ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਮਹਾਰਾਣੀ ਦਾ ਆਗਮਨ

ਵਿਕੀਸਰੋਤ ਤੋਂ
ਮਹਾਰਾਣੀ ਦਾ ਆਗਮਨ

ਮਹਾਰਾਣੀ ਦੀ ਜਿੱਤ ਪੱਕੀ ਦਿੱਸਦੀ ਸੀ।ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦਸ ਦਿਨ ਰਹਿੰਦੇ ਸਨ। ਸਾਰੇ ਇਲਾਕੇ ਵਿੱਚ ਮਹਾਰਾਣੀ ਦਾ ਪ੍ਰਚਾਰ ਪੂਰੇ ਜ਼ੋਰ 'ਤੇ ਸੀ। ਪਿੰਡ ਪਿੰਡ ਉਹ ਦੇ ਸਪੋਰਟਰ ਜਾਂਦੇ ਤੇ ਮਹਾਰਾਣੀ ਦੇ ਕੰਮਾਂ 'ਤੇ ਵਧਾ ਚੜ੍ਹਾ ਕੇ ਚਾਨਣ ਸੁੱਟਦੇ, ਇਲਾਕੇ ਦੇ ਸੁਧਾਰ ਦੀਆਂ ਯੋਜਨਾਵਾਂ ਦੱਸਦੇ ਤੇ ਮਹਾਰਾਣੀ ਦੀ ਬਜ਼ੁਰਗੀ ਦਾ ਵਾਸਤਾ ਪਾਉਂਦੇ।

ਮਹਾਰਾਜਾ ਸਾਹਿਬ ਪੂਰੇ ਹੋਇਆਂ ਨੂੰ ਦਸ ਬਾਰਾਂ ਸਾਲ ਹੋ ਗਏ ਸਨ। ਉਦੋਂ ਤੋਂ ਹੀ ਮਹਾਰਾਣੀ ਨੇ ਕਿਸੇ ਵਿਸ਼ੇਸ਼ ਮੰਤਵ ਅਧੀਨ ਜਨਤਾ ਦੀ ਸੇਵਾ ਕਰਨੀ ਆਰੰਭ ਦਿੱਤੀ ਸੀ। ਜਨਤਾ ਜਿਹੜੀ ਕਦੇ ਮਹਾਰਾਣੀ ਦੀ ਰਿਆਇਆ ਹੁੰਦੀ ਸੀ ਤੇ ਜਨਤਾ ਜਿਹੜੀ ਹੁਣ ਮਹਾਰਾਣੀ ਦੀ ਮਾਈ ਬਾਪ ਸਭ ਕੁਝ ਬਣੀ ਹੋਈ ਸੀ। ਉਸ ਇਲਾਕੇ ਦੇ ਹੜ੍ਹ ਪੀੜਤ ਲੋਕਾਂ ਕੋਲ ਹਰ ਥਾਂ ਜਾ ਕੇ ਕਈ ਸਾਲ ਹੋਏ, ਉਸ ਨੇ ਪੂਰਾ ਧਰਵਾਸ ਦਿੱਤਾ ਸੀ। ਉਨ੍ਹਾਂ ਦੇ ਠੁਰ ਠੁਰ ਕਰਦੇ ਟੱਬਰਾਂ ਵਿੱਚ ਕੰਬਲ ਤੇ ਡਬਲ ਰੋਟੀਆਂ ਵੰਡੀਆਂ ਸਨ। ਲੋਕਾਂ ਨੂੰ ਅਜੀਬ ਖੁਸ਼ੀ ਸੀ ਕਿ ਮਹਾਰਾਣੀ ਜਿਸ ਨੇ ਕਦੇ ਪਾਲਕੀ ਤੋਂ ਭੁੰਜੇ ਪੈਰ ਨਹੀਂ ਸੀ ਰੱਖਿਆ, 'ਅੱਜ ਕਿਵੇਂ ਦਰ ਦਰ ਲੋਕਾਂ ਦੀ ਪੈਰ ਧੜ ਨੂੰ ਨਮਸਕਾਰ ਕਰਦੀ ਫਿਰਦੀ ਹੈ।

ਦੇਸ਼ ਵਿੱਚ ਕੌਮੀ ਬੱਚਤਾਂ ਦਾ ਸਿਲਸਿਲਾ ਜਦ ਸ਼ੁਰੂ ਹੋਇਆ, ਪਿੰਡ ਪਿੰਡ, ਸ਼ਹਿਰ ਸ਼ਹਿਰ ਸਰਕਾਰ ਵੱਲੋਂ ਜਲਸੇ ਕੀਤੇ ਜਾਂਦੇ। ਲੋਕਾਂ ਵਿੱਚ ਕੌਮੀ ਬੱਚਤ ਦੀ ਮਹੱਤਤਾ ਦੱਸੀ ਜਾਂਦੀ। ਮਹਾਰਾਣੀ ਨੂੰ ਪਤਾ ਨਹੀਂ ਕਿੱਥੋਂ ਸੂੰਹ ਆ ਜਾਂਦੀ, ਉਹ ਇਲਾਕੇ ਵਿੱਚ ਹਰ ਵੱਡੇ ਇਕੱਠ 'ਤੇ ਆਪਣੀ ਕਾਰ ਲਿਆ ਖੜ੍ਹੀ ਕਰਦੀ, ਲੋਕਾਂ ਨੂੰ ਦਰਸ਼ਨ ਦਿੰਦੀ, ਕਹਿੰਦੀ ਕੁਝ ਨਾ ਲੱਸੀ ਪਾਣੀ ਪੀ ਕੇ ਚਲੀ ਜਾਂਦੀ।

ਫੇਰ ਚੀਨ ਦੀ ਲੜਾਈ ਲੱਗੀ ਤੇ ਉਸ ਤੋਂ ਕੁਝ ਸਾਲ ਪਿੱਛੋਂ ਪਾਕਿਸਤਾਨ ਨਾਲ ਮੁੱਠ ਭੇੜ ਹੋਈ। ਰੱਖਿਆ ਫੰਡ ਦੇਸ਼ ਵਿੱਚ ਇਕੱਠਾ ਹੋਣਾ ਸੀ। ਲੋਕਾਂ ਦੇ ਆਪਣੇ ਦੇਸ਼ ’ਤੇ ਅਪੱਤੀ ਸੀ। ਉਨ੍ਹਾਂ ਦਾ ਫ਼ਰਜ਼ ਸੀ। ਉਨ੍ਹਾਂ ਨੇ ਕੌਮੀ ਰੱਖਿਆ ਫੰਡ ਆਪਣੀ ਪਹੁੰਚ ਅਨੁਸਾਰ ਇਕੱਠਾ ਕਰਕੇ ਸਰਕਾਰ ਨੂੰ ਦਿੱਤਾ। ਪ੍ਰੋਗਰਾਮ ਨੋਟ ਕਰਕੇ ਆਪਣੇ ਆਪ ਹੀ ਜਿੱਥੇ ਡੀ. ਸੀ. ਜਾਂਦਾ, ਉੱਥੇ ਆ ਜਾਂਦੀ। ਨਾ ਕੁਝ ਬੋਲਦੀ ਤੇ ਨਾ ਕੁਝ ਹੋਰ ਕਰਦੀ। ‘ਬਜ਼ੁਰਗ ਲੋਕ ਉਸ ਨੂੰ ਮੱਥਾ ਟੇਕਦੇ ਤੇ ਮਹਾਰਾਣੀ ਡੀ. ਸੀ. ਦੇ ਕੋਲ ਕੁਰਸੀ 'ਤੇ ਬੈਠੀ ਲੋਕਾਂ ਨੂੰ ਦਰਸ਼ਨ ਦਿੰਦੀ ਰਹਿੰਦੀ ਤੇ ਆਪਣੇ ਮੂੰਹ ਨੂੰ ਖਜੂਰ ਦੇ ਰੰਗੀਨ ਪੱਤਿਆਂ ਦੀ ਬਣੀ ਪੱਖੀ ਨਾਲ ਝੱਲ ਮਾਰਦੀ ਰਹਿੰਦੀ। ਕਿਸੇ ਕਿਸੇ ਇਕੱਠ ਵਿੱਚ ਡੀ. ਸੀ. ਕਹਿ ਦਿੰਦਾ ਕਿ ਮਹਾਰਾਣੀ ਸਾਹਿਬ ਵੀ ਇਸ ਮਹਾਨ ਕੰਮ ਵਿੱਚ ਬਹੁਤ ਵੱਡਾ ਹਿੱਸਾ ਪਾ ਰਹੇ ਹਨ। ਜਦੋਂ ਡੀ. ਸੀ. ਉੱਠ ਜਾਂਦਾ, ਉਹ ਵੀ ਉੱਠ ਜਾਂਦੀ। ਕਈ ਲੋਕ ਮਹਾਰਾਣੀ ਤੇ ਹੱਸਦੇ, ਕਈ ਲੋਕ ਮਹਾਰਾਣੀ ’ਤੇ ਤਰਸ ਕਰਦੇ।

ਹੁਣ ਜਦੋਂ ਦੇਸ਼ ਵਿੱਚ ਵੱਡੀਆਂ ਚੋਣਾਂ ਹੋਈਆਂ ਸਨ ਤਾਂ ਮਹਾਰਾਣੀ ਨੇ ਦੇਸ਼ ਦੀ ਪ੍ਰਮੁੱਖ ਸਿਆਸੀ ਪਾਰਟੀ ਦੀ ਅੰਦਰਖਾਤੇ ਬੇਹੱਦ ਮਾਇਕ ਸਹਾਇਤਾ ਕਰ ਦਿੱਤੀ ਸੀ ਤੇ ਐਡੀ ਵੱਡੀ ਗੋਡੇ ਟੇਕਣੀ ਨੂੰ ਦੇਖ ਕੇ ਉਸ ਪਾਰਟੀ ਨੇ ਹੁਣ ਉਸ ਨੂੰ ਵਿਧਾਨ ਸਭਾ ਦੀ ਟਿਕਟ ਉਸ ਇਲਾਕੇ ਦੀ ਚੋਣ ਲੜਨ ਲਈ ਦੇ ਦਿੱਤੀ ਸੀ ਤੇ ਮਹਾਰਾਣੀ ਦੀ ਜਿੱਤ ਪੱਕੀ ਸੀ।

ਮਹਾਰਾਣੀ ਜਿਹੜੇ ਵੀ ਪਿੰਡ ਜਾਂਦੀ, ਉਸ ਦਾ ਪੂਰੀ ਠਾਠ ਨਾਲ ਸੁਆਗਤ ਕੀਤਾ ਜਾਂਦਾ। ਮਹਾਰਾਜਾ ਸਾਹਿਬ ਦੇ ਹਾਣੀ ਬਜ਼ੁਰਗ ਉਸ ਦੇ ਪੈਰਾਂ ਨੂੰ ਆ ਕੇ ਛੂੰਹਦੇ। ਡਾਲੀਆਂ ਤੇ ਨਜ਼ਰਾਂ ਪੇਸ਼ ਕੀਤੀਆਂ ਜਾਂਦੀਆਂ। ਕਈ ਪਿੰਡਾਂ ਦੇ-ਸੁੱਕੀਆਂ ਬੂਥੜੀਆਂ 'ਤੇ ਮੂੰਹ ਵਿੱਚ ਜ਼ਰਦਾ ਚੂਸਦੇ ਚਿੱਟ ਕੱਪੜੀਏ ਮੁਰਦਲ ਸਰਦਾਰੜੇ ਮਹਾਰਾਣੀ ਦੀਆਂ ਜੁੱਤੀਆਂ ਪੂੰਝਦੇ। ਪਿੰਡ ਪਿੰਡ ਗੁਰਦੁਆਰਿਆਂ, ਮੰਦਰਾਂ ਤੇ ਧਰਮਸ਼ਾਲਾਵਾਂ ਲਈ ਸਹਾਇਤਾ ਦਿੱਤੀ ਤੇ ਹੁਣ ਮਹਾਰਾਣੀ ਦੀ ਜਿੱਤ ਪੱਕੀ ਦਿੱਸਦੀ ਸੀ।

ਉਸ ਪਿੰਡ ਵਿੱਚ ਮਹੀਨਾ ਕੁ ਹੋਇਆ ਉਹ ਪਹਿਲਾਂ ਵੀ ਇੱਕ ਵਾਰੀ ਆ ਚੁੱਕੀ ਸੀ। ਪਰ ਅੱਜ ਉਸ ਦੇ ਆਗਮਨ ਦੀ ਬਹੁਤ ਵੱਡੀ ਤਿਆਰੀ ਸੀ।ਉਹ ਪਿੰਡ ਰਿਆਸਤਾਂ ਵੇਲੇ ਕਦੇ ਪਰਜਾ ਮੰਡਲ ਪਾਰਟੀ ਦਾ ਗੜ੍ਹ ਮੰਨਿਆ ਹੋਇਆ ਸੀ। ਉੱਥੋਂ ਦੇ ਇੱਕ ਪਰਜਾ ਮੰਡਲੀ ਬਾਬੇ ਦੀ ਕੁਰਬਾਨੀ ਨੂੰ ਯਾਦ ਕਰਕੇ ਪਿੰਡ ਦੇ ਤੇ ਇਲਾਕੇ ਦੇ ਲੋਕਾਂ ਨੇ ਉਸ ਦਾ ਇੱਕ ਬੁੱਤ ਸੰਗਮਰਮਰ ਦਾ ਬਣਵਾ ਕੇ ਉਸ ਦੀ ਭਾਵਨਾ ਨੂੰ ਉਜਾਗਰ ਕਰਦਾ ਪਿੰਡ ਵਿੱਚ ਇੱਕ ਉੱਚੇ ਚੌਤਰੇ ਤੇ ਖੜਾ ਕੀਤਾ ਹੋਇਆ ਸੀ। ਉਸ ਬੱਲ ਦੇ ਨਾਲ ਹੀ ਗੁਰਦੁਆਰਾ ਵੀ ਸੀ। ਲੋਕ ਗੁਰਦੁਆਰੇ ਮੱਥਾ ਟੇਕਣ ਜਾਂਦੇ ਤਾਂ ਬਾਬੇ ਦੀ ਮੂਰਤੀ ਦੇ ਚਰਨਾਂ ਵਿੱਚ ਬਹਿ ਕੇ ਆਉਂਦੇ।ਲੋਕ ਗੁਰਦੁਆਰੇ ਜਾਂਦੇ ਤਾਂ ਅੱਖਾਂ ਅੱਖਾਂ ਵਿੱਚ ਹੀ ਬਾਬੇ ਦੇ ਇਨਕਲਾਬੀ ਅੰਗਾਂ ਦੀਆਂ ਮੁੱਠੀਆਂ ਭਰਦੇ ਰਹਿੰਦੇ।

ਬਾਬੇ ਦਾ ਬੁੱਤ ਤਾਂ ਕਿਸੇ ਸਮੇਂ ਲੱਗ ਹੀ ਗਿਆ ਸੀ, ਪਰ ਇਲਾਕਾ ਚਾਹੁੰਦਾ ਸੀ ਕਿ ਬਾਬੇ ਦੀ ਯਾਦਗਰ ਨੂੰ ਚਿਰ ਤੱਕ ਕਾਇਮ ਰੱਖਣ ਲਈ ਬੁੱਤ ਦੇ ਸੱਜੇ ਪਾਸੇ ਚਾਰ ਕਮਰੇ ਤੇ ਇੱਕ ਵੱਡਾ ਹਾਲ ਬਣਵਾਇਆ ਜਾਵੇ। ਮੌਕਾ ਤਾੜ ਕੇ ਉਸ ਨੇ ਐਲਾਨ ਕਰ ਦਿੱਤਾ ਕਿ ਉਹ ਚਾਰ ਹਜ਼ਾਰ ਦੇ ਸੌ ਸੌ ਨੋਟਾਂ ਦਾ ਹਾਰ ਬਾਬੇ ਦੇ ਬੁੱਤ ਦੇ ਗਲ ਵਿੱਚ ਆਪ ਜਾ ਕੇ ਪਾ ਕੇ ਆਵੇਗੀ ਤੇ ਅੱਜ ਬਾਬੇ ਦੇ ਗਲ ਵਿੱਚ ਚਾਰ ਹਜ਼ਾਰ ਦੇ ਨੋਟਾਂ ਦਾ ਹਾਰ ਪੈਣਾ ਸੀ।

ਬੁੱਤ ’ਤੇ ਵੱਡਾ ਸਾਰਾ ਸ਼ਾਮਿਆਨਾ ਲਾਇਆ ਗਿਆ। ਸ਼ਾਮਿਆਨੇ ਥੱਲੇ ਸਾਰੇ ਪਿੰਡ ਦੀਆਂ ਪਟੀਆਂ ਤੇ ਸ਼ਤਰੰਜਾਂ ਵਿਛਾਈਆਂ ਗਈਆਂ। ਲਾਊਡ ਸਪੀਕਰ ਗੂੰਜ ਕਾਹਨੂੰ ਧਰਤੀ ਪੱਟ ਰਿਹਾ ਸੀ। ਇੱਕ ਵੱਡੀ ਸਾਰੀ ਸਟੇਜ ਬਣਾ ਕੇ ਉਸ 'ਤੇ ਕੁਰਸੀਆਂ ਸਜਾਈਆਂ ਗਈਆਂ। ਮੇਜ਼ਾਂ 'ਤੇ ਫੁਲਦਾਨਾਂ ਦੀ ਮਹਿਕ ਵਿਛੀ ਪਈ ਸੀ। ਮਹਾਰਾਣੀ ਦੇ ਸੁਆਗਤ ਵਿੱਚ ਆਲੇ-ਦੁਆਲੇ ਦੇ ਸਾਰੇ ਪਿੰਡਾਂ ਦੇ ਲੋਕਾਂ ਨੇ ਆਉਣਾ ਸੀ। ਮਹਾਰਾਣੀ ਦਾ ਆਗਮਨ 141 ਮਹਾਰਾਣੀ ਸੋਚਦੀ ਸੀ- 'ਬਾਬੇ ਦੇ ਗਲ ਵਿੱਚ ਚਾਰ ਹਜ਼ਾਰ ਪੈ ਜਾਣਾ ਹੈ। ਬਾਬੇ ਦਾ ਆਕਾਰ ਲੋਕਾਂ ਦੀ ਆਤਮਾ ਹੈ।' ਬਾਬੇ ਦੇ ਗਲ ਵਿੱਚ ਹਾਰ, ਲੋਕਾਂ ਦੀ ਆਤਮਾ ਦੇ ਗਲ ਵਿੱਚ ਹਾਰ ਉਹ ਸਮਝਦੀ ਸੀ ਤੇ ਸਮਝਦੀ ਸੀ, ਉਸ ਦੀ ਜਿੱਤ ਪੱਕੀ ਸੀ।

ਸ਼ਾਮ ਦੇ ਪੰਜ ਵੱਜ ਚੁੱਕੇ ਸਨ ਤੇ ਉਹ ਅਜੇ ਨਹੀਂ ਸੀ ਆਈ।ਉਸ ਦੇ ਆਉਣ ਦਾ ਸਮਾਂ ਚਾਰ ਵਜੇ ਰੱਖਿਆ ਗਿਆ ਸੀ। ਚਾਰ ਵੱਜਣ ਤੋਂ ਪਹਿਲਾਂ ਹੀ ਪਿੰਡ ਦੇ ਸਾਰੇ ਲੋਕ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾ ਪੂਰਾ ਇਕੱਠ ਬੱਝ ਗਿਆ।ਲੋਕ ਉਡੀਕ ਰਹੇ ਸਨ- 'ਮਹਾਰਾਣੀ ਕਦੋਂ ਆਵੇ, ਕਦੋਂ ਆਵੇ।'

ਦਿਨ ਦੇ ਛਿਪਾ ਨਾਲ ਮੱਛੀ ਆਕਾਰ ਸਲੇਟੀ ਸ਼ਿਵਰਲੈੱਟ ਦਾ ਹਾਰਨ ਵੱਜਿਆ। ਮਹਾਰਾਣੀ ਚਿੱਟੀ ਕੁਕੜੀ ਬਣੀ ਕਾਰ ਵਿੱਚੋਂ ਨਿਕਲੀ। ਉਸ ਦੇ ਨਾਲ ਇੱਕ ਉੱਚੇ ਲੰਮੇ ਕੱਦ ਦਾ ਇੱਕ ਬਜ਼ੁਰਗ ਵੀ ਸੀ, ਜਿਸ ਦੀ ਦਾੜ੍ਹੀ ਉਲਟਵੀਂ ਚੜ੍ਹਾਈ ਹੋਈ ਸੀ। ਘੁੱਟਵਾਂ ਚਿੱਟਾ ਚੂੜੀਦਾਰ ਪਜਾਮਾ ਤੇ ਲੰਮੀ ਬਿਸਕੁਟੀ ਅਚਕਨ। ਖੱਟੀ ਫਿਫਟੀ ਨਾਲ ਅੱਧਾ ਮੱਥਾ ਢਕਿਆ ਹੋਇਆ ਤੇ ਨਸਵਾਰੀ ਰੰਗ ਦੀ ਪਟਿਆਲਾ ਸ਼ਾਹੀ ਟੋਕਰਾ ਪੱਗ। ਹੱਥ ਵਿੱਚ ਬੈਂਤ ਦੀ ਨਰਮ ਮਲੂਕ ਖੂੰਡੀ।ਨੀਲੇ ਨੀਲੇ ਸੌ ਸੌ ਦੇ ਨੋਟਾਂ ਦਾ ਹਾਰ ਮੁਰਗੇ ਦੇ ਖੰਭਾਂ ਵਾਂਗ ਉਸ ਬਜ਼ੁਰਗ ਦੇ ਹੱਥਾਂ ਵਿਚੋਂ ਨਿਕਲ ਨਿਕਲ ਪੈਂਦਾ ਸੀ।

ਪਿੰਡ ਦੇ ਤੇ ਇਲਾਕੇ ਦੇ ਪਤਵੰਤਿਆਂ ਨੇ ਮਹਾਰਾਣੀ ਅੱਗੇ ਸਿਰ ਝੁਕਾਇਆ ਤੇ ਮਹਾਰਾਣੀ ਨੇ ਪੂਰੀ ਅਧੀਨਗੀ ਵਿੱਚ ਲੋਕਾਂ ਤੋਂ ਰਾਹ ਮੰਗ ਕੇ ਸਿੱਧਾ ਬਾਬੇ ਦੇ ਬੁੱਤ ਵੱਲ ਰੁੱਖ ਕੀਤਾ। ਮਹਾਰਾਣੀ ਦੇ ਬੁੱਲ੍ਹਾਂ 'ਤੇ ਮੁਸਕਰਾਹਟ ਖੇਡਦੀ ਸੀ। ਮਹਾਰਾਣੀ ਸੋਚਦੀ ਸੀ- 'ਬਾਬਾ ਜੀ ਦੀ ਆਤਮਾ ਅੱਜ ਕਿੰਨੀ ਖੁਸ਼ ਹੋਵੇਗੀ!' ਉਸ ਨੇ ਬਾਬੇ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਉਸ ਸ਼ਾਹੀ ਠਾਠ ਵਾਲੇ ਬਜ਼ੁਰਗ ਦੇ ਹੱਥੋਂ ਹਾਰ ਫੜ ਕੇ ਬਾਬੇ ਦੇ ਗਲ ਵਿੱਚ ਪਾਉਣ ਲਈ ਬਾਬੇ ਦੇ ਪੈਰਾਂ ਵਿੱਚ ਰੱਖੇ ਸਟੂਲ ’ਤੇ ਇੱਕ ਟੰਗ ਧਰੀ ਹੀ ਸੀ ਕਿ ਨਾਲ ਦੀ ਨਾਲ ਇਕੱਠ ਵਿਚੋਂ ਇੱਕ ਬਜ਼ੁਰਗ ਦੀ ਆਵਾਜ਼ ਕੁੜਕੀ- ‘ਦੁਸ਼ਟਣੀ....! ਦੁਸ਼ਟਣੀ.....!

ਉਸ ਬਜ਼ੁਰਗ ਦੇ ਗਲ ਤੇੜ ਘਰ ਦੇ ਬਣੇ ਖੱਦਰ ਦਾ ਕੁਰਤਾ ਪਜਾਮਾ ਪਾਇਆ ਹੋਇਆ ਸੀ। ਪੈਰਾਂ ਵਿੱਚ ਖੱਲ ਧੌੜੀ ਦੀ ਮੋਡੀ ਜੁੱਤੀ। ਸਿਰ ’ਤੇ ਕਾਲੀ ਪੱਗ। ਡੱਬੀਆਂ ਵਾਲੇ ਖੇਸ ਦੀ ਬੁੱਕਲ ਤੇ ਹੱਥ ਵਿੱਚ ਤੂਤ ਦਾ ਖੂੰਡਾ ਫੜੀਂ ਉਹ ਬਾਬੇ ਦੇ ਬੁੱਤ ਕੋਲ ਹਵਾ ਵਾਂਗ ਆ ਖੜ੍ਹਾਂ।

ਲੋਕੋ! ਬਾਬੇ ਦੀਆਂ ਅੱਖਾਂ ਨੀਂ ਦੀਂਹਦੀਆਂ? ਦੇਖੋ! ਇਨ੍ਹਾਂ 'ਚੋਂ ਪਾਣੀ ਸਿੰਮ ਆਇਐ। ਤੇ ਦੇਖੋ! ਮਹਾਰਾਣੀ ਸਾਹਿਬ ਦੇ ਬੁੱਲ੍ਹਾਂ 'ਤੇ ਪੇਪੜੀ ਜੰਮ ਗਈ ਐ। ਜਦ ਹੀ ਉਸ ਨੇ ਮਹਾਰਾਣੀ ਵੱਲ ਉਂਗਲ ਕੀਤੀ ਤਾਂ ਮਹਾਰਾਣੀ ਨੇ ਹਾਰ ਮੋੜ ਕੇ ਉਸ ਸ਼ਾਹੀ ਠਾਠ ਵਾਲੇ ਬਜ਼ੁਰਗ ਨੂੰ ਹੀ ਫੜਾ ਦਿੱਤਾ। ਖੂੰਡੇ ਵਾਲਾ ਬਜ਼ੁਰਗ ਫੇਰ ਕੜਕਿਆ‘ਲੋਕੋ! ਥੋਡੀਆਂ ਅੱਖਾਂ ਕਿਉਂ ਫੁੱਟ ਗਈਆਂ? ਬਾਬੇ ਨੂੰ ਜੇਲ੍ਹ ਵਿੱਚ ਤਸੀਹੇ ਦੇ ਦੇ ਕੀਹਨੇ ਸ਼ਹੀਦ ਕੀਤਾ ਸੀ? ਬਾਬਾ ਜਦੋਂ ਜੇਲ੍ਹ ਦੀ ਕੋਠੜੀ ਵਿੱਚ ਚਾਲੀ ਦਿਨਾਂ ਦੀ ਭੁੱਖ ਤੇਹ ਕੱਟ ਕੇ ਬੇਸੁੱਧ ਹੋ ਗਿਆ ਸੀ ਤੇ ਉਸ ਦੀ ਸੁੰਧਕਦੀ ਲੋਥ ’ਤੇ ਮੱਖੀਆਂ ਭਿਣਕਦੀਆਂ ਸੀ ਤਾਂ ਇਹੀ ਮਹਾਰਾਣੀ ਸਾਹਿਬ ਜੇਲ੍ਹ ਵਿੱਚ ਜਾ ਕੇ ਉਦੋਂ ਬਾਬੇ ਦੇ ਸਰੀਰ ਨੂੰ ਦੇਖ ਕੇ ਖਿੜ ਖਿੜ ਹੱਸੀ ਸੀ। ਬਾਬੇ ਦੀ ਕਾਲ ਕੋਠੜੀ ਮੂਹਰੇ ਪਹਿਰਾ ਦਿੰਦੇ ਜਿਸ ਸਿਪਾਹੀ ਨੇ ਇਹ ਭਾਣਾ ਦੇਖਿਆ ਸੀ, ਉਹ ਮੈਂ ਆਪ ਹਾਂ।' ਤੇ ਇਹ ਆਖ਼ਰੀ ਗੱਲ ਉਸ ਬਜ਼ੁਰਗ ਨੇ ਆਪਣੀ ਬਿਰਧ ਛਾਤੀ ਤੇ ਆਪਣੇ ਸੱਜੇ ਹੱਥ ਦਾ ਜ਼ੋਰ ਦਾ ਧੱਫ਼ਾ ਮਾਰਕੇ ਆਖੀ ਤੇ ਕਹਿੰਦਾ- 'ਦੇਖੋ! ਬਾਬੇ ਦੀਆਂ ਅੱਖਾਂ 'ਚੋਂ ਪਾਣੀ ਸਿੰਮ ਆਇਐ।'

ਉਸ ਬਜ਼ੁਰਗ ਦੀਆਂ ਗੱਲਾਂ ਨੂੰ ਸਾਰੇ ਲੋਕਾਂ ਨੇ ਪੈਰ ਜਮਾ ਕੇ ਸੁਣਿਆ। ਬਾਬਾ ਕੰਬ ਰਿਹਾ ਸੀ ਤੇ ਕੜਕ ਰਿਹਾ ਸੀ। ਮਹਾਰਾਣੀ ਤੇ ਸ਼ਾਹੀ ਠਾਠ ਵਾਲਾ ਬਜ਼ੁਰਗ ਪਤਾ ਨਹੀਂ ਕਦੋਂ ਚੁੱਪ ਕਰਕੇ ਵਿਚੋਂ ਹੀ ਉੱਥੋਂ ਖਿਸਕ ਗਏ ਸਨ।

ਉੱਥੋਂ ਹੀ ਖੜ੍ਹ ਕੇ ਸਾਰੇ ਲੋਕਾਂ ਨੇ ਫ਼ੈਸਲਾ ਕੀਤਾ- 'ਕਣਕਾਂ ਨੂੰ ਇੱਕ ਇੱਕ ਪਾਣੀ ਹੋਰ ਲਾ ਲੋ। ਚੋਣਾਂ ਵਿੱਚ ਦਸ ਦਿਨ ਰਹਿੰਦੇ ਨੇ। ਬਾਬੇ ਦੀਆਂ ਅੱਖਾਂ 'ਚ ਅਸੀਂ ਹੁਣ ਪਾਣੀ ਦੀ ਥਾਂ ਖੁਸ਼ੀ ਦੀ ਚਮਕ ਦੇਖਣੀ ਐ।'

ਚੋਣ ਦਾ ਨਤੀਜਾ ਜਿੱਦਣ ਨਿਕਲਿਆ, ਮਹਾਰਾਣੀ ਹਾਰ ਗਈ ਸੀ।