ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਧੀ ਦਾ ਵਰਮ

ਵਿਕੀਸਰੋਤ ਤੋਂ
ਧੀ ਦਾ ਵਰਮ

ਓਦਣ ਮੈਂ ਕੁਝ ਸਦੇਹਾਂ ਹੀ ਉੱਠ ਖੜ੍ਹਿਆ ਸਾਂ। ਤਾਰਿਆਂ ਦੀ ਛਾਂ ਅਜੇ ਹੈਗੀ ਸੀ। ਦਾਤਣ ਕਰਦਾ ਕਰਦਾ ਫਲ੍ਹਾ ਲੰਘ ਕੇ ਰੂੜੀਆਂ ਵਿੱਚ ਦੀ ਹੁੰਦਾ ਹੋਇਆ ਨਿਆਈਆਂ ਵਿੱਚ ਪਹੁੰਚਿਆ ਤਾਂ ਟੋਭੇ ਕੋਲਦੀ ਭੜੀਂਅ ਟਪਦੀ ਇੱਕ ਛਾਂ ਜਿਹੀ ਮੈਂ ਵੇਖੀ। ਮੈਂ ਡਰ ਗਿਆ। ਇਹ ਓਪਰਾ ਜਿਹਾ ਬੰਦਾ ਕੌਣ ਹੈ? ਐਨੇ ਸਵਖਤੇ ਐਨੀ ਕਾਹਲੀ ਕਾਹਲੀ ਕੀ ਕਰਦਾ, ਦਿਲ ਕਰੜਾ ਕਰਕੇ ਮੈਂ ਜ਼ਰਾ ਉਸ ਦੇ ਨੇੜੇ ਚਲਿਆ ਗਿਆ। ਲੁਕ ਕੇ ਤੇ ਸਾਹ ਘੁੱਟ ਕੇ ਮੈਂ ਉਸ ਨੂੰ ਦੇਖਦਾ ਰਿਹਾ। ਐਨੀ ਕਾਹਲ ਨਾਲ ਦੇਖੀਏ ਭਲਾਂ ਕੀ ਕਰਦਾ ਹੈ। ਉਸ ਦੇ ਹੱਥ ਵਿੱਚ ਕਹੀ ਸੀ। ਲਹੂ ਲਿੱਬੜੀਆਂ ਲੀਰਾਂ, ਮੈਲੇ ਦੇ ਬੁੱਥ ਜਿਹੇ-ਸਭ ਕੁਝ ਬੱਕਰੀ ਦੀ ਜੇਰ ਜਿਹਾ, ਪਹਿਲਾਂ ਉਸ ਨੇ ਕਹੀ ਤੋਂ ਥੱਲੇ ਢੇਰੀ ਕਰ ਦਿੱਤਾ। ਫੇਰ ਕਾਹਲੀ- ਕਾਹਲੀ ਪੰਜ ਸੱਤ ਚੇਪੇ ਕੱਢ ਕੇ ਟੋਏ ਵਿੱਚ ਉਸ ਸਭ ਕਾਸੇ ਨੂੰ ਦੱਬ ਦਿੱਤਾ ਤੇ ਉੱਤੋਂ ਚੰਗੀ ਤਰ੍ਹਾਂ ਮਿੱਟੀ ਥਾਪੜ ਦਿੱਤੀ। ਇੱਕ ਬਿੰਦ ਉਹ ਉੱਥੇ ਖੜ੍ਹਾ ਰਿਹਾ ਤੇ ਫੇਰ ਪੰਦਰਾਂ ਸੋਲਾਂ ਕਰਮ ਘਰ ਵੱਲ ਨੂੰ ਤੁਰ ਕੇ ਥਾਏਂ ਬੈਠ ਗਿਆ, ਜਿਵੇਂ ਉਸ ਦੀ ਪਾਤਲੀ ਵਿੱਚ ਕੋਈ ਤਿੱਖੀ ਸੂਲ ਲੱਗੀ ਹੋਵੇ। ਬਿੰਦ ਕੁ ਸਾਹ ਲੈ ਕੇ ਉਹ ਫੇਰ ਉੱਠ ਕੇ ਤੁਰ ਪਿਆ।

ਸਕੰਦਰ 'ਤੇ ਜਦ ਜਵਾਨੀ ਦਾ ਪੂਰਾ ਲੋਰ ਸੀ, ਹਰ ਮੂੰਹ ਉਸ ਦੀ ਗੱਲ ਕਰਦਾ ਸੀ-

‘ਨਰੈਣੇ ਕੇ ਘੀਚਰ ਦਾ ਅੱਜ ਸਕੰਦਰ ਨਾਲ ਟੇਟਾ ਲੱਗ ਗਿਆ। ਸਕੰਦਰ ਨੇ ਲਖੀਰ ਖਿੱਚ ਕੇ ਹਿੱਕ ਥਾਪੜ ’ਤੀ-ਟੱਪ ਕੇ ਦਿਖਾ ਜੇ ਬੰਦੇ ਦਾ ਪੁੱਤ ਐਂ?' ਤੇ ਘੀਚਰ ਦੋ ਹੋਰ ਹਮੈਤੀਆਂ ਸਣੇ ਲਖੀਰ ਕੰਨੀ ਝਾਕ ਵੀ ਨੀ ਸਕਿਆ।'

‘ਘੁੰਨਸਾਂ ਵਾਲੇ ਪੁਲ 'ਤੇ ਅੱਜ ਤਿੰਨ ਓਡਾਂ ਦੀ ਸਕੰਦਰ ਨੇ ਬੂਥ ਲਵਾ 'ਤੀ।'

"ਐਤਕੀ ਕਾਲੇਕਿਆਂ ਦੇ ਮੇਲੇ 'ਤੇ ਸਕੰਦਰ ਨੇ ਪੰਸੇਰੀ ਦੀ ਕਾਤਰੀ ਬਣਾ ’ਤੀ ਤੇ ਕੋਈ ਵੀ ਉਹਦੇ ਨਿਸ਼ਾਨ ਨੂੰ ਟੱਪ ਨੀ ਸਕਿਆ।"

‘ਕੰਦੇ ਦੇ ਮੁੰਡੇ ਦਾ ਵਿਆਹ ਸੀ। ਗਿੱਧੇ ਵਿੱਚ ਸਕੰਦਰ ਨੇ ਬੋਲੀਆਂ ਪਾ ਪਾ ਮੇਲਣਾਂ ਦੀ ਗੋਡੀ ਲਵਾ ’ਤੀ।'

ਧਨੌਲੇ ਵਾਲੀ ਸੜਕ 'ਤੇ ਜਦ ਮੋਟਰ ਲੁੱਟੀ ਗਈ ਸੀ ਤਾਂ ਉਨ੍ਹਾਂ ਡਾਕੂਆਂ ਦੀ ਢਾਣੀ ਵਿੱਚ ਸਕੰਦਰ ਦਾ ਵੀ ਨਾਂ ਸੀ। ਮੁਕਲਾਵੇ ਜਾ ਰਹੀ ਇੱਕ ਮੁਟਿਆਰ ਦੀਆਂ ਬਾਲੀਆਂ ਲਾਹੁਣ ਲੱਗੇ ਦੇ ਉਸ ਦੇ ਹੱਥ ਕੰਬ ਗਏ ਸਨ ਤੇ ਉਹ ਓਥੋਂ ਹੀ ਉਸ ਢਾਣੀ ਨਾਲੋਂ ਨਿੱਖੜ ਆਇਆ ਸੀ।

ਸਕੰਦਰ ਜਦ ਤੀਹ ਸਾਲ ਦਾ ਹੋਇਆ ਤਾਂ ਘਰ ਵਿੱਚ ਉਹ ਦੀ ਇੱਕੋ ਇੱਕ ਮਾਂ ਮਰ ਗਈ। ਘਰ ਸਾਂਭਣ ਲਈ ਹੁਣ ਕੋਈ ਨਹੀਂ ਸੀ। ਦੋ ਚਾਰ ਸਾਲਾਂ ਵਿੱਚ ਹੀ ਉਹ ਸਾਰਾ ਮੁੰਡਪੁਣਾ ਛੱਡ ਕੇ ਵਾਹਵਾ ਕਬੀਲਦਾਰ ਜਿਹਾ ਹੋ ਗਿਆ-ਭਾਵੇਂ ਸੀ ਅਜੇ ਛੜਾ ਹੀ। ਜ਼ਮੀਨ ਚੰਗੀ ਹੋਣ ਕਰਕੇ ਉਸ ਨੂੰ ਸਾਕ ਵੀ ਹੋ ਗਿਆ ਤੇ ਉਹ ਪੂਰਾ ਪੂਰਾ ਧਸ ਗਿਆ-ਕਬੀਲਦਾਰੀ ਵਿੱਚ।

ਉਸ ਦੇ ਦੋ ਮੁੰਡੇ ਤੇ ਇੱਕ ਕੁੜੀ ਸੀ। ਕੁੜੀ ਮੁੰਡਿਆਂ ਨਾਲੋਂ ਵੱਡੀ ਸੀ। ਕੁੜੀ ’ਤੇ ਨਿੱਤ ਨਵਾਂ ਵਾਰ ਆਉਂਦਾ ਸੀ। ਉਹ ਕੱਦੂ ਦੀ ਵੇਲ ਵਾਂਗ ਵਧ ਰਹੀ ਸੀ। ਥੋੜ੍ਹੇ ਸਾਲਾਂ ਵਿੱਚ ਹੀ ਉਹ ਕੋਠੇ ਜਿੱਡੀ ਹੋ ਗਈ ਸੀ।

ਜਿਉਂ ਜਿਉਂ ਦਿਨ ਲੰਘਦੇ ਗਏ, ਸਕੰਦਰ ਮੰਨੇ ਦੰਨੇ ਆਦਮੀਆਂ ਵਿੱਚ ਗਿਣਿਆ ਜਾਣ ਲੱਗਿਆ। ਅਗਵਾੜ ਦਾ ਕੋਈ ਵੀ ਨਬੇੜਾ ਕਰਨਾ ਹੁੰਦਾ, ਉਸ ਦੀ ਹਾਜ਼ਰੀ ਜ਼ਰੂਰੀ ਸਮਝੀ ਜਾਂਦੀ। ਸੱਥ ਵਿੱਚ ਬਹਿ ਕੇ ਜਦ ਉਹ ਆਪਣੀ ਜਵਾਨੀ ਦੀਆਂ ਗੱਲਾਂ ਕਰਦਾ ਤਾਂ ਕਈ ਮਛੋਹਰੇ ਮੁੰਡਿਆਂ ਦਾ ਕੰਨ ਰਸ ਜਾਂਦਾ। ਸੱਥ ਵਿੱਚ ਪਏ ਖੁੰਢਾਂ ਤੇ ਆਥਣ ਵੇਲੇ ਜਦ ਲੋਕ ਜੁੜਦੇ ਤਾਂ ਸਕੰਦਰ ਦੀਆਂ ਗੱਲਾਂ ਬੜੇ ਚਸਕੇ ਨਾਲ ਸੁਣੀਆਂ ਜਾਂਦੀਆਂ। ਉਹ ਆਉਣ ਸਾਰ ਮਿਰਚ ਮਸਾਲਾ ਲਾ ਕੇ ਕੋਈ ਟੋਟਕਾ ਜ਼ਰੂਰ ਸੁਣਾਉਂਦਾ। ਕਈ ਵਾਰ ਉਹ ਨਵੀਂ ਚੋਬਰੀ ਨੂੰ ਤਾੜ ਰਿਹਾ ਹੁੰਦਾ- 'ਓਏ, ਫੰਨੂ ਖੋਹਣੈ ਤੁਸੀਂ, ਕਾਲਜੇ ਤਾਂ ਥੋਡੇ ਚਾਹਾਂ ਨੇ ਫੂਕ ’ਤੇ। ਬਹੁਤੀ ਮੱਲ ਮਾਰੋਂਗੇ ਤਾਂ ਕੋਈ ਤੌੜਾ ਤੱਤਾ ਕਰ ਲੋਂਗੇ ਬੱਸ।'

ਹੁਣ ਕਈ ਦਿਨਾਂ ਤੋਂ ਉਹ ਬਾਹਰ ਸੱਥ ਵਿੱਚ ਨਹੀਂ ਸੀ ਬੈਠਾ। ਇੱਕ ਦਿਨ ਤਾਂ ਬੰਦੇ ਉਸ ਨੂੰ ਘਰੋਂ ਵੀ ਸੱਦਣ ਗਏ। ਪਰ ਫੇਰ ਪਤਾ ਨਹੀਂ ਕੀ ਹੋ ਗਿਆ, ਹੁਣ ਸੱਥ ਵਿੱਚ ਬੈਠ ਕੇ ਉਹ ਦਾ ਨਾਉਂ ਕੋਈ ਘੱਟ ਹੀ ਲੈਂਦਾ ਸੀ।

ਇੱਕ ਦਿਨ ਵੀਹੀ ਵਿੱਚ ਲੰਘਦੇ ਨੇ ਮੈਂ ਸੁੱਣਿਆ-'ਧੀਆਂ ਦੇ ਦੁੱਖ ਬੜੇ', ਤਿੰਨ ਚਾਰ ਬੁੜ੍ਹੀਆਂ ਗੱਲਾਂ ਕਰ ਰਹੀਆਂ ਹਨ। ਇੱਕ ਕਹਿੰਦੀ- 'ਓਦੇਂ ਦਾ ਵਿਚਾਰਾ ਅੰਦਰੋਂ ਨੀ ਨਿਕਲਿਆ।' ਇੱਕ ਹੋਰ ਕਹਿੰਦੀ ਸੀ- 'ਲੋਕਾਂ ਨੂੰ ਮੂੰਹ ਕਿਵੇਂ ਦਿਖਾਵੇ, ਦਾੜ੍ਹੀ ਤਾਂ ਕੁੜੀ ਨੇ ਮੁੰਨ ’ਤੀ। ਸੱਥ ਦਾ ਖਡਿਉਣਾ ਸੀ, ਹੁਣ ਅੱਖ ਉੱਚੀ ਕਿਵੇਂ ਕਰੇ।'

ਸਕੰਦਰ ਨੂੰ ਪੂਰਾ ਮਾਣ ਸੀ ਕਿ ਕਦੇ ਕੋਈ ਉਹ ਦੀ ਵਾਅ ਕੰਨੀਂ ਵੀ ਨਹੀਂ ਝਾਕ ਸਕਦਾ। ਕੀ ਪਤਾ ਸੀ ਕਿ ਘਰ ਦੀ ਅੱਗ ਹੀ ਕਿਸੇ ਦਿਨ ਉਸ ਨੂੰ ਸਾੜ ਦੇਵੇਗੀ।

ਆਪਣੀ ਉਮਰ ਵਿੱਚ ਜਿਹੜੇ ਆਦਮੀ ਖੁੱਲ੍ਹੇ ਚਰੇ ਹੋਣ, ਜੇ ਵਖ਼ਤ ਨਾ ਵਿਚਾਰਿਆ ਜਾਵੇ ਤਾਂ ਉਨ੍ਹਾਂ ਦੇ ਧੀ ਪੁੱਤ ਵੀ ਘੱਟ ਨਹੀਂ ਗੁਜ਼ਾਰਦੇ। ਸਕੰਦਰ ਦੀ ਜਵਾਨੀ ਦੇ ਰੱਥ ਬਚਨੋ ਉਸ ਦੀ ਧੀ ਨੇ ਵੀ ਸੁਣ ਰੱਖੇ ਸਨ। ਬਚਨੋਂ ਨੇ ਬੁੜ੍ਹੀਆਂ ਕੁੜੀਆਂ ਤੋਂ ਸੁਣਿਆ ਹੋਇਆ ਸੀ ਕਿ ਚੜ੍ਹਦੀ ਅਵਜਥਾ ਵਿੱਚ ਸਕੰਦਰ ਨੇ ਪਿੰਡ ਦੀ ਕੋਈ ਵੀ ਸੋਹਣੀ ਤੀਵੀਂ ਛੇੜੇ ਬਿਨਾਂ ਨਹੀਂ ਸੀ ਲੰਘਣ ਦਿੱਤੀ। ਡੇਰੇ ਵਾਲੇ ਮਹੰਤਾਂ ਦੀ ਕੁੜੀ ਨੂੰ ਤਾਂ ਇੱਕ ਵਾਰੀ ਮਹੀਨਾ ਪਿੰਡੋਂ ਬਾਹਰ ਹੀ ਉਹ ਨੇ ਰੱਖਿਆ ਸੀ। ਕੀ ਹੋ ਗਿਆ ਜੇ ਉਹ ਦਾ ਪਿਓ ਹੁਣ ਵੱਡਾ ਖੜਪੈਂਚ ਬਣਿਆ ਫਿਰਦਾ ਸੀ, ਪਰ ਸੀ ਤਾਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਜਾਣ ਵਾਲੀ ਗੱਲ। ਸੋ, ਪਿਓ ਵੱਲੋਂ ਉਹ ਦਾ ਧੁੜਕੂ ਚੁੱਕਿਆ ਹੋਇਆ ਸੀ। ਸਾਰਾ ਦਿਨ ਰ੍ਹਿਆ ਢਾਂਡੇ ਵਾਂਗ ਉਹ ਗਵਾਂਢੀਆਂ ਦੇ ਕੌਲੇ ਕਛਦੀ ਰਹਿੰਦੀ। ਗਵਾਂਢੀਆਂ ਦਾ ਮੁੰਡਾ ਦੀਪਾ ਵੀ ਉਸ ਦੀ ਤਾੜ ਵਿੱਚ ਰਹਿੰਦਾ ਸੀ। ਬਹੁਤੀ ਗੱਲ ਕੀ ਛੇਕੜ ਨੂੰ ਬਚਨੋਂ ਦਾ ਦੀਪੇ ਨਾਲ ਪੇਚਾ ਪੈ ਗਿਆ।

ਬਚਨੋ ਦੀ ਮਾਂ ਪਹਿਲਾਂ ਤਾਂ ਚੋਰੀ ਛੁਪੇ ਦੁਆਈ ਬੂਟੀ ਕਰਦੀ ਰਹੀ। ਬਚਨੋ ਨੇ ਆਪਣੀ ਮਾਂ ਨੂੰ ਚੌਥੇ ਮਹੀਨੇ ਹਾਨੀਸਾਰ ਨੂੰ ਦੱਸ ਹੀ ਦਿੱਤਾ ਸੀ। ਪਾਪ ਗੁੱਝਾ ਕਾਹਨੂੰ ਰਹਿੰਦਾ ਹੈ, ਆਖ਼ਰ ਨੂੰ ਇੱਕ ਦਿਨ ਵਿਸ਼ ਬਣ ਕੇ ਫੁੱਟ ਪੈਂਦਾ। ਬਥੇਰਾ ਕਾੜ੍ਹੇ ਦਿੱਤੇ, ਪਰ ਕੁਝ ਨਾ ਬਣਿਆ। ਦਿਨ ਉੱਪਰੋਂ ਸਮੁੰਦਰ ਦੀ ਲਹਿਰ ਵਾਂਗ ਚੜ੍ਹ ਰਹੇ ਸਨ। ਆਖ਼ਰ ਬਰਨਾਲੇ ਦੀ ਇੱਕ ਮਸ਼ਹੂਰ ਦਾਈ ਨੇ ਬਚਨੋ ਦੇ ਪਿੰਡ ਆ ਕੇ ਜਾਨ ਸੁਖਾਲੀ ਕਰ ਦਿੱਤੀ।

‘ਘਰ ਦੀ ਆਣ ਮਾਰੀਂਦੀ ਐ। ਕਿਸੇ ਨੂੰ ਪਤਾ ਲੱਗ ਗਿਆ ਤਾਂ ਦੋਵੇਂ ਜਹਾਨਾਂ ਤੋਂ ਪੱਟੇ ਜਾਵਾਂਗੇ। ਬਚਨੋ ਦੀ ਮਾਂ ਨੇ ਓਸੇ ਰਾਤ ਸਕੰਦਰ ਨੂੰ ਸਾਰੀ ਗੱਲ ਦੱਸ ਦਿੱਤੀ। ਸਕੰਦਰ ਦਾ ਜੀਅ ਕਰਦਾ ਸੀ ਕਿ ਮਾਂ-ਧੀ ਨੂੰ ਕਿਰਪਾਨ ਨਾਲ ਵੱਢ ਕੇ ਰਾਤੋ ਰਾਤ ਕਿਸੇ ਖੂਹ ਵਿੱਚ ਸੁੱਟ ਦੇਵੇ। ਪਰ ਪਤਾ ਨਹੀਂ ਉਸ ’ਤੇ ਕੀ ਜਾਦੂ ਹੋ ਗਿਆ, ਉਹ ਬੋਲਾ ਜਿਹਾ ਬਣ ਗਿਆ-ਗੂੰਗਾ ਜਿਹਾ ਬਣ ਗਿਆ। ਸਾਰੀ ਰਾਤ ਉਹ ਬੈਠਾ ਰਿਹਾ। ਉਸ ਦੀਆਂ ਅੱਖਾਂ ਵਿੱਚ ਨੀਂਦ ਦੇ ਰੋੜ ਚੁਭਦੇ ਰਹੇ। ਤੜਕੇ ਨੂੰ ਬਚਨੋ ਦੀ ਮਾਂ ਦੇ ਕਹਿਣ ਮੁਤਾਬਕ ਉਹ ਲਹੂ ਲਿਬੜੀਆਂ ਲੀਰਾਂ ਤੇ ਮਾਸ ਦੇ ਬੁੱਥ ਜਿਹੇ ਕਹੀ ਤੇ ਪਾ ਕੇ ਮੂੰਹ ਹਨੇਰੇ ਹੀ ਨਿਆਈਆਂ ਵਿੱਚ ਦੱਬ ਆਇਆ।ਘਰ ਮੁੜਨ ਸਾਰ ਜਿਵੇਂ ਉਸ ਨੂੰ ਛਾਇਆ ਹੋ ਗਈ ਸੀ। ਬੱਸ ਉਸ ਦਿਨ ਤੋਂ ਬਾਅਦ ਉਹ ਘਰੋਂ ਨਹੀਂ ਸੀ ਨਿਕਲਿਆ।

ਇੱਕ ਦਿਨ ਆਥਣੇ ਉਨ੍ਹਾਂ ਦੇ ਘਰ ਮੂਹਰੇ ਦੀ ਮੈਂ ਲੰਘਿਆ। ਕਈ ਬੁੜ੍ਹੀਆਂ ਉਨ੍ਹਾਂ ਦੇ ਘਰੋਂ ਨਿਕਲ ਰਹੀਆਂ ਸਨ। ਉਨ੍ਹਾਂ ਦੇ ਘਰ ਤੋਂ ਕੁਝ ਉਰੇ ਆ ਕੇ ਬੁੜ੍ਹੀਆਂ ਦੀ ਘੁਸਰ ਮੁਸਰ ਵਿਚੋਂ ਮੈਨੂੰ ਐਨੀ ਕੁ ਗੱਲ ਸਮਝ ਪਈ- 'ਧੀ ਦਾ ਵਰਮ ਲੈ ਕੇ ਉੱਠ ਗਿਆ।’♦