ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਮਿੱਟੀ ਦੀ ਜ਼ਾਤ

ਵਿਕੀਸਰੋਤ ਤੋਂ

ਰਾਮ ਨਾਰਾਇਣ ਗੋਬਿੰਦਪੁਰੇ ਦੇ ਬੱਸ ਅੱਡੇ 'ਤੇ ਉਤਰਿਆ। ਉਹ ਨੇ ਨਿਗਾਹ ਮਾਰੀ, ਪੱਛਮ ਵਿਚ ਸੂਰਜ ਦਾ ਚੌਥਾ ਹਿੱਸਾ ਧਰਤੀ 'ਤੇ ਬਾਕੀ ਰਹਿ ਗਿਆ ਸੀ। ਪਿੰਡ ਉੱਥੋਂ ਇੱਕ ਮੀਲ ਦੂਰ ਸੀ। ਉਹ ਨੇ ਕਦਮਾਂ ਵਿਚ ਕਾਹਲ ਭਰ ਲਈ। ਹਵਾ ਚਾਹੇ ਨਹੀ ਸੀ, ਪਰ ਠੰਡ ਪੂਰੀ ਸੀ। ਲਿੰਕ ਰੋਡ ਦੇ ਦੋਵੇਂ ਪਾਸੀਂ ਹਰੀਆਂ ਕਚੂਰ ਕਣਕਾਂ ਦੇ ਖੇਤ ਸਨ। ਉਤਰ ਰਹੇ ਹਨੇਰੇ ਵਿਚ ਕਣਕ ਹੋਰ ਵੀ ਹਰੀ ਲੱਗਦੀ।ਕਾਲਖ਼ ਦੀ ਭਾਅ ਮਾਰਦੀ ਹਰਿਆਵਲ।

ਤੇਜ਼ ਤੇਜ਼ ਤੁਰਿਆ ਜਾ ਰਿਹਾ ਉਹ ਹਰਦੇਵ ਸਿੰਘ ਬਾਰੇ ਸੋਚਣ ਲੱਗਿਆ। ਰੱਬ ਵੀ ਸੱਚੇ ਸੁੱਚੇ ਬੰਦਿਆਂ ਨੂੰ ਮੁਸੀਬਤਾਂ ਵਿਚ ਪਾਉਂਦਾ ਹੈ। ਹਰਦੇਵ ਸਿੰਘ ਕਿੰਨਾ ਧਾਰਮਿਕ ਹੈ। ਹਮੇਸ਼ਾ ਤੜਕੇ ਚਾਰ ਵਜੇ ਉੱਠਦਾ ਹੈ। ਨਹਾ ਧੋ ਕੇ ਫੇਰ ਗੁਰਦੁਆਰੇ ਜਾਣਾ ਤੇ ਬਾਬੇ ਦੀ ਬੀੜ ਨੂੰ ਮੱਥਾ ਟੇਕਣਾ ਉਹ ਦਾ ਨਿੱਤ ਨੇਮ ਹੈ। ਹਰ ਵੇਲੇ ਪ੍ਰਮਾਤਮਾ ਵੱਲ ਧਿਆਨ। ਜ਼ਿੰਦਗੀ ਭਰ ਉਹ ਦੇ ਮੂੰਹੋਂ ਕਿਸੇ ਦੀ ਬੁਰਾਈ ਨਹੀਂ ਸੁਣੀ। ਉਹ ਐਨੀ ਜ਼ਮੀਨ ਦਾ ਮਾਲਕ ਹੈ, ਹੰਕਾਰ ਭੋਰਾ ਵੀ ਨਹੀਂ। ਕਦੇ ਕਿਸੇ ਸੀਰੀ ਸਾਂਝੀ ਦਾ ਹੱਕ ਨਹੀਂ ਮਾਰਿਆ, ਸਗੋਂ ਪਿੰਡ ਦੇ ਗਰੀਬ ਗੁਰਬਿਆਂ ਦਾ ਸਹਾਈ ਬਣਦਾ ਹੈ। ਸ਼ਹਿਰ ਜਾਂਦਾ ਤੇ ਕਚਹਿਰੀਆਂ ਵਿਚ ਅਫ਼ਸਰਾਂ-ਵਕੀਲਾਂ ਨੂੰ ਮਿਲ ਕੇ ਉਨ੍ਹਾਂ ਦੇ ਕੰਮ ਕਰਵਾ ਦਿੰਦਾ ਹੈ। ਆਪ ਕਿਸੇ ਤੋਂ ਕਦੇ ਚਾਹ ਦਾ ਕੱਪ ਤੱਕ ਵੀ ਨਹੀਂ ਪੀਂਦਾ।

ਰਾਮ ਨਰਾਇਣ ਦਾ ਪਿੰਡ ਗੋਬਿੰਦਪੁਰਾ ਹੀ ਸੀ। ਉਹ ਦਾ ਬਾਪ ਪੁਲਿਸ ਵਿਚ ਸੀ ਤੇ ਸਾਰੀ ਉਮਰ ਪਿੰਡੋਂ ਬਾਹਰ ਰਿਹਾ। ਉਹ ਸਿਪਾਹੀ ਭਰਤੀ ਹੋਇਆ ਤੇ ਏ. ਐੱਸ. ਆਈ. ਬਣ ਕੇ ਰਿਟਾਇਰਮੈਂਟ ਲਈ। ਸ਼ੁਰੂ ਸ਼ੁਰੂ ਵਿਚ ਕਈ ਸਾਲ ਉਹ ਆਪ ਤਾਂ ਆਪਣੀ ਨੌਕਰੀ 'ਤੇ ਹੁੰਦਾ ਤੇ ਟੱਬਰ ਨੂੰ ਗੋਬਿੰਦਪੁਰੇ ਰੱਖਦਾ। ਤੇ ਫੇਰ ਰਿਟਾਇਰ ਹੋਣ ਤੋਂ ਪਹਿਲਾਂ ਉਹ ਨੇ ਪਟਿਆਲੇ ਆਪਣਾ ਮਕਾਨ ਬਣਾ ਲਿਆ ਸੀ। ਫੇਰ ਟੱਬਰ ਨੂੰ ਵੀ ਉੱਥੇ ਲੈ ਗਿਆ।

ਗੋਬਿੰਦਪੁਰੇ ਮਿਡਲ ਸਕੂਲ ਸੀ। ਰਾਮ ਨਰਾਇਣ ਤੇ ਹਰਦੇਵ ਸਿੰਘ ਅੱਠਵੀਂ ਜਮਾਤ ਤੱਕ ਇਸ ਸਕੂਲ ਵਿਚ ਇਕੱਠੇ ਪੜ੍ਹੇ ਸਨ। ਉਨ੍ਹਾਂ ਦੇ ਘਰ ਇਕੋ ਅਗਵਾੜ ਵਿਚ ਸਨ। ਉਹ ਖੇਡਦੇ ਵੀ ਇਕੱਠੇ। ਨੌਵੀਂ ਜਮਾਤ ਵਿਚ ਉਹ ਹੋਏ ਤਾਂ ਰਾਮ ਨਰਾਇਣ ਪਟਿਆਲੇ ਚਲਿਆ ਗਿਆ ਤੇ ਹਰਦੇਵ ਸਿੰਘ ਨੇੜੇ ਦੇ ਸ਼ਹਿਰ ਸਰਕਾਰੀ ਹਾਈ ਸਕੂਲ ਵਿਚ ਜਾ ਦਾਖ਼ਲ ਹੋਇਆ। ਉਨ੍ਹਾਂ ਦਿਨਾਂ ਵਿਚ ਸੜਕਾਂ ਆਮ ਨਹੀਂ ਸਨ ਤੇ ਇਸ ਹਿਸਾਬ ਬੱਸਾਂ ਫਿਰ ਕਿੱਥੇ ਸਨ। ਗੋਬਿੰਦਪੁਰੇ ਤੋਂ ਸ਼ਹਿਰ ਪੰਦਰਾਂ ਮੀਲ ਦੂਰ ਸੀ। ਸਕੂਲ ਦਾ ਇੱਕ ਬੋਰਡਿੰਗ ਹਾਊਸ ਵੀ ਸੀ। ਹਰਦੇਵ ਸਿੰਘ ਉਸ ਬੋਰਡਿੰਗ ਹਾਊਸ ਵਿਚ ਰਹਿੰਦਾ।

ਪਟਿਆਲਾ ਮਹਿੰਦਰਾ ਕਾਲਜ ਵਿਚ ਉਹ ਫੇਰ ਇਕੱਠੇ ਹੋ ਗਏ। ਰਾਮ ਨਰਾਇਣ ਆਪਣੇ ਘਰ ਰਹਿੰਦਾ ਤੇ ਹਰਦੇਵ ਸਿੰਘ ਕਾਲਜ ਹੋਸਟਲ ਵਿਚ। ਇਕੱਠਿਆਂ ਨੇ ਹੀ ਬੀ. ਏ. ਕੀਤੀ। ਰਾਮ ਨਰਾਇਣ ਬੈਂਕ ਵਿਚ ਕਲਰਕ ਲੱਗ ਗਿਆ। ਹਰਦੇਵ ਸਿੰਘ ਕਿਸੇ ਨੌਕਰੀ ਵਿਚ ਨਾ ਪਿਆ। ਉਹ ਆਪਣੇ ਬਾਪ ਦਾ ਇਕੱਲਾ ਪੁੱਤ ਸੀ। ਓਧਰ ਉਹ ਨੇ ਬੀ. ਏ. ਕੀਤੀ ਤੇ ਓਧਰ ਉਹ ਦਾ ਬਾਪ ਗੁਜ਼ਰ ਗਿਆ। ਪਿਓ ਫ਼ੌਜੀ ਬੰਦਾ ਸੀ, ਚਾਹੁੰਦਾ ਸੀ ਕਿ ਹਰਦੇਵ ਸਿੰਘ ਨੂੰ ਉਹ ਕੋਈ ਅਫ਼ਸਰ ਬਣਾਵੇਗਾ, ਪਰ ਜ਼ਮੀਨ ਬਹੁਤ ਸੀ। ਹਰਦੇਵ ਸਿੰਘ ਸਰਕਾਰੀ ਨੌਕਰੀ ਕਰਦਾ ਤਾਂ ਜ਼ਮੀਨ ਕੌਣ ਸੰਭਾਲਦਾ?

ਹਰਦੇਵ ਸਿੰਘ ਦੇ ਆਪ ਵੀ ਅਗਾਂਹ ਇੱਕ ਮੁੰਡਾ ਹੋਇਆ, ਕੁੜੀਆਂ ਚਾਰ। ਮੁੰਡਾ ਉਹ ਨੇ ਵੀ ਬੀ. ਏ. ਤੱਕ ਪੜ੍ਹਾਇਆ। ਆਪਣੇ ਬਾਪ ਵਾਂਗ ਹਰਦੇਵ ਸਿੰਘ ਵੀ ਚਾਹੁੰਦਾ ਸੀ ਕਿ ਉਹ ਦਾ ਮੁੰਡਾ ਕੋਈ ਅਫ਼ਸਰ ਬਣ ਜਾਵੇ। ਖੇਤੀ ਦੇ ਕੰਮ ਵਿਚ ਕੀ ਧਰਿਆ ਪਿਆ ਹੈ? ਮਿੱਟੀ ਨਾਲ ਮਿੱਟੀ ਹੋ ਕੇ ਰਹਿਣਾ ਪੈਂਦਾ ਹੈ। ਕਿੰਨਾ ਚਾਅ ਸੀ, ਉਹ ਨੂੰ ਮੁੰਡੇ ਦਾ। ਮੁੰਡੇ ਦੇ ਹੁੰਦਿਆਂ ਉਹ ਨੂੰ ਆਪਣੇ ਚਾਰ ਪੱਥਰ ਯਾਦ ਨਹੀਂ ਸਨ। ਪਰ ਮੁੰਡਾ ਅਜਿਹੀ ਕਿਸੇ ਬਿਮਾਰੀ ਨੇ ਫੜਿਆ ਬਸ ਜਾਨ ਦੇ ਕੇ ਹੀ ਖਹਿੜਾ ਛੁੱਟਿਆ।

ਮੁੰਡੇ ਮਰੇ ਨੂੰ ਤਾਂ ਛੇ ਮਹੀਨੇ ਹੋ ਚੁੱਕੇ ਸਨ। ਹਰਦੇਵ ਸਿੰਘ ਨੇ ਰਾਮ ਨਰਾਇਣ ਨੂੰ ਚਿੱਠੀ ਵੀ ਲਿਖੀ ਸੀ। ਭੋਗ ਦਾ ਛਪਿਆ ਕਾਰਡ ਵੀ ਗਿਆ, ਪਰ ਰਾਮ ਨਰਾਇਣ ਅੱਜ ਤੱਕ ਗੋਬਿੰਦਪੁਰੇ ਨਾ ਆ ਸਕਿਆ। ਘੋਲ ਹੀ ਘੋਲ ਪੈਂਦੀ ਗਈ। ਪਤਾ ਨਹੀਂ, ਕੀ ਸੋਚਦਾ ਹੋਵੇਗਾ ਹਰਦੇਵ ਸਿੰਘ? ਰਾਮ ਨਰਾਇਣ ਆਪਣੇ ਚੌੜੇ ਵਿਚ ਗੱਲ ਲਿਆਉਂਦਾ ਤੇ ਆਪਣੇ ਆਪ 'ਤੇ ਲਾਹਨਤਾਂ ਪਾਉਣ ਲੱਗਦਾ। ਭਰਾਵਾਂ ਨਾਲੋਂ ਵੱਧ ਸੀ ਹਰਦੇਵ ਸਿੰਘ ਉਹਨੂੰ। ਉਹ ਕਿੰਨਾ ਨਿੱਘਰ ਗਿਆ ਹੈ। ਕਿਸੇ ਯਾਰ ਮਿੱਤਰ ਦੇ ਦੁੱਖ ਸੁੱਖ ਵੇਲੇ ਵੀ ਨਹੀਂ ਜਾ ਸਕਦਾ। ਕਦੇ ਉਹ ਸੋਚਦਾ, ਜਦੋਂ ਉਹ ਮੁੰਡੇ ਦੇ ਭੋਗ 'ਤੇ ਹੀ ਨਾ ਗਿਆ, ਹੁਣ ਐਨੇ ਚਿਰ ਪਿੱਛੋਂ ਜਾਣ ਦਾ ਕੀ ਲਾਭ? ਪਰ ਨਹੀਂ, ਉਹ ਨੂੰ ਹਰਦੇਵ ਸਿੰਘ ਦੇ ਸੁਭਾਓ ਦਾ ਪਤਾ ਸੀ। ਹਰਦੇਵ ਸਿੰਘ ਉਹ ਦੇ ਬਾਰੇ ਬੁਰਾ ਨਹੀਂ ਸੋਚ ਰਿਹਾ ਹੋਵੇਗਾ, ਉਹ ਮਿਲ ਬੈਠਣਗੇ ਤਾਂ ਚੰਗਾ ਮਾਹੌਲ ਆਪ ਪੈਦਾ ਹੋ ਜਾਵੇਗਾ। ਮੁੰਡੇ ਦਾ ਦੁੱਖ ਤਾਂ ਉਹ ਨੂੰ ਸਾਰੀ ਉਮਰ ਰਹਿਣਾ ਹੈ। ਛੇ ਮਹੀਨੇ ਗੁਜ਼ਰ ਜਾਣ ਪਿੱਛੋਂ ਕੀ ਇਹ ਦੁੱਖ ਦੁੱਖ ਨਹੀਂ ਰਹਿ ਗਿਆ ਹੋਵੇਗਾ? ਉਹ ਆਪਣੀ ਬੈਂਕ ਦੀ ਨੌਕਰੀ ਦੀ ਮਜਬੂਰੀ ਵੀ ਦੱਸੇਗਾ। ਉਹ ਨੇ ਆਪਣੇ ਦੁੱਖ ਵੀ ਤਾਂ ਹਰਦੇਵ ਸਿੰਘ ਨਾਲ ਸਾਂਝੇ ਕਰਨੇ ਹਨ। ਉਹ ਦੀ ਪਤਨੀ ਨਿੱਤ ਬਿਮਾਰ ਰਹਿੰਦੀ ਹੈ, ਜਿਵੇਂ ਧੁਰ ਦਰਗਾ ਬਿਮਾਰੀ ਲਿਖਵਾ ਕੇ ਲਿਆਈ ਹੋਵੇ। ਰਾਮ ਨਰਾਇਣ ਦੀ ਬੁੱਢੀ ਮਾਂ ਤਕੜੀ ਨਾ ਹੁੰਦੀ ਤਾਂ ਘਰ ਵਿਚ ਰੋਟੀ ਪੱਕਣੀ ਮੁਸ਼ਕਲ ਸੀ। ਬਿਮਾਰੀ ਕਰਕੇ ਹੀ ਉਹ ਦੇ ਕੋਈ ਬੱਚਾ ਨਹੀਂ ਹੋਇਆ ਸੀ। ਬੱਚਾ ਨਾ ਹੋਣ ਕਰਕੇ ਹੀ ਬਿਮਾਰ ਰਹਿੰਦੀ ਹੋਵੇਗੀ।

ਰਾਮ ਨਰਾਇਣ ਹੁਣ ਗੋਬਿੰਦਪੁਰੇ ਨੂੰ ਤੁਰਿਆ ਜਾ ਰਿਹਾ ਮਨ ਵਿਚ ਇੱਕੋ ਗੱਲ ਫੜੀ ਬੈਠਾ ਸੀ ਕਿ ਉਹ ਹਰਦੇਵ ਸਿੰਘ ਨੂੰ ਇਹ ਕਹਿ ਕੇ ਦਿਲ ਧਰਾਵੇਗਾ-"ਯਾਰ, ਮੇਰੇ ਕੰਨੀਂ ਦੇਖ, ਮੇਰੇ ਕੁੱਛ ਵੀ ਨਹੀਂ। ਤੇਰੇ ਮੁੰਡਾ ਹੋਇਆ ਤਾਂ ਸਹੀ। ਰੱਬ ਉਹਨੂੰ ਲੈ ਗਿਆ। ਫੇਰ ਤੇਰੇ ਚਾਰ ਕੁੜੀਆਂ ਤਾਂ ਹਨ। ਕੁੜੀਆਂ ਵਿਆਹੇਂਗਾ ਤਾਂ ਤੇਰੇ ਚਾਰੇ ਜਮਾਈ ਤੇਰੇ ਚਾਰ ਪੁੱਤ ਹੋਣਗੇ।"

ਰਾਮ ਨਰਾਇਣ ਨੂੰ ਗੋਬਿੰਦਪਰੇ ਆਇਆਂ ਦੋ ਸਾਲ ਹੋ ਗਏ ਸਨ। ਪਿਛਲੀ ਵਾਰੀ ਉਹ ਓਦੋਂ ਆਇਆ ਸੀ, ਜਦ ਉਨ੍ਹਾਂ ਦੇ ਘਰਾਂ ਵਿਚੋਂ ਉਹ ਦੇ ਦਾਦੇ ਦੇ ਭਰਾ ਦੇ ਪੋਤੇ ਦੀ ਕੁੜੀ ਦਾ ਵਿਆਹ ਸੀ।ਓਦੋਂ ਵੀ ਇਸ ਕਰਕੇ ਕਿ ਉਹ ਇਸ ਕੁੜੀ ਦਾ ਵਿਚੋਲਾ ਸੀ। ਉਹ ਦਾ ਸਾਕ ਪਟਿਆਲੇ ਹੀ ਆਪਣੇ ਇੱਕ ਕੁਲੀਗ ਦੇ ਸਕੂਲ ਅਧਿਆਪਕ ਮੁੰਡੇ ਨੂੰ ਲੈ ਗਿਆ ਸੀ। ਨਹੀਂ ਤਾਂ ਹੁਣ ਉਹਦੇ ਲਈ ਆਪਣੇ ਪਿੰਡ ਗੇੜਾ ਮਾਰਨਾ ਮੁਸ਼ਕਲ ਸੀ। ਨਾਲੇ ਉਨ੍ਹਾਂ ਦਾ ਹੁਣ ਇਸ ਪਿੰਡ ਵਿਚ ਕੀ ਰਹਿ ਗਿਆ ਸੀ? ਜ਼ਮੀਨ ਉਨ੍ਹਾਂ ਕੋਲ ਨਹੀਂ ਸੀ। ਇੱਕ ਘਰ ਸੀ, ਜਿਹੜਾ ਉਸ ਦੇ ਬਾਪ ਨੇ ਪਟਿਆਲੇ ਜਾ ਕੇ ਵਸਣ ਬਾਅਦ ਸ਼ਰੀਕਾਂ ਨੂੰ ਵੇਚ ਦਿੱਤਾ ਸੀ। ਫੇਰ ਵੀ ਪਿੰਡ ਦੀ ਮਿੱਟੀ ਦਾ ਇੱਕ ਮੋਹ ਸੀ, ਜਿਹੜਾ ਉਸ ਨੂੰ ਕਦੇ ਕਦੇ ਇੱਥੇ ਖਿੱਚ ਲਿਆਉਂਦਾ। ਤੇ ਫੇਰ ਹਰਦੇਵ ਸਿੰਘ ਇਥੇ ਜੁ ਸੀ। ਭਾਵੇਂ ਉਹ ਕਿੰਨੇ ਹੀ ਸਾਲਾਂ ਬਾਅਦ ਮਿਲਦੇ ਹੋਣ, ਹਰਦੇਵ ਸਿੰਘ ਨਾਲ ਗੱਲਾਂ ਕਰਕੇ ਉਹ ਦਾ ਮਨ ਹੌਲਾ ਹੋ ਜਾਂਦਾ। ਜਦੋਂ ਵੀ ਉਹ ਮਿਲਦੇ, ਇਕੱਠੇ ਰਾਤ ਕੱਟਦੇ। ਗੱਲਾਂ ਵਿਚ ਹੀ ਰਾਤ ਲੰਘ ਜਾਂਦੀ। ਹਰਦੇਵ ਸਿੰਘ ਵੀ ਕਦੇ ਕਦੇ ਉਹ ਦੇ ਕੋਲ ਪਟਿਆਲੇ ਰਹਿ ਆਉਂਦਾ।

ਪਿੰਡ ਦੇ ਫਲ੍ਹੇ ਵਾਰਗੇ ਉਹ ਪਹੁੰਚਿਆ ਤਾਂ ਪਹਿਲਾਂ ਉਹ ਨੂੰ ਹਰਦੇਵ ਸਿੰਘ ਦਾ ਬਾਹਰਲਾ ਘਰ ਦਿਸਿਆ। ਬਾਹਰਲੇ ਘਰ ਦੀ ਬੈਠਕ 'ਤੇ ਲੱਗਿਆ ਐਂਟੀਨਾ। ਇਹ ਬੈਠਕ ਉਹ ਨੇ ਆਏ ਗਏ ਬੰਦੇ ਵਾਸਤੇ ਰੱਖੀ ਹੋਈ ਸੀ। ਓਥੇ ਅਗਲੇ ਨੂੰ ਬਿਠਾਉਂਦਾ, ਓਥੇ ਹੀ ਉਹ ਦੀ ਸੇਵਾ ਕਰਦਾ। ਰਾਤ ਕਿਸੇ ਨੇ ਠਹਿਰਨਾ ਹੁੰਦਾ ਤਾਂ ਓਸੇ ਬੈਠਕ ਵਿਚ। ਰਾਮ ਨਰਾਇਣ ਥੋੜ੍ਹਾ ਅੱਗੇ ਹੋਇਆ ਤਾਂ ਹਰਦੇਵ ਸਿੰਘ ਦਾ ਅੰਦਰਲਾ ਘਰ ਵੀ ਦਿਸ ਪਿਆ। ਬਾਹਰਲੇ ਘਰ ਦੇ ਅੱਗੋਂ ਦੀ ਲੰਘ ਕੇ ਹੀ ਅੰਦਰਲਾ ਘਰ ਸੀ। ਉਹ ਅੰਦਰਲੇ ਘਰ ਹੀ ਜਾਣਾ ਚਾਹੁੰਦਾ ਸੀ। ਉਹ ਬਾਹਰਲੇ ਘਰ ਕਿਉਂ ਜਾਵੇ? ਉਹ ਕੋਈ ਓਪਰਾ ਥੋੜ੍ਹਾ ਸੀ। ਹਰਦੇਵ ਸਿੰਘ ਦੇ ਅੰਦਰਲੇ ਘਰ ਅੱਗੇ ਖੜ੍ਹ ਕੇ ਉਹ ਖੰਘਿਆ। ਨਾਲ ਦੀ ਨਾਲ ਉਹ ਦੀ ਨਿਗਾਹ ਉਨ੍ਹਾਂ ਦੇ ਆਪਣੇ ਘਰ ਵੱਲ ਚਲੀ ਗਈ। ਜੋ ਹੁਣ ਉਨ੍ਹਾਂ ਦਾ ਨਹੀਂ ਰਹਿ ਗਿਆ ਸੀ। ਸ਼ਰੀਕਾਂ ਦਾ ਕਬਜ਼ਾ ਸੀ। ਉਨ੍ਹਾਂ ਦਾ ਇਹ ਘਰ ਖਰੀਦ ਕੇ ਸ਼ਰੀਕ ਜਿਵੇਂ ਉੱਚਾ ਬਣਾ ਬੈਠਾ ਹੋਵੇ। ਉਹ ਜਿਵੇਂ ਨੀਵੇਂ ਰਹਿ ਗਏ ਹੋਣ। ਸ਼ਰੀਕ ਭਾਵੇਂ ਸਾਰੀ ਉਮਰ ਤੋਂ ਬਾਣੀਆਂ ਦਾ ਕਰਜ਼ਾਈ ਸੀ, ਪਰ ਸ਼ਰੀਕਾਂ ਦੀ ਜਾਇਦਾਦ ਖਰੀਦ ਕੇ ਉਹ ਫੇਰ ਵੀ ਉੱਚਾ ਸੀ। ਬੈਂਕ ਵਿਚ ਪੈਸਾ ਜਮ੍ਹਾਂ ਰੱਖਣ ਵਾਲੇ ਪਟਿਆਲੀਏ ਉਹ ਦੇ ਕੋਲੋਂ ਫੇਰ ਵੀ ਨੀਵੇਂ ਸਨ।

ਇੱਕ ਖੰਘੂਰ ਉਹ ਨੇ ਹੋਰ ਮਾਰੀ। ਨਾਲ ਦੀ ਨਾਲ ਉਹ ਦੀ ਨਿਗਾਹ ਹਰਦੇਵ ਸਿੰਘ ਦੇ ਮਹਿਰਾਬੀ ਬਾਰ 'ਤੇ ਚਲੀ ਗਈ। ਅਸਮਾਨ ਵਿਚ ਚੰਦ ਪੂਰਾ ਚਮਕ ਰਿਹਾ ਸੀ। ਮਹਿਰਾਬੀ ਬਾਰ ਦੇ ਉਤਾਂਹ ਜਿਹੇ ਸਿੱਧੇ ਲਾਈਨ ਵਿਚ ਉੱਕਰੇ ਉਹ ਨੂੰ ਕਾਲੇ ਅੱਖਰ ਦਿੱਸੇ। ਅਰਬੀ ਵਿਚ ਲਿਖੇ ਇਹ ਵਰ੍ਹਿਆਂ ਪੁਰਾਣੇ ਅੱਖਰ ਸਨ।

ਰਾਮ ਨਰਾਇਣ ਨੂੰ ਇੱਕ ਪੁਰਾਣੀ ਗੱਲ ਯਾਦ ਆਈ। ਜਦੋਂ ਉਹ ਅੱਠਵੀਂ ਜਮਾਤ ਵਿਚ ਪੜ੍ਹਦੇ ਸਨ ਤਾਂ ਹਰਦੇਵ ਸਿੰਘ ਇੱਕ ਦਿਨ ਇਨ੍ਹਾਂ ਅੱਖਰਾਂ ਨੂੰ ਹੂਬਹੂ ਆਪਣੀ ਕਾਪੀ 'ਤੇ ਉਤਾਰ ਕੇ ਸਕੂਲ ਲੈ ਆਇਆ। ਤੇ ਫੇਰ ਸਕੂਲ ਦੇ ਗਿਆਨੀ ਮਾਸਟਰ ਨੂੰ ਉਨ੍ਹਾਂ ਨੇ ਇਹ ਅੱਖਰ ਦਿਖਾਏ ਸਨ। ਗਿਆਨੀ ਪੁਰਾਣੇ ਵਖ਼ਤਾਂ ਦਾ ਉਰਦ ਫ਼ਾਰਸੀ ਪੜ੍ਹਿਆ ਹੋਇਆ ਸੀ, ਅਰਬੀ ਵੀ ਜਾਣਦਾ ਹੋਵੇਗਾ। ਉਹ ਨੇ ਅੱਖਰ ਉਠਾ ਕੇ ਫੇਰ ਉਨ੍ਹਾਂ ਨੂੰ ਉਸ ਦਾ ਮਤਲਬ ਸਮਝਾਇਆ ਸੀ। ਉਨ੍ਹਾਂ ਨੇ ਉਨ੍ਹਾਂ ਅੱਖਰਾਂ ਨੂੰ ਆਪਣੀਆਂ ਕਾਪੀਆਂ 'ਤੇ ਪੰਜਾਬੀ ਵਿਚ ਲਿਖ ਲਿਆ ਸੀ ਤੇ ਫੇਰ ਮੂੰਹ ਜ਼ੁਬਾਨੀ ਯਾਦ ਵੀ ਕੀਤਾ। ਉਹ ਅੱਖਰ ਸਨ-"ਸੁਬਹਾਨ ਅੱਲਾਹ ਵਲ ਹਮਦੁਲ ਇੱਲਾਹ ਵਲਾ ਇੱਲਾਹ ਇਲ ਲੱਲਾਹ ਵੱਲਾ ਹੂ ਅਕਬਰ।" ਇਨ੍ਹਾਂ ਅੱਖਰਾਂ ਦੇ ਅਰਥ ਵੀ ਉਨ੍ਹਾਂ ਨੇ ਲਿਖੇ ਤੇ ਯਾਦ ਕੀਤਾ-"ਰੱਬ ਪਾਕ ਹੈ। ਤਮਾਮ ਤਰੀਫ਼ਾਂ ਓਸੇ ਲਈ ਹਨ। ਰੱਬ ਤੋਂ ਬਗੈਰ ਹੋਰ ਕੋਈ ਇਬਾਦਤ ਦੇ ਲਾਇਕ ਨਹੀਂ। ਰੱਬ ਹੀ ਸਭ ਤੋਂ ਵੱਡਾ ਹੈ।"

ਤੇ ਫੇਰ ਜਦੋਂ ਉਹ ਵਿਆਹੇ-ਵਰੇ ਹੋ ਗਏ ਸਨ, ਹਰਦੇਵ ਸਿੰਘ ਨੇ ਆਪਣਾ ਸਾਰਾ ਮਕਾਨ ਢਾਹ ਕੇ ਨਵਾਂ ਬਣਾਇਆ ਸੀ ਤਾਂ ਉਹ ਨੇ ਇਹ ਮਹਿਰਾਬੀ ਬਾਰ ਵਾਲਾ ਦਰਵਾਜ਼ਾ ਨਹੀਂ ਢਾਹਿਆ ਸੀ। ਉਹ ਕਹਿੰਦਾ ਹੁੰਦਾ-"ਇਹ ਨਹੀਂ ਢਾਹੁਣਾ। ਇਸ 'ਤੇ ਕੁਰਾਨ ਦੇ ਅੱਖਰ ਲਿਖੇ ਹੋਏ ਨੇ। ਉਹ ਇਹ ਵੀ ਕਹਿੰਦਾ-"ਇਹੀ ਕੁਛ ਗੁਰਬਾਣੀ ਕਹਿੰਦੀ ਐ, ਇਹੀ ਗੱਲਾਂ ਹਿੰਦੂਆਂ ਦੇ ਗ੍ਰੰਥ ਕਹਿੰਦੇ ਐ।' ਆਪਣੀ ਮਖ਼ਸੂਸ ਹਾਸੀ ਹੱਸਦਾ-"ਹੂੰ... ਫੇਰ ਇਹ ਫ਼ਰਕ ਕੀ ਹੋਇਆ? ਵੱਟਾਂ ਤਾਂ ਬੰਦਿਆਂ ਨੇ ਬਣਾ ਲੀਆਂ। ਰੱਬ ਤਾਂ ਸਭ ਦਾ ਇੱਕੋ ਐ।"

ਦੂਜੀ ਖੰਘੂਰ ਸੁਣ ਕੇ ਅੰਦਰੋਂ ਕੁੜੀ ਆਈ ਇਹ ਹਰਦੇਵ ਸਿੰਘ ਦੀ ਸਭ ਤੋਂ ਛੋਟੀ ਕੁੜੀ ਸੀ। ਬਹੁਤ ਨੇੜੇ ਹੋ ਕੇ ਉਹ ਨੇ ਰਾਮ ਨਰਾਇਣ ਨੂੰ ਸਿਆਣ ਲਿਆ। ਚਾਚਾ ਕਹਿ ਕੇ ਸਤਿ ਸ੍ਰੀ ਅਕਾਲ ਬੁਲਾਈ। ਰਾਮ ਨਰਾਇਣ ਨੇ ਉਹਦਾ ਸਿਰ ਪਲੋਸਿਆ ਤੇ ਉਹ ਨੂੰ ਬੁੱਕਲ ਵਿਚ ਲੈ ਲਿਆ। ਪੁੱਛਿਆ-"ਕਿੱਥੇ ਐ ਬਾਪੂ ਤੇਰਾ?" ਉਹ ਕਹਿੰਦੀ-"ਬਾਪੂ ਤੇ ਬੇਬੇ ਤਾਂ ਬਾਹਰਲੇ ਘਰ ਮੈਸ ਦੀ ਧਾਰ ਕੱਢਦੇ ਐ। ਤੁਸੀਂ ਅੰਦਰ ਆ ਜੋ।"

ਉਹ ਅੰਦਰ ਦਰਵਾਜ਼ੇ ਵਿਚ ਜਾ ਬੈਠਾ। ਬਿਜਲੀ ਜਗ ਰਹੀ ਸੀ। ਛੋਟੀ ਕੁੜੀ ਨਾਲ ਉਹ ਦੀਆਂ ਦੋ ਚਾਰ ਗੱਲਾਂ ਹੁੰਦੀਆਂ ਸੁਣ ਕੇ ਤੇ ਉਹ ਦਾ ਬੋਲ ਸਿਆਣ ਕੇ ਦੂਜੀਆਂ ਕੁੜੀਆਂ ਵੀ ਦਰਵਾਜ਼ੇ ਵਿਚ ਆ ਖੜ੍ਹੀਆਂ। ਸਭ ਨੇ ਵਾਰੀ ਵਾਰੀ ਸਤਿ ਸ੍ਰੀ ਅਕਾਲ ਆਖੀ। ਮੰਜੇ ਤੋਂ ਉੱਠ ਕੇ ਉਹ ਨੇ ਸਭ ਦਾ ਸਿਰ ਪਲੋਸਿਆ।

ਹਰਦੇਵ ਸਿੰਘ ਤੇ ਉਹ ਦੀ ਘਰ ਵਾਲੀ ਬਾਹਰਲੇ ਘਰੋਂ ਆਏ ਤਾਂ ਉਹ ਮੰਜੀ 'ਤੋਂ ਖੜ੍ਹਾ ਹੋ ਗਿਆ। ਚਾਰੇ ਕੁੜੀਆਂ ਅੰਦਰ ਚਲੀਆਂ ਗਈਆਂ ਸਨ। ਹਰਦੇਵ ਨੂੰ ਦੇਖਦੇ ਹੀ ਰਾਮ ਨਰਾਇਣ ਦੀ ਭੁੱਬ ਨਿਕਲ ਗਈ। ਉਹ ਜੱਫੀ ਪਾ ਕੇ ਮਿਲੇ। ਹਰਦੇਵ ਸਿੰਘ ਦੀ ਘਰ ਵਾਲੀ ਦੁੱਧ ਦੀ ਬਾਲਟੀ ਰਸੋਈ ਵਿਚ ਰੱਖ ਕੇ ਦਰਵਾਜ਼ੇ ਵਿਚ ਆਈ ਤੇ ਖੂੰਜੇ ਵਿਚ ਪਈ ਇੱਕ ਬੋਰੀ ਭੁੰਜੇ ਵਿਛਾ ਦਿੱਤੀ। ਰਾਮ ਨਰਾਇਣ ਬੋਰੀ 'ਤੇ ਬੈਠ ਗਿਆ ਕੋਲ ਹੀ ਹਰਦੇਵ ਸਿੰਘ ਥਮਲੇ ਦੀ ਢੋਹ ਲਾ ਕੇ ਪੈਰਾਂ ਭਾਰ ਬੈਠਾ ਸੀ। ਰਾਮ ਨਰਾਇਣ ਨਵਾਂ ਸਵਾਲ ਕਰਦਾ ਤਾਂ ਹਰਦੇਵ ਸਿੰਘ ਸਾਰੀ ਗੱਲ ਖੋਲ੍ਹ ਕੇ ਦੱਸਦਾ। ਓਥੇ ਬੈਠਿਆਂ ਨੂੰ ਹੀ ਛੋਟੀ ਕੁੜੀ ਚਾਹ ਦੇ ਗਲਾਸ ਫੜਾ ਗਈ। ਉਹ ਘੁੱਟ ਘੁੱਟ ਕਰਕੇ ਚਾਹ ਪੀਣ ਲੱਗੇ। ਹਰਦੇਵ ਸਿੰਘ ਕਹਿ ਰਿਹਾ ਸੀ-"ਚੰਗਾ ਕੀਤਾ ਰਾਮੂ, ਤੂੰ ਆ ਗਿਆ। ਮੈਨੂੰ ਪਤਾ ਸੀ, ਕਿਸੇ ਦਿਨ ਤੂੰ ਆਏਂਗਾ।" ਰਾਮ ਨਰਾਇਣ ਦੇ ਮੂੰਹ 'ਤੇ ਬਹਾਨੇ ਭਰੀਆਂ ਗੱਲਾਂ ਆਉਂਦੀਆਂ ਤੇ ਵਾਪਸ ਹੋ ਜਾਂਦੀਆਂ। ਗੱਲ ਮੂੰਹੋਂ ਕੱਢਣ ਲੱਗਿਆਂ ਉਹ ਆਪਣੇ ਆਪ ਨੂੰ ਗੁਨਾਹਗਾਰ ਸਮਝਦਾ। ਅਖ਼ੀਰ ਉਹ ਨੇ ਸੱਚੀ ਗੱਲ ਆਖੀ-"ਭੋਗ ਵਾਲੇ ਦਿਨ ਤੇਰੀ ਭਰਜਾਈ ਬਹੁਤ ਢਿੱਲੀ ਹੋ 'ਗੀ ਸੀ। ਹਸਪਤਾਲ ਲਿਜਾਣਾ ਪਿਆ। ਤਿੰਨ ਰਾਤਾਂ ਓਥੇ ਹੀ ਰਹੇ। ਬੱਸ ਫੇਰ ਘੋਲ ਈ ਪੈਂਦੀ ਗਈ। ਅੱਜ ਜਾਨਾ, ਕੱਲ੍ਹ ਜਾਨਾ। ਆਹ ਦਿਨ ਆ ਗਿਆ।"

ਤੇ ਫੇਰ ਹਰਦੇਵ ਸਿੰਘ ਉਹ ਨੂੰ ਕਹਿੰਦਾ-"ਚੱਲ ਹੁਣ ਮੰਜੇ 'ਤੇ ਹੀ ਆ ਜਾ। ਕੀਹ ਐ ਇਨ੍ਹਾਂ ਗੱਲਾਂ 'ਚ। ਬੰਦਾ ਮੁੜ ਕੇ ਤਾਂ ਔਂਦਾ ਨ੍ਹੀ।"

ਮੰਜੇ 'ਤੇ ਬੈਠ ਕੇ ਉਹ ਏਧਰ ਓਧਰ ਦੀਆਂ ਹੋਰ ਗੱਲਾਂ ਮਾਰਨ ਲੱਗੇ।

ਹਰਦੇਵ ਸਿੰਘ ਦੇ ਘਰ ਵਾਲੀ ਆਈ ਤੇ ਕਹਿੰਦੀ-"ਰਾਮ, ਹੱਥ ਮੂੰਹ ਧੋ ਲੈ। ਤੱਤਾ ਪਾਣੀ ਰੱਖਿਆ ਪਿਐ ਗੁਸਲਖਾਨੇ 'ਚ। ਫੇਰ ਰੋਟੀ ਖਾ ਲਿਓ।"

ਰਾਮ ਨਰਾਇਣ ਉੱਠਿਆ ਤੇ ਗੁਸਲਖਾਨੇ ਵਿਚ ਜਾ ਕੇ ਮੂੰਹ ਹੱਥ ਧੋਣ ਲੱਗਿਆ। ਗਰਮ ਪਾਣੀ ਨਾਲ ਗੋਡਿਆਂ ਤੱਕ ਲੱਤਾਂ ਤੇ ਕੁਹਣੀਆਂ ਤੱਕ ਬਾਹਾਂ ਤੇ ਫੇਰ ਸਾਰਾ ਚਿਹਰਾ ਧੋ ਕੇ ਉਹ ਨੂੰ ਜਿਵੇਂ ਸੁਰਤ ਜਿਹੀ ਆ ਗਈ ਹੋਵੇ। ਉਹ ਦੁਪਹਿਰ ਦਾ ਪਟਿਆਲਿਓਂ ਚੱਲਿਆ ਹੋਇਆ ਸੀ। ਅੱਖਾਂ ਮੱਚੂ ਮੱਚੂ ਕਰ ਰਹੀਆਂ ਸਨ। ਮੰਜੇ 'ਤੇ ਆ ਕੇ ਬੈਠਣ ਵੇਲੇ ਹਰਦੇਵ ਸਿੰਘ ਦੀ ਪਤਨੀ ਉਹ ਨੂੰ ਇੱਕ ਭਾਰਾ ਜਿਹਾ ਕੰਬਲ ਦੇਣ ਆਈ ਤੇ ਉਹ ਦੇ ਕੋਲ ਹੀ ਪੈਂਦ ਵੱਲ ਬੈਠ ਗਈ। ਹਰਦੇਵ ਸਿੰਘ ਗੁਸਲਖਾਨੇ ਵੱਲ ਚਲਿਆ ਗਿਆ ਸੀ। ਉਹ ਉਹ ਦੀ ਪਤਨੀ ਦਾ ਹਾਲ ਚਾਲ ਪੁੱਛਣ ਲੱਗੀ। ਰਾਮ ਨਰਾਇਣ ਨੇ ਉਹ ਦੇ ਨਾਲ ਵੀ ਮੁੰਡੇ ਦਾ ਦੁੱਖ ਵੰਡਾਇਆ। ਬਿਜਲੀ ਬੱਤੀ ਦੇ ਚਾਨਣ ਵਿਚ ਉਹ ਨੇ ਦੇਖਿਆ, ਉਹ ਖਾਸੀ ਬੁੜ੍ਹੀ ਹੋ ਗਈ ਲਗਦੀ ਸੀ। ਸਿਰ ਦੇ ਵਾਲ ਅੱਧੇ ਚਿੱਟੇ ਹੋਏ ਪਏ ਸਨ। ਪਹਿਲਾਂ ਤਾਂ ਉਹ ਪੰਜ ਜਵਾਕ ਜੰਮ ਕੇ ਵੀ ਮੁਟਿਆਰ ਜਿਹੀ ਲੱਗਿਆ ਕਰਦੀ ਸੀ। ਹਰਦੇਵ ਸਿੰਘ ਵੀ ਅੱਜ ਉਹ ਨੂੰ ਉਮਰ ਉਭਾਰ ਜਿਹਾ ਦਿੱਸਿਆ ਸੀ। ਦਾੜ੍ਹੀ ਖੁੱਲ੍ਹੀ ਛੱਡੀ ਹੋਈ। ਚਿਹਰੇ ਦੀਆਂ ਝੁਰੜੀਆਂ ਸਾਫ਼ ਨਜ਼ਰ ਆਉਂਦੀਆਂ ਗੱਲਾਂ ਵਿਚ ਉਹ ਤੰਤ ਨਹੀਂ ਰਹਿ ਗਿਆ ਸੀ। ਰਾਮ ਨਰਾਇਣ ਨੇ ਮਨ ਵਿਚ ਸੋਚਿਆ, ਉਹ ਆਪ ਤਾਂ ਅਜੇ ਹਰਦੇਵ ਸਿੰਘ ਨਾਲੋਂ ਤਕੜਾ ਪਿਆ ਹੈ। ਫੇਰ ਉਹ ਨੇ ਤਰਕ ਲੱਭਿਆ-'ਪੁੱਤ ਦੀ ਮੌਤ ਦਾ ਬੜਾ ਦੁੱਖ ਹੁੰਦੈ। ਰੱਬ ਜੀਹਨੂੰ ਨਹੀਂ ਦਿੰਦਾ, ਸਬਰ ਕਰਕੇ ਬੈਠਾ ਰਹਿੰਦੈ। ਪਰ ਜੀਹਨੂੰ ਦੇ ਕੇ ਫੇਰ ਲੈ ਵੀ ਜਾਂਦੈ, ਉਹ ਸਬਰ ਨਾਲੋਂ ਵੀ ਭੈੜੀ ਗੱਲ ਐ।"

ਰੋਟੀ ਖਾ ਕੇ ਉਹ ਬਾਹਰਲੇ ਘਰ ਦੀ ਬੈਠਕ ਵਿਚ ਆ ਗਏ। ਬਿਜਲੀ ਬੱਤੀ ਜਗਾਈ। ਬੈਠਕ ਵਿਚ ਸੋਫਾ ਸੈੱਟ ਰੱਖਿਆ ਹੋਇਆ ਸੀ। ਦੋ ਪਲੰਘ ਵਿਛੇ ਹੋਏ ਸਨ। ਇੱਕ ਪਾਸੇ ਟੈਲੀਵਿਜ਼ਨ ਪਿਆ ਸੀ। ਸਾਹਮਣੇ ਵਾਲੀ ਕੰਧ 'ਤੇ ਸੋਭਾ ਸਿੰਘ ਦੀ ਬਣਾਈ ਬਾਬੇ ਨਾਨਕ ਦੀ ਵੱਡੀ ਤੇ ਆਕਰਸ਼ਕ ਤਸਵੀਰ। ਕਾਰਨਿਸ 'ਤੇ ਕਿੰਨੀਆਂ ਸਾਰੀਆਂ ਧਾਰਮਿਕ ਪੁਸਤਕਾਂ। ਖੱਬੇ ਪਾਸੇ ਦੀ ਕੰਧ 'ਤੇ ਆਟੋਮੈਟਿਕ ਕਲਾਕ ਤੇ ਸੱਜੇ ਪਾਸੇ ਦੀ ਕੰਧ 'ਤੇ ਚਿੱਟੀ ਲੱਕੜ ਦੇ ਫਰੇਮ ਵਾਲੀ ਇੱਕ ਫੋਟੋ। ਇਹ ਫੋਟੋ ਪਿਛਲੀ ਵਾਰ ਰਾਮ ਨਰਾਇਣ ਨੇ ਨਹੀਂ ਦੇਖੀ ਸੀ। ਕਰੜ ਬਰੜੀ ਖੁੱਲ੍ਹੀ ਦਾੜ੍ਹੀ, ਮੁੱਛਾਂ ਬਿਲਕੁੱਲ ਸਾਫ਼, ਸਿਰ 'ਤੇ ਚਿੱਟੀ ਪੱਗ ਲੜ ਛੱਡਵੀਂ।' -"ਦੇਵ, ਇਹ ਕੌਣ ਹੋਇਆ ਬਈ?" ਰਾਮ ਨਰਾਇਣ ਨੇ ਪਲੰਘ 'ਤੇ ਬੈਠਣ ਤੋਂ ਪਹਿਲਾਂ ਹੀ ਪੁੱਛ ਲਿਆ।

-"ਅਬਦੁੱਲਾ ਖਾਂ, ਕੌਣ ਅਬਦੁੱਲਾ ਖਾਂ?"

-"ਸੂਬੇਦਾਰ ਅਬਦੁੱਲਾ ਖਾਂ। ਤੂੰ ਬੈਠ ਪਹਿਲਾਂ ਰਜ਼ਾਈਆਂ ਖੋਲ੍ਹ ਲਈਏ। ਫੇਰ ਤੈਨੂੰ ਦੱਸਦਾਂ ਸਾਰੀ ਕਹਾਣੀ।"

ਆਪਣੀਆਂ ਆਪਣੀਆਂ ਰਜ਼ਾਈਆਂ ਹਿੱਕ ਤੱਕ ਖਿੱਚ ਕੇ ਉਨ੍ਹਾਂ ਨੇ ਇੱਕ ਦੂਜੇ ਵੱਲ ਮੂੰਹ ਕੀਤਾ ਤੇ ਸਿਰਹਾਣਿਆਂ 'ਤੇ ਕੂਹਣੀਆਂ ਟਿਕਾ ਕੇ ਲੇਟ ਗਏ। ਹਰਦੇਵ ਸਿੰਘ ਨੇ ਗੱਲ ਸ਼ੁਰੂ ਕੀਤੀ।-"ਇਹ ਉਹ ਸੂਬੇਦਾਰ ਅਬਦੁੱਲਾ ਖਾਂ ਐ, ਜੀਹਨੇ ਅੰਗਰੇਜ਼ਾਂ ਦੇ ਰਾਜ ਵੇਲੇ ਆਪਣੇ ਪਿੰਡ ਪ੍ਰਾਇਮਰੀ ਸਕੂਲ ਖੁਲ੍ਹਵਾਇਆ ਸੀ। ਏਸੇ ਪਿੰਡ ਦਾ ਈ ਐ ਇਹ ਅਬਦੁੱਲਾ ਖਾਂ।"

-"ਵਾਹ ਬਈ ਵਾਹ ਕਮਾਲ ਹੋ 'ਗੀ ਫੇਰ ਤਾਂ। ਇਹ ਫੋਟੋ ਕਿੱਥੋਂ ਮਿਲੀ ਤੈਨੂੰ?"

-'ਇਹ ਜਿਹੜਾ ਆਪਣਾ ਘਰ ਐ ਨਾ ਅੰਦਰਲਾ, ਇਹ ਏਸ ਅਬਦੁੱਲਾ ਖਾਂ ਦਾ ਸੀ। ਆਪਣੇ ਵਾਲੀ ਜ਼ਮੀਨ ਵੀ ਏਸੇ ਦੀ ਐ। ਜਦੋਂ ਅਸੀਂ ਪਾਕਿਸਤਾਨ ਛੱਡ ਕੇ ਆਏ, ਬਾਪੂ ਜੀ ਨੂੰ ਇਹ ਜ਼ਮੀਨ ਤੇ ਇਹ ਘਰ ਅਲਾਟ ਹੋ ਗਿਆ ਸੀ।'

-'ਤੇ ਇਹ ਫ਼ੋਟੋ?'

-"ਅਬਦੁੱਲਾ ਖਾਂ ਆਪ ਤਾਂ ਮਰ ਗਿਆ, ਹੁਣ ਇਹ ਦਾ ਮੁੰਡਾ ਹਦਾਇਤ ਉੱਲਾ ਖਾਂ ਪਿਛਲੇ ਸਾਲ ਇੱਥੇ ਗੋਬਿੰਦਪੁਰੇ ਆਇਆ ਸੀ, ਓਧਰੋਂ ਪਾਕਿਸਤਾਨ 'ਚੋਂ। ਪਹਿਲਾਂ ਤਾਂ ਉਹ ਲੁਧਿਆਣੇ ਪਹੁੰਚਿਆ। ਫੇਰ ਲੁਧਿਆਣੇ ਤੋਂ ਬੱਸ ਲੈ ਕੇ ਆਪਣੇ ਸ਼ਹਿਰ। ਸ਼ਹਿਰੋਂ ਉਹ ਨੇ ਟੈਕਸੀ ਕਰਵਾਈ ਤੇ ਏਥੇ ਆ ਗਿਆ। ਏਥੇ ਜੈਮਲ ਸਿਓਂ ਨੰਬਰਦਾਰ ਦਾ ਘਰ ਪੁੱਛਦਾ ਫਿਰੇ। ਜੈਮਲ ਸਿੰਘ ਨੰਬਰਦਾਰ ਉਹ ਦੇ ਬਾਪ ਅਬਦੁੱਲਾ ਖਾਂ ਦਾ ਹਾਣੀ ਐ। ਅਬਦੁੱਲਾ ਖਾਂ ਦੀਆਂ ਚਿੱਠੀਆਂ ਵੀ ਔਂਦੀਆਂ ਰਹੀਐਂ, ਜੈਮਲ ਨੰਬਰਦਾਰ ਦੇ ਨਾਉਂ। ਓਧਰੋਂ ਉਹ ਪਿੰਡ ਦਾ ਸਾਰਾ ਹਾਲ ਚਾਲ ਪੁੱਛਦਾ ਹੁੰਦਾ। ਇਹ ਐਧਰੋਂ ਲਿਖਵਾ ਕੇ ਭੇਜਦਾ ਚਿੱਠੀ। ਜੈਮਲ ਨੰਬਰਦਾਰ ਨੂੰ ਨਾਲ ਲੈ ਕੇ ਫੇਰ ਉਹ ਹਦਾਇਤੁੱਲਾ ਆਪਣੇ ਘਰ ਆਇਆ। ਆਪਣੀ ਉਮਰ ਦਾ ਈ ਸੀ, ਉਹ ਵੀ। ਖੜ੍ਹਾ ਬਾਰ ਕੰਨੀ ਝਾਕੀ ਗਿਆ, ਖਾਸਾ ਚਿਰ। ਸਿਆਣਦਾ ਹੋਊਗਾ, ਉਹ ਵੀ ਫੌਜੀ ਐ। ਸੂਬੇਦਾਰੀ ਪੈਨਸ਼ਨ ਆਇਆ ਵਿਐ। ਉਹ ਅੱਖਰ ਵੀ ਪੜ੍ਹੇ, ਚੂਨੇ ਵਿਚ ਖੋਦ ਕੇ ਵਿਚ ਕਾਲਾ ਰੰਗ ਭਰਿਆ ਹੋਇਆ "ਸੁਬਹਾਨ ਅੱਲਾਹ ਵਲ ਹਮਦੂਲ ਇਲਾਹ ਵਲਾ ਇੱਲਾਹ ਇਲ ਲੱਲਾਹ ਵੱਲਾ ਹੂ ਅਕਬਰ।" ਫੇਰ ਅੰਦਰ ਆ ਕੇ ਮੰਜੇ 'ਤੇ ਬੈਠ ਗਿਆ। ਛੱਤਾਂ ਤੇ ਕੰਧਾਂ ਦੀ ਸਿਆਣ ਜ੍ਹੀ ਕੱਢੀ ਜਾਵੇ। ਚਿਹਰਾ ਉਦਾਸ ਹੋ ਗਿਆ ਉਹਦਾ। ਮੈਂ ਘਰ ਈ ਸੀ। ਮੈਨੂੰ ਕੋਈ ਸਮਝ ਨਾ ਆਵੇ। ਫੇਰ ਜੈਮਲ ਸਿਓਂ ਨੇ ਦੱਸਿਆ ਮੈਨੂੰ ਕਿ ਇਹ ਸੂਬੇਦਾਰ ਅਬਦੁੱਲਾ ਖਾਂ ਦਾ ਲੜਕਾ ਐ ਹਦਾਇਤੁੱਲਾ ਖਾਂ। ਜਦੋਂ ਇਹ ਪਾਕਿਸਤਾਨ ਗਏ ਐ, ਇਹ ਤੀਜੀ ਜਮਾਤ 'ਚ ਪੜ੍ਹਦਾ ਹੁੰਦਾ ਸੀ। ਇਹ ਘਰ ਇਨ੍ਹਾਂ ਦਾ ਸੀ, ਜੀਹਦੇ 'ਚ ਹੁਣ ਤੁਸੀਂ ਬੈਠੇ ਓਂ। ਅਸੀਂ ਉਹ ਨੂੰ ਚਾਹ ਪਿਆਈ। ਰੋਟੀ ਨੂੰ ਪੁੱਛਿਆ, ਉਹ ਕਹਿੰਦਾ-ਰੋਟੀ ਤਾਂ ਮੈਂ ਨੰਬਰਦਾਰ ਦੇ ਘਰ ਖਾਊਂਗਾ। ਇਹ ਫ਼ੋਟੋ ਫਰੇਮ ਕਰਵਾ ਕੇ ਉਹ ਨਾਂਲ ਲਿਆਇਆ ਸੀ। ਮੈਨੂੰ ਪਹਿਲਾਂ ਤਾਂ ਉਹ ਹੱਸਣ ਲੱਗਿਆ, ਅਖੇ-ਜੇ ਅਸੀਂ ਮੁੜ ਗੋਬਿੰਦਪੁਰੇ ਆ ਜਾਈਏ ਤਾਂ ਤੁਸੀਂ ਸਾਨੂੰ ਇਹ ਸਾਡਾ ਘਰ ਵਾਪਸ ਮੋੜ ਦਿਓਂਗੇ? ਮੈਂ ਕਿਹਾ-ਹਾਂ, ਆ ਜਾਓ। ਫੇਰ ਕਹਿੰਦਾ-ਮੇਰੀ ਇੱਕ ਅਰਜ਼ ਮੰਨ ਲਓ। ਇਹ ਮੇਰੇ ਅੱਬਾ ਦੀ ਫ਼ੋਟੋ ਐ। ਇਹ ਨੂੰ ਤੁਸੀਂ ਆਪਣੇ ਘਰ ਲਾ ਕੇ ਰੱਖੋ। ਹਮੇਸ਼ਾ ਇਹ ਏਸ ਘਰੇ ਰਹੇ ਬੱਸ। ਫ਼ੋਟੋ ਮੈਂ ਲੈ ਲਈ ਤੇ ਏਥੇ ਬੈਠਕ ਵਿਚ ਇਸ ਨੂੰ ਸਜਾ ਦਿੱਤਾ। ਇਹ ਬਾਹਰਲੇ ਘਰ ਵਾਲੀ ਥਾਂ ਵੀ ਉਨ੍ਹਾਂ ਦੀ ਹੀ ਸੀ।"

-"ਅਜੀਬ ਮੋਹ ਐ ਬਈ ਆਪਣੀ ਧਰਤੀ ਦਾ।" ਰਾਮ ਨਰਾਇਣ ਆਖ ਰਿਹਾ ਸੀ।-'ਅਸਲੀ ਵਿਚ ਜਿਸ ਮਿੱਟੀ ਵਿਚੋਂ ਬੰਦਾ ਪੈਦਾ ਹੋਇਆ ਹੋਵੇ, ਉਹ ਮਿੱਟੀ ਉਹ ਨੂੰ ਬੁਲਾਉਂਦੀ ਰਹਿੰਦੀਐ। ਉਹ ਨੂੰ ਆਪਣੇ ਵੱਲ ਖਿੱਚਦੀ ਐ। ਬੰਦਾ ਆਪਣੀ ਮਿੱਟੀ ਨੂੰ ਲੋਚਦਾ ਰਹਿੰਦੈ। ਮਿੱਟੀ ਦਾ ਮਿੱਟੀ ਨਾਲ ਰਿਸ਼ਤਾ ਈ ਅਹਿਓ ਜ੍ਹਾ ਐ। ਇਹ ਜ਼ਾਤ ਐ ਮਿੱਟੀ ਦੀ।"

-"ਗੱਲ ਤਾਂ ਅਸਲ ਇਹ ਐ ਯਾਰ, ਏਸ ਗੰਦੀ ਸਿਆਸਤ ਨੇ ਮਨੁੱਖ ਨੂੰ ਵੰਡ ਦਿੱਤਾ। ਮਿੱਟੀ ਤਾਂ ਮਨੁੱਖ ਦੀ ਇੱਕੋ ਐ।"

-"ਹਾਂ, ਦੇਖ ਲੈ। ਪਾਕਿਸਤਾਨੋਂ ਚੱਲ ਕੇ ਆਇਆ ਬੰਦਾ।" ਰਾਮ ਨਰਾਇਣ ਆਖ ਰਿਹਾ ਸੀ।

-"ਹੋਰ ਸੁਣ, ਹਦਾਇਤੁੱਲਾ ਜਾਂਦਾ ਹੋਇਆ ਦੋ ਸੌ ਰੁਪਈਆ ਵੀ ਫੜਾ ਗਿਆ ਨੰਬਰਦਾਰ ਨੂੰ। ਅਖੇ-ਇਨ੍ਹਾਂ ਦੇ ਲੱਡੂ ਲਿਆ ਕੇ ਸਕੂਲ ਦੇ ਸਾਰੇ ਮੁੰਡੇ ਕੁੜੀਆਂ ਤੇ ਮਾਸਟਰਾਂ ਨੂੰ ਵੰਡ ਦਿਓ। ਆਖਿਓ-ਬਈ ਸੂਬੇਦਾਰ ਅਬਦੁੱਲਾ ਖਾਂ ਦਾ ਲੜਕਾ ਇਹ ਲੱਡੂ ਦੇ ਕੇ ਗਿਐ।"

-"ਹੋਰ ਵੀ ਕਹਿ ਗਿਆ। ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਹਰ ਜਮਾਤ ਵਿਚੋਂ ਜਿਹੜਾ ਮੁੰਡਾ ਜਾਂ ਕੁੜੀ ਫਸਟ ਆਵੇ, ਉਹ ਉਹ ਨੂੰ ਹਰ ਸਾਲ ਇਨਾਮ ਭੇਜਿਆ ਕਰੇਗਾ। ਪਹਿਲੀ ਵਾਲੇ ਨੂੰ ਦਸ ਰੁਪਈਏ, ਦੂਜੀ ਵਾਲੇ ਨੂੰ ਵੀਹ, ਤੀਜੀ ਵਾਲੇ ਨੂੰ ਤੀਹ, ਚੌਥੀ ਵਾਲੇ ਨੂੰ ਚਾਲੀ, ਪੰਜਵੀਂ ਵਾਲੇ ਨੂੰ ਪੰਜਾਹ ਤੇ ਏਵੇਂ ਜਿਵੇਂ ਛੀਵੀਂ,ਸੱਤਵੀਂ ਤੇ ਅੱਠਵੀਂ ਵਾਲਿਆਂ ਨੂੰ, ਸੱਠ, ਸੱਤਰ ਤੇ ਅੱਸੀ। ਐਸ ਸਾਲ ਆਏ ਐ ਤਿੰਨ ਸੌ ਸੱਠ ਰੁਪਈਏ।"

ਛੋਟੀ ਕੁੜੀ ਦੁੱਧ ਦਾ ਗੜਵਾ, ਜੋ ਰੱਖ ਗਈ ਸੀ, ਉਹ ਕਦੋਂ ਦਾ ਠੰਡਾ ਹੋ ਚੁੱਕਿਆ ਸੀ। ਠੰਡਾ ਦੁੱਧ ਉਨ੍ਹਾਂ ਨੂੰ ਹੋਰ ਵੀ ਸੁਆਦ ਲੱਗਿਆ। ਸਰ੍ਹੋਂ ਦੇ ਸਾਗ ਵਿਚ ਖਾਸਾ ਸਾਰਾ ਘਿਓ ਪਾ ਕੇ ਮੱਕੀ ਦੀ ਰੋਟੀ ਖਾਣ ਨਾਲ ਉਨ੍ਹਾਂ ਦੇ ਕਾਲਜਿਆਂ ਵਿਚ ਪਿਆਸ ਦੀ ਇੱਕ ਜਲਣ ਜਿਹੀ ਵੀ ਜਾਗੀ ਹੋਈ ਸੀ। ਦੁੱਧ ਪੀਣ ਬਾਅਦ ਵੀ ਉਹ ਗੱਲਾਂ ਕਰਦੇ ਰਹੇ। ਅੱਧੀ ਰਾਤ ਟੱਪ ਚੁੱਕੀ ਹੋਵੇਗੀ, ਜਦੋਂ ਉਨ੍ਹਾਂ ਦੇ ਘੁਰਾੜੇ ਵੱਜਣ ਲੱਗੇ।

ਦੂਜੇ ਦਿਨ ਰਾਮ ਨਰਾਇਣ ਸਦੇਹਾਂ ਹੀ ਜਾਗ ਪਿਆ। ਉਹ ਛੇਤੀ ਛੇਤੀ ਤਿਆਰ ਹੋ ਰਿਹਾ ਸੀ। ਹਰਦੇਵ ਸਿੰਘ ਤਾਂ ਕਦੋਂ ਦਾ ਉੱਠ ਕੇ ਗੁਰਦੁਆਰੇ ਵੀ ਜਾ ਆਇਆ ਸੀ। ਉਹ ਨੇ ਰਾਮ ਨਰਾਇਣ ਵਾਸਤੇ ਗਰਮ ਪਾਣੀ ਦੀ ਬਾਲਟੀ ਲਿਆਂਦੀ। ਉਹ ਓਥੇ ਬੈਠਕ ਵਿਚ ਹੀ ਨਹਾ ਲਿਆ। ਫੇਰ ਉਨ੍ਹਾਂ ਨੇ ਪਰੌਠਿਆਂ ਨਾਲ ਚਾਹ ਪੀਤੀ। ਰਾਮ ਨਰਾਇਣ ਚਾਹੁੰਦਾ ਸੀ ਕਿ ਛੇਤੀ ਇੱਥੋਂ ਨਿਕਲ ਤੁਰੇ। ਗੋਬਿੰਦਪੁਰੇ ਦੇ ਬੱਸ ਅੱਡੇ ਤੋਂ ਪਹਿਲੀ ਬੱਸ ਲੈ ਕੇ ਦਸ ਵੱਜਦੇ ਨੂੰ ਪਟਿਆਲੇ ਪਹੁੰਚ ਜਾਵੇ। ਇੰਝ ਉਹ ਦੀ ਛੁੱਟੀ ਬਚ ਰਹੇਗੀ। ਹਰਦੇਵ ਸਿੰਘ ਬੱਸ ਅੱਡੇ ਤੱਕ ਉਹ ਦੇ ਨਾਲ ਆਇਆ। ਸਗੋਂ ਉਹ ਨੂੰ ਸਾਈਕਲ ਮਗਰ ਬਿਠਾ ਕੇ ਮਿੰਟਾਂ ਵਿਚ ਹੀ ਅੱਡੇ 'ਤੇ ਪਹੁੰਚਾ ਦਿੱਤਾ। ਬਹੁਤਾ ਖੜ੍ਹਨਾ ਨਹੀਂ ਪਿਆ, ਪੰਜਾਂ-ਦਸਾਂ ਮਿੰਟਾਂ ਪਿੱਛੋਂ ਹੀ ਬੱਸ ਆ ਗਈ। ਹੁਣ ਬੱਸ ਵਿਚ ਬੈਠਾ ਰਾਮ ਨਰਾਇਣ ਸੋਚ ਰਿਹਾ ਸੀ ਕਿ ਉਹ ਸ਼ਰੀਕਾਂ ਨੂੰ ਵੇਚੇ ਆਪਣੇ ਘਰ ਅੰਦਰ ਜਾ ਕੇ ਕਿਉਂ ਨਾ ਛੱਤਾਂ ਤੇ ਕੰਧਾਂ ਵੱਲ ਝਾਤ ਮਾਰ ਆਇਆ? ਫੇਰ ਕੀ ਪਤਾ ਕਦੋਂ ਆਇਆ ਜਾਵੇਗਾ ਏਥੇ, ਗੋਬਿੰਦਪੁਰੇ। *