ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਸਾਂਝੀ ਖਿੜਕੀ

ਵਿਕੀਸਰੋਤ ਤੋਂ

ਉਨ੍ਹਾਂ ਦੇ ਘਰਾਂ ਦੀ ਇੱਕ ਕੰਧ ਸਾਂਝੀ ਹੈ। ਇੱਕ ਪਾਸੇ ਹਜ਼ਾਰੀ ਲਾਲ ਹਿੰਦੂ ਖੱਤਰੀ ਦਾ ਘਰ ਤੇ ਇੱਕ ਪਾਸੇ ਲੱਖਾ ਸਿੰਘ ਜੱਟ ਸਿੱਖ। ਹਜ਼ਾਰੀ ਲਾਲ ਤੇ ਲੱਖਾ ਸਿੰਘ ਹਾਣੋ ਹਾਣੀ ਹਨ। ਉਨ੍ਹਾਂ ਦੇ ਘਰ ਭਾਵੇਂ ਅੱਡ ਅੱਡ ਪੱਤੀਆਂ ਵਿਚ ਹਨ, ਪਰ ਉਹ ਬਚਪਨ ਵਿਚ ਘਰਾਂ ਦੀਆਂ ਛੱਤਾਂ 'ਤੇ ਇਕੱਠੇ ਖੇਡਦੇ ਹੁੰਦੇ। ਬੰਦੇ ਜਦੋਂ ਘਰ ਨਾ ਹੁੰਦੇ ਤਾਂ ਬੁੜ੍ਹੀਆਂ ਬਨੇਰਿਆਂ 'ਤੇ ਬੈਠ ਕੇ ਗੱਲਾਂ ਕਰਦੀਆਂ। ਲੱਖਾ ਸਿੰਘ ਮਾਂ ਦਾ ਇਕੱਲਾ ਪੁੱਤ ਸੀ ਤੇ ਹਜ਼ਾਰੀ ਲਾਲ ਵੀ ਇਕੱਲਾ। ਫੇਰ ਜਦ ਉਹ ਜਵਾਨ ਹੋ ਗਏ ਹਾਂ ਹਜ਼ਾਰੀ ਲਾਲ ਨੂੰ ਸਾਕ ਹੋ ਗਿਆ। ਉਹ ਦਾ ਪਿਓ ਹਲਵਾਈ ਦੀ ਦੁਕਾਨ ਕਰਦਾ ਹੁੰਦਾ। ਆਪਣੇ ਪਿੰਡ ਤੋਂ ਛੁੱਟ ਉਹ ਪਟੜੀਵੇਰ ਦੇ ਹੋਰ ਪਿੰਡਾਂ ਵਿਚ ਵੀ ਸਾਹੇ ਪਕਾ ਕੇ ਆਉਂਦਾ। ਖਾਂਦਾ ਪੀਂਦਾ ਘਰ ਸੀ। ਪਰ ਲੱਖਾ ਸਿੰਘ ਦੇ ਪਿਓ ਕੋਲ ਥੋੜ੍ਹੀ ਜ਼ਮੀਨ ਸੀ, ਮਸਾਂ ਚਾਰ ਵਿੱਘੇ। ਉਹ ਹਿੱਸੇ ਠੇਕੇ 'ਤੇ ਪੈਲੀ ਲੈ ਕੇ ਵਾਹੀ ਕਰਦਾ। ਵਾਹਵਾ ਖਾਂਦਾ ਪੀਂਦਾ ਘਰ ਤਾਂ ਉਹ ਵੀ ਸੀ। ਘਰ ਦੀ ਜ਼ਮੀਨ ਤਕੜੀ ਨਾ ਹੋਣ ਕਰਕੇ ਲੱਖੇ ਨੂੰ ਸਾਕ ਨਹੀਂ ਹੁੰਦਾ ਸੀ। ਫੇਰ ਲੱਖੇ ਦੇ ਪਿਓ ਨੇ ਗਹਿਣੇ ਦੀ ਘੁਮਾਂ ਜ਼ਮੀਨ ਲੈ ਲਈ। ਦੋ ਕੁ ਸਾਲਾਂ ਬਾਅਦ ਫੇਰ ਇੱਕ ਘੁਮਾਂ ਹੋਰ ਤੇ ਫੇਰ ਉਨ੍ਹਾਂ ਦੇ ਘਰ ਦੀ ਹਵਾ ਬੱਝਣ ਲੱਗੀ।

ਹਜ਼ਾਰੀ ਲਾਲ ਦੀ ਬਹੂ ਬਸੋ ਇੱਕ ਵਾਰੀ ਪੇਕੇ ਗਈ ਤਾਂ ਗਵਾਂਢੀਆਂ ਦੀ ਕੁੜੀ ਲਈ ਮੁੰਡੇ ਦੀ ਦੱਸ ਪਾ ਆਈ। ਕੁੜੀ ਵਾਲਿਆਂ ਨੂੰ ਹੋਰ ਕੀ ਚਾਹੀਦਾ ਸੀ, ਲੱਖਾ ਕਮਾਊ ਮੁੰਡਾ ਸੀ। ਅੱਜ ਗਹਿਣੇ ਦੀ ਜ਼ਮੀਨ ਕੋਲ ਹੈ ਤਾਂ ਕੱਲ੍ਹ ਨੂੰ ਬੈਅ ਵੀ ਲੈ ਲੈਣਗੇ। ਪਿੰਡਾਂ ਵਿਚ ਗਹਿਣੇ ਬੈਅ ਜ਼ਮੀਨ ਦਾ ਲੈਣ ਦੇਣ ਤਾਂ ਚੱਲਦਾ ਰਹਿੰਦਾ ਹੈ। ਫੇਰ ਮੁੰਡੇ ਨੂੰ ਐਬ ਕੋਈ ਨਹੀਂ। ਲੱਖੇ ਨੂੰ ਸਾਕ ਹੋ ਗਿਆ। ਕੁੜੀ ਲੱਖੇ ਨਾਲੋਂ ਉਮਰ ਵਿਚ ਕੁਝ ਛੋਟੀ ਸੀ। ਬੰਸੋ ਤੋਂ ਵੀ ਛੋਟੀ। ਬੰਸੋ ਨੂੰ ਉਹ ਭੂਆ ਆਖਦੀ ਸੀ।

ਸੱਸਾਂ ਵਾਂਗ ਹੀ ਭੂਆ ਭਤੀਜੀ ਵਰਤਣ ਲੱਗੀਆਂ। ਸਗੋਂ ਬੁੜ੍ਹੀਆਂ ਨਾਲੋਂ ਉਹ ਬਹੁਤਾ ਸੁਰ ਰੱਖਦੀਆਂ। ਇੱਕ ਪਿੰਡ ਦੀਆਂ ਜੋ ਸਨ, ਫੇਰ ਗਵਾਂਢਣਾਂ। ਇੱਥੇ ਵੀ ਗਵਾਂਢ ਮੱਥਾ।

ਹਜ਼ਾਰੀ ਦੇ ਘਰ ਦੀਆਂ ਤਾਂ ਪੱਕੀਆਂ ਪੌੜੀਆਂ ਸਨ। ਅਸਾਨੀ ਨਾਲ ਹੀ ਛੱਤ 'ਤੇ ਜਾ ਸਕੀਦਾ ਪਰ ਲੱਖੇ ਦੇ ਘਰ ਬਾਂਸ ਦੀ ਪੌੜੀ ਸੀ। ਬਾਂਸ ਦੀ ਪੌੜੀ ਚੜ੍ਹਕੇ ਕੋਠੇ 'ਤੇ ਆਉਣਾ ਜਾਣਾ ਐਨਾ ਸੁਖਾਲਾ ਤੇ ਛੇਤੀ ਦਾ ਕੰਮ ਨਹੀਂ ਸੀ। ਇਕ ਇਕ ਟੰਬਾ ਕਰਕੇ ਉਤਰਨਾ ਪੈਂਦਾ ਸੀ। ਬਾਂਸ ਦੀ ਪੌੜੀ ਲਚਕਦੀ। ਧਿਆਨ ਜਿਹਾ ਰੱਖਣਾ ਪੈਂਦਾ। ਪੌੜੀ ਹੁਣ ਸਰਕੀ, ਹੁਣ ਸਰਕੀ। ਥੱਲੇ ਦੀ ਇੱਕ ਦੂਜੇ ਦੇ ਘਰ ਆਉਣਾ ਹੁੰਦਾ ਤਾਂ ਦਸ ਘਰਾਂ ਨੂੰ ਵਗਲ ਕੇ ਆਉਣਾ ਪੈਂਦਾ। ਗੱਲ ਕਰੇ ਬਗ਼ੈਰ ਇੱਕ ਦੂਜੇ ਨੂੰ ਸਰਦਾ ਨਹੀਂ ਸੀ। ਲੱਖੇ ਦੀ ਬਹੂ ਮਲਕੀਤੋ ਤਿੱਖੇ ਦਿਮਾਗ਼ ਦੀ ਮਾਲਕ ਸੀ। ਉਹ ਨੇ ਸਾਂਝੀ ਕੰਧ ਦੀ ਖਿੜਕੀ ਕਢਵਾ ਲਈ। ਦੋਵੇਂ ਘਰਾਂ ਮਗਰਲੀਆਂ ਸਬਾਤਾਂ ਵਿਚ ਇਹ ਖਿੜਕੀ ਖੁੱਲ੍ਹਦੀ। ਇਹ ਲੰਬਾਈ ਚੌੜਾਈ ਵਿਚ ਬਹੁਤ ਛੋਟੀ ਸੀ। ਬੱਸ ਗੱਲਬਾਤ ਹੀ ਕੀਤੀ ਜਾ ਸਕਦੀ। ਜਾਂ ਫੇਰ ਦਾਲ ਪਾਣੀ ਦਾ ਲੈਣ ਦੇਣ ਰਹਿੰਦਾ। ਖਿੜਕੀ ਵਿਚ ਦੀ ਬੰਦਾ ਨਹੀਂ ਲੰਘ ਸਕਦਾ ਸੀ। ਹਜ਼ਾਰੀ ਲਾਲ ਦਾ ਘਰ ਉੱਚੇ ਥਾਂ ਸੀ। ਲੱਖੇ ਦਾ ਘਰ ਖਾਸਾ ਨੀਵਾਂ। ਬੱਸੋ ਨੂੰ ਝੁਕ ਕੇ ਖਿੜਕੀ ਵਿਚ ਦੀ ਦੇਖਣਾ ਪੈਂਦਾ, ਜਦੋਂ ਕਿ ਮਲਕੀਤੋ ਬਾਂਹ ਖੜ੍ਹੀ ਕਰਕੇ ਕੋਈ ਚੀਜ਼ ਲੈਂਦੀ ਦਿੰਦੀ। ਨਿੱਕੀ ਜਿਹੀ ਚੁਗਾਠ ਲਾ ਕੇ ਖਿੜਕੀ ਨੂੰ ਫੱਟੀ ਵੀ ਲੱਗਦੀ ਸੀ। ਹਜ਼ਾਰੀ ਦੀ ਸਬਾਤ ਵਿਚ ਇਹਨੂੰ ਕੁੰਡਾ ਲੱਗਦਾ।

ਹਜ਼ਾਰੀ ਲਾਲ ਦੇ ਕਬੂਤਰ ਰੱਖੇ ਹੁੰਦੇ। ਉਹ ਹਲਵਾਈ ਦਾ ਕੰਮ ਕਰਦਾ। ਕਿੰਨੀ ਵੀ ਉਹ ਨੂੰ ਥਕਾਵਟ ਹੁਦੀ ਆਪਣੇ ਘਰ ਆ ਕੇ ਉਹ ਕਬੂਤਰਾਂ ਵਾਲੇ ਖੁੱਡੇ ਮੁਹਰੇ ਜ਼ਰੂਰ ਬੈਠਦਾ। ਉਨ੍ਹਾਂ ਅੱਗੇ ਚੋਗਾ ਖਿਲਾਰਦਾ। ਕੂੰਡੇ ਵਿਚ ਹੋਰ ਪਾਣੀ ਭਰ ਦਿੰਦਾ। ਛੱਤਰੀ 'ਤੇ ਆ ਕੇ ਬੈਠੇ ਕਬੂਤਰਾਂ ਨੂੰ ਖੁੱਡੇ ਵਿਚ ਵਾੜਦਾ। ਦਾਣੇ ਚੁਗਦੇ ਤੇ ਗੁਟਰਗੂੰ ਗੁਟਰਗੂੰ ਕਰਦੇ। ਨਰ ਪੰਛੀ ਮਦੀਨ ਦੀ ਧੌਣ 'ਤੇ ਚੁੰਝਾਂ ਮਾਰਦਾ। ਮਦੀਨ ਪਰਛਾਂਟਾ ਮਾਰ ਕੇ ਪਰ੍ਹਾਂ ਉੱਡ ਜਾਂਦੀ। ਹਜ਼ਾਰੀ ਲਾਲ ਹੁੱਕਾ ਪੀਂਦਾ ਤੇ ਕਬੂਤਰਾਂ ਦੇ ਮੁੰਡੇ ਦਾ ਸੰਸਾਰ ਆਪਣੇ ਅੰਦਰ ਰਚਾ ਲੈਂਦਾ। ਉਹ ਇਝ ਮੰਤਰ ਮੁਗਧ ਬੈਠਾ ਹੁੰਦਾ ਤਾਂ ਪੌੜੀਆਂ ਉਤਰ ਕੇ ਲੱਖਾ ਸਿੰਘ ਵੀ ਉਹ ਦੇ ਕੋਲ ਆ ਬੈਠਦਾ। ਫੇਰ ਉਹ ਏਧਰ ਓਧਰ ਦੀਆਂ ਗੱਲਾਂ ਮਾਰਨ ਲੱਗਦੇ।

ਬਹੁਤ ਸਮਾਂ ਲੰਘ ਗਿਆ ਸੀ। ਮਾੜੇ ਦਿਨ ਵੀ ਆਏ, ਚੰਗੇ ਵੀ। ਚੰਗੇ ਵੀ ਤੇ ਮਾੜੇ ਵੀ। ਲੱਖਾ ਸਿੰਘ ਦੇ ਮਾਂ ਪਿਓ ਕਦੋਂ ਦੇ ਗੁਜ਼ਰ ਗਏ, ਹੁਣ ਉਹ ਆਪ ਧੀਆਂ ਪੁੱਤਾਂ ਵਾਲਾ ਹੈ।

ਲੱਖਾ ਤੇ ਹਜ਼ਾਰੀ ਪੰਜਾਹ ਪੰਜਾਹ ਨੂੰ ਢੁੱਕਣ ਵਾਲੇ ਹਨ। ਕੰਧ ਵਾਲੀ ਸਾਂਝੀ ਖਿੜਕੀ ਦਾ ਲੈਣ ਦੇਣ ਓਵੇਂ ਜਿਵੇਂ ਜਾਰੀ ਹੈ।

ਇੱਕ ਦਿਨ ਆਥਣੇ ਨਰਮਾ ਗੁੱਡ ਕੇ ਲੱਖਾ, ਉਹ ਦੇ ਮੁੰਡੇ ਤੇ ਸੀਰੀ ਪਿੰਡ ਪਹੁੰਚੇ। ਸੱਥ ਵਿਚ ਪਿੰਡ ਦੇ ਲੋਕ ਅਣਹੋਣੀਆਂ ਗੱਲਾਂ ਕਰਦੇ ਉਨ੍ਹਾਂ ਨੂੰ ਸੁਣੇ। ਛੋਟਾ ਮੁੰਡਾ, ਜੋ ਅੱਠਵੀਂ ਜਮਾਤ ਵਿਚੋਂ ਫੇਲ੍ਹ ਹੋ ਕੇ ਸਕੂਲੋਂ ਹਟ ਗਿਆ ਸੀ, ਸੱਥ ਵਿਚ ਹੀ ਖੜ੍ਹ ਗਿਆ ਹੈ। ਫੇਰ ਉਹ ਘਰ ਆ ਕੇ ਗੱਲ ਕਰਦਾ ਹੈ-"ਪਤਾ ਨੀਂ ਕਿੱਥੇ, ਅਖੇ-ਸੱਤ ਬੰਦੇ ਬੱਸ ਵਿਚੋਂ ਉਤਾਰ ਕੇ ਮਾਰ 'ਤੇ। ਕਹਿੰਦੇ-ਸੱਤੇ ਨੰਗੇ ਸਿਰਾਂ ਵਾਲੇ ਸੀ।"

ਲੱਖਾ ਪੁੱਛਦਾ ਹੈ-"ਕਿੱਥੋਂ ਉੱਡੀ ਗੱਲ ਏਹੇ?"

-"ਬੱਗੇ ਕਾ ਹਰਦਿਆਲ 'ਖ਼ਬਾਰ ਲਈ ਬੈਠਾ ਸੀ। ਉਹ ਦੇ 'ਚ ਲਿਖੀ ਵਈ ਐ ਸਾਰੀ ਕਹਾਣੀ ਪੜ੍ਹ ਪੜ੍ਹ ਸੁਣਾਇਐ ਉਹ ਨੇ ਸਾਰਿਆਂ ਨੂੰ।" ਮੁੰਡਾ ਜਵਾਬ ਦਿੰਦਾ ਹੈ।

ਤੱਤੇ ਪਾਣੀ ਨਾਲ ਨਹਾ ਧੋਕੇ ਲੱਖਾ ਸਿੰਘ ਆਪਣੇ ਘਰ ਦੀ ਬਾਂਸ ਦੀ ਪੌੜੀ ਚੜ੍ਹਦਾ ਹੈ ਤੇ ਹਜ਼ਾਰੀ ਲਾਲ ਦੀਆਂ ਪੱਕੀਆਂ ਪੌੜੀਆਂ ਉਤਰ ਕੇ ਕਬੂਤਰਾਂ ਦੇ ਖੁੱਡੇ ਮੂਹਰੇ ਆ ਬੈਠਦਾ ਹੈ। ਨਿੱਤ ਦੀ ਤਰ੍ਹਾਂ ਹਜ਼ਾਰੀ ਲਾਲ ਹੁੱਕਾ ਪੀ ਰਿਹਾ ਹੈ। ਧਿਆਨ ਮਗਨ ਜਿਹਾ ਬੈਠਾ ਹੋਇਆ। ਲੱਖਾ ਸਿੰਘ ਹੀ ਗੱਲ ਤੋਰਦਾ ਹੈ।-"ਹਜ਼ਾਰੀ ਜਾਰ, ਸੁਣੀ ਗੱਲ ਤੂੰ?"

-"ਕਿਹੜੀ?" ਉਹ ਨੇ ਬੇਧਿਆਨੇ ਆਖ ਦਿੱਤਾ ਹੈ। ਸੋਚਿਆ ਹੋਵੇਗਾ, ਖਬਰੈ, ਕਿਹੜੀ ਗੱਲ ਕਰੇਗਾ?

-ਛੋਟਾ ਕਹਿੰਦਾ, "ਅਖੇ 'ਖ਼ਬਾਰ 'ਚ ਤਾਂ ਤੜਕੇ ਈ ਹੋਈ ਜਾਂਦੀਆਂ ਸੀ ਗੱਲਾਂ। ਰੇੜੀਏ 'ਤੇ ਵੀ ਆ ਗਿਆ। ਸੱਤ ਨੀ, ਸਤਾਰਾਂ ਬੰਦਿਆਂ ਦੀ ਗੱਲ ਐ।"

-"ਚਾਹੇ, ਇੱਕ ਹੋਵੇ ਭਾਈ। ਬੰਦਾ ਬਣਦੈ ਜਾਰ ਕਿਤੇ।"

ਹਜ਼ਾਰੀ ਲਾਲ ਬੋਲਿਆ, ਹੈ-"ਓਏ ਕੀ ਪਤੈ ਅਜੇ, ਦੇਖਦਾ ਜਾਹ।

ਅਖੇ-ਦੇਖ ਭਾਈ ਬਾਲਿਆ, ਤੂੰ ਰੰਗ ਕਰਤਾਰ ਦੇ।"

ਦੋਵੇਂ ਜਣੇ ਉਦਾਸ ਹਾਸਾ ਹੱਸੇ ਹਨ।

-"ਸੁਣੀਆਂ ਸੀ ਕਦੇ ਇਹ ਗੱਲਾਂ?" ਲੱਖੇ ਨੇ ਫੇਰ ਝੋਰਾ ਕੀਤਾ ਹੈ।

-"ਕੌਣ ਹੋਏ ਬਈ ਓਹੋ।"

-"ਕਹਿੰਦੇ, ਪਾਕਿਸਤਾਨੀ ਨੇ। ਭੇਸ ਬਦਲ ਕੇ ਆਏ ਵਏ ਐ ਏਧਰ।"

-"ਪਾਕਿਸਤਾਨੀ ਨੇ?"

-ਕੋਈ ਕਹਿੰਦਾ, 'ਮਰੀਕਾ ਕਰੌਦੈ ਸਭ ਕੁਸ਼।"

-" 'ਮਰੀਕਾ?"

-"ਆਪਣੇ ਵਿਚੋਂ ਈ ਹੋ ਸਕਦੇ ਐ।"

-"ਕੀ ਕਹਿ ਸਕਦੇ ਆਂ ਬਈ?"

-"ਸਰੋਵਰਾਂ 'ਚ ਸਿਗਰਟਾਂ ਸਿੱਟਣ ਵਾਲੇ ਕੌਣ ਸੀ?"

-"ਕੀ ਕਹਿ ਸਕਦੇ ਆਂ ਬਈ?"

-"ਤੇ ਉਹ ਮੰਦਰਾਂ 'ਚ ਗਊਆਂ ਦੀਆਂ ਪੂਛਾਂ ਸਿੱਟਣ ਵਾਲੇ?"

-"ਕੀ ਕਹਿ ਸਕਦੇ ਆਂ।"

-"ਓਹੀ ਤੇਰੇ ਵਾਲੀ ਗੱਲ, ਅਖੇ-ਦੇਖ ਭਾਈ ਬਾਲਿਆ, ਰੰਗ ਕਰਤਾਰ ਦੇ।"

ਹਜ਼ਾਰੀ ਲਾਲ ਦੇ ਵੀ ਦੋ ਮੁੰਡੇ ਹਨ। ਵੱਡਾ ਮੁੰਡਾ ਬਜ਼ਾਰ ਵਿਚ ਪਿਓ ਵਾਲੀ ਦੁਕਾਨ 'ਤੇ ਹਲਵਾਈ ਦਾ ਕੰਮ ਕਰਦਾ।

ਪਿੰਡ ਦੇ ਐਨ ਵਿਚਕਾਰ ਹਨੂੰਮਾਨ ਦਾ ਮੰਦਰ ਹੈ। ਮੰਦਰ ਵਾਲੀ ਥਾਂ ਵਰ੍ਹਿਆਂ ਪੁਰਾਣਾ ਇੱਕ ਜੰਡ। ਮੰਦਰ ਪਿੰਡ ਦੇ ਐਨ ਵਿਚਕਾਰ ਕਿਉਂ ਹੈ? ਹੋ ਸਕਦਾ ਹੈ, ਜੰਡ ਤੇ ਮੰਦਰ ਪਹਿਲਾਂ ਹੋਣ ਤੇ ਪਿੰਡ ਮਗਰੋਂ ਬੱਝਿਆ ਹੋਵੇ। ਮੰਦਰ ਛੋਟਾ ਹੀ ਹੈ। ਆਦਮੀ ਦੇ ਸਿਰ ਜਿੰਨਾ ਉੱਚਾ। ਚੂਨੇ ਦੀ ਪਿਲਾਈ ਕੀਤੀ ਹੋਈ। ਮੰਦਰ ਦਾ ਪੁਜਾਰੀ ਹਰ ਸਾਲ ਇਸ 'ਤੇ ਸਫ਼ੈਦੀ ਕਰਵਾ ਦਿੰਦਾ ਹੈ। ਹਰ ਮੰਗਲਵਾਰ ਆਥਣ ਨੂੰ ਚੜ੍ਹਾਵਾ ਚੁੱਕ ਕੇ ਲੈ ਜਾਂਦਾ ਹੈ। ਮੰਦਰ ਵਿਚ ਜੋ ਪੱਥਰ ਦੀ ਮੂਰਤੀ ਹੈ, ਉਸ 'ਤੇ ਸਰੋਂ ਦਾ ਤੇਲ ਤੇ ਸੰਧੂਰ ਚੜ੍ਹਦਾ ਹੈ।

ਮੰਦਰ ਦੁਆਲੇ ਚਾਰੇ ਪਾਸੇ ਦਸ ਬਾਰਾਂ ਦੁਕਾਨਾਂ ਹਨ। ਇਨ੍ਹਾਂ ਦੁਕਾਨਾਂ ਤੋਂ ਪਿੰਡ ਵਿਚ ਲੋੜੀਂਦੀ ਹਰ ਚੀਜ਼ ਮਿਲ ਜਾਂਦੀ ਹੈ। ਗੁੜ-ਚਾਹ ਦੀ ਦੁਕਾਨ, ਬਜਾਜੀ ਦੀ ਦੁਕਾਨ, ਲੋਹੇ ਦੀ ਦੁਕਾਨ, ਬਸਾਤੀ ਦੀ ਸਭ ਦੁਕਾਨਾਂ ਹਨ। ਬੱਸ ਇਨ੍ਹਾਂ ਦੁਕਾਨਾਂ ਨੂੰ ਹੀ ਬਜ਼ਾਰ ਆਖਿਆ ਜਾਂਦਾ ਹੈ। ਇਸ ਬਜ਼ਾਰ ਵਿਚ ਇਕ ਦੁਕਾਨ ਹਜ਼ਾਰੀ ਹਲਵਾਈ ਦੀ ਹੈ। ਜਿਸ 'ਤੇ ਹੁਣ ਉਸ ਦਾ ਵੱਡਾ ਮੁੰਡਾ ਨੰਜੋ ਬੈਠਦਾ ਹੈ।

ਨੰਜੋ ਤੋਂ ਛੋਟਾ ਰਾਜਦੇਵ ਹੈ। ਇਹ ਨੇੜੇ ਦੇ ਸ਼ਹਿਰ ਕਾਲਜ ਜਾਂਦਾ ਹੁੰਦਾ, ਬੀ. ਏ. ਕਰ ਗਿਆ ਸੀ। ਫੇਰ ਓਸੇ ਸ਼ਹਿਰ ਵਿਚ ਬੈਂਕ ਦੀ ਨੌਕਰੀ ਮਿਲ ਗਈ। ਹਰ ਰੋਜ਼ ਪਿੰਡ ਆ ਜਾਂਦਾ ਹੈ। ਸਕੂਟਰ ਹੈ ਕੋਲ। ਹਜ਼ਾਰੀ ਲਾਲ ਨੇ ਉਹ ਦਾ ਨਾਂ ਸਿਰਫ਼ ਰਾਜਦੇਵ ਰੱਖਿਆ ਸੀ। ਪਰ ਉਹ ਰਾਜਦੇਵ ਸਿੰਘ ਲਿਖਣ ਲੱਗ ਪਿਆ। ਕੇਸ ਦਾੜੀ ਰੱਖ ਕੇ ਪੱਗ ਬੰਨ੍ਹਣ ਲੱਗਿਆ। ਹੁਣ ਦਾੜ੍ਹੀ ਖੁੱਲ੍ਹੀ ਛੱਡ ਕੇ ਰੱਖਦਾ ਹੈ। ਸੁਹਣਾ ਹੀ ਬੜਾ ਲੱਗਦਾ ਹੈ। ਕਦੇ ਕਦੇ ਉਹ ਵੱਡੇ ਭਰਾ ਨੰਜੋ ਨਾਲ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਮਿੱਠੀ ਮਿੱਠੀ ਬਹਿਸ ਕਰਦਾ ਹੈ। ਬਹਿਸ ਵਿਚ ਹਜ਼ਾਰੀ ਲਾਲ ਸ਼ਾਮਲ ਹੋ ਜਾਂਦਾ ਹੈ। ਹਜ਼ਾਰੀ ਨੰਜੋ ਦਾ ਪੱਖ ਲੈਂਦਾ ਹੈ। ਪਰ ਰਾਜਦੇਵ ਦੋਵਾਂ ਦੇ ਉੱਤੋਂ ਦੀ ਰਹਿੰਦਾ ਹੈ। ਬੰਸੋ ਨੂੰ ਵੀ ਉਹ ਚੁੱਪ ਕਰਵਾ ਕੇ ਸਾਹ ਲੈਂਦਾ ਹੈ।

ਰਾਜਦੇਵ ਸਿੰਘ ਸ਼ਹਿਰੋਂ ਅਖ਼ਬਾਰ ਲੈ ਕੇ ਆਉਂਦਾ ਹੈ। ਉਹ ਅਖ਼ਬਾਰ ਦਾ ਪੱਕਾ ਸਰੋਤਾ ਲੱਖਾ ਸਿੰਘ ਹੈ। ਲੱਖੇ ਦਾ ਛੋਟਾ ਮੁੰਡਾ ਕਦੇ ਕਦੇ ਰਾਜਦੇਵ ਤੋਂ ਅਖ਼ਬਾਰ ਮੰਗ ਕੇ ਆਪਣੇ ਘਰ ਨੂੰ ਲੈ ਜਾਂਦਾ ਹੈ।

***

ਅੰਬਰ ਚੜ੍ਹਿਆ ਨੀਲਾ ਤਾਰਾ।

ਸ਼ਹਿਰ ਵਿਚ ਕਰਫ਼ਿਊ ਹੈ।

ਰਾਜਦੇਵ ਕਿੰਨੇ ਹੀ ਦਿਨ ਬੈਂਕ ਨਹੀਂ ਗਿਆ। ਅਖ਼ਬਾਰ ਵੀ ਬੰਦ ਹਨ। ਰੇਡੀਓ ਰਹਿ ਗਿਆ ਬੱਸ: ਰਾਜਦੇਵ ਖ਼ਬਰਾਂ ਦੇ ਮਤਲਬ ਸਮਝਾਉਂਦਾ ਹੈ, ਪਰ ਕੀ ਸੱਚ ਹੈ, ਕੀ ਝੂਠ? ਲਾਹੌਰ ਕੁਝ ਹੋਰ ਬੋਲਦਾ ਹੈ, ਬੀ.ਬੀ.ਸੀ., ਕੁਝ ਹੋਰ ਤੇ ਅਕਾਸ਼ਵਾਣੀ ਹੋਰ। ਪਿੰਡਾਂ ਤੇ ਸ਼ਹਿਰਾਂ ਵਿਚੋਂ ਅਫ਼ਵਾਹਾਂ ਉੱਡ ਕੇ ਇਸ ਪਿੰਡ ਦੇ ਬਜ਼ਾਰ ਵਿਚ ਜੰਡ ਹੇਠ ਪਹੁੰਚਦੀਆਂ ਹਨ, ਉਹ ਹੋਰ।

ਤੇ ਫੇਰ ਅਸਮਾਨ ਕੁਝ ਸਾਫ਼ ਹੋਇਆ ਹੈ। ਪਰ ਧਰਤੀ ਦੇ ਲੋਕ ਇਕ ਦੂਜੇ ਤੋਂ ਅੱਖ ਬਚਾ ਕੇ ਗੱਲਾਂ ਕਰਨ ਲੱਗੇ ਹਨ।

ਹੁਣ ਰਾਜਦੇਵ ਘਰ ਵਿਚ ਬਹੁਤੀ ਬਹਿਸ ਨਹੀਂ ਕਰਦਾ। ਚਾਚਾ ਲੱਖਾ ਸਿੰਘ ਜਦੋਂ ਉਹ ਨੂੰ ਮਿਲਦਾ ਹੈ ਤਾਂ ਖ਼ਬਰਾਂ ਦੇ ਅਰਥ ਉਹ ਨਹੀਂ ਰਹਿੰਦੇ। ਜੇ ਉਹ ਦੋ ਚਾਰ ਬੰਦਿਆਂ ਨਾਲ ਗੱਲਾਂ ਕਰ ਰਿਹਾ ਹੋਵੇ ਤਾਂ ਰਾਜਦੇਵ ਨੂੰ ਕੋਲ ਆਇਆ ਦੇਖ ਕੇ ਪਤਾ ਨਹੀਂ ਉਹ ਆਪਣੀ ਗੱਲ ਦਾ ਰੁੱਖ ਕਿਉਂ ਬਦਲ ਲੈਂਦੇ ਹਨ? ਰਾਜਦੇਵ ਸਭ ਸਮਝਦਾ ਹੈ ਤੇ ਹੈਰਾਨ ਹੈ।

ਲੱਖਾ ਸਿੰਘ ਹੁਣ ਕਦੇ ਆਥਣੇ ਹਜ਼ਾਰੀ ਲਾਲ ਦੇ ਖੁੱਡੇ ਮੂਹਰੇ ਆ ਕੇ ਨਹੀਂ ਬੈਠਦਾ।

ਬੰਸੋ ਤੇ ਮਲਕੀਤੋ ਸਾਂਝੀ ਖਿੜਕੀ ਕੋਲ ਖੜ੍ਹ ਕੇ ਗੱਲਾਂ ਤਾਂ ਸਾਂਝੀਆਂ ਕਰਦੀਆਂ ਹਨ, ਪਰ ਗੱਲਾਂ ਵਿਚ ਉਹ ਰਸ ਨਹੀਂ ਹੁੰਦਾ। ਭੂਆ-ਭਤੀਜੀ ਵਾਲਾ ਰਿਸ਼ਤਾ ਜਿਵੇਂ ਬਦਰੰਗ ਹੁੰਦਾ ਜਾਪਦਾ ਹੋਵੇ। ਚੀਜ਼ਾਂ ਦਾ ਲੈਣ ਦੇਣ ਉਵੇਂ ਹੈ। ਮਹਾਰਾਣੀ ਦਾ ਕਤਲ।

ਰਾਜਧਾਨੀ ਵਿਚ ਫ਼ਿਰਕੂ ਦੰਗੇ।

ਹਾਹਾਕਾਰ .. ਮਹਾਂ ਭੈਅ... ਦਹਿਸਤ ਦੀ ਜ਼ਹਿਰੀ ਹਵਾ... ਬੇਭਰੋਸਗੀ ਦਾ ਮਾਰੂ ਆਲਮ...

ਸਾਂਝੀ ਖਿੜਕੀ ਦੀ ਫੱਟੀ ਡਿੱਗੂੰ ਡਿੱਗੂੰ ਕਰਦੀ ਰਹਿੰਦੀ ਹੈ। ਪਿਛਲੇ ਦਿਨਾਂ ਵਿਚ ਇਹ ਦੇ ਥੱਲੇ ਵਾਲਾ ਕਬਜ਼ਾ ਉੱਖੜ ਕੇ ਡਿੱਗ ਪਿਆ ਸੀ। ਉਤਲਾ ਕਬਜ਼ਾ ਵੀ ਢਿਲਕਿਆ ਪਿਆ ਹੈ। ਖਿੜਕੀ ਬੰਦ ਕਰਨ ਤੇ ਖੋਲ੍ਹਣ ਨਾਲ ਬਰੰਜੀਆਂ ਦੇ ਸਿਰੇ ਬਾਹਰ ਨਿਕਲ ਆਉਂਦੇ ਹਨ। ਬੰਸੋ ਨੇ ਉਨ੍ਹਾਂ ਨੂੰ ਕਈ ਵਾਰ ਪਾਈਆ ਵੱਟੇ ਨਾਲ ਠੋਕਿਆ ਹੈ। ਨਿੱਤ ਦੀ ਠੋਕਾ-ਠਾਕੀ ਨਾਲੋਂ ਇੱਕ ਦਿਨ ਫੱਟੀ ਖਿੱਚਕੇ ਉਹ ਨੇ ਦੱਬ ਕੇ 'ਤੇ ਵਗਾਹ ਮਾਰੀ। ਖਿੜਕੀ ਖੁਲ੍ਹਵਾਰੀ ਹੋ ਗਈ ਹੈ।

ਤੇ ਫੇਰ ਕੀ ਹੋਇਆ ਹੈ।

ਬੰਸੋ ਨੇ ਘਰ ਹੀ ਗਾਰਾ ਬਣਾ ਕੇ ਖਿੜਕੀ ਵਿਚ ਚਾਰ ਡਬਲ ਇੱਟਾਂ ਠੋਕ ਦਿੱਤੀਆਂ ਹਨ। ਉੱਤੋਂ ਦੀ ਓਹੀ ਗਾਰਾ ਲਿੱਪ ਦਿੱਤਾ ਹੈ। ਮਲਕੀਤੋ ਨੂੰ ਪਤਾ ਲੱਗਿਆ ਤਾਂ ਕੋਠੇ 'ਤੋਂ ਦੀ ਆ ਕੇ ਬਨੇਰੇ ਨਾਲ ਬੈਠ ਗਈ। ਕਹਿੰਦੀ ਹੈ-"ਕੁੜੇ ਭੂਆ, ਲੋਹੜਾ ਮਾਰਿਆ, ਇਹ ਕੀ ਕੀਤਾ ਤੂੰ? ਖਿੜਕੀ ਬੰਦ ਕਰ 'ਤੀ।

-'ਮੈਂ ਤਾਂ ਭਾਈ ਸੰਭਰਦੀ ਥੱਕ 'ਗੀ। ਚਿੜੀਆਂ ਆਲ੍ਹਣੇ ਪੌਣੋਂ ਨੀਂ ਹਟਦੀਆਂ। ਡੱਕੇ ਡੱਕੇ ਈ ਡੱਕੇ। ਚਿਰ ਚਿਰ ਸਾਰਾ ਦਿਨ ਨ੍ਹੀਂ ਸੀ ਮੁੱਕਦੀ ਇਨ੍ਹਾਂ ਦੀ। ਮਖਿਆ, ਜੱਭ ਈ ਮਕੌਨੀ ਆਂ।' ਬੰਸੋ ਨੇ ਜਿਵੇਂ ਚਲਾਕ ਹਾਸੇ ਵਿਚ ਜਵਾਬ ਦਿੱਤਾ ਹੋਵੇ।

-'ਚੰਗਾ, ਮਰਜ਼ੀ ਐ ਭੂਆ ਤੇਰੀ। ਚਿੜੀਆਂ ਨੂੰ ਤਾਂ ਆਲ੍ਹਣੇ ਹੋਰ ਬਥੇਰੇ।' ਤੇ ਫੇਰ ਉਹ ਵੀ ਹੱਸੀ ਹੈ-'ਮਖਿਆ, ਇਹ ਕੀ ਭਾਣਾ ਵਰਤਾਅ 'ਤਾ ਭੂਆ ਨੇ, ਪੁੱਛਾਂ ਜਾ ਕੇ।'

***

ਪੰਜਾਬ ਸਮਝੌਤਾ...।

ਸਭ ਪੰਜਾਬੀਆਂ ਦੇ ਫੇਫੜਿਆਂ ਵਿਚ ਜਿਵੇਂ ਪੁਰਾ ਸਾਹ ਭਰਨ ਲੱਗਿਆ ਹੋਵੇ। ਜਿਨ੍ਹਾਂ 'ਤੇ ਚੜ੍ਹੇ ਫਿਰਕੂ ਜ਼ਹਿਰ ਨੂੰ ਜਿਵੇਂ ਕੋਈ ਰੰਗ ਕਾਟ ਮਿਲ ਗਿਆ ਹੋਵੇ।

ਪਿੰਡ ਦੀ ਸੱਥ ਵਿਚ ਸਿਆਣਪ ਉਤਰਣ ਲੱਗੀ ਹੈ।

ਪਰ ਗਜ਼ਬ ਸਾਈਂ ਦਾ, ਸ਼ਾਂਤੀ ਦੂਤ ਹੀ ਖ਼ਤਮ ਕਰ ਦਿੱਤਾ ਗਿਆ: ਜਿਵੇਂ ਸਿਖ਼ਰ ਦੁਪਹਿਰੇ ਹਨੇਰ ਪੈ ਗਿਆ ਹੋਵੇ।

ਮਹੀਨਿਆਂ ਪਿੱਛੋਂ ਲੱਖਾ ਸਿੰਘ ਕਬੂਤਰਾਂ ਦੇ ਖੁੱਡੇ ਅੱਗੇ ਆ ਬੈਠਾ ਹੈ ਤੇ ਹਜ਼ਾਰੀ ਲਾਲ ਗੱਲਾਂ ਕਰਨ ਲੱਗਿਆ ਹੈ-

-"ਦੇਖ ਲੈ ਬਈ, ਬੰਦਿਆਂ ਨੇ ਆਵਦਾ ਬੰਦਾ ਈ ਮਾਰ 'ਤਾ।' ਲੱਖਾ ਕਹਿ ਰਿਹਾ ਹੈ।

-'ਪਹਿਲਾਂ ਕੀ ਕੁੱਤੇ ਬਿੱਲੀਆਂ ਨੂੰ ਮਾਰਦੇ ਸੀ?' ਹਜ਼ਾਰੀ ਆਖਦਾ ਹੈ।

-"ਨਾ ਮੇਰਾ ਮਤਲਬ, ਇਹ ਉਹ ਗੱਲ ਤਾਂ ਰਹੀ ਨਾ।' ਲੱਖੇ ਦੀ ਡੂੰਘੀ ਚਿੰਤਾ।

-"ਇਹ ਤਾਂ ਹੋਰ ਪਾਸੇ ਈ ਤੁਰ 'ਪੀ ਕਹਾਣੀ।' ਦੋਵਾਂ ਦੀ ਸਮਝੋਂ ਬਾਹਰ। ਤੇ ਫੇਰ ਪੱਗਾਂ ਵਾਲਿਆਂ ਦੇ ਕਤਲਾਂ ਦਾ ਸਿਲਸਿਲਾ।

ਸਿਲਸਿਲਾ ਜਾਰੀ ਹੈ। ਪੱਗਾਂ ਵਾਲੇ ਵੀ ਕਤਲ ਕੀਤੇ ਜਾ ਰਹੇ ਹਨ, ਨੰਗੇ ਸਿਰਾਂ ਵਾਲੇ ਵੀ। ਜੋ ਵੀ ਸਾਹਮਣੇ ਆ ਜਾਵੇ। ਦਹਿਸ਼ਤ ਦਾ ਗਰਦੋ ਗਵਾਰ। ਸਾਜਿਸ਼ ਸਾਫ਼ ਹੈ ਕਿ ਦਹਿਸ਼ਤਜ਼ਦਾ ਹੋ ਕੇ ਇੱਕ ਫ਼ਿਰਕਾ ਪੰਜਾਬ ਛੱਡ ਜਾਵੇ।

ਸਕੂਟਰ ਦੀ ਸਵਾਰੀ ਮੌਤ ਦੀ ਸੂਚਕ। ਸਕੂਟਰ ਕਬਜ਼ੇ ਵਿਚ ਆ ਜਾਵੇ, ਬੰਦਾ ਖ਼ਤਮ। ਸਕੂਟਰ ਸਵਾਰ ਪੱਗ ਵਾਲਾ ਹੋਵੇ ਜਾਂ ਨੰਗੇ ਸਿਰ ਵਾਲਾ, ਜੇਬ੍ਹ ਵਿਚ ਨੋਟਾਂ ਦਾ ਭਾਰ ਹੋਵੇ ਤਾਂ ਹੋਰ ਵੀ ਗਨੀਮਤ।

ਆਮ ਪੰਜਾਬੀਆਂ ਦੀ ਸਮਝ ਵਿਚ ਗੱਲ ਆਉਂਦੀ ਹੈ, ਆਉਂਦੀ ਵੀ ਨਹੀਂ।

ਆਲੂ ਵੜੀਆਂ ਕਿਉਂ ਧਰੀਆਂ?
ਭੂਆ-ਭਤੀਜੀ ਕਿਉਂ ਲੜੀਆਂ?

ਇੱਕੋ ਜੜ੍ਹ ਵਿਚੋਂ ਉੱਗੇ ਦੋ ਰੁੱਖ।
ਜਿਵੇਂ ਦੋ ਜੌੜੇ ਬੱਚੇ।
ਪੱਗਾਂ ਤੇ ਨੰਗੇ ਸਿਰਾਂ ਦੀ ਲੜਾਈ ਨਹੀਂ ਰਹੀ।
ਲੜਾਈ ਕਿਸ ਗੱਲ ਦੀ?
ਸਾਜਿਸ਼ ਦਾ ਦੌਰ ਜੋਬਨ 'ਤੇ ਹੈ।
ਜੜ੍ਹ ਬੜੀ ਮਜ਼ਬੂਤ ਹੈ।
ਹੜਾਂ ਦਾ ਪਾਣੀ ਜ਼ੋਰ ਸ਼ੋਰ ਨਾਲ ਵਗ ਰਿਹਾ ਹੈ।
ਪਰ ਜੜ੍ਹ ਮਜ਼ਬੂਤ ਹੈ।
ਪੰਜਾਬ ਜੀਂਦਾ ਗੁਰਾਂ ਦੇ ਨਾ 'ਤੇ...

***

ਇੱਕ ਦਿਨ ਬੰਸੋ ਨੇ ਸਾਂਝੀ ਖਿੜਕੀ ਵਿਚੋਂ ਡਬਲ ਇੱਟਾਂ ਪੁੱਟ ਦਿੱਤੀਆਂ ਹਨ। ਫੇਰ ਦਬਕੇ ਵਿਚੋਂ ਲੱਭ ਕੇ ਫੱਟੀ ਬਾਹਰ ਕੱਢੀ ਹੈ। ਬਜ਼ਾਰੋਂ ਨਵੀਆਂ ਬਰਜੀਆਂ ਮੰਗਵਾ ਲਈਆਂ ਹਨ। ਮਿਸਤਰੀ ਨੂੰ ਸੱਦ ਕੇ ਖਿੜਕੀ ਦੀ ਚੁਗਾਠ ਵਿਚ ਫੌਟੀ ਚੰਗੀ ਤਰ੍ਹਾਂ ਫਿੱਟ ਕਰਵਾ ਦਿੱਤੀ।

ਭੂਆ-ਭਤੀਜੀ ਦਾ ਲੈਣ ਦੇਣ ਫੇਰ ਚੱਲ ਪਿਆ ਹੈ। ਭੂਆ ਥੋੜ੍ਹਾ ਝੁਕ ਕੇ ਖਿੜਕੀ ਵਿਚ ਦੀ ਗੱਲ ਕਰਦੀ ਹੈ। ਭਤੀਜੀ ਮੂੰਹ ਉਤਾਂਹ ਚੁੱਕ ਕੇ ਗੱਲ ਸੁਣਦੀ ਹੈ। ਕਿੰਨਾ ਕਿੰਨਾ ਚਿਰ ਖੜ੍ਹੀਆਂ ਉਹ ਗੱਲਾਂ ਕਰਦੀਆਂ ਰਹਿੰਦੀਆਂ ਹਨ, ਜਿਵੇਂ ਪਿਛਲਾ ਕੋਟਾ ਪੂਰਾ ਕਰ ਰਹੀਆਂ ਹੋਣ।