ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਸ਼ਿਕਨ

ਵਿਕੀਸਰੋਤ ਤੋਂ


ਸ਼ਿਕਨ

ਸਵੇਰੇ ਪਹਿਲੀ ਬੱਸ ਹੀ ਲੁਧਿਆਣੇ ਗਿਆ ਸਾਂ। ਕੰਮ ਤਾਂ ਇੱਕ ਘੰਟੇ ਦਾ ਸੀ, ਪਰ ਜਾਣਾ ਜ਼ਰੂਰੀ ਸੀ। ਵਾਪਸ ਵੀ ਮੁੜਨਾ ਸੀ। ਗਰਮੀਆਂ ਦੇ ਦਿਨ ਸਨ। ਜੇਠ-ਹਾੜ੍ਹ ਦਾ ਮਹੀਨਾ। ਛੇਤੀ-ਛੇਤੀ ਮੈਂ ਆਪਣਾ ਕੰਮ ਮੁਕਾਇਆ ਤੇ ਬੱਸ ਸਟੈਂਡ ਉੱਤੇ ਆ ਗਿਆ। ਚਾਹੁੰਦਾ ਸਾਂ, ਦੁਪਹਿਰ ਤੋਂ ਪਹਿਲਾਂ-ਪਹਿਲਾਂ ਵਾਪਸ ਬਰਨਾਲੇ ਪਹੁੰਚ ਜਾਵਾਂ, ਨਹੀਂ ਤਾਂ ਫੇਰ ਦੁਪਹਿਰ ਦੀ ਭੱਠੀ ਵਿਚੋਂ ਨਿਕਲੀ ਗਰਮ ਹਵਾ ਪਿੰਡਾ ਸਾੜ ਕੇ ਰੱਖ ਦੇਵੇਗੀ।

ਬੱਸ ਆਪਣੇ ਅੱਡੇ ਉੱਤੇ ਲੱਗੀ ਖੜ੍ਹੀ ਸੀ। ਪੁੱਛਿਆ, ਧੁਰ ਬਰਨਾਲੇ ਤੱਕ ਜਾਣੀ ਹੈ। ਬੱਸ ਵਿੱਚ ਇੱਕ ਸਵਾਰੀ ਬੈਠੀ ਹੋਈ ਸੀ। ਕੋਈ ਕੁੜੀ ਸੀ। ਕਾਉਂਟਰ ਉੱਤੇ ਕੰਡਕਟਰ ਵਿਹਲਾ ਖੜ੍ਹਾ ਸੀ। ਮੈਂ ਉਹਦੇ ਕੋਲੋਂ ਬੱਸ ਤੁਰਨ ਦਾ ਵਕਤ ਪੁੱਛਿਆ। ਦਸ ਮਿੰਟ ਰਹਿੰਦੇ ਸਨ। ਟਿਕਟ ਲੈ ਕੇ ਮੈਂ ਯੂਰੀਨਲ ਚਲਿਆ ਗਿਆ। ਅੰਦਰ ਗਿਆ ਤਾਂ ਪਿਸ਼ਾਬ ਕਰਨ ਨੂੰ ਜੀਅ ਨਾ ਕਰੇ। ਬਦਬੂ ਹੀ ਬਦਬੂ। ਫਰਸ਼ ਉੱਤੇ ਚਿੱਕੜ। ਲੋਕਾਂ ਦੀ ਭੀੜ। ਕਿਵੇਂ ਵੀ ਮੈਂ ਸਾਹ ਰੋਕ ਕੇ ਪਿਸ਼ਾਬ ਕੀਤਾ ਤੇ ਛੇਤੀ ਤੋਂ ਛੇਤੀ ਵਾਸ਼ਬੇਸਿਨ ਉੱਤੇ ਹੱਥ ਧੋਣ ਲੱਗਿਆ। ਸਾਹਮਣੇ ਸ਼ੀਸ਼ੇ ਵਿੱਚ ਮੇਰੀ ਨਿਗਾਹ ਪੈ ਗਈ। ਚੇਹਰੇ ਉੱਤੇ ਹੱਥ ਫੇਰਿਆ। ਦਾਹੜੀ ਵਿੱਚ ਕੋਈ ਚਿੱਟਾ ਵਾਲ਼ ਨਹੀਂ ਸੀ। ਜਵਾਨ ਲੱਗਦਾ ਸਾਂ। ਗੱਲ੍ਹਾਂ ਦੇ ਉਤਲੇ ਭਾਗ ਉੱਤੇ ਅੱਖਾਂ ਥੱਲੇ ਜੋ ਸ਼ਿਕਨ ਪੈ ਰਹੇ ਸਨ, ਉਨ੍ਹਾਂ ਨੂੰ ਉਂਗਲਾਂ ਦੇ ਪੋਟਿਆਂ ਨਾਲ ਨੱਪ ਕੇ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ। ਚੇਹਰੇ ਉੱਤੇ ਮੁਸਕਰਾਹਟ ਦੇ ਫੁੱਲ ਖਿੜ ਉਠੇ। ਚੁਤਾਲੀ ਸਾਲ ਦੀ ਉਮਰ ਵਿੱਚ ਮੈਂ ਕਿੰਨਾ ਜਵਾਨ ਲੱਗਦਾ ਸਾਂ। ਕਿੰਨਾ ਕਮਾਲ ਹੈ ਖਿਜ਼ਾਬ ਦਾ ਵੀ, ਬੁੱਢੇ ਆਦਮੀ ਨੂੰ ਛੱਬੀ ਸਾਲ ਦਾ ਬਣਾ ਦਿੰਦਾ ਹੈ। ਕਿਸੇ ਨੂੰ ਕੀ ਪਤਾ ਹੈ ਕਿ ਦਾਹੜੀ ਵਿੱਚ ਕਾਲ਼ਾ ਵਾਲ਼ ਤਾਂ ਕੋਈ-ਕੋਈ ਹੀ ਹੈ। ਇਹ ਕਮਾਲ ਤਾਂ ਹੈ ਹੀ ਖਿਜ਼ਾਬ ਦਾ। ਮੇਰੇ ਵਾਲਾ ਖਿਜ਼ਾਬ ਹੈ ਵੀ ਕਿੰਨਾ ਨੈਚੁਰਲ। ਦੇਖਣ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਦਾਹੜੀ ਉੱਤੇ ਕੁਝ ਲਾਇਆ ਹੈ ਜਾਂ ਨਹੀਂ। ਪਿੱਛੇ ਜਿਹੇ ਅਖ਼ਬਾਰਾਂ ਵਿੱਚ ਪੜ੍ਹਿਆ ਸੀ ਕਿ ਖਿਜ਼ਾਬ ਲਾਉਣ ਵਾਲੇ ਲੋਕ ਛੇਤੀ ਅੰਨ੍ਹੇ ਹੋ ਜਾਂਦੇ ਹਨ। ਇੱਕ ਵਾਰ ਤਾਂ ਦਿਲ ਦਹਿਲ ਉੱਠਿਆ। ਬਨਾਵਟੀ ਜਵਾਨੀ ਦਾ ਕੀ ਐ, ਅੰਨ੍ਹੇ ਹੋ ਗਏ ਤਾਂ ਕੰਧਾਂ ਵਿੱਚ ਵਜਦੇ ਫਿਰਾਂਗੇ।ਇੱਕ ਹਫ਼ਤਾ ਖਿਜ਼ਾਬ ਨਹੀਂ ਲਾਇਆ। ਅਗਲੇ ਹਫ਼ਤੇ ਸ਼ੀਸ਼ਾ ਮੂੰਹ ਚਿੜਾਉਣ ਲੱਗ ਪਿਆ। ਜੀਅ ਜਿਹਾ ਹੀ ਨਾ ਲੱਗਿਆ ਕਰੇ। ਫੇਰ ਸ਼ੁਰੂ ਕਰ ਦਿੱਤਾ ਖਿਜ਼ਾਬ। |

ਬੱਸ ਦੀ ਪਿਛਲੀ ਬਾਰੀ ਚੜ੍ਹ ਕੇ ਕੁੜੀ ਦੇ ਕੋਲ ਦੀ ਲੰਘਦਾ ਮੈਂ ਅਗਲੀਆਂ ਸੀਟਾਂ ਉੱਤੇ ਜਾ ਬੈਠਾ। ਨਿਗਾਹ ਮਾਰੀ, ਕੁੜੀ ਕੋਲ ਪਲਾਸਟਿਕ ਦੀ ਟੋਕਰੀ ਸੀ, ਜਿਸ ਵਿੱਚ ਕੁਝ ਨਿੱਕ-ਸੁੱਕ ਜਿਹਾ ਤੁੰਨਿਆ ਹੋਇਆ ਸੀ। ਇੱਕ ਛੋਟਾ ਜਿਹਾ ਅਟੈਚੀ, ਜਿਸ ਉੱਤੇ ਖਾਕੀ ਜੀਨ ਦਾ ਕੱਪੜਾ ਚੜ੍ਹਿਆ ਹੋਇਆ ਸੀ।

ਉਸ ਦਿਨ, ਪਤਾ ਨਹੀਂ ਕੀ ਗੱਲ, ਸਵਾਰੀਆਂ ਬਹੁਤ ਘੱਟ ਚੜ੍ਹੀਆਂ। ਸ਼ਾਇਦ ਦਿਨ ਦਾ ਵਕਤ ਹੋਣ ਕਰਕੇ। ਨਹੀਂ ਸਵੇਰੇ ਸ਼ਾਮ ਤਾਂ ਬੱਸਾਂ ਵਿੱਚ ਬੜੀ ਭੀੜ ਹੁੰਦੀ ਹੈ। ਸਵੇਰੇ-ਸਵੇਰੇ ਪਿੰਡਾਂ ਦੇ ਲੋਕ ਸ਼ਹਿਰਾਂ ਵੱਲ ਆਉਂਦੇ ਹਨ ਤੇ ਓਨੇ ਹੀ ਸ਼ਾਮ ਨੂੰ ਆਪਣੇ-ਆਪਣੇ ਘਰਾਂ ਨੂੰ ਮੁੜਦੇ ਹਨ, ਪਹਿਲਾਂ ਕਦੇ ਜਦ ਵੀ ਮੈਂ ਲੁਧਿਆਣੇ ਆਇਆ ਸਾਂ ਤਾਂ ਸਵੇਰੇ-ਸਵੇਰੇ ਤੇ ਮੁੜਿਆ ਸਾਂ ਤਾਂ ਸ਼ਾਮ ਨੂੰ ਹੀ। ਮੈਂ ਤਾਂ ਭੀੜ ਹੀ ਦੇਖੀ ਹੋਈ ਸੀ। ਕਦੇ-ਕਦੇ ਤਾਂ ਸਾਰੇ ਸਫ਼ਰ ਬੰਦੇ ਮਗਰਲੀਆਂ ਸੀਟਾਂ ਉੱਤੇ ਇੱਕ ਬੁੜ੍ਹੀ ਤੇ ਦੋ ਤਿੰਨ ਬੰਦੇ ਹੋਰ ਬੈਠੇ ਹੋਏ ਸਨ। ਬੱਸ ਚੱਲ ਪਈ। ਭਾਰਤ ਚੌਕ ਤੋਂ ਦੋ ਸਵਾਰੀਆਂ ਹੋਰ ਚੜ੍ਹ ਗਈਆਂ। ਉਹ ਦੋਵੇਂ ਮੁੰਡੇ ਜਿਹੇ ਸਨ। ਸਿਰ ਉੱਤੇ ਲੰਬੇ-ਲੰਬੇ ਵਾਲ਼। ਗੱਲ੍ਹਾਂ ਦੇ ਅੱਧ ਤੱਕ ਦਾਹੜੀ ਦੀਆਂ ਕਲਮਾਂ ਛੱਡੀਆਂ ਹੋਈਆਂ ਸਨ। ਹੱਥਾਂ ਵਿੱਚ ਮੋਟੇ-ਮੋਟੇ ਲੋਹੇ ਦੇ ਕੜੇ। ਕੁੜਤਿਆਂ ਦੀਆਂ ਸਾਬਤ ਬਾਹਾਂ, ਖੁਲ੍ਹੀਆਂ ਕਫਾਂ ਆਪਣੀਆਂ ਹਿੱਪ-ਪਾਕਿਟਾਂ ਵਿਚੋਂ ਬਿੰਦੇ-ਬਿੰਦੇ ਕੰਘੀਆਂ ਕੱਢਦੇ ਤੇ ਸਿਰ ਦੇ ਵਾਲ਼ਾਂ ਵਿੱਚ ਨਿਗਾਹ ਜਿਹੀ ਮਾਰ ਕੇ ਉਹ ਉਸ ਟੋਕਰੀ ਵਾਲੀ ਕੁੜੀ ਦੀ ਮੂਹਰਲੀ ਸੀਟ ਉੱਤੇ ਬੈਠ ਗਏ। ਬੱਸ ਯੂਨੀਵਰਸਿਟੀ ਲੰਘੀ ਤਾਂ ਉਹ ਮੁੰਡੇ ਅਜੀਬ ਹਰਕਤਾਂ ਕਰਨ ਲੱਗੇ। ਕੰਡਕਟਰ ਮੂਹਰਲੀ ਬਾਰੀ ਵਿੱਚ ਖੜ੍ਹਾ ਪਿੱਛੇ ਵੱਲ ਝਾਕ ਰਿਹਾ ਸੀ। ਉਹ ਵਿੱਚ-ਵਿੱਚ ਦੀ ਮੁਸਕਰਾਉਂਦਾ ਤਾਂ ਮੇਰੀ ਨਿਗਾਹ ਪਿਛਾਂਹ ਵੱਲ ਮੁੜ ਜਾਂਦੀ। ਮੁੰਡੇ ਕੋਈ ਨਾ ਕੋਈ ਹਰਕਤ ਕਰ ਰਹੇ ਹੁੰਦੇ। ਉਨ੍ਹਾਂ ਨੂੰ ਦੇਖ ਕੇ ਸ਼ਰਮ ਆਉਣ ਲੱਗਦੀ। ਉਨ੍ਹਾਂ ਉੱਤੇ ਗੁੱਸਾ ਵੀ। ਕੁੜੀ ਆਪਣੀ ਸੀਟ ਉੱਤੇ ਦੁਬਕ ਕੇ ਬੈਠੀ ਹੋਈ ਸੀ। ਉਹ ਨਿਗਾਹ ਉਠਾ ਕੇ ਝਾਕਦੀ ਤਾਂ ਉਹਦੀਆਂ ਅੱਖਾਂ ਵਿੱਚ ਬੇਬਸੀ ਤੇ ਨਫ਼ਰਤ ਦਾ ਮਿਲਿਆ ਜੁਲਿਆ ਪ੍ਰਭਾਵ ਮੈਨੂੰ ਦਿਸਦਾ। ਅਖੀਰ ਮੈਂ ਉਨ੍ਹਾਂ ਵਲੋਂ ਧਿਆਨ ਹਟਾ ਕੇ ਆਪਣੇ ਬੈਗ ਵਿਚੋਂ ਇੱਕ ਮੈਗਜ਼ੀਨ ਕੱਢਿਆ ਤੇ ਉਹਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ।

ਮੁੱਲਾਂਪੁਰ ਦਾ ਅੱਡਾ ਆਇਆ ਤਾਂ ਉਹ ਕੁੜੀ ਆਪਣਾ ਅਟੈਚੀ ਚੁੱਕ ਕੇ ਦੂਜੇ ਪਾਸੇ ਮੇਰੇ ਬਰਾਬਰ ਦੀ ਸੀਟ ਉੱਤੇ ਆ ਬੈਠੀ। ਮੁੰਡੇ ਬੜੇ ਹਰਾਮੀ ਸਨ। ਬੱਸ ਚੱਲੀ ਤਾਂ ਉਹ ਫੇਰ ਉਹਦੇ ਮੂਹਰੇ ਸੀਟ ਉੱਤੇ ਆ ਬੈਠੇ। ਮੁੱਲਾਂਪੁਰ ਤੋਂ ਵੀ ਦੋ-ਤਿੰਨ ਸਵਾਰੀਆਂ ਹੀ ਚੜ੍ਹੀਆਂ। ਬੱਸ ਰੇਲਵੇ-ਫਾਟਕ ਲੰਘੀ ਤਾਂ ਇੱਕ ਮੁੰਡੇ ਨੇ ਦੂਜੇ ਮੁੰਡੇ ਦੀ ਇੱਕ ਲੱਤ ਚੁੱਕ ਕੇ ਆਪਣੇ ਗੋਡੇ ਉੱਤੇ ਰੱਖ ਲਈ ਤੇ ਉਹਦੀ ਗਰਦਨ ਨਾਲ ਆਪਣੀ ਗਰਦਨ ਲਾ ਕੇ ਹਾਏ ਹਾਏ ਕਰਨ ਲੱਗਿਆ। ਸਾਰੀਆਂ ਸਵਾਰੀਆਂ ਉਹਨਾਂ ਨੂੰ ਦੇਖ ਰਹੀਆਂ ਸਨ। ਪਰ ਬੋਲਦਾ ਕੋਈ ਕੁਝ ਨਹੀਂ ਸੀ। ਕੰਡਕਟਰ ਵੀ ਕੁਝ ਕਹਿ ਨਹੀਂ ਰਿਹਾ ਸੀ। ਕੰਡਕਟਰ ਤਾਂ ਸਗੋਂ ਮੁਸਕਰਾ ਮੁਸਕਰਾ ਸਵਾਦ ਲੈ ਰਿਹਾ ਸੀ। ਡਰਾਈਵਰ ਨੇ ਆਪਣੇ ਸ਼ੀਸ਼ੇ ਵਿੱਚ ਦੀ ਉਨ੍ਹਾਂ ਨੂੰ ਦੇਖਿਆ ਹੋਵੇਗਾ ਤੇ ਕੁੜੀ ਨੂੰ ਤਾਂ ਜ਼ਰੂਰ ਹੀ। ਦੋ ਵਾਰੀ ਡਰਾਈਵਰ ਗੁੱਸੇ ਭਰੀਆਂ ਅੱਖਾਂ ਨਾਲ ਉਨ੍ਹਾਂ ਵੱਲ ਝਾਕਿਆ। ਮੂੰਹ ਵਿੱਚ ਕੁਝ ਬੁੜਬੁੜਾਇਆ ਵੀ। ਪਰ ਆਖਿਆ ਕੁਝ ਨਹੀਂ। ਕੁੜੀ ਜਿੱਚ ਹੋਈ ਬੈਠੀ ਰਹੀ।

ਸੋਚ ਰਿਹਾ ਸਾਂ-ਇਨ੍ਹਾਂ ਲੌਂਡਿਆਂ ਜਿਹਿਆਂ ਉੱਤੇ ਨਵੀਂ ਜਵਾਨੀ ਚੜ੍ਹੀ ਐ ਕੋਈ? ਅਸੀਂ ਕਿਹੜਾ ਕਦੇ ਜਵਾਨ ਨਹੀਂ ਸਾਂ। ਸਾਲ਼ੇ ਕਿਵੇਂ ਕੋਹੜ ਕਿਰਲੇ ਵਾਂਗੂੰ ਟੱਪੀ ਜਾਂਦੇ ਨੇ। ਕੰਜਰ ਦੇ ਪੁੱਤੋ, ਜੇ ਕੁੜੀ ਬੈਠੀ ਐ ਤਾਂ ਉਹਦੇ ਹੁਸਨ ਨੂੰ ਅੱਖਾਂ ਰਾਹੀਂ ਪੀਣ ਦੀ ਕੋਸ਼ਿਸ਼ ਕਰੋ। ਉਹਦੇ ਅਹਿਸਾਸ ਨੂੰ ਦਿਲ ਦੇ ਖੂਨ ਵਿੱਚ ਰਚਾਓ। ਜਵਾਨੀ ਦਾ ਜਨਾਜ਼ਾ ਕਿਉਂ ਕੱਢਦੇ ਓ? ਮੈਂ ਉਸ ਕੁੜੀ ਵੱਲ ਉਚੇਚੇ ਤੌਰ ਉੱਤੇ ਦੇਖਿਆ। ਉਹ ਵੀ ਮੇਰੇ ਵੱਲ ਝਾਕੀ। ਮੈਨੂੰ ਉਹ ਬਹੁਤ ਸੋਹਣੀ ਲੱਗੀ। ਉਹਦੀਆਂ ਅੱਖਾਂ ਵਿੱਚ ਭਿੱਜੇ ਬਾਦਾਮਾਂ ਦੀਆਂ ਛਿੱਲੀਆਂ ਹੋਈਆਂ ਗਿਰੀਆਂ ਵਰਗੀ ਨਿਰਮਲਤਾ ਸੀ। ਦੂਜੇ ਬਿੰਦ ਹੀ ਮੈਨੂੰ ਲੱਗਾ ਜਿਵੇਂ ਉਹਦੀ ਝਾਕਣੀ ਤਰਸ ਮੰਗਦੀ ਹੋਵੇ।

ਪੁਲ-ਸਧਾਰ ਦਾ ਅੱਡਾ ਆਇਆ। ਉਥੋਂ ਕਈ ਸਵਾਰੀਆਂ ਚੜ੍ਹੀਆਂ। ਹੁਣ ਮੁੰਡੇ ਟਿਕ ਕੇ ਬੈਠੇ ਹੋਏ ਸਨ, ਤੇ ਚੜ੍ਹ-ਰਹੀਆਂ ਸਵਾਰੀਆਂ ਦੇ ਚੇਹਰਿਆਂ ਵੱਲ ਵੱਢ-ਖਾਣੀਆਂ ਨਜ਼ਰਾਂ ਨਾਲ ਦੇਖਦੇ ਜਾ ਰਹੇ ਸਨ। ਡਰਾਈਵਰ ਨੇ ਸੈਲਫ਼ ਉੱਤੇ ਉੱਗਲ ਰੱਖੀ, ਇੰਜਣ ਨੇ ਘਰਰ-ਘਰਰ ਕੀਤੀ ਤਾਂ ਉਹ ਕੁੜੀ ਆਪਣੀ ਸੀਟ ਉੱਤੇ ਹੀ ਚੀਖ ਉਠੀ-'ਅੰਕਲ, ਤੁਸੀਂ?' ਮੈਂ ਤਾਂ ਥੋਨੂੰ ਦੇਖਿਆ ਈ ਨ੍ਹੀ।' ਉਹ ਮੈਨੂੰ ਕਹਿ ਰਹੀ ਸੀ। ਨਾਲ ਦੀ ਨਾਲ ਉਹ ਆਪਣੀ ਸੀਟ ਉਤੋਂ ਉੱਠੀ ਤੇ ਮੇਰੇ ਨਾਲ ਆ ਬੈਠੀ। ਅਟੈਚੀ ਵੀ ਉਸ ਉਰੇ ਖਿਸਕਾ ਲਿਆ। ਮੈਂ ਘਬਰਾ ਗਿਆ। ਬਹੁਤ ਹੈਰਾਨ। ਮੈਂ ਤਾਂ ਉਸ ਕੁੜੀ ਨੂੰ ਜਾਣਦਾ ਤੱਕ ਨਹੀਂ ਸੀ। ਖ਼ੈਰ, ਮੇਰੇ ਨਾਲ ਆ ਕੇ ਬੈਠਣਾ ਤੇ ਮੈਂ ਉਹਦਾ ਸੁਆਗਤ ਕੀਤਾ। ਉਹਦੇ ਚੇਹਰੇ ਉੱਤੇ ਬਨਾਵਟੀ ਜਿਹੀ ਮੁਸਕਾਣ ਸੀ। ਬੈਠਦਿਆਂ ਹੀ ਉਹਨੇ ਪੁੱਛਿਆ-'ਅੰਕਲ, ਤੁਸੀਂ ਕਿੱਥੇ ਜਾਣੈ?' ਮੈਂ ਦੱਸਿਆ-'ਮੈਂ ਤਾਂ, ਗੁੱਡੀ ਬਰਨਾਲੇ ਜਾਣੈ।'

ਅਜੇ ਵੀ ਮੇਰੇ ਮਨ ਵਿੱਚ ਸੰਘਰਸ਼ ਚੱਲ ਰਿਹਾ ਸੀ। ਇਹ ਕੁੜੀ ਹੈ ਕੌਣ? ਉਹਨੂੰ ਉਲਟਾ ਕੇ ਮੈਂ ਵੀ ਪੁੱਛ ਲਿਆ-'ਤੂੰ ਗੁੱਡੀ, ਕਿੱਥੇ ਚੱਲੀ ਐਂ?'

'ਮੈਂ ਤਾਂ, ਅੰਕਲ, ਦੁੱਧਾਹੂਰ ਉੱਤਰੂੰਗੀ।' ਉਹ ਬੋਲੀ ਤੇ ਫੇਰ ਦੱਸਣ ਲੱਗੀ ਕਿ ਉਹ ਲੁਧਿਆਣੇ ਕੋਈ ਟਰੇਨਿੰਗ ਕਰਦੀ ਹੈ। ਉਹ ਮੇਰੇ ਨਾਲ ਇਸ ਤਰ੍ਹਾਂ ਗੱਲਾਂ ਕਰਨ ਲੱਗੀ ਜਿਵੇਂ ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹੋਵੇ।

ਮੁਸ਼ਟੰਡੇ ਹੁਣ ਮੇਰੇ ਵੱਲ ਸ਼ੱਕ, ਈਰਖਾ ਤੇ ਡਰ ਭਰੀਆਂ ਅੱਖਾਂ ਨਾਲ ਝਾਕਣ ਲੱਗੇ। ਉਹ ਕੋਈ ਹਰਕਤ ਨਹੀਂ ਕਰ ਰਹੇ ਸਨ। ਨਾ ਹੀ ਉਠ ਕੇ ਸਾਡੀ ਸੀਟ ਸਾਹਮਣੇ ਆ ਕੇ ਬੈਠੇ। ਕੁਝ ਦੇਰ ਉਹ ਸਾਡੇ ਵੱਲ ਝਾਕਦੇ ਤੇ ਫੇਰ ਪਰ੍ਹਾਂ ਅੱਖਾਂ ਭੰਵਾ ਲੈਂਦੇ। ਤੇ ਫੇਰ ਉਹ ਬਿਲਕੁਲ ਹੀ ਸਾਡੇ ਵੱਲ ਪਿੱਠਾਂ ਕਰਕੇ ਬੈਠ ਗਏ ਤੇ ਤਾਕੀ ਵਿੱਚ ਦੀ ਬਾਹਰ ਕੱਟੀਆਂ ਹੋਈਆਂ ਫ਼ਸਲਾਂ ਦੇ ਢੇਰਾਂ ਨੂੰ ਦੇਖਣ ਲੱਗੇ। ਖੇਤਾਂ ਵਿੱਚ ਤੁਰ-ਫਿਰ ਰਹੇ ਕਿਸਾਨਾਂ ਨੂੰ ਦੇਖ ਕੇ ਉਹ ਕੋਈ-ਕੋਈ ਗੱਲ ਕਰਦੇ।

ਕੁੜੀ ਦੇ ਸਾਹਸ ਤੇ ਹਾਜ਼ਰ-ਦਿਮਾਗ਼ੀ ਉੱਤੇ ਮਨ ਹੀ ਮਨ ਮੈਂ ਉਹਨੂੰ ਦਾਦ ਦੇ ਰਿਹਾ ਸਾਂ। ਇਹ ਸਾਫ਼ ਤੇ ਸਪਸ਼ਟ ਸੀ ਕਿ ਉਹ ਮੈਨੂੰ ਬਿਲਕੁਲ ਨਹੀਂ ਜਾਣਦੀ ਸੀ। ਉਹਦੇ ਮਨ ਵਿੱਚ ਪਤਾ ਨਹੀਂ ਕੀ ਗੱਲ ਆਈ ਹੋਵੇਗੀ, ਉਹਨੇ ਝੱਟ ਹੀ ਮੈਨੂੰ ਅੰਕਲ ਬਣਾ ਲਿਆ ਤੇ ਇਸ ਪ੍ਰਕਾਰ ਉਹ ਕਾਮਯਾਬ ਰਹੀ। ਜ਼ਰੂਰ ਹੀ ਉਹਨੇ ਮੇਰੇ ਚਿਹਰੇ ਦੇ ਸ਼ਿਕਨ ਦੇਖ ਲਏ ਹੋਣਗੇ। ਕਾਲ਼ੀ ਦਾਹੜੀ ਵੱਲ ਉਹ ਕਾਹਨੂੰ ਝਾਕੀ ਹੋਵੇਗੀ। ਦੋਵੇਂ ਮੁੰਡੇ ਰਾਏਕੋਟ ਉੱਤਰ ਗਏ। ਉਤਰਨ ਲੱਗੇ ਉਹ ਮੇਰੇ ਵੱਲ ਕਹਿਰ ਭਰੀਆਂ ਅੱਖਾਂ ਨਾਲ ਝਾਕਦੇ ਜਾ ਰਹੇ ਸਨ। ਮੈਂ ਵੀ ਉਨ੍ਹਾਂ ਵੱਲ ਨਫ਼ਰਤ ਦੀਆਂ ਪਿਚਕਾਰੀਆਂ ਸੁੱਟੀਆਂ। ਪਰ ਉਹ ਬੋਲੇ ਕੁਝ ਨਹੀਂ। ਕੁੜੀ ਦੱਧਾਹੂਰ ਉੱਤਰ ਗਈ। ਉੱਤਰਨ ਲੱਗੀ ਉਹ ਮੈਨੂੰ ਬਹੁਤ ਸਨੇਹ ਜਿਹੇ ਨਾਲ ਸਤਿ ਸ੍ਰੀ ਅਕਾਲ ਕਹਿ ਕੇ ਗਈ। ਉਹਦਾ ਬਿਰਧ ਪਿਤਾ ਟਾਹਲੀ ਥੱਲੇ ਬੈਠਾ ਉਹਨੂੰ ਉਡੀਕ ਰਿਹਾ ਸੀ। ਉਹ ਉੱਤਰੀ ਤਾਂ ਬੁੱਢੇ ਨੇ ਉਠ ਕੇ ਮੋਢੇ ਵਾਲੇ ਸਮੋਸੇ ਦਾ ਈਨੂੰ ਮਾਰਿਆ ਤੇ ਸਿਰ ਉੱਤੇ ਰੱਖ ਲਿਆ। ਈਨੂੰ ਉੱਤੇ ਅਟੈਚੀ ਟਿਕਾ ਲਿਆ। ਉਹ ਅੱਗੜ-ਪਿੱਛੜ ਨਹਿਰ ਦੀ ਪਟੜੀ-ਪਟੜੀ ਤੁਰੇ ਜਾ ਰਹੇ ਸਨ।

ਇੱਕ ਜਿੱਤ ਪਰ ਇੱਕ ਹਾਰ ਜਿਹੀ ਦੇ ਅਹਿਸਾਸ ਨਾਲ ਮੈਂ ਬੱਸ ਵਿੱਚ ਬੈਠਾ ਉਸ ਕੁੜੀ ਬਾਰੇ ਸੋਚਦਾ ਰਿਹਾ। ਥੱਕਿਆ-ਥੱਕਿਆ ਜਿਹਾ ਬਰਨਾਲੇ ਆ ਕੇ ਘਰ ਪਹੁੰਚਿਆ। ਤਿੰਨ-ਚਾਰ ਦਿਨ ਇਹ ਗੱਲ ਮੇਰੇ ਜ਼ਿਹਨ ਵਿੱਚ ਘੁੰਮਦੀ ਰਹੀ। ਤੇ ਫੇਰ ਐਤਵਾਰ ਆ ਗਿਆ। ਦੀਵਾਰ ਵਿੱਚ ਲੱਗੇ ਸ਼ੀਸ਼ੇ ਵਿੱਚ ਮੈਂ ਆਪਣਾ ਚੇਹਰਾ ਦੇਖਿਆ, ਦਾਹੜੀ ਦੀਆਂ ਜੜ੍ਹਾਂ ਬਿਲਕੁਲ ਸਫ਼ੈਦ ਦਿਸਦੀਆਂ ਸਨ। ਐਤਵਾਰ ਨੂੰ ਹੀ ਮੈਂ ਖਿਜ਼ਾਬ ਲਾਇਆ ਕਰਦਾ ਸਾਂ। ਸਵੇਰੇ-ਸਵੇਰੇ ਚਾਹ ਪੀਂਦਾ ਤੇ ਫਿਰ ਬੁਰਸ਼ ਆਦਿ ਕਰਕੇ ਅਖ਼ਬਾਰ ਪੜ੍ਹਨ ਦਾ ਬੜਾ ਸੁਆਦ ਆਉਂਦਾ ਹੈ। ਦਫ਼ਤਰ ਜਾਣ ਦੀ ਕਾਹਲ ਨਹੀਂ ਹੁੰਦੀ ਤੇ ਸਮਾਂ ਆਪਣੇ ਪੂਰੇ ਖੰਭ ਫ਼ੈਲਾ ਕੇ ਹੌਲੀ-ਹੌਲੀ ਉੱਡਦਾ ਹੈ। ਅੰਗਾਂ ਵਿੱਚ ਭਰੀ ਮਿੱਠੀ-ਮਿੱਠੀ ਆਲਸ ਅਜੀਬ ਜਿਹਾ ਨਸ਼ਾ ਦਿੰਦੀ ਹੈ। ਉਸ ਦਿਨ ਮੈਂ ਅਖ਼ਬਾਰ ਹੀ ਪੜ੍ਹਦਾ ਰਿਹਾ। ਏਥੋਂ ਤੱਕ ਕਿ ਮੰਡੀਆਂ ਦੇ ਭਾਅ ਵੀ ਪੜ੍ਹ ਦਿੱਤੇ। ਬੀਵੀ ਨੇ ਘਰ ਦੇ ਸਾਰੇ ਕੱਪ\ੜੇ ਧੋ ਕੇ ਤਾਰ ਉੱਤੇ ਸੁਕਣੇ ਪਾ ਦਿੱਤੇ ਸਨ। ਸਾਰੇ ਕਮਰੇ ਸੁੰਭਰ ਦਿੱਤੇ ਸਨ। ਦੁਪਹਿਰ ਦੀ ਰੋਟੀ ਵਾਸਤੇ ਸਬਜ਼ੀ ਵੀ ਕੱਟ ਲਈ ਸੀ। ਪਰ ਮੈਂ ਉਵੇਂ ਜਿਵੇਂ ਅਖ਼ਬਾਰ ਲੈ ਕੇ ਬੈਠਾ ਹੋਇਆ ਸਾਂ। ਉਹ ਕਈ ਵਾਰ ਕਹਿ ਚੁੱਕੀ ਸੀ-'ਉੱਠੋਂ ਹੁਣ ਬਾਬਾ। ਨ੍ਹਾ ਤਾਂ ਲਓ।'

ਤੇ ਫਿਰ ਉਹ ਕੜਕ ਕੇ ਬੋਲੀ-'ਉੱਠੋ ਹੁਣ! ਸੁਣਦਾ ਨ੍ਹੀ?'

ਤੇ ਨਾਲ ਦੀ ਨਾਲ ਬਾਥਰੂਮ ਵਿਚੋਂ ਲਿਆ ਕੇ ਖਿਜ਼ਾਬ ਦੀ ਸ਼ੀਸ਼ੀ ਤੇ ਬਰਸ਼ ਮੇਜ ਉੱਤੇ ਰੱਖ ਗਈ। ਛੋਟਾ ਸ਼ੀਸ਼ਾ ਵੀ। ਖ਼ਦ ਉਹ ਰਸੋਈ ਦੇ ਕੰਮ ਵਿੱਚ ਰੁੱਝ ਗਈ ਜਾਂ ਸ਼ਾਇਦ ਕਿਸੇ ਹੋਰ ਕੰਮ ਵਿੱਚ।

ਮੈਂ ਉੱਠਿਆ ਤੇ ਬਾਥਰੂਮ ਵਿੱਚ ਜਾ ਕੇ ਬਾਲਟੀ ਵਿੱਚ ਟੂਟੀ ਛੱਡ ਲਈ ਤੇ ਸਾਬਣ ਲਾ ਕੇ ਨਹਾਉਣ ਲੱਗਿਆ।

ਤੌਲੀਏ ਨਾਲ ਮੱਥਾ ਰਗੜਦਾ ਬਾਥਰੂਮ ਵਿਚੋਂ ਬਾਹਰ ਆਇਆ ਤਾਂ ਬੀਵੀ ਪੁੱਛਣ ਲੱਗੀ-'ਕੀ ਗੱਲ ਦਾਹੜੀ ਨੂੰ ਕਲਰ ਨ੍ਹੀ ਕੀਤਾ ਅੱਜ?'

'ਬੱਸ, ਹੁਣ ਨ੍ਹੀ।'

'ਕਿਉਂ?' ਉਹ ਹੈਰਾਨ ਸੀ।

ਬੱਸ ਹੁਣ ਲੋੜ ਨ੍ਹੀ। ਹੁਣ ਅੰਕਲ ਹੋ ਗਏ ਆਂ।'

ਬੀਵੀ ਹੱਸਣ ਲੱਗੀ। ਉਹਦੀ ਸਮਝ ਵਿੱਚ ਸ਼ਾਇਦ ਮੇਰੇ ਅੰਦਰਲੇ ਦਰਦ ਦੀ ਕੋਈ ਪਹਿਚਾਣ ਨਹੀਂ ਹੋਵੇਗੀ। ਚੇਹਰੇ ਦੇ ਸ਼ਿਕਨ ਤਾਂ ਸਭ ਨੂੰ ਦਿਸਦੇ ਹੋਣਗੇ, ਪਰ ਇੱਕ ਸ਼ਿਕਨ ਜੋ ਦਿਲ ਦੇ ਅਹਿਸਾਸ ਵਿੱਚ ਪੈ ਗਿਆ, ਉਹਨੂੰ ਕੋਈ ਨਹੀਂ ਜਾਣਦਾ ਸੀ।♦