ ਮੁਕੰਮਲ ਮਰਦਾ ਦੀ ਲੋੜ ਸੀ, ਸੋ ਚਰਨ.......

ਚਾਰ ਦਿਨ ਉਹ ਮਾਈਸਰਖ਼ਾਨੇ ਹੀ ਰਹੀ ਚਾਰੇ ਦਿਨ ਜੰਗੀਰ ਕੌਰ ਚਰਨ ਨੂੰ ਤੇ ਚੰਦੋ ਨੂੰ ਸਿੱਖ-ਮੱਤ ਦਿੰਦੀ ਰਹੀ। ਚਰਨ ਨੂੰ ਵੀ ਜੰਗੀਰ ਕੌਰ ਦਾ ਮੋਹ ਆਉਣ ਲੱਗਿਆ। ਉਹ ਦੀ ਧੀ ਚਾਰੇ ਦਿਨ ਉਨ੍ਹਾਂ ਦੀ ਮਨ-ਚਿੱਤ ਲਾ ਕੇ ਸੇਵਾ ਕਰਦੀ ਰਹੀ।


15

ਪਿੰਡ ਪਹੁੰਚੇ। ਚਰਨ ਬਹੁਤਾ ਕਰਕੇ ਚੰਦੋ ਦੇ ਘਰ ਹੀ ਰਹਿੰਦਾ। ਆਂਢੀਆਂ-ਗੁਆਂਢੀਆਂ ਨੇ ਪੰਦਰਾਂ-ਵੀਹ ਦਿਨ ਚਿੜ-ਚਿੜ ਕੀਤੀ ਤੇ ਫਿਰ ਚੁੱਪ ਹੋ ਗਏ। ਬੁੜ੍ਹੀਆਂ ਨੇ ਚਰਨ ਦੀ ਮਾਸੀ ਨੂੰ ਪਾੜ੍ਹਤਾਂ ਪੜ੍ਹਾਈਆਂ। ਮਾਸੀ ਕੀ ਕਰਦੀ ਜੁਆਨ-ਜੁਹਾਨ ਮੁੰਡੇ ਨੂੰ ਉਹ ਕਿਵੇਂ ਵਰਜਦੀ?

ਹਰਨੇਕ ਵਰਗਿਆਂ ਦਾ ਆਉਣਾ ਜਾਣਾ ਬਿਲਕੁਲ ਬੰਦ। ਹਰਨੇਕ ਜੇ ਕਦੇ ਵੀਹੀ-ਗਲੀ ਚਰਨ ਨੂੰ ਟੱਕਰ ਜਾਂਦਾ ਤਾਂ ਚਰਨ ਖਿੱਚਵੀਂ ਖੰਘੂਰ ਮਾਰ ਕੇ ਉਸ ਦੀ ਨੀਵੀਂ ਪਾ ਦਿੰਦਾ। ਹਰਨੇਕ ਸਿਆਣਾ ਸੀ, ਬੋਲਦਾ ਨਹੀਂ ਸੀ।

ਚਰਨ ਦੀ ਮਾਸੀ ਵੀ ਸਗੋਂ ਚੰਦੋ ਦੇ ਘਰ ਆਉਣ ਜਾਣ ਲੱਗੀ। ਕਦੇ ਦਾਲ ਮੰਗਣ ਆ ਜਾਂਦੀ, ਕਦੇ ਆਟਾ ਉਧਾਰਾ ਲੈਣ।

ਹੁਣ ਤਾਂ ਚੰਦੋ ਦਿਨ-ਦਿਨ ਨਿਖ਼ਰਦੀ ਆ ਰਹੀ ਸੀ। ਉਸ 'ਤੇ ਤਾਂ ਜਿਵੇਂ ਮੁੜ ਕੇ ਜਵਾਨੀ ਆ ਰਹੀ ਹੋਵੇ। ਉਸ ਦੀਆਂ ਅੱਖਾਂ ਵਿੱਚ ਚਮਕ ਭਰਨ ਲੱਗੀ। ਉਸ ਦੀਆਂ ਗੱਲਾਂ ਉਸ ਦੀ ਗੁਰਦਨ, ਉਸ ਦੀਆਂ ਢਾਕਾਂ, ਢਿੱਡ ਤੇ ਪਿੰਜਣੀਆਂ ਦਾ ਮਾਸ ਛਾਂਟਿਆ ਜਾਣ ਲੱਗਿਆ। ਮਸ਼ੀਨ 'ਤੇ ਟੋਕਾ ਹੁਣ ਉਹ ਆਪ ਕਰਵਾਉਂਦੀ। ਚਰਨ ਮਸ਼ੀਨ ਫੇਰਦਾ, ਉਹ ਰੁੱਗ ਲਾਉਂਦੀ। ਚਾਰ ਕਿੱਲੇ ਕਪਾਹ ਉਸ ਨੇ ਆਪ ਬਿਜਵਾਈ। ਕਹਿੰਦੀ, ਆਪੇ ਚੁਗ ਲੂੰ 'ਗੀ ਮੈਂ।

ਕੈਲਾ ਹਟ ਕੇ ਕਿਸੇ ਹੋਰ ਜੱਟ ਨਾਲ ਹੁਣ ਸੀਰੀ ਰਲ ਗਿਆ ਸੀ। ਚੰਦੋ ਨੇ ਚਮਿਆਰਾਂ ਦਾ ਹੀ ਇੱਕ ਹੋਰ ਮੁੰਡਾ ਪਾਲੀ ਰਲਾ ਲਿਆ। ਚਿਰ ਦੀ ਸੂਈ ਨਵੇਂ ਦੁੱਧ ਹੋਈ ਮੱਝ ਵੇਚ ਕੇ ਉਸ ਨੇ ਭਾਰੇ ਮੁੱਲ ਦੀ ਇੱਕ ਸੱਜਰ ਸੂਈ ਪਹਿਲਣ ਝੋਟੀ ਕਿੱਲੇ 'ਤੇ ਲਿਆ ਬੰਨ੍ਹੀ।

ਸ਼ਰਾਬ ਪੀਣੀ ਬੰਦ। ਚਰਨ ਦੀ ਵੀ ਤੇ ਆਪਣੀ ਵੀ। ਚੰਦੋ ਪੂਰੀ ਖ਼ੁਸ਼ ਸੀ। ਹਿੱਕ ਕੱਢ ਕੇ ਅਗਵਾੜ ਵਿੱਚ ਦੀ ਲੰਘਦੀ। ਚਰਨ ਜਿਵੇਂ ਕਬੀਲਦਾਰ ਜਿਹਾ ਬਣ ਗਿਆ ਹੋਵੇ। ਚੰਦੋ ਦੇ ਮੋਹ ਨੇ ਤਾਂ ਜਿਵੇਂ ਉਸ ਨੂੰ ਚਾਰੇ ਪਾਸਿਓਂ ਤਣੀਆਂ ਨਾਲ ਬੰਨ੍ਹ ਲਿਆ ਹੋਵੇ। ਮਾਸੀ ਦੇ ਪੰਜ ਕਿੱਲਿਆ 'ਤੇ ਤਾਂ ਹੁਣ ਉਹ ਧਾਰ ਵੀ ਨਹੀਂ ਸੀ ਮਾਰਦਾ।

ਦੀਵਾਲੀ ਤੋਂ ਬਾਅਦ ਤਹਿਸੀਲਦਾਰ ਦੀ ਕਚਹਿਰੀ ਵਿੱਚ ਜਾ ਕੇ ਚੰਦੋ ਨੇ ਸਾਰੀ ਦੀ ਸਾਰੀ ਸਤਾਰਾਂ ਕਿੱਲੇ ਜ਼ਮੀਨ ਦਾ ਵਸੀਅਤਨਾਮਾ ਚਰਨ ਦੇ ਨਾਉਂ ਕਰਵਾ ਦਿੱਤਾ। ਚੰਦੋ ਦੇ ਪੇਕਿਆਂ ਵਾਲੇ ਸਾਰੇ ਰਿਸ਼ਤੇਦਾਰ, ਸਹੁਰਿਆਂ ਵਾਲੇ ਰਿਸ਼ਤੇਦਾਰ ਤੇ ਪਿੰਡ ਦੇ ਸਾਰੇ ਲੋਕ ਮੂੰਹ ਵਿੱਚ ਉਂਗਲਾਂ ਪਾਉਣ ਲੱਗੇ। *