ਸਮੱਗਰੀ 'ਤੇ ਜਾਓ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਹੰਸਾ ਵੀਰ ਦਾ ਗੀਤ⁠

ਵਿਕੀਸਰੋਤ ਤੋਂ

ਪੰਜਾਬੀ ਸਮਾਜ ਵਿੱਚ ਭੈਣ ਭਰਾ ਦੇ ਰਿਸ਼ਤੇ ਦੀ ਵਿਲੱਖਣ ਥਾਂ ਹੈ। ਮਾਵਾਂ ਭੈਣਾਂ ਦੀ ਸਾਂਝ ਜਗ ਜਾਹਰ ਹੈ। ਮਾਂ ਤੋਂ ਬਾਅਦ ਭੈਣ ਆਪਣੇ ਭਰਾ ਨੂੰ ਸਭ ਤੋਂ ਵਧੇਰੇ ਆਦਰ ਮਾਣ ਤੇ ਪਿਆਰ ਦਿੰਦੀ ਹੈ। ਭਰਾ ਲਈ ਉਹ ਹਰ ਦੁੱਖ ਜਰਨ ਲਈ ਤਤਪਰ ਰਹਿੰਦੀ ਹੈ। ਉਸ ਲਈ ਸੈਆਂ ਸੁੱਖਾਂ ਸੁਖਦੀ ਹੈ। ਉਹ ਤਾਂ ਉਹਦਾ ਵਾਲ ਵਿੰਗਾ ਵੀ ਨਹੀਂ ਹੋਣ ਦੇਣਾ ਚਾਹੁੰਦੀ।

       ਕੀ ਕੋਈ ਭੈਣ ਆਪਣੇ ਵੀਰ ਦਾ ਬੁਰਾ ਲੋਚ ਸਕਦੀ ਹੈ? ਕਈ ਵਾਰ ਪ੍ਰਸਥਿਤੀਆਂ ਹੀ ਅਜਿਹੀਆਂ ਵਾਪਰ ਜਾਂਦੀਆਂ ਹਨ ਕਿ ਭੈਣ ਨੂੰ ਅਜਿਹਾ ਕਾਰਜ ਕਰਨਾ ਪੈ ਜਾਂਦਾ ਹੈ ਜਿਸ ਬਾਰੇ ਕਦੀ ਸੋਚਿਆ ਵੀ ਨਹੀਂ ਜਾ ਸਕਦਾ। ਪੰਜਾਬ ਦੇ ਲੋਕ ਗੀਤ ਇਕੱਤਰ ਕਰਦਿਆਂ ਮੈਨੂੰ ਅਜਿਹੇ ਦੇ ਪੁਰਾਤਨ ਤੇ ਇਤਿਹਾਸਕ ਲੋਕ ਗੀਤ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ ਭੈਣ ਆਪਣੇ ਵੀਰ ਨੂੰ ਆਪਣੇ ਹੱਥੀਂ ਮਰਵਾਉਣ ਜਿਹਾ ਘਿਨਾਉਣਾ ਕਾਰਜ ਕਰਦੀ ਹੈ।
      ਪਹਿਲਾ ਗੀਤ ਮੋਰਾਂ ਨਣਦ ਦਾ ਹੈ। ਇਸ ਗੀਤ ਵਿੱਚ ਭੈਣ ਦਾ ਹੰਸਾ ਵੀਰ ਉਸ ਨੂੰ ਮਿਲਣ ਲਈ ਉਹਦੇ ਸਹੁਰੀਂ ਆਉਂਦਾ ਹੈ। ਹੰਸਾ ਨੂੰ ਭੈਣ ਦੀ ਨਣਦ ਮੋਰਾਂ ਚੰਗੀ ਚੰਗੀ ਲਗਦੀ ਹੈ ਤੇ ਉਹ ਉਸ ਤੇ ਫਿਦਾ ਹੋ ਜਾਂਦਾ ਹੈ। ਉਹ ਉਸ ਲਈ ਪਿਆਰ ਨਿਸ਼ਾਨੀ ਵਜੋਂ ਨੌ ਲੜਾ ਹਾਰ ਲੈ ਕੇ ਆਉਂਦਾ ਹੈ। ਨਾਲੇ ਆਪਣੀ ਭੈਣ ਮੂਹਰੇ ਉਹਦੇ ਰੂਪ ਦੀਆਂ ਸਿਫ਼ਤਾਂ ਕਰਦਾ ਹੈ। ਪਰੰਤੂ ਭੈਣ ਨੂੰ ਇਹ ਗਲ ਸੁਖਾਂਦੀ ਨਹੀਂ। ਔਰਤਾਂ ਦੀ ਈਰਖਾਲੂ ਪ੍ਰਵਿਰਤੀ ਅਤੇ ਲੋਕ ਨਂਤਿਕਤਾ ਕਾਰਨ ਭੈਣ ਇਹ ਬਰਦਾਸ਼ਤ ਨਹੀਂ ਕਰ ਸਕਦੀ ਕਿ ਉਹਦਾ ਭਰਾ ਉਹਦੀ ਨਣਦ ਨੂੰ ਪਿਆਰ ਕਰੇ। ਨਾ ਹੀ ਸਾਡਾ ਸਮਾਜ ਅਜਿਹਾ ਕਰਨ ਦੀ ਆਗਿਆ ਦੇਂਦਾ ਹੈ। ਹੰਸਾ ਮੋਰਾਂ ਨੂੰ ਕਢ ਕੇ ਲੈ ਜਾਂਦਾ ਹੈ। ਭੈਣ ਆਪ ਕੋਠੇ ਤੇ ਚੜ੍ਹ ਕੇ ਰੌਲਾ ਪਾ ਦਿੰਦੀ ਹੈ ਕਿ ਉਹਦਾ ਹੰਸਾ ਵੀਰ ਉਹਦੀ ਨਣਦ ਨੂੰ ਕਢ ਕੇ ਲੈ ਗਿਆ ਹੈ। ਮੋਰਾਂ ਦੇ ਭਰਾ ਉਹਨੂੰ ਵੱਢ ਦੇਂਦੇ ਹਨ। ਇਸ ਖੁਸ਼ੀ ਵਿੱਚ ਉਹ ਲੱਡੂ ਵੰਡਦੀ ਹੈ। ਗੀਤ ਦੇ ਬੋਲ ਹਨ:
        ਕੋਠੇ ਚੜ੍ਹਦੀ ਲੋਕੋ ਕਾਂ ਨੂੰ ਉਡਾਂਵਦੀ

ਕਿਤੇ ਆਂਵਦਾ ਲੋਕੋ ਹੰਸਾ ਵੀਰ ਵੇ ਅਜ ਨਹੀਂ ਆਂਵਦਾ ਕਲ੍ਹ ਨਹੀਂ ਆਂਵਦਾ

ਪਰਸੋਂ ਨੀਂ ਆਂਵਦਾ ਕੁੜੀਏ ਹੰਸਾ ਵੀਰ</poem>|3em}}

ਕਿਥੋਂ ਆਇਐਂ ਹੰਸਾ ਕਿੱਥੇ ਨੂੰ ਜਾਣਾ
ਕਿਥੇ ਪੈ ਗਈ ਹਨੇਰੀ ਰਾਤ
ਉੱਚੇ ਤੇ ਆਇਆ ਬੀਬੀ ਨੀਵੇਂ ਨੂੰ ਜਾਣਾ
ਓਥੇ ਪੈ ਗਈ ਕੁੜੀਏ ਹਨੇਰੀ ਰਾਤ
ਕਿੱਥੇ ਬੰਨ੍ਹਾਂ ਬੀਬੀ ਨੀਲਾ ਘੋੜਾ
ਕਿੱਥੇ ਟੰਗਦਾਂ ਬੀਬੀ ਤੀਰ ਕਮਾਨ
ਬਾਗੀਂ ਛੋਡਦੇ ਵੀਰਾ ਨੀਲਾ ਘੋੜਾ
ਕੀਲੇ ਟੰਗਦੇ ਵੀਰਾ ਤੀਰ ਕਮਾਨ ਵੇ
ਕੀ ਕੁਛ ਲਿਆਇਆ ਵੀਰਾ ਮੇਰੀ ਸੱਸ ਨੂੰ
ਕੀ ਕੁਛ ਲਿਆਇਆ ਮੋਰਾਂ ਨਣਦ ਨੂੰ
ਟੁੱਟੀ ਜਹੀ ਟੈਂਗਣੀ ਤੇਰੀ ਸੱਸ ਨੂੰ
ਨੌ ਲੜਾ ਹਾਰ ਕੁੜੀਏ ਮੋਰਾਂ ਨਣਦ ਨੂੰ
ਖੜੀਓ ਫੂਕ ਟੁਟੀ ਜਹੀ ਟੈਂਗੜੀ
ਨਦੀਓ ਹੜਾ ਦਵਾਂ ਵੀਰਾ ਨੂੰ ਲੜੇ ਹਾਰ ਨੂੰ
ਮੰਜਾ ਡਾਹ ਦਈਂ ਬੀਬੀ ਹਨੇਰੀ ਕੋਠੜੀ
ਗੱਲਾਂ ਕਰਨੀਆਂ ਬੀਬੀ ਭੈਣ ਭਰਾਈਆਂ
ਉਹ ਬੀਬੀ ਅਸੀਂ ਦੇਖਣੀ ਜਿਹੜੀ ਤੇਰੀ ਮੋਰਾਂ ਨਣਦ ਐ
ਉਹ ਦੇਖਣੀ ਅਸੀਂ ਬਰ ਜਰੂਰ ਐ
ਅੱਖਾਂ ਨੇ ਉਹਦੀਆਂ ਵੀਰਾ ਚੁੰਨ੍ਹਮ ਚੁੰਨ੍ਹੀਆਂ
ਮੂੰਹ ਹੈ ਉਹਦਾ ਵੀਰਾ ਖੱਖਰ ਖਾਧੜਾ
ਅੱਖਾਂ ਉਹਦੀਆਂ ਬੀਬੀ ਅੰਬਾਂ ਦੀਆਂ ਫਾੜੀਆਂ
ਮੂੰਹ ਹੈ ਉਹਦਾ ਬੀਬੀ ਗਲਗਲ ਵਰਗਾ
ਪੰਜ ਉਹਦੇ ਭਾਈ ਨੇ ਵੀਰਾ, ਸਤ ਉਹਦੇ ਭਤੀਜੜੇ
ਉਹ ਤੈਨੂੰ ਮਾਰਨਗੇ ਵੀਰਾ, ਬਰ ਜਰੂਰ ਵੇ
ਪੰਜਾਂ ਨੂੰ ਵਢ ਦੂੰ ਸੱਤਾਂ ਨੂੰ ਟੁੱਕਦੂੰ
ਮੈਂ ਲੈ ਜਾਊਂ ਬੀਬੀ ਮੋਰਾਂ ਨੂੰ ਨਾਲੇ
ਕੋਠੇ ਚੜ੍ਹਦੀ ਲੋਕੋ ਡੰਡ ਪਾਂਵਦੀ ਲੋਕੋ
ਹੰਸਾ ਲੈ ਗਿਆ ਲੋਕੋ ਮੋਰਾਂ ਨਣਦ ਨੂੰ
ਕੋਠੇ ਚੜ੍ਹਦੀ ਲੋਕੋ ਲੱਡੂ ਵੰਡਦੀ
ਹੰਸਾ ਵਢਿਆ ਲੋਕੋ ਵਿੱਚ ਮੈਦਾਨ ਦੇ
ਕੋਠੇ ਚੜ੍ਹਦੀ ਲੋਕੋ ਕਾਂ ਉਡਾਂਵਦੀ
ਹੰਸਾ ਵਢਿਆ ਲੋਕੋ ਮੇਰਾਂ ਨਣਦ ਨੇ

ਦੂਜਾ ਗੀਤ ਮੈਨੂੰ ਇਕ ਬਾਜ਼ੀਗਰਨੀ ਪਾਸੋਂ ਪ੍ਰਾਪਤ ਹੋਇਆ ਸੀ। ਇਸ ਗੀਤ ਵਿੱਚ ਭੈਣ ਲਾਲਚ ਵਿੱਚ ਆ ਕੇ ਆਪਣੇ ਵੀਰ ਦਾ ਕਤਲ ਕਰਵਾਉਂਦੀ ਹੈ। ਵੀਰ ਪ੍ਰਦੇਸ਼ਾਂ 'ਚੋਂ ਖੱਟੀ ਕਰਕੇ ਘਰ ਆਉਂਦਾ ਹੈ। ਉਹ ਭੈਣ ਦੇ ਸਹੁਰੀਂ ਉਹਨੂੰ ਮਿਲਣ ਜਾਂਦਾ ਹੈ। ਗੱਲਾਂ ਗੱਲਾਂ 'ਚ ਭੈਣ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਪਾਸ ਪੰਜ ਸੌ ਰੁਪਏ ਹਨ। ਪੁਰਾਤਨ ਸਮਿਆਂ 'ਚ ਪੰਜ ਸੌ ਰੁਪਏ ਅਜ ਦੇ ਹਜ਼ਾਰਾਂ ਬਰਾਬਰ ਸਨ। ਲਾਲਚ ਵਸ ਉਹ ਆਪਣੇ ਸਹੁਰੇ, ਪਤੀ ਅਤੇ ਪੁੱਤਰ ਨੂੰ ਆਖਦੀ ਹੈ ਕਿ ਉਹ ਉਸ ਦੇ ਸੁੱਤੇ ਪਏ ਭਰਾ ਨੂੰ ਵਢ ਦੇਣ ਤਾਂ ਜੋ ਮਾਇਆ ਉਹਨਾਂ ਦੇ ਕੋਲ ਰਹਿ ਜਾਵੇ ਪਰੰਤੂ ਉਹ ਅਜਿਹਾ ਅਨੈਤਕ ਕੰਮ ਨਹੀਂ ਕਰਦੇ ਬਲਕਿ ਉਸ ਨੂੰ ਫਿਟਲਾਹਣਤਾਂ ਪਾਉਂਦੇ ਹਨ। ਆਖਰ ਉਹ ਆਪਣੇ ਦਿਉਰ ਪਾਸੋਂ ਆਪਣੇ ਭਰਾ ਦੇ ਟੁਕੜੇ ਟੁਕੜੇ ਕਰਵਾ ਕੇ ਉਸ ਦੀ ਲਾਸ਼ ਨੂੰ ਭੜੋਲੇ ਵਿੱਚ ਬੰਦ ਕਰ ਦਿੰਦੀ ਹੈ। ਵੀਰ ਦਾ ਭੌਰ ਉਡ ਕੇ ਮਾਂ ਪਾਸ ਜਾਂਦਾ ਹੈ। ਮਾਂ ਪੁੱਤ ਦੇ ਵਿਯੋਗ ਵਿੱਚ ਧਾਹਾਂ ਮਾਰਦੀ ਹੋਈ ਧੀ ਦੇ ਸਹੁਰੀਂ ਆਉਂਦੀ ਹੈ। ਕੁਦਰਤ ਦਾ ਕ੍ਰਿਸ਼ਮਾ ਦੇਖੋ। ਪੁਰੇ ਦੀ ਵਾ ਵਗਦੀ ਹੈ ਤੇ ਭੜੋਲਾ ਫਿਸ ਜਾਂਦਾ ਹੈ। ਧੀ ਨੂੰ ਅਤੇ ਉਸ ਦੇ ਦਿਓਰ ਨੂੰ ਫਾਹੇ ਲਾ ਦਿੱਤਾ ਜਾਂਦਾ ਹੈ।

ਇਕ ਭੈਣ ਦਾ ਭਾਈ ਓਹੀ ਪ੍ਰਦੇਸ ਨੀ ਗਿਆ ਕੁੱਟਿਆ ਚੂਰੀ ਦਾ ਛੰਨਾ ਵੀਰੇ ਦਾ ਭੇਤ ਨੀ ਲਿਆ ਕੈ ਸੌ ਵੀਰਾ ਤੇਰੇ ਪੱਲੇ ਕੇ ਸੌ ਘਰ ਵੇ ਪਿਆ ਪੰਜ ਸੌ ਬੀਬੀ ਮੇਰੇ ਪੱਲੇ ਢਾਈ ਸੌ ਘਰ ਨੀ ਪਿਆ ਭੱਜੀ ਭੱਜੀ ਜਾਂਦੀ ਐ ਸਹੁਰੇ ਦੇ ਕੋਲ ਉਠੀਂ ਸਹੁਰਿਆ ਸੁੱਤਿਆ ਨੂੰਹ ਅੱਗੋਂ ਅਰਜ਼ ਕਰੇ ਵੀਰ ਮੇਰੇ ਨੂੰ ਵੱਢ ਮਾਇਆ ਘਰੇ ਰਹੇ ਬੈਠ ਨੂੰਹੇ ਕਮਜ਼ਾਤੇ ਕਣਮੋਟਾ ਮੇਰਾ ਕੌਣ ਨੀ ਬਣੂੰਗਾ ਭੱਜੀ ਭੱਜੀ ਕੰਤ ਕੋਲ ਜਾਂਦੀ ਐ ਉੱਠਾਂ ਕੰਤਾ ਸੁਤਿਆ ਵੀਰ ਮੇਰੇ ਨੂੰ ਵੱਢ ਮਾਇਆ ਘਰੇ ਰਹੇ ਨੀ ਬੈਠ ਕੁੱਤੀਏ ਕਮਜ਼ਾਤੇ ਸਾਲੇ ਦੋ ਤੇ ਨਾ ਚਾਰ ਸੋਟੀ ਕੌਣ ਧਰਾਊਗਾ ਭੱਜੀ ਭੱਜੀ ਪੁੱਤ ਕੋਲ ਜਾਂਦੀ ਐ ਉੱਠੀਂ ਪੁੱਤਾ ਸੁੱਤਿਆ ਮਾਮੇ ਆਪਣੇ ਨੂੰ ਵੱਢ ਮਾਇਆ ਘਰੇ ਰਹੇ ਬੈਠ ਮਾਈਂ ਕੁੱਤੀਏ ਕਮਜ਼ਾਤੇ ਮਾਮਾ ਮੇਰਾ ਕੌਣ ਨੀ ਬਣੂੰਗਾ ਭੱਜੀ ਭੱਜੀ ਦਿਓਰ ਕੋਲ ਜਾਂਦੀ ਐ ਉੱਠੀਂ ਦਿਓਰਾ ਸੁੱਤਿਆ ਭਾਬੋ ਅਰਜ਼ ਕਰੇ ਵੀਰ ਮੇਰੇ ਨੂੰ ਵੱਢ ਮਾਇਆ ਘਰੇ ਰਹੇ ਦਿਓਰ ਨੇ ਖਿੱਚੀ ਤਲਵਾਰ ਟੋਟੇ ਚਾਰ ਨੀ ਕਰੇ ਚੁੱਕਿਆ ਭੜੋਲੇ ਵਿੱਚ ਛੁਪਾ ਨੀ ਦਿੱਤਾ

ਉਡਿਆ ਭੌਰ ਨਮਾਣਾ ਮਾਂ ਦੇ ਖੱਖ ਨੇ ਗਿਆ ਉੱਠੀਂ ਨੀ ਮਾਏਂ ਸੁੱਤੀਏ ਪੁੱਤ ਤੇਰਾ ਮਰ ਨੀ ਗਿਆ

ਭੱਜੀ ਭੱਜੀ ਮਾਂ ਧੀ ਕੋਲ ਆਈ ਐ ਏਥੇ ਤੇਰਾ ਵੀਰ ਨੀ ਆਇਆਂ ਵਗੀ ਪੁਰੇ ਦੀ ਵਾਲ ਭੜੋਲਾ ਫਿਸ ਨੀ ਗਿਆ ਲੋਕੋ ਮੇਰੀ ਧੀ ਕੰਜਰੀ ਵੀਰਨ ਆਇਆ ਵਢਾ ਨੀ ਲਿਆ ਧੀ ਨੂੰ ਦਿੱਤਾ ਫਾਹੇ ਦਿਓਰ ਨੂੰ ਸੂਲੀ ਟੰਗ ਨੀ ਲਿਆ

ਗੀਤ ਸਮਾਪਤ ਹੁੰਦਾ ਹੈ। ਵਾਤਾਵਰਣ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ। ਕੋਈ ਆਵਾਜ਼ ਉਭਰਦੀ ਹੈ। ਹਾਏ! ਹਾਏ! ਨੀ ਲੋਹੜਾ ਮਾਰਤਾ ਖੂਨਣ ਭੈਣ ਨੇ। ਨਰਕਾਂ ’ਚ ਵੀ ਢੋਈ ਨੀ ਮਿਲਣੀ ਖੂਨਣ ਨੂੰ।