ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਸ਼ੀਹਣੀਂ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਸ਼ੀਹਣੀਂਉਸ ਦੀ ਬਰਾਤ ਆਉਣ ਵਿਚ ਸਿਰਫ਼ ਦੋ ਦਿਨ ਰਹਿੰਦੇ ਸਨ। ਅੱਜ ਸਵੇਰੇ ਜਦ ਉਹ 'ਬਾਹਰ' ਨਿਆਈਂ ਗਈ ਸੀ ਤਾਂ ਹਰਨੇਕ ਦੀ ਵੱਡੀ ਭਰਜਾਈ ਨੇ ਉਸ ਨੂੰ ਇੱਕ ਚਿੱਠੀ ਫੜਾਈ ਸੀ, ਜਿਸ ਵਿਚ ਲਿਖਿਆ ਸੀ, ਫਿਰ ਤਾਂ ਮੌਕਾ ਨਹੀਂ ਮਿਲਣਾ। ਪਤਾ ਨਹੀਂ ਸਹੁਰਿਆਂ ਤੋਂ ਕਦ ਮੁੜੇਂ। ਅੱਜ ਆਥਣੇ ਹਨੇਰਾ ਜਿਹਾ ਹੋਏ ਤੋਂ ਕਰਨੀ ਬੁੜ੍ਹੀ ਦੇ ਘਰ ਆ ਜਾਈਂ।

ਪਿਛਲੀ ਵਾਰ ਜਦ ਉਸ ਮਿਲੀ ਸੀ ਤਾਂ ਉਸ ਨੇ ਬਹੁਤ ਜ਼ਿਆਦਾ ਵਾਸਤੇ ਪਾਏ ਸਨ, ਉਹਦੇ ਪੈਰੀਂ ਹੱਥ ਵੀ ਲਾ ਦਿੱਤੇ ਸਨ ਤੇ ਕਿਹਾ ਸੀ ਕਿ ਉਹ ਉਸ ਦੀ ਬਾਰਾਤ ਆਉਣ ਤੋਂ ਪਹਿਲਾਂ ਪਹਿਲਾਂ ਉਸ ਨੂੰ 'ਕੱਢ' ਕੇ ਲੈ ਜਾਵੇ, ਭਾਵੇਂ ਕਿਤੇ ਲੈ ਜਾਵੇ। ਉਹ ਮੰਨਿਆ ਨਹੀਂ ਸੀ। ਫਿਰ ਉਸ ਨੇ ਬਹੁਤ ਗੰਭੀਰ ਹੋ ਕੇ ਆਖਿਆ ਸੀ ਕਿ ਉਹ ਉਸ ਨੂੰ ਹੁਣ ਕਦੇ ਵੀ ਨਾ ਬੁਲਾਵੇ। ਕੀ ਫ਼ਾਇਦਾ ਇਸ ਤਰ੍ਹਾਂ ਧੱਕੇ ਖਾਣ ਦਾ?

ਹਰਨੇਕ ਕਾਲਜ ਵਿਚ ਪੜ੍ਹਦਾ ਸੀ। ਉਹ ਪਿੰਡ ਦੇ ਸਕੂਲ ਵਿਚ ਦਸਵੀਂ ਜਮਾਤ ਵਿਚ ਪੜ੍ਹਦੀ ਹੁੰਦੀ। ਹਰਨੇਕ ਦਾ ਘਰ ਉਨ੍ਹਾਂ ਦੇ ਘਰ ਦੇ ਨੇੜੇ ਸੀ। ਹਰਨੇਕ ਦੀ ਮਾਂ ਨੂੰ ਪੁੱਛ ਕੇ ਉਹ ਕਦੇ ਉਸ ਕੋਲ ਅੰਗਰੇਜ਼ੀ ਦਾ ਗਰੈਮਰ ਸਮਝਣ ਆ ਜਾਇਆ ਕਰਦੀ। ਇੱਕ ਦਿਨ ਹਰਨੇਕ ਨੇ....। ਉਸ ਦਾ ਬਹੁਤ ਬੁਰਾ ਮਨਾਇਆ ਸੀ। ਘਰਾਂ ਵਿਚੋਂ ਹੀ ਚਾਚੇ ਦਾ ਪੁੱਤ ਹੋ ਕੇ ਉਸ ਦਾ ਕੀ ਕੰਮ? ਝੱਟ ਹਰਨੇਕ ਨੇ ਉਸ ਤੋਂ ਮਾਫ਼ੀ ਮੰਗ ਲਈ ਸੀ। ਉਹ ਫਿਰ ਵੀ ਉਨ੍ਹਾਂ ਦੇ ਘਰ ਆਉਂਦੀ ਜਾਂਦੀ ਰਹੀ ਸੀ। ਇੱਕ ਦਿਨ ਫਿਰ ਉਸ ਨੇ...।

ਇਕ ਦਿਨ ਹਰਨੇਕ ਉਨ੍ਹਾਂ ਦੇ ਘਰ ਆਇਆ ਸੀ। ਉਨ੍ਹਾਂ ਦਾ ਕੋਈ ਹੋਰ ਘਰ ਨਹੀਂ ਸੀ।

ਇਹ ਸਿਲਸਿਲਾ ਫਿਰ ਤਾਂ ਆਮ ਹੋ ਗਿਆ ਸੀ।

ਕਰਨੀ ਬੁੜ੍ਹੀ ਦਾ ਘਰ ਵਾਲਾ ਕਦੋਂ ਦਾ ਮਰ ਚੁੱਕਿਆ ਸੀ। ਦੋ ਧੀਆਂ ਸਨ, ਵਿਆਹ ਵਰ ਦਿੱਤੀਆਂ ਸਨ। ਮੁੰਡਾ ਕੋਈ ਨਹੀਂ ਸੀ। ਇਕੱਲੀ ਜਾਨ ਦੀ ਜਾਨ। ਹਰਨੇਕ ਨੇ 'ਤਾਈ ਜੀ', 'ਤਾਈ ਜੀ' ਕਰਕੇ ਉਸ ਕੋਲ ਗੱਲ ਖੋਲ੍ਹ ਦਿੱਤੀ। ਉਸ ਨਾਲ ਉਹ ਬਹੁਤਾ ਹੀ ਮਿੱਠਾ ਪਿਆਰਾ ਬਣਕੇ ਰਹਿੰਦਾ। ਜਦੋਂ ਉਨ੍ਹਾਂ ਦਾ ਦਾਅ ਲੱਗਦਾ, ਉਹ ਕਰਨੀ ਦੇ ਘਰ ਆ ਜਾਂਦੇ।

ਇਵੇਂ ਜਿਵੇਂ ਦਿਨ ਲੰਘਦੇ ਗਏ।

ਕੁੜੀ ਨੇ ਦਸਵੀਂ ਪਾਸ ਕਰ ਲਈ ਸੀ। ਹਰਨੇਕ ਬੀ. ਏ. ਪਾਰਟ ਪਹਿਲੇ ਵਿਚੋਂ ਤਿੰਨ ਵਾਰੀ ਫੇਲ੍ਹ ਹੋ ਕੇ ਘਰ ਬੈਠ ਗਿਆ ਸੀ। ਜ਼ਮੀਨ ਉਨ੍ਹਾਂ ਕੋਲ ਚੰਗੀ ਸੀ। ਹਰਨੇਕ ਦੇ ਦੋਵੇਂ ਭਰਾ ਵਾਹੀ ਦਾ ਕੰਮ ਜਿਉਂ ਤੇ ਕਿਉਂ ਕਰਦੇ ਸਨ। ਹਰਨੇਕ ਉਨ੍ਹਾਂ ਦੀ ਮਾੜੀ ਮੋਟੀ ਮੱਦਦ ਕਰਦਾ, ਜਾਨ ਤੋੜ ਕੇ ਉਸ ਨੇ ਕਦੇ ਵੀ ਕੰਮ ਨਹੀਂ ਸੀ ਕੀਤਾ। ਦੋਵੇਂ ਭਰਾ ਉਸ ਨੂੰ ਔਖਾ ਕਰਕੇ ਰਾਜ਼ੀ ਵੀ ਨਹੀਂ ਸਨ। ਉਹ ਤਾਂ ਚਾਹੁੰਦੇ ਸਨ ਕਿ ਉਹ ਨੌਕਰੀ ਲੈ ਲਵੇ। ਮਿੱਟੀ ਨਾਲ ਮਿੱਟੀ ਹੋ ਕੇ ਰਹਿਣ ਵਾਲਾ ਖੇਤੀਬਾੜੀ ਦਾ ਕੰਮ ਉਸ ਤੋਂ ਹੋਣਾ ਨਹੀਂ।

ਕੁੜੀ ਨੇ ਇੱਕ ਦਿਨ ਸੁਣਿਆ, ਉਸ ਦਾ ਪਿਓ ਉਸ ਨੂੰ ਕਿਤੇ ਮੰਗ ਆਇਆ ਹੈ। ਮੁੰਡਾ ਦਸ ਜਮਾਤਾਂ ਪੜ੍ਹ ਕੇ ਓਵਰਸੀਅਰੀ ਦਾ ਕੋਰਸ ਕਰ ਰਿਹਾ ਹੈ।

ਕਰਨੀ ਦੇ ਘਰ ਕੁੜੀ ਨੇ ਇੱਕ ਦਿਨ ਹਰਨੇਕ ਨੂੰ ਪੂਰੇ ਦਿਲ ਨਾਲ ਪੁੱਛਿਆ-

'ਇੱਕ ਗੱਲ ਆਖਾਂ ਹਰਨੇਕ?'

'ਆਖ।'

'ਭੱਜਦਾ ਤਾਂ ਨੀ?'

'ਅੱਗੇ ਕਦੇ ਭੱਜਿਆ ਮੈਂ ਤੈਥੋਂ?'

ਜਿਹੜਾ ਕੁਛ ਕੁੜੀ ਕੋਲ ਹੁੰਦੈ, ਉਹ ਤਾਂ ਮੈਂ ਤੈਨੂੰ ਦੇ ਬੈਠੀ, ਬਿਗਾਨੇ ਪੁੱਤ ਨੂੰ ਹੁਣ ਕੀ ਮੂੰਹ ਦਿਖਾਊਂ?

'ਬਿਗਾਨੇ ਪੁੱਤ ਵਾਸਤੇ ਅਜੇ ਬਥੇਰੇ ਕੁਛ ਹੈਗਾ ਤੇਰੇ ਕੋਲ। ਤੂੰ ਬੁੜ੍ਹੀ ਤਾਂ ਨੀ ਹੋਗੀ।'

'ਦੇਖ ਹਰਨੇਕ, ਜੇ ਅਸਲੀ ਪੁੱਛਦੈ ਤਾਂ ਮੈਂ ਤੇਰੇ ਵਸਣਾ ਚਾਹੁਨੀ ਆਂ।'

ਹਰਨੇਕ ਹੱਸਿਆ, "ਮੇਰੇ ਕਿਵੇਂ ਵਸੇਂਗੀ?"

'ਹੋਂਸਲਾ ਕਰ।'

'ਪਿੰਡ ਦੇ ਮੁੰਡੇ ਨਾਲ ਜੇ ਇਸ਼ਕ ਕੀਤਾ ਜਾ ਸਕਦੈ ਤਾਂ ਵਿਆਹ ਕਿਉਂ ਨੀ?'

'ਇਸ਼ਕ ਹੋਰ ਚੀਜ਼ ਐ, ਵਿਆਹ ਹੋਰ ਚੀਜ਼।'

'ਇਸ਼ਕ ਦਾ ਮਤਲਬ ਇਹੀ ਐ, ਆਪਣੀ ਹਵਸ ਪੂਰੀ ਕਰੋ, ਕਿਸੇ ਦਾ ਭਾਵੇਂ ਕੁੱਖ ਨਾ ਰਹੇ?'

'ਤੇਰੇ ਮਾਪੇ ਮੰਨ ਜਾਣਗੇ?'

'ਮੰਨਣਗੇ ਤਾਂ ਤੇਰੇ ਵੀ ਨਹੀਂ।'

'ਫੇਰ ਪੂਰ ਕਿਵੇਂ ਚੜ੍ਹੇ ਇਹ ਗੱਲ?'

'ਜਿੱਦਣ ਲਾਈਆਂ ਸੀ ਓਦਣ ਮਾਪਿਆਂ ਤੋਂ ਪੁੱਛਿਆ ਸੀ?'

'ਤੂੰ ਪਾਗਲ ਤਾਂ ਨੀ ਹੋ ਗਈ ਨਿੰਦੀਏ?'

'ਪਾਗਲ ਨਹੀਂ, ਮੈਨੂੰ ਹੋਸ਼ ਈ ਹੁਣ ਆਈ ਐ ਹਰਨੇਕ!'

'ਹੋਸ਼ ਨੀ, ਮਰਨ ਦਾ 'ਰਾਦਾ ਕੀਤਾ ਹੋਇਐ।'

ਹੁਣ ਜਦ ਹਰਨੇਕ ਨੇ ਉਸ ਨੂੰ ਫਿਰ ਕਰਨੀ ਬੁੜ੍ਹੀ ਦੇ ਘਰ ਬੁਲਾ ਲਿਆ ਸੀ ਤਾਂ ਉਹ ਇਹ ਸਮਝ ਬੈਠੀ ਸੀ, ਸ਼ਾਇਦ ਹਰਨੇਕ ਕਿਸੇ ਫ਼ੈਸਲੇ 'ਤੇ ਪਹੁੰਚ ਹੀ ਗਿਆ ਹੋਵੇ?

ਕਰਨੀ ਘਰ ਹੀ ਸੀ। ਹਰਨੇਕ ਦਿਨ ਛਿਪਣ ਦੇ ਨਾਲ ਹੀ ਉਸ ਦੇ ਘਰ ਆ ਬੈਠਾ ਸੀ। 'ਐਡੀ ਛੇਤੀ ਮਿਆਂਕ ਗਿਆ ਹੁਣ ਤੂੰ? ਦਸ ਦਿਨ ਹੋਏ ਤੇਰੇ ਨਾਲ ਐਨੀਂ ਕਰਕੇ ਗਈ ਸੀ ਉਹ। ਸਰਿਆ ਬਿਸ਼ਰਮਾ?' ਬੁੜ੍ਹੀ ਨੇ ਪੈਂਦੀ ਸੱਟੇ ਹਰਨੇਕ ਨੂੰ ਝਾੜ ਪਾਈ।

'ਤਾਈ ਜੀ, ਮਖਿਆ, ਜਾਂਦੀ ਵਾਰੀ ਦਾ ਲਾਹਾ ਈ ਲੈ ਲੀਏ। ਫੇਰ ਕਿਹਨੇ ਮਿਲਣ ਦੇਣੈ ਉਹ ਨੂੰ?' ਹਰਨੇਕ ਕੱਚੀ ਜਿਹੀ ਹਾਸੀ ਹੱਸਿਆ।

'ਜਿਹੜੀ ਗੱਲ ਉਹ ਕਹਿੰਦੀ ਸੀ। ਉਸ ਵਾਸਤੇ ਕਰੇਗਾ ਤੇਰਾ ਜੇਰਾ। ਤੂੰ ਤਾਂ ਘੋਗੜ ਐਂ, ਨਿਰਾ!'

'ਉਹਦੇ ਵਾਲੀ ਗੱਲ ਨੀ ਪੁਗਦੀ ਤਾਈ ਜੀ। ਉਹ ਤਾਂ ਕਮਲੀ ਐ। ਇਹ ਗੱਲ ਵੀ ਬਣ ਸਕਦੀ ਐ ਕਦੇ?'

"ਬਣ ਕਿਉਂ ਨੀ ਸਕਦੀ? ਤੇਰੇ ਸਾਹਮਣੇ ਸੱਘੜ ਨੀ ਲਈ ਬੈਠਾ ਪਿੰਡ ਦੀ ਕੁੜੀ।'

'ਲਈ ਬੈਠੇ ਤਾਂ ਥੋੜ੍ਹੀ ਹੋਈ ਸੀ ਇਹਦੇ ਨਾਲ। ਵੀਹ ਸਾਲ ਪਿੰਡ ਨੀ ਵੜ੍ਹਨ ਦਿੱਤਾ, ਅਗਲਿਆਂ ਨੇ। ਪਿਛਲੀ ਉਮਰ ਵਿਚ ਹੁਣ ਆ ਗਿਐ।'

'ਭਾਵੇਂ ਨਰਕ ਵਿਚ ਰਹੇ, ਪਰ ਯਾਰੀ ਤਾਂ ਪੁਗਾਈ। ਤੂੰ ਕੀ ਸਾਰ ਜਾਣੇ ਦੇ ਇਨ੍ਹਾਂ ਕੰਮਾਂ ਦੀ। ਇਕ ਬੱਸ ਚੰਮ ਦਾ ਸੁਆਦ ਮੁੱਖ ਰਖਿਐ ਤੂੰ ਤਾਂ।'

ਬੁੜ੍ਹੀ ਪੂਰੀ ਤਰ੍ਹਾਂ ਹਰਨੇਕ ਨੂੰ ਠਣਕਾ ਰਹੀ ਸੀ। ਉਹ ਨੀਵੀਂ ਪਾਈ ਬੈਠਾ ਸੀ ਤੇ ਹੌਲੀ ਹੌਲੀ ਬੋਲ ਰਿਹਾ ਸੀ। ਉਸ ਨੂੰ ਲੱਗਦਾ ਸੀ ਜਿਵੇਂ ਚੱਜ ਦੇ ਜਵਾਬ ਉਸ ਨੂੰ ਔੜ ਨਾ ਰਹੇ ਹੋਣ।

ਦਰਵਾਜ਼ੇ ਦਾ ਅੰਦਰਲਾ ਕੁੰਡਾ ਲਾ ਆਈ? ਬੁੜੀ ਨੇ ਨਰਿੰਦਰ ਨੂੰ ਪੁੱਛਿਆ।

'ਨਾ। ਕੁੰਡੇ ਨੂੰ ਕੀ ਐ, ਤਾਈ ਜੀ?'

'ਹੈ ਕਿਉਂ ਨੀ ਕੁੜੀਏ। ਮੇਰੇ ਧੌਲ਼ ਝਾਟੇ 'ਚ ਖੇਹ ਪਵੌਣੀ ਐ? ਕਿਸੇ ਨੂੰ ਬਿੜਕ ਹੋਗੀ ਤਾਂ ਕੀ ਕਹੂ ਮੈਨੂੰ? ਤੈਨੂੰ ਕੀ ਕਹੂ ਤੇ ਇਹਨੂੰ ਕੀ ਕਹੂ?'

ਕਰਨੀ ਉੱਠੀ। ਕੰਧੋਲੀ 'ਤੋਂ ਮੁੱਠੀ ਜਿੰਦਾ ਚੁੱਕਿਆ। ਦਰਵਾਜ਼ੇ ਵੱਲ ਵਧੀ। ਬਾਹਰ ਨਿਕਲ ਕੇ ਤਖ਼ਤੇ ਭੇੜੇ ਤੇ ਮੁੱਠੀ ਜਿੰਦਾ ਲਾ ਦਿੱਤਾ। ਆਪ ਉਹ ਨਰਿੰਦਰ ਕੇ ਘਰ ਜਾ ਬੈਠੀ। ਨਰਿੰਦਰ ਦੀ ਮਾਂ ਨਾਲ ਵਿਆਹ ਦੀਆਂ ਗੱਲਾਂ ਕਰਨ ਲੱਗੀ।

ਹਰਨੇਕ ਨੇ ਨਰਿੰਦਰ ਦੀ ਬਾਂਹ ਫੜੀ ਤੇ ਉਸ ਨੂੰ ਸਬ੍ਹਾਤ ਵਿਚ ਧੂਹ ਲਿਆ। ਨਰਿੰਦਰ ਨੇ ਬਾਂਹ ਛੁਡਾ ਲਈ ਉਹ ਕੜਕੀ 'ਬੰਦੇ ਦਾ ਪੁੱਤ ਐਂ ਤਾਂ ਗੱਲ ਸੁਣ ਲੈ, ਮੇਰੀ ਖੜ੍ਹਕੇ।'

ਹਰਨੇਕ ਨੇ ਉਸ ਨੂੰ ਮੰਜੇ 'ਤੇ ਸੁੱਟਣ ਦੀ ਕੋਸ਼ਿਸ਼ ਕੀਤੀ। ਨਰਿੰਦਰ ਅੜੀ ਖੜ੍ਹੀ ਸੀ।

'ਗੱਲਾਂ ਫੇਰ ਕਰਾਂਗੇ ਪਹਿਲਾਂ....।' ਹਰਨੇਕ ਕਹਿ ਰਿਹਾ ਸੀ।

ਉਸ ਨੇ ਬਥੇਰੀ ਕੋਸ਼ਿਸ਼ ਕੀਤੀ, ਪਰ ਨਰਿੰਦਰ ਨੇ ਇੱਕ ਵੀ ਨਾ ਮੰਨੀ।

ਸਬ੍ਹਾਤ ਵਿਚ ਬਲ੍ਹਬ ਦੀ ਮੱਧਮ ਰੌਸ਼ਨੀ। ਉਹ ਦੋਵੇਂ ਮੰਜੇ 'ਤੇ ਬੈਠੇ ਹੋਏ ਸਨ, ਦੋਵੇਂ ਹੀ ਚੁੱਪ ਸਨ। ਅਗਲੇ ਬਿੰਦ ਹੀ ਨਰਿੰਦਰ ਮੰਜੇ ਦੀ ਬਾਹੀ 'ਤੇ ਹੋ ਗਈ। ਹਰਨੇਕ ਦਾ ਹੱਥ ਫੜ ਕੇ ਕਹਿਣ ਲੱਗੀ,... "ਦੇਖ ਹਰਨੇਕ, ਮੈਂ ਤੈਥੋਂ ਕੁਛ ਵੀ ਲੁਕੋਅ ਕੇ ਨਹੀਂ ਰੱਖਿਆ, ਤੂੰ ਸਭ ਮਨ ਆਈਆਂ ਕੀਤੀਆਂ। ਕਦੇ ਨਾਂਹ ਕੀਤੀ ਤੈਨੂੰ?" ਹਰਨੇਕ ਉਸ ਦੇ ਮੂੰਹ ਵੱਲ ਝਾਕਿਆ ਹੀ।

'ਪਰਸੋਂ ਨੂੰ ਮੇਰੀ ਬਰਾਤ ਔਣੀ ਐ। ਅੱਜ ਰਾਤ ਈ ਮੈਨੂੰ ਲੈ ਚੱਲ। ਭਾਵੇਂ ਕਿਤੇ ਲੈ ਚੱਲ। ਮੈਂ ਟੋਕਰੀ ਢੋਹ ਕੇ ਵੀ ਗੁਜ਼ਾਰਾ ਕਰ ਲੂੰਗੀ। ਜੋ ਵੀ ਹੋਇਆ, ਕਰੂੰਗੀ।'

'ਤੇ ਮੈਂ ਕੀ ਕਰੂੰਗਾ?'

'ਤੂੰ ਕੀ ਨੀ ਕਰ ਸਕਦਾ? ਤੇਰੇ ਹੱਥ ਹੈਗੇ ਐ, ਦਿਮਾਗ਼ ਹੈਗੇ, ਦਿਮਾਗ਼ 'ਚ ਚਾਰ ਅੱਖਰ ਵੀ ਨੇ।'

'ਜਾਇਦਾਦ ਦਾ ਮਾਲਕ ਹੋ ਕੇ ਸ਼ਰਮ ਨੀ ਆਉ ਮੈਨੂੰ?'

'ਮੈਨੂੰ ਪੁੱਟ ਕੇ ਰੱਖ 'ਤਾ, ਇਹ ਸ਼ਰਮ ਨਾ ਆਈ ਤੈਨੂੰ?'

'ਕੀ ਪੱਟ 'ਤਾ ਤੈਨੂੰ?'

'ਮੇਰਾ ਰਿਹਾ ਦੱਸ ਕੀ ਐ, ਮੇਰੇ ਕੋਲ?'

'ਵਿਆਹ ਕਰਵਾ, ਜਾਹ, ਮੌਜਾਂ ਕਰ। ਕੀ ਹੋਇਐ ਤੈਨੂੰ?'

ਅਸਲ 'ਚ ਹਰਨੇਕ, ਮੈਂ ਤਾਂ ਤੇਰੇ ਨਾਲ ਈ ਸਾਰੀ ਜ਼ਿੰਦਗੀ ਕੱਢਣੀ ਐ। ਤੂੰ ਮੈਨੂੰ ਲੈ ਜਾ ਅੱਜ ਈ ਕਿਧਰੇ। ਤੇਰੀ ਜਾਇਦਾਦ ਕਿਤੇ ਨੀ ਜਾਂਦੀ। ਪੰਜ-ਸੱਤ ਸਾਲਾਂ ਬਾਅਦ ਐਥੇ ਈ ਮੁੜਕੇ ਆ ਜਾਂਗੇ?'

'ਏਥੇ ਈ ਆ ਜਾਂਗੇ?'

'ਹਾਂ, ਕੀ ਕਹਿ ਦੂ ਕੋਈ ਆਪਾਂ ਨੂੰ?'

ਹਰਨੇਕ ਹੱਸਿਆ, 'ਇਹ ਗੱਲ ਤਾਂ ਬਿਲਕੁਲ ਈ ਨੀ ਹੋ ਸਕਦੀ, ਨਿੰਦੀ।'

'ਹੋ ਕਿਉਂ ਨੀ ਸਕਦੀ?'

ਨਰਿੰਦਰ ਨੇ ਹਰਨੇਕ ਦੇ ਦੋਵੇਂ ਹੱਥ ਆਪਣੇ ਹੱਥਾਂ ਵਿਚ ਫੜਕੇ ਹਿੱਕ ਨਾਲ ਘੁੱਟ ਲਏ। ਹਰਨੇਕ ਦੇ ਹੱਥ ਉਸ ਨੂੰ ਠੰਡੇ ਠੰਡੇ ਲੱਗੇ। ਨਰਿੰਦਰ ਨੇ ਆਪਣੇ ਹੱਥਾਂ ਦੀ ਪਕੜ ਥੋੜ੍ਹੀ ਜਿਹੀ ਢਿੱਲੀ ਕੀਤੀ ਤਾਂ ਹਰਨੇਕ ਨੇ ਆਪਣੇ ਹੱਥ ਹੌਲੀ ਹੌਲੀ ਉਸ ਦੇ ਹੱਥਾਂ ਵਿਚੋਂ ਖਿਸਕਾ ਲਏ।

'ਨਹੀਂ' ਕਹਿ ਕੇ ਉਹ ਮੰਜੇ ਤੋਂ ਉੱਠਿਆ। ਅਗਵਾੜੀ ਲਈ। ਬਾਹੀ 'ਤੇ ਬੈਠੀ ਨਰਿੰਦਰ ਨੂੰ ਉਸ ਨੇ ਮੋਢਿਆਂ ਤੋਂ ਫੜ ਕੇ ਮੰਜੇ 'ਤੇ ਸੁੱਟਣਾ ਚਾਹਿਆ, ਪਰ ਨਰਿੰਦਰ ਤਾਂ ਜਿਵੇਂ ਲੋਹੇ ਦੀ ਬਣੀ ਬੈਠੀ ਹੋਵੇ। ਕਹਿਣ ਲੱਗੀ, "ਏਸ ਕੰਮ ਦੀ ਕੋਈ ਲੋੜ ਨੀ ਬੱਸ। ਮੇਰੇ ਨਾਲ ਤੇਰਾ ਕੋਈ ਸਬੰਧ ਨੀ।'

'ਤੂੰ ਸਿੱਧੀ ਹੋ?' ਹਰਨੇਕ ਨੇ ਜ਼ਬਰਦਸਤੀ ਕੀਤੀ।

ਉਹ ਮੰਜੇ ਤੋਂ ਖੜ੍ਹੀ ਹੋ ਗਈ। ਦੋਵੇਂ ਗੁੱਥਮ ਗੁੱਥਾ ਹੋਣ ਲੱਗੇ। ਦੋਵਾਂ ਦੇ ਸਾਹ ਚੜ੍ਹੇ ਹੋਏ ਸਨ।

ਤਰੀੜ ਕੇ ਨਰਿੰਦਰ ਨੇ ਆਪਣੇ ਆਪ ਨੂੰ ਹਰਨੇਕ ਦੀਆਂ ਬਾਹਾਂ 'ਚੋਂ ਛੁਡਾਇਆ ਤੇ ਪਰ੍ਹਾਂ ਜਾ ਖੜ੍ਹੀ। ਉਹ ਫਿਰ ਉਸ ਵੱਲ ਅਹੁਲਿਆ। ਕਾੜ ਕਰਦੀ ਚਪੇੜ ਨਰਿੰਦਰ ਨੇ ਹਰਨੇਕ ਦੇ ਮੂੰਹ 'ਤੇ ਮਾਰੀ। ਸ਼ੀਹਣੀਂ ਵਾਂਗ ਉਹ ਗੱਜੀ, 'ਹਰਾਮਜ਼ਾਦਾ, ਕਮੀਨਾ ਨਾ ਹੋਵੇ ਤਾਂ।'

ਹਰਨੇਕ ਠਠੰਬਰ ਕੇ ਖੜ੍ਹੋ ਗਿਆ। ਨਾ ਉਹ ਨਰਿੰਦਰ ਵੱਲ ਵਧਿਆ ਤੇ ਨਾ ਹੀ ਮੂੰਹੋ ਕੋਈ ਬੋਲ ਕੱਢਿਆ। ਨਰਿੰਦਰ ਨੇ ਜਿਵੇਂ ਉਸ ਦੀ ਸੁਰਤ ਟਿਕਾਣੇ ਲਿਆ ਦਿੱਤੀ ਹੋਵੇ। ਦੂਜੇ ਬਿੰਦ ਹੀ ਕਰਨੀ ਬੁੜ੍ਹੀ ਨੇ ਬਾਹਰੋਂ ਜਿੰਦਾ ਖੋਲ੍ਹਿਆ ਤੇ ਦਰਵਾਜ਼ਾ ਲੰਘ ਕੇ ਵਿਹੜੇ ਵਿਚ ਆ ਗਈ। ਨਰਿੰਦਰ ਸਬ੍ਹਾਤ ਵਿਚੋਂ ਨਿਕਲ ਕੇ ਜਾ ਰਹੀ ਸੀ।

'ਕਿਉਂ, ਕੁੜੇ, ਮੂੰਹ ਘਰੂਟ ਵਰਗਾ ਕੀਤੈ? ਕਿਤੇ ਲੜ ਤਾਂ ਨੀ ਪਏ? ਕੀ ਆਖਤਾ ਤੈਨੂੰ ਮੁੰਡੇ ਨੇ?' ਬੁੱਢੀ ਨੇ ਨਰਿੰਦਰ ਦਾ ਮੋਢਾ ਫੜ ਕੇ ਇੱਕੋ ਸਾਹ ਤਿੰਨ ਸਵਾਲ ਕੀਤੇ। ਨਰਿੰਦਰ ਦਾ ਰੋਣ ਨਿਕਲ ਗਿਆ। ਉਹ ਕੇਵਲ ਐਨਾ ਹੀ ਬੋਲ ਸਕੀ, 'ਛੱਡ ਦਿਓ, ਤਾਈ ਜੀ ਬੱਸ। ਕਰਨੀ ਤੋਂ ਮੋਢਾ ਛੁਡਾ ਕੇ ਉਹ ਘਰ ਨੂੰ ਚਲੀ ਗਈ। *