ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਦੋ ਕੰਬਲ, ਗਰਮ ਚਾਦਰ ਤੇ ਆਰਾਮ ਕੁਰਸੀ

ਵਿਕੀਸਰੋਤ ਤੋਂ
ਦੋ ਕੰਬਲ, ਗਰਮ ਚਾਦਰ ਤੇ ਆਰਾਮ ਕੁਰਸੀ

ਪੱਕਾ ਡੱਬੇ ਵਰਗਾ ਵਧੀਆ ਮਕਾਨ। ਦਰਵਾਜ਼ਾ, ਦਰਵਾਜ਼ੇ ਦੇ ਨਾਲ ਬੈਠਕ, ਬੈਠਕ 'ਤੇ ਚੁਬਾਰਾ, ਸਭ ਪੱਕੇ ਤੇ ਸੀਮਿੰਟ ਕੀਤੇ ਹੋਏ। ਅੱਗੇ ਜਾ ਕੇ ਖੁੱਲ੍ਹਾ ਵਿਹੜਾ ਤੇ ਪਿੱਛੇ ਦੋ ਸਬਾਤਾਂ।

ਹੌਲਦਾਰ ਮਰੇ ਨੂੰ ਸਾਲ ਭਰ ਹੋ ਚੱਲਿਆ ਸੀ। ਪਹਿਲਾਂ ਉਸ ਦੀ ਨਿਗ੍ਹਾ ਘਟ ਗਈ, ਫੇਰ ਲੱਤਾਂ ਪੈਰਾਂ ਵੱਲੋਂ ਆਰੀ ਤੇ ਅਖ਼ੀਰ ਜਦ ਜ਼ੁਬਾਨ ਵੀ ਥਿੜਕਣ ਲੱਗੀ ਤਾਂ ਮਹੀਨਾ ਕੁ ਮੰਜੀ ਵਿੱਚ ਪੈ ਕੇ ਚਲਦਾ ਹੋਇਆ। ਪੂਰਾ ਸੱਤਰ ਸਾਲ ਦਾ ਹੋ ਕੇ ਮਰਿਆ ਸੀ ਉਹ।

ਚਾਲੀ ਸਾਲ ਦਾ ਸੀ, ਜਦ ਉਸ ਨੇ ਜੰਗੀਰੋ ਵਿਆਹ ਕੇ ਲਿਆਂਦੀ। ਵਿਆਹ ਕਰਵਾ ਕੇ ਉਹ ਉਸ ਨੂੰ ਨਾਲ ਹੀ ਛਾਉਣੀ ਵਿੱਚ ਲੈ ਗਿਆ ਸੀ। ਨਿਆਣੀ ਉਮਰ, ਸੋਲਾਂ-ਸਤਾਰਾਂ ਸਾਲ ਦੀ ਸੀ ਮਸ੍ਹਾਂ। ਛਾਉਣੀ ਜਾ ਕੇ ਜੰਗੀਰੋ ਰੋਂਦੀ ਰਹਿੰਦੀ। ਮਹੀਨਾ ਵੀਹ ਦਿਨ ਰੱਖ ਕੇ ਹੀ ਹੌਲਦਾਰ ਉਸ ਨੂੰ ਆਪਣੇ ਪਿੰਡ ਛੱਡ ਗਿਆ। ਹੁਣ ਉਹ ਕੁਝ ਇੱਥੇ ਰਹਿੰਦੀ ਕੁਝ ਪੇਕੀਂ। ਹੌਲਦਾਰ ਕਦੇ ਕਦੇ ਹੀ ਛੁੱਟੀ ਆਉਂਦਾ। ਪਿੰਡ-ਜੰਗੀਰੋ ਦੀ ਸਿਰ ਹਿਲਦੇ ਵਾਲੀ ਸੱਸ, ਉਸ ਦਾ ਜੇਠ, ਉਸ ਦੀ ਘਰਵਾਲੀ ਮਰ ਚੁੱਕੀ ਸੀ, ਉਸ ਨੂੰ ਫੁੱਲਾਂ ਵਾਂਗ ਸਾਂਭ ਸਾਂਭ ਰੱਖਦੇ।

ਪੰਜ ਸਾਲ ਬਾਅਦ ਹੀ ਹੌਲਦਾਰ ਪੈਨਸ਼ਨ ਲੈ ਕੇ ਆ ਗਿਆ। ਆ ਕੇ ਉਹ ਆਪਣੇ ਵੱਡੇ ਭਰਾ ਨਾਲੋਂ ਅੱਡ ਹੋ ਗਿਆ। ਮਕਾਨ ਪਾਇਆ ਪੱਕਾ, ਜ਼ਮੀਨ ਹੋਰ ਖਰੀਦ ਲਈ। ਇੱਕ ਝੋਰਾ ਸੀ, ਉਸ ਨੂੰ ਕਿ ਜੰਗੀਰੋ ਅਜੇ ਢਿੱਡੋਂ ਨਹੀਂ ਸੀ ਫੁੱਟੀ। ਬਥੇਰੀਆਂ ਦਾਈਆਂ ਨੇ ਜ਼ੋਰ ਲਾਇਆ, ਡਾਕਟਰੀ ਇਲਾਜ ਦੀ ਕੋਈ ਕਸਰ ਨਾ ਛੱਡੀ, ਧਾਗੇ ਤਵੀਤ ਵੀ ਕਰਾ ਕੇ ਦੇਖ ਲਏ, ਪਰ ਕੁਦਰਤ ਨੂੰ ਬਿਲਕੁੱਲ ਹੀ ਮਨਜ਼ੂਰ ਨਾ ਹੋਇਆ। ਇਸੇ ਤਰ੍ਹਾਂ ਦਸ ਸਾਲ ਲੰਘ ਗਏ। ਕਈ ਸਿਆਣੇ ਆਦਮੀਆਂ ਨੇ ਹੌਲਦਾਰ ਨੂੰ ਦੂਜੇ ਵਿਆਹ ਦੀ ਸਲਾਹ ਦਿੱਤੀ। ਹੋਲਦਾਰ ਜਦ ਵੀ ਦੂਜੇ ਵਿਆਹ ਦੀ ਗੱਲ ਕਰਦਾ, ਜੰਗੀਰੋ ਰੋਣ ਬਹਿ ਜਾਂਦੀ।ਦਿਨ ਲੰਘਦੇ ਗਏ।

ਅੱਜ ਜੰਗੀਰੋ ਬੜੀ ਉਦਾਸ ਸੀ। ਹੌਲਦਾਰ ਮਰੇ ਨੂੰ ਸਾਲ ਭਰ ਹੋ ਚੱਲਿਆ ਸੀ। ਪਾਲੀ ਉਸ ਦਾ ਰੋਜ਼ ਵਾਂਗ ਮਹਿੰ ਲੈ ਕੇ ਖੇਤ ਨੂੰ ਜਾ ਚੁੱਕਿਆ ਸੀ। ਉਸ ਦੇ ਕੋਲ ਰਹਿੰਦਾ ਉਸ ਦਾ ਪੰਦਰਾਂ-ਸੋਲਾਂ ਸਾਲ ਦਾ ਭਾਣਜਾ ਛੀ ਦਿਨ ਹੋ ਗਏ, ਪਲਾਹੜੇ ਦੇ ਮੇਲੇ ਗਿਆ, ਅਜੇ ਤੀਕ ਨਹੀਂ ਸੀ ਮੁੜਿਆ। ਜੰਗੀਰੋ ਮੱਥੇ 'ਤੇ ਹੱਥ ਰੱਖੀ ਬੈਠੀ ਸੀ। ਡੂੰਘੀਆਂ ਸੋਚਾਂ ਵਿੱਚ ਡੁੱਬੀ ਹੋਈ। ਉਸ ਦਾ ਰਾਜੇ ਵਰਗਾ ਘਰ ਅਜਾਈ ਜਾ ਰਿਹਾ ਸੀ। ਜੰਗੀਰੋ ਦੀ ਸੋਚ ਬੈਠੀ ਬੈਠੀ ਦੀ ਸੁਪਨੇ ਵਾਂਗ ਤੁਰ ਪਈ। ਹੌਲਦਾਰ ਜਦ ਬੁਢਾਪੇ ਵਿੱਚ ਪੈਰ ਰੱਖਣ ਲੱਗਿਆ, ਉਸ ਵੇਲੇ ਉਹ ਪੂਰੀ ਜਵਾਨ ਸੀ, ਸਾਰਾ ਨਕਸ਼ਾ ਉਸ ਦੀਆਂ ਅੱਖਾਂ ਮੂਹਰੇ ਆ ਗਿਆ। ਕਿਵੇਂ ਇੱਕ ਦਿਨ ਉਸ ਨੂੰ ਇੱਕ ਸਿਆਣੀ ਬੁੜ੍ਹੀ ਕਿੰਨਾ ਹੀ ਚਿਰ ਸਮਝਾਉਂਦੀ ਰਹੀ। ਅਖ਼ੀਰ ਵਿੱਚ ਉਸ ਬੁੜ੍ਹੀ ਨੇ ਇਹ ਵੀ ਦੱਸਿਆ ਕਿ ਤੀਵੀਂ ਵਿੱਚ ਕੋਈ ਨੁਕਸ ਹੋਣਾ ਜ਼ਰੂਰੀ ਨਹੀਂ, ਆਦਮੀ ਵਿੱਚ ਵੀ ਨੁਕਸ ਹੋ ਸਕਦਾ ਹੈ। ਉਸ ਬੁੜ੍ਹੀ ਨੇ ਇਹ ਵੀ ਕਹਿ ਦਿੱਤਾ ਸੀ ਕਿ ਹੌਲਦਾਰ ਵਿੱਚ ਹੁਣ ਜਾਨ ਕਿੱਥੇ ਐ?

ਦੁੱਗਾ ਬੱਕਰੀਆਂ ਵਾਲਾ ਉਨ੍ਹਾਂ ਦੇ ਘਰ ਆਉਂਦਾ ਹੁੰਦਾ। ਹੌਲਦਾਰ ਨੂੰ ਵੀ ਸੌਦੇਬਾਜ਼ੀ ਦੀ ਫਿਟਕ ਸੀ। ਪੱਠਾਂ ਲੈ ਲਈਆਂ, ਦੁੱਗੇ ਦੇ ਇੱਜੜ ਵਿੱਚ ਰਲਾ ਦਿੱਤੀਆਂ, ਸੂਈਆਂ ਤਾਂ ਨਫ਼ਾ ਕੱਢ ਕੇ ਵੇਚ ਦਿੱਤੀਆਂ-ਦੁੱਗੇ ਨਾਲ ਅੱਧ-ਅੱਧ।

ਦੁੱਗਾ ਨਿੱਤ ਈ ਲਗਭਗ ਉਨ੍ਹਾਂ ਦੇ ਘਰ ਆਥਣ ਵੇਲੇ ਆਉਂਦਾ ਸੀ। ਉਹ ਸੀ ਤਾਂ ਸੁੱਕਾ ਜਿਹਾ, ਜੱਭਲ ਜਿਹਾ ਤੇ ਬੋਲਾ ਜਿਹਾ, ਪਰ ਸੀ ਅਜੇ ਨਵੀਂ ਉਮਰ ਵਿੱਚ ਹੀ। ਉਸ ਦੀ ਬਹੂ ਕੋਲ ਦੋ ਮੁੰਡੇ ਤੇ ਤਿੰਨ ਕੁੜੀਆਂ ਹੋ ਚੁੱਕੀਆਂ ਸਨ। ਜੰਗੀਰੋ ਨੂੰ ਉਹ ਮਿੱਠੀਆਂ ਚਹੇਡਾਂ ਕਰਦਾ ਰਹਿੰਦਾ।

‘ਹੌਲਦਾਰ ਦੀਆਂ ਸਾਰੀਆਂ ਪੱਠਾਂ ਸੂਏ ਪੈ ਜਾਂਦੀਆਂ ਨੇ, ਹੌਲਦਾਰਨੀਏ! ਤੂੰ ਵੀ ਧੰਨ ਧੰਨ ਕਰਦੇ ਕਿਤੇ?' ਇੱਕ ਦਿਨ ਦੁੱਗੇ ਨੇ ਚੋਟ ਕੀਤੀ।

‘ਤੇਰੇ ਹੌਲਦਾਰ 'ਚ ਈ ਕਣ ਨੀ!' ਜੰਗੀਰੋ ਨੇ ਮਲਵੀਂ ਜਿਹੀ ਜੀਵ ਨਾਲ ਬੁੱਲ੍ਹ ਟੁੱਕ ਕੇ ਉੱਤਰ ਦਿੱਤਾ। ਹੌਲਦਾਰ ਨੂੰ ਜਿਵੇਂ ਸੁਣੇ ਨਾ। ਤੌੜੀ ਦਾ ਦੁੱਧ ਵਧਾ ਕੇ ਜੰਗੀਰੋ ਨੇ ਛੰਨਾ ਭਰਿਆ ਤੇ ਹੌਲਦਾਰ ਨੂੰ ਫੜਾ ਦਿੱਤਾ। ਇੱਕ ਛੰਨਾ ਹੋਰ ਭਰ ਕੇ ਕੁਰਸੀ 'ਤੇ ਬੈਠੇ ਦੁੱਗੇ ਨੂੰ ਦੁੱਧ ਜਦ ਉਹ ਫੜਾਉਣ ਲੱਗੀ ਤਾਂ ਜ਼ੋਰ ਦੀ ਉਸ ਨੇ ਦੁੱਗੇ ਦੀਆਂ ਉਂਗਲਾਂ ਘੁੱਟ ਦਿੱਤੀਆਂ।‘ਸੰਵਾਰ ਕੇ ਫੜ, ਤੱਤੈ, ਡੋਲ੍ਹ ਨਾ ਦਈਂ ਕਮੂਤਾ!' ਦੁੱਗੇ ਦਾ ਸੀਤ ਨਿਕਲ ਗਿਆ।

ਆਥਣੇ ਤਾ ਦੁੱਗਾ ਨਿੱਤ ਆਉਂਦਾ, ਪਰ ਹੁਣ ਕਦੇ ਦੁਪਹਿਰੇ ਹੀ ਉਹ ਆ ਵੜਦਾ, ਜਦੋਂ ਹੌਲਦਾਰ ਏਧਰ ਓਧਰ ਕਿਤੇ ਪਿੰਡ ਵਿੱਚ ਗਿਆ ਹੁੰਦਾ ਜਾਂ ਖੇਤ ਗੇੜਾ ਮਾਰਨ ਗਿਆ ਹੁੰਦਾ।ਮਹੀਨੇ ਪਿੱਛੋਂ ਜਦ ਪੈਨਸ਼ਨ ਲੈਣ ਹੌਲਦਾਰ ਦੁਰ ਸ਼ਹਿਰ ਜਾਂਦਾ ਤੇ ਉੱਥੇ ਹੀ ਉਸ ਨੂੰ ਰਾਤ ਕੱਟਣੀ ਪੈਂਦੀ, ਉਸ ਰਾਤ ਤਾਂ ਜ਼ਰੂਰ ਦੁੱਗਾ ਜੰਗੀਰੋ ਕੋਲ ਰਹਿੰਦਾ।

ਬੱਕਰੀਆਂ ਦੇ ਨਾਲ ਨਾਲ ਦੁੱਗਾ ਭੇਡਾਂ ਦਾ ਇੱਜੜ ਵੀ ਰੱਖਦਾ ਸੀ। ਦੋ ਤਿੰਨ ਪਾਲੀ ਰੱਖੇ ਹੋਏ ਸਨ। ਭੇਡਾਂ ਦੀ ਉੱਨ ਵਿਚੋਂ ਉਹ ਬਹੁਤ ਪੈਸੇ ਕਮਾਉਂਦਾ। ਉੱਨ ਖਰੀਦਣ ਆਏ ਵਪਾਰੀ ਆਪਣੇ ਨਾਲ ਖਾਲਸ ਉੱਨ ਦੇ ਬਣੇ ਹੋਏ ਵਧੀਆ ਕੰਬਲ ਵੀ ਵੇਚਣ ਖ਼ਾਤਰ ਲਿਆਉਂਦੇ ਹੁੰਦੇ। ਇੱਕ ਵਾਰੀ ਦੁੱਗੇ ਨੇ ਦੋ ਵਧੀਆ ਕੰਬਲ ਜੰਗੀਰੋ ਨੂੰ ਨਿਸ਼ਾਨੀ ਵਜੋਂ ਲੈ ਕੇ ਦਿੱਤੇ।

ਜੰਗੀਰੋ ਦੀ ਸੋਚ ਅੱਗੇ ਤੁਰਦੀ ਗਈ।

ਆਸਾ ਸਿੰਘ ਏਸੇ ਪਿੰਡ ਦਾ ਮਸ਼ਹੂਰ ਬੰਦਾ ਸੀ। ਪਹਿਲਾਂ ਉਹ ਵਜ਼ੀਰ ਵੀ ਰਹਿ ਚੁੱਕਿਆ ਸੀ। ਜਦ ਪਹਿਲੀਆਂ ਆਮ ਚੋਣਾਂ 1952 ਵਿੱਚ ਹੋਈਆਂ, ਉਨ੍ਹਾਂ ਵਿੱਚ ਉਹ ਵੀ ਐੱਮ. ਐੱਲ. ਏ. ਬਣਨ ਲਈ ਖੜਾ ਹੋਇਆ। ਚੋਣ ਮੁਹਿੰਮ ਚੱਲ ਰਹੀ ਸੀ। ਪਿੰਡ ਦੇ ਕਈ ਵੱਡੇ ਵੱਡੇ ਘਰ ਆਸਾ ਸਿੰਘ ਨੂੰ ਸੱਦ ਕੇ ਰੋਟੀ ਕਰਦੇ-ਸ਼ਰਾਬ ਪੀਤੀ ਜਾਂਦੀ ਤੇ ਬੱਕਰੇ ਵੱਢੇ ਜਾਂਦੇ।ਹੌਲਦਾਰ ਨੇ ਵੀ ਉਸ ਨੂੰ ਰੋਟੀ ਕੀਤੀ। ਆਸਾ ਸਿੰਘ ਮਸ੍ਹਾਂ ਤੀਹ ਬੱਤੀ ਸਾਲ ਦਾ ਸੀ।ਐਨੀ ਛੋਟੀ ਉਮਰ ਵਿੱਚ ਵਜ਼ੀਰੀ ਕਰ ਲੈਣੀ ਖ਼ਾਸੀ ਵੱਡੀ ਗੱਲ ਸੀ। ਹੌਲਦਾਰ ਦੇ ਘਰ ਜਦ ਆਸਾ ਸਿੰਘ ਤੇ ਹੋਰ ਸਾਥੀ ਰੋਟੀ ਖਾਣ ਆਥਣ ਨੂੰ ਆਏ ਤਾਂ ਜੰਗੀਰ ਦੀ ਅੱਡੀ ਨਹੀਂ ਸੀ ਲੱਗਦੀ।

ਆਸਾ ਸਿੰਘ ਪਿਸ਼ਾਬ ਕਰਨ ਲਈ ਕੋਠੇ 'ਤੇ ਚੜ ਗਿਆ। ਕੋਠੇ 'ਤੇ ਪਈਆਂ ਛਟੀਆਂ ਦੇ ਢੇਰ ਦੀ ਓਟ ਵਿੱਚ ਉਹ ਪਿਸ਼ਾਬ ਕਰ ਰਿਹਾ ਸੀ। ਜੰਗੀਰੋ ਨੇ ਰੋਟੀ ਪਕਾਉਣੀ ਸ਼ੁਰੂ ਕਰਨੀ ਸੀ। ਚੁੱਲ੍ਹੇ ਕੋਲ ਬਾਲਣ ਨਾ ਪਿਆ ਦੇਖ ਕੇ ਜੰਗੀਰੋ ਛਟੀਆਂ ਲੈਣ ਕੋਠੇ 'ਤੇ ਗਈ ਤਾਂ ਆਸਾ ਸਿੰਘ ਨੇ ਨਸ਼ੇ ਦੇ ਲੋਰ ਵਿੱਚ ਛੇਤੀ ਦੇ ਕੇ ਆਪਣੇ ਪਜਾਮੇ ਦਾ ਨਾਲਾ ਬੰਨ੍ਹ ਕੇ ਜੰਗੀਰੋ ਦੀ ਬਾਂਹ ਫੜ ਲਈ।

‘ਸ਼ਰਮ ਕਰੋ ਕੁਸ!' ਜੰਗੀਰੋ ਨੇ ਬਾਂਹ ਛੁਡਾ ਕੇ ਕਿਹਾ।

‘ਹਾਣਦਿਆਂ ਨੂੰ ਸ਼ਰਮ ਕਾਹਦੀ ਐ!' ਆਸਾ ਸਿੰਘ ਨੇ ਮੱਲੋ ਮੱਲੀ ਜੰਗੀਰੋ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ।

ਪਿੰਡਾਂ ਵਿੱਚ ਫਿਰ ਤੁਰ ਕੇ ਆਥਣ ਨੂੰ ਆਸਾ ਸਿੰਘ ਪਿੰਡ ਆ ਜਾਂਦਾ। ਆਪਣੇ ਹਮਾਇਤੀਆਂ ਨਾਲ ਸ਼ਰਾਬ ਪੀਂਦਾ। ਪਿੰਡ ਦੇ ਬਾਹਰਵਾਰ ਇੱਕ ਪੁਰਾਣੀ ਹਵੇਲੀ ਵਿੱਚ ਉਨ੍ਹਾਂ ਦਾ ਅੱਡਾ ਲਾਇਆ ਹੋਇਆ ਸੀ। ਹੁਣ ਸ਼ਰਾਬ ਪੀਣ ਵਿੱਚ ਹੌਲਦਾਰ ਨੂੰ ਵੀ ਸੱਦਿਆ ਜਾਂਦਾ। ਹੌਲਦਾਰ ਜਦ ਗੁੱਟ ਹੋ ਜਾਂਦਾ ਤਾਂ ਆਸਾ ਸਿੰਘ ਇੱਕ ਹੋਰ ਪੜਾਕੂ ਮੁੰਡੇ ਨੂੰ ਨਾਲ ਲੈ ਕੇ ਜੰਗੀਰੋ ਕੋਲ ਜਾ ਧਮਕਦਾ। ਓਧਰ ਹੌਲਦਾਰ ਨੂੰ ਆਸਾ ਸਿੰਘ ਦੇ ਹਮਾਇਤੀ ਹੋਰ ਗਲਾਸ ’ਤੇ ਗਲਾਸ ਚਾੜ੍ਹੀ ਜਾਂਦੇ। ਅੱਧੀ ਰਾਤ ਹੌਲਦਾਰ ਨੂੰ ਡੌਲਿਓ ਫੜ ਕੇ ਉਹ ਘਰ ਛੱਡ ਜਾਂਦੇ। ਆਸਾ ਸਿੰਘ ਐੱਮ. ਐੱਲ. ਏ. ਚੁਣਿਆ ਗਿਆ। ਬਾਅਦ ਵਿੱਚ ਉਹ ਆਪ ਹੀ ਉਸ ਕੋਲ ਜਾਣ ਲੱਗ ਪਈ ਸੀ। ਇੱਕ ਵਾਰ ਉਹ ਸ਼ਿਮਲੇ ਗਿਆ ਤਾਂ ਇੱਕ ਵਧੀਆ ਗਰਮ ਚਾਦਰ ਜੰਗੀਰੋ ਨੂੰ ਲਿਆ ਕੇ ਦਿੱਤੀ।

‘ਬੋਲਿਆ, ਹੁਣ ਤਾਂ ਵੱਡੇ ਆਦਮੀਆਂ ਦਾ ਜ਼ੋਰ ਪੈ ਗਿਆ!' ਕਈ ਆਦਮੀ ਜਗੀਰੋ ਨੂੰ ਦੇਖ ਕੇ ਦੁੱਗੇ ਨੂੰ ਬੋਲੀ ਮਾਰਦੇ। ਦੁੱਗਾ ਚੁੱਪ ਕਰ ਰਹਿੰਦਾ ਤੇ ਹੁਣ ਕਦੇ ਵੀ ਹੌਲਦਾਰ ਦੇ ਘਰ ਨਹੀਂ ਸੀ ਆਇਆ।

ਜੰਗੀਰੋ ਦੀ ਸੋਚ ਹੋਰ ਅੱਗੇ ਤੁਰਦੀ ਗਈ।

ਆਸਾ ਸਿੰਘ ਦਾ ਕੋਈ ਬੰਨ੍ਹ ਚੱਪਾ ਨਹੀਂ ਸੀ। ਉਹ ਦੇ ਨਾਲ ਉਸ ਦੇ ਗਵਾਂਢ ਵਿਚੋਂ ਇੱਕ ਹੋਰ ਤੀਵੀਂ ਫਸ ਗਈ ਸੀ। ਜੰਗੀਰੋ ਦਾ ਤਿਉਹ ਹੁਣ ਉਹ ਘੱਟ ਕਰਦਾ ਸੀ।

ਦੂਜੇ ਅਗਵਾੜੋਂ ਇੱਕ ਨਾਮ ਕਟੀਆ ਹੌਲਦਾਰ ਕੋਲ ਆਉਂਦਾ ਹੁੰਦਾ। ਮੁੰਡੇ ਓਸ ਵਿੱਚ ਅਜੇ ਸਾਰੀ ਜਵਾਨੀ ਹੀ ਕਾਇਮ ਸੀ।ਉੱਚਾ ਲੰਮਾ ਕੱਦ, ਨਿੱਗਰ ਭਰਵਾਂ ਸਰੀਰ ਤੇ ਚਿਹਰੇ 'ਤੇ ਭਰਪੂਰ ਸ਼ਕਤੀ ਦੀ ਭਾਵਨਾ ਟਪਕਦੀ ਸੀ।

‘ਜੈਲਿਆ, ਨੌਕਰੀ ਦੇ ਪੈਸੇ ਜੋੜੇ ਫੇਰ ਕੁਸ?' ਇੱਕ ਦਿਨ ਹੌਲਦਾਰ ਨੇ ਪੁੱਛਿਆ।'

'ਪੈਸੇ ਤਾਂ ਚਾਚਾ ਕੁਸ ਜੁੜੇ ਨੀਂ।' ਜੈਲੇ ਨੇ ਨੀਵੀਂ ਪਾ ਲਈ।

'ਵਿਆਹ ਫੇਰ ਹੁਣ ਕਾਹਦੇ ਨਾਲ ਹੋਊ? ਹੋਲਦਾਰ ਨੇ ਉਸ ਦੀ ਦੁਖਦੀ ਰਗ ਨੂੰ ਹੱਥ ਲਾਇਆ।ਜੈਲਾ ਚੁੱਪ ਕਰਕੇ ਬੈਠਾ ਰਿਹਾ ਤੇ ਫੇਰ ਉਹ ਕਈ ਹੋਰ ਗੱਲਾਂ ਫ਼ੌਜ ਦੀਆਂ ਕਰਦੇ ਰਹੇ।

‘ਦਾਦੇ ਮੁਘਾਉਣੇ ਲੇਖੂ ਨੇ ਈ ਹੁਣ ਤਾਂ ਗੇੜਾ ਨੀ ਮਾਰਿਆ ਕਦੇ, ਚਾਰ ਸਾਲ ਹੋਗੇ।' ਜੰਗੀਰੋ ਨੇ ਕਿਹਾ। ‘ਬਹੂ ਆ 'ਗੀ, ਹੁਣ ਉਹ ਨੇ ਸਾਥੋਂ ਕੀ ਲੈਣੇ। ਪਹਿਲਾਂ ਤਾਂ ਸਾਕ ਖ਼ਾਤਰ ਫਿਰਦਾ ਸੀ ਦਰ ਦਰ ਬੌਂਦਾ। ਹੌਲਦਾਰ ਨੇ ਉੱਤਰ ਦਿੱਤਾ।

‘ਭਾਣਜੇ ਭਤੀਜਿਆਂ ਦਾ ਕੋਈ ਕੀ ਲਗਦੈ, ਮੈਂ ਤਾਂ ਝੁਰਦੀਆਂ ਬਈ ਤੇਰੀ ਉਮਰ ਕੀਹ ਐ ਹੁਣ ਮਹਿੰ ਨੂੰ ਕੱਖ ਪੱਠਾ ਪਾਉਣ ਦੀ ਤੇ ਧਾਰਾਂ ਕੱਢਣ ਦੀ।’ ਜੰਗੀਰੋ ਨੂੰ ਘਰ ਦਾ ਤੇ ਹੌਲਦਾਰ ਦਾ ਖ਼ਾਸਾ ਫ਼ਿਕਰ ਲੱਗਦਾ ਸੀ।

‘ਧਾਰ ਤਾਂ ਚਾਚਾ ਮੈਂ ਕੱਢ ਦਿਆ ਕਰੂੰ।' ਜੈਲੇ ਨੇ ਹਾਬੜ ਕੇ ਆਖ ਦਿੱਤਾ।

ਜੈਲਾ ਹੁਣ ਨਿੱਤ ਆਥਣ ਉੱਗਣ ਹੌਲਦਾਰ ਦੇ ਘਰ ਧਾਰ ਕੱਢਣ ਆਉਂਦਾ। ਕਦੇ ਕਦੇ ਉੱਥੇ ਹੀ ਸੌਂ ਜਾਂਦਾ। ਹੌਲਦਾਰ ਨੂੰ ਚਾਚਾ ਚਾਚਾ ਤੇ ਹੌਲਦਾਰਨੀ ਨੂੰ ਚਾਚੀ ਚਾਚੀ ਕਰਦਾ ਰਹਿੰਦਾ।

'ਚਾਚੀ, ਜੇ ਮੈਂ ਵਿਆਹਿਆ ਜਾਂਦਾ ਤਾਂ ਮੇਰੀ ਬਹੂ ਤੇਰੇ ਨਾਲੋਂ ਥੋੜੀ ਜੀ ਛੋਟੀ ਹੁੰਦੀ।'

‘ਤੇ ਜੇ ਮੇਰੇ ਜਿੱਡੀ ਹੁੰਦੀ ਫੇਰ ਕਿਹੜਾ ਤੂੰ ਛੱਡ ਦਿੰਦਾ।'

ਇਸ ਤਰ੍ਹਾਂ ਉਹ ਹੱਸਦੇ ਰਹਿੰਦੇ। ਆਸਾ ਸਿੰਘ ਕੋਲ ਜੰਗੀਰੋ ਹੁਣ ਕਦੇ ਵੀ ਨਹੀਂ ਸੀ ਗਈ। ਲੋਕ ਕਹਿੰਦੇ ਸਨ- 'ਘਣ ਅਰਗਾ ਮੁੰਡਾ ਹੁਣ ਤਾਂ ਘਰੇ ਰਹਿੰਦੈ, ਆਸਾ ਸਿਓਂ ਖੱਦਰ ਪਾੜ ਤੋਂ ਹੌਲਦਾਰਨੀ ਨੇ ਕੀ ਲੈਣੈ।'

ਜੈਲਾ ਤਿੰਨ ਸਾਲ ਰਿਹਾ ਤੇ ਫੇਰ ਉਹ ਨਾਲ ਦੇ ਸ਼ਹਿਰ ਚਲਿਆ ਗਿਆ। ਉੱਥੇ ਜਾ ਕੇ ਇੱਕ ਸਰਦਾਰ ਦੇ ਮੁਰਗੀ ਫਾਰਮ ਵਿੱਚ ਉਸ ਨੇ ਨੌਕਰੀ ਕਰ ਲਈ, ਪਰ ਉਹ ਆਉਂਦਾ ਹੁਣ ਵੀ ਸੀ, ਕਦੇ ਕਦੇ। ਹੌਲਦਾਰ ਵਾਸਤੇ ਇੱਕ ਦਿਨ ਵਧੀਆ ਲੱਕੜ ਦੀ ਆਰਾਮ ਕੁਰਸੀ ਉਹ ਸ਼ਹਿਰੋ ਲੈ ਕੇ ਆਇਆ। ਜੰਗੀਰੋ ਹੁਣ ਘੱਟ ਹੀ ਚੱਸ ਰੱਖਦੀ ਸੀ। ਜਿਸ ਮਤਲਬ ਵਾਸਤੇ ਉਸ ਨੇ ਐਨੇ ਜਫ਼ਰ ਜਾਲੇ ਸਨ।ਉਹ ਮਤਲਬ ਅਜੇ ਤੀਕ ਪੂਰਾ ਨਹੀਂ ਸੀ ਹੋਇਆ ਤੇ ਨਾ ਹੀ ਕਦੇ ਹੋਣਾ ਸੀ। ਹੁਣ ਇਹ ਘਰ ਤਾਂ ਔਤ ਹੀ ਜਾਣਾ ਸੀ। ਜੰਗੀਰੋ ਦੀ ਉਮਰ ਵੀ ਹੁਣ ਤਾਂ ਪੰਜਾਹ ਨੂੰ ਢੁੱਕ ਚੱਲੀ ਸੀ।

ਤੇ ਅੱਜ ਹੌਲਦਾਰ ਮਰੇ ਨੂੰ ਸਾਲ ਭਰ ਹੋ ਚੱਲਿਆ ਸੀ। ਇੱਕ ਇੱਕ ਕਰਕੇ ਉਸ ਨੂੰ ਸਾਰੀਆਂ ਗੱਲਾਂ ਯਾਦ ਆਉਂਦੀਆਂ ਗਈਆਂ। ਦੁੱਗਾ, ਆਸਾ ਸਿੰਘ ਤੇ ਜੈਲਾ ਉਸ ਦੇ ਕੀ ਲੱਗਦੇ ਸਨ? ਕੁਝ ਵੀ ਨਹੀਂ। ਇਹ ਸਭ ਕੁਝ ਉਸ ਨੇ ਕਾਹਦੇ ਲਈ ਕੀਤਾ। ਹੌਲਦਾਰ ਦੀ ਉਹ ਦੇ ਕੋਲ ਕੀ ਨਿਸ਼ਾਨੀ ਸੀ? ਉਸ ਦੇ ਰਾਜਿਆਂ ਵਰਗੇ ਘਰ ਨੂੰ ਹੁਣ ਕੌਣ ਸੰਭਾਲੂ, ਜੰਗੀਰੋ ਦੀ ਪਲ ਪਲ ਘੁੰਮਣ ਘੇਰੀਆਂ ਖਾਂਦੀ ਸੋਚ ਨੇ ਉਸ ਨੂੰ ਨੀਮ ਬੇਹੋਸ਼ ਕਰ ਦਿੱਤਾ। ਉਸ ਨੂੰ ਮਹਿਸੂਸ ਹੋਇਆ, ਜਿਵੇਂ ਇੱਕ ਪੰਜ ਛੀ ਸਾਲ ਦਾ ਮੁੰਡਾ ਇਕਦਮ ਉਸ ਦੇ ਪੱਟ 'ਤੇ ਆ ਬੈਠਾ ਹੈ। ਉਸ ਦੀ ਸੋਚ ਥਿੜਕ ਗਈ। ਦੇਖਿਆ ਤਾਂ ਉਸ ਦੇ ਕੋਲ ਪਿਆ ਮੂਲ੍ਹਾ ਅਚਾਨਕ ਡਿੱਗ ਕੇ ਉਸ ਦੇ ਪੱਟ ’ਤੇ ਆ ਵੱਜਿਆ ਹੈ। ਉਹ ਉਸੇ ਵੇਲੇ ਉੱਥੋਂ ਉੱਠੀ, ਸੰਦੂਕ ਖੋਲ੍ਹਿਆ, ਵਿਚੋਂ ਦੋ ਊਨੀ ਕੰਬਲ ਤੇ ਗਰਮ ਚਾਦਰ ਕੱਢੀ, ਕੱਢ ਕੇ ਲੱਕੜ ਦੀ ਆਰਾਮ ਕੁਰਸੀ 'ਤੇ ਉਨ੍ਹਾਂ ਨੂੰ ਧਰਿਆ ਤੇ ਕੁਰਸੀ ਚੁੱਕ ਕੇ ਵਿਹੜੇ ਵਿੱਚ ਰੱਖ ਦਿੱਤੀ।

ਪਾਲੀ ਜਦ ਆਥਣੇ ਮਹਿੰ ਲੈ ਕੇ ਆਇਆ, ਉਸ ਨੇ ਦੇਖਿਆ ਕਿ ਹੌਲਦਾਰਨੀ ਬੈਠਕ ਵਿੱਚ ਖੇਸ ਤਾਣੀ ਸੁੱਤੀ ਪਈ ਹੈ ਤੇ ਵਿਹੜੇ ਵਿੱਚ ਅੱਧ ਮੱਚ ਕੁਰਸੀ ਦੇ ਆਲੇਦੁਆਲੇ ਕੱਪੜਿਆਂ ਦੀ ਸੁਆਹ ਖਿੰਡੀ ਪਈ ਹੈ।