ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਬਾਰੂ ਦੀ ਚਾਹ

ਵਿਕੀਸਰੋਤ ਤੋਂ
ਬਾਰੂ ਦੀ ਚਾਹ

ਬਾਰੂ ਦੀ ਚਾਹ ਮਸ਼ਹੂਰ ਸੀ। ਉਹ ਦੀ ਦੁਕਾਨ ਨਿੱਕੀ ਜਿਹੀ ਇੱਕ ਕੋਠੜੀ-ਤਾਂਗਿਆਂ ਦੇ ਅੱਡੇ 'ਤੇ ਇੱਕ ਨੁੱਕਰ ਵਿੱਚ ਸੀ। ਉਹ ਨਿੱਕੀ ਜਿਹੀ ਕੋਠੜੀ ਉਹਦਾ ਘਰ ਵੀ ਸੀ ਤੇ ਦੁਕਾਨ ਵੀ। ਤਾਂਗਿਆਂ ਵਾਲੇ ਉਸ ਦੀ ਚਾਹ ਪੀਂਦੇ, ਬਜ਼ਾਰ ਵਿੱਚੋਂ ਆ ਕੇ ਦੁਕਾਨਦਾਰ ਉਸ ਦੀ ਚਾਹ ਪੀਂਦੇ, ਮਾਸਟਰ ਉਸ ਦੀ ਚਾਹ ਪੀਂਦੇ ਤੇ ਮਾਸਟਰਨੀਆਂ ਉਸ ਦੀ ਚਾਹ ਸਕੂਲ ਵਿੱਚ ਮੰਗਵਾ ਕੇ ਪੀਂਦੀਆਂ। ਜੋ ਵੀ ਕੋਈ ਉਸ ਦੀ ਚਾਹ ਪੀ ਲੈਂਦਾ, ਘਰ ਦੀ ਚਾਹ ਛੱਡ ਜਾਂਦਾ। ਥੋੜ੍ਹਾ ਜਿਹਾ ਪਾਣੀ, ਥੋੜ੍ਹਾ ਜਿਹਾ ਦੁੱਧ, ਥੋੜਾ ਜਿਹਾ ਮਿੱਠਾ ਤੇ ਚਾਹ ਪੱਤੀ ਮਨ ਮਰਜ਼ੀ ਦੀ। ਘੁੱਟ ਭਰ ਕੇ ਇਉਂ ਲੱਗਦਾ, ਜਿਵੇਂ ਵਿੱਚ ਫ਼ੀਮ ਘੋਲੀ ਹੋਵੇ।

ਏਸ ਪਿੰਡ ਵਿੱਚ ਬਾਰੂ ਨੂੰ ਆਏ ਨੂੰ ਚਾਰ ਪੰਜ ਸਾਲ ਹੋ ਗਏ ਸਨ। ਇਸ ਤੋਂ ਪਹਿਲਾਂ ਉਹ ਬਰਨਾਲੇ ਤੋਂ ਧਨੌਲੇ ਤੀਕ ਤਾਂਗਾ ਵਾਹੁੰਦਾ ਹੁੰਦਾ ਸੀ। ਤਾਂਗਾ ਉਸ ਨੇ ਦਸ ਬਾਰਾਂ ਸਾਲ ਵਾਹਿਆ। ਸਰਕਾਰੀ ਡਾਕ ਵੀ ਉਹ ਕਈ ਸਾਲ ਤਾਂਗੇ ’ਤੇ ਢੋਂਦਾ ਰਿਹਾ। ਇੱਕ ਵਾਰੀ ਉਸ ਦੇ ਘੋੜੇ ਨੇ ਉਸ ਦੇ ਦੁਲੱਤਾ ਮਾਰਿਆ ਤੇ ਉਸ ਦੀਆਂ ਦੋਵੇਂ ਲੱਤਾਂ ਸੁਕੜੰਜਾ ਕੋਲੋਂ ਭੰਨ੍ਹ ਦਿੱਤੀਆਂ। ਕਈ ਮਹੀਨੇ ਉਹ ਹਸਪਤਾਲ ਵਿੱਚ ਪਿਆ ਰਿਹਾ। ਰਾਜ਼ੀ ਤਾਂ ਹੋ ਗਿਆ, ਪਰ ਲੱਤਾਂ ਦੋਵੇਂ ਨਕਾਰਾ ਹੋ ਗਈਆਂ। ਤੁਰ ਉਹ ਲੈਂਦਾ ਤਾਂ ਸੀ, ਪਰ ਇਉਂ ਜਿਵੇ ਸਰਕਸ ਵਾਲੇ ਲੱਤਾਂ ਨਾਲ ਵੱਡੇ ਵੱਡੇ ਬੰਝ ਬੰਨ੍ਹ ਕੇ ਤੁਰਦੇ ਹਨ। ਤੁਰਿਆ ਜਾਂਦਾ ਦੂਰੋਂ ਉਹ ਚਰ੍ਹੀ ਦੇ ਛਿਲਕਾਂ ਦਾ ਘੋੜਾ ਜਿਹਾ ਲੱਗਦਾ।

ਪਿੰਡ ਉਸ ਦਾ ਨਾਭੇ ਤੋਂ ਪਰ੍ਹੇ ਸੀ। ਉਹ ਜੰਮਦਾ ਹੀ ਉਸ ਦੀ ਮਾਂ ਨੇ ਸੁਥਰਿਆਂ ਦੇ ਡੇਰੇ ਨੂੰ ਪੁੰਨ ਕਰ ਦਿੱਤਾ ਸੀ। ਜਦ ਉਹ ਉਡਾਰ ਹੋਇਆ, ਸੁਥਰੇ ਆ ਕੇ ਉਸ ਨੂੰ ਲੈ ਗਏ। ਉਸ ਤੋਂ ਬਾਅਦ ਦੋ ਭਰਾ ਉਸ ਦੇ ਹੋਰ ਵੀ ਹੋਏ। ਫੇਰ ਦੋਵੇਂ ਭਰਾਵਾਂ ਦੇ ਅਗਾਂਹ ਔਲਾਦ ਵੀ ਹੋਈ। ਭਾਵੇਂ ਉਹ ਜ਼ਾਤ ਦੇ ਸੁਨਿਆਰ ਸਨ, ਪਰ ਉਨ੍ਹਾਂ ਕੋਲ ਕੁਝ ਜ਼ਮੀਨ ਤੇ ਜਾਇਦਾਦ ਵੀ ਸੀ। ਬਾਰੂ ਸੁਥਰਿਆਂ ਨਾਲ ਰਲ ਕੇ ਪਿੰਡ ਛੱਡ ਆਇਆ ਸੀ। ਉਹ ਦੇ ਦੋ ਭਰਾਵਾਂ ਨੇ ਬਾਅਦ ਵਿੱਚ ਆਪਸ ਵਿੱਚ ਜਾਇਦਾਦ ਵੰਡਣ ਲੱਗੇ ਬਾਰੁ ਨੂੰ ਫੌਤ ਹੋਇਆ ਲਿਖਵਾ ਦਿੱਤਾ। ਨਾਲੇ ਹੁਣ ਉਹ ਬਾਰੂ ਕਾਹਨੂੰ ਸੀ ਡੰਡੇ ਵਜਾਉਂਦਾ ‘ਕੌਡੇ ਸ਼ਾਹ' ਸੁਥਰਾ ਸੀ।

ਉਹ ਕਹਿੰਦਾ ਹੁੰਦਾ- 'ਘਰਦਿਆਂ ਕੰਨੀਓ ਤਾਂ ਮੈਂ ਮਰਿਆ ਹੋਇਆ, ਐਥੇ ਈ ਜਿਉਨਾਂ।' ਸੁਥਰਿਆਂ ਦੇ ਨਿਰਜਿੰਦ ਜੀਵਨ ਨੂੰ ਛੱਡ ਕੇ ਫੇਰ ਬਾਰੂ ਲਾਹੌਰ ਚਲਿਆ ਗਿਆ। ਉੱਥੇ ਜਾ ਕੇ ਤਾਂਗਾ ਵਾਹਣ ਲੱਗ ਪਿਆ। ਉਸ ਵੇਲੇ ਉਹ ਦੀ ਉਮਰ ਤੀਹ ਸਾਲ ਦੀ ਸੀ।

ਅੱਧੀ ਛੁੱਟੀ ਵੇਲੇ ਅਸੀਂ ਨਿੱਤ ਬਾਰੂ ਦੀ ਚਾਹ ਪੀਣ ਜਾਂਦੇ। ਕਈ ਵਾਰੀ ਜੇ ਅਸੀਂ ਸਕੂਲ ਵਿੱਚ ਚਾਹ ਪੀ ਲਈ ਹੁੰਦੀ ਤੇ ਫੇਰ ਚਾਹ ਦੀ ਲੋੜ ਨਾ ਵੀ ਹੁੰਦੀ ਤਾਂ ਵੀ ਉਹ ਦੇ ਕੋਲ ਚਾਹ ਪੀਣ ਜਾਂਦੇ। ਬਾਰੂ ਦੀ ਚਾਹ ਨਾਲੋਂ ਸਾਨੂੰ ਉਹ ਦੀਆਂ ਗੱਲਾਂ ਦਾ ਨਸ਼ਾ ਬਹੁਤਾ ਹੁੰਦਾ।

ਇੱਕ ਦਿਨ ਬਾਰੂ ਨੇ ਦੱਸਿਆ ਕਿ ਜਦ ਉਹ ਲਾਹੌਰ ਤਾਂਗਾ ਵਾਹੁੰਦਾ ਹੁੰਦਾ ਸੀ, ਇੱਕ ਮੇਮ ਨੇ ਉਸ ਨਾਲ ਘਰ ਤੋਂ ਹਸਪਤਾਲ ਤੇ ਹਸਪਤਾਲ ਤੋਂ ਘਰ ਨਿੱਤ ਛੱਡਣ ਤੇ ਲਿਆਉਣ ਦਾ ਠੇਕਾ ਕਰ ਲਿਆ। ਮੇਮ ਉਹ ਹਸਪਤਾਲ ਵਿੱਚ ਡਾਕਟਰ ਲੱਗੀ ਹੋਈ ਸੀ। ਦਿਨੇ ਉਹ ਹੋਰ ਸਵਾਰੀਆਂ ਲੈਂਦਾ ਰਹਿੰਦਾ ਤੇ ਸਵੇਰੇ ਸ਼ਾਮ ਮੇਮ ਨੂੰ ਛੱਡਦਾ ਲਿਆਉਂਦਾ। ਮੇਮ ਨੇ ਫੇਰ ਉਸ ਨੂੰ ਆਪਣੀ ਕੋਠੀ ਵਿੱਚ ਹੀ ਰਹਿਣ ਲਈ ਇੱਕ ਕਮਰਾ ਦੇ ਦਿੱਤਾ। ਹੁਣ ਉਹ ਆਪਣਾ ਤਾਂਗਾ ਵੀ ਉੱਥੇ ਹੀ ਰੱਖਦਾ ਤੇ ਘੋੜਾ ਵੀ। ਨੀਰਾ ਦਾਣਾ ਵੀ ਘੋੜੇ ਵਾਸਤੇ ਉੱਥੇ ਈ। ਮੇਮ ਤਾਂ ਬੁੜ੍ਹੀ ਜਿਹੀ ਸੀ, ਪਰ ਮੇਮ ਦੀ ਕੁੜੀ ਫੁਲ ਪਟਾਕਾ ਸੀ।ਬਾਰੂ ਨੂੰ ਉਹ ਗਿਟ ਮਿਟ ਗਿਟ ਮਿਟ ਕਰਦੀ ਰਿਹਾ ਕਰੇ। ਕਦੇ ਉਹ ਦੀਆਂ ਵੱਡੀਆਂ ਵੱਡੀਆਂ ਤੇ ਕੁੰਡੀਆਂ ਮੁੱਛਾਂ ਨੂੰ ਹੱਥ ਲਾ ਕੇ ਦੇਖਿਆ ਕਰੇ। ਕਦੇ ਉਹ ਦੇ ਡੌਲਿਆਂ ਨੂੰ ਟੋਹਿਆ ਕਰੇ ਮੋਟੇ ਮੋਟੇ ਆਂਡਿਆਂ ਵਾਲੀਆਂ ਡੋਰੇਦਾਰ ਉਹ ਦੀਆਂ ਅੱਖਾਂ ਵਿੱਚ ਕਦੇ ਉਹ ਕੁੜੀ ਅੱਖਾਂ ਗੱਡ ਕੇ ਝਾਕਿਆ ਕਰੇ। ਬਾਰੂ ਡਰਦਾ ਰਹਿੰਦਾ- 'ਸਾਲਿਓ ਹੱਡੀ ਬੋਟੀ ਨੀ ਛੱਡਣੀ।'

ਮੇਮ ਦਾ ਇੱਕ ਤੋਤਾ ਰੱਖਿਆ ਹੋਇਆ ਸੀ। ਤੋਤਾ ਕੁਝ-ਕੁਝ ਹਿੰਦੁਸਤਾਨੀ ਬੋਲਦਾ ਤਾਂ ਮੇਮ ਨੂੰ ਬੜਾ ਪਿਆਰਾ ਲੱਗਦਾ। ਬਾਰੂ ਉਸ ਨੂੰ ਕਹਿੰਦਾ- 'ਸਾਡੇ ਖ਼ਾਨਦਾਨ 'ਚ ਅਸੀਂ ਤੋਤੇ ਕਬੂਤਰ ਬਹੁਤ ਰੱਖੇ ਨੇ।’ਤੇ ਇੱਕ ਦਿਨ ਮੇਮ ਦੇ ਉਸ ਫੁਲ ਪਟਾਕੇ ਨੂੰ ਹੌਲੀ ਦੇ ਕੇ ਬਾਰੂ ਕਹਿੰਦਾ- 'ਮੇਰੇ ਕੋਲ ਵੀ ਹੁਣ ਵੀ ਤੋਤੇ ਜਿਹੜਾ ਢਿੱਡ ’ਤੇ ਦਾਣੇ ਚੁਗਦੈ।' ਮੇਮ ਦੀ ਕੁੜੀ ਹੈਰਾਨ ਹੋ ਗਈ, ਕਹਿੰਦੀ- ‘ਕੋਚਵਾਨ, ਮੇਰੇ ਕੋ ਦਿਖਾਓ ਐਸਾ ਜਾਨਵਰ।’ ਤੇ ਫੇਰ ਮੇਮ ਦੀ ਕੁੜੀ ਨੂੰ ਬਾਰੂ ਨੇ ਆਪਣੇ ਕਮਰੇ ਵਿੱਚ ਲਿਜਾ ਕੇ ਢਿੱਡ 'ਤੇ ਚੋਗਾ ਚੁਗਣ ਵਾਲਾ ਤੋਤਾ ਦਿਖਾਇਆ। ਫੇਰ ਤਾਂ ਉਹ ਨਿੱਤ ਉਸ ਦਾ ਤੋਤਾ ਕਮਰੇ ਵਿੱਚ ਦੇਖਣ ਜਾਂਦੀ।

ਇਹ ਅਸੀਂ ਹੀ ਜਾਣਦੇ ਸੀ ਕਿ ਢਿੱਡ 'ਤੇ ਦਾਣੇ ਚੁਗਣ ਵਾਲਾ ਬਾਰੂ ਦਾ ਤੋਤਾ ਕੀ ਸੀ। ਇਹ ਗੱਲ ਉਸ ਨੇ ਫੇਰ ਕਈ ਵਾਰ ਮਸਾਲੇ ਲਾ ਲਾ ਸਾਨੂੰ ਸੁਣਾਈ।

ਜਦੋਂ ਅਸੀਂ ਅੱਧੀ ਛੁੱਟੀ ਵੇਲੇ ਬਾਰੂ ਕੋਲ ਜਾਂਦੇ ਤਾਂ ਜਾਣਸਾਰ ਗੁਣ ਗਣਾਉਣ ਲੱਗ ਜਾਂਦੇ-

ਲੱਟ ਪੱਟ ਪੰਛੀ, ਚਤਰ ਸੁਜਾਨ।

ਸਭ ਕਾ ਦਾਤਾ, ਸਿਰੀ ਭਗਵਾਨ।

ਪੜ੍ਹ ਭਾਈ, ਤੂੰ ਗੰਗਾ ਰਾਮ। ਬਾਰੂ ਜਦ ਖ਼ੁਸ਼ ਹੁੰਦਾ ਤਾਂ ਆਪਣੇ ਹੀ ਅੰਦਾਜ਼ ਵਿੱਚ ਉੱਚੀ ਬੋਲਦਾ- 'ਔਹੋ।' ਉਸ ਦੀ 'ਔਹੋ’ ਨੂੰ ਸਭ ਜਾਣਦੇ ਸਨ। ਤਾਂਗੇ ਵਾਲੇ, ਮਾਸਟਰ ਤੇ ਦੁਕਾਨਦਾਰ ਸਭ ਉਸ ਦੇ ਮੂੰਹੋਂ 'ਔਹੋ’ ਕਹਾ ਕੇ ਖਿੜ ਜਾਂਦੇ। ਇਸ ਤਰ੍ਹਾਂ ਦਾ ਬੋਲ ਇਸ ਤਰ੍ਹਾਂ ਦੇ ਢੰਗ ਵਿੱਚ ਉਹੀ ਕਹਿ ਸਕਦਾ ਸੀ। ਉਸ ਦੀ ਭੱਠੀ ’ਤੇ ਚਾਹ ਜਦ ਪੂਰੀ ਉੱਬਲ ਜਾਂਦੀ ਜਾਂ ਕੋਈ ਸੋਹਣੀ ਤੀਵੀਂ ਤਾਂਗੇ ਵਿੱਚ ਆ ਕੇ ਬਹਿੰਦੀ ਤਾਂ ਉਹ ‘ਔਹੋ' ਜ਼ਰਾ ਨਸ਼ੇ ਵਿੱਚ ਆ ਕੇ ਕਹਿੰਦਾ।

ਇੱਕ ਵਾਰੀ ਸਾਡੇ ਹੱਡ ਮਾਸਟਰ ਦੀ ਢੂਹੀ ਦੁਖਣ ਲੱਗ ਪਈ। ਅਸੀਂ ਬਾਰੂ ਨੂੰ ਪੁੱਛਿਆ ਕਿ ਕੀ ਕੀਤਾ ਜਾਵੇ ਬਾਰੂ ਕਹਿੰਦਾ- 'ਕੱਛੂ ਦਾ ਮੀਟ ਖਾਓ ਬਾਊ ਜੀ, ਮੁੜਕੇ ਢੂਹੀ ਦੁਖ ’ਗੀ ਤਾਂ ਮੈਨੂੰ ਫੜ ਲਓ!' ਫੇਰ ਉਸ ਨੇ ਇੱਕ ਵਕੀਲ ਦੀ ਗੱਲ ਸੁਣਾਈ, ਜਿਹੜਾ ਡਰਦਾ ਰਾਤ ਨੂੰ ਆਪਣੀ ਤੀਵੀਂ ਕੋਲ ਨਹੀਂ ਸੀ ਜਾਂਦਾ ਹੁੰਦਾ, ਬਾਰੂ ਉਦੋਂ ਇੱਕ ਸਾਧ ਕੋਲ ਰਹਿੰਦਾ ਹੁੰਦਾ ਸੀ। ਸਾਧ ਕੋਲ ਉਹ ਵਕੀਲ ਆਇਆ। ਸਾਧ ਨੇ ਉਸ ਨੂੰ ਸੇਰ ਸੇਰ ਸਾਰੇ ਫ਼ਲ-ਜਿੰਨੇ ਵੀ ਉਸ ਮੌਸਮ ਦੇ ਸਨ-ਲਿਆਉਣ ਲਈ ਕਿਹਾ। ਉਨ੍ਹਾਂ ਨੂੰ ਕਈ ਦਿਨ ਗੁੜ ਦੇ ਪਾਣੀ ਵਿੱਚ ਭਿਓਂ ਕੇ ਤੇ ਸਾੜ ਕੇ ਉਨ੍ਹਾਂ ਦੀ ਸ਼ਰਾਬ ਬਣਾ ਕੇ ਦਿੱਤੀ।ਉਸ ਵਕੀਲ ਨੂੰ ਸਾਧ ਨੇ ਸੱਤ ਦਿਨ ਆਪਣੇ ਕੋਲ ਹੀ ਰੱਖਿਆ। ਨਿੱਤ ਉਸ ਨੂੰ ਉਹ ਫ਼ਲਾਂ ਦੀ ਬਣੀ ਸ਼ਰਾਬ ਪਿਆਇਆ ਕਰੇ, ਨਿੱਤ ਕੱਛੂ ਦਾ ਮਾਸ ਖਵਾਇਆ ਕਰੇ। ਅੱਠਵੇਂ ਦਿਨ ਵਕੀਲ ਪਤਾ ਨਹੀਂ ਕਦੋਂ ਘਰ ਨੂੰ ਭੱਜ ਗਿਆ।

ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਗੱਲਾਂ ਬਾਰੂ ਸਾਨੂੰ ਸੁਣਾਉਂਦਾ ਰਹਿੰਦਾ। ਹੋਰਾਂ ਨੂੰ ਉਹ ਪੱਚੀ ਪੈਸੇ ਦਾ ਕੱਪ ਬਣਾਉਂਦਾ, ਪਰ ਸਾਥੋਂ ਤੀਹ ਪੈਸੇ ਲੈਂਦਾ ਸੀ। ਉਸ ਦੇ ਤੀਹ ਪੈਸਿਆਂ ਵਾਲੇ ਕੱਪ ਦਾ ਨਾ ਅਸੀਂ 'ਬਾਦਸ਼ਾਹੀ ਕੱਪ' ਧਰਿਆ ਹੋਇਆ ਸੀ। ਪੈਸਿਆਂ ਦਾ ਹਿਸਾਬ ਕਿਤਾਬ ਉਹ ਪੂਰਾ ਰੱਖਦਾ। ਉਧਾਰ ਚਾਹ ਪਿਆ ਕੇ ਉਹ ਬੜਾ ਦੁਖੀ ਹੁੰਦਾ। ਸਾਡੇ ਵਿਚੋਂ ਜੇ ਕਦੇ ਕਿਸੇ ਦੇ ਦੋ ਤਿੰਨ ਰੁਪਈਏ ਉਧਾਰ ਹੋ ਜ਼ਾਦੇ ਤਾਂ ਉਹ ਬੜਾ ਖਿਝਦਾ। ਸਾਡੇ ਚਪੜਾਸੀ ਨੂੰ ਕਹਿੰਦਾ- ‘ਉਹ ਥੋਡੇ ਮਾਸਟਰ ਕੰਨੀਂ ਸੱਤ ਰੁਪਈਏ ਹੋਗੇ, ਦੇਣ ਦਾ ਨਾਊਂ ਈ ਨੀ ਲੈਂਦੇ।'ਇੱਕ ਦਿਨ ਮੈਂ ਸਕੂਲ ਵਿੱਚ ਉਸ ਤੋਂ ਇੱਕ ਮੁੰਡੇ ਦੇ ਹੱਥ ਚਾਹ ਦਾ ਕੱਪ ਮੰਗਵਾਇਆ। ਮੁੰਡਾ ਖਾਲੀ ਆ ਗਿਆ। ਆ ਕੇ ਕਹਿੰਦਾ- 'ਬਾਰੂ ਕਹਿੰਦੈ ਜੀ, ਪੈਸੇ ਲਿਆ ਪਹਿਲਾਂ। ਖਬਰੈ ਕਿਹੜਾ ਮਾਸਟਰ ਚਾਹ ਮੰਗੌਂਦੈ, ਚੌਂਤੀ ਸੌ ਲਗੌੜ ਫਿਰਦੀ ਐ ਏਥੇ।’ ਸਾਨੂੰ ਉਸ ਦੀਆਂ ਇਨ੍ਹਾਂ ਗੱਲਾਂ 'ਤੇ ਭੋਰਾ ਗੁੱਸਾ ਨਾ ਆਉਂਦਾ। ਉਹ ਪੈਸੇ ਜੇ ਠੋਕ ਵਜਾ ਕੇ ਲੈਂਦਾ ਸੀ ਤਾਂ ਚਾਹ ਵੀ ਖੱਬੀਮਾਨ ਪਿਆਉਂਦਾ ਸੀ।

ਇੱਕ ਦਿਨ ਮੈਂ ਇਕੱਲਾ ਹੀ ਉਸ ਦੀ ਕੋਠੜੀ ਵਿੱਚ ਚਾਹ ਪੀਣ ਗਿਆ। ਮੈਨੂੰ ਉਹ ਪੁੱਛਣ ਲੱਗਿਆ- 'ਕਿਉਂ ਬਾਊ ਜੀ, ਉਹ ਇੱਕ ਕੁੜੀ ਜੀ ਜਿਹੜੀ ਸਾਈਕਲ ’ਤੇ ਐਧਰ ਸੂਏ ਕੰਨੀਓਂ ਐਂਦੀ ਐ, ਉਹ ਪੜ੍ਹਦੀ ਐ ਕਿ ਪੜ੍ਹੌਂਦੀ ਐ?'

ਮੈਂ ਪੁੱਛਿਆ- 'ਕਿਹੜੀ?'

‘ਉਹ ਗੱਦਰ ਜੀ, ਮਧਰੀ ਜੀ, ਸਿਓ ਵਰਗੀਆਂ ਗੱਲ੍ਹਾਂ ਨੇ, ਮੋਟੀਆਂ ਮੋਟੀਆਂ ਅੱਖਾਂ ਆਲੀ!’ ਬਾਰੂ ਦੀ ਚਾਹ ਉੱਬਲ ਕੇ ਭੱਠੀ ਵਿੱਚ ਪੈ ਗਈ ਸੀ ਤੇ ਉਹ ਹੱਥਾਂ ’ਤੇ ਨਿੱਤ ਨਾਲ ਉਸ ਕੁੜੀ ਦੀ ਬਾਬਤ ਮੈਨੂੰ ਪੁੱਛ ਰਿਹਾ ਸੀ। ਮੈਂ ਉਸ ਨੂੰ ਦੱਸਿਆ-"ਪੜ੍ਹੌਂਦੀ ਐ ਸਾਡੇ ਸਕੂਲ 'ਚ।" ਐਨਾ ਕਹਿ ਕੇ ਮੈਂ ਤਾਂ ਗੰਭੀਰ ਹੋ ਗਿਆ, ਪਰ ਬਾਰੂ ਮੋਢੇ ਜਿਹੇ ਮਾਰ ਕੇ ਕਹਿੰਦਾ- 'ਐਸੀ ਲੜਕੀ ਮਾਸਟਰਨੀ ਨਹੀਂ ਲੱਗਣਾ ਚਾਹੀਏ।’ ਬਾਰੂ ਦਾ ਸ਼ਾਇਦ ਮਤਲਬ ਸੀ ਕਿ ਸੋਹਣੀ ਕੁੜੀ ਨੂੰ ਏਸ ਖੱਚਖ਼ਾਨੇ ਵਿੱਚ ਨਹੀਂ ਪੈਣਾ ਚਾਹੀਦਾ, ਇਹ ਕੰਮ ਤਾਂ ਖਲਪਾੜਾਂ ਤੀਵੀਆਂ ਲਈ ਹੀ ਹੈ। ਮੈਂ ਚੁੱਪ ਕਰ ਰਿਹਾ। ਬਾਰੂ ਫੇਰ ਬੋਲ ਪਿਆ- 'ਕਿਉਂ ਬਾਊ ਜੀ, ਇਹ ਥੋਡੇ ਨਾਲ ਗੱਲ ਵੀ ਕਰ ਲੈਂਦੀਆਂ ਨੇ?' ਮੈਂ ਚਾਹ ਦਾ ਕੱਪ ਖ਼ਤਮ ਕਰ ਲਿਆ ਸੀ। ਮੈਂ ਉਸ ਨੂੰ ਜਵਾਬ ਦਿੱਤਾ- 'ਬਾਰੂ, ਤੂੰ ਤਾਂ ਕੱਚੀਆਂ ਗੱਲਾਂ ਕਰਨ ਲੱਗ ਪਿਆ।'

ਇੱਕ ਵਾਰੀ ਅੱਡੇਖਾਨੇ ਇੱਕ ਲੇਡੀ ਸਿੰਗਰ ਦਾ ਅਖਾੜਾ ਲੱਗਿਆ।ਲੇਡੀ ਸਿੰਗਰ ਦੇ ਨਾਲ ਇੱਕ ਦੋ ਬੰਦੇ ਹੋਰ ਵੀ ਸਨ ਗਾਉਣ ਵਾਲੇ। ਸਟੇਜ ਬਿਲਕੁੱਲ ਬਾਰੂ ਦੀ ਕੋਠੜੀ ਮੂਹਰੇ ਸੀ। ਲੇਡੀ ਸਿੰਗਰ ਸ਼ਰਾਬ ਪੀਂਦੀ ਸੀ। ਸ਼ਰਾਬ ਦਾ ਪੈੱਗ ਉਹ ਬਾਰੂ ਦੀ ਕੋਠੜੀ ਵਿੱਚ ਆ ਕੇ ਲੈਂਦੀ। ਇੱਕ ਵਾਰੀ ਪਾਣੀ ਪੀਣ ਉਹ ਕੋਠੜੀ ਵਿੱਚ ਆਈ। ਇਕੱਲੀ ਸੀ। ਬਾਰੂ ਅੰਦਰੇ ਬੈਠਾ ਕਬੂਤਰ ਵਾਂਗ ਗੁਟਰ-ਗੁਟਰ ਉਸ ਵੱਲ ਦੇਖਦਾ ਰਿਹਾ। ਪਾਣੀ ਪੀ ਕੇ ਜਦ ਉਹ ਬਾਹਰ ਆਉਣ ਲੱਗੀ ਤਾਂ ਉਸ ਨੂੰ ਉਹ ਕਹਿੰਦਾ- ‘ਉਮਰ ਤਾਂ ਬੀਬੀ ਹੁਣ ਮੇਰੀ ਰਹੀ ਨ੍ਹੀਂ, ਪਰ ਮੈਨੂੰ ਤੇਰੇ ਢਿੱਡ ’ਤੇ ਹੱਥ ਫੇਰ ਕੇ ਦੇਖ ਲੈਣ ਦੇ।’ ਤੇ ਬਾਰੂ ਨੇ ਲੇਡੀ ਸਿੰਗਰ ਦੀ ਬਾਂਹ ਫੜ ਲਈ। ਅੱਥਰੀ ਕਮਜ਼ਾਤ ਨੇ ਠੇਡਾ ਬਾਰੂ ਦੇ ਕਸੂਤੇ ਥਾਂ ਮਾਰਿਆ। ਉਸ ਰਾਤ ਬਾਰੂ ਕੋਠੜੀ ਵਿੱਚ ਹੀ ਬੇਸੁੱਧ ਪਿਆ ਰਿਹਾ। ਦੂਜੇ ਦਿਨ ਨਾ ਉਸ ਨੇ ਭੱਠੀ ਭਖਾਈ ਤੇ ਨਾ ਚਾਹ ਬਣਾਈ। ਅਸੀਂ ਅੱਧੀ ਛੁੱਟੀ ਉਹ ਦੇ ਕੋਲ ਗਏ। ਉਹ ਸਿਗਰਟ ਪੀ ਰਿਹਾ ਸੀ ਤੇ ਹੱਸ ਰਿਹਾ ਸੀ। ਉਸ ਨੇ ਸੱਚੀ ਸੁੱਚੀ ਸਾਰੀ ਗੱਲ ਸੁਣਾਈ ਤੇ ਨਾਲੇ ਕਹਿੰਦਾ- 'ਹਰਨੀਆਂ ਨੇ ਕੰਜਰ ਦੀਆਂ ਮੇਰੇ-ਡਾਕਟਰ ਨੇ ਕਿਹਾ ਸੀ ਮਾੜਾ ਚੰਗਾ ਕੰਮ ਨਾ ਕਰੀਂ। ਛੇ ਮਹੀਨੇ ਹੋਗੇ ਗੇੜ ਕਰੇ ਨੂੰ-ਨਹੀਂ ਸਾਲੀ ਕੀ ਸੁੱਕੀ ਨਿਕਲ ਜਾਂਦੀ।' ਜਿੱਥੇ ਉਹ ਰਾਤ ਦਾ ਪਿਆ ਸੀ, ਉੱਥੋਂ ਹੀ ਉਸ ਤੋਂ ਨਹੀਂ ਸੀ ਉੱਠਿਆ ਜਾਂਦਾ। ‘ਛੜ ਮਾਰੀ ’ਗੀ ਕੰਜਰ ਦੀ', ਉਹ ਹੱਸ ਕੇ ਕਹਿੰਦਾ।

ਦੂਜੀ ਰਾਤ ਵੀ ਥਾਏਂ ਪਿਆ ਰਿਹਾ। ਰਾਤ ਨੂੰ ਦਾਅ ਬਚਾ ਕੇ ਦੋ ਚੋਰ ਆਏ ਤੇ ਉਸ ਦੇ ਭਾਂਡੇ ਤੇ ਹੋਰ ਨਿੱਕ ਸੁੱਕ ਵੀ ਗਠੜੀ ਬੰਨ੍ਹ ਲਈ। ਗਠੜੀ ਬੰਨ੍ਹਣ ਲੱਗਿਆਂ ਤੋਂ ਭਾਂਡੇ ਉਨ੍ਹਾਂ ਤੋਂ ਖੜਕ ਪਏ। ਬਾਰੂ ਉੱਚੀ-ਉੱਚੀ ਕੜਕਿਆ- 'ਚੋਰ, ਚੋਰ!' ਇੱਕ ਆਦਮੀ ਨੇ ਦੋ ਡਾਂਗਾਂ ਕਸਵੀਆਂ ਉਸ ਦੇ ਕਪਾਲ ਵਿੱਚ ਮਾਰੀਆਂ ਤੇ ਮੁੜ ਕੇ ਬਾਰੂ ਕੁਸਕਿਆ ਨਾ। ਦੂਜੇ ਦਿਨ ਬਾਰੂ ਮਰਿਆ ਪਿਆ ਸੀ।

ਤਾਂਗੇ ਵਾਲਿਆਂ ਨੇ, ਬਜ਼ਾਰ ਦੇ ਚਾਹ ਪੀਣ ਵਾਲੇ ਦੁਕਾਨਦਾਰਾਂ ਨੇ, ਮਾਸਟਰਾਂ ਨੇ ਤੇ ਮਾਸਟਰਨੀਆਂ ਨੇ ਪੈਸੇ ਇਕੱਠੇ ਕੀਤੇ ਤੇ ਲੱਕੜਾਂ ਖਰੀਦਿਆਂ। ਤਾਂਗੇ ਵਾਲਿਆਂ ਨੇ ਚੁੱਕ ਕੇ ਉਸ ਦਾ ਸਿਵਿਆ ਵਿੱਚ ਸਸਕਾਰ ਕਰ ਦਿੱਤਾ।