ਲੋਕ ਬੁਝਾਰਤਾਂ/ਲੋਕ-ਬੁਝਾਰਤਾਂ ਬਾਰੇ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਲੋਕ-ਬੁਝਾਰਤਾਂ ਬਾਰੇ

ਬੁਝਾਰਤਾਂ ਕਹਿਣ ਦਾ ਰਿਵਾਜ ਅੱਜ ਦਾ ਨਹੀਂ, ਸਗੋਂ ਢੇਰ ਪੁਰਾਣਾ ਹੈ। ਲੋਕ-ਗੀਤਾਂ ਵਾਂਗ ਹੀ ਕਿਹਾ ਨਹੀਂ ਜਾ ਸਕਦਾ ਕਿ ਇਹ ਕਦੋਂ ਰਚੀਆਂ ਗਈਆਂ ਅਤੇ ਕਿਸ ਨੇ ਰਚੀਆਂ।

ਜਦ ਅਸੀਂ ਪੰਜਾਬੀ ਸਾਹਿਤ ਦੇ ਇਤਿਹਾਸ ਵਲ ਇਨ੍ਹਾਂ ਲੋਕ-ਬੁਝਾਰਤਾਂ ਦਾ ਪਤਾ ਕਰਨ ਲਈ ਇਕ ਪੜਚੋਲਵੀਂ ਨਜ਼ਰ ਮਾਰਦੇ ਹਾਂ ਤਾਂ ਸਾਨੂੰ ਸਿਵਾਏ ਚੌਧਵੀਂ ਈਸਵੀ ਸਦੀ ਦੇ ਕਿਤੇ ਵੀ ਬੁਝਾਰਤਾਂ ਦਾ ਲਿਖਤੀ ਰੂਪ ਨਹੀਂ ਮਿਲਦਾ। ਚੌਧਵੀਂ ਸਦੀ ਵਿਚ ਮੀਰ ਖ਼ੁਸਰੋ (1253-1325) ਨਾਮੀ ਇਕ ਸੂਫੀ ਕਵੀ ਹੋਇਆ ਹੈ। ਕਿਹਾ ਜਾਂਦਾ ਹੈ ਕਿ ਖ਼ੁਸਰੋ ਫ਼ਾਰਸੀ ਦਾ ਚੰਗਾ ਵਿਦਵਾਨ ਸੀ। ਇਸੇ ਮੀਰ ਖ਼ੁਸਰੋ ਦੀਆਂ ਪੰਜਾਬੀ ਸਾਹਿਤ ਵਿਚ ਸੌ ਦੇ ਲਗਭਗ 'ਕਹਿ ਮੁਕਰਨੀਆਂ' ਮਿਲਦੀਆਂ ਹਨ। ਕਹਿ ਮੁਕਰਨੀਆਂ ਨੂੰ ਵੀ ਇਕ ਪ੍ਰਕਾਰ ਦੀਆਂ ਬੁਝਾਰਤਾਂ ਹੀ ਕਿਹਾ ਜਾ ਸਕਦਾ ਹੈ। ਪਰ 'ਕਹਿ ਮੁਕਰਨੀ' ਦਾ ਤੱਤ ਉਸ ਦੇ ਅੰਤ ਵਿਚ ਦਿੱਤਾ ਹੁੰਦਾ ਹੈ। ਮੀਰ ਖ਼ੁਸਰੋ ਦੀ ਇਕ 'ਕਹਿ ਮੁਕਰਨੀ' ਇਸ ਪ੍ਰਕਾਰ ਹੈ:-

ਅੱਧੀ ਰਾਤ ਉਹ ਸਿਰ ਪੁਰ ਆਵੇ
ਕੋਠੇ ਚੜ੍ਹ ਕੇ ਝਾਤੀਆਂ ਪਾਵੇ
ਉਸ ਨੂੰ ਵੇਖ ਮਨ ਹੋਏ ਅਨੰਦ
ਰੀ ਸਖੀ ਸਾਜਨ? ਨਾ ਸਖੀ ਚੰਦ

ਪਹਿਲੀਆਂ ਸਤਰਾਂ ਸਹੇਲੀ ਨੂੰ ਭੁਲੇਖਾ ਪਾ ਦੇਂਦੀਆਂ ਹਨ। ਉਹ ਆਪਣੀ ਸਹੇਲੀ ਪਾਸੋਂ ਪੁਛਦੀ ਹੈ ਕਿ ਅੱਧੀ ਰਾਤੀਂ ਕੋਠੇ ਉੱਤੇ ਤੇਰਾ ਪਿਆਰਾ ਆਉਂਦਾ ਹੈ? ਉਹ ਝੱਟ 'ਚੰਦ' ਆਖ ਕੇ ਉਹਦਾ ਭੁਲੇਖਾ ਦੂਰ ਕਰ ਦੇਂਦੀ ਹੈ।

ਕਹਿ ਮੁਕਰਨੀਆਂ ਤੋਂ ਉਪਰੰਤ ਖ਼ੁਸਰੋ ਦੀਆਂ ਬੁਝਾਰਤਾਂ ਵੀ ਮਿਲਦੀਆਂ ਹਨ। ਵੰਨਗੀ ਲਈ ਦੋ ਹੇਠ ਦਿੱਤੀਆਂ ਜਾਂਦੀਆਂ ਹਨ:

ਏਕ ਥਾਲ ਮੋਤੀ ਸੇ ਭਰਾ
ਸਭ ਕੇ ਸਿਰ ਪਰ ਔਂਧਾ ਧਰਾ
ਚਾਰੋਂ ਓਰ ਵਹੁ ਥਾਲੀ ਫਿਰੇ
ਮੋਤੀ ਉਸ ਸੇ ਏਕ ਨਾ ਗਿਰੇ
(ਅਕਾਸ਼)

ਅਤੇ
ਏਕ ਨਾਰ ਨੇ ਅਚਰਜ ਕੀਆ
ਸਾਂਪ ਮਾਰ ਪਿੰਜਰੇ ਮੇਂ ਦੀਆ
ਜਿਓਂ ਜਿਓਂ ਸਾਂਪ ਤਾਲ ਕੋ ਖਾਏ
ਸੂਖੇ ਤਾਲ ਸਾਂਪ ਮਰ ਜਾਏ
(ਦੀਵਾ ਬੱਤੀ)

ਖ਼ੁਸਰੋ ਦੀਆਂ ਬੁਝਾਰਤਾਂ ਤਕ ਪ੍ਰਸ਼ਨ ਉਤਪੰਨ ਹੋ ਜਾਂਦਾ ਹੈ ਕਿ ਕੀ ਸਭ ਤੋਂ ਪਹਿਲਾਂ ਬੁਝਾਰਤਾਂ ਇਸੇ ਨੇ ਲਿਖੀਆਂ ਹਨ ਜਾਂ ਇਸ ਤੋਂ ਪਹਿਲਾਂ ਵੀ ਪ੍ਰਚਲਤ ਸਨ? ਮੰਨਿਆ ਜਾ ਸਕਦਾ ਹੈ ਕਿ ਮੀਰ ਖ਼ੁਸਰੋ ਨੇ ਵੀ ਬੁਝਾਰਤਾਂ ਰਚੀਆਂ ਹੋਣ। ਪਰ ਲੋਕ-ਗੀਤਾਂ ਵਾਂਗ ਲੋਕ-ਬੁਝਾਰਤਾਂ ਵੀ ਮੀਰ ਖ਼ੁਸਰੋ ਤੋਂ ਪਹਿਲੋ ਪ੍ਰਚਲਤ ਸਨ। ਹੋ ਸਕਦੈ ਇਨ੍ਹਾਂ ਬੁਝਾਰਤਾਂ ਤੋਂ ਸੰਕੇਤ ਲੈ ਉਸ ਨੂੰ ਬੁਝਾਰਤਾਂ ਘੜ੍ਹਨ ਦਾ ਖਿਆਲ ਆਇਆ ਹੋਵੇ।

ਪੰਜਾਬ ਦੀਆਂ ਲੋਕ-ਬੁਝਾਰਤਾਂ ਵੀ ਪੰਜਾਬੀ ਲੋਕ-ਸਾਹਿਤ ਦਾ ਅਨਿੱਖੜਵਾਂ ਅੰਗ ਹਨ। ਇਹ ਬੁਝਾਰਤਾਂ ਕਈ ਪ੍ਰਕਾਰ ਦੇ ਨਿੱਕੇ ਨਿੱਕੇ ਛੰਦਾਂ ਅਤੇ ਧਾਰਨਾਵਾਂ ਵਿਚ ਰਚੀਆਂ ਮਿਲਦੀਆਂ ਹਨ। ਪੰਜਾਬ ਦਾ ਖੁੱਲ੍ਹਾ ਡੁੱਲ੍ਹਾ ਜੀਵਨ, ਕਾਰ ਵਿਹਾਰ ਅਤੇ ਨਿਤ ਵਰਤੋਂ ਦੀਆਂ ਵਸਤੂਆਂ ਦਾ ਝਲਕਾਰਾ ਉਨ੍ਹਾਂ ਵਿਚੋਂ ਸਾਫ ਦਿਸ ਆਉਂਦਾ ਹੈ।

ਗਰਮੀਆਂ ਦੀ ਰੁੱਤੇ, ਇੱਕੋ ਜਿਹੀ ਉਚਾਈ ਵਾਲੇ ਕੋਠਿਆਂ ਦੀਆਂ ਛੱਤਾਂ ਤੇ ਇਨ੍ਹਾਂ ਬੁਝਾਰਤਾਂ ਦਾ ਪਿੜ-ਰਾਤ ਸਮੇਂ ਰੋਟੀ ਟੁੱਕਰ ਖਾਣ ਮਗਰੋਂ ਲਗਦਾ ਹੈ। ਕੀ ਬੱਚੇ ਕੀ ਬੁੱਢੇ, ਕੀ ਮਰਦ ਕੀ ਤੀਵੀਆਂ ਸਭ ਇਸ ਪਿੜ ਵਿਚ ਭਾਗ ਲੈਂਦੀਆਂ ਹਨ। ਇਕ ਜਣਾ ਬੁਝਾਰਤ ਪਾਉਂਦਾ ਹੈ ਬਾਕੀ ਦੇ ਬੁੱਝਦੇ ਹਨ। ਜੇ ਨਾ ਬੁਝ ਸਕਣ ਤਾਂ ਬੁਝਾਰਤ 'ਸਿਰ ਚੜ੍ਹੀ' ਆਖ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਮੁਕਾਬਲਾ ਹੁੰਦਾ ਰਹਿੰਦਾ ਹੈ। ਖਿੱਤੀਆਂ ਘੁੰਮਦੀਆਂ ਰਹਿੰਦੀਆਂ ਹਨ। ਮੈਂ ਬੁਝਾਰਤ ਦੇ ਲੋਕ ਸਰਮਾਏ ਨੂੰ ਸਾਂਭਣ ਦਾ ਇਕ ਨਿੱਕਾ ਜਿਹਾ ਕਦਮ ਚੁਕਿਆ ਹੈ। ਕਿਥੋਂ ਤੀਕਰ ਸਫਲ ਹੋਇਆ ਹਾਂ ਇਹ ਪਾਠਕ ਹੀ ਦੱਸ ਸਕਣਗੇ।

ਇਹਦੀ ਪਹਿਲੀ ਪੁਸਤਕ ਪਾਠਕਾਂ ਦੇ ਹੱਥਾਂ 'ਚ ਦੇ ਕੇ ਮੈਨੂੰ ਅਤੀ ਮਾਣ ਮਹਿਸੂਸ ਹੋ ਰਿਹਾ ਹੈ। ਮਾਣ ਵਧੇਰੇ ਇਸ ਗੱਲ ਦਾ ਹੈ ਕਿ ਇਸ ਵਿਸ਼ੇ ਤੇ ਇਹ ਪਹਿਲੀ ਪੁਸਤਕ ਹੈ।

ਹੋ ਸਕਦੈ ਇਸ ਵਿਚ ਕਈ ਇਕ ਊਣਤਾਈਆਂ ਹੋਣ, ਜਿਨ੍ਹਾਂ ਨੂੰ ਦਰਸਾਉਣਾ ਸਿਆਣੇ ਪਾਠਕਾਂ ਦਾ ਕੰਮ ਹੈ। ਆਸ ਰੱਖਦਾ ਹਾਂ ਤੁਸੀਂ ਇਸ ਬਾਰੇ ਸੁਝਾਓ ਆਦਿ ਦੇ ਕੇ ਮੇਰਾ ਹੱਥ ਵਟਾਉਗੇ। ਮੈਂ ਤੁਹਾਡੀ ਹਰ ਰਾਏ ਨੂੰ 'ਜੀ ਆਇਆਂ' ਆਖਾਂਗਾ।

ਮੈਂ ਪਾਠਕਾਂ ਪਾਸੋਂ ਕੁਝ ਸਹਾਇਤਾ ਚਾਹੁੰਦਾ ਹਾਂ ਜੇ ਉਹ ਕਰ ਸਕਣ। ਖਿਲਰੇ ਹੋਏ ਸਾਹਿਤ ਨੂੰ ਕੱਲਾ ਕਾਰਾ ਉੱਨੀ ਗਿਣਤੀ ਵਿੱਚ ਇਕੱਤਰ ਨਹੀਂ ਕਰ ਸਕਦਾ ਜਿੰਨਾ ਅਸੀਂ ਸਾਰੇ ਰਲ ਕੇ ਕਰ ਸਕਦੇ ਹਾਂ। ਜੇ ਤੁਹਾਨੂੰ ਇਸ ਪੁਸਤਕ ਵਿਚ ਛਪੀਆਂ ਬੁਝਾਰਤਾਂ ਤੋਂ ਬਿਨਾਂ ਹੋਰ ਬੁਝਾਰਤਾਂ ਮਿਲਣ ਤਾਂ ਉਹ ਮੈਨੂੰ ਘੱਲਣ ਦੀ ਕ੍ਰਿਪਾਲਤਾ ਕਰਨੀ। ਇਸ ਤਰ੍ਹਾਂ ਅਸੀਂ ਸਾਰੇ ਰਲ ਕੇ ਇਸ਼ ਵਿਸ਼ੇ ਤੇ ਇਕ ਚੰਗੀ ਤੇ ਸੁਚੱਜੀ ਪੁਸਤਕ ਤਿਆਰ ਕਰਨ ਵਿਚ ਸਫਲ ਹੋ ਜਾਵਾਂਗੇ।

ਧੰਨਵਾਦੀ ਹਾਂ ਉਨ੍ਹਾਂ ਵੀਰਾਂ, ਭੈਣਾਂ ਅਤੇ ਮਾਤਾਵਾਂ ਦਾ ਜਿਨ੍ਹਾਂ ਨੇ ਲੋਕ ਬੁਝਾਰਤਾਂ ਲਿਖਵਾ ਕੇ ਮੈਨੂੰ ਸਹਿਯੋਗ ਦਿੱਤਾ ਹੈ। ਇਸ ਦੇ ਨਾਲ ਹੀ ਰਿਣੀ ਹਾਂ ਸ: ਜੀਵਨ ਸਿੰਘ ਜੀ ਦਾ ਜਿਨ੍ਹਾਂ ਦੇ ਯਤਨ ਨਾਲ ਇਸ ਪੁਸਤਕ ਨੂੰ ਤੁਹਾਡੇ ਹੱਥਾਂ ਦੀ ਛੁਹ ਮਾਨਣ ਦਾ ਅਵਸਰ ਮਿਲਿਆ ਹੈ। ਅੰਤ ਵਿਚ ਮੈਂ ਅਜਾਇਬ ਚਿਤ੍ਰਕਾਰ ਦਾ ਜਿੰਨਾ ਵੀ ਧੰਨਵਾਦ ਕਰਾਂ ਉੱਨਾ ਹੀ ਥੋੜ੍ਹਾ ਹੈ ਕਿਉਂਕਿ ਆਪ ਨੇ ਵਿਦਵਤਾ ਭਰਿਆ ਮੁਖ-ਬੰਦ ਲਿਖਕੇ ਇਸ ਪੁਸਤਕ ਦੀ ਰੂਪ ਰੇਖਾ ਨੂੰ ਵਧੇਰੇ ਨਿਖਾਰਿਆ ਤੇ ਵੱਖੋ ਵੱਖ ਕਾਂਡਾਂ ਦੇ ਢੁਕਵੇਂ ਚਿਤਰ ਬਣਾ ਕੇ ਸ਼ਿੰਗਾਰਿਆ ਹੈ।

ਮਾਦਪੁਰ, ਜ਼ਿਲ੍ਹਾ ਲੁਧਿਆਣਾ ਸੁਖਦੇਵ ਮਾਦਪੁਰੀ

18 ਮਈ, 1956