ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਰੋਜ਼ਗਾਰ

ਵਿਕੀਸਰੋਤ ਤੋਂ

ਇਹ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ ਮਾਸਟਰ ਜੰਗੀਰ ਸਿੰਘ ਆਪਣੀ ਕਿਤਾਬ ਛਪਵਾ ਰਿਹਾ ਸੀ। ਇੱਕੋ ਇੱਕ ਕਿਤਾਬ, ਪਹਿਲੀ ਤੇ ਆਖ਼ਰੀ। ਉਸ ਨੇ ਸਾਰੀ ਉਮਰ ਕਵਿਤਾਵਾਂ ਲਿਖੀਆਂ ਸਨ। ਹੁਣ ਉਹ ਦੀ ਉਮਰ ਪੰਜਾਹ ਸਾਲ ਦੀ ਹੋ ਚੁੱਕੀ ਸੀ। ਉਸ ਕੋਲ ਗੀਤਾਂ ਤੇ ਗ਼ਜ਼ਲਾਂ ਦਾ ਇੱਕ ਢੇਰ ਹੀ ਤਾਂ ਸੀ। ਕਿੰਨੇ ਹੀ ਸਾਲ ਉਹਨੇ ਇਹ ਕਵਿਤਾਵਾਂ ਸਟੇਜਾਂ ਤੇ ਪੜ੍ਹਕੇ ਸੁਣਾਈਆਂ ਸਨ ਤੇ ਲੋਕਾਂ ਤੋਂ ਵਾਹਵਾ ਖੱਟੀ ਸੀ। ਯਾਰਾਂ ਦੀ ਮਹਿਫ਼ਲ ਵਿਚ ਉਹ ਨੂੰ ਜ਼ਰੂਰ ਸੁਣਿਆ ਜਾਂਦਾ। ਕਿੰਨੇ ਹੀ ਬੰਦਿਆਂ ਨੂੰ ਉਹ ਦੇ ਗੀਤਾਂ ਤੇ ਗਜ਼ਲਾਂ ਦੀਆਂ ਲਾਈਨਾਂ ਜ਼ਬਾਨੀ ਯਾਦ ਸਨ। ਤੇ ਫੇਰ ਇਸ ਉਮਰ ਵਿਚ ਉਹ ਦੇ ਯਾਰ ਮਿੱਤਰ ਉਹ ਨੂੰ ਜ਼ੋਰ ਦੇ ਰਹੇ ਸਨ ਕਿ ਉਹ ਆਪਣੀ ਕਿਤਾਬ ਛਪਵਾਏ ਤਾਂ ਕਿ ਘਰ ਘਰ ਤੱਕ ਇਹ ਕਵਿਤਾਵਾਂ ਪਹੁੰਚ ਸਕਣ। ਉਹ ਦੀ ਮੌਤ ਤੋਂ ਬਾਅਦ ਵੀ ਉਹ ਦੀਆਂ ਰਚਨਾਵਾਂ ਸਾਂਝੀਆਂ ਰਹਿ ਸਕਣ। ਤੇ ਫੇਰ ਮਾਸਟਰ ਜੰਗੀਰ ਸਿੰਘ ਦੇ ਦੋ ਵਿਦਿਆਰਥੀਆਂ ਨੇ ਉਹ ਦੀਆਂ ਨੋਟ ਬੁੱਕਾਂ ਦਾ ਬਸਤਾ ਚੁੱਕਿਆ ਸੀ ਤੇ ਉਨ੍ਹਾਂ ਵਿਚੋਂ ਇੱਕ ਸੌ ਇੱਕ ਰਚਨਾ ਛਾਂਟ ਲਈ ਸੀ। ਸੱਠ ਗੀਤ ਤੇ ਇਕਤਾਲੀ ਗ਼ਜ਼ਲਾਂ। ਮਾਸਟਰ ਦੇ ਇਹ ਦੋਵੇਂ ਵਿਦਿਆਰਥੀ ਕਵਿਤਾ ਨਾਲ ਡੂੰਘੀ ਮੱਸ ਰੱਖਦੇ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐੱਮ. ਏ. ਕਰਕੇ ਆਏ ਸਨ।

ਮਾਸਟਰ ਜੰਗੀਰ ਸਿੰਘ ਨੇ ਆਪਣਾ ਕਾਵਿ ਸੰਗ੍ਰਹਿ ਛਪਵਾਉਣ ਲਈ ਪੰਜਾਬੀ ਦੇ ਸਭ ਪਬਲਿਸ਼ਰਾਂ ਕੋਲ ਪਹੁੰਚ ਕੀਤੀ ਸੀ। ਵੱਡੇ ਤੋਂ ਲੈ ਕੇ ਛੋਟਾ ਪਬਲਿਸ਼ਰ। ਪੰਜਾਬੀ ਵਿਚ ਪਬਲਿਸ਼ਰ ਸਨ ਵੀ ਕਿੰਨੇ ਕੁ, ਮਸਾਂ ਇੱਕ ਦਰਜਨ। ਕਿਸੇ ਨੇ ਵੀ ਉਹ ਦੀ ਗੱਲ ਨਹੀਂ ਸੁਣੀ ਸੀ। ਕੋਈ ਕਹਿੰਦਾ ਸੀ-ਪੰਜਾਬੀ ਦੀਆਂ ਕਿਤਾਬਾਂ ਵਿਕਦੀਆਂ ਹੀ ਨਹੀਂ। ਕੋਈ ਕਹਿੰਦਾ ਸੀ-ਪੰਜਾਬੀ ਵਿਚ ਤਾਂ ਨਾਵਲ ਵਿਕਦੇ ਨੇ, ਨਾਵਲ ਲਿਖੋ ਜੀ ਕੋਈ। ਕਵਿਤਾ ਦੀ ਕਿਤਾਬ ਕੌਣ ਖਰੀਦਦਾ ਹੈ ਜੀ। ਅੰਮ੍ਰਿਤਸਰ ਦੇ ਇੱਕ ਪਬਲਿਸ਼ਰ ਨੇ ਉਹ ਦੇ ਕੋਲੋਂ ਦੋ ਹਜ਼ਾਰ ਰੁਪਿਆ ਮੰਗਿਆ ਸੀ। ਅਸਲ ਵਿਚ ਇਹ ਰਿਵਾਜ਼ ਹੀ ਪੈ ਚੁੱਕਿਆ ਸੀ ਕਿ ਨਵੇਂ ਲੇਖਕਾਂ ਤੇ ਅਸਥਾਪਿਤ ਪੁਰਾਣੇ ਲੇਖਕਾਂ ਤੋਂ ਮਨ ਮਰਜ਼ੀ ਦੇ ਪੈਸੇ ਲੈ ਕੇ ਪਬਲਿਸ਼ਰ ਉਨ੍ਹਾਂ ਦੀਆਂ ਕਿਤਾਬਾਂ ਛਾਪਦੇ। ਬਹੁਤਾ ਤਾਂ ਲਹੁ ਮੂੰਹ ਲਵਾਇਆ, ਬਦੇਸ਼ਾਂ ਵਿਚ ਵੱਸਦੇ ਕੱਚ-ਘਰੜ ਲਿਖਾਰੀਆਂ ਨੇ। ਉਹ ਦੋ ਚਾਰ ਸਾਲਾਂ ਬਾਅਦ ਪੰਜਾਬ ਆਉਂਦੇ ਤੇ ਪੰਜ ਪੰਜ, ਦਸ ਦਸ ਹਜ਼ਾਰ ਰੁਪਿਆ ਪਬਲਿਸ਼ਰ ਦੀ ਝੋਲੀ ਪਾ ਕੇ ਕਿਤਾਬ ਛਪਵਾ ਲੈਂਦੇ। ਵਾਪਸ ਬਦੇਸ਼ ਮੁੜਦੇ ਸੌ ਪੰਜਾਹ ਕਿਤਾਬਾਂ ਨਾਲ ਲੈ ਜਾਂਦੇ ਤੇ ਉੱਥੇ ਜਾ ਕੇ ਪੰਜਾਬੀ ਭਾਈਚਾਰੇ ਵਿਚ ਆਪਣੇ ਲੇਖਕ ਹੋਣ ਦਾ ਰੋਅਬ ਪਾਉਂਦੇ। ਮਾਸਟਰ ਜੰਗੀਰ ਸਿੰਘ ਨੂੰ ਉਹ ਯਾਰਾਂ ਮਿੱਤਰਾਂ ਤੇ ਪੁਰਾਣੇ ਸ਼ਰਧਾਲ ਵਿਦਿਆਰਥੀਆਂ ਨੇ ਸਲਾਹ ਦਿੱਤੀ ਕਿ ਉਹ ਖ਼ੁਦ ਹੀ ਆਪਣੀ ਕਿਤਾਬ ਕਿਉਂ ਨਹੀਂ ਛਾਪ ਲੈਂਦੇ। ਉਨ੍ਹਾਂ ਦਾ ਐਨਾ ਵੱਡਾ ਦਾਇਰਾ ਹੈ। ਇੱਕ ਇੱਕ ਕਿਤਾਬ ਹਰ ਕੋਈ ਮੁੱਲ ਲਵੇ ਤਾਂ ਉਨ੍ਹਾਂ ਦਾ ਖ਼ਰਚ ਬਾਖੂਬੀ ਨਿਕਲ ਆਵੇਗਾ। ਕਿਤਾਬ ਦਾ ਮੁੱਲ ਸੂਤ ਸਿਰ ਜਿਹਾ ਰੱਖਿਆ ਜਾਵੇ ਤੇ ਇੱਕ ਇੱਕ ਕਾਪੀ ਦਾ ਮੁੱਲ ਪੇਸ਼ਗੀ ਸਭ ਤੋਂ ਲਿਆ ਜਾਵੇ। ਪੈਸੇ ਇਕੱਠੇ ਕਰਕੇ ਕਿਸੇ ਵੀ ਪ੍ਰੈੱਸ ਤੋਂ ਕਿਤਾਬ ਛਪਵਾਈ ਜਾ ਸਕਦੀ ਹੈ। ਜਲੰਧਰ, ਅੰਮ੍ਰਿਤਸਰ ਜਾਂ ਦਿੱਲੀ ਕਿੰਨੇ ਚੰਗੇ ਪ੍ਰੈੱਸ ਹਨ, ਪੰਜਾਬੀ ਦੇ।

ਮਾਸਟਰ ਜੰਗੀਰ ਸਿੰਘ ਨੇ ਅੰਮ੍ਰਿਤਸਰ ਦੇ ਇੱਕ ਪ੍ਰੈੱਸ ਤੋਂ ਅੰਦਾਜ਼ਾ ਲਵਾਇਆ ਕਿ ਕਿਤਾਬ ਮੁਕੰਮਲ ਰੂਪ ਵਿਚ ਛਪ ਜਾਣ 'ਤੇ ਕਿੰਨੇ ਪੈਸੇ ਲੱਗਣਗੇ? ਕਿਤਾਬ ਦਾ ਖਰੜਾ, ਜਿਹੜਾ ਉਸ ਦੇ ਦੋ ਵਿਦਿਆਰਥੀਆਂ ਨੇ ਤਿਆਰ ਕੀਤਾ ਸੀ, ਉਹ ਆਪਣੇ ਨਾਲ ਹੀ ਅੰਮ੍ਰਿਤਸਰ ਲੈ ਗਿਆ ਸੀ। ਕਿਤਾਬ ਦੀ ਇੱਕ ਹਜ਼ਾਰ ਕਾਪੀ ਤੇ ਪੰਜ ਹਜ਼ਾਰ ਰੁਪਿਆ ਖ਼ਰਚ ਹੁੰਦਾ ਸੀ। ਮਾਸਟਰ ਨੇ ਸੁਣਿਆ ਤਾਂ ਦੰਗ ਰਹਿ ਗਿਆ। ਕਿਤਾਬ ਤੇ ਐਨਾ ਖ਼ਰਚ। ਇੱਕ ਸਮੇਂ ਤਾਂ ਮਾਸਟਰ ਦਾ ਜੀਅ ਕੀਤਾ ਕਿ ਉਹ ਕਿਤਾਬ ਨਾ ਹੀ ਛਪਵਾਏ। ਕਿਤਾਬ ਛਪੀ ਤਾਂ ਕਿਹੜਾ ਉਹ ਨੂੰ ਲੂਲ੍ਹਾਂ ਲੱਗ ਜਾਣਗੀਆਂ। ਤੇ ਫੇਰ ਪ੍ਰੈੱਸ ਮੈਨੇਜਰ ਨੇ ਉਹ ਨੂੰ ਸੁਝਾਅ ਦਿੱਤਾ ਸੀ ਕਿ ਉਹ ਕਿਤਾਬ ਦੇ ਛੇ ਸੌ ਕਾਪੀ ਤਿਆਰ ਕਰਵਾ ਲਵੇ। ਕਾਗਜ਼ ਤੇ ਜਿਲਦ ਦਾ ਖ਼ਰਚ ਬਚ ਰਹੇਗਾ। ਕਵਿਤਾ ਦੀ ਕਿਤਾਬ ਐਨੀ ਵਿਕਦੀ ਨਹੀਂ। ਛੇ ਸੌ ਕਾਪੀ ਛਪਵਾਉਣ ਨਾਲ ਖ਼ਰਚ ਚਾਰ ਹਜ਼ਾਰ ਜਾਂ ਇਸ ਤੋਂ ਵੀ ਕੁਝ ਘੱਟ ਪੈਣਾ ਸੀ। ਮਾਸਟਰ ਦੁਚਿੱਤੀ ਵਿਚ ਪੈ ਕੇ ਅੰਮ੍ਰਿਤਸਰੋਂ ਮੁੜ ਆਇਆ। ਢੇਰੀ ਜਿਹੀ ਵਾਹ ਕੇ ਬੈਠ ਗਿਆ ਸੀ। ਪਰ ਉਹ ਦੇ ਯਾਰਾਂ ਮਿੱਤਰਾਂ ਨੇ ਉਹ ਨੂੰ ਫੇਰ ਚੁੱਕ ਦਿੱਤਾ। ਕਹਿੰਦੇ-"ਕਹਿੰਦੇ ਮਾਸਟਰ ਜੀ, ਚਾਰ ਹਜ਼ਾਰ ਦੀ ਵੀ ਕੋਈ ਗੱਲ ਐ? ਭਲਾ ਕਿੰਨੇ ਦੀ ਪਊ ਇੱਕ ਕਿਤਾਬ?"

ਮਾਸਟਰ ਨੇ ਹਿਸਾਬ ਲਾ ਕੇ ਦੱਸਿਆ-"ਛੇ ਸੌ 'ਚੋਂ ਸੌ ਕਿਤਾਬ ਤਾਂ ਮੁਫ਼ਤ ਹੀ ਕੱਢ ਦਿਓ, ਅਖ਼ਬਾਰਾਂ-ਰਸਾਲਿਆਂ ਦੇ ਐਡੀਟਰਾਂ ਨੂੰ ਭੇਜਾਂਗੇ ਤੇ ਆਲੋਚਕਾਂ ਨੂੰ ਵੀ। ਬਾਕੀ ਰਹੀ ਪੰਜ ਸੌ, ਅੱਠ ਰੁਪਿਆਂ ਦੀ ਇੱਕ ਕਿਤਾਬ ਪਈ।"

-ਫੇਰ ਕੀ ਗੱਲ ਹੋਈ, ਮਾਸਟਰ। ਦਸ ਰੁਪਏ ਮੁੱਲ ਰੱਖ ਲੀਂ। ਬਹਿੰਦੀ ਵਿਕ ਜੂ।"

-"ਵੀਹ ਵੀਹ ਕਰ ਲੈ 'ਕੱਠੇ। ਦੋ ਸੌ ਬੰਦੇ ਤੋਂ ਹੋਜੂ ਚਾਰ ਹਜ਼ਾਰ। ਦੋ ਸੌ ਬੰਦਾ ਤਾਂ ਆਪਣੇ 'ਲਾਕੇ ਦਾ ਈ ਹੋਜੂ, ਤੈਨੂੰ ਵੀਹ ਵੀਹ ਦੇਣ ਆਲਾ। ਤੂੰ ਕਮਿਊਨਿਸਟ ਪਾਰਟੀ ਖ਼ਾਤਰ ਝੋਲਾ ਮੋਢੇ ਲਮਕਾ ਕੇ ਫਿਰਦਾ ਰਿਹੈਂ ਐਨੇ ਸਾਲ, ਹੁਣ ਸੰਗ ਲੱਗਦੀ ਐ ਕੁੱਛ?" ਇੱਕ ਹੋਰ ਨੇ ਉਹਨੂੰ ਭਰ ਦਿੱਤਾ ਤੇ ਫਿਰ ਮਾਸਟਰ ਜੰਗੀਰ ਨੇ ਆਪਣਾ ਕਾਵਿ ਸੰਗ੍ਰਹਿ ਛਪਵਾਉਣ ਲਈ ਝੋਲਾ ਮੋਢੇ ਲਟਕਾ ਲਿਆ। ਪਹਿਲਾਂ ਉਸ ਨੇ ਪਿੰਡਾਂ ਦੀ ਲਿਸਟ ਬਣਾਈ। ਫੇਰ ਉਨ੍ਹਾਂ ਦੇ ਵਾਕਿਫ਼ ਬੰਦਿਆਂ ਦੀ। ਉਹ ਆਪਣਾ ਸਾਈਕਲ ਚੁੱਕਦਾ ਤੇ ਝੋਲੇ ਵਿਚ ਨੋਟ ਬੁੱਕ ਪਾ ਕੇ ਚੱਲ ਪੈਂਦਾ। ਸਕੂਲੋਂ ਛੁੱਟੀ ਹੁੰਦੇ ਹੀ ਪਿੰਡਾਂ ਨੂੰ ਤੁਰ ਪੈਂਦਾ ਸੀ। ਪੰਦਰਾਂ ਵੀਹ ਦਿਨਾਂ ਵਿਚ ਹੀ ਉਹ ਨੇ ਕਈ ਪਿੰਡ ਕੱਢ ਲਏ। ਹਰ ਪਿੰਡ ਉਹ ਨੂੰ ਸਫ਼ਲਤਾ ਮਿਲਦੀ। ਕਿਸੇ ਨੇ ਵੀ ਜਵਾਬ ਨਹੀਂ ਦਿੱਤਾ ਸੀ। ਲੋਕ ਉਹ ਨੂੰ ਆਦਰ ਨਾਲ ਮਿਲਦੇ, ਚਾਹ ਪਾਣੀ ਪਿਆਉਂਦੇ ਤੇ ਵੀਹਾਂ ਦਾ ਨੋਟ ਕੱਢ ਕੇ ਉਹ ਨੂੰ ਫੜਾ ਦਿੰਦੇ। ਆਪਣੀ ਨੋਟ ਬੁੱਕ ਵਿਚ ਉਹ ਅਗਲੇ ਦਾ ਨਾਉਂ ਨੋਟ ਕਰ ਲੈਂਦਾ।

ਗਰਮੀਆਂ ਦੇ ਦਿਨ ਸਨ। ਉਹ ਇੱਕ ਦੂਰ ਪਿੰਡ ਗਿਆ। ਉਥੋਂ ਦੇ ਤਿੰਨ ਚਾਰ ਮੁੰਡੇ ਉਹ ਦੇ ਪੁਰਾਣੇ ਵਿਦਿਆਰਥੀ ਸਨ। ਇੱਕ ਮੁੰਡਾ ਬੱਸ ਕੰਡਕਟਰ ਸੀ ਤੇ ਉਹ ਨੂੰ ਆਮ ਹੀ ਮਿਲਦਾ ਰਹਿੰਦਾ। ਪਹਿਲਾਂ ਉਹ ਕੰਡਕਟਰ ਮੁੰਡੇ ਦੇ ਘਰ ਹੀ ਗਿਆ। ਉਹ ਮਿਲਿਆ ਨਾ। ਰਾਤ ਨੂੰ ਆਉਂਦਾ ਹੁੰਦਾ-ਆਪਣੀ ਡਿਊਟੀ ਭੁਗਤਾ ਕੇ। ਉਹ ਵੀ ਤੀਜੇ ਚੌਥੇ ਦਿਨ। ਕੰਡਕਟਰ ਮੁੰਡੇ ਦੇ ਘਰ ਉਹ ਨੇ ਪਾਣੀ ਪੀਤਾ ਤੇ ਮੁੰਡੇ ਦੀ ਮਾਂ ਕੋਲ ਇੱਕ ਹੋਰ ਮੁੰਡੇ ਦਾ ਨਾਉਂ ਲਿਆ। ਉਨ੍ਹਾਂ ਦੀ ਨਿੱਕੀ ਕੁੜੀ ਉਹਨੂੰ ਉਹ ਦੇ ਘਰ ਛੱਡ ਆਈ। ਉਸ ਦਾ ਘਰ ਦੂਜੇ ਅਗਵਾੜ ਸੀ।

ਦਰਵਾਜ਼ੇ ਵਿਚ ਖੜ੍ਹ ਕੇ ਮਾਸਟਰ ਨੇ ਬੋਲ ਮਾਰਿਆ। ਉਹ ਘਰ ਹੀ ਸੀ। ਸਿਰ ਦੇ ਵਾਲਾਂ ਦੀ ਜਟੂਰੀ ਬੰਨ੍ਹੀ ਹੋਈ, ਵਿਚਕਾਰੋਂ ਮੁੰਨੇ। ਗਲ੍ਹ 'ਕੱਲੀ ਚਿੱਟੀ ਬੁਨੈਣ ਤੇ ਤੇੜ ਹਲਕੇ ਨੀਲੇ ਰੰਗ ਦੀ ਟੇਰੀਕਾਟ ਦਾ ਚਾਦਰਾ। ਪੈਰੋਂ ਨੰਗਾ, ਉਹ ਭੱਜਿਆ ਭੱਜਿਆ ਅੰਦਰੋਂ ਸਬਾਤ ਵਿਚੋਂ ਨਿਕਲ ਕੇ ਆਇਆ। ਅੱਖਾਂ ਦੱਸਦੀਆਂ ਸਨ, ਸੁੱਤਾ ਉੱਠ ਕੇ ਆਇਆ ਹੈ। ਆਉਂਦੇ ਹੀ ਉਹ ਨੇ ਮਾਸਟਰ ਦੇ ਗੋਡੀਂ ਹੱਥ ਲਾਇਆ। ਵੀਹੀ ਵਿਚ ਖੜ੍ਹਾ ਮਾਸਟਰ ਦਾ ਸਾਈਕਲ ਉਹ ਨੇ ਆਪ ਹੀ ਦਰਵਾਜ਼ੇ ਵਿਚ ਲਿਆਂਦਾ ਤੇ ਇੱਕ ਕੰਧ ਨਾਲ ਟਿਕਾ ਦਿੱਤਾ। ਮਾਸਟਰ ਦੇ ਇੱਕ ਹੱਥ ਨੂੰ ਆਪਣੇ ਦੋਵਾਂ ਹੱਥਾਂ ਵਿਚ ਫੜ ਕੇ ਉਹ ਉਹ ਨੂੰ ਅੰਦਰਲੀ ਬੈਠਕ ਵਿਚ ਲੈ ਗਿਆ। ਬੈਠਕ ਵਿਚ ਛੱਤ ਉਤਲਾ ਬਿਜਲੀ ਪੱਖਾ ਲੱਗਿਆ ਹੋਇਆ ਸੀ, ਉਹ ਨੇ ਪੱਖਾ ਚਲਾ ਦਿੱਤਾ। ਮਾਸਟਰ ਜੰਗੀਰ ਸਿੰਘ ਸੋਫ਼ੇ 'ਤੇ ਬੈਠ ਗਿਆ। ਨਿਰਭੈ ਸਬਾਤ ਵੱਲ ਗਿਆ ਤੇ ਠੰਡੇ ਪਾਣੀ ਦਾ ਜੰਗ ਲੈ ਆਇਆ। ਸਟੀਲ ਦਾ ਗਿਲਾਸ ਵੀ। ਉਹ ਨੇ ਬੜੇ ਮੋਹ ਨਾਲ ਮਾਸਟਰ ਨੂੰ ਪਾਣੀ ਪਿਆਇਆ। ਪੁੱਛਿਆ-"ਸ਼ਕੰਜਵੀ ਪੀਉਂਗੇ ਜਾਂ ਚਾ?"

-'ਕੁਛ ਵੀ ਪਿਆ ਦੇ, ਤੇਰੀ ਇੱਛਾ ਐ ਨਿਰਭੈ ਸਿਆਂ।'

-"ਨਾ ਦੱਸੋ ਤੁਸੀਂ, ਜਾਂ ਦੁੱਧ ਈ ਲਾਹ ਲਿਆਮਾਂ?"

-"ਦੁੱਧ ਤੌੜੀ ਦਾ? ਲਾਲ ਲਾਲ, ਸੂਹਾ ਸੂਹਾ?"

-"ਹਾਂ ਜੀ।"

"ਹਾਂ ਜੀ ਕਹਿੰਦਾ ਨਿਰਭੈ ਉਹ ਨੂੰ ਓਨਾ ਹੀ ਭੋਲਾ ਜਿਹਾ ਲੱਗਿਆ, ਜਿਵੇਂ ਉਹ ਕਲਾਸ ਵਿਚ ਬੋਲਦਾ ਹੁੰਦਾ ਸੀ। ਮਾਸਟਰ ਕਹਿੰਦਾ, "ਹਾਂ ਯਾਰ, ਦੁੱਧ ਪਿਆ ਤੌੜੀ ਦਾ। ਤਰਸ 'ਗੇ ਏਸ ਦੁੱਧ ਨੂੰ ਤਾਂ। ਬੱਸ, ਮਾਂ ਦੇ ਹੱਥੋਂ ਈ ਪੀ ਲਿਆ ਇਹ ਦੁੱਧ ਤਾਂ।"

ਨਿਰਭੈ ਜੱਗ ਵਿਚ ਦੁੱਧ ਲੈ ਆਇਆ। ਖੰਡ ਦੀ ਕੜਛੀ ਉਹ ਓਧਰੋਂ ਹੀ ਦੁੱਧ ਵਿਚ ਖੋਰ ਲਿਆਇਆ ਸੀ। ਗੇਰੂਏ ਦੁੱਧ ਵਿਚ ਮੋਟੀ ਤਹਿ ਦੀ ਮਲਿਆਈ ਦੀਆਂ ਕਾਤਰਾਂ ਤੈਰ ਰਹੀਆਂ ਸਨ। ਉਹ ਦੁੱਧ ਪੀਣ ਲੱਗੇ। ਮਾਸਟਰ ਉਹ ਨੂੰ ਪੁੱਛਣ ਲੱਗਿਆ-"ਦਸਵੀਂ ਤੋਂ ਬਾਅਦ ਕੀ ਕੀਤਾ ਫੇਰ?" ਮਾਸਟਰ ਜੰਗੀਰ ਸਿੰਘ ਨੂੰ ਨਿਰਭੈ ਮੁੜਕੇ ਕਦੇ ਨਹੀਂ ਮਿਲਿਆ ਸੀ। -"ਦਸਮੀ ਕਰਕੇ ਫੇਰ ਮੈਂ ਕਾਲਜ 'ਚ ਚਲਿਆ ਗਿਆ ਸੀ ਜੀ। ਪ੍ਰੈੱਪ ਨਾਨ ਮੈਡੀਕਲ ਕਰਕੇ, ਫੇਰ ਇੰਜਨੀਅਰਿੰਗ ਕੀਤੀ। ਐੱਸ. ਡੀ. ਓ. ਦੇ ਕੋਰਸ ਵਾਸਤੇ ਬਹੁਤ ਕੋਸ਼ਿਸ਼ ਕੀਤੀ, ਪਰ ਕਿਤੇ ਵੀ ਦਾਖ਼ਲਾ ਨਾ ਮਿਲਿਆ।"

-"ਫੇਰ ਓਵਰਸੀਅਰੀ ਕਰ ਲੈਂਦਾ।"

-"ਓਵਰਸੀਅਰੀ ਵੀ ਨ੍ਹੀ ਮਿਲੀ।"

-"ਫੇਰ?"

-"ਫੇਰ ਬੀ. ਐੱਸ. ਸੀ. ਕੀਤੀ।"

-"ਬੀ. ਐੱਡ, ਕਰਕੇ ਮਾਸਟਰ ਬਣ ਜਾਂਦਾ।"

-"ਮਾਸਟਰ 'ਚ ਕੀ ਸੀ ਜੀ। ਮੈਂ ਲੁਧਿਆਣੇ ਗੌਰਮਿੰਟ ਕਾਲਜ 'ਚ ਫੇਰ ਐੱਮ. ਐਸ. ਸੀ. 'ਚ ਦਾਖ਼ਲਾ ਲੈ ਲਿਆ। ਮਖਿਆ, ਕਿਸੇ ਚੰਗੀ ਪੋਸਟ 'ਤੇ ਲੱਗਾਂਗੇ।"

-"ਫਜ਼ਿਕਸ ਜਾਂ ਕਮਿਸਟਰੀ?"

-"ਕਮਿਸਟਰੀ। ਪਰ ਡਵੀਜ਼ਨ ਸੈਕਿੰਡ ਈ ਰਹਿਗੀ ਸੀ। ਕਿਧਰੇ ਕੁੱਛ ਵੀ ਨਾ ਬਣਿਆ। ਪਿੰਡਾਂ ਦੇ ਮੁੰਡਿਆਂ ਨੂੰ ਕੌਣ ਪੁੱਛਦੈ ਜੀ। ਬਥੇਰੇ ਧੱਕੇ ਖਾਧੇ। ਬਹੁਤ ਫਿਰਤ ਕੀਤੀ, ਪਰ ਬੱਸ ਜੀ...ਜਿੱਥੇ ਵੀ ਜਾਂਦਾ, ਦੂਜੇ ਲੋਕ ਨੋਟਾਂ ਦੇ ਥੱਬੇ ਚੌਕੀ ਬੈਠੇ ਹੁੰਦੇ, ਮੇਰੇ ਕੋਲ ਉਹ ਹੈਨੀ ਸੀ।"

-"ਹੁਣ ਜੀ..." ਨਿਰਭੈ ਬੋਲ ਰਿਹਾ ਸੀ ਕਿ ਵਿਹੜੇ ਵਿਚ ਦੂਜੇ ਪਾਸਿਓਂ ਮੋਟਰ ਸਾਈਕਲ ਦੇ ਹਾਰਨ ਦੀ ਆਵਾਜ਼ ਸੁਣਾਈ ਦਿੱਤੀ। ਉਹ ਉੱਠ ਕੇ ਓਧਰ ਨੂੰ ਹੀ ਭੱਜ ਗਿਆ। ਅਗਲੇ ਬਿੰਦ ਉਹ ਜਵਾਕਾਂ ਨੂੰ ਗਾਲ਼ਾਂ ਕੱਢ ਰਿਹਾ ਸੀ- "ਹੱਟਦੇ ਨ੍ਹੀ, ਸਾਲੇ ਲੰਡੇ ਦੇ। ਵਗ ਜੋ, ਨਹੀਂ ਕੰਨ ਪੱਟ ਕੇ ਹੱਥ 'ਚ ਫੜਾ ਦੂੰ, ਕੰਜਰਾਂ ਦੇ।"

ਜਵਾਕ ਵੀ ਬੋਲ ਰਹੇ ਸਨ। ਇੱਕ ਦੂਜੇ ਦੀਆਂ ਸ਼ਿਕਾਇਤਾਂ ਲਾਉਂਦੇ ਜਿਹੇ।

-"ਕੀ ਗੱਲ, ਆਇਐ ਕੋਈ?" ਮਾਸਟਰ ਨੇ ਪੁੱਛਿਆ।

ਨਿਰਭੈ ਕਹਿੰਦਾ, "ਨਹੀਂ ਜੀ, ਔਣਾ ਕੀਹਨੇ ਸੀ। ਆਹ ਗੁਆਂਢੀਆਂ ਦਾ ਦੋਹਤਾ ਆਇਆ ਹੋਇਐ ਇੱਕ ਬਹੁਤ ਖਰੂਦੀ ਐ। ਆਊ, ਆ ਕੇ ਮੋਟਰਸਾਈਕਲ ਦਾ ਹਾਰਨ ਵਜਾਦੂ। ਮਖਿਆ, ਕਾਹਨੂੰ ਮਾਰਨੈ, ਹੁਣ ਕੰਨ 'ਤੇ ਧਰ 'ਤਾ ਇੱਕ, ਹੁਣ ਨ੍ਹੀ ਔਂਦਾ।"

-"ਮੋਟਰ ਸਾਈਕਲ ਤੇਰਾ ਈ ਐ?"

-"ਹਾਂ ਜੀ, ਆਪਣਾ ਈ ਐ।"

-"ਕਿਹੜਾ ਐ?"

-"ਰਾਇਲ ਅਨਫੀਲਡ ਐ ਜੀ। ਪਿੰਡਾਂ 'ਚ ਤਾਂ ਇਹੀ ਦਿੰਦੈ ਕੰਮ। ਟਿੱਬਾ ਟੁੱਬਾ ਇਹਦੇ ਸਾਹਮਣੇ ਕੋਈ ਚੀਜ਼ ਨ੍ਹੀ।" ਨਿਰਭੈ ਹੱਸਿਆ।

ਮਾਸਟਰ ਜੰਗੀਰ ਸਿੰਘ ਨੇ ਬਿੰਦ ਡੂੰਘਾ ਸੋਚਿਆ। ਪਤਾ ਨਹੀਂ ਕੀ ਤੇ ਫੇਰ ਉਹ ਨੇ ਤਰੀਕੇ ਜਿਹੇ ਨਾਲ ਆਪਣੀ ਗੱਲ ਸ਼ੁਰੂ ਕਰਨੀ ਚਾਹੀ।

ਜੱਗ ਤੇ ਗਲਾਸ ਨਿਰਭੈ ਓਧਰ ਸਬਾਤ ਵੱਲ ਰੱਖਣ ਗਿਆ ਤਾਂ ਮਾਸਟਰ ਨੇ ਵਿਉਂਤ ਬਣਾਈ। ਹੁਣ ਗੱਲ ਕੀਤੀ ਜਾਵੇ, ਵੀਹ ਰੁਪਏ ਲਏ ਜਾਣ ਤੇ ਤੁਰਦੇ ਹੋਈਏ। ਟਾਈਮ ਵੀ ਪੰਜ ਦਾ ਹੋ ਗਿਆ। ਉਹ ਨੇ ਹੋਰ ਦੋ ਮੁੰਡਿਆਂ ਦੇ ਘਰੀਂ ਵੀ ਜਾਣਾ ਸੀ। ਪਿੰਡ ਵੀ ਪਹੁੰਚਣਾ ਸੀ। ਸਾਈਕਲ 'ਤੇ ਦੋ-ਡੇਢ ਘੰਟਾ ਲੱਗਣਾ ਸੀ। ਮਸ਼ਾਂ ਕਿਤੇ ਹਨੇਰੇ ਹੋਏ ਪਿੰਡ ਪਹੁੰਚ ਸਕੇਗਾ।

ਨਿਰਭੈ ਅਜੇ ਬੈਠਕ ਵਿਚ ਆਇਆ ਨਹੀਂ ਸੀ ਕਿ ਇੱਕ ਹੋਰ ਬੰਦਾ ਓਥੇ ਆ ਕੇ ਬੈਠ ਗਿਆ। ਉਹ ਨੇ ਮਾਸਟਰ ਨੂੰ ਸਤਿ ਸ੍ਰੀ ਅਕਾਲ ਬੁਲਾਈ। ਮਾਸਟਰ ਕਹਿੰਦਾ-"ਨਿਰਭੈ ਸੂੰ ਨੂੰ ਮਿਲਣੈ, ਭਾਈ ਸਾਅਬ?"

-"ਹਾਂ ਜੀ।"

-"ਘਰ ਈ ਐ। ਹੈਧਰ ਹੋਣਾ ਐ। ਔਂਦੈ ਬੱਸ।"

-"ਮਿਲ ਗਿਆ ਜੀ। ਓਸੇ ਨੇ ਮੈਨੂੰ ਐਥੇ ਬੈਠਕ 'ਚ ਬੈਠਣ ਨੂੰ ਆਖਿਐ।"

ਮਾਸਟਰ ਚੁੱਪ ਹੋ ਕੇ ਬੈਠ ਗਿਆ।

ਨਿਰਭੈ ਨੇ ਓਧਰ ਹੀ ਦਸ ਪੰਦਰਾਂ ਮਿੰਟ ਲਾ ਦਿੱਤੇ, ਆਇਆ ਹੀ ਨਾ। ਮਾਸਟਰ ਉਸ ਨੂੰ ਬੁਰੀ ਤਰ੍ਹਾਂ ਉਡੀਕ ਰਿਹਾ ਸੀ। ਅਜੇ ਤਾਂ ਉਸ ਨੇ ਆਪਣੀ ਕਿਤਾਬ ਛਾਪਣ ਬਾਰੇ ਭੁਮਿਕਾ ਵੀ ਬੰਨ੍ਹਣੀ ਸੀ। ਤੇ ਫੇਰ ਵੀਹ ਰੁਪਈਆਂ ਦੀ ਗੱਲ ਤੋਰਨੀ ਸੀ। ਕੀ ਪਤਾ, ਨਿਰਭੈ ਕੀ ਸੋਚੇਗਾ? ਉਹ ਦੇ ਸਰੀਰ ਨੂੰ ਅੱਚਵੀ ਲੱਗ ਗਈ। ਥੋੜ੍ਹੀ ਦੇਰ ਬਾਅਦ ਫੇਰ ਨਿਰਭੈ ਆਇਆ। ਮੋਮੀ ਕਾਗਜ਼ ਵਿਚ ਵਲ੍ਹੇਟਿਆ ਕੁਝ ਕਾਲਾ ਕਾਲਾ ਉਹ ਦੇ ਹੱਥਾਂ ਵਿਚ ਸੀ। ਉਹ ਨੇ ਉਹ ਚੀਜ਼ ਬੈਠਕ ਵਿਚ ਬੈਠੇ ਉਸ ਬੰਦੇ ਨੂੰ ਫੜਾਈ ਤੇ ਆਖਿਆ-"ਇੱਕ ਕਿੱਲੋ ਐ। ਘਰ ਜਾ ਕੇ ਜੋਖ ਲੀਂ ਬੇਸ਼ੱਕ।"

-"ਲੈ ਜੋਖਣ ਨੂੰ ਕੀ ਐ, ਨਿਰਭੈ ਸਿਆਂ। ਤੇਰੇ ਨਾਲ ਤਾਂ ਕਦੋਂ ਦਾ ਵਿਹਾਰ ਐ। ਤੈਨੂੰ ਕਿਤੇ ਜਾਣਦਾ ਨ੍ਹੀ ਮੈਂ। ਇਹ ਤਾਂ ਮਾਤਬਰੀ ਦੇ ਸੌਦੇ ਐ। ਉਹ ਬੰਦੇ ਤਾਂ ਹੋਰ ਈ ਹੁੰਦੇ ਨੇ।"

ਬੈਠਕ ਵਿਚ ਬੈਠੇ ਬੰਦੇ ਨੇ ਮੋਮੀ ਕਾਗਜ਼ ਦਾ ਲਿਫ਼ਾਫ਼ਾ ਦਰੀ ਦੇ ਬਣੇ ਝੋਲੇ ਵਿਚ ਪਾਇਆ ਤੇ ਉੱਤੋਂ ਝੋਲੇ ਦੀਆਂ ਤਣੀਆਂ ਸੰਵਾਰ ਕੇ ਬੰਨ੍ਹ ਲਾਈਆਂ। ਫੇਰ ਆਪਣੇ ਕੁੜਤੇ ਦੀ ਅੰਦਰਲੀ ਜੇਬ ਵਿਚੋਂ ਉਸ ਨੇ ਸੌ ਸੌ ਦੇ ਨੋਟਾਂ ਦੀ ਥਹੀ ਕੱਢੀ ਤੇ ਇੱਕ ਇੱਕ ਕਰਕੇ ਦਸ ਨੋਟ ਨਿਰਭੈ ਨੂੰ ਫੜਾ ਦਿੱਤੇ। ਬੋਲਿਆ-"ਠੀਕ ਐ?"

-"ਹਾਂ, ਠੀਕ ਐ। ਖ਼ਰੇ ਦੁੱਧ ਅਰਗੇ। ਫੇਰ ਨਿਰਭੈ ਨੇ ਸੁਲਾਹ ਮਾਰੀ-"ਲੋੜ ਐ ਤਾਂ ਫੇਰ ਦੇ ਜੀਂ ਥੋੜ੍ਹੇ ਘਣੇ।"

-"ਨਾ ਨਾ, ਸ਼ਾਬ ਤਾ ਮੁੱਕਦਾ ਈ ਚੰਗੈ।" ਉਹ ਨੇ ਪਾਣੀ ਵੀ ਨਹੀਂ ਪੀਤਾ। ਉੱਠਿਆ ਤੇ ਕਿਸੇ ਛਾਂ ਵਾਂਗ ਨਿਰਭੈ ਦੇ ਘਰੋਂ ਬਾਹਰ ਹੋ ਗਿਆ।

-"ਹੋਰ ਫੇਰ, ਮਾਸਟਰ ਜੀ? ਅੱਜ ਕਿਧਰੋਂ ਭੁੱਲੇ ਚੁੱਕੇ ਆ 'ਗੇ ਤੁਸੀਂ?" ਆਰਾਮ ਨਾਲ ਬੈਠ ਕੇ ਨਿਰਭੈ ਪੁੱਛਣ ਲੱਗਿਆ।

-"ਬੱਸ ਯਾਰ, ਮੈਂ ਕਿਹਾ, ਜ਼ਰਾ ਆਪਣੇ ਸ਼ਾਗਿਰਦਾਂ ਨੂੰ ਮਿਲ ਈ ਲਵਾਂ।" ਤੇ ਫੇਰ ਅਗਲੇ ਬਿੰਦ ਹੀ ਮਾਸਟਰ ਜੰਗੀਰ ਸਿੰਘ ਨੇ ਆਪਣੀ ਕਿਤਾਬ ਛਾਪਣ ਦੀ ਗੱਲ ਛੇੜ ਦਿੱਤੀ।

ਨਿਰਭੈ ਕਹਿੰਦਾ-'ਜਿੱਥੇ ਕਿਤੇ ਵੀ ਥੋਡੀ ਕਵਿਤਾ ਛਪਦੀ ਐ, ਮਾਸਟਰ ਜੀ, ਮੈਂ ਜ਼ਰੂਰ ਪੜ੍ਹਦਾ। ਜਦੋਂ ਤੁਸੀਂ ਸਾਨੂੰ ਦਸਮੀ 'ਚ ਅੰਗਰੇਜ਼ੀ ਪੜ੍ਹੋਂਦੇ ਹੁੰਦੇ ਸੀ, ਓਦੋਂ ਜਦੋਂ ਦੇ ਤੁਸੀਂ ਆਪਣਾ ਕੋਈ ਗੀਤ ਜਾਂ ਗ਼ਜ਼ਲ ਸੁਣਾਈ ਸੀ, ਉਨ੍ਹਾਂ ਦੀਆਂ ਕਈ ਤੁਕਾਂ ਮੇਰੇ ਜ਼ਬਾਨੀ ਯਾਦ ਨੇ, ਹੁਣ ਤੱਕ ਵੀ-ਉਹ ਦੇਖੋ, ਕੀ ਸੀ ਉਹ-ਮਜ਼ਦੂਰ ਲਈ ਅੱਜ ਰਿਜ਼ਕ ਹੀ ਈਮਾਨ ਬਣਦਾ ਜਾ ਰਿਹੈ।"

-"ਹਾਂ, ਲੋਟੂਆਂ ਲਈ ਮੌਤ ਦਾ ਸਮਾਨ ਬਣਦਾ ਜਾ ਰਿਹੈ।" ਮਾਸਟਰ ਨੇ ਪੂਰਾ ਕੀਤਾ ਤੇ ਫੇਰ ਝੱਟ ਹੀ ਵੀਹ ਰੁਪਏ ਦਾ ਸਵਾਲ ਪਾ ਦਿੱਤਾ। ਤੇ ਫੇਰ ਇੱਕ ਖੁਸ਼ਕ ਮੁਸਕਾਣ ਬੁੱਲ੍ਹਾਂ 'ਤੇ ਚੇਪ ਲਈ।

ਨਿਰਭੈ ਕੁਝ ਸੋਚਣ ਲੱਗ ਪਿਆ ਤੇ ਫੇਰ ਪੁੱਛਿਆ, "ਥੋਡੀ ਏਸ ਕਿਤਾਬ 'ਤੇ ਸਾਰਾ ਕਿੰਨਾ ਕੁ ਖ਼ਰਚ ਆ ਜੂ?"

-"ਚਾਰ ਹਜ਼ਾਰ। ਛੇ ਸੌ ਕਾਪੀਆਂ ਛਪਵਾਵਾਂਗੇ।"

ਮਾਸਟਰ ਜਿਵੇਂ ਆਸ ਨਿਰਾਸ ਦੇ ਦੋ ਪੁੜਾਂ ਵਿਚਕਾਰ ਫਸਿਆ ਬੈਠਾ ਹੋਵੇ। ਪਤਾ ਨਹੀਂ, ਕੀ ਜਵਾਬ ਦੇਵੇਗਾ ਨਿਰਭੈ? ਕਿਧਰੇ ਕੋਈ ਕੁਸੈਲਾ ਬੋਲ ਦੇਵੇ ਤੇ ਉਹ ਦਾ ਮਰਨ ਹੋ ਜਾਵੇ।

-"ਮੈਂ ਹੋਰ ਕਹਿਨਾਂ, ਮਾਸਟਰ ਜੀ ਜੇ ਮੰਨੋ ਤਾਂ?"

-"ਹਾਂ, ਦੱਸ ਭਾਈ, ਮੰਨਾਗੇ ਕਿਵੇਂ ਨ੍ਹੀ।"

-"ਤੁਸੀਂ ਕਾਹਨੂੰ ਐਵੇਂ ਵੀਹ ਵੀਹ ਰੁਪਏ ਪਿੱਛੇ ਸਾਈਕਲ 'ਤੇ ਲੱਤਾਂ ਤੁੜੌਂਦੇ ਫਿਰਦੇ ਓਂ। ਚਾਰ ਹਜ਼ਾਰ ਮੈਥੋਂ ਈ ਲੈ ਲੋ। ਇੱਕ ਹਫ਼ਤੇ ਦੀ ਕਮਾਈ ਐ ਮੇਰੀ ਤਾਂ।"

ਮਾਸਟਰ ਜੀ ਨੂੰ ਜਿਵੇਂ ਗਸ ਪੈ ਗਈ ਹੋਵੇ। ਉਹ ਦੀ ਜੀਭ ਤਾਲੂਏ ਨਾਲ ਲੱਗੀ। ਉਹ ਸੋਫ਼ੇ ਦੀ ਢੋਹ ਨਾਲ ਪਿਛਾਂਹ ਨੂੰ ਇਉਂ ਡਿੱਗਿਆ, ਜਿਵੇਂ ਸੱਚੀਂ ਉਹ ਨੂੰ ਕੋਈ ਕਸਰ ਹੋ ਗਈ ਹੋਵੇ। ਦੋ ਮਿੰਟ ਐਵੇਂ ਹੀ ਗੁਜ਼ਰ ਗਏ ਤੇ ਫੇਰ ਮਾਸਟਰ ਨੇ ਪਾਣੀ ਮੰਗਿਆ।

ਪਾਣੀ ਦਾ ਗਲਾਸ ਪਿਆ ਕੇ ਨਿਰਭੈ ਮਾਸਟਰ ਕੋਲ ਹੀ ਸੋਫ਼ੇ ਤੇ ਬੈਠ ਗਿਆ ਤੇ ਕਿਹਾ-"ਇੱਕ ਹਜ਼ਾਰ ਤਾਂ ਤੁਸੀਂ ਆਹ ਫੜੋ। ਤਿੰਨ ਹਜ਼ਾਰ ਮੈਂ ਆਪ ਈ ਥੋਨੂੰ ਪਿੰਡ ਦੇ ਆਉਂ। ਪਰਸੋਂ ਜਾਂ ਚੌਥੇ। ਬਹੁਤੇ ਦਿਨ ਨ੍ਹੀ ਪੈਣ ਦਿੰਦਾ।"

ਮਾਸਟਰ ਜੰਗੀਰ ਸਿੰਘ ਦੇ ਹੱਥ ਕੰਬਣ ਲੱਗੇ। ਮਸ਼ਾਂ ਹੀ ਮੂੰਹੋਂ ਬੋਲ ਨਿਕਲਿਆ-"ਨਹੀਂ, ਨਿਰਭੈ ਸਿਆਂ, ਇਓਂ ਨ੍ਹੀ ਠੀਕ। ਤੂੰ ਮੈਨੂੰ ਵੀਹ ਦਾ ਇੱਕ ਨੋਟ ਦੇ ਦੇ ਬੱਸ।"

-"ਵਾਹ ਮਾਸਟਰ ਜੀ, ਇਹ ਕੋਈ ਗੱਲ ਹੋਈ। ਮੇਰੇ ਕੀ ਯਾਦ ਐ ਇਹ ਚਾਰ ਹਜ਼ਾਰ ਗੁਰੂ ਖਾਤਰ ਮੈਂ ਐਨਾ ਵੀ ਨ੍ਹੀ ਕਰ ਸਕਦਾ?"

ਮਾਸਟਰ ਨੇ ਦੋਵੇਂ ਹੱਥ ਆਪਣੇ ਗੋਡਿਆਂ ਵਿਚ ਦੇ ਲਏ ਤੇ ਫੇਰ ਜਿਵੇਂ ਗਿੜਗਿੜਾਇਆ ਹੋਵੇ-"ਬੱਸ ਵੀਹ ਦਾ ਇੱਕ ਨੋਟ।"

ਨਿਰਭੈ ਨੇ ਦੇਖਿਆ, ਮਾਸਟਰ ਘਬਰਾਇਆ ਬੈਠਾ ਹੈ। ਤੇ ਫੇਰ ਉਹ ਨੇ ਦਸੇ ਨੋਟ ਉਹ ਦੇ ਮੂੰਹ ਕੋਲ ਕਰਕੇ ਆਖਿਆ-"ਚੰਗਾ ਇਹ ਇੱਕ ਹਜ਼ਾਰ ਲੈ ਲੋ।"

-"ਨਹੀਂ, ਵੀਹ ਰੁਪਏ ਬਹੁਤ ਨੇ। ਬਾਸ਼ ਇੱਕੋ ਜ੍ਹੀ ਹੁੰਦੀ ਐ। ਵੱਧ ਬਿਲਕੁਲ ਨੀ। ਇਨ੍ਹਾਂ ਵੀਹਾਂ 'ਚ ਮੈਂ ਤੈਨੂੰ ਦਸ ਰੁਪਿਆਂ ਦੀ ਕਿਤਾਬ ਦੇਊਂਗਾ। ਤੈਥੋਂ ਦੁੱਗਣੇ ਲੈ ਰਿਹਾ, ਇਹ ਛੋਟੀ ਗੱਲ ਐ ਕੋਈ। ਇਹ ਵੀਹ ਤੈਨੂੰ ਆਪਣਾ ਜਾਣ ਕੇ ਈ ਲੈਨਾਂ।"

-"ਮੈਂ ਵੀ ਆਪਣਾ ਜਾਣਕੇ ਈ ਦਿੰਨਾ, ਗੁਰੂ ਜੀ, ਇਹ ਇੱਕ ਹਜ਼ਾਰ।" -"ਨਾ, ਨਾ, ਇਹ ਹੋ ਈ ਨ੍ਹੀ ਸਕਦਾ।"

-"ਤਾਂ ਫੇਰ ਹੁਣ ਨਾ ਮੋੜਿਓ, ਆਹ ਲਓ, ਐਨੇ ਕੁ ਤਾਂ ਲੈ ਲੋ।" ਨਿਰਭੈ ਨੇ ਪੰਜ ਨੋਟ ਵੱਖਰੇ ਕੱਢ ਲਏ।

-"ਬਈ ਨਿਰਭੈ, ਮੈਂ ਚਲਦਾਂ ਫੇਰ। ਤੂੰ ਵੀਹ ਵੀ ਨਾ ਦੇਹ।"

ਮਾਸਟਰ ਜੰਗੀਰ ਸਿੰਘ ਦੇ ਮਨ ਵਿਚ ਫੇਰ ਪਤਾ ਨਹੀਂ ਕੀ ਆਈ, ਉਹ ਨੇ ਸੌ ਰੁਪਿਆ ਮਨਜ਼ੂਰ ਕਰ ਲਿਆ। ਪਰ ਉਹ ਦੇ ਮੱਥੇ 'ਤੇ ਮੁੜ੍ਹਕਾ ਸੀ। ਪੁੱਛਣ ਲੱਗਿਆ-"ਤੂੰ ਇਹ ਕੰਮ ਕਦੋਂ ਦਾ ਕਰ ਰਿਹੈਂ?" -"ਮੈਨੂੰ ਤਾਂ ਜੀ ਪੰਜ ਸਾਲ ਹੋ 'ਗੇ।"

-"ਕੀ ਗੱਲ, ਤੂੰ ਏਸ ਰਾਹ ਕਿਵੇਂ ਪੈ ਗਿਆ? ਤੂੰ ਤਾਂ ਬੜਾ ਸਾਊ ਮੁੰਡਾ ਹੁੰਦਾ ਸੀ।"

-"ਸਾਊਆਂ ਨੂੰ ਕੌਣ ਪੁੱਛਦੈ, ਮਾਸਟਰ ਜੀ। ਸਾਊ ਬਣਿਆ ਰਹਿੰਦਾ ਤਾਂ ਭੁੱਖਾ ਮਰਦਾ। ਐੱਮ. ਐੱਸ. ਸੀ. ਕਰਨ ਪਿੱਛੋਂ ਵੀ ਰੁਜ਼ਗਾਰ ਤਾਂ ਕਿਧਰੇ ਮਿਲਿਆ ਨਾ। ਹੋਰ ਕੀ ਕਰਦਾ ਜੀ ਫੇਰ?"

-"ਤੈਨੂੰ ਡਰ ਨ੍ਹੀ ਲਗਦਾ?"

-"ਡਰਨਾ ਕੀਹਤੋਂ ਜੀ। ਐੱਮ. ਐੱਲ. ਏ. ਸਾਅਬ ਆਪਣੇ ਐ, ਥਾਣੇਦਾਰ ਆਪਣਾ ਐ। ਉਨ੍ਹਾਂ ਦਾ ਹਿੱਸਾ ਉਨ੍ਹਾਂ ਦੇ ਘਰ ਪਹੁੰਚ ਜਾਂਦੈ।"

ਮਾਸਟਰ ਜੰਗੀਰ ਸਿੰਘ ਦੀ ਛੱਬੀ-ਸਤਾਈ ਸਾਲ ਦੀ ਸਰਵਿਸ ਹੋ ਚੁੱਕੀ ਸੀ। ਉਹ ਪੁਰਾਣੇ ਵਖ਼ਤਾਂ ਨਾਲ ਹੁਣ ਦੇ ਵਖ਼ਤ ਦਾ ਮੁਕਾਬਲਾ ਕਰਨ ਲੱਗਿਆ ਤੇ ਖੜ੍ਹਾ ਹੋ ਕੇ ਨਿਰਭੈ ਸਿੰਘ ਵੱਲ ਹੱਥ ਵਧਾਇਆ।

ਨਿਰਭੈ ਸਿੰਘ ਉਹ ਨੂੰ ਵੀਹੀ ਦੇ ਮੋੜ ਤੱਕ ਵਿਦਾ ਕਰਨ ਆਇਆ।

ਮਾਸਟਰ ਜੰਗੀਰ ਸਿੰਘ ਪਿੰਡ ਵਿਚ ਦੂਜੇ ਦੋ ਮੁੰਡਿਆਂ ਦੇ ਘਰ ਨਹੀਂ ਗਿਆ। ਸਿੱਧਾ ਆਪਣੇ ਪਿੰਡ ਨੂੰ ਚੱਲ ਪਿਆ। ਸੂਏ ਦੀ ਪਟੜੀ ਪੈ ਕੇ ਉਹ ਸਾਈਕਲ ਦੇ ਪੈਡਲ ਮਾਰਦਾ ਜਾ ਰਿਹਾ ਡੂੰਘੀ ਸੋਚ ਵਿਚ ਡੁੱਬਿਆ ਹੋਇਆ ਸੀ। ...ਨਿਰਭੈ ਹੋਰ ਕੀ ਕਰਦਾ ਫੇਰ? ਏਸ ਨਜ਼ਾਮ ਵਿਚ ਉਹ ਇਹੀ ਕਰ ਸਕਦਾ ਸੀ।