ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਗੁੱਸੇ ਦਾ ਸਫ਼ਰ

ਵਿਕੀਸਰੋਤ ਤੋਂ

ਗੁੱਸੇ ਦਾ ਸਫ਼ਰ

"ਵੀਹ ਵਾਰੀ ਆਖਿਐ, ਮਿੱਠਾ ਘੱਟ ਪਾਇਆ ਕਰ" ਤੇ ਉਹ ਚਾਹ ਦਾ ਭਰਿਆ ਗਲਾਸ ਵਗਾਹ ਕੇ ਪੱਕੀ ਕੰਧ ਨਾਲ ਮਾਰਦਾ ਹੈ। ਗਲਾਸ ਟੁਕੜੇ ਟੁਕੜੇ ਹੋ ਜਾਂਦਾ ਹੈ। ਸ਼ੀਸ਼ੇ ਦੀ ਇੱਕ ਵੱਡੀ ਠੀਕਰੀ ਉਸ ਦੀ ਪਤਨੀ ਦੇ ਮੱਥੇ ਵਿਚ ਆ ਵਜਦੀ ਹੈ। ਪਤਨੀ ਮੱਥਾ ਘੁੱਟ ਕੇ ਥਾਂ ਦੀ ਥਾਂ ਬੈਠ ਜਾਂਦੀ ਹੈ। ਮੱਥੇ ਵਿਚੋਂ ਲਹੂ ਦੇ ਤੁਪਕੇ ਡਿੱਗਦੇ ਹਨ ਤੇ ਚੱਪਾ ਸਾਰੀ ਧਰਤੀ ਚਰਗਲ ਹੋ ਜਾਂਦੀ ਹੈ। ਉਹ ਉੱਠਦੀ ਹੈ ਤੇ ਦੂਜੇ ਕਮਰੇ ਵਿਚ ਚਲੀ ਜਾਂਦੀ ਹੈ। ਇੱਕ ਪੁਰਾਣੀ ਚਿੱਟੀ ਲੀਰ ਲੈ ਕੇ ਮੱਥੇ 'ਤੇ ਪਾਣੀ ਪੱਟੀ ਬੰਨ੍ਹ ਲੈਂਦੀ ਹੈ। ਲੀਰ 'ਤੋਂ ਦੀ ਸਿਮਿਆ ਲਹੂ ਦਿੱਸਦਾ ਹੈ, ਪਰ ਉਂਝ ਮੱਥੇ ਵਿਚੋਂ ਵਗਣਾ ਬੰਦ ਹੋ ਜਾਂਦਾ ਹੈ। ਰਸੋਈ ਵਿਚੋਂ ਭਾਂਡੇ ਮਾਂਜਣ ਵਾਲੀ ਸੁਆਹ ਦੀ ਮੁੱਠੀ ਭਰਦੀ ਹੈ ਤੇ ਬੈਠਕ ਵਿਚ ਆ ਕੇ ਲਹੂ ਵਾਲੇ ਥਾਂ 'ਤੇ ਬਰੂਰ ਦਿੰਦੀ ਹੈ ਤੇ ਫਿਰ ਦੂਜੇ ਕਮਰੇ ਵਿਚ ਇੱਕ ਛੋਟੀ ਜਿਹੀ ਮੰਜੀ 'ਤੇ ਹਿੱਕ ਵਿਚ ਗੋਡੇ ਦੇ ਕੇ ਪੈ ਜਾਂਦੀ ਹੈ। ਉਸ ਦਾ ਗੋਦੀ ਵਾਲਾ ਜਵਾਕ ਠੁੱਸ ਠੁੱਸ ਕਰਦਾ ਆਉਂਦਾ ਹੈ ਤੇ ਉਸ ਦੀ ਬੁੱਕਲ ਵਿਚ ਵੜ ਕੇ ਦੁੱਧ ਚੁੰਘਣ ਲੱਗ ਪੈਂਦਾ ਹੈ।

ਬਲਦੇਵ ਨੂੰ ਕੋਈ ਪਤਾ ਨਹੀਂ ਕਿ ਉਸਦੀ ਪਤਨੀ ਦੇ ਮੱਥੇ ਵਿਚ ਕੁਝ ਵੱਜਿਆ ਹੈ ਅਤੇ ਲਹੂ ਨਿਕਲ ਆਇਆ ਹੈ। ਉਹ ਕਦੋਂ ਦੀ ਸੁਆਹ ਦੀ ਮੁੱਠੀ ਲਹੂ ਵਾਲੇ ਥਾਂ 'ਤੇ ਬਰੂਰ ਗਈ ਹੈ। ਕਦੋਂ ਦੂਜੇ ਕਮਰੇ ਵਿਚ ਮੰਜੀ ਤੇ ਜਾ ਡਿੱਗੀ ਹੈ। ਕੰਧ ਨਾਲ ਗਲਾਸ ਮਾਰਨ ਸਾਰ ਉਹ ਤਾਂ ਪਿੱਠ ਕਰਕੇ ਮੰਜੇ ਦੀ ਬਾਹੀ ਨਾਲ ਚਿੰਬੜ ਗਿਆ ਸੀ ਤੇ ਖੂਜੇ ਵਿਚ ਮੂੰਹ ਦੇ ਲਿਆ ਸੀ। ਉਸ ਦੇ ਦਿਮਾਗ਼ ਵਿਚ ਗੁੱਸਾ ਦਲੀਏ ਵਾਂਗ ਰਿੱਝ ਰਿਹਾ ਸੀ।

ਉਹ ਬੀ. ਏ. ਹੈ ਤੇ ਚੰਗੀ ਸਰਕਾਰੀ ਨੌਕਰੀ 'ਤੇ ਲੱਗਿਆ ਹੋਇਆ ਹੈ। ਉਸ ਨੂੰ ਤਨਖ਼ਾਹ ਵਾਹਵਾ ਮਿਲ ਜਾਂਦੀ ਹੈ। ਜਿਸ ਸ਼ਹਿਰ ਵਿਚ ਉਹ ਨੌਕਰੀ ਕਰਦਾ ਹੈ, ਉਹ ਉਸ ਦੇ ਪਿੰਡ ਤੋਂ ਥੋੜੀ ਦੂਰ ਹੀ ਹੈ। ਉਹ ਨਿੱਤ ਬੱਸ 'ਤੇ ਉੱਥੋਂ ਆ ਜਾ ਸਕਦਾ ਹੈ।

ਉਹ ਇੱਕ ਕਵੀ ਹੈ। ਉਸ ਦੇ ਖਿਆਲ ਬੜੇ ਸੂਖ਼ਮ ਹਨ। ਘਰ ਦੀ ਕਬੀਲਦਾਰੀ ਦੀ ਉਸ ਨੂੰ ਕੋਈ ਪ੍ਰਵਾਹ ਨਹੀਂ। ਤਨਖ਼ਾਹ ਆਉਂਦੀ ਹੈ ਤੇ ਉਹ ਸਾਰੀ ਦੀ ਸਾਰੀ ਲਿਆ ਕੇ ਪਤਨੀ ਨੂੰ ਫੜਾ ਦਿੰਦਾ ਹੈ। ਘਰ ਦਾ ਖਾਣ ਪੀਣ, ਪਹਿਨਣ ਤੇ ਹੋਰ ਖ਼ਰਚਾਂ ਦਾ ਫਿਕਰ ਉਸ ਦੀ ਪਤਨੀ ਨੂੰ ਹੀ ਹੈ।

ਉਸ ਦਾ ਪਿਓ ਅੱਸੀ ਸਾਲਾਂ ਨੂੰ ਟੱਪ ਚਲਿਆ ਹੈ ਤੇ ਉਸ ਨੂੰ ਸਾਹ ਦੀ ਕਸਰ ਰਹਿੰਦੀ ਹੈ। ਵੀਹ ਸਾਲ ਉਹ ਫ਼ੀਮ ਖਾਂਦਾ ਰਿਹਾ ਸੀ ਤੇ ਸ਼ਰਾਬ ਪੀਂਦਾ ਰਿਹਾ ਸੀ। ਫ਼ੀਮ ਛੱਡੀ ਤੇ ਫਿਰ ਸਾਹ ਦੀ ਬਿਮਾਰੀ ਸਹੇੜ ਲਈ। ਸ਼ਰਾਬ ਤਾਂ ਹੁਣ ਵੀ ਉਹ ਕਦੇ ਕਦੇ ਪੀ ਲੈਂਦਾ ਹੈ। ਹੱਥ ਪੈਰ ਮਚਦੇ ਰਹਿੰਦੇ ਹਨ। ਕਦੇ ਤਾਪ ਚੜ੍ਹ ਜਾਂਦਾ ਹੈ। ਕਦੇ ਮਰੋੜੇ ਲੱਗ ਜਾਂਦੇ ਹਨ, ਕਦੇ ਢਿੱਡ ਵਿਚ ਦਰਦ ਸ਼ੁਰੂ ਹੋ ਜਾਂਦਾ ਹੈ। ਕਦੇ ਬੱਤ ਲੱਗ ਜਾਂਦੇ ਹਨ। ਕਦੇ ਸਾਹ ਦੀ ਬਿਮਾਰੀ ਬਲ ਫੜ ਲੈਂਦੀ ਹੈ। ਹਰ ਮਹੀਨੇ ਉਹ ਪੰਦਰਾਂ ਵੀਹ ਰੁਪਈਆਂ ਦੀਆਂ ਸਾਹ ਦੀ ਬਿਮਾਰੀ ਨੂੰ ਠੱਲ੍ਹ ਪਾਉਣ ਵਾਲੀਆਂ ਗੋਲੀਆਂ ਖਾ ਜਾਂਦਾ ਹੈ। ਬਹੁੜੀ ਬਹੁੜੀ ਉਸ ਦੀ ਦਿਨ ਰਾਤ ਮੁੱਕਦੀ ਨਹੀਂ। ਖਾਣ ਪੀਣ ਤੇ ਪਹਿਨਣ ਉਸ ਦੀ ਮਰਜ਼ੀ ਦਾ ਮਿਲਦਾ ਹੈ। ਹਰ ਬਿਮਾਰੀ ਦਾ ਇਲਾਜ ਹੋ ਜਾਂਦਾ ਹੈ, ਪਰ ਉਹ ਅਜੇ ਵੀ ਦੁਖੀ ਹੈ ਕਿ ਉਸ ਦਾ ਪੁੱਤਰ ਉਸ ਦੀ ਕੋਈ ਪ੍ਰਵਾਹ ਨਹੀਂ ਕਰਦਾ।

ਬਲਦੇਵ ਦੇ ਦਿਮਾਗ਼ ਵਿਚ ਗੁੱਸਾ ਜ਼ੋਰਾਂ 'ਤੇ ਹੋ ਗਿਆ ਹੈ ਤੇ ਉਸ ਦਾ ਕਾਲਜਾ ਚਿੜੀ ਦੇ ਬੱਚੇ ਵਾਂਗ ਧੜਕ ਰਿਹਾ, ਉਸ ਨੂੰ ਮਹਿਸੂਸ ਹੁੰਦਾ ਹੈ।

ਉਸ ਦੇ ਪਿਓ ਨੇ ਜਦ ਕਬੀਲਦਾਰੀ ਸਾਂਭੀ ਸੀ ਤਾਂ ਉਸ ਕੋਲ ਵੀਹ ਘੁਮਾਂ ਜ਼ਮੀਨ ਸੀ। ਬਲਦੇਵ ਦੀ ਸੁਰਤ ਤੋਂ ਪਹਿਲਾਂ ਹੀ ਉਸ ਨੇ ਦਸ ਘੁਮਾਂ ਬੈਅ ਕਰ ਦਿੱਤੀ ਸੀ। ਦੋ ਮੁਕੱਦਮੇ ਜਿਹੜੇ ਦਸ ਦਸ ਸਾਲ ਚਲਦੇ ਰਹੇ, ਦੋ ਕੁੜੀਆਂ ਤੇ ਦੋ ਭਾਈਆਂ ਦੇ ਵਿਆਹ ਜਿਨ੍ਹਾਂ 'ਤੇ ਸਾਰੇ ਸ਼ਰੀਕੇ ਤੋਂ ਉੱਤੋਂ ਦੀ ਖ਼ਰਚ ਕੀਤਾ, ਚਾਰ ਪੰਜ ਬਾਣੀਆਂ ਦਾ ਕਰਜ਼ਾ ਤੇ ਫ਼ੀਮ ਮੂੰਹੋਂ ਦਸ ਘੁਮਾਂ ਜ਼ਮੀਨ ਉਸ ਦੇ ਪਿਓ ਨੇ ਇਉਂ ਬੈਅ ਕਰ ਦਿੱਤੀ ਸੀ, ਜਿਵੇਂ ਘਰ ਵਿਚ ਵਾਧੂ ਪਈ ਚੀਜ਼ ਕੋਈ ਚੁੱਕ ਕੇ ਵੇਚ ਦਿੰਦਾ ਹੈ।

ਬਲਦੇਵ ਨੂੰ ਆਪਣਾ ਪਿਓ ਜ਼ਹਿਰ ਵਰਗਾ ਲਗਦਾ ਹੈ। ਪਿਓ ਹੈ ਆਖ਼ਰ, ਨਹੀਂ ਤਾਂ ਅਜਿਹੇ ਬੁੜ੍ਹੇ ਨੂੰ ਪੰਜ ਰੁਪਏ ਭਾੜਾ ਦੇ ਕੇ ਹਰਦੁਆਰ ਨੂੰ ਤੋਰ ਦੇਵੇ ਤੇ ਕਹੇ, "ਪਿਤਾ ਜੀ, ਆਖ਼ਰੀ ਦਿਨ ਹੁਣ ਗੰਗਾ ਮਾਈ ਦੀਆਂ ਲਹਿਰਾ ਗਿਣ ਕੇ ਗੁਜ਼ਾਰੋ ਤੇ ਮੁਕਤੀ ਪ੍ਰਾਪਤ ਕਰੋ।" ਬਲਦੇਵ ਦਾ ਗੁੱਸਾ ਹੋਰ ਵਧ ਰਿਹਾ ਹੈ।

ਉਸ ਦੀ ਮਾਂ ਓਦੂੰ ਕਟਕਾਂ ਦੇ ਜਾਣੀ ਹੈ। ਬੁੜ੍ਹਾ ਫ਼ੀਮ ਖਾਂਦਾ ਸੀ ਅਤੇ ਉਹ ਨਸਵਾਰ ਸੁੰਘਣ ਲੱਗ ਪਈ ਸੀ। ਬਲਦੇਵ ਤਾਹਨੇ ਦਿੰਦਾ ਹੈ, ਕਦੇ ਬੁੜ੍ਹੀਆਂ ਵੀ ਨਸਵਾਰ ਲੈਂਦੀਆਂ ਹੁੰਦੀਆਂ ਨੇ?" ਘਰ ਵਿਚ ਸਾਰੇ ਦਿਨ ਦੀ ਕੁੱਤੇ ਕੁੱਤੇ ਤੋਂ ਤੰਗ ਆ ਕੇ ਉਸ ਨੇ ਨਸਵਾਰ ਛੱਡ ਦਿੱਤੀ ਸੀ। ਹੁਣ ਕਦੇ ਟੰਗਾਂ ਦੁਖਦੀਆਂ ਹਨ, ਕਦੇ ਘਾਰ ਉੱਠ ਖੜ੍ਹੀ ਹੈ, ਕਦੇ ਪੁੜਪੁੜੀਆਂ ਦੁਖਦੀਆਂ ਹਨ, ਕਦੇ ਰੋਟੀ ਹਜ਼ਮ ਨਹੀਂ ਹੋਈ, ਕਦੇ ਗੋਡਿਆਂ ਵਿਚ ਦਰਦ ਹੈ। ਨਿੱਤ ਪੁੜੀਆਂ, ਨਿੱਤ ਗੋਲੀਆਂ, ਨਿੱਤ ਸੂਏ। ਉਸ ਦਾ ਇਤਰਾਜ਼ ਹੈ ਕਿ "ਮੁੰਡਾ ਆਪਣੇ ਪਿਓ ਦੀ ਮੌਤ ਭਾਲਦਾ ਹੈ। ਕਦੇ ਵੀ ਉਸ ਨੂੰ ਰਾਜ਼ੀ ਬਰਾਜ਼ੀ ਨਹੀਂ ਪੁੱਛਿਆ। ਮੈਨੂੰ ਸਿੱਧੇ ਮੂੰਹ ਨਹੀਂ ਬੋਲਦਾ। ਬਹੂ, ਐਸੇ ਘਰ ਦੀ ਆਈ ਹੈ ਕਿ ਹੱਥ ਨਾਲ ਟੁੱਕ ਦੇ ਕੇ ਰਾਜ਼ੀ ਨਹੀਂ।ਐਨੀ ਤਨਖ਼ਾਹ ਮੁੰਡੇ ਦੀ ਪੈਂਦੀ ਹੈ ਤੇ ਕਿੱਧਰ ਜਾਂਦੀ ਹੈ।" ਆਂਢਣਾਂ ਗੁਆਂਢਣਾਂ ਤੇ ਵੀਹੀ ਦੀਆਂ ਬੁੜ੍ਹੀਆਂ ਕੋਲ ਜਾ ਕੇ ਚੁਗਲੀਆਂ ਕਰਨ ਤੋਂ ਬਿਨਾਂ ਉਸ ਨੂੰ ਹੋਰ ਕੋਈ ਕੰਮ ਨਹੀਂ।

ਸਾਰਾ ਟੱਬਰ ਗੁੜ ਦੀ ਚਾਹ ਪੀਂਦਾ ਹੈ ਤੇ ਬੁੜ੍ਹਾ ਬੁੜ੍ਹੀ ਖੰਡ ਦੀ। ਜਦੋਂ ਖੰਡ ਦਸ ਰੁਪਏ ਕਿੱਲੋ ਹੋਈ ਸੀ, ਉਦੋਂ ਉਨ੍ਹਾਂ ਨੇ ਗੁੜ ਦੀ ਚਾਹ ਨੂੰ ਮੂੰਹ ਨਹੀਂ ਸੀ ਲਾਇਆ।

ਬਲਦੇਵ ਦੁਖੀ ਹੈ ਤੇ ਖੂੰਜੇ ਵਿਚ ਮੂੰਹ ਦਈਂ ਪਿਆ ਮੱਕੜੀ ਦੇ ਜਾਲੇ ਵਿਚ ਫਸੇ ਇੱਕ ਕੀੜੇ ਨੂੰ ਗਹੁ ਨਾਲ ਦੇਖ ਰਿਹਾ ਹੈ। ਕੀੜਾ ਤੜਫ਼ ਰਿਹਾ ਹੈ, ਪਰ ਜਾਲਾ ਉਸ ਦੀਆਂ ਟੰਗਾਂ ਨੂੰ ਐਨਾ ਲਿਪਟ ਗਿਆ ਹੈ ਕਿ ਉਸ ਤੋਂ ਬਾਹਰ ਨਹੀਂ ਨਿਕਲਿਆ ਜਾ ਰਿਹਾ।

ਉਸ ਦੀ ਤਨਖਾਹ ਆਉਂਦੀ ਹੈ ਤੇ ਪੰਜ ਚਾਰ ਦਿਨਾਂ ਵਿਚ ਹੀ ਪੰਜ ਪੰਜ, ਦਸ ਦਸ ਕਰਕੇ ਖੱਡੀ ਵੜ ਜਾਂਦੀ ਹੈ। ਘਰ ਦੇ ਜੀਆਂ ਦਾ ਖ਼ਰਚ ਹੈ। ਬੁੜ੍ਹਾ ਤੇ ਬੁੜ੍ਹੀ ਦਾਇਮੀ ਮਰੀਜ਼ ਹਨ। ਮੁੰਡੇ ਕੁੜੀਆਂ ਦੀ ਪੜ੍ਹਾਈ ਦਾ ਖ਼ਰਚ ਵੱਖਰਾ। ਉਸ ਦੀ ਪਤਨੀ ਨੂੰ ਤੀਵੀਂਆਂ ਵਾਲੀ ਬਿਮਾਰੀ ਕੋਈ ਨਾ ਕੋਈ ਚਿੰਬੜੀ ਹੀ ਰਹਿੰਦੀ ਹੈ। ਉਸ ਦਾ ਪਿਓ ਅਜੇ ਵੀ ਸੋਚਦਾ ਹੈ ਕਿ 'ਮੁੰਡਾ' ਤਨਖਾਹ ਦੀ ਬੱਚਤ ਕਰਕੇ ਬੈਂਕ ਵਿਚ ਜਮ੍ਹਾਂ ਕਰਵਾਉਂਦਾ ਹੈ। ਉਸ ਦੀ ਮਾਂ ਵੀ ਏਵੇਂ ਜਿਵੇਂ ਸੋਚਦੀ ਹੈ।

ਹੁਣ ਜਦੋਂ ਕਿ ਉਸ ਨੇ ਚਾਹ ਦਾ ਭਰਿਆ ਗਲਾਸ ਕੰਧ ਨਾਲ ਮਾਰਿਆ ਹੈ, ਇਸ ਤੋਂ ਪਹਿਲਾਂ ਉਸ ਦਾ ਪਿਓ ਉਸ ਨਾਲ ਲੜ ਕੇ ਗਿਆ ਕਿ ਉਹ ਉਸ ਨੂੰ ਪਟਿਆਲੇ ਹਸਪਤਾਲ ਵਿਚ ਕਿਉਂ ਨਹੀਂ ਦਿਖਾ ਕੇ ਲਿਆਉਂਦਾ? ਉਸ ਦਾ ਪਿਓ ਕਈ ਮਹੀਨਿਆਂ ਤੋਂ ਕਈ ਵਾਰੀ ਇਹ ਗੱਲ ਕਹਿ ਚੁੱਕਿਆ ਹੈ, ਪਰ ਕਿਸੇ ਮਹੀਨੇ ਵੀ ਬਲਦੇਵ ਕੋਲ ਪੈਸੇ ਨਹੀਂ ਬਚਦੇ ਤੇ ਉਹ ਆਪਣੇ ਪਿਓ ਨੂੰ ਦਿੰਦਾ ਹੈ ਕਿ ਅਗਲੇ ਮਹੀਨੇ ਜ਼ਰੂਰ ਚੱਲਾਂਗੇ। ਉਸ ਦਾ ਪਿਓ ਦੋਸ਼ ਲਾਉਂਦਾ ਹੈ ਕਿ ਉਹ ਤਾਂ ਉਸ ਨੂੰ ਮਾਰ ਕੇ ਰਾਜੀ ਹੈ ਤੇ ਚਾਹੁੰਦਾ ਹੈ ਕਿ ਉਹ ਪ੍ਰਾਣ ਤਿਆਗ ਦੇਵੇ। ਉਹ ਆਪਣੇ ਪਿਓ ਨੂੰ ਹਰਖ ਕੇ ਦੱਸਦਾ ਹੈ ਕਿ "ਜੇ ਜੇਬ੍ਹ ਵਿਚ ਕੁਝ ਹੋਵੇ ਤਾਂ ਮੈਂ ਤੈਨੂੰ ਲੈ ਕੇ ਚੱਲਾਂ? ਇਕੱਲੀ ਤਨਖਾਹ ਨਾਲ ਐਡੇ ਵੱਡੇ ਟੱਬਰ ਦਾ ਢਿੱਡ ਮਸਾਂ ਭਰਦੈ। ਦਸ ਘੁਮਾਂ ਜ਼ਮੀਨ ਦਾ ਜਿਹੜਾ ਠੇਕਾ ਆਉਂਦੈ ਉਹ ਦਾ ਤਾਂ ਮੈਨੂੰ ਕਦੇ ਪੈਸਾ ਨੀ ਦਿਖਾਇਆ ਤੇ ਮੇਰੇ ਆਪਣੇ ਕੋਲ ਕੀ ਦੋਲੇ ਧਰੇ ਪਏ ਐ? ਸਾਰੀ ਜ਼ਮੀਨ ਕੌਡੀਆਂ ਦੇ ਭਾਅ ਵੇਚ ਦਿੱਤੀ ਤੇ ਮੈਂ ਹੁਣ ਤੇਰੀਆਂ ਬਿਮਾਰੀਆਂ ਨੂੰ ਕੀ ਕਰਾਂ?" ਬਲਦੇਵ ਦੇ ਦਿਮਾਗ਼ ਵਿਚ ਦੁੱਧ ਦਾ ਉਬਾਲ ਪੈਦਾ ਹੁੰਦਾ ਹੈ ਤੇ ਉਹ ਆਪਣੇ ਪਿਓ ਨੂੰ ਕਹਿੰਦਾ ਹੈ ਕਿ "ਖੱਬੀ ਖਾਨ ਘਰ ਅੱਜ ਫੱਤੂ ਮਰਾਸੀ ਦੇ ਘਰ ਨਾਲੋਂ ਵੀ ਨਿੱਘਰਿਆ ਪਿਐ। ਉਸ ਦਾ ਪਿਓ ਅੰਗ ਬਗੋਲਾ ਹੋ ਜਾਂਦਾ ਹੈ ਤੇ ਕਹਿੰਦਾ ਹੈ, "ਫੱਤੂ ਮਰਾਸੀ ਦਾ ਘਰ ਤਾਂ ਬਣਨਾ ਹੀ ਸੀ, ਜਦ ਤੇਰੇ ਵਰਗੇ ਜੰਮ ਪਏ, ਘਰ ਪੱਟੂ।" ਐਨੀ ਗੱਲ ਸੁਣ ਕੇ ਬਲਦੇਵ ਦੇ ਦਿਮਾਗ਼ ਵਿਚ ਦੁੱਧ ਉਬਲ ਕੇ ਕੰਢਿਆਂ ਤੋਂ ਬਾਹਰ ਹੋ ਜਾਂਦਾ ਹੈ। ਉਹ ਪਿਓ ਦੇ ਹੱਥੋਂ ਉਸ ਦੀ ਸਹਾਰਾ ਲੈ ਕੇ ਤੁਰਨ ਵਾਲੀ ਤੂਤ ਦੀ ਖੂੰਡੀ ਖੋਹ ਕੇ ਵਿਹੜੇ ਤੋਂ ਬਾਹਰ ਵਗਾਹ ਮਾਰਦਾ ਹੈ। ਬੁੜ੍ਹਾ ਬੁੜ ਬੁੜ ਕਰਦਾ ਘਰੋਂ ਬਾਹਰ ਹੋ ਜਾਂਦਾ ਹੈ। ਬਲਦੇਵ ਦੀ ਪਤਨੀ ਬਿੰਦ ਝੱਟ ਠਹਿਰ ਕੇ ਚਾਹ ਦਾ ਗਲਾਸ ਲੈ ਕੇ ਆਉਂਦੀ ਹੈ। ਬੁੜ੍ਹੇ 'ਤੇ ਚੜ੍ਹੇ ਗੁੱਸੇ ਨੂੰ ਉਹ ਗਲਾਸ ਕੰਧ ਨਾਲ ਮਾਰ ਕੇ ਉਤਾਰ ਲੈਂਦਾ ਹੈ, ਪਰ ਉਸ ਦਾ ਗੁੱਸਾ ਉਤਰਦਾ ਨਹੀਂ, ਸਗੋਂ ਹੋਰ ਵਧ ਜਾਂਦਾ ਹੈ।

ਦਿਨ ਢਲ ਚੁੱਕਿਆ ਹੈ। ਬੈਠਕ ਦੇ ਖੂੰਜੇ ਵਿਚ ਲੱਗੇ ਮੱਕੜੀ ਦੇ ਜਾਲੇ ਨੂੰ ਉਹ ਉਂਗਲ ਨਾਲ ਖਿੱਚ ਕੇ ਲਾਹ ਦਿੰਦਾ ਹੈ ਤੇ ਮੰਜੇ ਤੋਂ ਉੱਠ ਕੇ ਵੱਡੀ ਸਾਰੀ ਉਬਾਸੀ ਲੈਂਦਾ ਹੈ ਤੇ ਅਗਵਾੜੀ ਭੰਨਦਾ ਹੈ।ਅਪਣੀ ਨਿੱਕਰ ਦੇ ਨੇਫ਼ੇ ਦੇ ਵਲ਼ ਇਕੱਠੇ ਕਰਕੇ ਨਾਲੇ ਦੇ ਬੰਨ੍ਹ ਕੋਲ ਲਿਆਉਂਦਾ ਹੈ। ਕਿੱਲੇ 'ਤੇ ਟੰਗੇ ਪਏ ਬੁਸ਼ਰਟ ਪਜਾਮੇ ਨੂੰ ਲਾਹੁੰਦਾ ਹੈ ਤੇ ਝਾੜ ਕੇ ਪਾ ਲੈਂਦਾ ਹੈ। ਸਿਰ 'ਤੇ ਤੌਲੀਆ ਵਲ੍ਹੇਟਦਾ ਹੈ ਤੇ ਘਰੋਂ ਬਾਹਰ ਹੋ ਜਾਂਦਾ ਹੈ। ਪਹਿਲਾਂ ਜਦ ਉਹ ਆਥਣ ਦੀ ਸੈਰ ਨੂੰ ਜਾਂਦਾ ਹੈ ਤਾਂ ਮਜ੍ਹਬੀਆਂ ਦੇ ਘਰਾਂ ਕੋਲ ਦੀ ਵੱਡੇ ਟੋਭੇ ਦੇ ਉੱਤੋਂ ਦੀ ਸੜਕ ਪੈ ਕੇ ਸਏ ਦੇ ਪਲ 'ਤੇ ਪਹੁੰਚ ਜਾਂਦਾ ਹੈ ਤੇ ਫਿਰ ਸੂਏ ਦੀ ਪਟੜੀ ਪੈ ਕੇ ਦੂਰ ਤੱਕ ਸੈਰ ਕਰਕੇ ਆਉਂਦਾ ਹੈ। ਅੱਜ ਉਹ ਇਸ ਰਾਹ ਨਹੀਂ ਜਾਂਦਾ। ਅੱਜ ਉਸ ਦਾ ਮੂੰਹ ਹੋਰ ਪਾਸੇ ਹੀ ਮੁੜ ਜਾਂਦਾ ਹੈ। ਸੁਲੇਮਾਨ ਗਾਜ਼ੀ ਦੀ ਕਬਰ ਕੋਲ ਦੀ ਲੰਘ ਕੇ ਤੇ ਚਿੱਪੀ ਵਾਲੇ ਸਾਧ ਦੇ ਡੇਰੇ ਦੇ ਉੱਤੋਂ ਦੀ ਹੋ ਕੇ ਉਹ ਇੱਕ ਪਹੇ ਪੈ ਜਾਂਦਾ ਹੈ। ਪਹਾ ਜਿਹੜਾ ਕਿ ਵਿੰਗ ਵਲੇਵੇ ਖਾਂਦਾ ਸਿੱਧਾ ਸੂਏ 'ਤੇ ਪਹੁੰਚਦਾ ਹੈ, ਉਸ ਦੇ ਦਿਮਾਗ਼ ਦਾ ਗੁੱਸਾ ਸਫ਼ਰ ਕਰਦਾ ਹੈ।

ਉਹ ਸੋਚਦਾ ਹੈ ਕਿ ਏਦੂੰ ਤਾਂ ਉਹ ਇਸ ਘਰ ਨੂੰ ਤਿਆਗ ਕੇ ਕਿਤੇ ਦੂਰ ਚਲਿਆ ਜਾਵੇ। ਇਹ ਮਾਂ, ਬਾਪ, ਪਤਨੀ, ਮੁੰਡੇ, ਕੁੜੀਆਂ ਤੇ ਘਰ ਦਾ ਸਾਰਾ ਜੰਜਾਲ ਇੱਕ ਮਾਇਆ ਜਿਹੀ ਤਾਂ ਹੈ। ਮਹਾਤਮਾ ਬੁੱਧ ਐਵੇਂ ਤਾਂ ਨਹੀਂ ਰਾਜ ਮਹਿਲਾਂ ਨੂੰ ਤਿਆਗ ਕੇ ਤੁਰ ਗਿਆ ਸੀ। ਢਾਈ ਹਜ਼ਾਰ ਸਾਲ ਬਾਅਦ ਅੱਜ ਵੀ ਹਰ ਦੁਖੀ ਮਨੁੱਖ ਵਿਚ ਬੁੱਧ ਆ ਕੇ ਬੋਲਦਾ ਹੈ ਤੇ ਕਹਿੰਦਾ ਹੈ ਕਿ ਇਹ ਸੰਸਾਰ ਦੁੱਖਾਂ ਦਾ ਘਰ ਹੈ। ਹਰ ਮਨੁੱਖ ਦਾ ਹਿਰਦਾ ਨਿਰਵਾਣ ਲਈ ਭਟਕਦਾ ਹੈ।

ਉਹ ਸੋਚਦਾ ਹੈ ਕਿ ਉਹ ਚੁੱਪ ਕਰਕੇ ਇੱਕ ਦਿਨ ਘਰੋਂ ਤੁਰ ਜਾਵੇ ਤੇ ਰਾਤ ਵਾਲੀ ਗੱਡੀ ਕਿਸੇ ਸਟੇਸ਼ਨ ਤੋਂ ਚੜ੍ਹ ਕੇ ਐਨੀ ਦੂਰ ਕਿਤੇ ਚਲਿਆ ਜਾਵੇ, ਜਿੱਥੋਂ ਉਸ ਨੂੰ ਕੋਈ ਨਾ ਸਿਆਣੇ, ਕੋਈ ਨਾ ਪੁੱਛੇ ਕਿ ਤੂੰ ਕਿੱਥੋਂ ਦਾ ਰਹਿਣ ਵਾਲਾ ਹੈਂ।

ਪਹੇ ਵਿਚ ਤੁਰਿਆ ਜਾਂਦਾ ਉਹ ਡੂੰਘੀਆਂ ਸੋਚਾਂ ਵਿਚ ਗੁੰਮ ਗਿਆ ਹੈ। ਉਸ ਦੇ ਸੱਜੇ ਪਾਸਿਓਂ ਅਚਾਨਕ ਇੱਕ ਆਵਾਜ਼ ਉੱਠਦੀ ਹੈ, "ਡਾਕਟਰ ਸਾਅਬ।" ਉਸ ਦੇ ਕੰਨ ਖੜ੍ਹੇ ਹੋ ਜਾਂਦੇ ਹਨ ਤੇ ਉਹ ਸੱਜੇ ਪਾਸੇ ਮੂੰਹ ਚੁੱਕ ਕੇ ਦੇਖਦਾ ਹੈ। ਪਹੇ ਦੇ ਨਾਲ ਹੀ ਤਿੰਨ ਚਾਰ ਕਿਆਰੇ ਛੱਡ ਕੇ ਚਾਰ ਬੰਦੇ ਕਸੀਆਂ ਨਾਲ ਕਪਾਹ ਗੁੱਡ ਰਹੇ ਹਨ। ਉਨ੍ਹਾਂ ਵਿਚੋਂ ਇੱਕ ਬੰਦਾ ਢਾਕ ਨਾਲ ਕਸੀਏ ਦੀ ਗੂੰਜ ਲਾ ਕੇ ਖੜ੍ਹ ਜਾਂਦਾ ਹੈ ਤੇ ਫਿਰ ਆਵਾਜ਼ ਦਿੰਦਾ ਹੈ, "ਡਾਕਟਰ ਸਾਅਬ, ਤੂੰ ਮੁੰਡੇ ਦੇ ਸੂਆ ਲਾ ਦਿੱਤਾ ਸੀ?" ਬਲਦੇਵ ਦੀ ਸਮਝ ਵਿਚ ਕੁਝ ਨਹੀਂ ਆਉਂਦਾ। ਉਹ ਕਪਾਹ ਗੁੱਡਦੇ ਉਸ ਬੰਦੇ ਨੂੰ ਪੁੱਛਦਾ ਹੈ ਕਿ ਤੂੰ ਮੈਨੂੰ ਕੌਣ ਸਿਆਣਿਆ ਹੈ? ਕਪਾਹ ਗੁੱਡਣ ਵਾਲਾ ਬੰਦਾ ਕੱਚਾ ਜਿਹਾ ਹੋ ਕੇ ਹੱਸ ਪੈਂਦਾ ਹੈ ਤੇ ਕਹਿੰਦਾ ਹੈ, "ਮੈਂ ਤਾਂ ਸਮਝਿਆ ਸੀ ਕਿ ਚਿੱਟੇ ਜਿਹੇ ਕੱਪੜਿਆਂ ਵਾਲਾ ਤੂੰ ਡਾਕਟਰ ਐਂ।" ਬਲਦੇਵ ਦੇ ਚਿਹਰੇ 'ਤੇ ਇੱਕ ਬਿੰਦ ਮੁਸਕਰਾਹਟ ਦਾ ਰੰਗ ਖਿੜ ਪੈਂਦਾ ਹੈ, ਪਰ ਦੂਜੇ ਬਿੰਦ ਹੀ ਉਹ ਸੋਚਾਂ ਦੀਆਂ ਤਹਿਆਂ ਵਿਚ ਗੁਆਚ ਜਾਂਦਾ ਹੈ। ਬੁੜ੍ਹੇ ਤੇ ਬੁੜ੍ਹੀ ਨੇ ਤਾਂ ਸ਼ੱਕ ਕਰਨਾ ਹੀ ਸੀ, ਪਰ ਉਸ ਦੀ ਪਤਨੀ ਕਿਹੜਾ ਉਸ ਨੂੰ ਖੰਡ ਪਾਉਂਦੀ ਹੈ। ਗੱਲ ਗੱਲ ਵਿਚ ਉਹ ਕਹਿੰਦੀ ਹੈ ਕਿ "ਤੂੰ ਸਾਰਾ ਦਿਨ ਘਾਊਂ ਮਾਊਂ ਜਿਹਾ ਬਣਿਆ ਰਹਿੰਦਾ ਹੈਂ। ਕੁੜੀ ਮੁਟਿਆਰ ਹੋ ਰਹੀ ਹੈ। ਕੋਈ ਪੈਸਾ ਧੇਲਾ ਵੀ ਜੋੜ। ਉਹ ਖਿਝਦਾ ਹੈ ਕਿ ਉਸ ਦੀ ਪਤਨੀ ਨੂੰ ਆਪ ਸਾਰਾ ਪਤਾ ਹੈ। ਜਦੋਂ ਕਿ ਸਾਰੀ ਤਨਖ਼ਾਹ ਮੈਂ ਉਸੇ ਨੂੰ ਹਰ ਮਹੀਨੇ ਲਿਆ ਕੇ ਫੜਾ ਦਿੰਦਾ ਤਾਂ ਬਾਕੀ ਜੋੜਨ ਵਾਸਤੇ ਮੈਨੂੰ ਕੋਈ ਵੱਖਰੀ ਤਨਖ਼ਾਹ ਮਿਲਦੀ ਹੈ? ਉਸ ਭਲਾਮਾਣਸ ਨੂੰ ਕੀ ਪਤਾ ਨਹੀਂ ਕਿ ਸਾਰੀ ਦੀ ਸਾਰੀ ਤਨਖ਼ਾਹ ਨਾਲ ਐਡੇ ਟੱਬਰ ਦਾ ਮਹੀਨਾ ਮਸਾਂ ਪੂਰਾ ਹੁੰਦਾ ਹੈ। ਅਜਿਹਾ ਕਿਹੜਾ ਜਾਦੂ ਹੈ, ਜਿਸ ਕਰਕੇ ਮੈਂ ਕੁੜੀ ਨੂੰ ਮੁਟਿਆਰ ਹੋਣ ਤੋਂ ਰੋਕ ਦੇਵਾਂ?" ਉਸ ਦੀ ਨਿਗਾਹ ਜ਼ਮੀਨ ਵਿਚ ਧਸੀ ਹੋਈ ਹੈ ਤੇ ਉਹਨੂੰ ਪਲ ਦੀ ਪਲ ਮਹਿਸੂਸ ਹੁੰਦਾ ਹੈ, ਜਿਵੇਂ ਉਹ ਪਹੇ ਵਿਚ ਨਹੀਂ ਤੁਰ ਰਿਹਾ, ਸਗੋਂ ਹੋਰ ਕਿਸੇ ਦੁਨੀਆਂ ਵਿਚ ਦੂਰ ਉੱਡ ਰਿਹਾ ਹੈ। ਅਜਿਹੀ ਦੁਨੀਆਂ, ਜਿੱਥੇ ਉਸ ਦੇ ਅੱਗੇ ਪਿੱਛੇ ਨੂੰ ਕੋਈ ਨਹੀਂ ਜਾਣਦਾ। ਕੋਈ ਪਤਾ ਨਾ ਹੋਵੇ ਕਿ ਉਹ ਕੌਣ ਹੈ। ਉਹ ਸੋਚਦਾ ਹੈ ਕਿ ਕੱਲ੍ਹ ਨੂੰ ਚੁੱਪ ਕਰਕੇ ਗੱਡੀ ਚੜ੍ਹੇ ਤੇ ਬੰਬਈ ਜਾ ਉਤਰੇ। ਉੱਥੇ ਉਸਦਾ ਇੱਕ ਦੋਸਤ ਹੈ। ਉਸ ਨੂੰ ਕਹੇ ਕਿ ਉਹ ਉਸ ਨੂੰ ਕੋਈ ਨਿੱਕੀ ਮੋਟੀ ਨੌਕਰੀ ਦਿਵਾ ਦੇਵੇ, ਜਿਸ ਨਾਲ ਉਸ ਦਾ ਰੋਟੀ ਕੱਪੜਾ ਪੂਰਾ ਹੁੰਦਾ ਰਹੇ। ਦੂਜੇ ਬਿੰਦ ਉਹ ਸੋਚਦਾ ਹੈ ਕਿ ਦੋਸਤ ਪੁੱਛੇਗਾ, "ਤੂੰ ਏਥੇ ਘਰ ਬਾਰ ਛੱਡ ਕੇ ਕਾਹਤੋਂ ਆ ਗਿਆ ਹੈਂ? ਤੇ ਜਦ ਉਸ ਨੂੰ ਪਤਾ ਲੱਗ ਗਿਆ ਕਿ ਮੈਂ ਚੋਰਿਓਂ ਘਰੋਂ ਭੱਜ ਆਇਆ ਹਾਂ ਤਾਂ ਉਹ ਮੈਨੂੰ ਸਮਝਾ ਬੁਝਾ ਕੇ ਫਿਰ ਏਸੇ ਨਰਕ ਵਿਚ ਭੇਜ ਦੇਵੇਗਾ। ਜਾਂ ਸ਼ਾਇਦ ਮੇਰੀ ਪਤਨੀ ਨੂੰ ਤਾਰ ਹੀ ਦੇ ਦੇਵੇ ਕਿ ਲੈ ਜਾਓ ਏਥੋਂ ਆ ਕੇ ਆਪਣੇ 'ਸ਼੍ਰੀ ਮਾਨ ਜੀ' ਨੂੰ। ਉਹ ਸੋਚਦਾ ਹੈ ਕਿ ਜੇ ਬੰਬਈ ਜਾਵਾਂ ਤੇ ਉਹ ਦੋਸਤ ਨੂੰ ਜੇ ਨਾ ਹੀ ਮਿਲਾਂ ਤਾਂ ਠੀਕ ਹੈ। ਪਰ ਉਹ ਸੋਚਦਾ ਹੈ ਕਿ ਬੰਬਈ ਵਿਚ ਤਾਂ ਹੋਰ ਵੀਹ ਬੰਦੇ ਮੈਨੂੰ ਜਾਣਦੇ ਹਨ। ਕਦੇ ਤਾਂ ਕਿਸੇ ਨੂੰ ਮਿਲਾਂਗਾ ਹੀ। ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਇਹ ਗੱਲ ਲੁਕੀ ਛਿਪੀ ਨਹੀਂ ਰਹਿਣੀ ਤੇ ਆਖ਼ਰ ਮੁੜ ਏਥੇ ਹੀ ਆਉਣਾ ਪਵੇਗਾ।

ਬੰਬਈ ਨਹੀਂ ਕਲਕੱਤੇ ਠੀਕ ਹੈ।

ਕਲਕੱਤੇ ਤਾਂ ਇਲਾਕੇ ਦੇ ਟੈਕਸੀ ਡਰਾਈਵਰ ਪੰਜਾਹ ਜਣੇ ਹੋਣਗੇ। ਉਹੀ ਪੰਗਾ। ਉਸ ਦੀ ਸੋਚ ਉੱਖੜ ਰਹੀ ਹੈ ਕਿ ਉਹ ਕਿੱਥੇ ਜਾਵੇ? ਉੱਥੇ ਜਾਵੇ, ਜਿੱਥੇ ਕੋਈ ਨਾ ਜਾਣਦਾ ਹੋਵੇ।

ਸੂਆ ਆ ਜਾਂਦਾ ਹੈ। ਸੂਏ ਦੀ ਪਟੜੀ ਪੈਣ ਤੋਂ ਪਹਿਲਾਂ ਉਹ ਪਹੇ 'ਤੇ ਹੀ ਖੜ੍ਹ ਜਾਂਦਾ ਹੈ। ਇੱਕ ਬੇਰੀ ਵੱਲ ਦੇਖਦਾ ਹੈ। ਬੇਰੀ ਦਾ ਬੱਸ ਮੁੱਢ ਹੀ ਦਿੱਸਦਾ ਹੈ ਤੇ ਉਤਲਾ ਸਾਰਾ ਆਕਾਰ ਅਮਰਵੇਲ ਦਾ ਢਕਿਆ ਹੋਇਆ ਹੈ। ਉਹ ਸੋਚਦਾ ਹੈ ਕਿ ਆਦਮੀ ਇੱਕ ਬੇਰੀ ਹੈ ਤੇ ਉਸਦੀ ਜ਼ਿੰਦਗੀ ਦੁਆਲੇ ਲਿਪਟੇ ਸੰਸੇ ਫ਼ਿਕਰ ਅਮਰਵੇਲ ਹਨ। ਉਸ ਬੇਰੀ ਵੱਲ ਉਹ ਗਹੁ ਨਾਲ ਦੇਖ ਰਿਹਾ ਹੈ। ਦੇਖਦਾ ਰਹਿੰਦਾ ਹੈ। ਸਰੜ ਦੇ ਕੇ ਇੱਕ ਸੱਪ ਉਸ ਦੇ ਪੈਰ ਕੋਲ ਦੀ ਲੰਘ ਕੇ ਉਸੇ ਬੇਰੀ ਦੀਆਂ ਜੜ੍ਹਾਂ ਵਿਚ ਉੱਗੇ ਮਲ੍ਹਿਆਂ ਵਿਚ ਗੁਆਚ ਜਾਂਦਾ ਹੈ। ਉਸ ਦੇ ਸਰੀਰ ਵਿਚ ਕੰਬਣੀਆਂ ਭਰੀ ਇੱਕ ਧੁੜਧੁੜੀ ਉੱਠਦੀ ਹੈ ਤੇ ਉਹ ਮੁਸਕਰਾ ਪੈਂਦਾ ਹੈ। ਅਚੰਭਾ ਭਰੀ ਇੱਕ ਚਮਕ ਉਸ ਦੀਆਂ ਅੱਖਾਂ ਵਿਚ ਪੈਦਾ ਹੁੰਦੀ ਹੈ। ਉਹ ਸੂਏ ਦੀ ਪਟੜੀ ਚੜ੍ਹ ਜਾਂਦਾ ਹੈ। ਸੂਏ ਵਿਚ ਗੇਰੂ ਰੰਗਾ ਪਾਣੀ ਵਹਿ ਰਿਹਾ ਹੈ। ਉਹ ਪਾਣੀ ਦੇ ਵਹਾਅ ਨੂੰ ਦੇਖਣ ਲੱਗ ਜਾਂਦਾ ਹੈ। ਦੇਖਦਾ ਰਹਿੰਦਾ ਹੈ। ਦੂਰੋਂ ਆਉਂਦੀ ਇੱਕ ਕਾਲੀ ਜਿਹੀ ਚੀਜ਼ ਉਸ ਨੂੰ ਦਿੱਸਦੀ ਹੈ। ਉਸ ਨੂੰ ਲੱਗਦਾ ਹੈ, ਜਿਵੇਂ ਕੋਈ ਕਾਲਾ ਕੰਬਲ ਜਿਹਾ ਹੋਵੇ। ਸ਼ਾਇਦ ਕਾਲਾ ਕੁੱਤਾ ਹੋਵੇ ਜਾਂ ਸ਼ਾਇਦ ਕਾਲੀ ਚੁੰਨੀ ਮੋੜ੍ਹੀ ਵਿਚ ਅੜ੍ਹਕ ਗਈ ਹੋਵੇ। ਉਹ ਸੂਏ ਦੇ ਕਿਨਾਰੇ ਹਰੀ ਹਰੀ ਘਾਹ 'ਤੇ ਬੈਠ ਜਾਂਦਾ ਹੈ ਤਾਂ ਆ ਰਹੀ ਕਾਲੀ ਚੀਜ਼ ਵੱਲ ਗਹੁ ਨਾਲ ਦੇਖ ਰਿਹਾ ਹੈ। ਜਿਉਂ ਜਿਉਂ ਉਹ ਚੀਜ਼ ਨੇੜੇ ਆ ਰਹੀ ਹੈ, ਵੱਡੀ ਵੱਡੀ ਹੁੰਦੀ ਜਾਂਦੀ ਹੈ। ਬਿਲਕੁੱਲ ਨੇੜੇ ਆਈ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਕਾਲੀ ਕੱਟੀ ਹੈ। ਸ਼ਾਇਦ ਪੰਜ ਚਾਰ ਦਿਨਾਂ ਦੀ ਹੀ ਹੋਵੇ। ਢਿੱਡ ਉਹਦਾ ਫੁੱਲ ਕੇ ਕੁੱਪਾ ਬਣਿਆ ਹੋਇਆ ਹੈ। ਉਹ ਉੱਠਦਾ ਤੇ ਖ਼ਤਾਨ ਵਿਚੋਂ ਇੱਕ ਕੱਚਾ ਡਲਾ ਚੁੱਕ ਕੇ ਕੱਟੀ ਦੇ ਢਿੱਡ 'ਤੇ ਮਾਰਦਾ ਹੈ। ਡਲਾ ਟੁੱਟ ਕੇ ਪਾਣੀ ਵਿਚ ਖੁਰ ਜਾਂਦਾ ਹੈ ਤੇ ਕੱਟੀ ਦੀ ਲਾਸ਼ ਅੱਗੇ ਲੰਘ ਜਾਂਦੀ ਹੈ। ਬਲਦੇਵ ਫਿਰ ਉਥੇ ਹੀ ਹਰੀ ਘਾਹ 'ਤੇ ਬੈਠ ਜਾਂਦਾ ਹੈ ਤੇ ਆਪਣੇ ਜੋੜੇ ਲਾਹ ਕੇ ਪੈਰਾਂ ਕੋਲ ਹੀ ਰੱਖ ਲੈਂਦਾ ਹੈ। ਸੂਰਜ ਰਾਤ ਦੇ ਦਰਵਾਜ਼ੇ 'ਤੇ ਖੜ੍ਹਾ ਸ਼ਾਇਦ ਸੋਚੀਂ ਪਿਆ ਹੋਇਆ ਹੈ ਕਿ ਉਹ ਅੱਜ ਦੀ ਰਾਤ ਘਰ ਜਾਵੇ ਜਾਂ ਕਿਤੇ ਹੋਰ ਹੀ ਚਲਿਆ ਜਾਵੇ। ਬਲਦੇਵ ਹਰੀ ਹਰੀ ਘਾਹ 'ਤੇ ਉਦਾਸ ਬੈਠਾ ਹੈ। ਉਸ ਨੇ ਆਪਣਾ ਸਿਰ ਗੋਡਿਆਂ ਵਿਚਕਾਰ ਦੇ ਕੇ ਨੀਵੀਂ ਪਾਈ ਹੋਈ ਹੈ।

ਸੂਏ ਦੇ ਦੂਜੇ ਪਾਸੇ ਟਾਹਲੀ 'ਤੇ ਬੈਠੀ ਇੱਕ ਕੋਚਰ ਬੋਲਦੀ ਹੈ। ਬਲਦੇਵ ਆਪਣੇ ਗੋਡਿਆਂ ਵਿਚੋਂ ਸਿਰ ਕੱਢਦਾ ਹੈ ਤੇ ਉਤਾਂਹ ਦੇਖਦਾ ਹੈ। ਅਸਮਾਨ ਵਿਚ ਤਾਰੇ ਨਿਕਲ ਆਏ ਹਨ। ਸੂਏ ਦਾ ਪਾਣੀ ਲੱਗਦਾ ਹੈ, ਜਿਵੇਂ ਖੜ੍ਹਾ ਹੋਵੇ। ਉਹ ਕੋਲ ਪਏ ਜੋੜੇ ਪੈਰਾਂ ਵਿਚ ਪਾਉਂਦਾ ਹੈ ਤੇ ਘਰ ਨੂੰ ਤੁਰ ਪੈਂਦਾ ਹੈ।

ਰਾਹ ਵਿਚ ਸੋਚਦਾ ਹੈ ਕਿ ਉਸ ਕੋਲ ਤਾਂ ਇੱਕ ਪੈਸਾ ਵੀ ਨਹੀਂ। ਜਾਵੇ ਤਾਂ ਕਾਹਦੇ ਨਾਲ? ਫਿਰ ਉਹ ਸੋਚਦਾ ਹੈ ਕਿ ਚਾਰ ਦਿਨਾਂ ਨੂੰ ਤਨਖ਼ਾਹ ਮਿਲ ਜਾਣੀ ਹੈ। ਸਾਰੀ ਦੀ ਸਾਰੀ ਤਨਖ਼ਾਹ ਲੈ ਕੇ ਉਹ ਜ਼ਰੂਰ ਘਰੋਂ ਨਿਕਲ ਜਾਏਗਾ। ਸੂਏ ਤੋਂ ਪਿੰਡ ਵੜਨ ਤੀਕ ਉਹ ਵਿਉਂਤਾਂ ਬਣਾ ਰਿਹਾ ਹੈ ਕਿ ਉਹ ਜਦ ਘਰੋਂ ਨਿਕਲੇ ਤਾਂ ਕਿਹੜੀ ਕਿਹੜੀ ਚੀਜ਼ ਨਾਲ ਲੈ ਕੇ ਜਾਵੇ।

ਘਰ ਜਦ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਉਸ ਦਾ ਛੋਟਾ ਮੁੰਡਾ ਵਿਹੜੇ ਵਿਚ ਪਈ ਬਾਂਸ ਦੀ ਪੌੜੀ 'ਤੇ ਚੜ੍ਹ ਰਿਹਾ ਹੈ ਤੇ ਤਿੰਨ ਟੰਬੇ ਚੜ੍ਹ ਗਿਆ ਹੈ। ਜਦ ਹੀ ਉਹ ਵਿਹੜੇ ਵਿਚ ਪੈਰ ਧਰਦਾ ਹੈ ਤਾਂ ਮੁੰਡਾ ਧਦਕ ਜਾਂਦਾ ਹੈ ਤੇ ਪੌੜੀ ਤੋਂ ਤਿਲ੍ਹਕ ਕੇ ਥੱਲੇ ਡਿੱਗ ਪੈਂਦਾ ਹੈ। ਮੂੰਹ 'ਤੇ ਸੱਟ ਲੱਗਦੀ ਹੈ ਤੇ ਦੰਦ 'ਚੋਂ ਲਹੂ ਨਿਕਲ ਆਉਂਦਾ ਹੈ। ਮੁੰਡਾ ਉੱਚੀ ਉੱਚੀ ਰੋਣ ਲੱਗਦਾ ਹੈ। ਉਹ ਉਸ ਨੂੰ ਝੱਟ ਦੇ ਕੇ ਚੁੱਕਦਾ ਹੈ। ਵਿਹੜੇ ਵਿਚ ਹੋਰ ਕੋਈ ਨਹੀਂ। ਮੁੰਡੇ ਦਾ ਰੋਣਾ ਸੁਣ ਕੇ ਅੰਦਰਲੇ ਕਮਰੇ ਵਿਚ ਆਟਾ ਛਾਣਦੀ ਉਸ ਦੀ ਪਤਨੀ ਭੱਜ ਕੇ ਵਿਹੜੇ 'ਚ ਆਉਂਦੀ ਹੈ। ਉਸ ਦੇ ਮੱਥੇ 'ਤੇ ਪੱਟੀ ਬੰਨ੍ਹੀ ਦੇਖ ਕੇ ਬਲਦੇਵ ਉਸ ਨੂੰ ਪੁੱਛਦਾ ਹੈ, "ਆਹ ਕੀ?" ਉਹ ਮੂੰਹ ਜਿਹਾ ਮਰੋੜ ਕੇ ਜਵਾਬ ਦਿੰਦੀ ਹੈ, "ਸ਼ਰਮ ਕਰ ਕੁਸ਼।" ਬਲਦੇਵ ਦੇ ਕੁਝ ਸਮਝ ਨਹੀਂ ਆਉਂਦਾ। ਉਹ ਫ਼ਿਕਰ ਕਰਦਾ ਹੈ ਕਿ ਸੱਟ ਲੱਗ ਕੇ ਕਿਤੇ ਮੁੰਡੇ ਦੀ ਜੀਭ ਨਾ ਵੱਢੀ ਗਈ ਹੋਵੇ। ਤੀਵੀਂ ਆਦਮੀ ਦੋਵੇਂ ਪਾਣੀ ਨਾਲ ਮੁੰਡੇ ਦਾ ਮੂੰਹ ਧੋਣ ਲੱਗਦੇ ਹਨ। *