ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਮਨੁੱਖ ਦੀ ਬੇਅਦਬੀ
ਮੈਂ ਤੁਹਾਨੂੰ ਇੱਕ ਲਤੀਫ਼ਾ ਸੁਣਾਉਂਦਾ ਹਾਂ। ਪਰ ਨਹੀਂ, ਮੈਂ ਤੁਹਾਨੂੰ ਆਪਣੀ ਬੇਅਦਬੀ ਦੀ ਗੱਲ ਸੁਣਾਉਂਦਾ ਹਾਂ। ਚਲੋ, ਖ਼ੈਰ, ਤੁਸੀਂ ਗੱਲ ਸੁਣੋ। ਤੁਸੀਂ ਇਸ ਨੂੰ ਲਤੀਫ਼ਾ ਸਮਝ ਲੈਣਾ, ਮੈਂ ਆਪਣੀ ਬੇਅਦਬੀ ਸਮਝਾਂਗਾ। ਪਰ ਇਹ ਗੱਲ ਬਾਅਦ ਵਿਚ ਸੁਣਾਵਾਂਗਾ। ਪਹਿਲਾਂ ਇੱਕ ਨਿੱਕੀ ਜਿਹੀ ਹੋਰ ਗੱਲ ਸੁਣ ਲਓ।
ਸੰਤਾਲੀ ਅਜੇ ਵਾਪਰਿਆ ਨਹੀਂ ਸੀ। ਉਨ੍ਹਾਂ ਦਿਨਾਂ ਵਿਚ ਮੈਂ ਪੰਜਵੀਂ ਜਾਂ ਸ਼ਾਇਦ ਛੇਵੀਂ ਜਮਾਤ ਵਿਚ ਪੜ੍ਹਦਾ ਹੋਵਾਂਗਾ। ਮੇਰੇ ਨਾਲ ਮਰਾਸੀਆਂ ਦਾ ਇਕ ਮੁੰਡਾ ਪੜ੍ਹਦਾ ਹੁੰਦਾ ਸੀ। ਉਹਦਾ ਨਾਂ ਖਾਲਿਕ ਸੀ। ਇਕਹਿਰੇ ਅੰਗਾਂ ਦਾ ਮੁੰਡਾ। ਉਹਦਾ ਲੰਬੂਤਰਾ ਮੂੰਹ ਮੈਨੂੰ ਅਜੇ ਤੱਕ ਯਾਦ ਹੈ। ਮੋਟੀਆਂ ਮੋਟੀਆਂ ਅੱਖਾਂ, ਜਿਵੇਂ ਗੱਲਾਂ ਕਰਦੀਆਂ। ਸਿਰ ਦੀਆਂ ਬੋਦੀਆਂ ਪਿਛਾਂਹ ਨੂੰ ਵਾਹ ਕੇ ਰੱਖਦਾ। ਸਿਰ ਤਾਂ ਮੇਰਾ ਵੀ ਉਨ੍ਹਾਂ ਦਿਨਾਂ ਵਿਚ ਮੁੰਨਿਆ ਹੁੰਦਾ, ਪਰ ਮੈਂ ਪੱਗ ਬੰਨ੍ਹਦਾ ਸਾਂ। ਖਾਲਿਕ ਗਾਉਂਦਾ ਬਹੁਤ ਵਧੀਆ ਸੀ। ਮੇਰੇ ਨਾਲ ਉਹ ਦੀ ਦੋਸਤੀ ਸੀ। ਮੈਂ ਵੀ ਉਹ ਦੇ ਵਾਂਗ ਗਾਉਣ ਦੀ ਕੋਸ਼ਿਸ਼ ਕਰਦਾ। ਸਕੂਲੋਂ ਛੁੱਟੀ ਹੋਣ ਦੇ ਬਾਅਦ ਅਸੀਂ ਇਕੱਠੇ ਖੇਡਦੇ। ਪਹਿਲਾਂ ਸਕੂਲ ਦਾ ਕੰਮ ਕਰਦੇ, ਫੇਰ ਖੇਡਦੇ। ਖਾਲਿਕ ਮੇਰੇ ਬਗ਼ੈਰ ਰਹਿ ਨਹੀਂ ਸਕਦਾ ਸੀ। ਮੈਂ ਉਹਦੇ ਬਗ਼ੈਰ ਇਕੱਲਾ ਇਕ ਪਲ ਵੀ ਨਾ ਗੁਜ਼ਾਰਦਾ। ਅਸੀਂ ਦੋਵੇਂ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ। ਫੇਰ ਪਤਾ ਨਹੀਂ ਕਿਵੇਂ ਹੋਇਆ, ਸਾਡੇ ਸਕੂਲ ਦੇ ਇੱਕ ਮਾਸਟਰ ਨੇ ਮੁੰਡਿਆਂ ਦੀ ਇੱਕ ਲਿਸਟ ਬਣਾਈ। ਲਿਸਟ ਵਿਚ ਮੇਰਾ ਨਾਉਂ ਤਾਂ ਸੀ, ਖਾਲਿਕ ਦਾ ਨਾਉਂ ਨਹੀਂ ਸੀ।
ਪਿੰਡ ਵਿਚ ਇਕ ਢਹੀ ਹੋਈ ਹਵੇਲੀ ਦਾ ਵਿਹੜਾ ਪੱਧਰ ਕੀਤਾ ਗਿਆ। ਕਦੇ ਉਹ ਬਹੁਤ ਵੱਡੀ ਹਵੇਲੀ ਹੋਵੇਗੀ। ਨਿੱਕੀਆਂ ਇੱਟਾਂ ਦੀ ਹਵੇਲੀ ਸੀ। ਅਸੀਂ ਓਥੇ ਸ਼ਾਮ ਨੂੰ ਇਕੱਠੇ ਹੁੰਦੇ। ਸਾਡੀ ਵਰਦੀ ਵੀ ਸੀ-ਸਫ਼ੈਦ ਬੁਨੈਣ ਤੇ ਖਾਕੀ ਨਿੱਕਰ। ਸਾਡਾ ਓਹੀ ਮਾਸਟਰ ਸਾਨੂੰ ਨਚਾਉਂਦਾ ਟਪਾਉਂਦਾ। ਅਸੀਂ ਨਵੀਆਂ ਨਵੀਆਂ ਖੇਡਾਂ ਖੇਡਦੇ। ਸਾਡੇ ਮਾਸਟਰ ਤੋਂ ਵੱਡਾ ਉੱਥੇ ਇੱਕ ਹੋਰ ਆਦਮੀ ਵੀ ਆਉਂਦਾ ਹੁੰਦਾ। ਪਤਾ ਨਹੀਂ, ਉਹ ਕੌਣ ਸੀ। ਉਹਦੇ ਵੀ ਸਫ਼ੈਦ ਬੁਨੈਣ ਤੇ ਖਾਕੀ ਨਿੱਕਰ ਹੁੰਦੀ। ਮੁੰਡੇ ਹੱਸਦੇ, ਉਹਦੇ ਸਿਰ ਦੇ ਵਾਲਾਂ ਵਿਚ ਲੰਬਾ ਬੋਦਾ ਸੀ-ਗੰਢ ਦੇ ਕੇ ਪਿਛਾਂਹ ਨੂੰ ਸੁੱਟਿਆ ਹੋਇਆ। ਗੱਲਾਂ ਕਰਨ ਵੇਲੇ ਉਹ ਦਾ ਸਿਰ ਹਿੱਲਦਾ ਤਾਂ ਉਹ ਦੇ ਬੋਦੇ ਦੀ ਗੰਢ ਏਧਰ ਓਧਰ ਡਿਗਦੀ। ਮੁੰਡਿਆਂ ਦੀ ਹਾਸੀ ਨਿਕਲ ਜਾਂਦੀ। ਸਾਡਾ ਮਾਸਟਰ ਸਾਨੂੰ ਅੱਖਾਂ ਵਿਚ ਹੀ ਘੂਰਦਾ। ਸਾਡੇ ਮਾਸਟਰ ਤੋਂ ਉਹ ਵੱਡਾ ਕਿਉਂ ਸੀ? ਸਾਨੂੰ ਤਾਂ ਬਸ ਐਨਾ ਪਤਾ ਸੀ ਕਿ ਖੇਡਣ ਪਿਛੋਂ ਲਾਈਨਾਂ ਵਿਚ ਖੜ੍ਹਾ ਕਰਕੇ ਸਾਡਾ ਮਾਸਟਰ ਸਾਡੀ ਗਿਣਤੀ ਕਰਦਾ ਤੇ ਫੇਰ ਉਸ ਬੰਦੇ ਸਾਹਮਣੇ ਜਾ ਕੇ ਸਾਵਧਾਨ ਖੜ੍ਹਾ ਹੋ ਜਾਂਦਾ, ਮੁੰਡਿਆਂ ਦੀ ਗਿਣਤੀ ਦੱਸਦਾ।ਅਸੀਂ ਜਦੋਂ ਖੇਡ ਰਹੇ ਹੁੰਦੇ, ਖਾਲਿਕ ਦੂਰ ਖੜ੍ਹਾ ਮੈਨੂੰ ਦੇਖਦਾ ਰਹਿੰਦਾ। ਉਹ ਮੇਰੇ ਨਾਲ ਉੱਥੇ ਤੱਕ ਆਉਂਦਾ ਜ਼ਰੂਰ। ਜਿੰਨਾ ਚਿਰ ਮੈਂ ਖੇਡਦਾ, ਖਾਲਿਕ ਦੂਰ ਖੜ੍ਹ ਕੇ ਮੈਨੂੰ ਦੇਖਦਾ ਤੇ ਫੇਰ ਉੱਥੋਂ ਛੁੱਟੀ ਹੋਣ ਬਾਅਦ ਉਹ ਮੇਰੇ ਨਾਲ ਹੋ ਲੈਂਦਾ। ਮੈਨੂੰ ਤਾਂ ਬੱਸ ਐਨਾ ਹੀ ਪਤਾ ਸੀ ਤੇ ਇਹ ਖਾਲਿਕ ਵੀ ਜਾਣਦਾ ਸੀ ਕਿ ਉਹ ਸਾਡੇ ਨਾਲ ਉੱਥੇ ਇਹ ਵਧੀਆ ਵਧੀਆ ਖੇਡਾਂ ਕਿਉਂ ਨਹੀਂ ਖੇਡ ਸਕਦਾ। ਉਹ ਇਸ ਕਰਕੇ ਕਿ ਮਾਸਟਰ ਨੇ ਜੋ ਲਿਸਟ ਬਣਾਈ ਸੀ, ਉਸ ਵਿਚ ਖਾਲਿਕ ਦਾ ਨਾਉਂ ਨਹੀਂ ਸੀ। ਇੱਕ ਦਿਨ ਮਾਸਟਰ ਨੂੰ ਮੈਂ ਆਖਿਆ ਵੀ ਸੀ, "ਖਾਲਿਕ ਨੂੰ ਵੀ ਖਢਿਆ ਲਿਆ ਕਰੋ ਜੀ।"
ਮਾਸਟਰ ਪਹਿਲਾਂ ਤਾਂ ਮੇਰੇ ਵੱਲ ਕੌੜਾ ਕੌੜਾ ਝਾਕਿਆ, ਫੇਰ ਸਮਝੌਤੀ ਜਿਹੀ ਨਾਲ ਜਵਾਬ ਦਿੱਤਾ, "ਨਹੀਂ ਬੇਟੇ, ਉਹ ਨਹੀਂ ਤੁਹਾਡੇ 'ਚ ਆ ਸਕਦਾ। ਉੱਥੇ ਬੱਸ ਉਹੀ ਲੜਕੇ ਖੇਡ ਸਕਦੇ ਐ, ਜਿਨ੍ਹਾਂ ਦੀ ਮੈਂ ਲਿਸਟ ਬਣਾਈ ਸੀ।"
ਕਿਉਂ ਜੀ, ਕਹਿਣ ਦੀ ਮੇਰੇ ਵਿਚ ਹਿੰਮਤ ਨਹੀਂ ਸੀ। ਇਹ ਤਾਂ ਐਨੀ ਹੀ ਗੱਲ ਸੀ। ਹੁਣ ਤਾਂ ਉਹ ਗੱਲ ਸੁਣੋ, ਜਿਹੜੀ ਮੈਂ ਤੁਹਾਨੂੰ ਪਹਿਲਾਂ ਸੁਣਾਉਣ ਲੱਗਿਆ ਸੀ। ਤੁਸੀਂ ਇਸ ਨੂੰ ਲਤੀਫ਼ਾ ਸਮਝ ਲੈਣਾ, ਮੈਂ ਆਪਣੀ ਬੇਅਦਬੀ ਸਮਝਾਂਗਾ।
ਪਰ ਮੈਂ ਤੁਹਾਨੂੰ ਆਪਣੇ ਬਾਰੇ ਤਾਂ ਦੱਸ ਦਿਆਂ। ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਜ਼ਾਤ ਦਾ ਖੱਤਰੀ ਹਾਂ। ਮੇਰਾ ਨਾਂ ਹਿੰਦੂਆਂ ਵਰਗਾ ਹੈ। ਤੁਸੀਂ ਦੇਖਦੇ ਹੀ ਹੋ, ਮੈਂ ਕੇਸ ਦਾੜ੍ਹੀ ਰੱਖਦਾ ਹਾਂ। ਪਗੜੀ ਬੰਨ੍ਹਦਾ ਹਾਂ। ਸੱਜੇ ਹੱਥ ਵਿਚ ਲੋਹੇ ਦਾ ਕੜਾ ਪਹਿਨਦਾ ਹਾਂ। ਸਿਗਰਟ ਨਹੀਂ ਪੀਂਦਾ, ਪਰ ਮੇਰਾ ਧਰਮ ਕੋਈ ਨਹੀਂ।
-"ਵਾਹ, ਤੇਰਾ ਧਰਮ ਕੋਈ ਨਹੀਂ?" ਤੁਹਾਡੇ ਵਿਚੋਂ ਇੱਕ ਜਣੇ ਨੇ ਕਿਹਾ ਹੈ।
-"ਹਾਂ ਜਨਾਬ, ਦਾੜ੍ਹੀ ਕੇਸ ਤਾਂ ਮੈਂ ਏਸ ਕਰਕੇ ਰੱਖੇ ਹੋਏ ਹਨ, ਕਿਉਂਕਿ ਮੇਰਾ ਬਾਪ ਦਾੜ੍ਹੀ ਕੇਸਾਂ ਵਾਲਾ ਸੀ। ਉਹ ਪਗੜੀ ਬੰਨ੍ਹਦਾ ਹੁੰਦਾ, ਮੈਂ ਪਗੜੀ ਬੰਨ੍ਹਦਾ ਹਾਂ। ਫ਼ਰਕ ਐਨਾ, ਮੇਰਾ ਬਾਪ ਧਾਰਮਿਕ ਆਦਮੀ ਸੀ।"
-"ਤੂੰ ਤਾਂ ਫੇਰ ਨਾਸਤਕ ਹੋਇਆ।" ਤੁਸੀਂ ਆਖ ਲਵੋ।
-"ਹਾਂ ਭਾਈ ਸਾਅਬ, ਮੈਂ ਤਾਂ ਨਾਸਤਿਕ ਆਂ। ਪਰ ਨਾਸਤਿਕ ਹੋਣਾ ਵੀ ਜੇ ਕੋਈ ਧਰਮ ਐ ਤਾਂ ਮੈਂ ਉਹ ਨਹੀਂ।"
-"ਹੈਂ ਚਾਲਾਂ ਕਰਦਾ।" ਆਖੋ ਆਖੋ। ਤੁਸੀਂ ਕਹਿੰਦੇ ਹੋ, "ਤੂੰ ਹਿੰਦੂ ਵੀ ਨਹੀਂ, ਸਿੱਖ ਵੀ ਨਹੀਂ, ਹੋਰ ਤੂੰ ਮੁਸਲਮਾਨ ਐਂ ਜਾਂ ਮਜ੍ਹਬੀ ਐਂ?
ਮੈਂ ਕਹਿੰਦਾ ਹਾਂ-"ਮੁਸਲਮਾਨ ਤੇ ਮਜ੍ਹਬੀ ਵੀ ਤਾਂ ਮਨੁੱਖ ਹੁੰਦੇ ਐ। ਮੈਂ ਤਾਂ ਬੱਸ ਇੱਕ ਮਨੁੱਖ ਆਂ।
ਤੁਸੀਂ ਹੱਸ ਰਹੇ ਹੋ। ਅਗਿਆਨੀ ਲੋਕ ਹੱਸਿਆ ਹੀ ਕਰਦੇ ਹਨ।
-"ਅਗਿਆਨੀ ਅਸੀਂ ਨਹੀਂ। ਅਗਿਆਨੀ ਤੂੰ ਆਪ ਐਂ। ਕਿਸੇ ਦਾ ਔਖਾ ਬੋਲ।-ਅਖੇ-ਮੇਰਾ ਧਰਮ ਕੋਈ ਨਹੀਂ।" ਮਖੌਲ ਉਡਾਇਆ ਹੈ।
"ਹਾਂ, ਠੀਕ ਐ ਫੇਰ। ਇਹ ਦੇ ਵਿਚ ਖਿਝਣ ਵਾਲੀ ਕਿਹੜੀ ਗੱਲ ਐ? ਜਦੋਂ ਮੇਰਾ ਰੱਬ ਵਿਚ ਹੀ ਕੋਈ ਵਿਸ਼ਵਾਸ ਨਹੀਂ ਤਾਂ ਮੇਰਾ ਧਰਮ ਕਿਹੜਾ ਹੋਇਆ।"
"ਕਿਉਂ, ਕਿਉਂ ਨਹੀਂ ਰੱਬ ਵਿਚ ਤੇਰਾ ਵਿਸ਼ਵਾਸ?" ਇਕ ਆਦਮੀ ਅੱਖਾਂ ਲਾਲ ਕਰਦਾ ਹੈ। "ਨਹੀਂ ਹੈ।"
-"ਤੈਨੂੰ ਪੈਦਾ ਕੀਹਨੇ ਕੀਤਾ?"
-"ਮੇਰੇ ਮਾਂ ਬਾਪ ਨੇ।" ਮੈਂ ਸ਼ਾਂਤ ਚਿੱਤ ਹਾਂ। ਦੱਸਦਾ ਹਾਂ-'ਦੇਖੋ, ਮੈਂ ਤਾਂ ਮੁੱਢੋਂ ਹੀ ਨਾਸਤਿਕ ਹਾਂ। ਸਾਡੇ ਪਿੰਡ ਪ੍ਰਾਇਮਰੀ ਸਕੂਲ ਵਿਚ ਇਕ ਮਾਸਟਰ ਹੁੰਦਾ ਸੀ। ਉਹ ਸਾਨੂੰ ਦੂਜੀ ਤੀਜੀ ਜਮਾਤ ਵਿਚ ਹੀ ਅਜਿਹੀਆਂ ਕਹਾਣੀਆਂ ਸੁਣਾਇਆ ਕਰਦਾ ਕਿ ਅਸੀਂ ਭੂਤਾਂ ਪ੍ਰੇਤਾਂ ਤੋਂ ਡਰਨੋਂ ਹਟ ਗਏ। ਟੂਣੇ ਟਾਮਣ ਸਾਨੂੰ ਚਲਾਕ ਲੋਕਾਂ ਦੀ ਕਮਾਈ ਦਾ ਸਾਧਨ ਜਾਪਣ ਲੱਗੇ। ਦੇਵੀ ਦੇਵਤੇ ਸਭ ਮਨ ਘੜਤ। ਅੱਧਾ ਨਾਸਤਿਕ ਤਾਂ ਮੈਂ ਓਦੋਂ ਬਚਪਨ ਵਿਚ ਹੀ ਹੋ ਗਿਆ ਸੀ, ਤੇ ਫੇਰ ਬੀ. ਏ. ਵਿਚ ਪੜ੍ਹਦੇ ਨੇ ਜਦੋਂ ਭਗਤ ਸਿੰਘ ਦਾ ਲੇਖ ਪੜ੍ਹਿਆ ਤਾਂ ਮੁੜ ਮੁੜ ਓਸੇ ਲੇਖ ਨੂੰ ਚਾਰ ਵਾਰੀ ਪੜ੍ਹਿਆ।
"ਭਗਤ ਸਿੰਘ ਦਾ ਕਿਹੜਾ ਲੇਖ?"
"ਹੁਣ ਤੁਸੀਂ ਅਗਿਆਨੀ ਹੋਏ ਕਿ ਨਹੀਂ? ਭਗਤ ਸਿੰਘ ਦਾ ਲੇਖ, "ਮੈਂ ਨਾਸਤਿਕ ਕਿਉਂ ਹਾਂ, ਜਿਸ ਪੰਜਾਬੀ ਨੌਜਵਾਨ ਨੇ ਨਹੀਂ ਪੜ੍ਹਿਆ। ਸਮਝੋ ਉਹ ਨੇ ਕੁਝ ਵੀ ਹੋਰ ਨਹੀਂ ਪੜ੍ਹਿਆ।"
-"ਭਗਤ ਸਿੰਘ ਲਿਖਦਾ ਹੈ, "ਮੈਂ ਦੱਸਣ ਲੱਗਦਾ ਹਾਂ-"ਜਦ ਮਨੁੱਖ ਨੂੰ ਆਪਣੀਆਂ ਸੇਵਾਵਾਂ, ਕਮਜ਼ੋਰੀਆਂ ਤੇ ਕਮੀਆਂ ਦਾ ਅਹਿਸਾਸ ਹੋ ਗਿਆ ਤਾਂ ਉਹ ਨੇ ਰੱਬ ਦੀ ਕਾਲਪਨਿਕ ਹੋਂਦ ਬਣਾ ਲਈ ਤਾਂ ਕਿ ਇਮਤਿਹਾਨੀ ਹਾਲਤ ਦਾ ਦ੍ਰਿੜਤਾ ਨਾਲ ਸਾਹਮਣਾ ਕਰਨ ਲਈ ਮਨੁੱਖ ਨੂੰ ਹੌਸਲਾ ਮਿਲੇ ਤਾਂ ਕਿ ਸਾਰੇ ਖਤਰਿਆਂ ਦਾ ਜਵਾਂ-ਮਰਦੀ ਨਾਲ ਮੁਕਾਬਲਾ ਕਰ ਸਕੇ ਅਤੇ ਖੁਸ਼ਹਾਲੀ ਤੇ ਅਮੀਰੀ ਦੀ ਹਾਲਤ ਵਿਚ ਆਪਣੀਆਂ ਇੱਛਾਵਾਂ 'ਤੇ ਕਾਬੂ ਪਾ ਸਕੇ।" ਅੱਗੇ ਲਿਖਿਆ ਹੈ-"ਆਦਿ ਕਾਲ ਵਿਚ ਰੱਬ ਸੱਚੇ ਅਰਥਾਂ ਵਿਚ ਸਮਾਜ ਲਈ ਲਾਹੇਵੰਦ ਸੀ।" ਤੇ ਹੁਣ-"ਸਮਾਜ ਨੇ ਜਿਵੇਂ ਬੁੱਤ ਪੂਜਾ ਤੇ ਧਰਮ ਦੇ ਤੰਗ ਨਜ਼ਰ ਸੰਕਲਪ ਵਿਰੁੱਧ ਲੜਾਈ ਲੜੀ ਸੀ, ਓਸੇ ਤਰ੍ਹਾਂ ਸਮਾਜ ਨੂੰ ਰੱਬ ਦੇ ਵਿਸ਼ਵਾਸ ਵਿਰੁੱਧ ਲੜਨਾ ਪੈਣਾ ਹੈ।"
-"ਤੇਰਾ ਮਤਲਬ ਇਹ ਸ੍ਰਿਸ਼ਟੀ ਪ੍ਰਮਾਤਮਾ ਨੇ ਨਹੀਂ ਪੈਦਾ ਕੀਤੀ?" ਤੁਹਾਡਾ ਅਗਿਆਨ ਸਵਾਲ ਕਰਦਾ ਹੈ।
ਮੈਂ ਠੋਕ ਵਜਾ ਕੇ ਜਵਾਬ ਦਿੰਦਾ ਹਾਂ-ਹਾਂ ਜਨਾਬ, ਇਹ ਰੱਬ ਰੁੱਬ ਤੁਸੀਂ ਨੇ ਕਦੇ ਆਪ ਪੈਦਾ ਕੀਤਾ ਸੀ। ਰੱਬ ਇੱਕ ਵਿਸ਼ਵਾਸ ਦਾ ਨਾਂ ਐਂ। ਵਿਸ਼ਵਾਸ ਸਥਿਰ ਥੋੜ੍ਹਾ ਰਹੇ ਐ ਕਦੇ।"
ਤੁਸੀਂ ਬਹੁਤ ਕੁਝ ਆਖ ਸਕਦੇ ਹੋ। ਤੁਹਾਡੇ ਕੋਲ ਦਲੀਲਾਂ ਦੇ ਢੇਰ ਹਨ। ਪਰ ਮੈਂ ਬਹੁਤੀਆਂ ਦਲੀਲਾਂ ਨਹੀਂ ਦੇ ਸਕਦਾ। ਮੇਰਾ ਵਿਸ਼ਵਾਸ ਹੈ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਮਨੁੱਖ ਹੈ, ਜੋ ਕੁਝ ਵੀ ਹੈ। ਤੁਸੀਂ ਜਿੰਨਾ ਖਿਝਣਾ ਸੀ, ਖਿਝ ਹਟੇ ਤੇ ਫੇਰ ਹੱਸ ਕੇ ਕਿਹਾ ਹੈ-"ਚੰਗਾ, ਤੂੰ ਆਪਣਾ ਲਤੀਫ਼ਾ ਸੁਣਾਅ।"
-"ਹਾਂ, ਲਤੀਫ਼ਾ ਸਮਝੋ, ਚਾਹੇ ਕੁਝ, ਪਰ ਮੈਂ ਇਸ ਨੂੰ ਆਪਣੀ ਬੇਅਦਬੀ ਸਮਝਾਂਗਾ।"
-"ਓਏ ਚੱਲ, ਸ਼ੁਰੂ ਤਾਂ ਕਰ ਹੁਣ।" -"ਲਤੀਫ਼ਾ ਇਹ ਹੈ, ਹਾਂ-ਇਹ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਹਾਂ ਕਿ ਮੇਰਾ ਧਰਮ ਕੋਈ ਨਹੀਂ। ਨਾ ਹਿੰਦੂ, ਨਾ ਸਿੱਖ। ਪਰ ਅੰਮ੍ਰਿਤਸਰ ਦੇ ਨੀਲਾ ਤਾਰਾ ਅਪ੍ਰੇਸ਼ਨ ਤੋਂ ਪਹਿਲਾਂ ਮੇਰੇ ਇਲਾਕੇ ਵਿਚ ਮੈਨੂੰ ਕਿਧਰੇ ਵੀ ਹਿੰਦੂ ਸਮਝ ਕੇ ਕਤਲ ਕੀਤਾ ਜਾ ਸਕਦਾ ਸੀ। ਇੰਦਰਾ ਗਾਂਧੀ ਦੇ ਕਤਲ ਬਾਅਦ ਮੈਂ ਦਿੱਲੀ ਗਿਆ ਹੁੰਦਾ ਤਾਂ ਸਿੱਖ ਸਮਝਿਆ ਜਾਣ ਕਰਕੇ ਉੱਥੇ ਵੀ ਸਾੜਿਆ ਫੂਕਿਆ ਜਾ ਸਕਦਾ ਸੀ।"
"ਇਹ ਲਤੀਫ਼ਾ ਸੁਣਾ ਰਿਹਾ ਐਂ? ਫੇਰ ਓਹੀ ਗੱਲਾਂ।"
-"ਨਹੀਂ, ਲਤੀਫ਼ਾ ਹੁਣ ਸ਼ੁਰੂ ਹੁੰਦਾ ਹੈ, ਸੁਣੋ ਤਾਂ ਸਹੀ। ਸਾਡੇ ਸਕੂਲ ਵਿਚ ਜਿੱਥੇ ਮਾਸਟਰ ਆਂ, ਪੰਗਾਂ ਵਾਲੇ ਮਾਸਟਰ ਵੀ ਨੇ ਤੇ ਮੋਨੇ ਵੀ। ਪੰਜਾਬ ਵਿਚ ਤੁਸੀਂ ਦੇਖਦੇ ਹੀ ਹੋ, ਹਵਾ ਕਿਹੀ ਵਗੀ ਹੋਈ ਹੈ। ਚਾਰ ਪੰਜ ਮੋਨੇ ਮਾਸਟਰ ਸਿਰ ਜੋੜ ਕੇ ਘੁਸਰ ਮੁਸਰ ਕਰਦੇ ਹੋਣ, ਅਚਾਨਕ ਮੈਂ ਉਨ੍ਹਾਂ ਕੋਲ ਜਾ ਖੜ੍ਹਾਤਾਂ ਉਹ ਮੇਰੀ ਪੱਗ ਦੇਖ ਕੇ ਇਕਦਮ ਚੁੱਪ ਹੋ ਜਾਂਦੇ ਹਨ। ਪਰ ਇੱਕ ਬਿੰਦ ਕੁਝ ਸੋਚ ਕੇ ਫੇਰ ਉਹੀ ਗੱਲਾਂ ਕਰਨ ਲੱਗਦੇ ਹਨ। ਚਾਰ ਪੰਜ ਪੰਗਾਂ ਵਾਲੇ ਮਾਸਟਰ ਸਿਰ ਜੋੜ ਕੇ ਘਸਰ ਮੁਸਰ ਕਰਦੇ ਹੋਣ, ਅਚਾਨਕ ਮੈਂ ਉਨਾਂ ਕੋਲ ਜਾ ਖੜਾਂ ਤਾਂ ਉਹ ਮੇਰੀ ਪੱਗ ਦੇਖ ਕੇ ਆਪਣੀ ਘੁਸਰ ਮੁਸਰ ਜਾਰੀ ਰੱਖਦੇ ਨੇ। ਪਰ ਇੱਕ ਬਿੰਦ ਕੁਝ ਸੋਚ ਕੇ ਚੁੱਪ ਹੋ ਜਾਂਦੇ ਨੇ ਤੇ ਹੋਰ ਹੀ ਗੱਲਾਂ ਕਰਨ ਲੱਗ ਪੈਂਦੇ ਹਨ।
ਤੁਸੀਂ ਪਹਿਲਾਂ ਹੱਸੇ ਹੋ, ਫੇਰ ਚੁੱਪ। ਤੁਹਾਡੀ ਇਸ ਚੁੱਪ ਵਿਚ ਮੈਂ ਵੀ ਸ਼ਾਮਲ ਹਾਂ। ਲਤੀਫ਼ਾ ਸਮਝ ਕੇ ਹੱਸੇ ਸੀ ਨਾ। ਤੁਹਾਡੀ ਚੁੱਪ 'ਤੇ ਮੈਨੂੰ ਤਸੱਲੀ ਹੋ ਚੁੱਕੀ ਹੈ ਕਿ ਤੁਸੀਂ ਵੀ ਮੇਰੇ ਵਾਂਗ ਹੀ ਸੋਚਿਆ ਹੈ। ਮਨੁੱਖ ਦੀ ਬੇਅਦਬੀ ਨੂੰ ਤੁਸੀਂ ਵੀ ਸਮਝੇ ਹੋ।
ਮੈਂ ਹੀ ਬੋਲਦਾ ਹਾਂ-"ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਹਿੰਦਾ ਹੁੰਦਾ ਸੀ ਕਿ ਪੰਜਾਬ ਵਿਚ ਹਿੰਦੂ-ਸਿੱਖ ਫ਼ਸਾਦ ਕਦੇ ਹੋ ਹੀ ਨਹੀਂ ਸਕਦੇ। ਕਿਉਂ? ਪੰਜਾਬ ਵਿਚ ਧਰਮ ਇੱਕ ਨੰਬਰ ਤੇ ਨਹੀਂ ਆਉਂਦਾ ਜਾਤ ਪਾਤ ਇੱਕ ਨੰਬਰ 'ਤੇ ਆਉਂਦੀ ਹੈ। ਕਿਸੇ ਨੂੰ ਵੀ ਹਿੰਦੂ-ਸਿੱਖ ਹੋਣ ਨਾਲੋਂ ਆਪਣੀ ਜ਼ਾਤ ਪਹਿਲਾਂ ਯਾਦ ਹੁੰਦੀ ਹੈ। ਪੰਜਾਬ ਵਿਚ ਜੱਟਾਂ ਤੇ ਬਾਣੀਆਂ ਨੂੰ ਛੱਡ ਕੇ ਬਾਕੀ ਕੁਲ ਜਾਤਾਂ, ਕਿਸੇ ਵੀ ਜਾਤ ਦੇ ਇੱਕੋ ਟੱਬਰ ਵਿਚ ਪਿਓ ਹਿੰਦੂ ਹੈ ਤੇ ਪੁੱਤ ਸਿੱਖ। ਇੱਕ ਭਰਾ ਹਿੰਦੂ, ਦੂਜਾ ਸਿੱਖ। ਸਿੱਖਾਂ ਦੀ ਕੁੜੀ ਨੂੰ ਹਿੰਦੂ ਜਵਾਈ ਵਿਆਹੁਣ ਢੁਕ ਪੈਂਦਾ ਹੈ। ਹਿੰਦੂ ਕੁੜੀ ਦਾ ਪਤੀ ਸਿੱਖ ਬਣ ਜਾਂਦਾ ਹੈ। ਅੰਤਰ ਜਾਤੀ ਵਿਆਹਾਂ ਵਿਚ ਹਿੰਦੂ ਸਿੱਖ ਹੋਣ ਦਾ ਕੋਈ ਫ਼ਰਕ ਨਹੀਂ ਦੇਖਿਆ ਜਾਂਦਾ। ਗੱਲ ਕੀ ਜਿਨ੍ਹਾਂ ਲੋਕਾਂ ਵਿਚ ਰੋਟੀ ਬੇਟੀ ਦੀ ਸਾਂਝ ਹੋਵੇ, ਜਿਨ੍ਹਾਂ ਦੇ ਸਾਰੇ ਧਾਰਮਿਕ ਗ੍ਰੰਥ ਸਾਂਝੇ ਹੋਣ ਤੇ ਇਹ ਇੱਕੋ ਜਿੰਨੀ ਸ਼ਰਧਾ ਨਾਲ ਮੰਨੇ ਪੜੇ ਜਾਂਦੇ ਹੋਣ, ਉਹ ਕਿਵੇਂ ਇੱਕ ਦੂਜੇ ਨੂੰ ਕਤਲ ਕਰ ਸਕਣਗੇ। ਪਰ ਵਕਤ ਦੀ ਅਤਿ ਘਟੀਆ ਤੇ ਗੰਦੀ ਰਾਜਨੀਤੀ ਨੇ ਕੁਝ ਅਜਿਹੀਆਂ ਚਾਲਾਂ ਚੱਲੀਆਂ ਕਿ ਚੰਗੇ ਭਲੇ ਵੱਸਦੇ ਪੰਜਾਬੀਆਂ ਨੂੰ ਹਿੰਦੂ-ਸਿੱਖ ਬਣਾ ਕੇ ਰੱਖ ਦਿੱਤਾ। ਮਨਾਂ ਵਿਚ ਫ਼ਰਕ ਤਾਂ ਪੈ ਗਿਆ।"
-"ਇਹ ਬਾਹਰੋਂ ਘੁਸਪੈਠ ਹੋਈ ਐ।" ਤੁਹਾਡੇ ਵਿਚੋਂ ਹੀ ਕੋਈ ਬੋਲਿਆ ਹੈ।
-"ਹਾਂ ਹਾਂ ਹੁਣ ਖੁੱਲ੍ਹੋ। ਜਾਣਦੇ ਓ, ਸਮਝਦੇ ਓ ਸਭ।" ਮੇਰੀ ਤਸੱਲੀ।
-"ਅਮਰੀਕੀ ਸਾਮਰਾਜ ਨੂੰ ਸਾਡੀ ਨਿਰਪੱਖ ਨੀਤੀ ਹਮੇਸ਼ਾ ਚੁੱਭਦੀ ਰਹੀ ਐ। ਆਪਣੇ ਹੱਥ ਠੋਕੇ ਪਾਕਿਸਤਾਨ ਨੂੰ ਆਧੁਨਿਕ ਹਥਿਆਰਾਂ ਨਾਲ ਲੈੱਸ ਕਰਕੇ ਭਾਰਤ ਨੂੰ ਟੁਕੜੇ ਟੁਕੜੇ ਕਰਵਾ ਦਿੱਤਾ ਜਾਵੇ, ਇਹ ਅਮਰੀਕਾ ਦੀ ਸੀ. ਆਈ. ਏ. ਦੀ ਪਰਤੱਖ ਚਾਲ ਐ। ਇੰਝ ਬਣਿਆ ਕੋਈ ਵੀ ਮੁਲਕ ਪਾਕਿਸਤਾਨ ਨਾਲੋਂ ਕਿਤੇ ਵੱਧ ਕਮਜ਼ੋਰ ਹੋਵੇਗਾ, ਕਿਉਂਕਿ ਉਹ ਅਮਰੀਕੀ ਸਮਾਜ ਦੀ ਮੱਦਦ ਨਾਲ ਹੋਂਦ ਵਿਚ ਆਇਆ ਹੋਵੇਗਾ, ਇਸ ਲਈ ਅਮਰੀਕਾ ਪੱਖੀ ਬਣਿਆ ਰਹੇਗਾ ਤੇ ਉਨ੍ਹਾਂ ਦੇ ਵੈਰੀ ਦੇਸ ਰੂਸ ਦਾ ਵਿਰੋਧੀ ਵੀ। ਉਸ ਨੂੰ ਫ਼ੌਜੀ ਹਥਿਆਰਾਂ ਦੀ ਤੁਰੰਤ ਲੋੜ ਪਵੇਗੀ, ਸੋ ਅਮਰੀਕਾ ਦੀ ਇੱਕ ਨਵੀਂ ਮੰਡੀ ਪੈਦਾ ਹੋ ਜਾਵੇਗੀ। ਉਹ ਉਸ ਨੂੰ ਖੁੱਲ੍ਹ ਕੇ ਕਰਜ਼ਾ ਵੀ ਦੇਵੇਗਾ ਤੇ ਉਹ ਸਦਾ ਹੀ ਅਮਰੀਕਾ ਦੀ ਆਰਥਕ ਗੁਲਾਮੀ ਥੱਲੇ ਦਬਿਆ ਰਹੇਗਾ।" ਉਸ ਨੇ ਇਸ ਦੀ ਸਾਰੀ ਗੜਬੜ ਦੀਆਂ ਜੜ੍ਹਾਂ ਨੂੰ ਨੰਗਾ ਕਰਕੇ ਰੱਖ ਦਿੱਤਾ ਹੈ।
ਮੈਂ ਕਹਿੰਦਾ ਹਾਂ-"ਇਹ ਧਰਮ ਸੀ, ਏਸ ਧਰਮ ਤੋਂ ਮਤਲਬ ਕਿ ਸਾਡੀ ਫ਼ਿਰਕਾਦਾਰੀ ਤੋਂ ਅਗਲਿਆਂ ਨੇ ਲਾਭ ਉਠਾ ਲਿਆ। ਇਹ ਮਜ੍ਹਬੀ ਵਖਰੇਵਾਂ ਸਾਡੇ ਵਿਚ ਉੱਕਾ ਹੀ ਨਾ ਹੁੰਦਾ ਤਾਂ ਕਾਹਨੂੰ ਵਾਪਰਦਾ ਇਹ ਐਨਾ ਕੁਝ। ਅਸੀਂ ਆਪ ਹੀ ਆਪਣੇ ਪੈਰਾਂ 'ਤੇ ਕੁਹਾੜਾ ਮਾਰ ਬੈਠੇ। ਹੁਣ ਹਾਲਤ ਇਹ ਐ ਕਿ ਪੰਜਾਬ ਦੀ ਧਰਤੀ ਵਿਚੋਂ ਅੱਧ ਸੜੀ ਲਾਸ਼ ਜਿਹੀ ਬੋਅ ਮਾਰੀ ਐ।"
-"ਗੱਲਾਂ ਤਾਂ ਤੇਰੀਆਂ ਸਾਰੀਆਂ ਠੀਕ ਨੇ, ਮਾਸਟਰ। ਪਰ ਕੀ ਕੀਤਾ ਜਾਵੇ। ਤੇਰੇ ਮੇਰੇ ਜਿਹੇ ਆਮ ਲੋਕ ਕਦੋਂ ਲੜਦੇ ਐ? ਇਹ ਤਾਂ ਸਾਨੂੰ ਲੜਾਇਆ ਜਾ ਰਿਹਾ ਐ।" ਤੁਹਾਡੇ ਵਿਚੋਂ ਇੱਕ ਕੋਈ ਬੋਲਦਾ ਹੈ। ਬਾਕੀ ਸਭ ਨੀਵੀਂਆਂ ਪਾ ਕੇ ਬੈਠ ਗਏ ਹਨ।
ਮੈਂ ਆਖ਼ਰੀ ਗੱਲ ਕਰਦਾ ਹਾਂ-"ਬਚਪਨ ਵਿਚ ਖਾਲਿਕ ਨੂੰ ਮੇਰੇ ਨਾਲ ਖੇਡਣ ਨਹੀਂ ਦਿੱਤਾ ਜਾਂਦਾ ਸੀ, ਉਹ ਮੇਰੀ ਬੇਅਦਬੀ ਸੀ-ਮਨੁੱਖ ਦੀ ਬੇਅਦਬੀ। ਸਾਡੇ ਸਕੂਲ ਦੇ ਪੱਗਾਂ ਵਾਲੇ ਤੇ ਮੋਨੇ ਮਾਸਟਰ ਮੇਰੇ ਨਾਲ ਜੋ ਹੁਣ ਅਜਿਹਾ ਸਲੂਕ ਕਰਦੇ ਹਨ, ਉਹ ਵੀ ਮੇਰੀ ਬੇਅਦਬੀ ਹੈ, ਸਾਰੀ ਮਨੁੱਖ ਜਾਤੀ ਦੀ ਬੇਅਦਬੀ।"♦