ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਇੱਕ ਢੇਰੀ ਮਿੱਟੀ ਦੀ

ਵਿਕੀਸਰੋਤ ਤੋਂ

ਇੱਕ ਢੇਰੀ ਮਿੱਟੀ ਦੀ

"ਖੜ੍ਹ ਭਾਬੀ। ਮੈਂ ਲੁਹੌਨੀ ਆਂ। ਕੜ੍ਹੀ ਵਾਲਾ ਤਪਲਾ ਟੇਢਾ ਨਾ ਹੋ ਜੇ ਕਿਤੇ।" ਲੱਸੀ ਦੀ ਬਾਲਟੀ ਟਾਹਲੀ ਕੋਲ ਰੱਖ ਕੇ ਸ਼ਿੰਦਰ ਨੇ ਰੋਟੀਆਂ ਵਾਲੇ ਟੋਕਰੇ ਨੂੰ ਹੱਥ ਪਾਇਆ। ਚਾਰ ਬਾਹਵਾਂ ਦੇ ਵੰਗਣੇ ਨੇ ਟੋਕਰਾ ਲੱਸੀ ਦੀ ਬਾਲਟੀ ਦੇ ਨਾਲ ਲੱਗਵਾਂ ਹੀ ਧਰ ਦਿੱਤਾ। ਕੱਚੇ ਡਲਿਆਂ ਦੇ ਅੜ੍ਹੋਕਣ ਲਾ ਦਿੱਤੇ।

"ਦੀ.. ਦੀਪਿਆ...ਵੇ ਦੀਪ...।" ਸ਼ਿੰਦਰ ਨੇ ਉੱਚੀ ਉੱਚੀ ਹਾਕਾਂ ਮਾਰੀਆਂ। ਟਰੈਕਟਰ ਦੇ ਖੜਕੇ ਵਿਚ ਦੀਪ ਦੇ ਕੰਨਾਂ ਤੀਕ ਕੋਈ ਆਵਾਜ਼ ਨਾ ਪਹੁੰਚੀ। "ਲੀਲਿਆ, ਜਾਹ, ਤੂੰ ਜਾਹ ਵੇ।ਟਰੈਕਟਰ ਮੂਹਰੇ ਹੋ ਕੇ ਦੱਸ ਮਾਮੇ ਨੂੰ" ਨਾਲ ਆਏ ਆਪਣੇ ਛੀ ਸੱਤ ਸਾਲ ਦੇ ਮੁੰਡੇ ਨੂੰ ਸਿਕੰਦਰ ਨੇ ਆਖਿਆ। ਮੁੰਡਾ ਟਰੈਕਟਰ ਵੱਲ ਸਿਰ ਮਦਾਨ ਭੱਜਿਆ।

ਦੋ ਵਿੱਘੇ ਕਣਕ ਦੇ ਵੱਢ ਨੂੰ ਪਰਸੋਂ ਹੀ ਟਿਊਬਵੈੱਲ ਦਾ ਪਾਣੀ ਲਾਇਆ ਗਿਆ ਸੀ। ਚਰ੍ਹੀ ਬੀਜਣ ਵਾਸਤੇ ਦੀਪ ਅੱਜ ਸਵੇਰ ਤੋਂ ਹੀ ਉਸ ਨੂੰ ਤਵੀਆਂ ਵਾਲੇ ਹਲਾਂ ਨਾਲ ਵਾਹ ਰਿਹਾ ਸੀ। ਪਰ੍ਹੇ ਦੂਰ ਸਾਰੇ ਇੱਕ ਸੀਰੀ ਤੇ ਚਾਰ ਦਿਹਾੜੀਏ ਥੋੜ੍ਹੀ ਜਿਹੀ ਰਹਿੰਦੀ ਕਣਕ ਵੱਢ ਰਹੇ ਸਨ।

ਨਣਦ-ਭਰਜਾਈ ਰੋਟੀਆਂ ਵਾਲੇ ਟੋਕਰੇ ਦੇ ਕੋਲ ਬੈਠ ਗਈਆਂ ਤੇ ਰੋਟੀ ਖਾਣ ਵਾਲਿਆ ਦੀ ਉਡੀਕ ਕਰਨ ਲੱਗੀਆਂ।

ਸਾਰੇ ਜਣੇ ਰੋਟੀ ਖਾ ਕੇ ਆਪਣੇ ਕੰਮ 'ਤੇ ਜਾ ਲੱਗੇ। ਭਾਬੀ ਭਾਂਡੇ ਮਾਂਜਣ ਲੱਗੀ। ਸਿੰਦਰ ਲੀਲੇ ਨੂੰ ਉਂਗਲੀ ਲਾ ਕੇ ਟਿਊਬਵੈੱਲ ਵੱਲ ਤੁਰ ਪਈ।

ਟਿਊਬਵੈੱਲ ਵਾਲੇ ਕਮਰੇ ਦੇ ਸੱਜੇ ਹੱਥ ਵਿਹਲੀ ਪਈ ਥਾਂ 'ਤੇ ਜੋ ਇੱਕ ਥੜ੍ਹਾ ਜਿਹਾ ਉਭਰਿਆ ਹੁੰਦਾ ਸੀ, ਉਹ ਹੁਣ ਨਹੀਂ ਸੀ। ਉੱਥੇ ਤਾਂ ਜ਼ਮੀਨ ਪੱਧਰ ਕਰ ਦਿੱਤੀ ਗਈ ਸੀ। ਥੜ੍ਹੇ ਵਾਲੀ ਥਾਂ ਦਾ ਤਾਂ ਕੋਈ ਨਾ-ਨਿਸ਼ਾਨ ਨਹੀਂ ਸੀ ਰਿਹਾ। ਇਕ ਬਿੰਦ ਉਹ ਥਾਂ ਦੀ ਥਾਂ ਖੜ੍ਹੀ ਸੋਚਦੀ ਰਹੀ-ਥੜ੍ਹਾ ਕਾਹਨੂੰ ਪੱਟਣਾ ਸੀ ਕਿਸੇ ਨੇ? ਲੀਲਾ ਕਮਰੇ ਦਾ ਕੁੰਡਾ ਖੋਲ ਕੇ ਟਿਊਬਵੈੱਲ ਦੀ ਮੋਟਰ ਨੂੰ ਹੱਥ ਲਾ ਲਾ ਦੇਖਣ ਲੱਗ ਪਿਆ ਸੀ। ਉਹ ਖ਼ਾਲ ਦੀ ਵੱਟ 'ਤੇ ਬੈਠ ਗਈ ਅਤੇ ਕਣਕ ਦੀ ਤੀਲ ਨਾਲੋਂ ਡੱਕਾ ਤੋੜ ਕੇ ਦੰਦ ਖੁਰਚਣ ਲੱਗੀ।

ਸਿੰਦਰ ਪ੍ਰੈੱਪ ਵਿਚ ਪੜ੍ਹਦੀ ਸੀ। ਕਾਲਜ ਪਿੰਡ ਤੋਂ ਦੋ ਕੁ ਮੀਲ ਹੀ ਸੀ। ਉਸ ਪਿੰਡ ਦੇ ਮੁੰਡੇ ਕੁੜੀਆਂ ਸਾਈਕਲਾਂ 'ਤੇ ਕਾਲਜ ਜਾਂਦੇ। ਆਲੇ ਦੁਆਲੇ ਦੇ ਹੋਰ ਕਈ ਪਿੰਡਾਂ ਤੋਂ ਵੀ ਏਸੇ ਤਰ੍ਹਾਂ ਮੁੰਡੇ ਕੁੜੀਆਂ ਸਾਈਕਲਾਂ 'ਤੇ ਕਾਲਜ ਆਉਂਦੇ ਸਨ। ਦਸ ਬਾਰਾਂ ਪਿੰਡਾਂ ਦੇ ਵਿਚਕਾਰ ਇਹ ਇੱਕ ਭਰਪੂਰ ਕਾਲਜ ਸੀ। ਨਾਲ ਦੇ ਪਿੰਡ ਦਾ ਇੱਕ ਮੁੰਡਾ ਸੰਤੋਖ ਸਿੰਦਰ ਦੇ ਮਨ ਗੁਡ ਗਿਆ ਸੀ। ਸੰਤੋਖ ਵੀ ਉਸ ਨੂੰ ਚਾਹੁੰਦਾ ਸੀ। ਦੋਵੇਂ ਜਣੇ ਹਾਕੀ ਗਰਾਉਂਡ ਦੀ ਬਾਊਂਡਰੀ ਲਾਈਨ 'ਤੇ ਖੜ੍ਹੇ ਇੱਕ ਤੂਤ ਦੀਆਂ ਨੀਵੀਆਂ ਨੀਵੀਆਂ ਡਾਹਣੀਆਂ ਨੂੰ ਇੱਕ ਇੱਕ ਹੱਥ ਪਾਈ ਘੰਟਾ ਘੰਟਾ ਦੋ ਦੋ ਘੰਟੇ ਗੱਲਾਂ ਕਰਦੇ ਰਹਿੰਦੇ। ਕੋਈ ਨਾ ਉਨ੍ਹਾਂ ਨੂੰ ਟੋਕਦਾ, ਕੋਈ ਨਾ ਉਨ੍ਹਾਂ ਨੂੰ ਝਿੜਕਦਾ, ਰੋਕਦਾ। ਮੁੰਡਾ ਸੀ ਭਾਵੇਂ ਜੱਟਾਂ ਦਾ ਹੀ, ਪਰ ਗ਼ਰੀਬ ਘਰ ਦਾ ਸੀ। ਗ਼ਰੀਬੀ ਅਮੀਰੀ ਦੋਵਾਂ ਵਿਚਕਾਰ ਕੋਈ ਮਸਲਾ ਨਹੀਂ ਸੀ। ਉਹ ਤਾਂ ਇਕ ਦੂਜੇ 'ਤੇ ਜਾਨ ਦਿੰਦੇ ਸਨ। ਕੁੜੀ ਜ਼ੋਰ ਦੇ ਰਹੀ ਸੀ, ਉਨ੍ਹਾਂ ਦੀ ਮੰਗਣੀ ਹੋ ਜਾਵੇ। ਵਿਆਹ ਦੀ ਅਜੇ ਕੋਈ ਕਾਹਲ ਨਹੀਂ ਭਾਵੇਂ ਆਪਾਂ ਕਿੰਨਾਂ ਪੜ੍ਹ ਲਈਏ। ਕੁੜੀ ਨੇ ਮਾਂ ਕੋਲ ਗੱਲ ਕੀਤੀ। ਮਾਂ ਨੇ ਪਿਓ ਨੂੰ ਪੁੱਛਿਆ "ਹੌਲਦਾਰ ਸੰਤਾ ਸਿੰਘ? ਓਹੀ ਸੰਤਾ ਜਿਹੜਾ ਉੱਧਰੋਂ ਈ ਕਿਤੋਂ ਮੁੱਲ ਦੀ ਤੀਮੀਂ ਲੈ ਕੇ ਆਇਆ ਸੀ? ਓਸੇ ਤੀਮੀਂ ਦਾ ਮੁੰਡਾ ਹੋਣੈ, ਇਹ ਸੰਤੋਖ? ਸੰਤੇ ਦੇ ਮੁੰਡੇ ਨੂੰ ਸਾਕ ਕਰਨ ਦੀ ਥਾਂ ਕੁੜੀ ਦਾ ਗਲ ਨਾ ਘੁੱਟ ਦਿਆਂ?"

ਸਿੰਦਰ ਕਾਲਜ ਜਾਂਦੀ ਰਹੀ-ਨਿਰਾਸ਼ੀ, ਨਿਰਾਸ਼ੀ। ਸੰਤੋਖ ਨੂੰ ਉਸ ਨੇ ਆਖਿਆ, "ਵਿਆਹ ਤਾਂ ਆਪਣਾ ਹੋਣਾ ਨਹੀਂ। ਚੱਲ ਮੈਨੂੰ ਲੈ ਚੱਲ ਕਿਧਰੇ। ਨਹੀਂ ਤਾਂ ਇਨ੍ਹਾਂ ਚੰਡਾਲਾਂ ਨੇ ਮੈਨੂੰ ਕਿਸੇ ਹੋਰ ਥਾਂ ਮੰਗ ਵਿਆਹ ਦੇਣੈ। ਬਾਪੂ ਤਾਂ ਕੌੜਾ ਕੌੜਾ ਝਾਕਦਾ ਰਹਿੰਦੈ। ਕਈ ਵਾਰ ਮਾਂ ਨੂੰ ਆਖ ਚੁੱਕਿਐ-ਹਟਾ ਲੈ ਕੁੜੀ ਨੂੰ ਕਾਲਜੋ।"

ਸੰਤੋਖ ਵਿਚ ਐਨੀ ਹਿੰਮਤ ਨਹੀਂ ਸੀ।

ਸਿੰਦਰ ਦੇ ਬਾਪੂ ਨੇ ਉਸ ਸਾਲ ਇਕ ਪਿੰਡ ਵਿਚ ਆਪਣੇ ਤੋਂ ਉੱਚੇ ਘਰ ਉਸ ਨੂੰ ਮੰਗ ਦਿੱਤਾ ਤੇ ਉਸ ਨੂੰ ਕਾਲਜ ਜਾਣੋਂ ਵੀ ਹਟਾ ਲਿਆ। ਉਸ ਦਾ ਮੰਗੇਤਰ ਦਸਵੀਂ ਵਿਚੋਂ ਤਿੰਨ ਵਾਰੀ ਫੇਲ੍ਹ ਹੋ ਕੇ ਘਰ ਦੇ ਕੰਮ ਵਿਚ ਹੀ ਪੈ ਗਿਆ ਸੀ। ਮੂੰਹ 'ਤੇ ਮਾਤਾ ਦੇ ਦਾਗ਼ ਸਨ। ਇੱਕ ਅੱਖੋਂ ਥੋੜ੍ਹਾ ਜਿਹਾ ਚਿੱਟਾ ਚਿੱਟਾ ਝਾਕਦਾ ਸੀ। ਉਸ ਦੇ ਹਿੱਸੇ ਦੀ ਚਾਲੀ ਕਿੱਲੇ ਜ਼ਮੀਨ ਦੇਖ ਕੇ ਸੋਨੇ ਦੀ ਡਲੀ ਸਿੰਦਰ ਵਾਸਤੇ ਮਾਤਾ ਦੇ ਦਾਗ਼ ਤੇ ਅੱਖ ਦਾ ਚਿੱਟਾ ਉਸ ਦੇ ਬਾਪੂ ਲਈ 'ਕੋਈ ਗੱਲ ਨਹੀਂ' ਹੋ ਗਏ ਸਨ।

ਸਿੰਦਰ ਉਦਾਸ ਉਦਾਸ ਘਰ ਬੈਠੀ ਰਹਿੰਦੀ। ਉਸ ਦੀ ਮਾਂ ਉਸ ਨੂੰ ਕੋਈ ਵੀ ਕੰਮ ਕਰਨ ਲਈ ਨਹੀਂ ਸੀ ਕਹਿੰਦੀ। ਪਿਓ ਬਾਹਰੋਂ ਆਉਂਦਾ ਤਾਂ ਉਸਦੀ ਮਾਂ ਨੂੰ ਝਿੜਕਦਾ। ਵੱਢੂ-ਖਾਊਂ ਕਰਦਾ। "ਸੱਥਰ ਵਿਛਾ ਛੱਡਿਐ ਏਹਨੇ। ਏਦੂ ਤਾਂ ਫੀਮ ਘੋਲ ਕੇ ਪੀ ਲਵੇ, ਕੰਜਰੀ। ਸੰਤੇ ਦਾ ਮੁੰਡਾ ਕਿਧਰੋਂ ਪੋਲੀਆਂ ਖਵਾ ਦਿੰਦਾ ਏਹਨੂੰ। ਰਾਜਿਆਂ ਵਰਗਾ ਘਰ ਟੋਲ ਤੈ, ਹੋਰ ਏਹਨੇ ਦੱਸ ਕੀ ਲੈਣੈ?"

ਦੀਪ, ਉਹ ਦਾ ਵੱਡਾ ਭਾਈ ਮਾਂ ਨੂੰ ਕੁੱਦ ਕੁੱਦ ਪੈਂਦਾ। "ਅਕੇ ਕਾਲਜ 'ਚ ਲਾ ਦਿਓ ਸਿੰਦਰ ਨੂੰ। ਚਾੜ੍ਹ 'ਤਾ ਚੰਦ। ਮਾਂ, ਤੈਂ ਕੀਤੀਆਂ ਸਾਰੀਆਂ। ਐਹੀ ਜ੍ਹੀ ਕੁੜੀ ਤਾਂ ਜੰਮਦੀ ਨੂੰ ਟੋਆ ਪੁੱਟ ਕੇ ਦੱਬ ਦੇਵੇ। ਵਿਆਹ ਤੋਂ ਪਿੱਛੋਂ ਮੁਸਕ ਵੀ ਏਹਦਾ ਪਿੰਡ 'ਚ ਆ ਗਿਆ ਤਾਂ ਕਹਿੰਦੀ।"

ਮਾਂ ਚੁੱਪ ਕੀਤੀ ਸਭ ਕੁਝ ਸੁਣਦੀ ਰਹਿੰਦੀ। ਸਿੰਦਰ ਬੈਠਕ ਵਿਚ ਡੁਸਕਦੀ ਰਹਿੰਦੀ। ਮਾਂ ਉਸ ਨੂੰ ਦਿਲਾਸਾ ਦਿੰਦੀ। ਸਮਝਾਉਂਦੀ। ਕਦੇ ਪਿਆਰ ਨਾਲ, ਕਦੇ ਮਿੱਠਾ ਮਿੱਠਾ ਝਿੜਕ ਕੇ। ਹੌਲੀ ਹੌਲੀ ਸਿੰਦਰ ਕੰਮ ਨੂੰ ਹੱਥ ਪਾਉਣ ਲੱਗ ਪਈ। ਇੱਕ ਦਿਨ ਉਹ ਖੇਤ ਗਈ। ਨਾਲ ਉਸ ਦੀ ਇੱਕ ਸਹੇਲੀ ਸੀ, ਪਰਮਿੰਦਰ। ਅਸਲ ਵਿਚ ਪਰਮਿੰਦਰ ਹੀ ਉਸ ਨੂੰ ਖੇਤ ਲੈ ਕੇ ਗਈ ਸੀ। ਕਪਾਹ ਦੇ ਟੀਂਡਿਆਂ ਨੇ ਮੂੰਹ ਖੋਲ੍ਹੇ ਹੀ ਸਨ। ਉਨ੍ਹਾਂ ਦੇ ਟਿਊਬਵੈੱਲ 'ਤੇ ਬੀਜੀ ਕਪਾਹ ਸੰਘਣੀ ਸੀ, ਬੜੀ ਮੱਲੀ ਹੋਈ, ਉੱਚੀ ਉੱਚੀ। ਮਿੱਥੇ ਸਮੇਂ ਅਨੁਸਾਰ ਸੰਤੋਖ ਵੀ ਆ ਗਿਆ। ਪਰਮਿੰਦਰ ਟਾਹਲੀ ਥੱਲੇ ਬੈਠੀ ਇੱਕ ਕਿਤਾਬ ਫਰੋਲਦੀ ਰਹੀ। ਉਹ ਦੋਵੇਂ ਕਪਾਹ ਦੇ ਸੰਘਣੇ ਜੰਗਲ ਵਿਚ ਗੁਆਚੇ ਹੋਏ ਸਨ।

ਪਰਮਿੰਦਰ ਦੇ ਸਰੀਰ ਵਿਚ ਅਜੀਬ ਕਿਸਮ ਦਾ ਸੁਆਦ ਚੱਕਰ ਲਾ ਰਿਹਾ ਸੀ। ਉਹ ਖੁਸ਼ ਸੀ ਕਿ ਉਸ ਨੇ ਦੋ ਤੜਪਦੀਆਂ ਜਿੰਦੜੀਆਂ ਨੂੰ ਆਖ਼ਰ ਮਿਲਾ ਹੀ ਦਿੱਤਾ ਸੀ। ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਉਸ ਨੇ ਆਪਣੇ ਸਿਰ ਤੇ ਖੜ੍ਹੇ ਦੀਪ ਨੂੰ ਦੇਖਿਆ। "ਪਰਮਿੰਦਰ, ਤੂੰ ਐਥੇ ਬੈਠੀ ਐਂ?" ਦੀਪ ਨੇ ਮੁਸਕਰਾ ਕੇ ਪੁੱਛਿਆ। ਪਰਮਿੰਦਰ ਦੀ ਜੀਭ ਤਾਏ ਨਾਲ ਲੱਗੀ ਹੋਈ ਸੀ। ਤੇ ਫਿਰ ਦੀਪ ਨੇ ਕਪਾਹ ਦੇ ਟੂਸੇ ਹਿੱਲਦੇ ਦੇਖੇ। ਉਹ ਓਧਰ ਨੂੰ ਅਹੁਲਿਆ। ਗੰਦਮੀ ਰੰਗ ਦਾ ਇੱਕ ਮੁੰਡਾ ਜਿਸ ਦੀ ਠੋਡੀ 'ਤੇ ਲੂੰਈ ਫੁੱਟੀ ਹੋਈ ਸੀ, ਕਿਆਰੇ 'ਚੋਂ ਬਾਹਰ ਹੋਇਆ। ਦੀਪ ਦੀਆਂ ਅੱਖਾਂ ਮੂਹਰੇ ਹਨੇਰਾ ਆ ਗਿਆ, ਜਦ ਉਸ ਨੇ ਦੇਖਿਆ ਕਿ ਸਿੰਦਰ ਵੀ ਇੱਕ ਪਾਸਿਓਂ ਬਾਹਰ ਨਿਕਲੀ ਹੈ। ਦੀਪ ਦੇ ਹੱਥ ਵਿਚ ਲੱਕੜ ਦੇ ਛੋਟੇ ਜਿਹੇ ਬਹੇਂ ਵਾਲਾ ਗੰਡਾਸਾ ਸੀ। ਟਿਊਬਵੈੱਲ ਵਾਲੇ ਕਮਰੇ ਦੇ ਬਨੇਰੇ ਨਾਲ ਖਹਿੰਦਾ ਟਾਹਲੀ ਦਾ ਇੱਕ ਡਾਹਣਾ ਉਹ ਵੱਢ ਆਇਆ ਸੀ। ਸਿੰਦਰ ਨੂੰ ਉਸ ਦੇ ਖੇਤ ਆਉਣ ਦਾ ਕੋਈ ਪਤਾ ਨਹੀਂ ਸੀ। ਬੱਦਲ ਦੀ ਛਾਂ ਵਾਂਗ ਅੱਗੇ ਵਧ ਕੇ ਦੀਪ ਨੇ ਸੰਤੋਖ ਦੇ ਸਿਰ ਵੱਲ ਗੰਡਾਸੇ ਦਾ ਵਾਰ ਕੀਤਾ। ਤਿੰਨ ਦੌੜਾਂ ਨਾਲ ਹੀ ਉਸ ਦੀ ਲੱਥ ਖ਼ਾਲ ਵਿਚ ਪਈ ਤੜਫ਼ਦੀ ਸੀ। ਸਿੰਦਰ ਤੇ ਪਰਮਿੰਦਰ ਨੇ ਕੂਕਾਂ ਛੱਡੀਆਂ। ਪਰ ਜਦ ਉਨ੍ਹਾਂ ਨੇ ਦੇਖਿਆ ਕਿ ਉਹ ਉਨ੍ਹਾਂ ਵੱਲ ਵੀ ਆ ਰਿਹਾ ਹੈ, ਉਹ ਚੁੱਪ ਕਰ ਗਈਆਂ ਤੇ ਦੰਦ ਘੁੱਟ ਕੇ ਬੈਠ ਗਈਆਂ। ਉਹ ਉਨ੍ਹਾਂ ਦੋਵਾਂ ਨੂੰ ਬਾਹੋਂ ਫੜ ਕੇ ਟਿਊਬਵੈੱਲ ਵਾਲੇ ਕਮਰੇ ਵਿਚ ਲੈ ਗਿਆ। ਬਾਹਰਲਾ ਕੁੰਡਾ ਉਨ੍ਹਾਂ ਨੂੰ ਲਾ ਕੇ ਆਪ ਉਹ ਕਹੀ ਨਾਲ ਟੋਆ ਪੁੱਟਣ ਲੱਗ ਪਿਆ। ਅੰਦਰ ਬੈਠੀਆਂ ਉਹ ਬੜੀ ਧੀਮੀ ਆਵਾਜ਼ ਵਿਚ ਰੋ ਰਹੀਆਂ ਸਨ ਤੇ ਕਹੀ ਦੇ ਭਰਵੇਂ ਟੱਕਾਂ ਨੂੰ ਸੁਣ ਰਹੀਆਂ ਸਨ। ਥੋੜ੍ਹੇ ਚਿਰ ਵਿਚ ਹੀ ਦੀਪ ਨੇ ਸੰਤੋਖ ਦੀ ਲੋਥ ਡੂੰਘੇ ਟੋਏ ਵਿਚ ਦੱਬ ਕੇ ਉੱਪਰੋਂ ਚੰਗੀ ਤਰ੍ਹਾਂ ਮਿੱਟੀ ਥਾਪੜ ਦਿੱਤੀ। ਕਮਰੇ ਦਾ ਕੁੰਡਾ ਖੋਲ੍ਹ ਕੇ ਕੁੜੀਆਂ ਨੂੰ ਕੜਕਿਆ, "ਖ਼ਬਰਦਾਰ, ਜੇ ਪਿੰਡ ਜਾ ਕੇ ਸਾਹ ਕੱਢਿਐ।"

ਭਾਬੀ ਨੇ ਹਾਕ ਮਾਰੀ। ਸਿੰਦਰ ਥੜ੍ਹੇ ਵਾਲੀ ਥਾਂ 'ਤੇ ਬੈਠੀ ਮਿੱਟੀ ਦੀ ਇੱਕ ਢੇਰੀ ਬਣਾ ਰਹੀ ਸੀ। ਉਸ ਨੇ ਜਵਾਬ ਦਿੱਤਾ, "ਚੱਲ ਭਾਬੀ ਔਨੀਂ ਆਂ।" ਤੇ ਉਸ ਦੇ ਕੋਲ ਖੜ੍ਹੇ ਬਿਟ ਬਿਟ ਤੱਕ ਰਹੇ ਮੁੰਡੇ ਨੇ ਉਸ ਨੂੰ ਆਖਿਆ, "ਦੋ ਮੁੱਠੀਆਂ ਮਿੱਟੀ ਤੂੰ ਵੀ ਚੜ੍ਹਾ ਦੇ ਏਸ ਫੇਰੀ 'ਤੇ।"