ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਨਿੱਕਾ ਸੁਨਿਆਰ

ਵਿਕੀਸਰੋਤ ਤੋਂ
ਨਿੱਕਾ ਸੁਨਿਆਰ

ਨਾਲ ਦੇ ਪਿੰਡ ਰਹਿ ਕੇ ਹੁਣ ਨਿੱਕਾ ਰਾਮ ਕੰਮ ਕਰਦਾ ਹੈ। ਇਹ ਪਿੰਡ ਸਾਡੇ ਪਿੰਡ ਤੋਂ ਤਿੰਨ ਚਾਰ ਮੀਲ ਹੀ ਹੈ। ਇਸ ਪਿੰਡ ਮੈਂ ਵੀ ਕਦੇ ਕਦੇ ਆਪਣੇ ਕੰਮ ਜਾਂਦਾ ਹਾਂ।

ਨਿੱਕਾ ਰਾਮ ਦਾ ਘਰ ਸਾਡੇ ਗਵਾਂਢ ਵਿੱਚ ਹੀ ਹੈ। ਉਨ੍ਹਾਂ ਦੇ ਘਰਦਿਆਂ ਨੂੰ ਪਤਾ ਨਹੀਂ ਕਿਵੇਂ ਸੌਅ ਹੋ ਗਈ ਕਿ ਅੱਜ ਮੈਂ ਉਸ ਪਿੰਡ ਜਾਣਾ ਹੈ। ਉਨ੍ਹਾਂ ਦਾ ਇੱਕ ਬਾਰ੍ਹਾਂ ਤੇਰਾਂ ਸਾਲ ਦਾ ਮੁੰਡਾ ਇੱਕ ਚਿੱਠੀ ਫੜਾ ਕੇ ਮੈਨੂੰ ਕਹਿਣ ਲੱਗਾ-'ਚਾਚਾ, ਆਹ ਚਿੱਠੀ ਮੇਰੇ ਬਾਈ (ਪਿਤਾ) ਨੂੰ ਫੜਾ ਦੀਂ ਜ਼ਰੂਰ। ਉਹ ਓਥੇ ਈ ਰਹਿੰਦੇ।' ਚਿੱਠੀ ਦਾ ਕਾਗਜ਼ ਉਸ ਮੁੰਡੇ ਨੇ ਆਪਣੀ ਰਫ਼ ਕਾਪੀ ਵਿੱਚੋਂ ਪਾੜਿਆ ਹੋਇਆ ਲੱਗਦਾ ਸੀ-ਅੱਧਾ ਵਰਕਾ, ਘਸਮੈਲ਼ਾ ਜਿਹਾ। ਮੁੰਡਾ ਤਾਂ ਐਨੀ ਗੱਲ ਕਹਿ ਕੇ ਚਲਿਆ ਗਿਆ। ਮੈਂ ਚਿੱਠੀ ਗ਼ੌਰ ਨਾਲ ਦੇਖੀ। ਲਿਖਿਆ ਸੀ-

'ਛੋਟੀ ਮਾਊਂ ਤਾਂ ਗਈ ਤੈਨੂੰ ‘ਡੀਕ ਡੀਕ'। ਜੇ ਆਪ ਨੀ ਆਉਣਾ ਤਾਂ ਕੁਸ ਪੈਸੇ ਭੇਜ ਦੇ। ਘਰੇ ਨਾ ਗੁੜ ਐ, ਨਾ ਚਾਹ ਤੇ ਨਾ ਆਟਾ। ਮੁੰਡਾ ਕਾਪੀਆਂ ਕਿਤਾਬਾਂ ਕੰਨੀਓਂ ਬੈਠੇ।'

ਇਹ ਕਾਗਜ਼ੀ ਓਸੇ ਮੁੰਡੇ ਦੀ ਲਿਖੀ ਲੱਗਦੀ ਸੀ, ਪਰ ਉਸ ਦੀ ਮਾਂ ਵੱਲੋਂ।

ਚਿੱਠੀ ਮੈਂ ਜੇਬ੍ਹ ਵਿੱਚ ਪਾ ਲਈ ਤੇ ਸਾਈਕਲ ਚੁੱਕ ਕੇ ਤੁਰ ਪਿਆ। ਰਾਹ ਵਿੱਚ ਕਈ ਗੱਲਾਂ ਮੇਰੇ ਦਿਮਾਗ਼ ਨੂੰ ਟਕਰਾਉਂਦੀਆਂ ਰਹੀਆਂ। ਮੇਰੇ ਆਪਣੇ ਕੰਮਾਂ ਦੇ ਧੁੰਦਲੇ ਜਿਹੇ ਵਿਚਾਰ ਨਾਲ ਹੀ ਫੱਟ ਨਿੱਕਾ ਰਾਮ ਦਾ ਖਿਆਲ ਮੇਰੇ ਮੱਥੇ ਨਾਲ ਆ ਵੱਜਦਾ।

ਜਦ ਮੈਂ ਛੋਟਾ ਜਿਹਾ ਸੀ, ਉਸ ਵੇਲੇ ਨਿੱਕਾ ਰਾਮ ਸੁਨਿਆਰ ਦਾ ਘਰ ਸਾਰੇ ਪਿੰਡ ਵਿੱਚ ਖੱਬੀਖਾਨ ਸਮਝਿਆ ਜਾਂਦਾ ਸੀ। ਸਾਰੇ ਪਿੰਡ ਦੀਆਂ ਟੂਮਾਂ ਉਨ੍ਹਾਂ ਦੇ ਪਹਾਰੇ 'ਤੇ ਬਣਦੀਆਂ। ਉਸ ਨੇ ਲਵੇ ਲੌਣੇ ਦੇ ਕਈ ਹੋਰ ਸੁਨਿਆਰ ਨੌਕਰ ਰੱਖੇ ਹੋਏ ਸਨ, ਜਿਹੜੇ ਤਨਖ਼ਾਹ ਲੈ ਕੇ ਉਸ ਦੀਆਂ ਟੂਮਾਂ ਘੜਦੇ। ਪਿੰਡ ਸਾਰੇ ਵਿੱਚ ਹੀ ਉਸ ਦੀ ਸ਼ਾਹਾਂ ਵਰਗੀ ਹੁੱਬ ਸੀ। ਸਤਿਕਾਰ ਵਜੋਂ ਉਸ ਦਾ ਕੋਈ ਨਾਂ ਨਹੀਂ ਸੀ ਲੈਂਦਾ ਤੇ ਸਾਰੇ ਉਸ ਨੂੰ 'ਸੋਨੀ ਭਗਤ' ਕਹਿ ਕੇ ਬੁਲਾਉਂਦੇ। ਉਹ ਬੰਦਾ ਐਸ਼ੀ ਵੀ ਬੜਾ ਸੀ। ਆਥਣ ਨੂੰ ਕੰਮ ਤੋਂ ਬਾਅਦ ਦੋ ਤਿੰਨ ਬੋਤਲਾਂ ਦੇ ਡਾਟ ਖੁੱਲ੍ਹ ਜਾਂਦੇ ਤੇ ਦੂਜੇ ਤੀਜੇ ਦਿਨ ਮੁਰਗਾ, ਬੱਕਰਾ ਜਾਂ ਤਿੱਤਰ ਵੀ ਬਣਦਾ। ਮੀਟ ਵਾਸਤੇ ਮਸਾਲਾ ਰਗੜਨ ਦੀ ਆਵਾਜ਼ ਸਾਡੇ ਘਰ ਤੀਕ ਸੁਣਦੀ ਹੁੰਦੀ। ਲੋਕ ਗੀਤ ਦੀ ਇਹ ਤੁੱਕ ਠੀਕ ਹੀ ਢੁਕਦੀ ਸੀ- ‘ਗਹਾਂ ਘਰ ਸੁਨਿਆਰਾਂ ਦਾ, ਜਿੱਥੇ ਕੁੰਡਾ ਘੋਟਣਾ ਖੜਕੇ।'

ਹੌਲੀ ਹੌਲੀ ਜ਼ਮਾਨਾ ਬਦਲਦਾ ਗਿਆ। ਨਿੱਕਾ ਰਾਮ ਦਾ ਕੰਮ ਅੱਗੇ ਨਾਲੋਂ ਥਿਵਣ ਲੱਗ ਪਿਆ। ਉਸ ਨੂੰ ਆਪਣੇ ਕੰਮ ਦੇ ਮੰਦੇ ਦਾ ਫ਼ਿਕਰ ਨਹੀਂ ਸੀ ਹੋਇਆ। ਇੱਕ ਕੁੜੀ, ਦੂਜੀ ਕੁੜੀ ਤੇ ਫੇਰ ਤੀਜੀ ਕੁੜੀ। ਚੌਥੀ ਕੁੜੀ ਜਦ ਹੋਈ, ਉਸ ਦਾ ਨਾਂ ਉਨ੍ਹਾਂ ਖਿਝ ਕੇ ‘ਮਾਊ ਰੱਖ ਲਿਆ। ਪੰਜਵੀਂ ਕੁੜੀ ਜਦੋਂ ਹੋਈ ਉਸ ਦਾ ਨਾਂ ‘ਛੋਟੀ ਮਾਊ' ਤੇ ਪਹਿਲੀ ਮਾਊ ਹੁਣ ‘ਵੱਡੀ ਮਾਊਂ' ਆਖੀ ਜਾਣ ਲੱਗੀ। ਵਧ ਰਹੇ ਪਰਿਵਾਰ ਦਾ ਉਸ ਨੂੰ ਭੋਰਾ ਵੀ ਖਿਆਲ ਨਹੀਂ ਸੀ-ਪਰਿਵਾਰ ਵੀ ਨਿਰੇ ਪੱਥਰਾਂ ਦਾ, ਉਹ ਚਾਹੁੰਦਾ ਸੀ ਕਿ ਕਦੇ ਤਾਂ ਮੁੰਡਾ ਹੋਵੇ। ਛੇਵੀਂ ਵਾਰ ਤਾਂ ਪੂਰੀ ਆਸ ਸੀ ਕਿ ਮੁੰਡਾ ਹੋਊ। ਪਰ ਜੰਮੀ ਤਾਂ ਜੰਮੀ ‘ਛੋਟੀ ਟਿੱਡਾ’। 'ਨਿੱਕਾ ਰਾਮ ਦੇ ਫੂਸ ਉੱਡ ਗਏ।

ਚੀਨੀ ਹੱਲੇ ਤੋਂ ਪਿੱਛੋਂ ਸੋਨੇ ਦੇ ਸਬੰਧ ਵਿੱਚ ਨਵੀਆਂ ਤਬਦੀਲੀਆਂ ਆਉਣ ਕਰਕੇ ਤੇ ਮਹਿੰਗਾਈ ਕਾਰਨ ਸੋਨੇ ਵੱਲ ਆਮ ਲੋਕਾਂ ਦਾ ਰੁਝਾਨ ਘਟਣ ਕਰਕੇ ਸੁਨਿਆਰਾਂ ਦਾ ਕੰਮ ਲਗਭਗ ਠੱਪ ਹੀ ਹੋ ਗਿਆ। 'ਸੋਨੀ ਭਗਤ’ ਦੇ ਪਹਾਰੇ ਵਿਚੋਂ ਵੀ ਹੁਣ ਕਦੇ ਕਦੇ ਹੀ ਠੱਕ ਠੱਕ ਸੁਣਦੀ। ਹੁਣ ਸੱਤ ਧੀਆਂ ਬਾਅਦ ਉਸ ਦੇ ਮੁੰਡਾ ਵੀ ਹੋ ਗਿਆ ਸੀ, ਜਿਹੜਾ ਹੁਣ ਕਾਫ਼ੀ ਉਡਾਰ ਸੀ। ਮੁੰਡੇ ਦਾ ਨਾਂ ਤਾਂ ‘ਕੁਲਦੀਪ’ ਸੀ, ਪਰ ਲੋਕਾਂ ਦੀਆਂ ਟੂਮਾਂ ਵਿੱਚ ਖੋਟ ਪਾ ਪਾ ਜੋੜਿਆਂ ਸਾਰਾ ਸੋਨਾ ਕੁੜੀਆਂ ਦੇ ਵਿਆਹ ’ਤੇ ਲੱਗ ਗਿਆ ਤੇ ਹੁਣ ਘਰ ਵਿਚ ਰੋਟੀ ਦੇ ਫ਼ਿਕਰ ਨੇ ਭਵਿੱਖ ਦੀਆਂ ਸਾਰੀਆਂ ਬੱਤੀਆਂ ਬੁਝਾ ਦਿੱਤੀਆਂ।

ਚਾਰ ਕੁੜੀਆਂ ਆਪੋ ਆਪਣੇ ਘਰੀਂ ਚਲੀਆਂ ਗਈਆਂ ਸਨ। ਪੰਜਵੀਂ ਕੁੜੀ ‘ਛੋਟੀ ਮਾਊ’ ਦਾ ਵਿਆਹ ਤਾਂ ਉਸ ਨੇ ਔਖਾ ਸੁਖਾਲਾ ਹੋ ਕੇ ਕਰ ਦਿੱਤਾ ਸੀ, ਪਰ ਮੁਕਲਾਵਾ ਅਜੇ ਤੋਰਨਾ ਰਹਿੰਦਾ ਸੀ। ਉਸ ਦੇ ਸਹੁਰਿਆਂ ਨੇ ਮੁਕਲਾਵੇ ਲਈ ਨੱਕ ਜਿੰਦ ਲਿਆ ਦਿੱਤੀ।

ਨਿੱਕਾ ਹੁਣ ਇੱਕ ਸਾਲ ਤੋਂ ਪਹਾਰਾ ਛੱਡ ਬੈਠਾ ਸੀ ਤੇ ਭਾਂਡੇ ਕਲੀ ਕਰਨ ਦਾ ਕੰਮ ਕਰਨ ਲੱਗ ਗਿਆ ਸੀ। ਹੌਲੀ-ਹੌਲੀ ਇਹ ਕੰਮ ਵੀ ਮੁੱਕ ਗਿਆ। ਕਿੰਨੇ ਕੁ ਲੋਕ ਪਿੰਡਾਂ ਵਿੱਚ ਭਾਂਡਿਆਂ ਨੂੰ ਕਲੀ ਕਰਵਾਉਂਦੇ ਹਨ? ਤੇ ਨਾਲੇ ਇਸ ਕੰਮ ਵਿਚੋਂ ਨਿੱਕੇ ਦੇ ਘਰ ਦੀ ਰੋਟੀ ਵੀ ਨਹੀਂ ਸੀ ਤੁਰਦੀ।

ਕੁੜੀਆਂ ਦੋ ਅਜੇ ਵਿਆਹੁਣ ਵਾਲੀਆਂ ਰਹਿੰਦੀਆਂ ਸਨ। ਮੁੰਡਾ ਪੜ੍ਹਦਾ ਸੀ, ਛੇਵੀਂ ਜਮਾਤ ਵਿੱਚ। ਹਾਰ ਕੇ ਨਿੱਕਾ ਨਾਲ ਦੇ ਪਿੰਡ ਚਲਿਆ ਗਿਆ। ਉੱਥੇ ਕੰਮ ਸ਼ੁਰੂ ਕਰ ਦਿੱਤਾ। ਪਹਿਲਾਂ ਪਹਿਲਾਂ ਤਾਂ ਤੀਜੇ ਚੌਥੇ ਦਿਨ ਉਹ ਘਰ ਆ ਜਾਂਦਾ, ਪਰ ਹੁਣ ਤਾਂ ਉਹ ਦਸ ਦਸ ਦਿਨ ਨਹੀਂ ਸੀ ਮੁੜਦਾ। ਕੰਮ ਦੀ ਤੱਦੀ ਬਹੁਤ ਰਹਿੰਦੀ। ਹੁਣ ਉਹ ਨਿੱਤ ਦੇ ਤਿੰਨ ਰੁਪਈਏ ਕਮਾਉਂਦਾ ਸੀ- 'ਰੋਟੀ ਵੀ ਅਗਲੇ ਦੇ ਸਿਰੋਂ।’

‘ਛੋਟੀ ਮਾਊਂ' ਦਾ ਮੁਕਲਾਵਾ ਵੀ ਧਰ ਦਿੱਤਾ। ਇਕੱਲੇ ਪ੍ਰਾਹੁਣੇ ਨੇ ਹੀ ਉਸ ਨੂੰ ਆ ਕੇ ਲੈ ਜਾਣਾ ਸੀ। ਸੋ, ਅੱਜ ਉਹ ਚਲੀ ਗਈ ਸੀ- ਰੋਂਦੀ ਧਿਸਾਉਂਦੀ। ਨਿੱਕਾ ਸੱਤ ਅੱਠ ਦਿਨਾਂ ਤੋਂ ਪਿੰਡ ਨਹੀਂ ਸੀ ਆਇਆ। ਉਡੀਕ ਉਡੀਕ ਕੇ ‘ਛੋਟੀ ਮਾਊਂ' ਚਲੀ ਗਈ।

ਨਾਲਦੇ ਪਿੰਡ ਜਾ ਕੇ ਆਪਣਾ ਕੰਮ ਕਰਨ ਤੋਂ ਪਹਿਲਾਂ ਮੈਂ ਨਿੱਕੇ ਦੀ ਭਾਲ ਕੀਤੀ। ਮੈਂ ਸਮਝਿਆ ਕਿ ਉਹ ਕਿਸੇ ਹੋਰ ਸੁਨਿਆਰ ਦੇ ਪਹਾਰੇ ਤੇ ਕੰਮ ਕਰਦਾ ਹੋਵੇਗਾ ਜਾਂ ਭਾਂਡੇ ਕਲੀ ਕਰਦਾ ਹੋਵੇਗਾ। ਪਰ ਉਹ ਮੈਨੂੰ ਕਿਤੋਂ ਵੀ ਨਾ ਲੱਭਿਆ।

ਬਹੁਤ ਭਾਲ ਟੋਲ ਤੋਂ ਬਾਅਦ ਪਤਾ ਲੱਗਿਆ ਕਿ ਉਹ ਤਾਂ ਮਲਕੀਤੀ ਮੱਲ ਸੇਠ ਦੇ ਘਰ ਕੰਮ ਕਰਦਾ ਹੈ, ਮਲਕੀਤੀ ਮੱਲ ਦਾ ਘਰ ਪੁੱਛ ਕੇ ਮੈਂ ਉੱਥੇ ਪਹੁੰਚਿਆ ਤੇ ਦੇਖਿਆ ਕਿ ਨਿੱਕਾ ਗਾਰੇ ਦੀ ਘਾਣੀ ਵਿੱਚ ਗੋਡਿਆਂ ਤੱਕ ਧਸਿਆ ਹੋਇਆ ਕਹੀ ਨਾਲ ਮਿੱਟੀ ਵੱਢ ਰਿਹਾ ਸੀ। ਮਲਕੀਤੀ ਮੱਲ ਦਾ ਨਵਾਂ ਮਕਾਨ ਬਣ ਰਿਹਾ ਸੀ। ਮੈਨੂੰ ਦੇਖ ਕੇ ਨਿੱਕਾ ਬਣਾਉਟੀ ਮੁਸਕਾਨ ਬੁੱਲ੍ਹਾਂ 'ਤੇ ਲੈ ਆਇਆ। ਮੁਸਕਾਨ ਦੇ ਨਾਲ ਹੀ ਉਸ ਦੇ ਮੂੰਹ ਵਿਚਲੇ ਸੋਨੇ ਦੇ ਦੰਦ ਨੇ ਵੀ ਮੱਧਮ ਜਿਹੀ ਦਮਕ ਮਾਰੀ, ਜਿਸ ਨੂੰ ਹੁਣ ਕਰੇੜਾ ਲੱਗ ਚੁੱਕਿਆ ਸੀ। ਉਸ ਨੂੰ ਬੁਲਾਉਣ ਲਈ 'ਸੋਨੀ ਭਗਤ’ ਸ਼ਬਦ ਮੇਰੇ ਸੰਘ ਵਿੱਚ ਹੀ ਅੜ ਗਿਆ।ਚਿੱਠੀ ਫੜਾ ਕੇ ਮੇਰੇ ਮੂੰਹੋਂ ਇੱਕ ਵੀ ਗੱਲ ਨਾ ਸਰੀ ਤੇ ਨਿੱਕਾ ਵੀ ਜਿਵੇਂ ਗੁੰਨਰ ਵੱਟਾ ਹੋ ਗਿਆ।♦