ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਪ੍ਰਸ਼ਨ ਚਿੰਨ੍ਹ

ਵਿਕੀਸਰੋਤ ਤੋਂ

ਪ੍ਰਸ਼ਨ ਚਿੰਨ੍ਹ

ਮੈਨੂੰ ਅੱਜ ਨੀਂਦ ਨਹੀਂ ਆ ਰਹੀ। ਕਦੇ ਇਸ ਬਾਹੀ ਨਾਲ ਹਿੱਕ ਘੁੱਟਦਾ ਹਾਂ, ਕਦੇ ਉਸ ਨਾਲ। ਜਲੰਧਰ ਰੇਡੀਓ ਕਦੋਂ ਦਾ 'ਜੈ ਹਿੰਦ' ਬੁਲਾ ਗਿਆ ਹੈ। ਲਾਹੌਰ ਵੀ ਨਹੀਂ ਬੋਲ ਰਿਹਾ। ਇੱਕ ਦੋ ਬਦੇਸ਼ੀ ਸਟੇਸ਼ਨ ਜਿਹੜੇ ਚੱਲ ਰਹੇ ਹਨ, ਉਨ੍ਹਾਂ ਦੀ ਮੈਨੂੰ ਸਮਝ ਨਹੀਂ ਆ ਰਹੀ। ਟੇਬਲ ਲੈਂਪ ਧੌਣ ਸੁੱਟੀ ਮੇਜ਼ਪੋਸ਼ ਦੀਆਂ ਡੱਬੀਆਂ ਗਿਣ ਰਿਹਾ ਹੈ। ਰੇਡੀਓ ਦੀ ਸਵਿੱਚ ਬੰਦ ਕਰਕੇ ਮੈਂ ਫਿਰ ਮੰਜੇ ਦੀ ਬਾਹੀ ਨਾਲ ਆਪਣੀ ਹਿੱਕ ਨੂੰ ਘੁੱਟ ਲੈਂਦਾ ਹਾਂ ਤੇ ਸੋਚਦਾ ਹਾਂ ਕਿ "ਉਹ ਕੌਣ ਸੀ?"

ਕਾਰਨਿਸ 'ਤੇ ਪਿਆ ਟਾਈਮਪੀਸ ਇਉਂ ਲੱਗਦਾ ਹੈ, ਜਿਵੇਂ ਅੱਜ ਉਸ ਦੀ 'ਟਿੱਕ ਟਿੱਕ' ਕੁਝ ਉੱਚੀ ਹੋ ਗਈ ਹੈ ਜਾਂ ਸ਼ਾਇਦ ਕਮਰੇ ਵਿਚ ਚੁੱਪ ਵਧ ਗਈ ਹੈ ਜਾਂ ਸ਼ਾਇਦ ਰਾਤ ਡੂੰਘੀਆਂ ਸੋਚਾਂ ਵਿਚ ਉਤਰ ਚੁੱਕੀ ਹੈ। "ਟਿੱਕ ਟਿੱਕ" "ਟਿੱਕ ਟਿੱਕ".... ਟਾਈਮਪੀਸ ਇੱਕੋ ਸਾਹ ਬੋਲ ਰਿਹਾ ਹੈ। "ਟਿੱਕ ਟਿੱਕ" ਤੋਂ ਬਿਨਾਂ ਇੱਕ ਆਵਾਜ਼ ਹੋਰ ਵੀ ਆ ਰਹੀ ਹੈ। ਉਹ ਆਵਾਜ਼ ਵੀ "ਟਿੱਕ ਟਿੱਕ" ਨਾਲ ਰਲਦੀ ਮਿਲਦੀ ਹੈ। ਇੱਕ ਖੂੰਜੇ ਵਿਚ ਉੱਪਰ ਥੱਲੇ ਪਏ ਦੋ ਟਰੱਕਾਂ 'ਤੇ ਇੱਕ ਅਟੈਚੀ ਕੇਸ ਖੁੱਲ੍ਹਾ ਪਿਆ ਹੈ। ਉਸ ਖੂੰਜੇ ਵੱਲ ਕਿਤੇ ਕਿਸੇ ਚੂਹੀ ਦੀ "ਟੁੱਕ ਟੁੱਕ" ਸੁਣਦੀ ਹੈ। ਸ਼ਾਇਦ ਡਬਲ ਰੋਟੀ ਦਾ ਕੋਈ ਪੀਸ ਉਸ ਦੇ ਅੜਿੱਕੇ ਆ ਗਿਆ ਹੈ ਜਾਂ ਸ਼ਾਇਦ ਉਸ ਨੇ ਮੇਰੀ ਨਵੀਂ ਜੁੱਤੀ ਨੂੰ ਹੀ ਵਾਢਾ ਧਰ ਲਿਆ ਹੋਵੇ। ਮੰਜੇ ਥੱਲੇ ਪਈਆਂ ਬਾਥਰੂਮ ਚੱਪਲਾਂ ਵਿਚੋਂ ਇੱਕ ਚੱਪਲ ਚੁੱਕਦਾ ਹਾਂ ਤੇ ਫ਼ਰਸ਼ ਤੇ ਦੋ ਤਿੰਨ ਵਾਰ ਉਸ ਨੂੰ ਮਾਰ ਕੇ ਖੜਕਾ ਕਰਦਾ ਹਾਂ ਤੇ ਮੂੰਹ ਨਾਲ ਕੋਈ ਆਵਾਜ਼ ਕੱਢਦਾ ਹਾਂ। ਚੂਹੀ ਦੀ "ਟੁੱਕ ਟੁੱਕ" ਬੰਦ ਹੋ ਜਾਂਦੀ ਹੈ। ਮੈਨੂੰ ਨੀਂਦ ਨਹੀਂ ਆ ਰਹੀ। ਟੇਬਲ ਲੈਂਪ ਦੀ ਸਵਿੱਚ ਬੰਦ ਦਿੰਦਾ ਹਾਂ। ਮੰਜੇ ਦੀ ਦੂਜੀ ਬਾਹੀ ਨਾਲ ਘੁੱਟ ਲੈਂਦਾ ਹਾਂ। ਆਪਣੇ ਦਿਮਾਗ਼ ਵਿਚੋਂ ਸਾਰੀਆਂ ਸੋਚਾਂ ਛੱਡ ਕੇ ਮੈਂ ਸੌਂ ਜਾਣਾ ਚਾਹੁੰਦਾ ਹਾਂ, ਪਰ ਨੀਂਦ ਨਹੀਂ ਆ ਰਹੀ। ਨੀਂਦ ਜਿਵੇਂ ਖੰਭ ਲਾ ਕੇ ਦੂਰ ਕਿਤੇ ਦਰਖ਼ਤਾਂ ਦੀਆਂ ਟਹਿਣੀਆਂ 'ਤੇ ਜਾ ਬੈਠੀ ਹੈ। ਇੱਕੋ ਸਵਾਲ ਜਿਸ ਨੇ ਮੇਰੇ ਦਿਮਾਗ਼ ਵਿਚ ਚੱਕਰ ਬੰਨ੍ਹਿਆ ਹੋਇਆ ਹੈ, ਉਹ ਇਹ ਹੈ ਕਿ "ਉਹ ਸੀ ਕੌਣ?"

ਅੱਜ ਦੋ ਕੁ ਵਜੇ ਚਾਹ ਪੀਣ ਜਦ ਮੈਂ "ਕੈਫਟੇਰੀਆ ਵੱਲ ਗਿਆ ਸਾਂ। ਦਰਵਾਜਿਓਂ ਅੰਦਰ ਖੂੰਜੇ ਪਈ ਇੱਕ ਟੇਬਲ 'ਤੇ ਝੁਕਿਆ ਸਾਂ ਤੇ ਫਿਰ ਸਾਰੇ ਕੈਫਟੇਰੀਆ ਵਿਚ ਨਿਗਾਹ ਘੁਮਾਈ ਸੀ ਤਾਂ ਦੇਖਿਆ ਸੀ ਕਿ ਕੰਦਲਾ ਵਿਚਕਾਰਲੇ ਥਮਲੇ ਕੋਲ ਟੇਬਲ 'ਤੇ ਖੱਬੀ ਬਾਂਹ ਪਸਾਰੀ ਕੌਫ਼ੀ ਦੀਆਂ ਚੁਸਕੀਆਂ ਲੈ ਰਹੀ ਸੀ। ਉਸ ਨੂੰ ਦੇਖ ਕੇ ਮੇਰੀਆਂ ਅੱਖਾਂ ਵਿਚ ਚਮਕ ਆ ਗਈ ਸੀ। ਚਾਹੁੰਦਾ ਸਾਂ, ਉੱਠ ਕੇ ਉਸ ਕੋਲ ਚਲਿਆ ਜਾਵਾਂ, ਪਰ ਨਹੀਂ, ਮੈਂ ਉੱਠਿਆ ਨਹੀਂ। ਉੱਥੇ ਹੀ ਬਹਿਰੇ ਤੋਂ ਚਾਹ ਦਾ ਇੱਕ ਪਿਆਲਾ ਮੰਗਵਾਇਆ ਤੇ ਪੀਣ ਲੱਗਿਆ। ਕੈਫਟੇਰੀਆ-ਦੁੱਧ ਪੀਓ, ਚਾਹ ਪੀਓ, ਲੱਸੀ, ਕੋਕਾ ਕੋਲਾ, ਸ਼ਰਬਤ ਤੇ ਭਾਵੇਂ ਨਿਰਾ ਪਾਣੀ ਪੀ ਕੇ ਉੱਠ ਖੜ੍ਹੋ।

ਮੈਂ ਤੇ ਕੰਦਲਾ ਇਕੋ ਦਫ਼ਤਰ ਵਿਚ ਕੰਮ ਕਰਦੇ ਹਾਂ। ਉਹ ਟਾਈਪਿਸਟ ਹੈ ਤੇ ਮੈਥੋਂ ਚੌਥੇ ਕਮਰੇ ਵਿਚ ਬੈਠਦੀ ਹੈ। ਬਹੁਤੀ ਵਾਰ ਅਸੀਂ ਇਕੱਠੇ ਹੀ ਚਾਹ ਪੀਂਦੇ ਹਾਂ, ਇਕੱਠੇ ਹੀ ਕੌਫ਼ੀ ਪੀਂਦੇ ਹਾਂ ਤੇ ਇਕੱਠੇ ਹੀ ਦੁਪਹਿਰ ਦੀ ਰੋਟੀ ਖਾਂਦੇ ਹਾਂ। ਸਾਡੇ ਵਿਚ ਖੁੱਲ੍ਹ ਬਹੁਤ ਹੀ ਵਧ ਚੁੱਕੀ ਹੈ। ਉਸ ਨੇ ਕਈ ਵਾਰ ਮੈਥੋਂ ਪੁੱਛਿਆ ਹੈ ਮੈਨੂੰ ਉਸ ਦੇ ਸਰੀਰ ਦਾ ਕਿਹੜਾ ਹਿੱਸਾ ਚੰਗਾ ਲੱਗਦਾ ਹੈ-ਨੱਕ, ਦੰਦ, ਅੱਖਾਂ, ਹਿੱਕ, ਬਾਹਾਂ ਜਾਂ ਪੈਰਾਂ ਦੀਆਂ ਉਂਗਲੀਆਂ? ਜਾਂ ਹੱਡੀਆਂ? ਮੈਂ ਕਹਿੰਦਾ ਹਾਂ, "ਮੈਨੂੰ ਤੇਰੀਆਂ ਬੇਵਕੂਫ਼ ਗੱਲਾਂ ਚੰਗੀਆਂ ਲਗਦੀਆਂ ਨੇ।" ਮੇਰੀ ਗੱਲ ਨੂੰ ਅਣਸੁਣੀ ਕਰਕੇ ਉਹ ਕਹਿੰਦੀ ਹੈ ਕਿ ਸਰੀਰ ਦੇ ਸਾਰੇ ਹਿੱਸਿਆਂ ਨਾਲੋਂ ਸੁਹਣਾ ਹਿੱਸਾ ਮੇਰੇ 'ਪੱਟ' ਹਨ। ਤੇ ਫਿਰ ਉਹ ਆਪਣੀਆਂ ਮੋਟੀਆਂ ਮੋਟੀਆਂ ਅੱਖਾਂ ਛੋਟੀਆਂ ਕਰਕੇ ਸਰੂਰ ਵਿਚ ਆ ਦੱਸਦੀ ਹੈ, "ਮੇਰੇ 'ਪੱਟ' ਬਹੁਤ ਸ਼ਾਨਦਾਰ ਨੇ।"

ਕਈ ਵਾਰ ਜਦ ਅਸੀਂ ਇਕੱਲ ਵਿਚ ਮਿਲਦੇ ਹਾਂ ਤਾਂ ਉਹ ਆਪ ਹੀ ਮੇਰਾ ਹੱਥ ਫੜ ਕੇ ਮੇਰੀ ਬਾਂਹ ਆਪਣੇ ਲੱਕ ਦੁਆਲੇ ਲਪੇਟ ਲੈਂਦੀ ਹੈ ਤੇ ਕਹਿੰਦੀ ਹੈ, "ਘੁੱਟ ਦੇ ਜ਼ਰਾ।"

ਹਾਂ, ਅੱਜ ਦੁਪਹਿਰੇ ਕੈਫਟੇਰੀਆਂ ਵਿਚ ਮੇਜ਼ 'ਤੇ ਬਾਂਹ ਪਸਾਰੀ ਜਦ ਉਹ ਕੌਫ਼ੀ ਪੀ ਰਹੀ ਸੀ ਤਾਂ ਉਸ ਦਾ ਧਿਆਨ ਮੇਰੇ ਵੱਲ ਬਿਲਕੁਲ ਨਹੀਂ ਸੀ ਹੋਇਆ। ਧਿਆਨ ਹੁੰਦਾ ਤਾਂ ਉਹ ਮੈਨੂੰ ਆਪਣੇ ਕੋਲ ਬੁਲਾ ਲੈਂਦੀ? ਜਾਂ ਮੇਰੇ ਕੋਲ ਆਪ ਹੀ ਆ ਜਾਂਦੀ ਚਾਹ ਦਾ ਪਿਆਲਾ ਜਦ ਹੀ ਮੇਰੇ ਬੁੱਲ੍ਹਾਂ ਨਾਲੋਂ ਹਟਦਾ, ਮੈਂ ਕੰਦਲਾ ਵੱਲ ਟਿਕਟਿਕੀ ਬੰਨ੍ਹ ਲੈਂਦਾ। ਉਸ ਦਾ ਸਰੀਰ ਪੂਰੇ ਦਾ ਪੂਰਾ ਮੇਰੇ ਜ਼ਿਹਨ ਵਿਚ ਉਤਰ ਗਿਆ ਸੀ। ਉਸ ਨੂੰ ਇਸ ਤਰ੍ਹਾਂ ਵੇਖ ਕੇ ਮੈਂ ਕੋਈ ਮਸਤੀ ਜਿਹੀ ਮਹਿਸੂਸ ਕਰ ਰਿਹਾ ਸਾਂ।

ਮੈਂ ਮਨ ਬਣਾਇਆ ਕਿ ਚਾਹ ਦੇ ਪਿਆਲੇ ਵਿਚਲੀਆਂ ਆਖ਼ਰੀ ਦੋ ਘੁੱਟਾਂ ਮੁਕਾ ਕੇ ਹੁਣੇ ਕੰਦਲਾ ਕੋਲ ਜਾਂਦਾ ਹਾਂ ਤੇ ਜਾ ਕੇ ਉਸ ਦੇ ਮੋਢੇ ਨੂੰ ਥਪਕਦਾ ਹਾਂ।

ਇੱਕ ਮੁੰਡਾ ਮੂੰਹ ਨਾਲ ਵਿਸਲਾਂ ਵਜਾਉਂਦਾ ਕੈਫਟੇਰੀਆ ਦੇ ਗੇਟ ਅੰਦਰ ਦਾਖ਼ਲ ਹੋਇਆ ਤੇ ਸਿੱਧਾ ਕੰਦਲਾ ਦੇ ਮੇਜ਼ ਵੱਲ ਹੋ ਪਿਆ।

ਗਲ਼ ਵਿਚ ਡੱਬੀਦਾਰ ਬੁਸ਼ਰਟ, ਪੱਟਾਂ ਨਾਲ ਸੂਤਵੀਂ ਸਫ਼ੈਦ ਪੈਂਟ। ਸਿਰ 'ਤੇ ਅੱਧਾ ਅੱਧਾ ਇੰਚ ਵਾਲ, ਸੇਹ ਦੇ ਤਲਿਆਂ ਵਾਂਗ ਖੜ੍ਹੇ ਸਨ। ਉਹ ਕੰਦਲਾ ਦੇ ਮੇਜ਼ ਕੋਲ ਗਿਆ। ਮੇਜ਼ 'ਤੇ ਲੰਮੀ ਪਈ ਕੰਦਲਾ ਦੀ ਬਾਂਹ 'ਤੇ ਪੋਲਾ ਜਿਹਾ ਪੁੱਠੇ ਹੱਥ ਦਾ ਥੱਪੜ ਟਿਕਾਇਆ। ਕੰਦਲਾ ਧੰਦਕ ਜਿਹੀ ਗਈ ਤੇ ਇਕਦਮ ਕੁਰਸੀ ਤੇ ਸਿੱਧੀ ਹੋ ਕੇ ਬੈਠ ਗਈ। ਇੱਕ ਲੰਮਾ ਸਾਹ ਸ਼ਾਇਦ ਉਸ ਨੇ ਆਪਣੇ ਅੰਦਰ ਖਿੱਚਿਆ ਸੀ। ਬੁੱਲ੍ਹਾਂ 'ਤੇ ਨਿੰਮੀ ਜਿਹੀ ਮੁਸਕਰਾਹਟ ਲਿਆਂਦੀ ਸੀ ਤੇ ਉਸ ਮੁੰਡੇ ਨੂੰ ਕੁਝ ਕਿਹਾ ਸੀ। ਮੁੰਡੇ ਨੇ ਕੰਦਲਾ ਦੇ ਜੂਠੇ ਪਿਆਲੇ ਵਿਚੋਂ ਇੱਕ ਘੁੱਟ ਭਰੀ ਸੀ ਤੇ ਅੱਗੇ ਨੂੰ ਚਲਿਆ ਗਿਆ ਸੀ। ਜਾ ਕੇ ਕਿਸੇ ਹੋਰ ਮੇਜ਼ 'ਤੇ ਬੈਠ ਗਿਆ ਸੀ। ਮੇਰੇ ਮਨ ਵਿਚ ਇੱਕ ਖਲਬਲੀ ਜਿਹੀ ਮੱਚ ਉੱਠੀ। ਇੱਕ ਨਫ਼ਰਤ ਜਿਹੀ ਦਾ ਧੂੰਆਂ ਮੇਰੇ ਦਿਮਾਗ਼ ਵਿਚੋਂ ਉੱਠਣ ਲੱਗਿਆ। ਮੁੜ੍ਹਕੇ ਦੀ ਇਕ ਸਿੱਲ੍ਹ ਜਿਹੀ ਮੇਰੇ ਮੱਥੇ ਤੇ ਜੰਮ ਗਈ। ਹੁਣ ਕੰਦਲਾ ਮੇਰੇ ਵੱਲ ਝਾਕ ਰਹੀ ਸੀ। ਉਸ ਦੇ ਬੁੱਲ੍ਹਾਂ 'ਤੇ ਇੱਕ ਥੱਕੀ ਜਿਹੀ ਮੁਸਕਾਣ ਸੀ। ਮੇਰੀ ਨਿਗਾਹ ਕੰਦਲਾ ਵੱਲ ਨਹੀਂ, ਉਸ ਮੁੰਡੇ 'ਤੇ ਸੀ ਕਿ ਉਹ ਕੌਣ ਹੈ, ਜੋ ਇਸ ਤਰ੍ਹਾਂ ਨਾਲ ਕੰਦਲਾ ਦੇ ਨੇੜੇ ਹੈ। ਮੈਂ ਉੱਠਿਆ ਨਹੀਂ ਤੇ ਕੰਦਲਾ ਆਪ ਹੀ ਉੱਠ ਕੇ ਮੇਰੇ ਕੋਲ ਆ ਗਈ ਸੀ। ਇੱਕ ਝੂਠੀ ਜਿਹੀ ਮੁਸਕਾਣ ਆਪਣੇ ਖੁਸ਼ਕ ਬੁੱਲ੍ਹਾਂ 'ਤੇ ਲਿਆ ਕੇ ਮੈਂ ਉਸ ਦੀ ਥੱਕੀ ਹੋਈ ਮੁਸਕਾਣ ਦਾ ਉੱਤਰ ਦਿੱਤਾ। ਮੇਰੀਆਂ ਅੱਖਾਂ ਵਿਚੋਂ ਇੱਕ ਹੈਰਾਨੀ ਜਿਹੀ ਪੜ੍ਹ ਕੇ ਉਹ ਬੋਲੀ, "ਤੇਰੀਆਂ ਅੱਖਾਂ ਓਪਰੀਆਂ ਕਿਉਂ ਨੇ ਅੱਜ?" ਮੈਂ ਉਸ ਦਾ ਸਵਾਲ ਅਣਸੁਣਿਆ ਕਰਕੇ ਕਿਹਾ, "ਕੈਫੇ ਵਾਲੇ ਚਾਹ ਵਿਚ ਖੰਡ ਬੜੀ ਪਾਉਂਦੇ ਨੇ।"

"ਅੱਛਾ, ਦੱਸ ਫੇਰ ਮੇਰੇ ਡੈਡੀ ਨੂੰ ਕਦ ਮਿਲਣਾ ਏ?" ਉਸ ਦੇ ਸੱਜੇ ਪੈਰ ਦੀਆਂ ਉਂਗਲਾਂ ਮੇਜ਼ ਥੱਲੇ ਮੇਰੇ ਖੱਬੇ ਪੈਰ ਦੀ ਛੱਤ ਨਾਲ ਖੇਡ ਰਹੀਆਂ ਸਨ।

"ਪਹਿਲਾਂ ਆਪਣੇ ਪਿਤਾ ਜੀ ਨੂੰ ਤਾਂ ਪੁੱਛ ਲਵਾਂ?" ਮੈਂ ਕਿਹਾ ਤੇ ਉਸ ਨੇ ਆਪਣਾ ਚਿਹਰਾਫਿਰ ਲਮਕਾ ਲਿਆ। ਮੈਂ ਆਪਣੀਆਂ ਹਥੇਲੀਆਂ ਨਾਲ ਅੱਖਾਂ ਮਲੀਆਂ। ਕੁਝ ਦੇਰ ਚੁੱਪ ਰਹਿ ਕੇ ਉਸ ਤੋਂ ਮੈਂ ਪੁੱਛਿਆ, "ਤੂੰ ਅੱਜ ਢਿੱਲੀ ਜੀ ਕਿਉਂ ਲਗਦੀ ਐਂ?" ਮੈਨੂੰ 'ਕੋਰਸ' ਏ। ਜਿਨ੍ਹਾਂ ਦਿਨਾਂ 'ਚ ਕੋਰਸ ਹੋਵੇ, ਮੈਂ ਢਿੱਲੀ ਢਿੱਲੀ ਰਹਿਨੀ ਆ। ਅੱਜ ਤਾਂ ਕੌਫ਼ੀ ਵੀ ਇਸ ਤਰ੍ਹਾਂ ਲਗੀ ਏ, ਜਿਵੇਂ ਘਾਹ ਫੂਸ ਉਬਾਲ ਪੀਤਾ ਹੋਵੇ। ਉਸ ਨੇ ਇਸ ਤਰ੍ਹਾਂ ਦੱਸਿਆ ਸੀ, ਜਿਵੇਂ ਕੋਈ ਪਤਨੀ ਦਸਦੀ ਹੋਵੇ। ਮੈਨੂੰ ਉਸ ਦੀਆਂ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ। ਮੇਰੇ ਦਿਮਾਗ਼ ਵਿਚ ਤਾਂ ਉਸ ਸਮੇਂ ਇੱਕੋ ਸਵਾਲ ਘੁੰਮ ਰਿਹਾ ਸੀ ਕਿ ਉਹ ਮੁੰਡਾ ਕੌਣ ਹੈ? ਕੰਦਲਾ ਕੋਲੋਂ ਹੀ ਇਹ ਗੱਲ ਪੁੱਛਣ ਦੀ ਮੈਨੂੰ ਜਕ ਜਿਹੀ ਪੈ ਗਈ ਸੀ। ਮੇਰੇ ਬੁੱਲ੍ਹਾਂ ਨੂੰ ਜਿੰਦਾ ਜਿਹਾ ਕਿਉਂ ਲੱਗ ਗਿਆ ਸੀ। ਮੈਂ ਤੇ ਕੰਦਲਾ ਜਦ ਇੱਕੋ ਮੇਜ਼ ਤੇ ਬੈਠੇ ਸਾਂ ਤਾਂ ਉਹ ਮੁੰਡਾ ਚੁੱਪ ਕਰਕੇ ਕਣੱਖਾ ਝਾਕਦਾ ਸਾਡੇ ਕੋਲ ਦੀ ਲੰਘ ਗਿਆ ਸੀ। ਜਦ ਤਾਈਂ ਉਹ ਗੇਟ ਨਹੀਂ ਲੰਘ ਗਿਆ, ਉਦੋਂ ਤੱਕ ਮੇਰੀਆਂ ਨਜ਼ਰਾਂ ਉਸ ਦੀ ਗਰਦਨ 'ਤੇ ਟਿਕੀਆਂ ਰਹੀਆਂ ਸਨ। ਉਸੇ ਸਮੇਂ ਚਾਰ ਸਟੈਨੋ ਕੁੜੀਆਂ ਅੰਦਰ ਆਈਆਂ ਸਨ। ਚਿੜੀਆਂ ਵਾਂਗ ਲੋਟ ਪੋਟ ਹੁੰਦੀਆਂ, ਚਹਿਕਦੀਆਂ। ਨਿੱਕਾ ਨਿੱਕਾ ਬੋਲਦੀਆਂ, ਟੁਣਕਦੀਆਂ। ਘੁੱਟਵੀਆਂ ਪਜਾਮੀਆਂ, ਸੂਤਵੀਆਂ ਕਮੀਜ਼ਾਂ, ਹਿੱਕਾਂ ਦੇ ਉਭਾਰ, ਮੋਢਿਆਂ ਅਤੇ ਪਿੰਡ ਦੇ ਉਭਾਰ, ਪੱਟਾਂ ਤੇ ਪਿੰਜਣੀਆਂ ਦੇ ਉਭਾਰ, ਜਿਵੇਂ ਗੇਂਦਾਂ ਕੱਪੜਿਆਂ ਹੇਠਾਂ ਛੁਪਾ ਰੱਖੀਆਂ ਹੋਣ। ਸਾਰੇ ਕੈਫਟੇਰੀਆ ਵਿਚ ਅੱਖਾਂ ਦੇ ਰੀਠੇ ਘੁੰਮਾਉਂਦੀਆਂ ਉਹ ਪਰਲੇ ਸਿਰੇ ਇੱਕ ਮੇਜ਼ 'ਤੇ ਜਾ ਝੁਕੀਆਂ ਸਨ। ਮੇਰੀ ਨਿਗਾਹ ਕੰਦਲਾ ਦੇ ਮੱਥੇ ਉੱਤੇ ਆ ਟਿਕੀ ਸੀ। ਮੈਂ ਉਸ ਨੂੰ ਆਖਿਆ ਸੀ, "ਕੰਦ, ਅੱਜ ਮੇਰੀ ਤਬੀਅਤ ਠੀਕ ਨਹੀਂ...।" ਉੱਥੋਂ ਉੱਠ ਕੇ ਫਿਰ ਅਸੀਂ ਦਫ਼ਤਰ ਨੂੰ ਆਪਣੀਆਂ ਸੀਟਾਂ ਵੱਲ ਚਲੇ ਗਏ ਸਾਂ। ਮੇਰਾ ਮਨ ਕੰਮ ਵਿਚ ਬਿਲਕੁੱਲ ਨਹੀਂ ਸੀ ਲੱਗਿਆ।

ਹੁਣ ਰਾਤ ਜਦੋਂ ਕਿ ਐਨੀ ਲੰਘ ਚੁੱਕੀ ਹੈ, ਮੈਨੂੰ ਨੀਂਦ ਨਹੀਂ ਆ ਰਹੀ। ਮੈਂ ਕੁਝ ਵੀ ਨਹੀਂ ਸੋਚ ਰਿਹਾ। "ਉਹ ਕੌਣ ਸੀ?" ਦੇ ਸ਼ਬਦਾਂ ਤੋਂ ਬਿਨਾਂ ਮੇਰੇ ਦਿਮਾਗ਼ ਵਿਚ ਕੋਈ ਵੀ ਗੱਲ ਅੱਗੇ ਨਹੀਂ ਤੁਰ ਰਹੀ। ਮੈਂ ਆਪਣੀਆਂ ਅੱਖਾਂ ਹਨੇਰੇ ਵਿਚ ਝਪਕਦਾ ਹਾਂ, ਪਰ ਵਿਅਰਥ। ਮੈਂ ਆਪਣਾ ਮਨ ਕਿਸੇ ਪਾਸੇ ਲਾਉਣਾ ਚਾਹੁੰਦਾ ਹਾਂ, ਪਰ ਮਨ ਹੈ ਕਿ ਕਿਸੇ ਥਾਂ ਵੀ ਨਹੀਂ ਟਿਕ ਰਿਹਾ। ਕੋਈ ਗੱਲ ਨਹੀਂ ਸੁੱਝ ਰਹੀ। ਕੋਈ ਬੋਲ ਨਹੀਂ ਸੁਣ ਰਿਹਾ। ਟਾਈਮਪੀਸ ਦੀ "ਟਿੱਕ ਟਿੱਕ।" ਚੂਹੀ ਦੀ "ਟੁੱਕ ਟੁੱਕ" ਪਤਾ ਨਹੀਂ ਕਿੱਧਰ ਗਈ। ਦੂਰ ਕਿਤੇ ਕੋਈ ਕੁੱਤਾ ਭੌਂਕ ਰਿਹਾ ਹੈ। ਉਸ ਦੇ ਭੌਂਕਣ ਦਾ ਅਰਥ?

ਇਸ ਕੁੜੀ ਦਾ ਖਹਿੜਾ ਛੱਡ ਦਿਆਂ? ਨਹੀਂ, ਫਿਰ ਉਹ ਕੌਣ ਸੀ।

ਦੂਜੇ ਦਿਨ ਮੈਂ ਦਫ਼ਤਰ ਜਾਂਦਾ ਹਾਂ। ਮੇਰੀਆਂ ਅੱਖਾਂ ਵਿਚ ਰੋੜ ਚੁਭ ਰਹੇ ਹਨ। ਮੈਂ ਸਾਰਾ ਦਿਨ ਦਫ਼ਤਰ ਦਾ ਕੰਮ ਕਰਦਾ ਤਾਂ ਹਾਂ, ਪਰ ਦਿਲ ਲਾ ਕੇ ਨਹੀਂ, ਮੇਰਾ ਮਨ ਉਖੜਿਆ ਹੋਇਆ ਹੈ। ਮੈਂ ਕੈਫਟੇਰੀਆ ਵਿਚ ਚਾਹ ਪੀਣ ਨਹੀਂ ਜਾਂਦਾ। ਦੁਪਹਿਰ ਦੀ ਰੋਟੀ ਮੈਂ ਅੱਜ ਲੈ ਕੇ ਨਹੀਂ ਆਇਆ। ਕੰਦਲਾ ਦੁਪਹਿਰੇ ਮੇਰੇ ਕਮਰੇ ਵਿਚ ਆਈ ਤੇ ਆਪਣੇ ਡੱਬੇ ਵਿਚੋਂ ਰੋਟੀ ਦੀਆਂ ਦੋ ਬੁਰਕੀਆਂ ਲਵਾਉਣ ਲਈ ਮੈਨੂੰ ਕਾਮਨ ਰੂਮ ਵਿਚ ਲੈ ਗਈ ਹੈ। ਪਿਛਲੇ ਪਹਿਰ ਆਈ ਹੈ। ਦੋ ਕੱਪ ਚਾਹ ਮੰਗਵਾਈ ਹੈ ਤੇ ਅਸੀਂ ਕਾਮਨ ਰੂਮ ਵਿਚ ਬਹਿ ਕੇ ਚਾਹ ਪੀ ਲਈ ਹੈ। ਉਸ ਨੇ ਪੀ ਲਈ ਹੈ ਮੈਂ ਸੜ੍ਹਾਂਕ ਲਈ ਹੈ।

ਸ਼ਾਮ ਨੂੰ ਉਹ ਮੈਨੂੰ ਆਪਣੇ ਡੈਡੀ ਕੋਲ ਲੈ ਜਾਂਦੀ ਹੈ। ਡੈਡੀ ਉਸ ਦੀ ਮੰਮੀ ਨਾਲ ਚੈੱਸ ਖੇਡ ਰਿਹਾ ਹੈ ਤੇ ਹੁੱਕਾ ਪੀ ਰਿਹਾ ਹੈ। ਮੈਂ ਹੈਰਾਨ ਹਾਂ। ਮੇਰੇ ਚਿਹਰੇ 'ਤੇ ਹੈਰਾਨੀ ਤੇ ਮੁਸਕਰਾਟ ਦਾ ਮਿਲਵਾਂ ਰੰਗ ਖਿੜਦਾ ਹੈ, ਓਹੀ ਮੁੰਡਾ ਮੈਨੂੰ ਉੱਥੋਂ ਮਿਲਦਾ ਹੈ ਤੇ ਸਾਡੇ ਨਾਲ ਚਾਹ ਵਿਚ ਸ਼ਾਮਲ ਹੁੰਦਾ ਹੈ। ਉਹ ਮੇਰਾ ਕਿੰਨਾ ਸਤਿਕਾਰ ਕਰ ਰਿਹਾ ਹੈ। ਉਹ ਕੌਣ ਹੈ? ਕੰਦਲਾ ਦਾ ਭਾਈ? ਸ਼ਾਇਦ ਨਹੀਂ ਗਵਾਂਢ ਵਿਚੋਂ ਕੋਈ? ਉਸ ਬਾਰੇ ਮੈਂ ਕਿਸੇ ਤੋਂ ਕੁਝ ਨਹੀਂ ਪੁੱਛ ਰਿਹਾ।