ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਹਨੇਰਾ ਕਮਰਾ
ਕਮਰੇ ਵਿਚ ਪੈਰ ਰੱਖਦਿਆਂ ਹੀ ਮੈਨੂੰ ਮਹਿਸੂਸ ਹੁੰਦਾ ਹੈ, ਜਿਵੇਂ ਸੂਰਜ ਛਿਪ ਗਿਆ ਹੋਵੇ। ਪਤਾ ਨਹੀਂ ਕਿਉਂ? ਦੁਪਹਿਰ ਵੀ ਹੋਵੇ ਤਾਂ ਵੀ ਇਸ ਕਮਰੇ ਵਿਚ ਆ ਕੇ ਸੂਰਜ ਦੇ ਛਿਪ ਜਾਣ ਦਾ ਅਹਿਸਾਸ ਹੋਣ ਲੱਗਦਾ ਹੈ।
ਰੋਜ਼ ਹੀ ਸ਼ਾਮ ਨੂੰ ਜਦ ਮੈਂ ਘਰ ਆਉਂਦਾ ਤਾਂ ਲੱਗਦਾ ਹੈ, ਜਿਵੇਂ ਕੋਈ ਚੀਜ਼ ਬਾਹਰ ਹੀ ਕਿਤੇ ਛੱਡ ਆਇਆ ਹੋਵਾਂ। ਮੇਰੇ ਅੰਦਰ ਕਿਤੇ ਕੁਝ ਮਰ ਗਿਆ ਲਗਦਾ ਹੈ, ਜਿਵੇਂ ਕੋਈ ਰੋਸ਼ਨੀ ਮੇਰੇ ਵਿਚੋਂ ਗਾਇਬ ਹੋ ਗਈ ਹੋਵੇ। ਪਰ ਇਹ ਅਹਿਸਾਸ ਮੈਨੂੰ ਆਪਣੇ ਘਰ ਆਪਣੇ ਕਮਰੇ ਵਿਚ ਆ ਕੇ ਕਿਉਂ ਹੁੰਦਾ ਹੈ?
ਮਹੇਸ਼ ਨੇ ਆਖਿਆ ਸੀ, "ਔਰਤ ਤਾਂ ਇੱਕ ਸਰੀਰਕ ਲੋੜ ਹੈ, ਦੋਸਤ। ਪਿਆਰ ਵਿਆਰ ਕੁੱਛ ਨੀ ਹੁੰਦਾ।
ਮੰਜੇ 'ਤੇ ਬਹਿ ਕੇ ਬੂਟਾਂ ਦੇ ਤਸਮੇ ਖੋਲ੍ਹਦਾ ਹਾਂ, ਜ਼ਿੰਦਗੀ ਦੀ ਗੰਢ ਕਦੋਂ ਖੁੱਲ੍ਹੇਗੀ? ਕੀ ਸਾਰੀ ਉਮਰ ਏਸੇ ਤਰ੍ਹਾਂ ਬੀਤ ਜਾਏਗੀ? ਪਿਚਕੀ ਹੋਈ ਗੰਢ ਵਾਂਗ?
ਤਹਿ ਖੋਲ੍ਹ ਕੇ ਰਜ਼ਾਈ ਨੂੰ ਢਿੱਡ ਤੀਕ ਖਿੱਚ ਲੈਂਦਾ ਹਾਂ। ਟੇਬਲ ਲੈਂਪ ਜਗਾਉਂਦਾ ਹਾਂ ਤੇ ਸਵੇਰ ਦੇ ਪੜ੍ਹੇ ਅਖ਼ਬਾਰ ਨੂੰ ਦੁਬਾਰਾ ਪੜ੍ਹਨ ਦੀ ਕੋਸ਼ਿਸ਼ ਕਰਨ ਲੱਗਦਾ ਹਾਂ। ਬੀਵੀ ਚਾਹ ਦਾ ਗਲਾਸ ਮੇਜ਼ 'ਤੇ ਰੱਖ ਜਾਂਦੀ ਹੈ। ਕਹਿ ਜਾਂਦੀ ਹੈ, "ਪੀ ਲਵੋ, ਨਹੀਂ ਤਾਂ ਠੰਡੀ ਹੋ ਜਾਵੇਗੀ।"
"ਜ਼ਿੰਦਗੀ ਵੀ ਇੱਕ ਚਾਹ ਹੈ। ਤੱਤੀ ਤੱਤੀ ਦੀਆਂ ਦੋ ਘੁੱਟਾਂ ਭਰ ਲਈਆਂ ਜਾਣ, ਆਪਣੀਆਂ ਹੁੰਦੀਆਂ ਹਨ। ਠੰਡੀ ਜ਼ਿੰਦਗੀ ਜਿਉਣ ਦਾ ਕੀ ਲਾਭ?" ਚਾਹ ਨੂੰ ਸ਼ਰਬਤ ਵਾਂਗ ਪੀਂਦਾ ਮੈਂ ਸੋਚ ਰਿਹਾ ਹਾਂ।
ਸੱਤ ਸਾਲ ਪਹਿਲਾਂ ਜਦ ਮੈਂ ਕੰਵਾਰਾ ਸਾਂ। ('ਕੰਵਾਰਾ' ਸ਼ਬਦ ਸਮਾਜਕ ਜਿਹਾ ਕਿਉਂ ਲੱਗਦਾ ਹੈ?) ਇੱਕ ਕੁੜੀ ਏਸੇ ਕਮਰੇ ਵਿਚ ਆਉਂਦੀ ਸੀ। ਮੇਰੇ ਅੰਗ ਅੰਗ ਵਿਚ ਥਰਕਣਾ ਛੇੜ ਦਿੰਦੀ ਸੀ। ਬਾਰੀ ਦੀਆਂ ਵਿਰਲਾਂ ਥਾਣੀ ਹਨੇਰਾ ਅੰਦਰ ਆ ਵੜ੍ਹਦਾ ਸੀ। ਪਰ ਮੈਨੂੰ ਲੱਗਦਾ ਹੁੰਦਾ ਸੀ, ਜਿਵੇਂ ਸੂਰਜ ਅਜੇ ਛਿਪਿਆ ਨਾ ਹੋਵੇ। ਉਦੋਂ ਉਹ ਕੁੜੀ ਹੀ ਮੇਰਾ ਸੂਰਜ ਸੀ।
ਜਦ ਦਾ ਉਹ ਸੂਰਜ ਮੇਰੇ ਕਮਰੇ ਵਿਚੋਂ ਛਿਪਿਆ ਹੈ, ਕਮਰੇ ਵਿਚ ਆਉਣ ਸਾਰ ਮੈਨੂੰ ਮਹਿਸੂਸ ਹੁੰਦਾ ਹੈ, ਜਿਵੇਂ ਆਕਾਸ਼ ਵਾਲਿਆਂ ਦਾ ਸੂਰਜ ਵੀ ਛਿਪ ਗਿਆ ਹੋਵੇ। ਕਮਰਾ ਹਨੇਰਾ ਘੁੱਪ ਹੈ। ਮੇਰੀ ਜ਼ਿੰਦਗੀ ਵਾਂਗ ਹੀ। ਬਾਰੀ ਦੀਆਂ ਵਿਰਲਾਂ ਥਾਈਂ ਆਉਂਦੀ ਹਰ ਕਿਰਣ ਇਸ ਹਨੇਰੇ ਵਿਚ ਗੁਆਚ ਜਾਂਦੀ ਹੈ। ਟੇਬਲ ਲੈਂਪ ਦਾ ਚਾਨਣ ਤਾਂ ਬਣਾਵਟੀ ਹੈ। ਬੀਵੀ ਦੇ ਪਿਆਰ ਵਰਗਾ।
ਰੋਟੀ ਖਾ ਕੇ ਮੈਂ ਮਾਸਕ ਪੱਤਰ ਚੁੱਕ ਪੈਂਦਾ ਹਾਂ। ਕਹਾਣੀ ਪੜ੍ਹਨ ਦੀ ਕੋਸ਼ਿਸ਼ ਕਰਦਾ ਹਾਂ। ਕੋਈ ਕਹਾਣੀ ਚੰਗੀ ਨਹੀਂ ਲੱਗਦੀ। ਹਰ ਇੱਕ ਦੀਆਂ ਮੁੱਢ ਵਿਚੋਂ ਦੋ ਤਿੰਨ ਸਤਰਾਂ ਪੜ੍ਹਦਾ ਹਾਂ। ਛੱਡ ਦਿੰਦਾ ਹਾਂ। ਕਹਾਣੀ ਦੇ ਵਿਚਾਲਿਓਂ ਕਿਤੇ ਕੋਈ ਚਟਖ਼ਾਰੇਦਾਰ ਫ਼ਿਕਰਾ ਪੜ੍ਹਨ ਦੀ ਲੋਚਾ ਜਾਗਦੀ ਹੈ। ਨਹੀਂ। ਅੰਤ ਦੇਖਦਾ ਹਾਂ, ਕੀ ਕੀਤਾ ਹੈ? ਪਰ ਸਾਰੀ ਕਹਾਣੀ ਪੜ੍ਹੇ ਬਿਨਾਂ ਅੰਤ ਦਾ ਕੀ ਪਤਾ ਲੱਗੇ? ਅਖੀਰ ਕੋਈ ਵੀ ਕਹਾਣੀ 'ਜ਼ਰੂਰ ਪੜ੍ਹਨੀਂ' ਸਮਝਕੇ ਇੱਕ ਕਹਾਣੀ ਮੁੱਢ ਤੋਂ ਹੀ ਪੜ੍ਹਨੀ ਸ਼ੁਰੂ ਕਰ ਦਿੰਦਾ ਹਾਂ।ਅੱਧ ਕੁ ਤੀਕ ਪਹੁੰਚ ਕੇ ਦਿਲਚਸਪੀ ਪੈਦਾ ਹੋ ਜਾਂਦੀ ਹੈ ਤੇ ਮੈਂ ਆਪਣੇ ਹਨੇਰੇ ਕਮਰੇ ਨੂੰ ਭੁੱਲ ਜਾਂਦਾ ਹਾਂ।
ਬੀਵੀ ਰਸੋਈ ਦਾ ਕੰਮ ਮੁਕਾ ਕੇ ਅੰਦਰ ਆਉਂਦੀ ਹੈ। ਮੰਜੇ 'ਤੇ ਬੈਠੀ ਗੋਦੀ ਵਾਲੇ ਜਵਾਕ ਨੂੰ ਦੁੱਧ ਚੁੰਘਾ ਕੇ ਸੁਲਾ ਦਿੰਦੀ ਹੈ। ਮੰਜੇ 'ਤੇ ਉਸ ਨੂੰ ਲਿਟਾ ਕੇ ਆਪ ਬਾਹੀ ਤੋਂ ਥੱਲੇ ਲੱਤਾਂ ਲਮਕਾਈ ਸਿਰ ਖ਼ੁਰਕ ਰਹੀ ਹੈ। ਕਿਸੇ ਡਰਾਉਣੇ ਸੁਪਨੇ ਕਰਕੇ ਜਵਾਕ ਦੀ ਨੀਂਦ ਉੱਖੜ ਜਾਂਦੀ ਹੈ ਤੇ ਰੋਂਦਾ ਹੈ। ਉਹ ਉਸ ਨੂੰ ਥਾਪੜਦੀ ਹੈ ਤੇ ਮੇਰੇ ਵੱਲ ਖਾਲੀ ਖਾਲੀ ਅੱਖਾਂ ਨਾਲ ਦੇਖ ਰਹੀ ਹੈ।
"ਨਿਬੇੜ ਆਈ ਸਾਰਾ ਕੰਮ? ਮਾਸਕ ਪੱਤਰ 'ਤੋਂ ਨਿਗਾਹ ਹਟਾਕੇ ਮੈਂ ਪੁੱਛਦਾ ਹਾਂ।
"ਹਾਹੋ" ਕਹਿ ਕੇ ਉਹ ਜਵਾਕ ਦੇ ਨਾਲ ਪੈ ਜਾਂਦੀ ਹੈ ਤੇ ਆਪਣੀ ਰਜਾਈ ਦੇ ਲੜਾਂ ਨੂੰ ਇਕੱਠਾ ਕਰਦੀ ਹੈ। ਮੈਂ ਚੁੱਪ ਚਾਪ ਪੜ੍ਹਦਾ ਰਹਿੰਦਾ ਹਾਂ। ਕਹਾਣੀ ਖ਼ਤਮ ਹੋਣ 'ਤੇ ਮੈਂ ਆਪਣੀ ਨਿਗਾਹ ਸਾਹਮਣੇ ਕੰਧ 'ਤੇ ਟਿਕਾਅ ਲਈ ਹੈ।
ਦਫ਼ਤਰ ਵਾਲੀ ਕੁੜੀ ਵੀ ਅਜੀਬ ਸੀ। ਜਿਸ ਦਿਨ ਉਸ ਦਾ ਬਹੁਤਾ ਹੀ ਜੀਅ ਕਰਦਾ, ਉਹ ਬਹਾਨਾ ਬਣਾ ਕੇ ਮੇਰੀ 'ਕੁਇੰਕ' ਵਿਚੋਂ ਆਪਣਾ ਪੈਨ ਭਰ ਕੇ ਲਿਜਾਂਦੀ ਤੇ ਇਉਂ ਲੱਗਦਾ, ਜਿਵੇਂ ਕੁਝ ਕਹਿਣ ਆਈ ਸੀ, ਪਰ ਕਹਿ ਨਹੀਂ ਸਕੀ। ਅੱਧੇ ਘੰਟੇ ਬਾਅਦ ਹੀ ਉਹ ਮੇਰੀ 'ਕੁਇੰਕ' ਦਾ ਢੱਕਣ ਆ ਖੋਲ੍ਹਦੀ। ਮੈਂ ਖੱਸੀ ਜਿਹੀ ਤਲਖ਼ੀ ਮਹਿਸੂਸ ਕਰਦਾ-ਐਡੀ ਛੇਤੀ ਪੈੱਨ ਖ਼ਾਲੀ ਹੋ ਗਿਆ? 'ਕੁਇੰਕ' ਵਿਚ ਆਪਣੇ ਪੈੱਨ ਦੀ ਸਿਆਹੀ ਕੱਢ ਕੇ ਪੈੱਨ ਨੂੰ ਦੁਬਾਰਾ ਭਰਦੀ ਉਹ ਕਹਿੰਦੀ, "ਛੁੱਟੀ ਹੋਣ ਸਾਰ ਸਾਈਕਲ ਚੁੱਕ ਕੇ ਰੇਲਵੇ ਗੋਦਾਮ ਕੋਲ ਆ ਜਾਇਓ। ਓਥੋਂ ਲੇਕ 'ਤੇ ਚੱਲਾਂਗੇ।"
ਲੇਕ ਤੋਂ ਅੱਗੇ ਸੜਕੇ ਸੜਕ ਜਾਈਏ ਤਾਂ ਇੱਕ ਜੰਗਲ ਆਉਂਦਾ ਹੈ। ਕਿੱਕਰਾਂ, ਬੇਰੀਆਂ, ਜੰਡਾਂ ਤੇ ਕਰੀਰਾਂ ਦਾ ਜੰਗਲ।
ਜੰਗਲ ਦਾ ਪਰਦਾ ਹੰਢਾ ਕੇ ਫਿਰ ਉਹ ਕਈ ਦਿਨ ਸੁੰਨ ਜਿਹੀ ਕਿਉਂ ਰਹਿੰਦੀ ਸੀ?
ਮੈਂ ਉਸ ਦਾ ਹੁਕਮ ਜਿਹਾ ਕਿਉਂ ਮੰਨ ਲੈਂਦਾ ਸਾਂ? ਹਰ ਵਾਰ ਹੀ ਮੰਨ ਲੈਂਦਾ ਸਾਂ। ਕਿਉਂ?
ਮੈਂ ਤਾਂ ਇਹ ਵੀ ਸੁਣਿਆ ਕਰਦਾ ਸੀ ਕਿ ਜਿਸ ਮੁੰਡੇ ਨਾਲ ਉਸ ਦਾ ਵਿਆਹ ਹੋ ਗਿਆ ਸੀ, ਉਸ ਨੂੰ ਉਹ ਦੋ ਤਿੰਨ ਸਾਲਾਂ ਤੋਂ ਪਿਆਰ ਕਰਦੀ ਆ ਰਹੀ ਸੀ। ਉਹ ਕਿਸ ਕਿਸਮ ਦਾ ਪਿਆਰ ਸੀ? ਤੇ ਮੇਰੇ ਨਾਲ ਇੱਕ ਸਰੀਰਕ ਲੋੜ? ਹੀ....ਹੀ...।"ਹੱਸੀ ਜਾਂਦੇ ਓ। ਤੁਸੀਂ ਸਮਝਦੇ ਓ, ਮੈਂ ਸੌਂ ਗਈ ਆਂ?" ਬੀਵੀ ਜਵਾਕ ਨਾਲੋਂ ਹੌਲੀ ਦੇ ਕੇ ਉੱਠਦੀ ਹੈ। ਕਹਿੰਦੀ ਹੈ, "ਬੇ ਜੀ ਨਾਲੋਂ ਗੁੱਡੀ ਨੂੰ ਚੁੱਕ ਲਿਆਵਾਂ। ਸੌਂ ਗਈ ਹੋਣੀ ਐ।"
ਮੈਂ ਚੁੱਪ ਹਾਂ।
ਉਹ ਉਬਾਸੀ ਲੈ ਕੇ ਅਗਵਾੜੀ ਭੰਨਦੀ ਹੈ ਤੇ ਮੇਰੀ ਰਜਾਈ ਦਾ ਲੜ ਚੁੱਕ ਕੇ ਇਕਦਮ ਬਿਸਤਰ ਵਿਚ ਆ ਘੁੱਸਦੀ ਹੈ। ਮੈਂ ਬਾਹੀ ਨਾਲ ਜਾ ਲਗਦਾ ਹਾਂ। ਮੇਰੇ ਪਿੰਡੇ ਨਾਲ ਉਹ ਚਿੱਚੜੀ ਬਣ ਜਾਂਦੀ ਹੈ। ਮੇਰੀ ਪਿੱਠ 'ਤੇ ਹੱਥ ਫੇਰਦੀ ਹੈ। ਕਹਿੰਦੀ ਹੈ, "ਬੰਟੀ ਨਾ ਜਾਗ ਪਵੇ ਕਿਤੇ?"
ਬੇ ਜੀ ਦੂਜੇ ਕਮਰੇ ਵਿਚ ਸੌਂਦੇ ਹਨ। ਗੁੱਡੀ ਨੂੰ ਬੇ ਜੀ ਨਾਲੋਂ ਚੁੱਕ ਕੇ ਬਿਸਤਰੇ 'ਤੇ ਪਾ ਜਾਂਦੀ ਹੈ ਤੇ ਆਪ ਬੰਟੀ ਨਾਲ। ਥੋੜ੍ਹੀ ਦੇਰ ਬਾਅਦ ਹੀ ਉਸ ਦੇ ਘਰਾੜੇ ਉੱਚੇ ਹੋ ਜਾਂਦੇ ਹਨ। ਮੇਰੀ ਨਿਗਾਹ ਫਿਰ ਸਾਹਮਣੇ ਕੰਧ 'ਤੇ ਹੈ।
ਨੀਂਦ ਦਾ ਕੁਝ ਹਿੱਸਾ ਬਿਸਤਰ 'ਤੇ ਛੱਡ ਕੇ ਉੱਠਦਾ ਹਾਂ। ਚਾਹ ਪੀਂਦਾ ਹਾਂ, ਟੱਟੀ ਜਾਂਦਾ ਹਾਂ, ਨਹਾਉਂਦਾ ਹਾਂ, ਰੋਟੀ ਖਾਂਦਾ ਹਾਂ ਤੇ ਦਫ਼ਤਰ।
ਦਫ਼ਤਰ ਵਿਚ ਸਾਰਾ ਦਿਨ ਕੰਮ ਕਰਨ ਦੀ ਰਫ਼ਤਾਰ ਮੱਠੀ ਪੈਂਦੀ। ਦਫ਼ਤਰ ਵਾਲੀ ਉਹ ਕੁੜੀ ਜਦ ਦੀ ਗਈ ਹੈ, ਹੋਰ ਕੁੜੀ ਵੱਲ ਦੇਖਣ ਨੂੰ ਜੀਅ ਨਹੀਂ ਕਰਦਾ।
ਪਰ ਸ਼ਾਮ ਨੂੰ ਘਰ ਆ ਕੇ ਕਮਰੇ ਵਿਚ ਹਨੇਰਾ ਕਿਉਂ ਮਹਿਸੂਸ ਹੁੰਦਾ ਹੈ?