ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਵੀਰ ਮੇਰਾ ਪੱਟ ਦਾ ਲੱਛਾ

ਵਿਕੀਸਰੋਤ ਤੋਂ

ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/29 ਦੋ ਵੀਰ ਦਈਂ ਵੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ

ਦੋ ਵੀਰ ਦਈਂ ਵੇ ਰੱਬਾ ਇਕ ਮੁਨਸ਼ੀ ਤੇ ਇਕ ਪਟਵਾਰੀ

ਤਿੰਨ ਵੀਰ ਦੇਈਂ ਵੇ ਰੱਬਾ ਇੰਦਰ ਜੁਗਿੰਦਰ ਹਰਨਾਮਾ

ਪੰਜ ਵੀਰ ਦਈਂ ਵੇ ਰੱਬਾ ਬੰਨੀ ਫੌਜ਼ ਬਰੂਮਾ ਨੂੰ ਜਾਵੇ

{ਪਰਮਾਤਮਾ ਦੇ ਦਰ ਉਹਦੀ ਅਰਜ਼ ਕਬੂਲ ਹੋ ਜਾਂਦੀ ਹੈ। ਭਰਾਵਾਂ ਦੀ ਭੈਣ ਹੱਬ ਹੁੱਬ ਕੇ ਆਪਣੇ ਵੀਰਾਂ ਦੀ ਸਿਫ਼ਤ ਕਰਦੀ ਨਹੀਂ ਥੱਕਦੀ:

{ਕੰਨੀਂ ਨੱਤੀਆਂ ਰੋਬਤੀ ਅੱਖੀਆਂ ਉਹ ਮੇਰਾ ਵੀਰ ਕੁੜੀਓ

ਇਕ ਵੀਰ ਬੇਲ ਦਾ ਲੰਬਾ ਦੂਜੀ ਪਗ ਛੱਤਣਾਂ ਨੂੰ ਜਾਵੇ

ਜਿੱਥੇ ਮੇਰਾ ਵੀਰ ਲੰਘਿਆ ਕੌੜੀ ਨਿਮ ਨੂੰ ਪਤਾਸੇ ਲਗਦੇ

ਵੀਰ ਲੰਘਿਆ ਪਜਾਮੇ ਵਾਲਾ ਲੋਕਾਂ ਭਾਣੇ ਠਾਣਾ ਲੰਘਿਆ

ਫੌਜਾਂ ਵਿੱਚ ਵੀਰ ਸਿਆਣਾ ਕੰਨੀਂ ਨੱਤੀਆਂ ਸ਼ਰਬਤੀ ਅੱਖੀਆਂ

ਸਾਡੀ ਪੱਚੀਆਂ ਪਿੰਡਾਂ ਦੀ ਸਰਦਾਰੀ ਮੇਰੇ ਵੀਰ ਲਾਉਣ ਮਾਮਲਾ  ਵੀਰ ਮੇਰਾ ਨੀ ਜਮਾਈ ਠਾਣੇਦਾਰ ਦਾ ਸੰਮਾਂ ਵਾਲੀ ਡਾਂਗ ਰੱਖਦਾ

ਡੱਬੀ ਕੁੱਤੀ ਮੇਰੇ ਵੀਰ ਦੀ ਠਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ

ਕੁਰਸੀ ਮੇਰੇ ਵੀਰ ਦੀ ਠਾਣੇਦਾਰ ਦੇ ਬਰੋਬਰ ਡਹਿੰਦੀ

ਜਿੱਥੇ ਬਜਦੀ ਬੱਦਲ ਵਾਂਗ ਗੱਜਦੀ ਕਾਲੀ ਡਾਂਗ ਮੇਰੇ ਵੀਰ ਦੀ

ਅੱਡੀ ਮਾਰੇ ਤੇ ਮਦਰਸਾ ਬੋਲੇ ਮੇਰਾ ਵੀਰ ਪਤਲਾ ਜਿਹਾ

ਭੈਣ ਵੀਰ ਦੀ ਹਰ ਖਾਹਸ਼ ਪੂਰੀ ਕਰਨ ਵਿੱਚ ਖ਼ੁਸ਼ੀ ਮਹਿਸੂਸ ਕਰਦੀ ਹੈ:

ਨਿੱਕਾ ਨਿੱਕਾ ਕੱਤਦੀ ਮੈਂ ਸਹਜਿ ਅਟੇਰਾਂ ਆਪਣੇ ਵੀਰਨ ਦਾ ਮੈਂ ਸਾਫਾ ਬਨਾਉਣਾ ਨਿੱਕਾ ਨਿੱਕਾ ਪੀਂਹਦੀ ਮੈਂ ਸਹਿਜ ਛਾਣਾਂ ਆਪਣੇ ਵੀਰ ਨੂੰ ਮੰਨੀ ਵੇ ਪਕਾਉਣੀ

ਵੀਰ ਦਿਆਂ ਫੁਲਕਿਆਂ ਨੂੰ ਮੈਂ ਖੰਡ ਦਾ ਪਲੇਥਣ ਲਾਵਾਂ

ਭਾਬੋ ਦਾ ਭੈਣ ਨੂੰ ਕਿੰਨਾ ਚਾਅ ਹੁੰਦਾ ਹੈ:

ਤੈਨੂੰ ਨੱਤੀਆਂ ਭਾਬੋ ਨੂੰ ਪਿੱਪਲ ਪੱਤੀਆਂ ਵਿਆਹ ਕਰਵਾ ਵੀਰਨਾ

ਵੀਰ ਦੇ ਵਿਆਹ ਦਾ ਦਿਨ ਧਰ ਦਿੱਤਾ ਜਾਂਦਾ ਹੈ। ਭੈਣ ਸਹੇਲੀਆਂ ਨਾਲ ਰਲਕੇ ਘੋੜੀਆਂ ਗਾਉਂਦੀ ਹੈ: ਇਕ ਸੀ ਘੋੜੀ ਵੀਰਾ ਰਾਵਲੀ ਗੰਗਾ ਜਮਨਾ ਤੋਂ ਆਈ ਆਣ ਬੰਨ੍ਹੀ ਬਾਬੇ ਬਾਰ ਮੈਂ ਕੁਲ ਹੋਈ ਐ ਵਧਾਈ ਬਾਗ ਪਕੜ ਵੀਰਨ ਚੜ੍ਹ ਗਿਆ ਅਪਣੀ ਚਤਰਾਈ ਅਟਣ ਬਟਣ ਉਹਦੇ ਕਪੜੇ ਕੇਸਰ ਹੋਈ ਛੜਕਾਈ ਘੋੜੀ ਚੜ੍ਹਿਆ ਮਾਂ ਦਾ ਨੰਦ ਐ ਵੇ ਜਿਉਂ ਤਾਰਿਆਂ ਦੇ ਵਿੱਚ ਚੰਦ ਐ ਵੇ ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੁਲੇ ਘੋੜੀ ਚੜ੍ਹਿਆ ਦਾਦੇ ਦਾ ਪੋਤਾ ਵੇ ਜਿਉਂ ਹਰਿਆਂ ਬਾਗਾਂ ਦਾ ਤੋਤਾ ਵੇ ਵੇ ਤੇਰੀ ਘੋੜੀ ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੁਲੇ ਘੋੜੀ ਚੜ੍ਹਿਆ ਭੈਣ ਦਾ ਭਾਈ ਐ ਵੇ ਜਿਉਂ ਸੌਹਰੇ ਕੁਲ ਜਮਾਈ ਐ ਵੇ ਵੇ ਤੇਰੀ ਘੋੜੀ ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੁਲੇ।

       ਹਰ

ਧਨ ਧਨ ਵੇ ਵੀਰਾ ਮਾਂ ਤੇਰੀ ਜਿਨ੍ਹੇ ਤੂੰ ਕੁੱਖ ਨਮਾਇਆ ਵੇ ਰਾਜੇ ਜਨਕ ਦੇ ਘਰ ਸੀਤਾ ਜਨਮੀ ਰਾਮ ਚੰਦਰ ਵਰ ਪਾਇਆ ਵੇ ਧਨ ਧਨ ਵੇ ਵੀਰਾ ਦਾਈ ਤੇਰੀ ਜੀਹਨੇ ਤੇਰਾ ਜਨਮ ਸਧਾਇਆ ਵੇ ਧਨ ਧਨ ਵੇ ਵੀਰਾ ਭੈਣ ਤੇਰੀ ਜੀਹਨੇ ਤੂੰ ਗੋਦ ਘਲਾਇਆ ਵੇ

ਵੀਰ ਦੀ ਜੰਨ ਚੜ੍ਹਦੀ ਹੈ। ਚਾਵਾਂ ਮੱਤੀ ਭੈਣ ਹੇਰੇ ਤੇ ਹੇਰਾ ਲਾਉਂਦੀ ਹੈ:

ਜੰਨ ਚੜ੍ਹੀ ਵੀਰਾ ਹੱਸਕੇਬਹੂ ਲਿਆਈਂ ਮੁਟਿਆਰ ਅੰਗ ਦੀ ਹੋਵੇ ਪਤਲੀ ਜਿਹੜੀ ਸੋਹੇ ਬੂਹੇ ਦੇ ਬਾਰ

ਡੱਬੀ ਵੀਰਾ ਤੇਰੀ ਕਨਚ ਦੀ ਵਿੱਚ ਸਰਹੋਂ ਦਾ ਸਾਗ ਹੋਰਨਾਂ ਮੱਥੇ ਤਿਊੜੀਆਂ ਮੇਰੇ ਵੀਰਨ ਦੇ ਮੱਥੇ ਭਾਗ

ਪੱਗ ਬੰਨ੍ਹੀਂ ਵੀਰਾ ਪੱਗ ਬੰਨ੍ਹੀ ਪੱਗ ਬੰਨ੍ਹੀਂ ਗਜ਼ ਤੀਸ ਐਸਾ ਕੋਈ ਨਾ ਜਰਮਿਆ ਜਿਹੜਾ ਕਰੇ ਅਸਾਡੀ ਰੀਸ

ਜਿੱਦਣ ਵੀਰਾ ਤੂੰ ਜਰਮਿਆ ਤੇਰੀ ਮਾਂ ਨੇ ਖਾਧੀ ਖੰਡ ਸਿਖਰ ਦੁਪਹਿਰੇ ਜੰਨ ਚੜ੍ਹਿਆ ਤੇਰਾ ਚੋ ਚੋ ਪੈਂਦਾ ਰੰਗ

ਜਿੱਦਣ ਵੀਰਾ ਤੂੰ ਜਰਮਿਆ ਵਗੀ ਪੁਰੇ ਦੀ ਵਾਲ ਕਦੇ ਨੇ ਮੁੱਖੋਂ ਬੋਲਿਆ ਕਦੇ ਨਾ ਦਿੱਤੀ ਗਾਲ਼

ਅੰਦਰ ਵੀ ਲਿੱਪਾਂ ਵੀਰਾ ਵਿਹੜੇ ਕਰਾਂ ਛੜਕਾ ਮੱਥਾ ਟੇਕਣਾ ਭੁੱਲ ਗਿਆ ਤੈਨੂੰ ਨਵੀਂ ਬੰਨੋ ਦਾ ਚਾਅ

ਡੱਬੀ ਵੀਰਾ ਮੇਰੀ ਕਨਚ ਦੀ ਵਿੱਚ ਮਿਸਰੀ ਦੀ ਡਲੀ ਵੀਰਜੀ ਫੁੱਲ ਗੁਲਾਬ ਦਾ ਭਾਬੋ ਚੰਬੇ ਦੀ ਕਲੀ ਤੇਰੇ ਵੀ ਵੀਰਾ ਰੂਪ ਦੇ ਕੋਈ ਦਿੱਲੀ ਛਪਣ ਅਖ਼ਬਾਰ ਝੁਕ ਝੁਕ ਵੇਖਣ ਸਾਲੀਆਂ ਲੁਕ ਲੁਕ ਦੇਖੇ ਨਾਰ

ਵੀਰ ਭਾਬੋ ਨੂੰ ਵਿਆਹ ਕੇ ਮੁੜਦਾ ਹੈ। ਭੈਣ ਭਾਬੋ ਨੂੰ ਡੋਲਿਓਂ ਉਤਾਰਦੀ ਹੋਈ ਹੇਰਾ ਲਾਉਂਦੀ ਹੈ:

ਡੱਬੀ ਨੀ ਭਾਬੋ ਮੇਰੀ ਕਨਚ ਦੀ ਵਿੱਚ ਸੋਨੇ ਦੀ ਮੇਖ ਮਾਦਪੁਰ ਖੇੜੇ ਢੁਕ ਕੇ ਤੈਂ ਚੰਗੇ ਲਖਾਏ ਲੇਖ

      ਹੋਰ

ਉਤਰ ਭਾਬੋ ਡੋਲਿਓਂ ਦੋਖ ਸਹੁਰੇ ਦਾ ਬਾਰ ਕੰਧਾ ਚਿੱਤਮ ਚਿੱਤੀਆਂ ਕਲੀ ਚਮਕਦਾ ਦੁਆਰ

ਸੋਨੇ ਵਰਗੀ ਭਾਬੀ ਨੂੰ ਤਕ ਕੇ ਉਸਦਾ ਪੈਰ ਧਰਤੀ ਤੇ ਨਹੀਂ ਲੱਗਦਾ:

ਵੀਰ ਮੇਰਾ ਪੱਟ ਦਾ ਲੱਛਾ ਭਾਬੋ ਸੋਨੇ ਦੀ ਝੂਲਦੀ ਆਵੇ

ਮੂਹਰੇ ਰੱਥ ਭਾਬੋ ਦਾ ਪਿੱਛੇ ਇੰਦਰ ਵੀਰ ਦਾ ਬੋਤਾ

ਸੜਕਾਂ ਸਾਫ਼ ਕਰੋ ਮੇਰੇ ਵੀਰ ਦੀ ਮੇਮ ਨੇ ਆਉਣਾ

ਉਹ ਬੜੇ ਚਾਵਾਂ ਨਾਲ ਭਾਬੋ ਦਾ ਸੁਆਗਤ ਕਰਦੀ ਹੈ:


ਨਿੱਕੇ ਨਿੱਕੇ ਬਾਲਿਆਂ ਦੀ ਛਤ ਵੇ ਛਤਾਉਨੀ ਆਂ ਉੱਚਾ ਰਖਦੀ ਬਾਰ ਭਾਬੋ ਆ ਬੜ ਨੀ ਘੁੰਮਦੇ ਲਹਿੰਗੇ ਨਾਲ ਭਾਬੋ ਆ ਬੜ ਨੀ

ਜਿਨ੍ਹਾਂ ਭੈਣਾਂ ਦੇ ਵੀਰ ਫੌਜ ਵਿੱਚ ਭਰਤੀ ਹੋ ਜਾਂਦੇ ਹਨ ਉਹ ਉਹਨਾਂ ਦੀ ਉਡੀਕ ਕਿੰਨੀ ਬੇਸਬਰੀ ਨਾਲ ਕਰਦੀਆਂ ਹਨ:

ਛੁੱਟੀ ਲੈ ਕੇ ਆ ਜਾ ਵੀਰਨਾ ਤੇਰੀ ਫੌਜ ਨੂੰ ਕਰੂੰਗੀ ਰੋਟੀ

ਚਿੱਟੇ ਚੌਲ ਲੱਡੂਆਂ ਦੀ ਥਾਲੀ ਵੀਰਨ ਆਉਂਦੇ ਨੂੰ

ਗੁੱਡੀਆਂ ਪਟੋਲਿਆਂ ਨਾਲ ਖੇਡਦੀ ਭੈਣ ਮੁਟਿਆਰ ਹੋ ਜਾਂਦੀ ਹੈ। ਧੀਆਂ ਤਾਂ ਰਾਜੇ ਰਾਣਿਆਂ ਕੋਲੋਂ ਵੀ ਘਰ ਰੱਖ ਨਹੀਂ ਹੁੰਦੀਆਂ। ਆਖਰ ਭੈਣ ਦਾ ਵਿਆਹ ਹੋ ਜਾਂਦਾ ਹੈ। ਕਈਆਂ ਨੂੰ ਸੱਬਬੀਂ ਚੰਗੇ ਘਰ ਬਾਰ ਮਿਲ ਜਾਂਦੇ ਹਨ। ਕਈ ਜ਼ਾਲਮ ਸੱਸਾਂ ਦੇ ਵਸ ਪੈ ਜਾਂਦੀਆਂ ਹਨ। ਵਿਆਹ ਮਗਰੋਂ ਭੈਣ ਦਾ ਪੇਕੇ ਘਰ ਤੇ ਕੀ ਜ਼ੋਰ!

ਆਹ ਲੈ ਵੀਰਾ ਫੜ ਕੁੰਜੀਆਂ ਭੈਣਾਂ ਛੱਡ ਚੱਲੀਆਂ ਮੁਖਤਿਆਰੀ

ਕਿਸੇ ਦਿਨ ਹਾਰ ਤੇ ਹੀ ਪੇਕੀਂ ਆਉਣ ਦੀ ਸੱਧਰ ਰਹਿ ਜਾਂਦੀ ਹੈ। ਤਿੱਥ ਤਿਉਹਾਰ ਤੇ ਸੰਧਾਰੇ ਨੂੰ ਉਡੀਕਦੀ ਵੀਰ ਨੂੰ ਯਾਦ ਕਰਦੀ ਹੈ:

ਗੱਡੀ ਜੋੜ ਕੇ ਮੰਗਾ ਲੀਂ ਮੇਰੇ ਵੀਰਨਾ ਕਰੂਆਂ ਦੇ ਵਰਤਾਂ ਨੂੰ

ਕਾਹਨੂੰ ਆਇਐਂ ਬਸ਼ਰਮਾ ਵੀਰਾ ਕਰੂਆਂ ਦੇ ਵਰਤ ਗਏ

ਬਹੁਤਿਆਂ ਭਰਾਵਾਂ ਵਾਲੀਏ ਤੈਨੂੰ ਲੈਣ ਨਾ ਤੀਆਂ ਨੂੰ ਆਏ

ਮੇਰੇ ਵੀਰ ਨੇ ਸੰਧਾਰੇ ਵਿੱਚ ਭੇਜੀ ਗੜਵੀ ਚਾਂਦੀ ਦੀ

ਛੋਟੇ ਵੀਰ ਨੇ ਚਰਖਾ ਘੱਲਿਆ ਵਿੱਚ ਸੋਨੇ ਦੀਆਂ ਮੇਖਾਂ ਵੀਰ ਤੈਨੂੰ ਯਾਦ ਕਰਾਂ ਜਦ ਚਰਖੇ ਵਲ ਵੇਖਾਂ

ਦੂਰ ਵਸੇਂਦੀ ਭੈਣ ਨੂੰ ਮਿਲਣਾ ਸੌਖਾ ਨਹੀਂ ਸੀ। ਪੁਰਾਣੇ ਸਮਿਆਂ ਵਿੱਚ ਅਜੋਕੇ ਸਮਿਆਂ ਵਰਗੇ ਆਵਾਜਾਈ ਦੇ ਸਾਧਨ ਨਹੀਂ ਸਨ ਹੁੰਦੇ। ਨਾ ਸੜਕਾਂ, ਨਾ ਮੋਟਰਾਂ, ਨਾ ਰੇਲਾਂ, ਨਦੀਆਂ ਨਾਲਿਆਂ ਤੇ ਪੁਲ ਨਹੀਂ।

ਭੈਣਾਂ ਕਾਗਾਂ ਤੇ ਰਾਹੀਆਂ ਪਾਂਧੀਆਂ ਹੱਥ ਵੀਰਾਂ ਨੂੰ ਸੁਨੇਹੜੇ ਭੇਜ ਕੇ ਉਡੀਕਦੀਆਂ ਰਹਿੰਦੀਆਂ-ਕਈ ਸਰਵਣ ਵੀਰ ਬੋਤੇ ਤੇ ਅਸਵਾਰ ਹੋਕੇ ਭੈਣਾਂ ਨੂੰ ਮਿਲਣ ਆਉਂਦੇ:

ਚਿੱਠੀ ਪਾਈਂ ਅੰਮਾ ਦਿਆ ਜਾਇਆ ਭੈਣ ਪ੍ਰਦੇਸਣ ਨੂੰ

ਚੂਰੀ ਕੁਟਕੇ ਰੁਮਾਲ ਲੜ ਬੰਨ੍ਹ ਲੈ ਸਹੁਰੇ ਮੇਰੇ ਦੂਰ ਵੀਰਨਾ

ਹੱਥ ਛਤਰੀ ਨਹਿਰ ਦੀ ਪਟੜੀ ਠੰਡੇ ਠੰਡੇ ਆਜੀਂ ਵੀਰਨਾ

ਪਬ ਚੱਕ ਕੇ ਅੰਮਾਂ ਦਿਆ ਜਾਇਆ ਵਾਟਾਂ ਦੂਰ ਦੀਆਂ

ਕਾਲੀ ਕਾਗੜੀ ਬਨੇਰੇ ਉੱਤੇ ਬੋਲੇ ਅਜ ਮੇਰੇ ਵੀਰ ਨੇ ਆਉਣਾ

ਉਡਦਾ ਰੁਮਾਲ ਦਿਸੇ ਬੋਤਾ ਵੀਰ ਦਾ ਨਜ਼ਰ ਨਾ ਆਵੇ

ਵੇ ਮੈਂ ਅਮਰ ਵੇਲ ਪੁੱਟ ਲਿਆਵਾਂ ਬੋਤਾ ਤੇਰਾ ਭੁੱਖਾ ਵੀਰਨਾ

ਕਿਹੜੀ ਕੀਲੀ ਟੰਗਾਂ ਵੀਰਨਾ ਤੇਰੀ ਸੋਨੇ ਦੀ ਜੰਜੀਰੀ ਵਾਲਾ ਕੁੜਤਾ

ਬੋਤੇ ਚਾਰਦੇ ਭੈਣਾਂ ਨੂੰ ਮਿਲ ਆਉਂਦੇ ਸਰਵਣ ਵੀਰ ਕੁੜੀਓ

ਛਪੜੀ ’ਚ ਘਾ ਮਲਿਆ ਬੋਤਾ ਚਾਰ ਲੈ ਸਰਵਣਾ ਵੀਰਾ

ਗੱਡਦੀ ਰੰਗੀਲ ਮੁੰਨੀਆਂ ਬੋਤਾ ਬੰਨ੍ਹ ਦੇ ਸਰਵਣਾ ਵੀਰਾ

ਵੀਰ ਨੂੰ ਆਇਆ ਸੁਣ ਕੇ ਚੰਦਰੀ ਸੱਸ ਸੜ ਬਲ ਜਾਂਦੀ ਹੈ: ਸੱਸ ਚੰਦਰੀ ਕੁੰਡਾ ਨਾ ਖੋਹਲੇ ਕੋਠੇ ਕੋਠੇ ਆ ਜਾ ਵੀਰਨਾ

ਸਹੁਰੇ ਘਰ ਵੀਰ ਦੀ ਯੋਗ ਆਓ ਭਗਤ ਨਹੀਂ ਹੁੰਦੀ।

      ਮੇਰਾ ਵੀਰ ਪਰਾਹੁਣਾ ਆਇਆ
       ਹੱਟੀਆਂ ਦੀ ਖੰਡ ਮੁੱਕਗੀ

        ਉਹ ਸੱਸ ਨੂੰ ਦੁਰਾਸੀਸ ਦਿੰਦੀ ਹੈ:
        ਉਹ ਸੱਸ ਨੂੰ ਦੁਰਾਸੀਸ ਦਿੰਦੀ ਹੈ:

ਸੱਸੇ ਤੇਰੀ ਮਝ ਮਰਜੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ

ਭੈਣ ਭਰਾ ਅੰਦਰ ਵੜਕੇ ਆਪਣੇ ਦੁੱਖ ਸੁੱਖ ਫੋਲਦੇ ਹਨ: ਕੌਲੇ ਖੜ ਕੇ ਸੁਣ ਲੈ ਵੀਰਨਾ ਕੀ ਬੋਲਦੀ ਅੰਦਰ ਸੱਸ ਮੇਰੀ

ਰੁੱਖੀ ਮਿੱਸੀ ਖਾ ਲੈ ਵੀਰਨਾ ਬੰਦੇ ਮਿੱਠੇ ਦਾ ਜ਼ਿਕਰ ਨੀ ਕਰਨਾ

ਕੁੱਲੀਆਂ ’ਚ ਦਿਨ ਕੱਟਦੀ ਕਾਹਨੂੰ ਆਇਐਂ ਵੇ ਸਰਵਣਾ ਵੀਰਾ

ਉਹ ਉਸ ਨੂੰ ਹੌਂਸਲਾ ਦੇਂਦਾ ਹੈ:

ਕਿਹੜੇ ਦੁੱਖ ਤੋਂ ਫੜੀ ਦਿਲਗੀਰੀ ਭਾਈਆਂ ਦੀ ਭੈਣ ਬਣ ਕੇ

ਭੈਣ ਦੇ ਦੁੱਖ ਸੁਣਕੇ ਵੀਰ ਦਿਆਂ ਨੈਣਾਂ ਵਿਚੋਂ ਤ੍ਰਿਪ ਤ੍ਰਿਪ ਹੰਝੂ ਵਹਿ ਤੁਰਦੇ ਹਨ:

     ਹੌਲੀ ਹੌਲੀ ਰੋ ਵੀਰਨਾ
      ਤੇਰੇ ਹੰਝੂਆਂ ਦੇ ਹਾਰ ਪਰੋਵਾਂ

ਪ੍ਰਦੇਸੀਂ ਬੈਠੀ ਭੈਣ ਨੂੰ ਆਪਣੇ ਵੀਰੇ ਦੀ ਯਾਦ ਸਦਾ ਤੜਪਾਉਂਦੀ ਰਹਿੰਦੀ ਹੈ:

ਉੱਚੇ ਨੀਵੇਂ ਟਾਹਲੀਏਂ ਵਿੱਚ ਗੁਜਰੀ ਦੀ ਪੀਂਘ ਵੇ ਮਾਹੀਆ ਕੋਠੇ ਉੱਤੇ ਕੋਠੜੀ ਹੇਠ ਵਸੇਂਦਾ ਸੁਨਿਆਰ ਮਾਹੀਆ ਸੱਸੀ ਦੀਆਂ ਘੜਦੇ ਬਾਲੀਆਂ ਮੇਰਾ ਘੜਦੇ ਹਾਰ ਮਾਹੀਆ ਸੱਸੀ ਦੀਆਂ ਚਮਕਣ ਬਾਲੀਆਂ ਮੇਰਾ ਚਮਕੇ ਹਾਰ ਮਾਹੀਆ ਸੱਸੀ ਦੀਆਂ ਟੁਟ ਗਈਆਂ ਬਾਲੀਆਂ ਮੇਰਾ ਟੁੱਟ ਗਿਆ ਹਾਰ ਮਾਹੀਆ। ਕੋਠੇ ਉੱਤੇ ਕੋਠੜੀ ਹੇਠ ਤਪੇ ਤੰਦੂਰ ਮਾਹੀਆ ਗਿਣ ਗਿਣ ਲਾਵਾਂ ਰੋਟੀਆਂ ਭਰ ਭਰ ਲਾਹਾਂ ਪੂਰ ਮਾਹੀਆ ਜਲ ਜਲ ਲਹਿੰਦੀਆਂ ਰੋਟੀਆਂ ਸੁਕ ਸੁਕ ਲਹਿੰਦੇ ਪੂਰ ਮਾਹੀਆ ਸੱਸੀ ਜਾਏ ਖਾ ਗਏ ਕੋਈ ਅੰਮੀ ਜਾਏ ਦੂਰ ਮਾਹੀਆ

ਤੀਆਂ ਦੇ ਦਿਨਾਂ 'ਚ ਪ੍ਰਦੇਸੀਂ ਬੈਠੀ ਭੈਣ ਆਪਣੇ ਵੀਰ ਨੂੰ ਮਿਲਣ ਲਈ ਤਰਲਾ ਪਾਉਂਦੀ ਹੈ:

ਉੱਚੀ ਉੱਚੀ ਰੋੜੀ ਵੀਰਾ ਦਮ ਦਮ ਵੇ ਕੰਗਣ ਰੁੜ੍ਹਿਆ ਜਾਏ ਮੇਰਾ ਵੀਰ ਮਿਲਕੇ ਜਾਇਓ ਵੇ ਕਿੱਕਣ ਮਿਲਾਂ ਨੀ ਭੈਣ ਮੇਰੀਏ ਸਾਥੀਆਂ ਜਾਂਦੇ ਦੂਰ ਮੇਰੀ ਭੈਣ ਫੇਰ ਮਿਲਾਂਗੀ ਨੀ ਸਾਥੀਆਂ ਤੇਰਿਆਂ ਦੀ ਸੋਟੀ ਪਕੜਾਂ ਤੇਰੀ ਪਕੜਾਂ ਬਾਂਹ ਮੇਰਾ ਵੀਰ ਮਿਲ ਕੇ ਜਾਇਓ ਵੇ ਸਾਥੀਆਂ ਤੇਰਿਆਂ ਨੂੰ ਮੂਹੜਾ ਪੀਹੜੀ ਤੈਨੂੰ ਪਲੰਘ ਬਛੋਣਾ ਮੇਰਾ ਵੀਰ ਮਿਲ ਕੇ ਜਾਇਓ ਵੇ ਸਾਥੀ ਜਾਂਦੇ ਦੂਰ ਮੇਰੀ ਭੈਣ ਫੇਰ ਮਿਲਾਂਗੇ ਨੀ ਕਿੱਕਣ ਮਿਲਾਂ ਨੀ ਭੈਣ ਮੇਰੀਏ ਹੈਨੀ ਕੋਲ ਰੁਪਏ ਮੇਰੀ ਭੈਣ ਫੇਰ ਮਿਲਾਂਗੀ ਨੀ ਖੋਹਲ ਸੰਦੂਕ ਵੀਰਾ ਕੱਢਾਂ ਰੁਪਈਆ ਨਾਉਂ ਕਰੂੰਗੀ ਤੇਰਾ ਵੇ ਮੇਰਾ ਵੀਰ ਮਿਲ ਕੇ ਜਾਇਓ ਵੇ

ਪੇਕਿਆਂ ਦਾ ਹੇਜ ਭੈਣ ਨੂੰ ਛਲਣੀ ਛਲਣੀ ਕਰਕੇ ਰੱਖ ਦਿੰਦਾ ਹੈ। ਉਹ ਪੇਕੀਂ ਲਜਾਣ ਲਈ ਆਪਣੇ ਵੀਰ ਅੱਗੇ ਸੈਆਂ ਅਰਜੋਈਆਂ ਕਰਦੀ ਹੈ:

ਛੰਨਾ ਭਰਿਆ ਦੁੱਧ ਦਾ ਵੀਰਾ ਭਰ ਘੱਟ ਭਰ ਘੁੱਟ ਅੰਮਾ ਜਾਇਆ ਚੰਦਾ ਭਰ ਘੱਟ ਦਰ ਵਿੱਚ ਮੇਰੇ ਪਿੱਪਲੀ ਵੀਰਾ ਬਹਿ ਝਟ ਬਹਿ ਝਟ ਅੰਮਾ ਜਾਇਆ ਵੀਰਾਂ ਬਹਿ ਝਟ ਸੱਸ ਜੇ ਤੇਰੀ ਬੁਰੀ ਐ ਬੀਬੀ ਚੱਕ ਧਰ ਚੱਕ ਧਰ ਅੰਮਾ ਜਾਈਏ ਲਾਡੋ ਚੱਕ ਧਰ ਸੱਸੀ ਨੂੰ ਭੇਜਾਂ ਪੇਕੜੇ ਵੀਰਾ ਲੈ ਚੱਲ ਲੈ ਚੱਲ ਅੰਮਾ ਜਾਇਆ ਚੰਦਾ ਲੈ ਚੱਲ ਰਾਹ ਵਿੱਚ ਬੀਬੀ ਨਦੀਆਂ ਬੀਬੀ ਰਹਿ ਘਰ ਰਹਿ ਘਰ ਅੰਮਾ ਜਾਈਏ ਲਾਡੋ ਰਹਿ ਘਰ ਨਦੀਏਂ ਸਟਾਉਂਦੀ ਬੇੜੀਆਂ ਵੀਰਾ ਲੈ ਚਲ ਲੈ ਚੱਲ ਅੰਮਾ ਜਾਇਆ ਚੰਦਾ ਲੈ ਚੱਲ ਰਾਹ ਵਿੱਚ ਬੀਬੀ ਸ਼ੇਰ ਨੇ ਬੀਬੀ ਰਹਿ ਘਰ ਰਹਿ ਘਰ ਅੰਮਾ ਜਾਈਏ ਲਾਡੋ ਰਹਿ ਘਰ ਸ਼ੇਰਾਂ ਨੂੰ ਪਾਵਾਂ ਬੱਕਰੇ ਵੀਰਾ ਲੈ ਚੱਲ ਲੈ ਚੱਲ ਅੰਮਾ ਜਾਇਆ ਚੰਦਾ ਲੈ ਚੱਲ ਰਾਹ ਵਿੱਚ ਬੀਬੀ ਸੱਪ ਨੇ ਬੀਬੀ ਰਹਿ ਘਰ ਲਾਡੋ ਰਹਿ ਘਰ ਸੱਪਾਂ ਨੂੰ ਪਾਵਾਂ ਦੁਧੂਆ ਵੀਰਾ ਲੈ ਚੱਲ ਲੈ ਚੱਲ ਅੰਮਾ ਜਾਇਆ ਚੰਦਾ ਲੈ ਚੱਲ

   ਸੱਸ ਵਲੋਂ ਸਤਾਈ ਹੋਈ ਇਕ ਭੈਣ ਕਾਂ ਹੱਥ ਆਪਣੇ ਵੀਰਨ ਨੂੰ ਸੁਨੇਹੜਾ ਦੇ ਕੇ ਸਦਵਾਉਂਦੀ ਹੈ। ਬੜੇ ਦਰਦ ਵਿੰਨ੍ਹੇ ਬੋਲਾਂ ਨਾਲ ਇਹ ਗੀਤ ਗਾਇਆ ਜਾਂਦਾ ਹੈ:

ਕਾਵਾਂ ਵੇ ਕਾਵਾਂ ਤੈਨੂੰ ਚੂਰੀ ਕੁੱਟ ਪਾਵਾਂ ਉਡ ਜਾਈਂ ਬਾਬਲ ਦੇਸ ਵੇ ਮੈਂ ਬਾਰੀ ਘਰ ਨਾ ਜਾਣਾ ਬਾਰ ਨਾ ਜਾਣਾ ਕਿੱਕਣ ਉਡ ਜਾਵਾਂ ਬੀਬੀ ਬਾਬਲ ਤੇਰੇ ਦੇ ਦੇਸ ਮੈਂ ਬਾਰੀ ਰੁੰਡਾ ਜਿਹਾ ਪਿੱਪਲ ਮੂਹਰੇ ਪੱਕੀ ਜਿਹੀ ਖੂਹੀ ਵੇ ਇਹੀ ਤਾਂ ਘਰ ਮੇਰੇ ਬਾਪ ਦਾ ਮੈਂ ਬਾਰੀ ਮਿੱਸੀ ਜਹੀ ਰੋਟੀ ਉੱਤੇ ਤੌੜੀ ਦੀ ਪੁਰਚਣ ਵੇ ਇਹੋ ਤਾਂ ਦਿੰਦੀ ਐ ਸੱਸ ਖਾਣ ਨੂੰ ਮੈਂ ਬਾਰੀ ਇਹੀ ਤਾਂ ਗਲ ਮੇਰੇ ਪਿਓ ਕੋਲ ਨਾ ਦੱਸੀਂ ਵੇ ਰੋਉਗਾ ਪੰਚੈਤ ਦੇ ਵਿੱਚ ਬੈਠਕੇ ਮੈਂ ਬਾਰੀ ਇਹੀ ਤਾਂ ਗਲ ਮੇਰੀ ਭਾਬੋ ਕੇਲ ਨਾ ਦੱਸੀਂ ਵੇ ਹੱਸੂਗੀ ਗਲੀਆਂ ਦੇ ਵਿੱਚ ਬੈਠਕੇ ਮੈਂ ਬਾਰੀ ਇਹੀ ਤਾਂ ਗਲ ਮੇਰੀ ਭੈਣ ਕੋਲ ਨਾ ਦੱਸੀਂ ਵੇ ਰੋਉਗੀ ਸ਼ਰੀਕੇ ਦੇ ਵਿੱਚ ਬੈਠ ਕੇ ਮੈਂ ਬਾਰੀ ਇਹੀ ਤਾਂ ਗਲ ਮੇਰੇ ਵੀਰੇ ਕੋਲ ਦੱਸੀਂ ਵੇ ਆ ਜਾਊਗਾ ਨੀਲਾ ਘੋੜਾ ਪੀੜ ਕੇ ਮੈਂ ਬਾਰੀ ਮਾਸੀ ਨੀ ਮਾਸੀ ਤੈਨੂੰ ਲੈ ਜਾਣ ਮਰਾਸੀ ਨੀ ਭੈਣ ਤੂੰ ਸਾਡੀ ਨੂੰ ਤੌਰ ਦੇ ਮੈਂ ਬਾਰੀ ਪੁੱਤਾ ਵੇ ਪੁੱਤਾ ਮੇਰੇ ਪੁੱਤ ਦਿਆ ਸਾਲਿਆ ਲੈ ਜਾਈਂ ਮਹੀਨੇ ਹਾੜ੍ਹ ਦੇ ਮੈਂ ਬਾਰੀ ਭੈਣੇ ਨੀ ਭੈਣੇ ਤੂੰ ਹੋ ਜਾ ਤਿਆਰ ਨੀ ਦੇਵਾਂਗਾ ਰੋਟੀ ਤੈਨੂੰ ਹਸਕੇ ਮੈਂ ਬਾਰੀ

      ਇਸੇ ਭਾਵਨਾ ਦਾ ਇਕ ਹੋਰ ਗੀਤ ਪ੍ਰਚੱਲਤ ਹੈ:
      

ਉੱਡ ਜਾਵੀਂ ਕਾਵਾਂ, ਗਿਰਨੀ ਖਾਈਂ ਕਾਵਾਂ ਜਾਈਂ ਵੀਰਨ ਦੇਸ ਵੇ ਮੈਂ ਬਾਰੀ ਮਿੱਸੀ ਜਹੀ ਰੋਟੀ ਉੱਤੇ ਤੌੜੀ ਦੀ ਖੁਰਚਣ ਇਹੋ ਤਾਂ ਦਿੰਦੀ ਐ ਸੱਸ ਖਾਣ ਨੂੰ ਮੈਂ ਬਾਰੀ ਮੇਰੀ ਮਾਂ ਕੋਲ ਨਾ ਦੱਸੀਂ ਉਹ ਤਾਂ ਰੋਊਗੀ ਵਿੱਚ ਬੁੜ੍ਹੀਆਂ ਦੇ ਬੈਠ ਕੇ ਮੈਂ ਬਾਰੀ ਮੇਰੇ ਪਿਓ ਕੋਲ ਨਾ ਦੱਸੀਂ ਉਹ ਤਾਂ ਰੋਊਗਾ ਵਿੱਚ ਪੰਚੈਤ ਦੇ ਬੈਠ ਕੇ ਮੈਂ ਬਾਰੀ ਮੇਰੀ ਭੈਣ ਕੋਲ ਨਾ ਦੱਸੀਂ ਉਹ ਤਾਂ ਹੱਸੂ ਵਿੱਚ ਤ੍ਰਿੰਜਣਾਂ ਦੇ ਬੈਠ ਕੇ ਮੈਂ ਬਾਰੀ ਮੇਰੀ ਭਾਬੋ ਕੋਲ ਨਾ ਦੱਸੀਂ ਉਹ ਤਾਂ ਹੱਸੂ ਵਿੱਚ ਬਹੂਆਂ ਦੇ ਬੈਠ ਕੇ ਮੈਂ ਬਾਰੀ ਮੇਰੇ ਵੀਰ ਕੋਲ ਦੱਸੀਂ ਆਉਗਾ ਨੀਲਾ ਘੋੜਾ ਪੀੜ ਕੇ ਮੈਂ ਬਾਰੀ

ਮਾਸੀ ਨੀ ਮਾਸੀ ਤੈਨੂੰ ਲੈ ਜਾਣ ਮਰਾਸੀ ਨੀ ਭੈਣ ਮੇਰੀ ਨੂੰ ਤੋਰ ਦੇ ਮੈਂ ਬਾਰੀ ਪੁੱਤਾ ਵੇ ਪੁੱਤ ਦਿਆ ਸਾਲਿਆ ਤੂੰ ਲੱਗਿਆ ਮੇਰਾ ਮੋੜ ਦੇ ਮੈਂ ਬਾਰੀ ਨੀ ਮਾਸੀ ਤੈਨੂੰ ਲੈ ਜਾਣ ਮਰਾਸੀ ਨੀ ਭੈਣ ਮੇਰੀ ਨੂੰ ਤੋਰ ਦੇ ਮੈਂ ਬਾਰੀ

ਵੇ ਪੁੱਤਾ ਮੇਰੇ ਪੁੱਤ ਦਿਆ ਸਾਲਿਆ ਬਰੀ ਮੇਰੀ ਮੋੜ ਦੇ ਮੈਂ ਬਾਰੀ ਨੀ ਮਾਸੀ ਤੈਨੂੰ ਲੈ ਜਾਣ ਮਰਾਸੀ ਨੀ ਚੜ੍ਹੀਆਂ ਕੜਾਹੀਆਂ ਪਕਦੀ ਸੀ ਮਠਿਆਈ ਉਹੋ ਸਾਡੀ ਮੋੜ ਦੇ ਮੈਂ ਬਾਰੀ ਪੁੱਤਾ ਮੇਰੇ ਪੁੱਤ ਦਿਆ ਸਾਲਿਆ ਨੈਣ ਨੂੰ ਤਾਂ ਦਿੱਤਾ ਮੇਰਾ ਮੋੜ ਦੇ ਮੈਂ ਬਾਰੀ ਨੀ ਮਾਸੀ ਤੈਨੂੰ ਲੈ ਜਾਣ ਮਰਾਸੀ ਢੁਕਿਆ ਸੀ ਸ਼ਰੀਕਾ, ਮੰਨਿਆ ਸੀ ਸਾਰਾ ਮੈਂ ਬਾਰੀ ਪੁੱਤਾ ਵੇ ਮੇਰੇ ਪੁੱਤ ਦਿਆ ਸਾਲਿਆ ਢੋਈ ਸੀ ਸੱਗੀ ਉਹ ਸਾਡੀ ਮੋੜ ਦੇ ਮੈਂ ਬਾਰੀ ਮਾਸੀ ਨੀ ਤੈਨੂੰ ਲੈ ਜਾਣ ਮਰਾਸੀ ਦਿੱਤਾ ਸੀ ਸੰਦੂਕ ਭਰਿਆ, ਓਹੋ ਸਾਡਾ ਮੋੜ ਦੇ ਮੈਂ ਬਾਰੀ

ਵੇ ਪੁੱਤਾ! ਮੇਰੇ ਪੁੱਤ ਦਿਆ ਸਾਲਿਆ ਧੀਓ ਤਾਂ ਮੇਰੀ ਮੈਂ ਕਿਵੇਂ ਤੋਰਦਾਂ ਮੈਂ ਬਾਰੀ

ਨੀ ਮਾਸੀ ਤੈਨੂੰ ਲੈ ਜਾਣ ਮਰਾਸੀ ਭੈਣ ਮੇਰੀ ਨੂੰ ਦਿੰਨੀਂ ਐਂ ਖੁਰਚਣ ਭੈਣ ਮੇਰੀ ਨੂੰ ਤੋਰਦੇ ਮੈਂ ਬਾਰੀ

   ਵਰ੍ਹਿਆਂ ਮਗਰੋਂ ਪ੍ਰਦੇਸੀਂ ਬੈਠੀ ਭੈਣ ਨੂੰ ਵੀਰ ਉਹਦੇ ਸਹੁਰੀਂ ਮਿਲਣ ਜਾਂਦਾ ਹੈ। ਉਹ ਉਸ ਨੂੰ ਕਿਧਰੇ ਨਜ਼ਰ ਨਹੀਂ ਆਉਂਦੀ। ਜ਼ਾਲਮ ਸੱਸ ਹੱਥੋਂ ਮਾਰੀ ਭੈਣ ਦੀ ਵਿਥਿਆ ਸਰੋਤਿਆਂ ਦੀ ਰੂਹ ਨੂੰ ਕੰਬਾ ਕੇ ਰੱਖ ਦੇਂਦੀ ਹੈ:
     ਮਾਸੀ ਮੈਂ ਕਲ੍ਹ ਦਾ ਆਇਆ

ਨਜ਼ਰ ਨਾ ਆਈ ਮੇਰੀ ਭੈਣ ਬੰਬੀਹਾ ਬੋਲੇ ਬਣ ਵਿੱਚ ਵੇ

ਗੋਹਾ ਸੁੱਟਣ ਉਹ ਗਈ ਲੰਡਰ ਰਹੀ ਹੈ ਖੜੋ ਬੰਬੀਹਾ ਬੋਲੇ ਬਣ ਵਿੱਚ ਵੇ

ਗੁਹਾਰੀਂ ਗੁਹਾਰੀਂ ਮੈਂ ਫਿਰਿਆ ਕਿਤੇ ਨਜ਼ਰ ਨਾ ਆਵੇ ਅੰਮਾ ਜਾਈ ਬੰਬੀਹਾ ਬੋਲੇ ਬਣ ਵਿੱਚ ਵੇ

ਪਾਣੀ ਭਰਨ ਉਹ ਗਈ ਖੂਹੇ ਤੇ ਰਹੀ ਏ ਖੜੋ ਬੰਬੀਹਾ ਬੋਲੇ ਬਣ ਵਿੱਚ ਵੇ

ਖੂਹੇ ਖੂਹੇ ਮੈਂ ਫਿਰਿਆ ਕਿਤੇ ਨਜ਼ਰ ਨਾ ਆਵੇ ਅੰਮਾ ਜਾਈ ਬੰਬੀਹਾ ਬੋਲੇ ਬਣ ਵਿੱਚ ਵੇ

ਅੰਦਰ ਵੜ ਕੇ ਦੇਖਦਾ ਖਲ 'ਚ ਪਿੰਜਰ ਕੀਹਦਾ ਖੜਾ ਬੰਬੀਹਾ ਬੋਲੇ ਬਣ ਵਿੱਚ ਵੇ

ਆਉਣਗੇ ਇਹਦੇ ਪਿਓਕੇ ਕਿਹੜੇ ਦੇਵੇਂਗੀ ਜਵਾਬ ਬੰਬੀਹਾ ਬੋਲੇ ਬਣ ਵਿੱਚ ਵੇ

ਹੱਥ 'ਕ ਕਢੂੰ ਘੁੰਗੜਾ ਤਿਖੜੇ ਦੇਊਂਗੀ ਜਵਾਬ ਬੰਬੀਹਾ ਬੋਲੇ ਬਣ ਵਿਚ ਵੇ

    ਕਾਲੜੇ ਮੋਰ ਦਾ ਗੀਤ ਬਹੁਤ ਹੀ ਪਿਆਰਾ ਤੇ ਹਿਰਦੇਵੇਦਿਕ ਲੋਕ ਗੀਤ ਹੈ ਜਿਸ ਵਿੱਚ ਕਾਲੜੇ ਮੋਰ ਨੂੰ ਵੀਰ ਦੇ ਪ੍ਰਤੀਕ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਗੀਤ ਗਾਂਦਿਆਂ ਗਲਾ ਭਰ ਭਰ ਆਉਂਦਾ ਹੈ। ਅੱਖਾਂ ਸਿਮ ਸਿਮ ਜਾਂਦੀਆਂ ਹਨ:

ਚੜ੍ਹੀਆਂ ਤਾਂ ਫੌਜਾਂ ਰਾਜਾ ਚੜ੍ਹੀਆਂ ਸ਼ਕਾਰ ਨੂੰ ਸਭ ਕੁਝ ਮਾਰੀਂ ਰਾਜਾ ਮਾਰੀਂ ਹਰਨਾਂ ਦੀ ਡਾਰ ਨੂੰ ਇਕ ਨਾ ਮਾਰੀਂ ਰਾਜਾ ਹੀਰੇ ਜੀ ਹਰਨ ਨੂੰ ਰੰਡੀ ਹੋ ਜੂ ਹਰਨੀਆਂ ਦੀ ਡਾਰ ਜੀ ਚੜ੍ਹੀਆਂ ਤਾਂ ਫੌਜਾ ਰਾਜਾ ਚੜ੍ਹੀਆਂ ਸ਼ਕਾਰ ਨੂੰ ਸਭ ਕੁਝ ਮਾਰੀਂ ਰਾਜਾ ਸਭ ਕੁਝ ਮਾਰੀਂ ਵੇ ਇਕ ਨਾ ਮਾਰੀਂ ਰਾਜਾ ਕਾਲੜੇ ਮੋਰ ਨੂੰ ਸੱਚ ਤਾਂ ਦੱਸੀਂ ਨੀ ਰਾਣੀ ਝੂਠ ਨਾ ਬੋਲੀਂ ਨੀ ਕੀ ਕੁਝ ਲਗਦਾ ਤੇਰਾ ਕਾਲੜਾ ਮੋਰ ਨੀ ਸੱਚ ਤਾਂ ਦਸਦੀ ਰਾਜਾ ਝੂਠ ਨਾ ਬੋਲਦੀ ਵੀਰਨ ਲਗਦਾ ਜੀ ਰਾਜਾ ਕਾਲੜਾ ਮੋਰ ਜੀ ਉੱਠੀ ਤਾਂ ਉੱਨੀਂ ਰਾਣੀ ਕੁੰਡੜਾ ਖੋਹਲ ਨੀ ਮਾਰ ਲਿਆਂਦਾ ਤੇਰਾ ਕਾਲੜਾ ਮੋਰ ਨੀ ਹੱਡ ਤਾਂ ਦੁਖਦੇ ਰਾਜਾ ਢੂਹੀ ਨੂੰ ਪੀੜ ਜੀ ਕੁੰਡੜਾ ਨਾ ਖੁਲ੍ਹਦਾ ਰਾਜਾ ਬਾਹਾਂ ਨੂੰ ਪੀੜ ਜੀ ਉੱਠੀ ਤਾਂ ਉੱਠੀਂ ਰਾਣੀ ਚੁਲ੍ਹੇ ਵਲ ਹੋ ਨੀ ਤੜਕਾ ਤਾਂ ਲਾਈਏ ਰਾਣੀ ਕਾਲੜੇ ਮੋਰ ਨੂੰ ਸਿਰ ਤਾਂ ਦੁਖਦਾ ਰਾਜਾ ਮੱਥੇ ਨੂੰ ਪੀੜ ਜੀ ਤੜਕਾ ਨਾ ਲਗਦਾ ਕਾਲੜੇ ਮੋਰ ਨੂੰ

ਭੈਣਾਂ ਕੇਦੀ ਵੀ ਨਹੀਂ ਚਾਹੁੰਦੀਆਂ ਕਿ ਭਾਈਆਂ ਨਾਲੋਂ ਉਹਨਾਂ ਦਾ ਤੋੜ ਵਿਛੋੜਾ ਹੋ ਜਾਵੇ ਇਸ ਸਾਂਝ ਦਾ ਕੋਈ ਹੋਰ ਬਦਲ ਨਹੀਂ। ਕੱਚੀਆਂ ਕਲੀਆਂ ਨਾ ਤੋੜ ਵੇ ਚੀਰੇ ਵਾਲਿਆ ਇਨ੍ਹਾਂ ਕਲੀਆਂ ਦੀ ਬੜੀ ਵੇ ਬਹਾਰ ਝੁਕ ਰਹੀਆਂ ਵੇ ਟਾਹਲੀਆਂ ਭੈਣਾਂ ਨਾਲੋਂ ਭਾਈ ਨਾ ਤੋੜ ਇਹਨਾਂ ਭਾਈਆਂ ਦੀ ਬੜੀ ਵੇ ਬਹਾਰ ਚੀਰੇ ਵਾਲਿਆ

ਚਾਚੇ ਤਾਏ ਕੋਲ ਦੀ ਲੰਘਗੇ ਵੀਰ ਨਦੀਆਂ ਚੀਰਦੇ ਆਏ

ਚਾਚੇ ਤਾਏ ਮਤਲਬ ਦੇ ਛੱਕਾਂ ਪੂਰਦੇ ਅੰਮਾਂ ਦੇ ਜਾਏ

ਭੈਣਾਂ ਸਦਾ ਵੀਰ ਦੀ ਮੁੱਖ ਲੋੜਦੀਆਂ ਹਨ। ਉਹ ਉਸ ਦੀ ਖੁਸ਼ਹਾਲੀ ਅਤੇ ਬੰਸ ਦੇ ਵਾਧੇ ਲਈ ਵਾਰ ਵਾਰ ਅਰਦਾਸ ਕਰਦੀਆਂ ਹਨ:

ਘਟਾ ਮੁੜਗੀ ਬਨੇਰੇ ਕੋਲ ਆ ਕੇ ਵੀਰਾ ਕੁੱਛ ਪੁੰਨ ਕਰ ਲੈ

ਵੀਰਨ ਧਰਮੀ ਨੇ ਸਣੇ ਬੈਲ ਗੱਡਾ ਪੁੰਨ ਕੀਤਾ

ਵੀਰਾ ਤੇਰੀ ਜੜ ਲਗ ਜੇ ਵੇ ਮੈਂ ਨਿਤ ਬਰ੍ਹਮੇਂ ਜਲ ਪਾਵਾਂ

ਰੱਬਾ ਲਾ ਦੇ ਕੱਲਰ ਵਿੱਚ ਬੂਟਾ ਵੀਰਨ ਧਰਮੀ ਦਾ

ਭੈਣ ਦੀ ਸੱਚੇ ਦਿਲੋਂ ਕੀਤੀ ਜੋਦੜੀ ਅਜਾਈਂ ਨਹੀਂ ਜਾਂਦੀ। ਵੀਰ ਦੇ ਘਰ ਪੁੱਤ ਦਾ ਜਨਮ ਭੈਣ ਲਈ ਖ਼ੁਸ਼ੀਆਂ ਦੇ ਢੋਏ ਲੈ ਕੇ ਆਉਂਦਾ ਹੈ :

ਚੰਦ ਚੜ੍ਹਿਆ ਬਾਪ ਦੇ ਵਿਹੜੇ ਵੀਰ ਘਰ ਪੁੱਤ ਜਨਮਿਆ

ਵੇ ਮੈਂ ਚੱਕ ਕੇ ਭਤੀਜੇ ਨੂੰ ਬਿੰਨ ਪੋੜ੍ਹੀ ਚੜ੍ਹ ਜਾਵਾਂ ਵੀਰ ਘਰ ਪੁੱਤ ਜਰਮਿਆਂ ਕੁੱਛ ਮੰਗ ਲੈ ਛੋਟੀ ਭੈਣ

ਮੈਂ ਨਾ ਵੇ ਕੁੱਛ ਲੈਣਾ ਵੀਰਨਾ ਪੁੱਤ ਤੇਰਾ ਵੇ ਭਤੀਜਾ ਮੇਰਾ

ਪੁੱਤ ਤੇਰਾ ਵੇ ਭਤੀਜਾ ਮੇਰਾ ਨਾਉਂ ਜੜ ਮਾਪਿਆਂ ਦੀ

ਵੀਰ ਵੀ ਖੁਸ਼ੀ ਵਿੱਚ ਖੀਵਾ ਹੋਇਆ ਭੈਣ ਨੂੰ ਮੱਝੀਆਂ ਦੇ ਸੰਗਲ ਫੜਾਉਂਦਾ ਹੈ:

ਵੀਰ ਮੱਝੀਆਂ ਦੇ ਸੰਗਲ ਫੜਾਵੇ ਭਾਬੋ ਮੱਥੇ ਪਾਵੇ ਤਿਊੜੀਆਂ

ਭੈਣ ਨੂੰ ਕਿਸੇ ਵਿਸ਼ੇਸ਼ ਵਸਤੂ ਦੀ ਲੋੜ ਨਹੀਂ। ਉਹ ਤਾਂ ਉਹਦੀ ਖੁਸ਼ਹਾਲੀ ਦੀ ਕਾਮਨਾ ਕਰਦੀ ਹੈ :

ਸਰਦੈ ਤਾਂ ਦਈਂ ਵੀਰਨਾ ਚਿੱਟੀ ਕੁੜਤੀ ਗੁਲਾਬੀ ਝੋਨਾ

ਵੀਰਾ ਵੇ ਨਰੰਜਣ ਸਿਆਂ ਵੀਰਾ ਉਸਰ ਲਾਲ ਹਵੇਲੀ

ਉਹ ਤਾਂ ਵੀਰ ਦੇ ਪਿਆਰ ਦੀ ਭੁੱਖੀ ਹੈ'

ਸਰਵਣ ਵੀਰ ਬਿਨਾਂ ਮੇਰੀ ਗੱਠੜੀ ਦਰਾਂ ਵਿੱਚ ਰੁਲਦੀ

ਟੁੱਟ ਕੇ ਨਾ ਬਹਿ ਜੀਂ ਵੀਰਨਾ ਭੈਣਾਂ ਵਰਗਾ ਸਾਕ ਨਾ ਕੋਈ

ਵੀਰਾ ਵੇ ਬੁਲਾ ਸੁਹਣਿਆਂ ਤੈਨੂੰ ਵੇਖ ਕੇ ਭੁੱਖੀ ਰੱਜ ਜਾਵਾਂ