ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਬਾਪੂ ਵੇ ਬਦਾਮੀ ਰੰਗਿਆ
ਬਾਪੂ ਵੇ ਬਦਾਮੀ ਰੰਗਿਆ
ਧੀ ਦੇ ਜਨਮ ਤੋਂ ਹੀ ਮਾਂ ਅਤੇ ਧੀ ਦਾ ਪਿਆਰ ਸ਼ੁਰੂ ਹੋ ਜਾਂਦਾ ਹੈ। ਮਾਂ ਦੀਆਂ ਮਿੱਠੀਆਂ ਮਿੱਠੀਆਂ ਲੋਰੀਆਂ ਧੀ ਨੂੰ ਬਚਪਨ ਵਲ ਉਲਾਰਦੀਆਂ ਹਨ। ਧੀ ਹੌਲੇ ਹੌਲੇ ਬੇਧਿਆਨੇ ਹੀ ਬਚਪਨ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਪਹਿਲੇ ਸਮਿਆਂ ਵਿੱਚ ਧੀ ਦੀ ਜੀਵਨ ਉਸਾਰੀ ਵਲ ਕੋਈ ਵਿਸ਼ੇਸ਼ ਧਿਆਨ ਨਹੀਂ ਸੀ ਦਿੱਤਾ ਜਾਂਦਾ। ਉਹਨਾਂ ਨੂੰ ਬਚਪਨ ਵਿੱਚ ਬਾਪੂ ਲਈ ਭੱਤਾ ਹੀ ਢੋਣਾ ਪੈਂਦਾ ਸੀ:-
ਏਧਰ ਕਣਕਾਂ ਓਧਰ ਕਣਕਾਂ
ਗੱਭੇ ਕਿਆਰੀ ਬਾਥੂ ਦੀ।
ਘਰ ਆ ਬੰਤੋ
ਰੋਟੀ ਲੈ ਜਾ ਬਾਪੂ ਦੀ।
ਰੁੱਖੀਆਂ ਮਿੱਸੀਆਂ ਖਾਂਦੀ ਅਤੇ ਭੱਤਾ ਢੋਂਦੀ ਧੀ ਨੂੰ ਮੁਟਿਆਰ ਹੁੰਦੀ ਤਕ ਬਾਪੂ ਨੂੰ ਫ਼ਿਕਰ ਲਗ ਜਾਂਦਾ ਹੈ। ਵਰ ਦੀ ਭਾਲ ਸ਼ੁਰੂ ਹੋ ਜਾਂਦੀ ਹੈ। ਪੰਜਾਬ ਦੇ ਖੁਲ੍ਹੇ ਡੁਲ੍ਹੇ ਸੁਭਾਵਾਂ ਵਾਲੀ ਧੀ ਆਪਣੀ ਮਨਪਸੰਦ ਆਪਣੇ ਬਾਪ ਅਗੇ ਦਸਣੋਂ ਸੰਗਦੀ ਨਹੀਂ:-
ਉੱਚੀਆਂ ਕੰਧਾਂ ਨੀਵੇਂ ਆਲੇ
ਵਿਆਹ ਦੇ ਬਾਪੂ ਪੱਕੇ ਮੰਦਰੀਂ
ਸਾਨੂੰ ਲਿਪਣੇ ਨਾ ਪੈਣ ਬਨੇਰੇ।
ਉੱਚੀਆਂ ਕੰਧਾਂ ਨੀਵੇਂ ਆਲੇ
ਵਿਆਹ ਦੇ ਬਾਪੂ ਕੱਛ ਵਾਲੇ ਨੂੰ
ਸਾਨੂੰ ਮੰਨਣੇ ਨਾ ਪੈਣ ਜਠੇਰੇ।
ਵਰ ਗੋਰਾ ਵੀ ਹੋਵੇ:-
ਵਰ ਟੋਲਣ ਚੱਲਿਆ ਪਿਓ ਮੇਰਿਆ
ਰਾਜ ਬਨਸੀਆ ਵੇ
ਪੱਲੇ ਬੰਨ੍ਹ ਲੈ ਬਾਬਲਾ ਦੰਮ ਵੇ
ਚੌਪੜ ਖੇਲਦੇ ਦੋ ਜਣੇ
ਪਿਓ ਮੇਰਿਆ ਰਾਜ ਬੰਸੀਆ ਵੇ
ਇਕੋ ਜਹੀੜੇ ਛੈਲ ਵੇ
ਇਕ ਦੋ ਹੱਥ ਬੰਸਰੀ
ਦੂਜੇ ਹੱਥ ਮੋਰ ਵੇ,
ਬੱਜਣ ਲੱਗੀ ਬੰਸਰੀ
ਕੂਕਣ ਲੱਗ ਮੋਰ ਵੇ
ਗੋਰਾ ਗੋਰਾ ਮੈਂ ਵਰਾਂ
ਕਾਲੇ ਜਹੀੜ ਕੋਈ ਹੋਰ ਵੇ
ਵਰ ਲੱਭ ਗਿਆ। ਨਚਦਿਆਂ ਟਪਦਿਆਂ ਬੀਬੀ ਰਾਣੀ ਦਾ ਵਿਆਹ ਹੋ ਜਾਂਦਾ ਹੈ। ਸੂਹੇ ਸਾਲੂ ਵਿੱਚ ਵਲ੍ਹੇਟੀ ਡੋਲੇ ਪਾ ਦਿੱਤੀ ਜਾਂਦੀ ਹੈ। ਬਾਬਲ ਦਾ ਘਰ ਛੱਡਣ ਨੂੰ ਜੀ ਨਹੀਂ ਕਰਦਾ। ਵਿਚਾਰੀ ਕੂਕਦੀ ਹੈ:-
ਲੈ ਚੱਲੇ ਬਾਬਲਾ ਲੈ ਚੱਲੇ ਵੇ
ਲੈ ਚੱਲੇ ਦੇਸ ਪਰਾਏ
ਬਾਬਲਾ ਤੇਰੀ ਲਾਡਲੀ ਵੇ
ਆਲੇ ਛੋਡੀਆਂ ਗੁੱਡੀਆਂ
ਮੇਰਾ ਤ੍ਰਿੰਜਣ ਛੋਡਿਆ ਛੋਪ
ਬਾਬਲਾ ਤੇਰੀ ਲਾਡਲੀ ਵੇ
ਬਾਬਲ ਨੂੰ ਇਕੋ ਇਕ ਰਾਤ ਰੱਖਣ ਲਈ ਤਰਲ ਕਰਦੀ ਹੈ। ਪਰ ਬਾਬਲ ਵੀ ਮਜ਼ਬੂਰ ਹੈ:-
ਬਾਬਲਾ ਵਿਦਾ ਕਰੇਂਦਿਆ,
ਮੈਨੂੰ ਰੱਖ ਲੈ ਅੱਜ ਦੀ ਰਾਤ ਵੇ।
ਮੈਂ ਕਿੱਕਣ ਰੁੱਖਾਂ ਧੀਏ ਮੇਰੀਏ
ਮੈਂ ਸਜਨ ਸਦਾ ਲਏ ਆਪ ਨੀ।
ਜਿੱਦਣ ਬੀਬੀ ਨੂੰ ਜਨਮੀ
ਦਿਨ ਸੀ ਮੰਗਲਵਾਰ
ਮਾਪੀਂ ਸੋਭਾ ਪਾ ਗਈ
ਦੰਮਾਂ ਦਾ ਲੋਭ ਤੱਕਿਆ
ਰਿੱਛ ਬੰਨਿਆਂ ਸਰਾਹਣੇ ਮੇਰੇ
ਕਿਸੇ ਚੰਦ ਵਾਂਗ ਚਮਕਦੀ ਤੂਤ ਦੀ ਛਿਟੀ ਨੂੰ ਕਾਲਾ ਜੀਵਨ ਸਾਥੀ ਮਿਲ ਜਾਂਦਾ ਹੈ। ਉਹ ਹੁਣ ਬਾਪੂ ਨੂੰ ਉਨ੍ਹਾਂਭੇ ਤੇ ਉਲਾਂਭਾ ਦਿੰਦੀ ਹੈ: -
{{left|ਬਾਪੂ ਵੇ ਬਦਾਮੀ ਰੰਗਿਆ
ਮੇਰੇ ਸ਼ਾਮ ਦਾ ਸੁਣੀਂਦਾ ਰੰਗ ਕਾਲਾ
ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ
ਬਾਪੂ ਦੇ ਪਸੰਦ ਆ ਗਿਆ
ਬਾਪੂ ਵੇ ਮੈਂ ਤੂਤ ਦੀ ਛਿੱਟੀ
ਕਾਲੇ ਰੀਠੜੇ ਜਹੇ ਦੇ ਲੜ ਲਾਈ।
ਧੀਆਂ ਗੋਰੀਆਂ ਜਮਾਈ ਤੇਰੇ ਕਾਲ਼ੇ
ਬਾਪੂ ਵੇ ਬਦਾਮੀ ਰੰਗਿਆ।
ਬਾਪੂ ਆਪਣੀ ਕੀਤੀ ਹੋਈ ਚੋਣ ਨੂੰ ਸਹੀ ਸਮਝਦਾ ਹੈ। ਇਸੇ ਲਈ ਆਪਣੀ ਲਾਡਲੀ ਧੀ ਨੂੰ ਸਮਝਾਉਂਦਾ ਹੈ: -
ਦੇਖੀਂ ਧੀਏ ਨਿੰਦ ਨਾ ਦਈਂ
ਪੁੱਤ ਵੱਡਿਆਂ ਘਰਾਂ ਦੇ ਕਾਲ਼ੇ
ਸਾਥੋਂ ਹਾਏ ਨਿੰਦਿਆ ਨਾ ਜਾਏ
ਤੇਰੀ ਵੇ ਸਹੇੜ ਬਾਬਲਾ
ਸਰਦੇ ਪੁੱਜਦੇ ਘਰ ਦਾ ਜੇ ਕਾਲਾ ਸਾਥੀ ਹੀ ਮਿਲ ਗਿਆ ਤਾਂ ਕੀ ਹਰਜ ਹੋ ਗਿਆ। ਪਰ ਜੀਹਨੂੰ ਵਿਹਲਾ ਨਖੱਟੂ, ਕੱਖ ਦੂਹਰਾ ਨਾ ਕਰਨ ਵਾਲਾ ਅਤੇ ਮੂਰਖ ਟੱਕਰ ਜਾਵੇ ਉਹ ਵਿਚਾਰੀ ਕੀ ਕਰੇ: -
ਬਾਬਲਾ ਵਰ ਐਸਾ ਟੋਲਿਆ
ਟੱਟੂ ਤੇ ਮਣਖੱਟੂ ਵੇ
ਹੱਟੀਏਂ ਐਂ ਜਾ ਬਹਿੰਦਾ
ਜਿਉਂ ਭਾੜੇ ਦਾ ਟੱਟੂ ਵੇ
ਅਤੇ
ਲਾਲਾਂ ਦੀ ਮੈਂ ਲਾਲੜੀ
ਲਾਲ ਪੱਲੇ ਪਏ