ਲੋਕ ਬੁਝਾਰਤਾਂ/ਪਰਵੇਸ਼

ਵਿਕੀਸਰੋਤ ਤੋਂ

ਪਰਵੇਸ਼

ਲੋਕ-ਸਾਹਿਤ ਵਿਚ ਲੋਕਾਂ ਦੇ ਮਨੋਭਾਵ ਪ੍ਰਗਟਾਉਣ ਲਈ ਜਿਵੇਂ ਲੋਕਗੀਤ ਪ੍ਰਮੁੱਖ ਸਥਾਨ ਰਖਦੇ ਹਨ, ਤਿਵੇਂ ਬੁਝਾਰਤਾਂ, ਲੋਕ-ਬੁੱਧੀ ਦਾ ਚਮਕਾਰਾ ਦਿਖਾਉਣ ਲਈ ਖਾਸ ਮਹੱਤਵ ਦੀਆਂ ਧਾਰਨੀ ਹਨ। ਆਮ ਖ਼ਿਆਲ ਹੈ ਕਿ ਬੌਧਕ ਚੀਜ਼ਾਂ ਖਾਸ ਖਾਸ ਬੌਧਕ ਵਿਅਕਤੀਆਂ ਦੇ ਹਿੱਸੇ ਹੀ ਆਈਆਂ ਹਨ, ਆਮ ਲੋਕ ਇਸ ਦੁਨੀਆਂ ਤੋਂ ਜਾਣੂ ਨਹੀਂ ਪ੍ਰੰਤੂ ਬੁਝਾਰਤਾਂ ਤੋਂ ਜ਼ਾਹਰ ਹੈ ਕਿ ਭਾਵਕ ਤ੍ਰਿਪਤੀ ਵਾਂਙ ਬੌਧਕ ਸੰਤੁਸ਼ਟਤਾ ਲਈ ਵੀ ਲੋਕ-ਪੱਧਰ ਤੇ ਆਪਣੀ ਤਰ੍ਹਾਂ ਦੇ ਯਤਨ ਹੁੰਦੇ ਆਏ ਹਨ। ਜਿਵੇਂ ਸਰੀਰਕ ਵਰਜਿਜ਼ ਲਈ ਖੇਡਾਂ ਹਨ ਤਿਵੇਂ ਪੇਂਡੂ ਜੀਵਨ ਵਿਚ ਦਿਮਾਗ਼ੀ ਅਭਿਆਸ ਲਈ ਬੁਝਾਰਤਾਂ; ਬੁਝਾਰਤਾਂ ਜਿਥੇ ਮੁੰਡੇ ਕੁੜੀਆਂ ਦੀ ਬੁੱਧੀ ਨੂੰ ਤੇਜ਼-ਤਿਖਾ ਕਰਦੀਆਂ ਹਨ, ਉਥੇ ਨਾਲ ਨਾਲ ਮਨੋਰੰਜਨ ਵੀ ਕਰਦੀਆਂ ਹਨ। ਕੇਵਲ ਬਾਲਕ ਹੀ ਬਾਤ ਪਾਉਣ ਤੇ ਬੁੱਝਣ ਦੀ ਖੁਸ਼ੀ ਹਾਸਲ ਨਹੀਂ ਕਰਦੇ ਬਲਕਿ ਸਿਆਣੇ ਵੀ ਇਸ ਵਿਚ ਦਿਲਚਸਪੀ ਲਏ ਬਗੈਰ ਨਹੀਂ ਰਹਿ ਸਕਦੇ। ਬੁੱਝਣ ਵਾਲੇ ਲਈ ਬੁਝਾਰਤ ਇਕ ਤਰ੍ਹਾਂ ਦਾ ਚੈਲੰਜ ਹੁੰਦੀ ਹੈ ਤੇ ਕੋਈ ਇਸ ਚੈਲੰਜ ਤੋਂ ਪਿੱਛੇ ਹਟਣਾ ਪਸੰਦ ਨਹੀਂ ਕਰਦਾ। ਇਸ ਲਈ ਬੁਝਾਰਤ ਨਿਆਣੇ ਸਿਆਣਿਆਂ ਦੇ ਬੁੱਧੀ-ਸੰਗਰਾਮ ਦਾ ਇੱਕ ਸਾਂਝਾ ਕੇਂਦਰ ਹੈ ਤੇ ਕਈ ਵਾਰ ਵੱਡਿਆਂ ਵੱਡਿਆਂ ਸਿਆਣਿਆਂ ਨੂੰ ਵੀ ਇਸ ਵਿਚ ਹਾਰ ਖਾਣੀ ਪੈਂਦੀ ਹੈ ਪਰ ਇਹ ਮਿੱਠੀ ਹਾਰ ਦੁਖ ਦਾ ਕਾਰਨ ਬਣਨ ਦੀ ਥਾਂ ਖੁਸ਼ੀਆਂ ਦੇ ਹਾਸੇ ਦਾ ਸਾਧਨ ਬਣਦੀ ਹੈ।

ਬੁਝਾਰਤਾਂ, ਕਿਸ ਬਣਾਈਆਂ ਤੇ ਕਦੋਂ ਤੋਂ ਚਲੀਆਂ, ਇਹ ਦੱਸਣਾ ਔਖਾ ਹੈ। ਇਹ ਵੀ ਲੋਕ ਗੀਤਾਂ ਵਾਂਙ ਆਪਣੇ ਆਪ ਬਣਦੀਆਂ ਚਲੀਆਂ ਆ ਰਹੀਆਂ ਹਨ ਤੇ ਲੋਕ-ਜੀਵਨ ਦੀਆਂ ਪੁਰਾਣੀਆਂ ਸਾਥਣਾਂ ਹਨ। ਵੈਦਕ ਜ਼ਮਾਨੇ ਵਿਚ ਅਸੁਮੇਧ ਜੱਗ ਸਮੇਂ ਬੁੱਧੀ-ਪਰੀਖਿਆ ਤੇ ਬੁੱਧੀ ਬਿਲਾਸ ਲਈ ਬੁਝਾਰਤਾਂ ਪੁੱਛੀਆਂ ਜਾਂਦੀਆਂ ਸਨ। ਰਿਗਵੇਦ ਦੇ ਕਈ ਮੰਤਰਾਂ ਨੂੰ ਕਈ ਵਿਦਵਾਨ ਉਸ ਸਮੇਂ ਦੀਆਂ ਬੁਝਾਰਤਾਂ ਹੀ ਤਸੱਵਰ ਕਰਦੇ ਹਨ। ਸ੍ਰੀ ਰਾਮ ਨਰੇਸ਼ ਤ੍ਰਿਪਾਠੀ ਨੇ ਇੱਥੋਂ ਤੱਕ ਕਿਹਾ ਹੈ ਕਿ ਰਿਗਵੇਦ ਨੂੰ ਬੁਝਾਰਤਾਂ ਦਾ ਵੇਦ ਕਿਹਾ ਜਾਵੇ ਤਾਂ ਗ਼ਲਤ ਨਹੀਂ। ਮਿਸਾਲ ਵਜੋਂ ਇਕ ਮੰਤਰ ਹੈ-

चत्वादि जूंगा त्रयो श्रस्य पादा, द्वे शीर्ष सप्त हस्तासो श्रस्य
त्रिधा बद्दो कृषभो दोदवीति, महादेवा मा श्रा विवेश

'ਜਿਸ ਦੇ ਚਾਰ ਸਿੰਗ, ਤਿੰਨ ਪੈਰ, ਦੋ ਸਿਰ ਤੇ ਸੱਤ ਹੱਥ ਹਨ, ਜੋ ਤਿੰਨ ਥਾਵਾਂ ਤੋਂ ਬੰਨ੍ਹਿਆ ਹੋਇਆ ਹੈ, ਉਹ ਆਦਮੀਆਂ ਵਿਚ ਪ੍ਰਵੇਸ਼ ਕਰ ਰਿਹਾ ਮਹਾਦੇਵ ਹੈ।'

ਕੋਈ ਇਸ ਪਹੇਲੀ ਦਾ ਜਵਾਬ ਦਿੰਦਾ ਹੈ 'ਬ੍ਰਿਸ਼ਭਯੱਗ, ਪਤੰਜਲੀ ਨੇ ਕਿਹਾ ਕਿ ਇਹ 'ਸ਼ਬਦ' ਹੈ। ਕਈ ਇਸ ਨੂੰ 'ਸੂਰਜ' ਕਹਿੰਦੇ ਹਨ- ਚਾਰ ਸਿੰਗ, ਚਾਰ ਦਿਸ਼ਾਵਾਂ, ਤਿੰਨ ਪੈਰ- ਤਿੰਨ ਵੇਦ, ਦੋ ਸਿਰ- ਰਾਤ ਤੇ ਦਿਨ, ਸੱਤ ਹੱਥ- ਸਤਰੰਗੀਆਂ ਕਿਰਣਾਂ ਅਤੇ ਬੰਨ੍ਹਣ ਦੀਆਂ ਤਿੰਨ ਥਾਵਾਂ-ਧਰਤੀ, ਦਿਸਹੱਦਾ ਤੇ ਸਵਰਗ ਲੋਕ। ਇਸ ਤਰ੍ਹਾਂ ਦੀਆਂ ਬਾਤਾਂ ਪੰਜਾਬੀ ਵਿਚ ਅੱਜ ਵੀ ਕਈ ਹਨ-

'ਬਾਹਰੋਂ ਲਿਆਂਦਾ ਬਿੰਦਰਾ ਵੱਢ ਕੇ,
ਘਰੇ ਲਵਾਏ ਕੰਨ।'
ਬਾਰੀਂ ਪੈਰੀਂ ਬਿੰਦਰਾ ਤੁਰਦਾ,
ਛ ਮੂੰਹ ਬਾਰਾਂ ਕੰਨ।
(ਸੁਹਾਗਾ)

ਜਾਂ
‘ਚਾਰ ਭਰਾ ਮੇਰੇ ਅਕਣੇ ਮਕਣੇ
ਚਾਰ ਭਰਾ ਮੇਰੇ ਮਿਟੀ ਚੱਖਣੇ।
ਦੋ ਭਰਾ ਮੇਰੇ ਬੁਰਜ ਮੁਨਾਰੇ
ਦੋ ਭਰਾ ਜਿਉਂ ਦਿੱਸਣ ਤਾਰੇ
ਇਕ ਭੈਣ ਮੇਰੀ ਮੱਖੀਆਂ ਮਾਰੇ।
(ਮੱਝ)

ਰਿਗਵੇਦ ਦਾ ਇਕ ਹੋਰ ਮੰਤਰ :-

द्वा सपरर्गा सयुजा सखाया, समान् वृक्षं परिषस्व जाते
तपोरन्यः पिप्पलं स्वाद्वत्यनः, कनननन्न्यो श्रभिचाकशीति [1]

"ਦੋ ਪੰਛੀ, ਇਕੱਠੇ ਰਹਿੰਦੇ ਹਨ, ਦੋਵੇਂ ਪਰਸਪਰ ਮਿੱਤਰ ਹਨ, ਇਕੋ ਬਿਰਛ ਤੇ ਰਹਿੰਦੇ ਹਨ। ਇਨ੍ਹਾਂ ਵਿਚੋਂ ਇਕ ਸੁਆਦਲੇ ਫਲ ਖਾ ਰਿਹਾ ਹੈ ਤੇ ਇਕ ਬੈਠਾ ਵੇਖਦਾ ਹੈ।"

ਇਸ ਦਾ ਅਧਿਆਤਮਕ ਜਵਾਬ ਦਿੱਤਾ ਜਾਂਦਾ ਹੈ। ਜੀਵਾਤਮਾ ਤੇ ਪ੍ਰਮਾਤਮਾ ਜੋ ਸਰੀਰ ਵਿਚ ਇਕੱਠੇ ਰਹਿੰਦੇ ਹਨ, ਜੀਵਾਤਮਾ ਫਲ ਭੋਗਦਾ ਤੇ ਪ੍ਰਮਾਤਮਾ ਕੇਵਲ ਦਰਸ਼ਕ ਬਣ ਕੇ ਰਹਿੰਦਾ ਹੈ। ਗੁਰਬਾਣੀ ਵਿਚ ਵੀ ਅਜੇਹਾ ਬੁਝਾਰਤੀ ਵਰਣਨ ਮਿਲਦਾ ਹੈ-

ਨਾਨਕ ਤਰਵਰੁ ਏਕੁ ਫਲੁ ਦੁਇ ਪੰਖੇਰੁ ਆਹਿ॥
ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ॥

ਇਸੇ ਤਰ੍ਹਾਂ ਬਾਈਬਲ ਵਿਚ ਵੀ ਬੁਝਾਰਤਾਂ ਪਾਉਣ ਦਾ ਜ਼ਿਕਰ ਮਿਲਦਾ ਹੈ, ਪੁਰਾਣਿਆਂ ਕਬੀਲਿਆਂ ਵਿਚ ਹੁਣ ਤਕ ਬਾਤਾਂ ਪਾਉਣ ਦਾ ਰਿਵਾਜ ਚਲਿਆ ਆ ਰਿਹਾ ਹੈ। ਸਰ ਜੇਮਜ਼ ਫਰੋਜ਼ਰ ਨੇ ਇਸ ਗੱਲ ਤੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਕਈ ਕਬੀਲਿਆਂ ਵਿਚ ਖਾਸ ਮੌਕਿਆਂ ਤੇ ਖਾਸ ਖਾਸ ਉਤਸਵਾਂ ਤੇ ਹੀ ਬੁਝਾਰਤਾਂ ਪੁਛੀਆਂ ਜਾਂਦੀਆਂ ਹਨ। ਹਿੰਦ ਦੇ ਆਦਿ ਵਾਸੀਆਂ ਵਿਚੋਂ ਗੌਂਡ, ਪਰਧਾਨ ਤੇ ਬਿਰਹੌਰ ਜਾਤੀਆਂ ਦੇ ਵਿਆਹਾਂ ਸਮੇਂ ਪਹੇਲੀ ਪੁੱਛਣਾ ਇਕ ਲਾਜ਼ਮੀ ਰਸਮ ਹੈ।[2] ਅਫਰੀਕਾ ਦੇ ਬੰਤੂ ਕਬੀਲੇ ਦੀਆਂ ਤੀਵੀਆਂ ਨਾਚ ਕਰਦੀਆਂ ਆਦਮੀ ਤੋਂ ਬੁਝਾਰਤਾਂ ਪੁਛਦੀਆਂ ਹਨ, ਜੇ ਉਹ ਨਾ ਬੁਝ ਸਕੇ, ਮਾਰਦੀਆਂ ਹਨ। ਤੁਰਕੀ ਕੁੜੀਆਂ ਸ਼ਾਦੀ ਹਿੱਤ ਮਨੁੱਖ ਦੀ ਪ੍ਰੀਖਿਆ ਲਈ ਬੁਝਾਰਤਾਂ ਪੁਛਦੀਆਂ ਹਨ, ਪੰਜਾਬ ਦੇ ਪਿੰਡਾਂ ਵਿਚ ਵਿਆਹਾਂ ਸਮੇਂ 'ਛੰਦ ਪਰਾਗੇ ਆਈਏ ਜਾਈਏ' ਦੀ ਪੁਛ-ਗਿਛ ਇਕ ਤਰ੍ਹਾਂ ਦਾ ਬੁਝਾਰਤੀ ਰੂਪ ਹੀ ਹੈ।


‘ਜੰਨ ਬੰਨ੍ਹਣਾ ਵੀ ਇਕ ਬੁਝਾਰਤ ਹੀ ਹੈ, ਜਿਸ ਨੂੰ ਜਾਞੀਆਂ ਵਿਚੋਂ ਕੋਈ ਸਿਆਣਾ ਆਪਣੀ 'ਬਚਨ-ਚਤੁਰਾਈ' ਨਾਲ 'ਖੋਲ੍ਹਦਾ ਹੈ।'

ਕਈ ਕਬੀਲਿਆਂ ਵਿਚ ਫਸਲ ਪੱਕਣ ਸਮੇਂ ਬੁਝਾਰਤਾਂ ਪਾਈਆਂ ਜਾਂਦੀਆਂ ਹਨ ਅਤੇ ਫਸਲ ਕੱਟਣ ਤੇ ਨਵੀਆਂ ਬੀਜਣ ਵੇਲੇ ਬੁਝਾਰਤਾਂ ਪਾਉਣ ਦੀ ਸਖ਼ਤ ਮਨਾਹੀ ਹੁੰਦੀ ਹੈ।[3] ਜਿਵੇਂ ਸਾਡੇ ਪਿੰਡਾਂ ਵਿਚ ਦਿਨੇ ਬਾਤ ਪਾਉਣੀ ਠੀਕ ਨਹੀਂ ਸਮਝੀ ਜਾਂਦੀ, ਸਿਆਣੇ ਆਖਦੇ ਹਨ ਦਿਨੇ ਬਾਤਾਂ ਪਾਉਣ ਨਾਲ ਰਾਹੀਂ ਰਾਹ ਭੁਲ ਜਾਂਦੇ ਹਨ, ਇਸ ਲਈ ਰਾਤ ਨੂੰ ਸੌਣ ਵੇਲੇ ਹੀ ਬਾਤਾਂ ਦਾ ਅਖਾੜਾ ਜੰਮਦਾ ਹੈ।

ਉਪਰੋਕਤ ਵੀਚਾਰ ਤੋਂ ਇਹ ਤਾਂ ਸਪੱਸ਼ਟ ਹੈ ਕਿ ਬੁਝਾਰਤਾਂ ਬਹੁਤ ਪੁਰਾਣੀ ਚੀਜ਼ ਹਨ ਤੇ ਜਿਥੇ ਜੰਗਲੀ ਕਬੀਲਿਆਂ ਵਿਚ ਵੀ ਇਨ੍ਹਾਂ ਦਾ ਰਿਵਾਜ਼ ਹੈ ਉਥੇ ਸੰਸਕ੍ਰਿਤ (ਪ੍ਰਹੇਲਕਾ), ਫਾਰਸੀ (ਚੀਸਤਾਂ), ਯੂਨਾਨੀ (anigma), ਲਾਤੀਨੀ, ਅੰਗਰੇਜ਼ੀ (riddle) ਆਦਿ ਜ਼ੁਬਾਨਾਂ ਵਿੱਚ ਵੀ ਬੁਝਾਰਤੀ-ਸਾਹਿਤ ਬੇਅੰਤ ਮਿਲਦਾ ਹੈ।

ਭਾਰਤੀ ਸਾਹਿਤ ਵਿਚ ਪ੍ਰਹੇਲਕਾ, ਪਹੇਲੀ, ਮੁਦਾਵਣੀ, ਬੁਝੋਵਲ, ਬੁਝਾਇਨ (ਪਹਾੜੀ ਉਪਭਾਸ਼ਾ) ਬੁਝਾਰਤ, ਬਾਤ ਆਦਿ ਕਈ ਨਾਂ ਮਿਲਦੇ ਹਨ। ਸੰਸਕ੍ਰਿਤ ਵਿਚ ਇਸ ਨੂੰ 'ਬ੍ਰਹਿਮੋਦਯ' ਵੀ ਕਹਿੰਦੇ ਹਨ। ਪੰਜਾਬੀ ਵਿਚ ਪੜ੍ਹੇ ਲਿਖੇ ‘ਬੁਝਾਰਤ’ ਕਹਿੰਦੇ ਹਨ। ਪਰ ਬੁਝਾਰਤਾਂ ਪਾਉਣ ਵਾਲੇ ਲੋਕ 'ਬਾਤ' ਆਖਦੇ ਹਨ, ਬਾਤਾਂ ਦੋ ਤਰ੍ਹਾਂ ਦੀਆਂ ਹਨ ਬੁੱਝਣ ਵਾਲੀਆਂ ਤੇ ਕਹਾਣੀ ਰੂਪ ਵਿਚ ਸੁਣਨ ਵਾਲੀਆਂ। ਇਹ ਸੰਕੇਤ, ਬੁੱਝਣ ਵਾਲੀਆਂ ਬਾਤਾਂ ਵਲ ਹੀ ਹੈ:-

'ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲਾਵਾਂ ਕੁੰਡੇ
ਸਦਾ ਕੁੜੀ ਨੂੰ ਵਿਆਹੁਣ ਚਲੇ, ਚਹੁੰ ਕੁੰਟਾਂ ਦੇ ਮੁੰਡੇ।
(ਖਿਦੋ ਖੂੰਡੀ)

'ਮੈਂ ਬਾਤ ਪਾਵਾਂ, ਤੇਰਾ ਨੱਕ ਵੱਢ ਖਾਵਾਂ।'
(ਗੰਢਾ)


ਸੰਸਕ੍ਰਿਤ ਵਿਚ ਜੋ ਬੁਝਾਰਤਾਂ ਮਿਲਦੀਆਂ ਹਨ, ਉਹ ਲੋਕ-ਬੁਝਾਰਤਾਂ ਨਹੀਂ, ਸਗੋਂ ਵਿਦਵਾਨਾਂ ਦੇ ਵਿਆਕਰਣਕ ਤੇ ਕੋਸ਼-ਗਿਆਨ ਦੇ ਸ਼ਬਦ-ਚਮਤਕਾਰਾਂ ਦਾ ਸਿੱਟਾ ਹਨ ਇਸ ਲਈ ਉਹ ਆਮ ਲੋਕਾਂ ਵਿਚ ਪ੍ਰਚਲਤ ਨਹੀਂ ਹੋ ਸਕੀਆਂ ਤੇ ਉਸ ਸਮੇਂ ਦੀਆਂ ਲੋਕ-ਬੁਝਾਰਤਾਂ ਰੀਕਾਰਡ ਨਾ ਹੋਣ ਕਰਕੇ ਸਾਡੇ ਤਕ ਪਹੁੰਚ ਨਹੀਂ ਸਕੀਆਂ। ਉਂਞ ਅਜਿਹੇ ਸੰਕੇਤ ਮਿਲਦੇ ਹਨ ਕਿ ਬੁਝਾਰਤਾਂ ਉਸ ਸਮੇਂ ਵੀ ਸਨ। ਭਾਰਤੀ ਅਲੰਕਾਰ ਸ਼ਾਸਤ੍ਰ ਵਿਚ ਪਹੇਲੀਆਂ ਦੇ ਢੰਗ ਦਾ ਇਕ 'ਪ੍ਰਹੇਲਕਾ ਅਲੰਕਾਰ' ਵੀ ਹੈ, ਜੋ ਬੁਝਾਰਤ ਦੀ ਲੋਕਪ੍ਰੀਤ ਤੋਂ ਸਾਹਿਤ ਵਲ ਆਇਆ।

ਲੋਕਾਂ ਦਾ ਆਪਣਾ ਅਲੰਕਾਰ ਸ਼ਾਸਤ੍ਰ ਹੈ ਤੇ ਆਪਣਾ ਹੀ ਛੰਦ ਸ਼ਾਸ਼ਤਰ। ਬੁਝਾਰਤਾਂ ਦੀ ਉਸਾਰੀ ਵੀ ਇਕ ਖਾਸ ਟੈਕਨੀਕ ਰਾਹੀਂ ਹੁੰਦੀ ਹੈ ਤੇ ਚਿੰਨ੍ਹਵਾਦ ਇਸ ਦਾ ਵਿਸ਼ੇਸ਼ ਹਥਿਆਰ ਹੈ।

ਯੂਨਾਨੀ ਫ਼ਿਲਾਸਫ਼ਰ ਅਰਸਤੂ ਨੇ ਕਈ ਥਾਈਂ ਬੁਝਾਰਤ (riddle) ਤੇ ਰੂਪਕ (Metaphor) ਦਾ ਗੂੜ੍ਹਾ ਸੰਬੰਧ ਦੱਸਿਆ ਹੈ। ਦਰਅਸਲ ਬੁਝਾਰਤ ਚਿੰਨ੍ਹਵਾਦੀ ਤਰੀਕੇ ਦੁਆਰਾ ਕਿਸੇ ਵਸਤੂ ਦਾ ਅਕਾਰ ਜਾਂ ਰੂਪ ਰੇਖਾ ਉਲੀਕਦੀ ਹੈ, ਨਾਲ ਵਚਿਤ੍ਰਤਾ ਜਾਂ ਹੈਰਾਨੀ ਦਾ ਰੰਗ ਵੀ ਰੱਖਿਆ ਜਾਂਦਾ ਹੈ। ਨਕਸ਼ਾ ਕੁਛ ਖਿੱਚਿਆ ਜਾਂਦਾ ਹੈ ਤੇ ਗੱਲ ਕੋਈ ਹੋਰ ਹੁੰਦੀ ਹੈ, ਇਹੋ ਭੇਤ ਬੁਝਾਰਤਾਂ ਨੂੰ ਵਚਿਤ੍ਰਤਾ ਤੇ ਸਮੱਸਿਆ ਦੇ ਰੂਪ ਵਿਚ ਰੂਪਮਾਨ ਕਰ ਕੇ ਸ੍ਰੋਤਿਆਂ ਦੇ ਦਿਲ ਵਿਚ ਖਿੱਚ ਪੈਦਾ ਕਰਦਾ ਹੈ। ਉਦਾਹਰਣ ਵਜੋਂ:-

ਪੰਜ ਭਾਈਆਂ ਨੇ ਪੰਡ ਚੁਕਾਈ, ਸੁੱਟੀ ਬੂਹੇ ਦੇ ਬਾਰ
ਚਾਮ ਚੜਿੱਕ ਨੇ ਧੱਕਾ ਲਾਇਆ, ਗਈ ਸਮੁੰਦਰੋਂ ਪਾਰ।

ਇਥੇ ਪੰਜ ਭਾਈ- ਪੰਜ ਉਂਗਲਾਂ ਵਾਲਾ ਹੱਥ- ਬੂਹਾ-ਮੂੰਹ ਤੇ ਚਾਮ ਚੜਿਕ ਜੀਭ ਦਾ ਰੂਪਕ ਹੈ।

ਸੋ ਬੁਝਾਰਤਾਂ ਦੇ ਮੂਲ ਤੱਤ ਇਹ ਕਹੇ ਜਾ ਸਕਦੇ ਹਨ:-
(1) ਚਿੰਨ੍ਹਵਾਦ
(2) ਵਸਤੂ ਦਾ ਅਸਪਸ਼ਟ ਆਕਾਰ ਤੇ ਰੂਪ ਰੇਖਾ (ਸ਼ਬਦ-ਚਿਤਰ)
(3) ਓਪਰੀ ਸਮਾਨਤਾ

(4) ਬਚਿਤ੍ਰਤਾ ਦਾ ਰੰਗ

ਇਸ ਸੰਕੇਤਕ ਵਰਣਨ ਕਰਕੇ ਬੁਝਾਰਤਾਂ ਵਿਚ ਲਿੰਗ-ਸੰਬੰਧਾਂ ਦਾ ਵੀ ਕਿਤੇ, ਕਿਤੇ ਓਪਰਾ ਓਪਰਾ ਟੇਢਾ ਬਿਆਨ ਮਿਲਦਾ ਹੈ। ਇਹ ਠੀਕ ਹੈ ਕਿ ਇਹ ਸੰਕੇਤ ਲੋਕਾਂ ਦੀਆਂ ਨਿਤ-ਵਰਤੋਂ ਦੀਆਂ ਚੀਜ਼ਾਂ ਜਾਂ ਆਲੇ ਦੁਆਲੇ ਦੀਆਂ ਕਦਰਤੀ ਵਸਤਾਂ ਹੀ ਹੁੰਦੀਆਂ ਹਨ, ਇਨ੍ਹਾਂ ਦੇ ਆਸਰੇ ਪੇਂਡੂ ਕਾਰੀਗਰ ਆਪਣੀ ਕੁਦਰਤ ਦਾ ਮਹੱਲ ਖੜਾ ਕਰਦਾ ਹੈ। ਕਈ ਵਾਰ ਇਨ੍ਹਾਂ ਸਾਦ-ਮੁਰਾਦੇ ਸ਼ਬਦ- ਤਰਾਂ ਵਿਚ ਕੁਦਰਤ ਦੇ ਅਤੇ ਪੇਂਡੂ ਜੀਵਨ ਦੇ ਚਿਤਰ ਬੜੇ ਸੁਆਦਲੇ ਰੂਪ ਵਿਚ ਪਰਤੱਖ ਹੁੰਦੇ ਹਨ।

ਮੱਕੀ ਦੀ ਛੱਲੀ ਦਾ ਕੇਹਾ ਸੋਹਣਾ ਚਿਤਰ ਹੈ:-

ਹਰੀ ਸੀ ਮਨ ਭਰੀ ਸੀ, ਨਾਲ ਮੋਤੀਆਂ ਜੜੀ ਸੀ

ਰਾਜਾ ਜੀ ਦੇ ਬਾਗ਼ ਵਿਚ, ਦੁਸ਼ਾਲਾ ਲਈ ਖੜੀ ਸੀ।

ਇਸੇ ਤਰ੍ਹਾਂ ਬੁਝਾਰਤਾਂ ਵਿਚ ਹੋਰ ਵੀ ਕੁਦਰਤੀ ਰੂਪਕ ਸੋਹਣੇ ਬੰਨ੍ਹੇ ਗਏ ਹਨ, ਸਪੱਸ਼ਟਤਾ ਲਈ ਕੁਝ ਉਦਾਹਰਣਾਂ ਪੇਸ਼ ਹਨ:-

ਰੜੇ ਮੈਦਾਨ ਵਿਚ ਦੁੱਧ ਦਾ ਛਿੱਟਾ।
(ਰੁਪਈਆ)

ਥੜੇ ਤੇ ਥੜਾ
ਉਤੇ ਲਾਲ ਕਬੂਤਰ ਖੜਾ।
(ਦੀਵਾ)

ਸੋਨੇ ਰੰਗੀ ਤਿੱਤਰ ਖੰਭੀ, ਨਾ ਧਰਿਆ ਮਸਤਾਨੀ
ਜਾਂ ਮੇਰੀ ਬਾਤ ਬੁਝ, ਜਾਂ ਦੇ ਅਠਿਆਨੀ।
(ਭਰਿੰਡ)

ਮਾਏ ਨੀ ਇਕ ਜੋਗੀ ਆਇਆ
ਸਿਰ ਕਲਗੀ ਤੇ ਨਾਦ ਵਜਾਇਆ

ਕਰ ਕਰ ਗੂੜ੍ਹੇ ਰੰਗ।
ਇਹ ਅਚੰਭਾ ਅਸਾਂ ਨੇ ਡਿੱਠਾ
ਹਰ ਬੱਦਲ ਹਰ ਚੰਦ।
(ਮੋਰ)

ਚੰਮ ਦੀ ਪੀਂਘ, ਬਲੂੰਗੜਾ ਝੂਟੇ।
(ਤੇਲੀ ਦਾ ਤਾੜਾ)

ਇੱਨਾ ਕੁ ਤਿਲੀਅਰ ਤਰਦਾ ਜਾਵੇ।
ਗਿਣ ਗਿਣ ਆਂਡੇ ਧਰਦਾ ਜਾਵੇ।
(ਸੂਈ ਧਾਗਾ)

ਐਨੀ ਕੁ ਹਰਨੀ, ਸਾਰਾ ਖੇਤ ਚਰਨੀ
ਮੀਂਗਣ ਇਕ ਨਾ ਕਰਨੀ।
(ਦਾਤੀ)

ਚਲਦੇ ਖੂਹ ਦਾ ਦ੍ਰਿਸ਼ ਵੇਖੋ-

ਆਰ ਡਾਂਗਾਂ ਪਾਰ ਡਾਂਗਾਂ, ਵਿਚ ਟਲੱਮ-ਟੱਲੀਆਂ।
ਆਉਣ ਕੂੰਜਾਂ ਦੇਣ ਬੱਚੇ, ਨਦੀ ਨਾ ਚੱਲੀਆਂ।

ਹਾਸਾ ਵੀ ਕਈ ਥਾਂ ਵੱਖੀ ਤੋੜ ਹੈ-

ਬਾਪੂ ਦੇ ਕੰਨ ' ਿਚ ਬੇਬੇ ਵੜਗੀ।

(ਜਿੰਦਰਾ ਕੁੰਜੀ)

ਇਕ ਗਜ਼ ਬਾਬਾ ਨੌਂ ਗਜ਼ ਦਾੜ੍ਹੀ।
(ਪਰਨਾਲਾ)

ਬਾਬੇ ਦਾ ਬੋਕ, ਦੱਬੋ ਪੂਛ ਮਾਰੇ ਮੋਕ।
(ਨਲਕਾ)

ਇੱਕ ਗੱਲ ਜੋ ਬੁਝਾਰਤਾਂ ਦੀ ਸਮੱਗਰੀ ਤੇ ਟੈਕਨੀਕ ਤੇ ਵਿਸ਼ੇਸ਼ ਤੌਰ ਤੇ ਪ੍ਰਤੱਖ ਹੁੰਦੀ ਹੈ, ਉਹ ਇਹ ਹੈ ਕਿ ਸਾਰੀ ਦੁਨੀਆਂ ਦੇ ਲੋਕਾਂ ਦੇ ਭਾਵ ਵੀ ਸਾਂਝੇ ਨਹੀਂ ਲੋਕਾਂ ਦੇ ਵੀਚਾਰ ਤੇ ਵੀਚਾਰ-ਢੰਗ ਵੀ ਕਾਫ਼ੀ ਸਾਂਝ ਰਖਦੇ ਹਨ। ਕਈ ਬੁਝਾਰਤਾਂ ਤੋਂ ਤਾਂ ਇਉਂ ਜਾਪਦਾ ਹੈ, ਜਿਵੇਂ ਲੋਕ ਬਿਲਕੁਲ ਇਸੇ ਤਰ੍ਹਾਂ ਹੀ ਸੋਚ ਰਹੇ ਹੁੰਦੇ ਹਨ ਤੇ ਇਕੇ ਤਰ੍ਹਾਂ ਦੀ ਹੀ ਚੀਜ਼ ਉਨ੍ਹਾਂ ਦੀ ਬੁੱਧੀ ਘੜਦੀ ਹੈ।

ਤੁਲਨਾਤਮਕ ਅਧਿਐਨ ਲਈ ਅਸੀਂ ਹੋਰ ਜ਼ਬਾਨਾਂ ਦੀਆਂ ਬੁਝਾਰਤਾਂ ਦੇ ਵੇਰਵੇ ਵਿਚ ਨਹੀਂ ਪੈਂਦੇ, ਯੂ. ਪੀ. ਪ੍ਰਾਂਤ, ਪੰਜਾਬ ਦਾ ਗੁਆਂਢੀ ਪ੍ਰਾਂਤ ਹੈ, ਉਥੋਂ ਦੀਆਂ ਬੁਝਾਰਤਾਂ ਤੇ ਪੰਜਾਬੀ ਬਾਤਾਂ ਦਾ ਮੁਕਾਬਲਾ ਪਾਠਕਾਂ ਲਈ ਇਸ ਪੱਖੋਂ ਦਿਲਚਸਪੀ ਦਾਇਕ ਹੋਵੇਗਾ ਭਾਵੇਂ ਇਹ ਬਾਤਾਂ ਇਕ ਦੂਜੇ ਦਾ ਤਰਜ਼ਮਾ ਨਹੀਂ, ਪਰ ਕਈ ਥਾਈਂ ਬਿਲਕੁਲ ਇਉਂ ਹੀ ਹੋਇਆ ਲਗਦਾ ਹੈ-

ਪੰਜਾਬੀ
ਇਕ ਸਮੁੰਦ ਮੈਂ ਦੇਖਿਆ, ਹਾਥੀ ਮਲ ਮਲ ਨ੍ਹਾਇ
ਘੜਾ ਡੋਬਿਆ ਨਾ ਡੁਬੇ, ਚਿੜੀ ਤਿਹਾਈ ਜਾਇ।

ਜਾਂ
ਸੁਥਣ ਭਿੱਜੀ ਸਣ ਚੂੜੀਆਂ ਜੁੱਤੀ ਗੋਤਾ ਖਾ
ਰੁਖ ਭਿੱਜੇ ਸਣ ਕੁਮਲ੍ਹੀਂ ਚਿੜੀ ਤਿਹਾਈ ਜਾ।

ਹਿੰਦੀ
ਬਰਖਾ ਬਰਸੀ ਰਾਤ ਮੇਂ, ਭੀਜੇ ਸਭ ਬਨਰਾਇ
ਘੜਾ ਨ ਡੂਬੇ ਲੋਟੀਆ, ਪੰਛੀ ਪਿਆਸਾ ਜਾਇ
(ਤ੍ਰੇਲ)

ਹਿੰਦੀ
ਹਰੀ ਝੰਡੀ ਸੁਰਖ ਬਾਣਾ। ਬਖਤ ਪਿਆ ਗੁੜ ਖਾਣਾ।

ਪੰਜਾਬੀ
ਹਰੀ ਝੰਡੀ ਲਾਲ ਕਮਾਨ। ਤੋਬਾ ਤੋਬਾ ਕਰੇ ਪਠਾਣ
(ਲਾਲ ਮਿਰਚ)

ਪੰਜਾਬੀ
ਇਕ ਦਰਖਤ ਕਲਕੱਤੇ, ਨਾ ਉਹਨੂੰ ਜੜ ਨ ਪੱਤੇ।

ਹਿੰਦੀ
ਏਕ ਰੁਖ਼ ਅਗੜਪੱਤਾ, ਜਿਸ ਕੇ ਪੇੜ ਨਾ ਪੱਤਾ।
(ਅਮਰ ਵੇਲ)

ਪੰਜਾਬੀ
ਕਟੋਰੇ ਵਿਚ ਕਟੋਰਾ, ਪੁਤਰ ਪਿਉ ਤੋਂ ਵੀ ਗੋਰਾ।

ਹਿੰਦੀ
ਕਟੋਰੇ ਪਰ ਕਟੋਰਾ, ਬੇਟਾ ਬਾਪ ਸੇ ਭੀ ਗੋਰਾ।
(ਨਾਰੀਅਲ)

ਪੰਜਾਬੀ
ਇਕ ਜਨੌਰ ਅਸਲੀ, ਨਾ ਹੱਡੀ ਨਾ ਪਸਲੀ।

ਹਿੰਦੀ
ਏਕ ਜਾਨਵਰ ਅਸਲੀ, ਉਸ ਕੇ ਹਾਡ ਨਾ ਪਸਲੀ।
(ਜੋਕ)

ਪੰਜਾਬੀ
ਅੰਦਰ ਜਾਵਾਂ ਬਾਹਰ ਜਾਵਾਂ।
ਕਾਲੇ ਕੁੱਤੇ ਨੂੰ ਬਹਾਲ ਜਾਵਾਂ।

ਹਿੰਦੀ
ਕਾਲਾ ਕੁੱਤਾ ਘਰ ਰਖਵਾਲਾ, ਕੌਣ ਗੁਰੂ ਕਾ ਚੇਲਾ
ਆਸਨ ਮਾਰ ਮੜ੍ਹੀ ਮੇਂ ਬੈਠਾ, ਮੰਦਰ ਸਾਂਭ ਅਕੇਲਾ
(ਜੰਦਰਾ)

ਪੰਜਾਬੀ
ਚਲ ਮੈਂ ਆਇਆ

ਹਿੰਦੀ
ਮੈਂ ਆਇਆ ਤੂੰ ਹਟ
(ਤਖ਼ਤਾ)

ਪੰਜਾਬੀ
ਥਾਲੀ ਭਰੀ ਰੁਪਈਆਂ ਦੀ ਪਰ ਗਿਣੀ ਨ ਜਾਇ।

ਹਿੰਦੀ
ਏਕ ਥਾਲ ਮੋਤੀਓਂ ਸੇ ਭਰਾ, ਸਭ ਕੇ ਸਿਰ ਪਰ ਓਂਧਾ ਧਰਾ
ਚਾਰੋਂ ਓਰ ਥਾਲ ਵਹ ਫਿਰੇ, ਮੋਤੀ ਉਸ ਸੇ ਏਕ ਨ ਗਿਰੇ
(ਅਸਮਾਨ)
 
ਪੰਜਾਬੀ
ਦੋ ਅਲਣ ਬਲਣ ਦੋ ਦੀਵੇ ਜਲਣ
ਦੋ ਪੱਖੇ ਝਲਣ, ਸੱਪ ਮੇਲ਼ਦਾ ਫਿਰੇ, ਜਗ ਵੇਖਦਾ ਫਿਰੇ।

ਹਿੰਦੀ
ਚਾਰ ਚਾਕ ਚਲੇਂ, ਦੋ ਸੂਪ ਚਲੇਂ
ਆਗੇ ਨਾਗ ਚਲੇ, ਪੀਛੇ ਗੋਹ ਚਲੇ।
(ਹਾਥੀ)

ਪੰਜਾਬੀ
ਘਾਹੂਆਣੇ ਘਾਹ ਚੁਗੋਂਦੀ, ਅੱਖੂਆਣੇ ਦੇਖੀ ਸੀ
ਫੁੱਲੂਆਣੇ ਫੜ ਕੇ ਲਿਆਂਦੀ, ਨੂੰਹੇਆਣੇ ਕੁੱਟੀ ਸੀ।

ਹਿੰਦੀ
ਸੀਸ ਗੰਜ ਸੇ ਚੋਰ ਭਾਗਾ, ਕਾਨ੍ਹਪੁਰ ਮੇਂ ਪਕੜਾ ਗਯਾ
ਤਲੀ ਗੰਜ ਮੇਂ ਹੂਆ ਮੁਕੱਦਮਾ, ਨਾਖੁਨਪੁਰ ਮੇਂ ਮਾਰਾ ਗਯਾ।
(ਜੂੰ)

ਪੰਜਾਬੀ
ਜਦ ਸਾਂ ਮੈਂ ਭੋਲੀ ਭਾਲੀ, ਤਦ ਹਿੰਦੀ ਸਾਂ ਮਾਰ
ਜਦ ਮੈਂ ਪਾ ਲਏ ਲਾਲ ਕਪੜੇ, ਹੁਣ ਨ ਸਹਿੰਦੀ ਗਾਲ।

ਹਿੰਦੀ

ਜਬ ਰਹੀ ਮੈਂ ਬਾਰੀ ਭੋਰੀ, ਤਬ ਸਹੀ ਥੀ ਮਾਰ
ਅਬ ਤੋਂ ਪਹਿਨੀ ਲਾਲ ਘਗਰੀਆ,ਅਬ ਨ ਸਹਿਰੋਂ ਮਾਰ।
(ਪੱਕਾ ਭਾਂਡਾ)

ਪੰਜਾਬੀ
ਚੜ੍ਹ ਚੌਂਕੇ ਪਰ ਬੈਠੀ ਰਾਣੀ; ਸਿਰ ਤੇ ਅੱਗ ਪਿੱਠ ਤੇ ਪਾਣੀ

ਹਿੰਦੀ
ਨੀਚੇ ਪਾਣੀ ਊਪਰ ਆਗ। ਬਾਜੀ ਬਾਂਸਰੀ ਨਿਕਸਯੋ ਨਾਗ।
(ਹੁੱਕਾ)

ਪੰਜਾਬੀ
ਬਣ ਵਿਚ ਵੱਢੀ ਬਣ ਵਿਚ ਟੁੱਕੀ ਬਣ ਵਿਚ ਲਈ ਸ਼ਿੰਗਾਰ
ਬਾਰਾਂ ਵਰਸ ਮੈਨੂੰ ਵਿਆਹੀ ਨੂੰ ਹੋ ਗਏ, ਨ ਦੇਖਿਆ ਘਰ ਬਾਰ।

ਹਿੰਦੀ
ਏਕ ਸਖੀ ਹਮ ਆਵਤ ਦੇਖਾ, ਸਿਆਮ ਘਟਾ ਬਦਰੀ ਮੇਂ ਰੇਖਾ
ਹਾਥੀ ਸਿਰੋਹੀ ਮੰਗਲ ਗਾਵੈ, ਵਿਆਹੀ ਹੈ ਬਰ ਖੋਜਤ ਆਵੈ।
(ਰੇਲ)

ਪੰਜਾਬੀ
ਇਕ ਨਾਰ ਪਰਦੇਸੋਂ ਆਈ, ਜਲ ਵਿਚ ਬੈਠੀ ਨ੍ਹਾਵੇ
ਹੱਡੀਆਂ ਚੁਣ ਚੁਣ ਚੁਣ ਢੇਰ ਲਗਾਵੇ, ਚਮੜੀ ਸ਼ਹਿਰ ਵਿਕਾਵੇ।

ਹਿੰਦੀ
ਮੁੰਡ ਕਾਟ ਭੁਇਂ ਮਾ ਧਰੀ, ਲੋਥੀ ਗੰਗ ਨਹਾਇ
ਹਾਡਨ ਕਾ ਕੋਇਲਾ ਭਯਾ, ਖਾਲੈ ਗਈ ਵਿਕਾਇ।
(ਸਣ)

ਹਿੰਦੀ

ਅੱਥਰ ਸਿਲ ਪੱਥਰ, ਸੰਗ ਮਰਮਰ ਖਜੂਰ
ਪਾਂਚੋ ਬਹਿਨੀ ਲੌਟ ਜਾਓ, ਹਮ ਜਾਵੇਂ ਬੜੀ ਦੂਰ।
(ਬੁਰਕੀ)

ਪੰਜਾਬੀ
ਬਾਹਰੋਂ ਆਇਆ ਬਾਬਾ ਲੋਦੀ
ਛੇ ਟੰਗਾਂ ਤੇ ਇਕ ਬੋਦੀ।

ਹਿੰਦੀ
ਛੇ ਪੈਰ, ਪੀਠ ਪਰ ਪੂਛ

ਜਾਂ
ਸੰਖ ਸੰਖ ਸੰਖੀਆ
ਉੜਾਇ ਜਾਇ ਪੰਖੀਆ
ਛ: ਗੋਡ ਦੋ ਅੰਖੀਆ।
(ਤੱਕੜੀ)

ਇਸੇ ਤਰ੍ਹਾਂ ਦੀਆਂ ਫਾਰਸੀ ਦੀਆਂ ਬੁਝਾਰਤਾਂ ਦਾ ਵੀ ਮੁਲਾਹਜ਼ਾ ਹੋਵੇ:-

ਯਕੇ ਹੈਵਾਂ ਅਜਬ ਦੀਦਮ, ਕਿ ਸ਼ਸ਼ ਪਾਵੋ ਦੋ ਸੁਮ ਦਾਰਦ
ਅਜਾਇਬਤਰ ਅਜ਼ੀ ਦੀਦਮ, ਮਿਆਨੇ ਪੁਸ਼ਤ ਦੂਮ ਦਾਰਦ
(ਤੱਕੜੀ)

ਪੰਜਾਬੀ
ਚਿਟੀ ਮਸੀਤ ਬੂਹਾ ਕੋਈ ਨਾ।
ਚੂਨੇ ਗੱਚ ਹਵੇਲੀ, ਬੂਹਾ ਕੋਈ ਨਾ।
ਸੋਨਾ ਹੈ ਸੁਨਿਆਰ ਨਹੀਂ, ਰੁਪਾ ਹੈ ਰੁਪਯਾ ਨਹੀਂ।
ਕੋਟ ਹੈ ਪਰ ਦਰਵਾਜ਼ਾ ਨਹੀਂ, ਵਿਚ ਹੈ ਪਰ ਬੋਲਤਾ ਨਹੀਂ।
(ਆਂਡਾ)

ਸ਼ਾਇਦ ਪਾਠਕ ਇਸ ਖਿਆਲ ਦੇ ਹੋਣਗੇ ਕਿ ਗੁਆਂਢੀ ਪ੍ਰਾਂਤਾਂ ਦੀਆਂ ਬੁਝਾਰਤਾਂ ਮਿਲ ਜਾਣੀਆਂ ਕੋਈ ਅਨੋਖੀ ਗੱਲ ਨਹੀਂ, ਇਸ ਲਈ ਕੁਝ ਕੁ ਅੰਗਰੇਜ਼ੀ ਬੁਝਾਰਤਾਂ ਨਾਲ ਪੰਜਾਬੀ ਬੁਝਾਰਤਾਂ ਦਾ ਮੁਕਾਬਲਾ ਕਰਨਾ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ। ਆਂਡੇ ਬਾਰੇ ਉਤੇ ਪੰਜਾਬੀ ਬੁਝਾਰਤਾਂ ਦਿਤੀਆਂ ਗਈਆਂ ਹਨ, ਇਸ ਸੰਬੰਧੀ ਅੰਗਰੇਜ਼ੀ ਪਹੇਲੀ ਵੀ ਸੁਣਨ ਵਾਲੀ ਹੈ-

A Long White barn
Two roofs on it
And no door at all, at all.'

ਇਸੇ ਤਰ੍ਹਾਂ ਪੌਣ ਬਾਰੇ ਪੰਜਾਬੀ ਬਾਤ ਹੈ-

ਵਿਚ ਅਸਮਾਨੇ ਤੁਰਦੀ ਜਾਵਾਂ, ਪੈਰ ਨਾ ਮੇਰਾ ਕੋਈ
ਸਭ ਮੇਰੇ ਵਿਚ ਹੋ ਗਏ, ਮੈਂ ਸਭਨਾਂ ਦੀ ਹੋਈ।

ਅੰਗਰੇਜ਼ੀ
What Flies for ever
and rests, never

ਅੱਗ ਬਾਰੇ ਹਿੰਦੀ ਬੁਝਾਰਤ ਹੈ-

ਕਾਲ ਗਾਇ ਖਰ ਗਾਇ, ਪਾਨੀ ਪੀਏ ਮਰ ਜਾਇ॥

ਅੰਗਰੇਜ਼ੀ ਪਹੇਲੀ ਵੀ ਇਸੇ ਭਾਵ ਦੀ ਹੈ-

The more you feed it
The more it will grow high
But if you give it water
Then it will go and die.

ਇਨ੍ਹਾਂ ਗੱਲਾਂ ਤੋਂ ਲੋਕ-ਜੀਵਨ ਦੀ ਏਕਤਾ ਤੇ ਸਾਂਝ ਦਾ ਪਤਾ ਲਗਦਾ ਹੈ।

ਪੰਜਾਬੀ ਦੇ ਲਿਖਤੀ ਸਾਹਿਤ ਵਿਚ ਬੁਝਾਰਤਾਂ ਦਾ ਸਭ ਤੋਂ ਪੁਰਾਣਾ ਜ਼ਿਕਰ ਸ਼ਾਇਦ ਗੁਰੂ ਗ੍ਰੰਥ ਸਾਹਿਬ ਵਿਚ ਮਿਲਦਾ ਹੈ। ਇਕ ਬੁਝਾਰਤ-ਮੁਦਾਵਣੀ (ਪੋਠੋਹਾਰ ਵਲ ਹੁਣ ਵੀ ਬੁਝਾਰਤ ਨੂੰ ਮੁਦਾਵਣੀ ਆਖਦੇ ਹਨ, ਮੁੰਦਾਵਣੀ-ਮੋਹਰ ਛਾਪ ਹੋਰ ਚੀਜ਼ ਹੈ।) ਸੋਰਠਿ ਵਾਰ ਵਿਚ ਗੁਰੂ ਅਮਰਦਾਸ ਜੀ ਨੇ ਲਿਖੀ ਹੈ:

ਹਿੰਦੀ

ਅੱਥਰ ਸਿਲ ਪੱਥਰ, ਸੰਗ ਮਰਮਰ ਖਜੂਰ
ਪਾਂਚੋ ਬਹਿਨੀ ਲੌਟ ਜਾਓ, ਹਮ ਜਾਵੇਂ ਬੜੀ ਦੂਰ।
(ਬੁਰਕੀ)

ਪੰਜਾਬੀ
ਬਾਹਰੋਂ ਆਇਆ ਬਾਬਾ ਲੋਦੀ
ਛੇ ਟੰਗਾਂ ਤੇ ਇਕ ਬੋਦੀ।

ਹਿੰਦੀ
ਛੇ ਪੈਰ, ਪੀਠ ਪਰ ਪੂਛ

ਜਾਂ
ਸੰਖ ਸੰਖ ਸੰਖੀਆ
ਉੜਾਇ ਜਾਇ ਪੰਖੀਆ
ਛ: ਗੋਡ ਦੋ ਅੰਖੀਆ।
(ਤੱਕੜੀ)

ਇਸੇ ਤਰ੍ਹਾਂ ਦੀਆਂ ਫਾਰਸੀ ਦੀਆਂ ਬੁਝਾਰਤਾਂ ਦਾ ਵੀ ਮੁਲਾਹਜ਼ਾ ਹੋਵੇ:-

ਯਕੇ ਹੈਵਾਂ ਅਜਬ ਦੀਦਮ, ਕਿ ਸ਼ਸ਼ ਪਾਵੋ ਦੋ ਸੁਖ ਦਾਰਦ
ਅਜਾਇਬਤਰ ਅਜ਼ੀ ਦੀਦਮ, ਮਿਆਨੇ ਪੁਸ਼ਤ ਦੂਮ ਦਾਰਦ।
(ਤੱਕੜੀ)

ਪੰਜਾਬੀ
ਚਿਟੀ ਮਸੀਤ ਬੂਹਾ ਕੋਈ ਨਾ।
ਚੂਨੇ ਗੱਚ ਹਵੇਲੀ, ਬੂਹਾ ਕੋਈ ਨਾ।
ਸੋਨਾ ਹੈ ਸੁਨਿਆਰ ਨਹੀਂ, ਰੁਪਾ ਹੈ ਰੁਪਯਾ ਨਹੀਂ।
ਕੋਟ ਹੈ ਪਰ ਦਰਵਾਜ਼ਾ ਨਹੀਂ, ਵਿਚ ਹੈ ਪਰ ਬੋਲਤਾ ਨਹੀਂ।
(ਆਂਡਾ)

ਸ਼ਾਇਦ ਪਾਠਕ ਇਸ ਖਿਆਲ ਦੇ ਹੋਣਕੇ ਕਿ ਗੁਆਂਢੀ ਪ੍ਰਾਂਤਾਂ ਦੀਆਂ ਬੁਝਾਰਤਾਂ ਮਿਲ ਜਾਣੀਆਂ ਕੋਈ ਅਨੋਖੀ ਗੱਲ ਨਹੀਂ, ਇਸ ਲਈ ਕੁਝ ਕੁ ਅੰਗਰੇਜ਼ੀ ਬੁਝਾਰਤਾਂ ਨਾਲ ਪੰਜਾਬੀ ਬੁਝਾਰਤਾਂ ਦਾ ਮੁਕਾਬਲਾ ਕਰਨਾ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ। ਆਂਡੇ ਬਾਰੇ ਉਤੇ ਪੰਜਾਬੀ ਬੁਝਾਰਤਾਂ ਦਿਤੀਆਂ ਗਈਆਂ ਹਨ, ਇਸ ਸੰਬੰਧੀ ਅੰਗਰੇਜ਼ੀ ਪਹੇਲੀ ਵੀ ਸੁਣਨ ਵਾਲੀ ਹੈ-

A Long White barn
Two roofs on it
And no door at all, at all.'

ਇਸੇ ਤਰ੍ਹਾਂ ਪੌਣ ਬਾਰੇ ਪੰਜਾਬੀ ਬਾਤ ਹੈ-

ਵਿਚ ਅਸਮਾਨੇ ਤੁਰਦੀ ਜਾਵਾਂ, ਪੈਰ ਨਾ ਮੇਰਾ ਕੋਈ
ਸਭ ਮੇਰੇ ਵਿਚ ਹੋ ਗਏ, ਮੈਂ ਸਭਨਾਂ ਦੀ ਹੋਈ।

ਅੰਗਰੇਜ਼ੀ
What Flies for ever
and rests, never

ਅੱਗ ਬਾਰੇ ਹਿੰਦੀ ਬੁਝਾਰਤ ਹੈ-

ਕਾਲ ਗਾਇ ਖਰ ਗਾਇ, ਪਾਨੀ ਪੀਏ ਮਰ ਜਾਇ॥

ਅੰਗਰੇਜ਼ੀ ਪਹੇਲੀ ਵੀ ਇਸੇ ਭਾਵ ਦੀ ਹੈ-

The more you feed it
The more it will grow high
But if you give it water
Then it will go and die.

ਇਨ੍ਹਾਂ ਗੱਲਾਂ ਤੋਂ ਲੋਕ-ਜੀਵਨ ਦੀ ਏਕਤਾ ਤੇ ਸਾਂਝ ਦਾ ਪਤਾ ਲਗਦਾ ਹੈ।

ਪੰਜਾਬੀ ਦੇ ਲਿਖਤੀ ਸਾਹਿਤ ਵਿਚ ਬੁਝਾਰਤਾਂ ਦਾ ਸਭ ਤੋਂ ਪੁਰਾਣਾ ਜ਼ਿਕਰ ਸ਼ਾਇਦ ਗੁਰੂ ਗ੍ਰੰਥ ਸਾਹਿਬ ਵਿਚ ਮਿਲਦਾ ਹੈ। ਇਕ ਬੁਝਾਰਤ-ਮੁਦਾਵਣੀ (ਪੋਠੋਹਾਰ ਵਲ ਹੁਣ ਵੀ ਬੁਝਾਰਤ ਨੂੰ ਮੁਦਾਵਣੀ ਆਖਦੇ ਹਨ, ਮੁੰਦਾਵਣੀ-ਮੋਹਰ ਛਾਪ ਹੋਰ ਚੀਜ਼ ਹੈ।) ਸੋਰਠਿ ਵਾਰ ਵਿਚ ਗੁਰੂ ਅਮਰਦਾਸ ਜੀ ਨੇ ਲਿਖੀ ਹੈ:

ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ॥
ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ॥
ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ॥
ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ॥
ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ॥
ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ॥੧॥

ਗੁਰੂ ਅਰਜਨ ਸਾਹਿਬ ਨੇ ਸੁਖਮਨੀ ਵਿਚ ਕਿਹਾ ਹੈ:-

ਕਹਾ ਬੁਝਾਰਤਿ ਬੂਝੈ ਡੋਰਾ॥
ਨਿਸਿ ਕਹੀਐ ਤਉ ਸਮਝੈ ਭੋਰਾ॥

ਪੰਜਾਬੀ ਵਿਚ ਸਭ ਤੋਂ ਪਹਿਲਾਂ 20ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਸ਼ਾਇਦ ਲਾਲਾ ਸ਼ਿਵਦਿਆਲ ਐਮ.ਏ. ਅਸਿਸਟੈਂਟ ਇੰਸਪੈਕਟਰ ਆਫ ਸਕੂਲਜ਼ ਨੇ ਬੁਝਾਰਤਾਂ ਇਕੱਠੀਆਂ ਕਰਨ ਦਾ ਯਤਨ ਕੀਤਾ। ਆਪ ਇਸ ਦੀ ਭੂਮਿਕਾ ਵਿਚ ਲਿਖਦੇ ਹਨ:-

'ਮੈਨੂੰ ਇਸ ਬਾਤ ਦੀ ਬੜੀ ਚਿੰਤਾ ਲੱਗੀ ਰਹਿੰਦੀ ਸੀ ਕਿ ਇਹ ਛੋਟੀ ਜੇਹੀ ਕਿਤਾਬ ਐਸੀ ਬਨਾਵਾਂ ਜਿਸਨੂੰ ਪੜ੍ਹਕੇ ਪੰਜਾਬੀ ਮੁੰਡੇ ਕੁੜੀਆਂ ਖੂਬ ਖੁਸ਼ ਹੋਣ। ਮੈਨੂੰ ਛੋਟੇ ਹੁੰਦਿਆਂ ਬੁਝਾਰਤਾਂ ਦਾ ਬੜਾ ਸ਼ੌਕ ਸੀ ਘਰ ਮੈਂ ਆਪਣੇ ਬਾਲਾਂ ਨੂੰ ਸਦਾ ਏਹ ਸੁਣਾਕੇ ਹਸਾਂਦਾ ਰਹਿਨਾ ਹਾਂ। ਇਸ ਵਾਸਤੇ ਮੈਨੂੰ ਉਮੀਦ ਹੈ ਕਿ ਹੋਰ ਭੀ ਇਨ੍ਹਾਂ ਬੁਝਾਰਤਾਂ ਥੀਂ ਬੜੇ ਖੁਸ਼ ਹੋਣਗੇ। ਮੇਰੀ ਅਰਜ਼ ਮਾਪਿਆਂ ਅਗੇ ਇਹ ਹੈ ਕਿ ਆਪਣੇ ਬਾਲ ਬੱਚਿਆਂ ਨੂੰ ਖੁਸ਼ ਰਖਣਾ ਆਪਣਾ ਬੜਾ ਵੱਡਾ ਫਰਜ਼ ਸਮਝਣ ਅਰ ਇਸ ਫਰਜ਼ ਦੇ ਪੂਰਾ ਕਰਨ ਵਿਚ ਜੇ ਇਸ ਨਿੱਕੀ ਜੇਹੀ ਕਿਤਾਬ ਥੀਂ ਕੁਝ ਮਦਦ ਹੋਈ ਤਾਂ ਮੈਂ ਸਮਝਾਂਗਾ ਕਿ ਮੇਰੀ ਮਿਹਨਤ ਸਫਲ ਹੋਈ।'

ਇਸ ਤੋਂ ਬਾਅਦ ਭਾਈ ਵਰਿਆਮ ਸਿੰਘ ਕਵੀਸ਼ਰ ਨੇ ਵੀ ਇਸ ਪਾਸੇ ਕੁਝ ਕੰਮ ਕੀਤਾ ਹੈ। ਮੈਂ ਵੀ ਪੰਜਾਬੀ ਬੁਝਾਰਤਾਂ ਉਤੇ ਇਕ ਕਿਤਾਬ ਲਿਖੀ ਹੈ। ਪਰ ਅਜੇ ਇਸ ਪਾਸੇ ਹੋਰ ਉਦਮ ਦੀ ਲੋੜ ਹੈ।

ਅਜ ਲੋਕ-ਰਾਜ ਦਾ ਜ਼ਮਾਨਾ ਹੈ, ਲੋਕ-ਭਾਸ਼ਾਵਾਂ ਵੀ ਲੋਕਾਂ ਨਾਲ ਅੰਗੜਾਈ ਲੈ ਰਹੀਆਂ ਹਨ ਤੇ ਲੋਕ-ਸਾਹਿਤ ਦੇ ਨਵੇਂ-ਨਵੇਂ ਸੇਵਕ ਅਗੇ ਆ ਰਹੇ ਹਨ। ਸੁਖਦੇਵ ਸਿੰਘ ਮਾਦਪੁਰੀ ਇਸ ਮੈਦਾਨ ਵਿਚ ਨਿਤਰਿਆ ਇਕ ਨੌਜੁਆਨ ਲੇਖਕ ਹੈ, ਜਿਸਦੇ ਲੋਕ-ਗੀਤਾਂ ਬਾਰੇ ਲੇਖ ਅਕਸਰ 'ਜਾਗ੍ਰਤੀ' ਵਿਚ ਛਪਦੇ ਰਹਿੰਦੇ ਹਨ। 'ਲੋਕ ਬੁਝਾਰਤਾਂ' ਇਕੱਤਰ ਕਰਕੇ ਉਸ ਨੇ ਲੋਕਸਾਹਿਤ ਦੇ ਕੰਮ ਨੂੰ ਅੱਗੇ ਵਧਾਇਆ ਹੈ ਤੇ ਬੁਝਾਰਤਾਂ ਨੂੰ ਵਿਸ਼ੇਵਾਰ ਤਰਤੀਬਣ ਵਿਚ ਆਪਣੀ ਵਿਸ਼ੇਸ਼ ਸੂਝ ਬੂਝ ਦਾ ਸਬੂਤ ਦਿੱਤਾ ਹੈ।

ਮੈਨੂੰ ਆਸ ਹੈ, ਪੰਜਾਬੀ ਪਿਆਰੇ ਇਸ ਯਤਨ ਦਾ ਸੁਆਗਤ ਕਰਨਗੇ।

ਪੰਜਾਬੀ ਵਿਭਾਗ ਪਟਿਆਲਾ

ਪਿਆਰਾ ਸਿੰਘ ਪਦਮ
24-10-56

  1. *ਗ੍ਰਾਮ ਸਾਹਿਤ, ਪੰਨਾ 288-89
  2. **'ਮੈਨ ਇਨ ਇੰਡੀਆ' ਦਾ 'ਐਨ ਇੰਡੀਅਨ ਹਿਡਲ ਬੁੱਕ, ਅੰਕ 4, ਭਾਗ 13 ਦਸੰਬਰ 1943 ਵਿਚ ਵੇਰੀਅਰ ਐਲਵਿਨ ਤੇ W.G. ਆਰਚਰ ਲਿਖਤ ਨੋਟ 'ਔਨ ਦੀ ਯੂਜ਼ ਆਫ ਰਿਡਲਜ਼ ਇਨ ਇੰਡੀਆ।'
  3. ***Standard Dictionary of Folklore, Mythology and Legend (Pp 938-44)