ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਕਿੱਲੇ ਨਾਲ ਬੰਨ੍ਹਿਆ ਆਦਮੀ

ਵਿਕੀਸਰੋਤ ਤੋਂ

ਕਿੱਲੇ ਨਾਲ ਬੰਨ੍ਹਿਆ ਆਦਮੀ

ਮਾਂ ਦੱਸਦੀ ਹੁੰਦੀ ਸੀ-ਜਦ ਮੈਂ ਛੋਟਾ ਜਿਹਾ ਸਾਂ, ਉਹ ਇੱਕ ਲੰਬੀ ਸਾਰੀ ਰੱਸੀ ਲੈ ਕੇ ਉਸ ਦਾ ਇੱਕ ਸਿਰਾ ਕਿੱਲੇ ਨਾਲ ਬੰਨ੍ਹ ਦਿੰਦੀ ਸੀ ਤੇ ਇੱਕ ਸਿਰਾ ਮੇਰੀ ਲੱਤ ਨਾਲ। ਗੋਡਣੀਏਂ ਰੁੜ੍ਹਦਾ ਸਾਂ। ਟਿਕ ਕੇ ਨਹੀਂ ਸੀ ਬੈਠਦਾ ਹੁੰਦਾ। ਬੜਾ ਸ਼ਰਾਰਤੀ ਸਾਂ। ਘਰ ਵਿਚ ਹੋਰ ਕੋਈ ਮੁੰਡਾ ਕੁੜੀ ਨਹੀਂ ਸੀ, ਜੋ ਮੈਨੂੰ ਸੰਭਾਲਦਾ। ਬਾਪੂ ਵੀ ਸਾਰਾ ਦਿਨ ਖੇਤ ਰਹਿੰਦਾ ਸੀ। ਉਹ ਘਰ ਦੇ ਕੰਮ ਵਿਚ ਰੁੱਝੀ ਰਹਿੰਦੀ ਸੀ। ਰਾਹ ਜਿੱਥੋਂ ਦੀ ਉੱਠ, ਬਲ੍ਹਦ, ਗਊਆਂ, ਮੱਝਾਂ, ਗਧੇ ਤੇ ਗੱਡੇ ਲੰਘਦੇ ਰਹਿੰਦੇ ਸਨ। ਮਾਂ ਨੂੰ ਡਰ ਸੀ ਕਿਤੇ ਮੈਂ ਥੱਲੇ ਆ ਕੇ ਮਿੱਧਿਆ ਨਾ ਜਾਵਾਂ। ਓਦੋਂ ਸਾਡੇ ਬਾਰ ਨੂੰ ਤਖ਼ਤੇ ਕੋਈ ਨਹੀਂ ਸੀ ਲੱਗੇ ਹੁੰਦੇ। ਇੱਕ ਖਿੜਕ ਜਿਹਾ ਹੁੰਦਾ ਸੀ। ਲੱਕੜ ਦੇ ਚੌਖ਼ਟੇ ਵਿਚ ਕਾਫ਼ੀ ਕਾਫ਼ੀ ਵਿੱਥ ਛੱਡ ਕੇ ਬੇਰੀ ਦੀਆਂ ਸੋਟੀਆਂ ਦਾ ਚਾਰਖਾਨਾ। ਕੁੱਤੇ ਬਿੱਲੇ ਖਿੜਕ ਦੇ ਵਿਚ ਦੀ ਲੰਘ ਜਾਂਦੇ ਸਨ। ਖਿੜਕ ਲੱਗਿਆ ਹੁੰਦਾ, ਮੈਂ ਵੀ ਖਿੜਕ ਦੇ ਵਿਚ ਦੀ ਲੰਘ ਕੇ ਰਾਹ ਤੇ ਜਾ ਬੈਠਦਾ। ਮਾਂ ਕੋਲ ਬੱਸ ਇੱਕੋ ਤਰੀਕਾ ਸੀ। ਕਿੱਲੇ ਨਾਲ ਰੱਸੀ ਪਾਓ ਤੇ ਓਧਰ ਮੇਰੀ ਲੱਤ ਨਾਲ। ਛਣਕਣਾ, ਰਬੜ ਦਾ ਤੋਤਾ, ਹਾਥੀ ਤੇ ਬਸ ਮੇਰੇ ਮੁਹਰੇ ਰੱਖ ਕੇ ਮਾਂ ਆਪਣੇ ਕੰਮ ਲੱਗ ਜਾਂਦੀ ਸੀ। ਮੇਰੇ ਵੱਲੋਂ ਨਿਸ਼ਚਿਤ। ਖਿਡੌਣਿਆਂ ਨਾਲ ਮੇਰਾ ਜੀਅ ਨਹੀਂ ਸੀ ਪਰਚਦਾ। ਵਗਦੇ ਰਾਹ 'ਤੇ ਜਾਣ ਲਈ ਮੈਂ ਧੁਰਲੀਆਂ ਮਾਰਦਾ। ਆਪਣੀ ਲੱਤ ਨਾਲੋਂ ਰੱਸੀ ਦੀ ਗੰਢ ਖੋਲ੍ਹਦਾ। ਗੰਢ ਖੁੱਲ੍ਹਦੀ ਨਹੀਂ ਸੀ। ਗੰਢ ਖੋਲ੍ਹਣੀ ਮੈਂ ਜਾਣਦਾ ਹੀ ਨਹੀਂ ਸੀ। ਰੋਂਦਾ ਸਾਂ, ਚੀਕਾਂ ਛੱਡਦਾ ਸਾਂ ਤੇ ਹਾਰ ਕੇ ਖਿਡੌਣਿਆਂ ਨੂੰ ਚਲਾ ਚਲਾ ਮਾਰਦਾ ਸਾਂ। ਕਿੱਲੇ ਨਾਲ ਬੰਨ੍ਹਿਆ ਰਹਿੰਦਾ ਸਾਂ ਜਿੰਨੀ ਲੰਬੀ ਮੇਰੀ ਰੱਸੀ, ਓਡਾ ਕੁ ਹੀ ਮੇਰਾ ਸੰਸਾਰ ਸੀ। ਕਿੱਲੇ ਨਾਲ ਬਣਿਆ ਹੋਇਆ ਸੰਸਾਰ।

ਤੇ ਫਿਰ ਜਦ ਮੈਂ ਕੁਝ ਉਡਾਰ ਹੋ ਗਿਆ ਸਾਂ, ਮਾਂ ਨੂੰ ਮੇਰੇ ਵਿਆਹ ਦਾ ਫ਼ਿਕਰ ਪੈ ਗਿਆ ਸੀ। ਉਹ ਵੀ ਚਾਹੁੰਦੀ ਸੀ, ਛੇਤੀ ਨੂੰਹ ਘਰ ਆਵੇ। ਸੱਤਵੀਂ ਜਾਂ ਸ਼ਾਇਦ ਅੱਠਵੀਂ ਜਮਾਤ ਵਿਚ ਪੜ੍ਹਦਾ ਸਾਂ ਕਿ ਮਾਂ ਨੇ ਰਿਸ਼ਤਾ ਲੈ ਲਿਆ। ਆਪਣੇ ਜਾਣੇ ਬਹੁਤ ਚੰਗੇ ਖਾਨਦਾਨੀ ਘਰ ਦਾ ਰਿਸ਼ਤਾ। ਦਸਵੀਂ ਜਮਾਤ ਪਾਸ ਕੀਤੀ ਤਾਂ ਵਿਆਹ ਵੀ ਲੈ ਲਿਆ। ਮੈਂ ਕਾਲਜ ਵਿਚ ਪੜ੍ਹਦਾ ਤੇ ਕੁਸ਼ੱਲਿਆ ਮਾਂ ਕੋਲ ਰਹਿੰਦੀ। ਮੈਂ ਬੀ. ਏ. ਕੀਤੀ ਤੇ ਕੁਸ਼ੱਲਿਆ ਨੇ ਦੋ ਬੱਚੇ ਜੰਮ ਕੇ ਰੱਖ ਦਿੱਤੇ। ਮਾਂ ਖੁਸ਼ ਸੀ ਕਿ ਉਹ ਆਰ ਪਰਿਵਾਰ ਵਾਲੀ ਹੈ। ਉਸ ਦੇ ਘਰ ਸਾਰੇ ਰੰਗ ਭਾਗ ਲੱਗੇ ਹੋਏ ਹਨ।

ਕੁਸ਼ੱਲਿਆ ਸਾਰੀ ਉਮਰ ਮਾਂ ਕੋਲ ਹੀ ਰਹੀ। ਭਾਵ ਜਦ ਤੋਂ ਉਹ ਵਿਆਹੀ ਹੈ, ਮੇਰੀ ਕੋਲ ਹੀ ਹੈ। ਮੈਂ ਦੂਰ ਦੂਰ ਥਾਵਾਂ 'ਤੇ ਰਿਹਾ ਹਾਂ, ਪਰ ਉਸ ਨੂੰ ਨਾਲ ਕਦੇ ਨਹੀਂ ਲੈ ਕੇ ਗਿਆ। ਇੱਕ ਵਾਰੀ ਸਿਰਫ਼ ਉਹ ਮੇਰੇ ਕੋਲ ਰਹੀ ਸੀ। ਓਦੋਂ, ਜਦ ਮੈਂ ਬਠਿੰਡੇ ਹੁੰਦਾ ਸਾਂ।

ਬਠਿੰਡੇ ਸਾਡੇ ਦਫ਼ਤਰ ਦੀਆਂ ਮੁਲਾਜ਼ਮ ਕੁੜੀਆਂ ਸੁਭਾਅ ਦੀਆਂ ਬੜੀਆਂ ਖੁੱਲ੍ਹੀਆਂ ਸਨ। ਸਾਡੇ ਨਾਲ ਖੁੱਲ੍ਹ ਖੁੱਲ੍ਹ ਗੱਲਾਂ ਕਰਦੀਆਂ, ਖੁੱਲ੍ਹ ਖੁੱਲ੍ਹ ਹਸਦੀਆਂ। ਸਾਡੇ ਨਾਲ ਚਾਹ ਪੀਂਦੀਆਂ, ਦੁਪਹਿਰ ਦੀ ਰੋਟੀ ਸਾਡੇ ਨਾਲ ਬਹਿਕੇ ਖਾਂਦੀਆਂ। ਸ਼ਾਮ ਨੂੰ ਬਜ਼ਾਰ ਵਿਚ ਮਿਲਦੀਆਂ ਤਾਂ ਖੜ੍ਹਕੇ ਗੱਲ ਕਰਦੀਆਂ। ਕਰਮਜੀਤ ਤਾਂ ਬਹੁਤੀ ਹੀ ਘੁਲੀ ਮਿਲੀ ਸੀ।

ਇੱਕ ਸ਼ਾਮ ਉਹ ਸਾਡੇ ਘਰ ਆਈ। ਮੈਂ ਅਖ਼ਬਾਰ ਦਾ ਐਡੀਟੋਰੀਅਲ ਪੜ੍ਹ ਰਿਹਾ ਸਾਂ। ਕੁਸ਼ੱਲਿਆ ਮੇਰੇ ਕੋਲ ਬੈਠੀ ਆਲੂ ਛਿੱਲ ਰਹੀ ਸੀ। ਕਰਮਜੀਤ ਨੇ ਆਉਣ ਸਾਰ ਮੇਰੇ ਹੱਥੋਂ ਅਖ਼ਬਾਰ ਖੋਹ ਲਿਆ ਸੀ। ਆਖਿਆ ਸੀ, "ਵੀਰ ਜੀ ਐਸ ਵੇਲੇ ਤਾਂ ਕਹਿੰਦੇ ਦਰਿਆ ਵੀ ਠਹਿਰ ਜਾਂਦੇ ਨੇ। ਤੁਸੀਂ ਕਦੇ ਤਾਂ ਆਰਾਮ ਨਾਲ ਬੈਠ ਜਾਇਆ ਕਰੋ।" ਕੁਸ਼ੱਲਿਆ ਨੂੰ ਸਤਿ ਸ੍ਰੀ ਅਕਾਲ ਕਹਿ ਕੇ ਉਸ ਨੇ ਉਸ ਦੇ ਹੱਥੋਂ ਚਾਕੂ ਫੜਿਆ ਸੀ, "ਆਲੂ ਮੈਂ ਛਿੱਲਦੀ ਆਂ, ਭਾਬੀ ਜੀ ਤੁਸੀਂ ਚਾਹ ਬਣਾਓ।"

ਕਿਉਂ, ਦੇਖੇ ਨੇ ਐਹੋ ਜ੍ਹੇ ਮਹਿਮਾਨ? ਆਪ ਈ ਮੰਗ ਲੈਂਦੇ ਨੇ ਚਾਹ।" ਕਹਿਕੇ ਮੈਂ ਹੱਸਣ ਦੀ ਕੋਸ਼ਿਸ਼ ਕੀਤੀ ਸੀ। ਕੁਸ਼ੱਲਿਆ ਦੇ ਮੱਥੇ 'ਤੇ ਤਿਉੜੀਆਂ ਪੈ ਗਈਆਂ ਸਨ। ਤਿਉੜੀਆਂ ਕੀ ਉਸ ਦਾ ਤਾਂ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ ਸੀ, ਅੱਖਾਂ ਟੱਡੀਆਂ ਰਹਿ ਗਈਆਂ ਸਨ। ਉਸ ਨੂੰ ਤਾਂ ਜਿਵੇਂ ਗਸ਼ੀ ਪੈਣ ਵਾਲੀ ਹੋਵੇ। ਰਸੋਈ ਵਿਚ ਚਾਹ ਬਣਾ ਕੇ ਉਹ ਸਾਨੂੰ ਫੜਾ ਗਈ ਸੀ। ਕਰਮਜੀਤ ਨੇ ਬਹੁਤ ਆਖਿਆ ਸੀ, "ਆਓ ਭਾਬੀ ਜੀ, ਤੁਸੀਂ ਵੀ ਪੀਓ ਹਿੱਕ ਪਿਆਲੀ।" ਪਰ ਕੁਸ਼ੱਲਿਆ ਨੇ ਤਾਂ ਰਸੋਈ ਵਿਚ ਹੀ ਜਿਵੇਂ ਕਬਰ ਪੁੱਟ ਲਈ ਹੋਵੇ। ਕਰਮਜੀਤ ਬੇਸ਼ਰਮ ਜਿਹੀ ਹੋ ਕੇ ਚਲੀ ਗਈ ਸੀ। ਕੁਸ਼ੱਲਿਆ ਨੇ ਮੇਰੇ ਕੋਲ ਆ ਕੇ ਕੰਧ ਨਾਲ ਟੱਕਰ ਮਾਰੀ ਸੀ। ਮੱਥੇ ਵਿਚੋਂ ਲਹੂ ਕੱਢ ਲਿਆ ਸੀ। ਦੁਹੱਥੜੀ ਪਿੱਟ ਰਹੀ ਸੀ, ਦੱਸੋ, ਕੌਣ ਐ ਇਹੋ, ਮੇਰੇ ਪਿਓ ਦੀ ਰੰਨ?"

ਹੁਣ ਮੈਂ ਪਿੰਡ ਦੇ ਨੇੜੇ ਹੀ ਹਾਂ। ਹਰ ਰੋਜ਼ ਬੱਸ 'ਤੇ ਘਰ ਆ ਜਾਂਦਾ ਹਾਂ। ਛੇ ਵਜੇ ਪਹੁੰਚ ਜਾਂਦਾ ਹਾਂ। ਕਦੇ ਕਦੇ ਕੋਈ ਦੋਸਤ ਮਿੱਤਰ ਮਿਲ ਜਾਵੇ ਤਾਂ ਦੇਰ ਵੀ ਹੋ ਜਾਂਦੀ ਹੈ। ਦੇਰ ਨਾਲ ਘਰ ਪਹੁੰਚਾ ਤਾਂ ਕੁਸ਼ੱਲਿਆ ਦਾ ਮੂੰਹ ਮੋਟੇ ਦਾ ਮੋਟਾ।

"ਚਾਹ ਬਣਾ ਕੁਸ਼ੱਲਿਆ।" ਮੈਂ ਕਹਿੰਦਾ ਹਾਂ। ਉਹ ਬੋਲਦੀ ਨਹੀਂ।

"ਸੁਣਿਆ ਨੀ? ਮੈਂ ਕੀ ਆਖਿਐ?"

"ਜਿੱਥੋਂ ਆਏ ਓ? ਓਥੇ ਨੀ ਮਿਲੀ ਚਾਹ?"

"ਔਣਾ ਮੈਂ ਕਿੱਥੋਂ ਸੀ? ਦਿਲਬਾਰ ਮਿਲ ਪਿਆ, ਸਹੁਰਿਆਂ ਦੀਆਂ ਗੱਲਾਂ ਛੇੜ ਕੇ ਬਹਿ ਗਿਆ, ਘੰਟਾ ਲਵਾ 'ਤਾ ਸਾਲੇ ਨੇ।"

"ਬਹਾਨੇ ਬਣੌਣੇ ਤਾਂ ਬਥੇਰੇ ਔਂਦੇ ਨੇ। ਮਿਲ ਗਈ ਹੋਣੀ ਐ ਕੋਈ ਸੌਕਣ ਮੇਰੀ।"

"ਐਵੇਂ ਭੌਂਕੀ ਨਾ ਜਾਹ।"

"ਮੈਂ ਤਾਂ ਕੁੱਤੀ ਹਾਂ ਈ। ਐਨਾ ਚਿਰ ਹੋਰ ਕਿੱਥੇ ਰਹੇ? ਮੈਂ ਜਾਣਦੀ ਨੀ?"

ਤੇ ਖਿੱਝਕੇ ਮੈਂ ਉਸ ਨੂੰ ਧੋਅ ਧੋਅ ਕੁੱਟ ਸੁੱਟਦਾ ਹਾਂ। ਉਹ ਰੋਂਦੀ ਹੈ ਤੇ ਕਹਿੰਦੀ ਹੈ- "ਮੈਨੂੰ ਤਪੌਣ ਆਲੀਏ, ਮੈਂ ਤਾਂ ਕਹਿਨੀਆਂ, ਤੇਰੀ ਦੇਹ ਨੂੰ ਕਾਂ ਕੁੱਤੇ ਨਾ ਖਾਣ।" "ਦੱਸ ਤਾਂ ਸਹੀ, ਕੌਣ ਐਂ ਤੇਰੀ ਮਾਂ?" ਮੈਂ ਗਰਮ ਹੋਇਆ ਪੁੱਛਦਾ ਹਾਂ।

"ਬੱਸ ਠੀਕ ਈ ਐ। ਦੱਸੀ ਹੋਈ ਐ। ਇੱਕੋ ਦਿਨ ਕਿਉਂ ਨੀ ਗੰਡਾਸੇ ਨਾਲ ਵੱਢ ਦਿੰਦੇ? ਆਨੀ ਬਹਾਨੀ ਨਿੱਚ ਕਿਉਂ ਮਾਰਦੇ ਓ?"

"ਆਪ ਈ ਖਾਨੀ ਐਂ ਜੁੱਤੀਆਂ।"

"ਮੈਂ ਤਾਂ ਓਦਣ ਈ ਜਾਣ ਗੀ ਸੀ।"

"ਕਿੱਦਣ?"

"ਬਠਿੰਡੇ। ਜਾਦ ਨੀ? ਕਰਮਜੀਤ ਕੰਜਰੀ।"

ਮੈਂ ਹੱਸਦਾ ਹਾਂ। "ਓਸੇ ਗੱਲ ਨੂੰ ਦੱਸੀਂ ਫਿਰੀ ਸਾਰੀ ਉਮਰ। ਹੈ?"

ਉਸ ਦੀਆਂ ਅੱਖਾਂ ਫਿਰ ਪਾਣੀ ਨਾਲ ਭਰ ਜਾਂਦੀਆਂ ਹਲ। ਹਉਂਕੇ ਲੈਂਦੀ ਉਹ, ਚਾਹ ਬਣਾਉਣ ਲਈ ਸਟੋਵ ਵਿਚ ਹਵਾ ਭਰਨ ਲੱਗਦੀ ਹੈ।

ਮੇਰੀਆਂ ਅੱਖਾਂ ਨੂੰ ਇਕ ਨਾਮੁਰਾਦ ਬਿਮਾਰੀ ਚਿੰਬੜ ਗਈ ਹੈ। ਛੇ ਮਹੀਨਿਆਂ ਬਾਅਦ ਪਲਕਾਂ ਦੇ ਅੰਦਰੋਂ ਮਾਸ ਕਟਵਾਉਣਾ ਪੈਂਦਾ ਹੈ, ਨਹੀਂ ਤਾਂ ਬੁਰਾ ਹਾਲ ਹੋ ਜਾਂਦਾ ਹੈ।

ਅੱਜ ਐਤਵਾਰ ਹੈ। ਸ਼ਾਮ ਦੀ ਗੱਡੀ ਪਟਿਆਲਾ ਜਾ ਰਿਹਾ ਹਾਂ। ਸੋਮਵਾਰ ਦੀ ਛੁੱਟੀ ਲੈ ਲਈ ਹੈ। ਕੱਲ੍ਹ ਨੂੰ ਸਵੇਰੇ ਹੀ ਹਸਪਤਾਲ ਜਾਵਾਂਗਾ ਤੇ ਡਾਕਟਰ ਨੂੰ ਮਿਲਾਂਗਾ। ਮਾਈਨਰ ਅਪਰੇਸ਼ਨ ਤਾਂ ਹੈ। ਦੁਪਹਿਰ ਦੀ ਗੱਡੀ ਹੀ ਵਾਪਸ ਆ ਜਾਵਾਂਗਾ।

ਧੂਰੀ ਚਾਹ ਪੀਣ ਉੱਤਰਦਾ ਹਾਂ। ਗੱਡੀ ਚੱਲਦੀ ਹੈ ਤੇ ਮੈਂ ਕਾਹਲ ਵਿਚ ਹੋਰ ਡੱਬੇ ਨੂੰ ਹੱਥ ਪਾ ਲਿਆ ਹੈ। ਕੋਈ ਗੱਲ ਨਹੀਂ ਪਹਿਲੇ ਡੱਬੇ ਵਿਚ ਮੇਰਾ ਕੋਈ ਸਮਾਨ ਨਹੀਂ ਹੈ। ਏਅਰ ਬੈਗ ਹੈ, ਸੋ ਮੇਰੇ ਮੋਢੇ ਹੈ।

ਕਿਸੇ ਖ਼ਾਲੀ ਸੀਟ ਵੱਲ ਨਜ਼ਰ ਦੌੜ ਰਹੀ ਹੈ। "ਵੀਰ ਜੀ, ਐਥੇ ਆ ਜਾਓ।" ਆਵਾਜ਼ ਮੇਰੀ ਜਾਣੀ ਪਹਿਚਾਣੀ ਹੈ। ਗਰਦਨ ਘੁਮਾ ਕੇ ਦੇਖਦਾ ਹਾਂ। ਗੰਗਾ ਹੈ, ਸਾਡੇ ਦਫ਼ਤਰ ਦੀ ਸਟੈਨੋ।

"ਗੰਗਾ, ਰਾਮਪੁਰੇ ਫੂਲ ਤਾਂ ਤੈਨੂੰ ਦੇਖਿਆ ਨੀ। ਕਿਹੜੇ ਵੇਲੇ ਚੜ੍ਹ 'ਗੀ ਤੂੰ?"

"ਲਓ, ਮੈਂ ਤਾਂ ਮਸਾਂ ਲਈ ਗੱਡੀ। ਇੱਕ ਗੋਦੀ ਆਹ, ਤੱਥੜ।" ਉਹ ਆਪਣੀ ਤਿੰਨ ਕੁ ਸਾਲ ਦੀ ਬੇਬੀ ਦੀਆਂ ਗੱਲ੍ਹਾਂ ਨੂੰ ਘੁੱਟਦੀ ਹੈ।

ਬੇਬੀ ਨੂੰ ਪੱਟਾਂ 'ਤੇ ਬਿਠਾ ਕੇ ਮੈਂ ਗੰਗਾ ਦੇ ਕੋਲ ਬੈਠ ਜਾਂਦਾ ਹਾਂ। ਅਸੀਂ ਦਫ਼ਤਰ ਦੀਆਂ ਗੱਲਾਂ ਛੇੜ ਲੈਂਦੇ ਹਾਂ। ਗੱਲਾਂ ਹਨ ਕਿ ਮੁੱਕਣ ਵਿਚ ਹੀ ਨਹੀਂ ਆਉਂਦੀਆਂ।

ਪਟਿਆਲਾ ਆ ਜਾਂਦਾ ਹੈ। ਕਾਫ਼ੀ ਹਨੇਰਾ ਹੈ।

"ਕਿੱਥੇ ਠਹਿਰੋਂਗੇ?"

"ਰਾਘੋ ਮਾਜਰੇ, ਮੇਰਾ ਇੱਕ ਦੋਸਤ ਐ। ਜੇ ਹੋਇਆ ਘਰੇ ਛੜਾ ਛਾਂਟ ਐ। ਨਾ ਹੋਇਆ ਤਾਂ ਫਿਰ ਦੁਖ ਨਿਵਾਰਨ।" ਕਹਿ ਕੇ ਮੈਂ ਹੱਸਣ ਲੱਗ ਪੈਂਦਾ ਹਾਂ। ਗੰਗਾ ਗੰਭੀਰ ਹੋ ਗਈ ਹੈ। ਕਹਿੰਦੀ ਹੈ, ਮੇਰੇ ਨਾਲ ਚੱਲੋ।"

"ਤੂੰ ਕਿੱਥੇ ਰਹਿਣੈ?"

"ਐਥੇ ਮਾਸੀ ਜੀ ਨੇ ਨਾ। 'ਕੱਲੇ ਈ ਰਹਿੰਦੇ ਨੇ। ਇੱਕ ਮੁੰਡੈ। ਕੈਪਟਨ ਐ। ਮਾਸੜ ਜੀ ਸੂਬੇਦਾਰ ਸਨ। ਹਿੰਦ-ਪਾਕਿ ਦੀ ਲੜਾਈ 'ਚ ਮਾਰੇ ਗਏ ਸਨ।" ਟਿਕਟ ਕੁਲੈਕਟਰ ਤੋਂ ਅਗਲਾ ਬੰਦਾ ਰਿਕਸ਼ੇ ਵਾਲਾ ਹੈ। ਅਸੀਂ ਮਾਡਲ ਟਾਊਨ ਪਹੁੰਚ ਜਾਂਦੇ ਹਾਂ। ਮਾਸੀ ਦੇ ਘਰ ਨੂੰ ਜਿੰਦਾ ਲੱਗਿਆ ਹੋਇਆ ਹੈ। ਗੰਗਾ ਗਵਾਂਢੀਆਂ ਨੂੰ ਪਹਿਲਾਂ ਹੀ ਜਾਣਦੀ ਹੈ। ਮਾਸੀ ਬਾਰੇ ਪੁੱਛਦੀ ਹੈ। ਇੱਕ ਬੁੜ੍ਹੀ ਚਾਬੀਆਂ ਦੇ ਕੇ ਦੱਸਦੀ ਹੈ, "ਮੁੰਡਾ ਆਇਆ ਸੀ, ਭਾਈ, ਰਾਤ। ਨਾਲ ਈ ਲੈ ਗਾ, ਫ਼ਰੋਜ਼ਪੁਰ ਨੂੰ। ਕਹਿ 'ਗੀ ਸੀ-ਜੇ ਭਲਾ ਗੰਗਾ ਆ ਜਾਵੇ, ਰਾਮਪੁਰਿਓਂ ਤਾਂ ਆਹ ਚਾਬੀਆਂ ਫੜਾ ਦਿਓ। ਅਸੀਂ ਤਾਂ ਬਹੁਤ ਆਖਿਆ ਸੀ ਬਈ ਜੇ ਆਊਗੀ ਤਾਂ ਸਾਡੇ ਰਹਿ ਪਊਗੀ।"

"ਮੈਂ ਤਾਂ ਖ਼ਤ ਵੀ ਲਿਖਿਆ ਸੀ, ਅੱਜ ਔਣ ਦਾ। ਤੇ ਫਿਰ ਗੰਗਾ ਆਪ ਹੀ ਕਹਿੰਦੀ ਹੈ, "ਕੀ ਕਰੇ ਮਾਸੀ ਵੀ? ਦੋ ਖ਼ਤ ਪਹਿਲਾਂ ਵੀ ਮੈਂ ਲਿਖੇ ਸੀ ਪਰ ਆਇਆ ਨਹੀਂ ਸੀ ਗਿਆ। ਸੋਚਦੀ ਹੋਊਗੀ-ਕਿੱਥੇ ਔਣੈ ਗੰਗਾ ਨੇ। ਹੁਣ ਵੀ ਤਾਂ ਮਸਾਂ ਆਈ ਆਂ ਭੱਜ ਨੱਠ 'ਚ।"

ਗੰਗਾ ਨੇ ਮਾਸੀ ਦਾ ਜਿੰਦਾ ਖੋਲ੍ਹਿਆ। ਮੈਨੂੰ ਅੰਦਰ ਬਿਠਾ ਕੇ ਆਪ ਉਹ ਰਸੋਈ ਵਿਚ ਆਟੇ ਦੀ ਤਲਾਸ਼ ਕਰਨ ਲੱਗਦੀ ਹੈ। ਗਵਾਂਢਣ ਬੁੜ੍ਹੀ ਆਉਂਦੀ ਹੈ ਤੇ ਕਹਿੰਦੀ ਹੈ, ਰੋਟੀ, ਧੀਏ, ਮੈਂ ਔਨੀ ਆਂ ਲੈ ਕੇ। ਐਵੇਂ ਨਾ ਕਿਤੇ ਤਵਾ ਧਰ ਲੀਂ।"

ਰੋਟੀ ਖਾ ਕੇ ਅਸੀਂ ਇੱਕੋ ਕਮਰੇ ਵਿਚ ਪੈ ਜਾਂਦੇ ਹਾਂ। ਕਾਫ਼ੀ ਰਾਤ ਤੀਕ ਗੱਲਾਂ ਕਰਦੇ ਰਹਿੰਦੇ ਹਾਂ। ਸੌਂ ਜਾਂਦੇ ਹਾਂ। ਸਵੇਰੇ ਉੱਠਦੇ ਹਾਂ। ਗਵਾਂਢਣ ਬੁੜ੍ਹੀ ਦੁੱਧ ਦੀ ਗੜਵੀ ਦੇ ਗਈ ਹੈ। ਗੰਗਾ ਚਾਹ ਬਣਾਉਂਦੀ ਹੈ। ਮੈਂ ਨਹਾ ਲੈਂਦਾ ਹਾਂ। ਚਾਹ ਪੀ ਕੇ ਹਸਪਤਾਲ ਨੂੰ ਤੁਰ ਪੈਂਦਾ ਹਾਂ।

ਘਰ ਆ ਕੇ ਸੋਚਦਾ ਹਾਂ, ਜੇ ਕੁਸ਼ੱਲਿਆ ਨੂੰ ਦੱਸ ਦਿਆਂ ਕਿ ਮੈਂ ਇੱਕ ਪਰਾਈ ਔਰਤ ਨਾਲ ਰਾਤ ਗੁਜ਼ਾਰ ਕੇ ਆਇਆ ਹਾਂ ਤਾਂ ਕੀ ਹੋਵੇ?

ਸੋਚਦਾ ਹਾਂ, ਬਚਪਨ ਵਿਚ ਲੱਤ ਨਾਲ ਮਾਂ ਰੱਸੀ ਬੰਨ੍ਹ ਦਿੰਦੀ ਸੀ, ਉਹ ਹੁਣ ਵੀ ਬੱਝੀ ਹੋਈ। ਮੈਂ ਓਨਾ ਹੀ ਨਿਤਾਣਾ ਹਾਂ। ਰੱਸੀ ਦੀ ਗੰਢ ਮੈਥੋਂ ਹੁਣ ਵੀ ਨਹੀਂ ਖੁੱਲ੍ਹਦੀ।