ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਜੇ ਕਿਤੇ...

ਵਿਕੀਸਰੋਤ ਤੋਂ

ਜੇ ਕਿਤੇ...

ਪਿਛਲੀ ਰਾਤ ਫ਼ਿਲਮ ਦੇਖ ਕੇ ਜਦ ਉਹ ਮੁੜੇ ਸਨ ਤਾਂ ਰਾਜੇਸ਼ ਉਸ ਨੂੰ ਉਸ ਦੇ ਕਮਰੇ ਤੀਕ ਛੱਡਣ ਚਲਿਆ ਗਿਆ ਸੀ। ਆਪਣੇ ਕਮਰੇ ਨੂੰ ਮੁੜਨ ਲੱਗਿਆ ਉਸ ਨੇ ਪੁੱਛਿਆ ਸੀ, "ਕਮਲਾ, ਕੱਲ੍ਹ ਨੂੰ ਪਿੰਡ ਨਾ ਚੱਲੀਏ?"

"ਕਿਉਂ?"

"ਮੈਂ ਚਾਹੁੰਨਾ, ਤੂੰ ਮੇਰੀ ਮਾਂ ਨੂੰ ਮਿਲ ਲਵੇਂ।

"ਮਤਲਬ?"

"ਮੈਂ ਚਾਹੁੰਨਾਂ, ਮਾਂ ਤੈਨੂੰ ਇੱਕ ਵਾਰੀ ਦੇਖ ਲਵੇ। ਫ਼ਿਕਰ ਵਾਲੀ ਕੋਈ ਗੱਲ ਨੀ। ਦੇਖਣ ਸਾਰ 'ਹਾਂ' ਕਹਿ ਦੇਣੈਂ ਓਸ ਨੇ ਤਾਂ। ਤੇਰੇ ਵਰਗੀ ਨੂੰਹ...।" ਉਸ ਨੇ ਕਮਲਾ ਦੀ ਠੋਡੀ ਨੂੰ ਹੱਥ ਲਾਇਆ ਸੀ।

"ਚੱਲ। ਮੈਨੂੰ ਕੀ ਇਤਰਾਜ਼ ਐ।" ਉਹ ਮੁਸਕਰਾਈ ਸੀ।

"ਚੰਗਾ ਤੜ੍ਹਕੇ ਫੇਰ ਸੰਦੇਹਾਂ ਈ ਆ ਜੀੰ, ਮੇਰੇ ਕਮਰੇ 'ਚ। ਨਾਸ਼ਤਾਂ ਕਰਕੇ ਓਥੋਂ ਹੀ ਚਲਾਂਗੇ ਬੱਸ ਸਟੈਂਡ ਨੂੰ।"

"ਚੰਗਾ, ਗੁੱਡ ਨਾਈਟ।"

"ਗੱਡ ਨਾਈਟ।"

ਦੋਵੇਂ ਇੱਕ ਪਿੰਡ ਦੇ ਕੁ-ਐਜੂਕੇਸ਼ਨਲ ਸਕੂਲ ਵਿਚ ਟੀਚਰ ਸਨ। ਸਕੂਲ ਸ਼ਹਿਰ ਤੋਂ ਪੰਦਰਾਂ ਕਿਲੋਮੀਟਰ ਦੂਰ ਸੀ। ਪਛੜਿਆ ਜਿਹਾ ਪਿੰਡ ਸੀ। ਨਵਾਂ ਸਕੂਲ। ਪਿੰਡ ਵਿਚ ਕਿਸੇ ਟੀਚਰ ਦੀ ਰਿਹਾਇਸ਼ ਨਹੀਂ ਸੀ। ਬਹੁਤੇ ਟੀਚਰ ਤਾਂ ਨੇੜੇ ਦੇ ਪਿੰਡਾਂ ਦੇ ਰਹਿਣ ਵਾਲੇ ਹੀ ਸਨ। ਬਾਕੀ ਦੇ ਸ਼ਹਿਰ ਆ ਜਾਂਦੇ ਸਨ। ਸ਼ਹਿਰ ਵਿਚ ਤਾਂ ਕਮਰੇ ਮਿਲ ਹੀ ਜਾਂਦੇ ਸਨ। ਸਾਰੀਆਂ ਸਹੂਲਤਾਂ ਬੱਸਾਂ ਆਮ ਚੱਲਦੀਆਂ ਸਨ। ਰਾਜੇਸ਼ ਤੇ ਕਮਲਾ ਵੀ ਸ਼ਹਿਰ ਆ ਕੇ ਠਹਿਰਦੇ ਸਨ। ਪਰ ਉਨ੍ਹਾਂ ਦੇ ਕਮਰੇ ਦੂਰ ਦੂਰ ਸਨ। ਰਾਜੇਸ਼ ਦਾ ਕਮਰਾ ਮਾਡਲ ਟਾਊਨ ਵਿਚ ਸੀ ਤੇ ਕਮਲਾ ਦਾ ਭਗਤ ਸਿੰਘ ਕਾਲੋਨੀ ਵਿਚ। ਦੋ ਕਿਲੋਮੀਟਰ ਦਾ ਫ਼ਰਕ, ਪਰ ਉਹ ਹਰ ਸ਼ਾਮ ਮਿਲਦੇ ਸਨ।

ਅੱਜ ਤੜਕੇ ਕਮਲਾ ਉਸ ਦੇ ਕਮਰੇ ਵਿਚ ਆਈ। ਸੰਦੇਹਾਂ ਹੀ ਆ ਗਈ ਸੀ। ਰਾਜੇਸ਼ ਤਾਂ ਅਜੇ ਤਿਆਰ ਵੀ ਨਹੀਂ ਸੀ ਹੋਇਆ। ਨਹਾ ਜ਼ਰੂਰ ਲਿਆ ਸੀ।

ਰਾਜੇਸ਼ ਨੇ ਦੋ ਅੰਡੇ ਭੰਨੇ। ਸਟੋਵ ਲਿਆ। ਦਸਤੇ ਵਾਲਾ ਡੂੰਘਾ ਜਿਹਾ ਤਵਾ ਸਟੋਵ 'ਤੇ ਰੱਖ ਕੇ ਘਿਓ ਦੀ ਕੜਛੀ ਪਾਈ ਤੇ ਵਿਚ ਪਿਆਜ਼ ਕੱਟ ਦਿੱਤਾ। ਕਮਲਾ ਨੂੰ ਆਖਿਆ ਕਿ ਪਿਆਜ਼ ਭੁੱਜ ਜਾਣ 'ਤੇ ਉਹ ਅੰਡਿਆਂ ਦਾ ਪਾਣੀ ਪਾ ਦੇਵੇ। ਉਹ ਆਪ ਡਬਲ ਰੋਟੀ ਦੇ ਪੀਸ ਲੈਣ ਲਈ ਸਾਹਮਣੇ ਵਾਲੀ ਦੁਕਾਨ ਵੱਲ ਦੌੜ ਗਿਆ। ਮੁੜਦੇਨੂੰ ਚਾਹ ਪਾਣੀ ਕਮਲਾ ਨੇ ਸਟੋਵ 'ਤੇ ਧਰ ਰੱਖਿਆ ਸੀ ਤੇ ਉਹ ਆਮਲੇਟ ਦੇ ਟੁਕੜੇ ਕੱਟ ਰਹੀ ਸੀ।

"ਚੰਗਾ ਹੁਣ ਪੱਤੀ, ਖੰਡ ਤੇ ਦੁੱਧ ਵੀ ਤੂੰ ਹੀ ਪਾ ਦੇ। ਮੈਂ ਕੱਪੜੇ ਪਾ ਲਵਾਂ," ਕਹਿ ਕੇ ਰਾਜੇਸ਼ ਨੇ ਕੁੜਤਾ ਪਜਾਮਾ ਲਾਹਿਆ ਤੇ ਅਟੈਚੀ ਵਿਚੋਂ ਕੱਢ ਕੇ ਨਵਾਂ ਨਕੋਰ ਚਿੱਟਾ ਕਮੀਜ਼ ਪਹਿਨ ਲਿਆ। ਟਾਈ ਲਾ ਕੇ ਉਸ ਨੇ ਟਰੰਕ ਖੋਲਿਆ ਤੇ ਸਵੈਟਰ ਪਾ ਲਿਆ। ਘਿਓ ਕਪੂਰੀ ਸਵੈਟਰ, ਜਿਸ ਦੇ ਬਾਰਡਰ, ਮੋਢੇ ਤੇ ਗਲਮੇ ਵਿਚ ਇੱਕ ਇੱਕ ਸਿਲਾਈ ਜਾਮਨੀ ਰੰਗ ਦੀ ਕੱਢੀ ਹੋਈ ਸੀ। ਕਮਲਾ ਕਾਫ਼ੀ ਦੇਰ ਉਸ ਸਵੈਟਰ ਵੱਲ ਦੇਖਦੀ ਰਹੀ। ਉਬਲਦੀ ਚਾਹ ਵਿਚ ਦੁੱਧ ਪਾ ਕੇ ਉਹ ਖੜ੍ਹੀ ਹੋਈ ਤੇ ਰਾਜੇਸ਼ ਕੋਲ ਜਾ ਕੇ ਸਵੈਟਰ ਨੂੰ ਉਂਗਲਾਂ ਨਾਲ ਟੋਹ ਟੋਹ ਕੇ ਦੇਖਣ ਲੱਗੀ।

"ਇਹ ਸਵੈਟਰ ਤੈਂ ਪਹਿਲਾਂ ਤਾਂ ਕਦੇ ਪਾਇਆ ਨੀ, ਰਾਜੇਸ਼?"

"ਹਾਂ, ਇਹ ਸਵੈਟਰ ਕਦੇ ਕਦੇ ਈ ਪੌਣ ਵਾਲੈ, ਕਮਲਾ।"

"ਮਤਲਬ?"

"ਮੈਂ ਚਾਹੁੰਨਾ, ਇਸ ਨੂੰ ਕਦੇ ਕਦੇ ਈ ਪਾਇਆ ਕਰਾਂ, ਨਹੀਂ ਤਾਂ ਇਹ ਛੇਤੀ ਹੀ ਘਸ ਜਾਣੈ।ਮੈਂ ਏਸ ਨੂੰ ਕਾਫ਼ੀ ਦੇਰ ਆਪਣੇ ਕੋਲ ਰੱਖਣਾ ਚਾਹੁੰਨਾ ਮੇਰੇ ਇੱਕ ਦੋਸਤ ਦੀ ਨਿਸ਼ਾਨੀ ਐ। ਜਾਣੀ, ਮੇਰੇ ਇੱਕ ਦੋਸਤ ਨੂੰ ਇਹ ਕਿਸੇ ਕੁੜੀ ਨੇ ਬੁਣ ਕੇ ਦਿੱਤਾ ਸੀ।"

"ਕੌਣ ਐ ਤੇਰਾ ਉਹ ਦੋਸਤ?"

"ਉਹ ਵੀ ਹੈਗਾ ਇੱਕ। ਵਚਾਰਾ, ਇਸ਼ਕ ਦਾ ਫੱਟਿਆ ਹੋਇਆ।" ਰਾਜੇਸ਼ ਹੱਸਿਆ। ਕਮਲਾ ਨੇ ਭੱਜ ਕੇ ਸਟੋਵ ਬੰਦ ਕੀਤਾ। ਨਹੀਂ ਤਾਂ ਸਾਰੀ ਚਾਹ ਉੱਬਲ ਕੇ ਫ਼ਰਸ਼ ਤੇ ਵਹਿ ਜਾਣੀ ਸੀ।

ਹੁਣ ਪੁਣ ਵੀ ਲੈ, ਕਮਲਾ ਤੇ ਗਲਾਸਾਂ 'ਚ ਵੀ ਪਾ ਲੈ। ਐਥੇ ਮੇਜ਼ ਤੇ ਚੱਕ ਲਿਆ। ਆਮਲੇਟ ਤੇ ਪੀਸ ਵੀ।

ਪੈਂਟ ਤੇ ਬੂਟ ਪਾ ਕੇ ਉਹ ਮੰਜੇ ਤੇ ਬੈਠ ਗਿਆ। ਕਮਲਾ ਅਰਾਮ ਕੁਰਸੀ 'ਤੇ।

"ਚੱਲ, ਸ਼ੁਰੂ ਕਰ। ਰਾਜੇਸ਼ ਨੇ ਦੋ ਪੀਸਾਂ ਵਿਚਾਲੇ ਆਮਲੇਟ ਦਾ ਟੁਕੜਾ ਰੱਖਦਿਆਂ ਆਖਿਆ। ਕਮਲਾ ਨੇ ਚਾਹ ਦੀ ਘੁੱਟ ਭਰੀ। ਖਾਧਾ ਕੁਝ ਨਹੀਂ।

"ਤੇਰਾ ਉਹ ਦੋਸਤ ਹੁਣ ਕਿੱਥੇ ਐ?"

"ਮਾਨਸਾ ਤੋਂ ਅੱਗੇ ਸੜਕ ਜਾਈਏ ਨਾ। ਝੁਨੀਰ ਵੱਲ ਤਾਂ ਇੱਕ ਪਿੰਡ ਐ, ਲਾਲਿਆਂ ਵਾਲੀ।ਓਥੇ ਮਿਡਲ ਸਕੂਲ ਦਾ ਹੈੱਡਮਾਸਟਰ ਐ ਹੁਣ ਉਹ। ਮੈਨੂੰ ਤਾਂ ਕਦੇ ਮਿਲਿਆ ਨੀ, ਦੋ ਤਿੰਨ ਸਾਲ ਹੋ 'ਗੇ। ਨਾ ਈ ਕਦੇ ਚਿੱਠੀ ਆਈ ਐ। ਕੱਲ੍ਹ ਇੱਕ ਬੰਦਾ ਮਿਲਿਆ ਸੀ, ਮਾਨਸਾ ਕੰਨੀ ਦਾ। ਉਹ ਦੱਸਦਾ ਸੀ ਬਈ ਉਹ ਓਥੇ ਐ।"

"ਕੁੜੀ ਕੌਣ ਸੀ ਉਹ?"

"ਉਹ ਦਾ ਨਾਂ ਵੀ ਕਮਲਾ ਈ ਸੀ। ਬੀ. ਐਡ. 'ਚ ਪੜ੍ਹਦੀ ਸੀ, ਓਹਦੇ ਨਾਲ। ਉਨ੍ਹਾਂ ਦਿਨਾਂ 'ਚ ਈ ਉਨ੍ਹਾਂ ਦਾ ਪਿਆਰ ਪੈ ਗਿਆ ਸੀ। ਬਹੁਤ ਗੂੜ੍ਹਾ ਪਿਆਰ, ਪਰ ਵਿਆਹ ਦੀ ਗੱਲ ਕਦੇ ਨੀ ਸੀ ਹੋਈ। ਇੱਕ ਦਿਨ ਉਹ ਉਸ ਨਾਲ ਉਨ੍ਹਾਂ ਦੇ ਪਿੰਡ ਚਲਿਆ ਗਿਆ। ਕੁੜੀ ਦੇ ਮਾਂ ਪਿਓ ਅੱਗ ਭਬੂਕਾ ਹੋ 'ਗੇ। ਕਹਿੰਦੇ ਕੌਣ ਐ ਇਹ ਮੁੰਡਾ ਉਹ ਕਹਿੰਦੀ ਮੇਰਾ ਜਮਾਤੀ ਐ। ਪਿਓ ਕਹਿੰਦਾ-ਜਮਾਤੀ ਐ ਤਾਂ ਘਰ ਲੈ ਕੇ ਔਣੈ? ਖਬਰੈ ਕੌਣ, ਨਾਈ, ਛੀਂਬਾ? ਉਸ ਨੇ ਮਾਂ ਨੂੰ ਦੱਸਿਆ ਖੱਤਰੀਆਂ ਦਾ ਈ ਮੁੰਡੈ। ਚੰਗਾ ਬਹੁਤ ਐ। ਤੇ ਹੌਲੀ ਦੇ ਕੇ ਇਹ ਵੀ ਪੁੱਛਿਆ-ਜੇ ਇਹ ...? ਮਾਂ ਨੇ ਪਿਓ ਕੋਲ ਗੱਲ ਕਰੀ। ਪਿਓ ਕਹਿੰਦਾ, ਕਿਸੇ ਖਾਨਦਾਨੀ ਘਰ ਦੇਵਾਂਗੇ ਕੁੜੀ ਨੂੰ। ਇਹ ਖਬਰੈ ਕੌਣ ਐ? ਮਾਂ ਪਿਓ ਖਬਰੈ ਕਹੇ ਜੇ ਨੇ ਏਹਦੇ? ਸ਼ਾਮ ਨੂੰ ਉਹ ਬੈਠਕ 'ਚ ਓਸ ਨੂੰ ਰੋਟੀ ਲੈ ਕੇ ਆਈ ਸਰੂਰ ਜੇ 'ਚ ਆ ਕੇ ਰੋਟੀ ਖਾਣ ਤੋਂ ਪਹਿਲਾਂ ਉਸ ਨੇ ਉਸ ਦਾ ਹੱਥ ਫੜਿਆ ਤੇ ਗਰਦਨ ਦੁਆਲੇ ਬਾਂਹ ਦੇ ਕੇ ਉਸ ਨੂੰ ਚੁੰਮਣ ਲੱਗਿਆ। ਪਿਓ ਨੇ ਦੇਖ ਲਿਆ। ਓਸ ਵੇਲੇ ਬੈਠਕ ਅੰਦਰ ਆ ਕੇ ਉਸ ਦੇ ਮੂੰਹ 'ਤੇ ਲੱਪੜ ਮਾਰਿਆ। ਕੁੜੀ ਨੂੰ ਧੱਕਾ ਦੇ ਕੇ ਖੂੰਜੇ 'ਚ ਸੁੱਟ 'ਤਾ। ਕਹਿੰਦਾ-ਐਸੇ ਵੇਲੇ ਨਿਕਲ ਜਾ ਮੇਰੇ ਘਰੋਂ ਹਰਾਮ ਜ਼ਾਦਿਆ। ਰੋਟੀ ਕਾਹਦੀ ਖਾਣੀ ਸੀ। ਓਸੇ ਵੇਲੇ ਏਅਰ ਬੈਗ ਚੁੱਕਿਆ ਤੇ ਘਰੋਂ ਬਾਹਰ ਹੋ ਗਿਆ।"

ਕਮਲਾ ਦੀ ਨੀਵੀਂ ਪਾਈ ਹੋਈ ਸੀ। ਉਸ ਨੇ ਵੱਡਾ ਸਾਰਾ ਹਉਕਾ ਲਿਆ। ਰਾਜੇਸ਼ ਗੱਲ ਕਰਦਾ ਸੀ ਤੇ ਚਾਹ ਦੀ ਘੁੱਟ ਭਰ ਲੈਂਦਾ ਸੀ। ਦੋ ਪੀਸਾਂ ਦੇ ਵਿਚਕਾਰ ਰੱਖ ਕੇ ਆਮਲੇਟ ਦਾ ਇੱਕ ਟੁਕੜਾ ਉਸ ਨੇ ਹੋਰ ਵੀ ਖਾ ਲਿਆ ਸੀ। ਗੱਲ ਕਰਦੇ ਕਰਦੇ ਉਸ ਨੇ ਕਈ ਵਾਰ ਆਖਿਆ ਸੀ, "ਕਮਲਾ, ਚਾਹ ਤਾਂ ਪੀ। ਆਮਲੇਟ ਤਾਂ ਲੈ। ਪੀਸ ਤਾਂ ਲੈ।" ਪਰ ਉਸ ਦੀਆਂ ਅੱਖਾਂ ਤਾਂ ਧਰਤੀ 'ਤੇ ਗੱਡੀਆਂ ਹੋਈਆਂ ਸਨ। ਉਹ ਤਾਂ ਹੁੰਗਾਰਾ ਵੀ ਨਹੀਂ ਸੀ ਭਰ ਰਹੀ, ਸਿਰਫ਼ ਸੁਣ ਰਹੀ ਸੀ। ਰਾਜੇਸ਼ ਨੇ ਗੱਲ ਜਾਰੀ ਰੱਖੀ। ਬੀ. ਐੱਡ. ਦਾ ਆਖ਼ਰੀ ਮਹੀਨਾ ਸੀ। ਕਾਲਜ ਜਾ ਕੇ ਉਹ ਇੱਕ ਦੂਜੇ ਦੇ ਮੱਥੇ ਨਹੀਂ ਸੀ ਲੱਗੇ। ਬੀ. ਐੱਡ. ਖ਼ਤਮ ਹੋਈ ਤੇ ਉਨ੍ਹਾਂ ਦਾ ਇੱਕ ਦੂਜੇ ਨੂੰ ਦੇਖ ਲੈਣਾ ਵੀ ਖ਼ਤਮ।"

ਕਮਲਾ ਦੀ ਚਾਹ ਠੰਡੀ ਹੋ ਗਈ ਸੀ। ਇੱਕ ਘੁੱਟ ਭਰ ਕੇ ਉਸ ਨੇ ਗਲਾਸ ਓਵੇਂ ਜਿਵੇਂ ਰੱਖ ਦਿੱਤਾ ਸੀ। ਹੁਣ ਤਾਂ ਤਿੰਨ ਚਾਰ ਮੱਖੀਆਂ ਵੀ ਗਲਾਸ ਵਿਚ ਮਰੀਆਂ ਪਈਆਂ ਸਨ। ਦੋ ਮੱਖੀਆਂ ਜਿਉਂਦੀਆਂ ਚਾਹ ਵਿਚ ਗੋਤੇ ਲਾ ਰਹੀਆਂ ਸਨ। ਕਮਲਾ ਦਾ ਚਿਹਰਾ ਹੰਝੂਆਂ ਨਾਲ ਭਿੱਜ ਗਿਆ ਸੀ।

"ਕਮਲਾ।"

ਉਸ ਨੇ ਉਤਾਂਹ ਨਿਗਾਹ ਕੀਤੀ ਤੇ ਇੱਕ ਅਜਨਬੀ ਖਿਆਲ ਨਾਲ ਰਾਜੇਸ਼ ਵੱਲ ਦੇਖਿਆ।

ਰਾਜੇਸ਼ ਨੇ ਵੱਡਾ ਸਾਰਾ ਹਉਕਾ ਲਿਆ। ਕਿਹਾ, "ਇਹ ਸਵੈਟਰ ਮੈਨੂੰ ਦੇ ਕੇ ਉਸ ਨੇ ਆਖਿਆ ਸੀ-ਰਾਜੇਸ਼, ਜਦੋਂ ਇਹ ਸਵੈਟਰ ਮੇਰੀਆਂ ਅੱਖਾਂ ਸਾਹਮਣੇ ਆ ਜਾਂਦੈ, ਮੈਨੂੰ ਕਮਲਾ ਯਾਦ ਆਕੇ ਮੇਰੀ ਸੁਰਤ ਜ੍ਹੀ ਮਾਰੀ ਜਾਂਦੀ ਐ।"

ਕੋਟ ਪਾ ਕੇ ਰਾਜੇਸ਼ ਸ਼ੀਸ਼ੇ ਮੂਹਰੇ ਹੋਇਆ। ਸਿਰ ਦੇ ਵਾਲਾਂ ਵਿਚ ਦੁਬਾਰਾ ਕੰਘਾ ਫੇਰਨ ਲੱਗਿਆ। ਕਹਿੰਦਾ, "ਉੱਠ, ਕਮਲਾ, ਚੱਲੀਏ।"

"ਰਾਜੇਸ਼, ਅੱਜ ਰਹਿਣ ਦੇ। ਫੇਰ ਕਦੇ ਚੱਲਾਂਗੇ। ਮੇਰੀ ਤਬੀਅਤ ਖ਼ਰਾਬ ਹੋ 'ਗੀ ਐ।" ਕਹਿ ਕੇ ਇਕਦਮ ਉਹ ਕਮਰੇ 'ਚੋਂ ਬਾਹਰ ਹੋ ਗਈ। ਰਾਜੇਸ਼ ਨੇ ਭੱਜ ਕੇ ਉਸ ਦੀ ਬਾਂਹ ਫੜੀ। ਉਸ ਨੇ ਝਟਕਾ ਦੇ ਕੇ ਬਾਂਹ ਛੁਡਾ ਲਈ। "ਕਮਲਾ, ਮੁੜ ਆ। ਤੈਨੂੰ ਮੇਰੀ ਕਸਮ।"

ਉਹ ਨਹੀਂ ਮੁੜੀ।

ਰਾਜੇਸ਼ ਬਹੁਤ ਹੈਰਾਨ ਤੇ ਪ੍ਰੇਸ਼ਾਨ ਹੋਇਆ, ਬੂਹੇ ਵਿਚ ਖੜ੍ਹਾ ਉਸ ਨੂੰ ਜਾਂਦੀ ਨੂੰ ਦੇਖਦਾ ਰਿਹਾ। ਜਦ ਉਸ ਨੇ ਗਲੀ ਦਾ ਮੋੜ ਕੱਟਿਆ, ਉਹ ਕਮਰੇ ਦੇ ਅੰਦਰ ਹੋਇਆ ਤੇ ਧੜੱਮ ਦੇ ਕੇ ਮੰਜੇ 'ਤੇ ਡਿੱਗ ਪਿਆ।

ਸਾਰਾ ਦਿਨ ਕਮਲਾ ਆਪਣੇ ਕਮਰੇ ਵਿਚ ਪਈ ਰਹੀ। ਬਹੁਤ ਸੋਚਦੀ ਰਹੀ। ਕਈ ਵਾਰੀ ਤਾਂ ਉਹ ਕੁਝ ਵੀ ਨਹੀਂ ਸੀ ਸੋਚ ਰਹੀ। ਉਸ ਦੀ ਸੋਚ ਖੜ੍ਹ ਜਾਂਦੀ ਸੀ, ਪਰ ਉਹ ਫਿਰ ਸੋਚਦੀ ਸੀ ਕਿ ਭੱਜ ਕੇ ਲਾਲਿਆਂ ਵਾਲੀ ਜਾ ਵੜੇ। ਉਸ ਦੇ ਪੈਰਾਂ ਵਿਚ ਚੁੰਨੀ ਸੁੱਟ ਕੇ ਕਹੇ, "ਗੁਲਵੰਤ, ਮੇਰੀ ਭੁੱਲ ਬਖ਼ਸ਼ਦੇ। ਮੇਰੀ ਬਾਹ ਫੜ ਲੈ। ਮੈਨੂੰ ਡਿੱਗੀ ਨੂੰ ਉਠਾ ਲੈ।"

ਉਸ ਨੂੰ ਸਾਰਾ ਦਿਨ ਡਰ ਰਿਹਾ, ਕਿਤੇ ਰਾਜੇਸ਼ ਉਸ ਦੇ ਕਮਰੇ ਵਿਚ ਨਾ ਆ ਜਾਵੇ। ਦੋ ਵਾਰੀ ਤਖ਼ਤੇ ਖੜਕੇ ਸਨ। ਉਸ ਨੂੰ ਭੁਲੇਖਾ ਲੱਗਿਆ ਸੀ, ਜਿਵੇਂ ਕੋਈ ਆਇਆ ਹੋਵੇ। ਉਸ ਨੇ ਉੱਠ ਕੇ ਕੁੰਡਾ ਖੋਲ੍ਹਿਆ ਸੀ, ਪਰ ਕੋਈ ਨਹੀਂ ਸੀ। ਹਵਾ ਤਖ਼ਤੇ ਖੜਕਾ ਗਈ ਸੀ। ਜਾਂ ਕਮਲਾ ਦੇ ਅੰਦਰਲਾ ਹੀ ਕੋਈ ਖ਼ਿਆਲ ਤਖ਼ਤੇ ਖੜਕਾ ਗਿਆ ਸੀ।

ਇੱਕ ਵਾਰੀ ਉਸ ਨੇ ਇਹ ਵੀ ਸੋਚਿਆ ਕਿ ਕੋਈ ਆਵੇ ਤੇ ਉਸ ਨੂੰ ਸਮਝਾ ਦੇਵੇ। ਲਾਲਿਆਂ ਵਾਲੀ ਜਾਣ ਤੋਂ ਰੋਕ ਦੇਵੇ। ਭਾਵੇਂ ਰਾਜੇਸ਼ ਹੀ ਆ ਜਾਵੇ, ਪਰ ਰਾਜੇਸ਼ ਦਾ ਨਾਂ ਸਾਹਮਣੇ ਆਉਂਦਿਆਂ ਹੀ ਉਸ ਦੀ ਦੇਹ ਕੰਬ ਜਾਂਦੀ ਸੀ। ਉਹ ਇਕੱਠੀ ਜਿਹੀ ਹੋ ਜਾਂਦੀ ਸੀ। ਉਸ ਦਾ ਇੱਕੋ ਫ਼ੈਸਲਾ ਹੁੰਦਾ ਕਿ ਉਹ ਲਾਲਿਆਂ ਵਾਲੀ ਜਾਵੇ।

ਉਸ ਦਿਨ ਐਤਵਾਰ ਸੀ। ਕੀ ਪਤਾ ਹੈ, ਗੁਲਵੰਤ ਕਿੱਥੇ ਰਹਿੰਦਾ ਹੋਵੇ? ਲਾਲਿਆਂ ਵਾਲੀ ਸ਼ਾਇਦ ਨਾ ਹੀ ਰਹਿੰਦਾ ਹੋਵੇ?

ਬੜੀ ਬੇਚੈਨੀ ਨਾਲ ਉਸ ਨੇ ਰਾਤ ਗੁਜ਼ਾਰੀ। ਸੋਮਵਾਰ ਸਵੇਰੇ ਹੀ ਤਿਆਰ ਹੋ ਕੇ ਉਹ ਬੱਸ ਸਟੈਂਡ ਤੇ ਆਈ। ਦੋ ਰੁਪਏ ਪੈਂਤੀ ਪੈਸੇ ਦਾ ਟਿਕਟ ਲੈ ਕੇ ਬਰਨਾਲੇ ਪੁੱਜੀ। ਬਰਨਾਲੇ ਤੋਂ ਸਿੱਧੀ ਬੱਸ ਸਰਸੇ ਨੂੰ ਲਾਲਿਆਂ ਵਾਲੀ ਦੇ ਵਿਚ ਦੀ ਜਾਂਦੀ ਸੀ। ਦੋ ਘੰਟਿਆਂ ਦਾ ਰਾਹ।

ਲਾਲਿਆਂ ਵਾਲੀ ਦੇ ਅੱਡੇ 'ਤੇ ਪਹੁੰਚ ਕੇ ਸਕੂਲ ਦਾ ਰਾਹ ਪੁੱਛਿਆ।

ਸਾਰੀਆਂ ਜਮਾਤਾਂ ਲੱਗੀਆਂ ਹੋਈਆਂ ਸਨ। ਗੁਲਵੰਤ ਇਕੱਲਾ ਹੀ ਦਫ਼ਤਰ ਵਿਚ ਬੈਠਾ ਮਹਿਕਮੇ ਦੇ ਸਰਕੁਲਰ ਪੜ੍ਹ ਰਿਹਾ ਸੀ। ਅਜਨਬੀ ਔਰਤ ਦੇਖ ਕੇ ਉਹ ਖੜ੍ਹਾ ਹੋ ਗਿਆ। ਕੁਰਸੀ 'ਤੇ ਬੈਠਣ ਲਈ ਉਸ ਨੂੰ ਇਸ਼ਾਰਾ ਕੀਤਾ, ਪਰ ਉਹ ਨਹੀਂ ਬੈਠੀ। ਇੱਕ ਟੱਕ ਗੁਲਵੰਤ ਵੱਲ ਦੇਖਦੀ ਰਹੀ।ਗੁਲਵੰਤ ਵੀ ਥਾਂ ਦੀ ਥਾਂ ਬੁੱਤ ਬਣ ਗਿਆ। ਦੋਵਾਂ ਨੇ ਇੱਕ ਦੂਜੇ ਨੂੰ ਪਹਿਚਾਣ ਲਿਆ ਸੀ। ਕਮਲਾ ਦੇ ਬੁੱਲ੍ਹ ਫਰਕੇ। ਬੋਲ ਕੋਈ ਨਾ ਨਿਕਲਿਆ। ਅੱਖਾਂ ਵਿਚੋਂ ਪਾਣੀ ਸਿੰਮਣ ਲੱਗਿਆ। ਗੁਲਵੰਤ ਨੇ ਬਾਹੋਂ ਫੜਕੇ ਉਸ ਨੂੰ ਕਰਸੀ 'ਤੇ ਬਿਠਾ ਦਿੱਤਾ। ਉਸ ਦੀਆਂ ਆਪਣੀਆਂ ਅੱਖਾਂ ਵੀ ਗਿੱਲੀਆਂ ਸਨ।

"ਕਿੱਥੇ ਹੁੰਦੇ ਓ ਹੁਣ?" ਗੁਲਵੰਤ ਨੇ ਬੋਲ ਕੱਢਿਆ।

ਕਮਲਾ ਬੋਲੀ ਨਹੀਂ, ਰੋਂਦੀ ਰਹੀ। ਗੁਲਵੰਤ ਨੇ ਚਪੜਾਸੀ ਤੋਂ ਪਾਣੀ ਦਾ ਗਲਾਸ ਮੰਗਵਾਇਆ।

"ਪਾਣੀ ਪੀਓ, ਕਮਲਾ ਜੀ, ਪਹਿਲਾਂ, ਚਾਹ ਘਰ ਚੱਲ ਕੇ ਪੀਨੇ ਆਂ। ਨਾਲੇ ਥੋਡੇ ਭਾਬੀ ਜੀ ਨੂੰ ਮਿਲਣਾ।"

ਕਮਲਾ ਨੇ ਗਲਾਸ ਮੂੰਹ ਨੂੰ ਲਾਇਆ ਹੀ ਸੀ। ਇੱਕ ਘੁੱਟ ਭਰੀ ਸੀ। ਇੱਕੋ ਘੁੱਟ ਮੂੰਹ ਵਿਚ ਜ਼ਹਿਰ ਬਣ ਬੈਠੀ। ਗਲਾਸ ਉਸ ਨੇ ਮੇਜ਼ 'ਤੇ ਧਰ ਦਿੱਤਾ। ਪਾਣੀ ਦੀ ਘੱਟ ਮਸਾਂ ਸੰਘੋ ਥੱਲੇ ਕੀਤੀ। ਉਹ ਗੁਲਵੰਤ ਦੇ ਚਿਹਰੇ ਵੱਲ ਝਾਕੀ ਤੇ ਝਾਕਦੀ ਹੀ ਰਹੀ। ਉਸ ਦੀਆਂ ਅੱਖਾਂ ਗਹਿਰੀਆਂ ਹੋ ਗਈਆਂ ਸਨ।

"ਕੀ ਦੇਖਦੇ ਓ, ਕਮਲਾ ਜੀ?" ਗੁਲਵੰਤ ਬੋਲਿਆ।

"ਅੱਛਾ ਜੀ, ਮੈਂ ਚਲੀ ਆਂ। ਚਾਹ ਦੀ ਕੋਈ ਲੋੜ ਨਹੀਂ। ਮੈਂ ਤਾਂ ਸਰਸੇ ਤੋਂ ਆਈ ਸੀ। ਕਿਸੇ ਦੱਸਿਆ ਸੀ, ਤੁਸੀਂ ਏਥੇ ਓਂ। ਸੋਚਿਆ, ਮਿਲ ਈ ਜਾਵਾਂ। ਬੱਸ, ਠੀਕ ਐ। ਮੈਂ ਚਲੀ ਆਂ।"

ਨਹੀਂ, ਅੱਜ ਤਾਂ ਨਾ ਜਾਓ, ਕਮਲਾ ਜੀ। ਅੱਜ ਰਹੋ। ਕੱਲ੍ਹ ਨੂੰ ਜਾਣਾ।'

"ਨਹੀਂ, ਬੱਸ।"

"ਚੰਗਾ, ਜੇ ਜਾਣਾ ਈ ਐ, ਤਾਂ ਸ਼ਾਮ ਨੂੰ ਜਾਣਾ।"

"ਨਹੀਂ, ਬੱਸ, ਠੀਕ ਐ।" ਉਹ ਖੜ੍ਹੀ ਹੋ ਗਈ।

ਗੁਲਵੰਤ ਉਸ ਨੂੰ ਅੱਡੇ ਤੀਕ ਛੱਡਣ ਆਇਆ।

ਬਾਰਾਂ ਵੱਜ ਚੁੱਕੇ ਸਨ।

ਬਰਨਾਲੇ ਪੁੱਜ ਕੇ ਉਸ ਬੱਸ ਬਦਲੀ। ਸ਼ਹਿਰ ਪਹੁੰਚੀ। ਚਾਰ ਵੱਜ ਗਏ ਸਨ। ਉਹ ਬੱਸ ਸਟੈਂਡ 'ਤੇ ਹੀ ਖੜ੍ਹੀ ਰਹੀ। ਸੋਚਦੀ ਸੀ ਕਿ ਰਾਜੇਸ਼ ਹੁਣੇ ਸਕੂਲੋਂ ਆਵੇਗਾ ਤੇ ਉਹ ਉਸ ਨੂੰ ਮਿਲੇਗੀ। ਉਸ ਦੇ ਸਕੂਲ ਦੇ ਸਾਰੇ ਟੀਚਰ ਆ ਚੁੱਕੇ ਸਨ। ਰਾਜੇਸ਼ ਨਹੀਂ ਸੀ ਆਇਆ।

"ਕਮਲਾ, ਅੱਜ ਤੂੰ ਸਕੂਲ ਨਹੀਂ ਆਈ?" ਉਸ ਦੀ ਇੱਕ ਕੁਲੀਗ ਨੇ ਪੁੱਛਿਆ।

"ਪਿੰਡ ਗਈ ਸੀ। ਘਰ ਦਿਆਂ ਨੇ ਬੁਲਾਇਆ ਸੀ।"

"ਹੈਡਮਾਸਟਰ ਸਾਅਬ ਪੁੱਛਦੇ ਸੀ, ਕਹਿੰਦੇ ਸੀ-ਲੀਵ ਹੈ ਕਿਸੇ ਕੋਲ ਕਮਲਾ ਦੀ?"

"ਰਾਜੇਸ਼ ਆਇਆ ਸੀ।"

"ਰਾਜੇਸ਼?" ਕੁਲੀਗ ਕੁੜੀ ਨੇ ਬੁੱਲ੍ਹ ਘੁੱਟੇ ਤੇ ਅੱਖਾਂ ਵਿਚ ਸ਼ਰਾਰਤ ਭਰ ਕੇ ਦੱਸਿਆ, "ਰਜੇਸ਼ ਨਹੀਂ ਆਇਆ।"

ਤੇਰਾ ਚਿਹਰਾ ਉਦਾਸ ਜਿਹਾ ਕਿਉਂ ਐ, ਕਮਲਾ?"

"ਐਵੇਂ ਬੱਸ, ਸਫ਼ਰ ਦੀ ਥਕਾਵਟ ਹੈ।"

ਕੁਲੀਗ ਕੁੜੀ ਚਲੀ ਗਈ।

ਕਮਲਾ ਭਗਤ ਸਿੰਘ ਕਾਲੋਨੀ ਵਿਚ ਨਹੀਂ ਗਈ। ਰਿਕਸ਼ਾ ਲਿਆ ਤੇ ਮਾਡਲ ਟਾਊਨ ਨੂੰ ਚੱਲ ਪਈ।

ਰਾਜੇਸ਼ ਦੇ ਕਮਰੇ ਅੱਗੇ ਪੁਲੀਸ ਦਾ ਪਹਿਰਾ ਸੀ। ਪੋਸਟ ਮਾਰਟਮ ਲਈ ਉਸ ਦੀ ਲਾਸ ਹਸਪਤਾਲ ਪਹੁੰਚ ਚੁੱਕੀ ਸੀ। ਉਸਦੇ ਮੇਜ਼ 'ਤੇ ਪਈ ਸ਼ੀਸ਼ੀ ਤੋਂ ਪੁਲਿਸ ਨੇ ਅੰਦਾਜ਼ਾ ਲਾਇਆ ਸੀ ਉਸ ਨੇ ਪਿਛਲੀ ਰਾਤ ਨੀਂਦ ਦੀਆਂ ਗੋਲੀਆਂ ਕੁਝ ਜ਼ਿਆਦਾ ਹੀ ਖਾ ਲਈਆਂ ਹੋਣਗੀਆਂ।