ਲੋਕ ਬੁਝਾਰਤਾਂ/ਧਰਤੀ ਜਾਏ

ਵਿਕੀਸਰੋਤ ਤੋਂ

ਧਰਤੀ ਜਾਏ

ਜਦੋਂ ਇਨਸਾਨ ਕੰਮ ਕਰਦਾ ਕਰਦਾ ਥੱਕ ਜਾਵੇ ਤਾਂ ਉਹ ਥਕੇਵਾਂ ਲਾਹੁਣ ਲਈ ਦਿਲ ਪਰਚਾਵੇ ਦਾ ਕੋਈ ਨਾ ਕੋਈ ਸਾਧਨ ਜ਼ਰੂਰ ਲੱਭਦਾ ਹੈ। ਸ਼ਹਿਰਾਂ ਵਿਚ ਸਿਨੇਮਾ-ਘਰ, ਲਾਇਬਰੇਰੀਆਂ ਤੇ ਰੇਡੀਓ ਆਦਿ ਉਸ ਦੀ ਇਸ ਭੁੱਖ ਨੂੰ ਕਿਸੇ ਹਦ ਤੀਕਰ ਤ੍ਰਿਪਤ ਕਰ ਦੇਂਦੇ ਹਨ, ਪਰ ਪਿੰਡਾਂ ਵਿਚ ਉਹ ਸਹੂਲਤਾਂ ਨਹੀਂ ਮਿਲਦੀਆਂ ਜਿਹੜੀਆਂ ਕਿ ਸ਼ਹਿਰਾਂ ਵਿਚ ਆਮ ਮਿਲ ਜਾਂਦੀਆਂ ਹਨ।

ਚੰਨ-ਚਾਨਣੀਆਂ ਵਿਚ ਪਾਏ ਗਿੱਧੇ ਅਤੇ ਕਾਲੀਆਂ ਬੋਲੀਆਂ ਰਾਤਾਂ ਵਿਚ ਪਾਈਆਂ ਲੋਕ-ਬੁਝਾਰਤਾਂ ਕਾਫੀ ਹੱਦ ਤੀਕਰ ਦਿਲ-ਪਰਚਾਵੇ ਦਾ ਸਾਧਨ ਬਣ ਜਾਂਦੀਆਂ ਹਨ। ਬੁਝਾਰਤਾਂ ਦੇ ਪਿੜ ਵਿਚ ਤਾਂ ਨਿੱਕੇ ਤੋਂ ਲੈ ਕੇ ਬੁੱਢੇ ਤੀਕਰ ਸਭ ਭਾਗ ਲੈਂਦੇ ਹਨ। ਜਿਥੇ ਇਹ ਦਿਲ ਪਰਚਾਵੇ ਦਾ ਇਕ ਸਾਧਨ ਹੁੰਦੀਆਂ ਹਨ, ਓਥੇ ਮਨੁੱਖ ਦੀ ਸੋਚ-ਸ਼ਕਤੀ ਵਧਾਣ ਅਤੇ ਗਿਆਨ ਵਿਚ ਵਾਧਾ ਕਰਨ ਵਿਚ ਵੀ ਸਹਾਇਤਾ ਕਰਦੀਆਂ ਹਨ। ਲੋਕ ਗੀਤਾਂ ਵਾਂਗ ਇਨ੍ਹਾਂ ਦੇ ਵੀ ਕਈ ਵਿਸ਼ੇ ਹਨ। ਧਰਤੀ ਜਾਇਆਂ ਬਾਰੇ ਸਾਨੂੰ ਕਾਫੀ ਬੁਝਾਰਤਾਂ ਮਿਲਦੀਆਂ ਹਨ।

ਦਿਨੇ ਕਪਾਹ ਚੁੱਗ ਕੇ ਥੱਕੀਆਂ ਹੋਈਆਂ ਸੁਆਣੀਆਂ ਰਾਤੀਂ ਇਸ ਬਾਰੇ ਬੁਝਾਰਤਾਂ ਪਾ ਆਪਣਾ ਥਕੇਵਾਂ ਲਾਹੁੰਦੀਆਂ ਹਨ:-

ਮਾਂ ਜੰਮੀਂ ਪਹਿਲਾਂ
ਬਾਪੂ ਜੰਮਿਆਂ ਪਿਛੋਂ
ਬਾਪੂ ਨੇ ਅੱਖ ਮਟਕਾਈ
ਵਿਚੋਂ ਦਾਦੀ ਨਿੱਕਲ ਆਈ
(ਕਪਾਹ)

ਬੁਝਾਰਤਾਂ ਸੁਣ ਕੇ ਚਾਰੇ ਬੰਨੇ ਹਾਸਾ ਛਣਕ ਪੈਂਦਾ ਹੈ। ਕੋਈ ਸੂਝਵਾਨ ਹੀ ਬੜੇਵੇਂ ਦੇ ਬੀਜਣ ਤੋਂ ਲੈ ਕੇ ਕਪਾਹ ਖਿੜਨ ਤੀਕਰ ਦੀ ਕਹਾਣੀ ਦੱਸ ਕੇ ਉਤਰ ਦੇਂਦਾ ਹੈ।

ਇਸੇ ਗੱਲ ਨੂੰ ਕੋਈ ਹੋਰ ਸਰੋਤਾ ਸਪੱਸ਼ਟ ਕਰ ਦੇਂਦਾ ਹੈ :-

ਬੀਜੇ ਰੋੜ
ਜੰਮੇਂ ਝਾੜ
ਲੱਗੇ ਨੇਂਬੂ
ਖਿੜੇ ਅਨਾਰ
(ਕਪਾਹ)

ਕਪਾਹ ਦਾ ਵਰਣਨ ਸੁਣ ਕੇ ਕਿਸੇ ਚੋਗੀ ਦੀਆਂ ਅੱਖਾਂ ਅੱਗੇ ਕਪਾਹ ਦੇ ਖਿੜੇ ਖੇਤ ਦਾ ਨਜ਼ਾਰਾ ਅਤੇ ਚੁਗਣ ਮਗਰੋਂ ਖੇਤ ਦੀ ਤਰਸਯੋਗ ਹਾਲਤ ਆ ਲਟਕਦੀ ਹੈ:-

ਆੜ ਭਮਾੜ ਮੇਰੀ ਮਾਸੀ ਵਸਦੀ
ਜਦ ਮੈਂ ਜਾਵਾਂ ਖਿੜ ਖਿੜ ਹਸਦੀ
ਜਦ ਮੈਂ ਆਵਾਂ ਰੋ ਰੋ ਮਰਦੀ
(ਕਪਾਹ)

ਬੁੱਝਣ ਵਾਲ਼ੀ ਦੀਆਂ ਅੱਖਾਂ ਅੱਗੇ ਵੀ ਮੱਕੀ ਦੇ ਖੇਤ ਵਿਚ ਲਹਿਲਹਾਂਦੀ ਛੱਲੀ ਦੀ ਸ਼ਕਲ ਘੁੰਮਣ ਲੱਗ ਜਾਂਦੀ ਹੈ:-

ਹਰੀ ਸੀ ਮਨ ਭਰੀ ਸੀ
ਲਾਲ ਮੋਤੀਆਂ ਜੜੀ ਸੀ
ਬਾਬਾ ਜੀ ਦੇ ਖੇਤ ਵਿਚ
ਦੁਸ਼ਾਲਾ ਲਈ ਖੜੀ ਸੀ।
(ਛੱਲੀ)

ਛੱਲੀ ਦਾ ਨਾਂ ਸੁਣ ਝਟ ਕਿਸੇ ਨੂੰ ਕਣਕ ਦਾ ਦਾਣਾ ਯਾਦ ਆ ਜਾਂਦਾ ਹੈ:-

ਇਕ ਕੁੜੀ ਦੇ ਢਿਡ 'ਚ ਤੇੜ
(ਕਣਕ ਦਾ ਦਾਣਾ)

ਜਿੱਥੇ ਕਪਾਹ ਦਾ ਜ਼ਿਕਰ ਆਉਂਦਾ ਹੈ, ਓਥੇ ਕਪਾਹ ਦੇ ਜਨਮ-ਦਾਤੇ ਬੜੇਵੇਂ ਦੀ ਦੁਰਦਸ਼ਾ ਹਾਸਾ ਉਪਜਾਉਣ ਵਜੋਂ ਘੱਟ ਨਹੀਂ ਹੁੰਦੀ :-

ਦਖਾਣੀਂ ਲੁਹਾਰੀਂ ਸੰਦ ਮਿਲੇ

ਮਿਲੇ ਜੱਫੀਆਂ ਪਾ ਕੇ

ਖੋਹ ਦਾਹੜੀ, ਪੱਟ ਮੁੱਛਾਂ

ਛੱਡੇ ਨੰਗ ਬਣਾ ਕੇ।

(ਬੜੇਵੇਂ)

ਅਤੇ

ਉੱਚੇ ਟਿੱਬੇ ਸਿਰ ਮੁਨਾਇਆ,

ਰੁੜ੍ਹਦਾ ਰੁੜ੍ਹਦਾ ਘਰ ਨੂੰ ਆਇਆ।

(ਬੜੇਵਾਂ)

ਬਾਹਲੇ ਗੰਨੇ ਚੂਪਣ ਵਾਲੀ, ਗੰਨੇ ਦੀ ਪੋਰੀ ਦੀ ਆਪਣੀ ਮਨਪਸੰਦ ਬਾਰੇ ਬੁਝਾਰਤ ਪਾ ਦੇਂਦੀ ਹੈ :-

ਇਕ ਬਾਤ ਕਰਤਾਰੋ ਪਾਵੇ

ਸੁਣ ਵੇ ਭਾਈ ਹਕੀਮਾਂ

ਲੱਕੜੀਆਂ ਚੋਂ ਪਾਣੀ ਕੱਢਾਂ

ਚੁਕ ਬਣਾਵਾਂ ਢੀਮਾਂ

(ਗੰਨਾ ਤੇ ਗੁੜ)

ਮਿੱਠੇ ਗੰਨੇ ਦਾ ਨਾਂ ਕੌੜੀ ਮਿਰਚ ਨੂੰ ਵੀ ਲਿਆ ਅਖਾੜੇ ਵਿਚ ਖੜਾ ਕਰਵਾ ਦੇਂਦਾ ਹੈ :-

ਹਰੀ ਹਰੀ

ਲਾਲ ਲਾਲ

ਮੀਆਂ ਕਰੇ

ਹਾਲ ਹਾਲ

(ਮਿਰਚ)

ਜਾਂ

ਹਰੀ ਝੰਡੀ ਸੁਰਖ ਬਾਣਾ

ਬਖਤ ਪਿਆ ਚੂਰਨ ਖਾਣਾ

(ਮਿਰਚ)

ਹੋਰ

ਐਨੀ ਕੁ ਕੁੜੀ

ਉਹਦੇ ਨਿੱਕੇ ਨਿੱਕੇ ਦੰਦ

ਜੇ ਉਹਨੂੰ ਖਾਈਏ

ਤਾਂ ਪਾਵੇ ਡੰਡ

(ਮਿਰਚ)

ਅਤੇ

ਲਾਲ ਸੂਹੀ ਪੋਟਲੀ,

ਮੈਂ ਵੇਖ ਵੇਖ ਖੁਸ਼ ਹੋਈ,

ਹੱਥ ਲੱਗਾ ਤੇ ਪਿੱਟਣ ਲੱਗੀ,

ਨੀ ਅੰਮਾਂ ਮੈਂ ਮੋਈ।

(ਲਾਲ ਮਿਰਚ)

ਬਤਾਊਂ ਵੀ ਤਾਂ ਤਕਰੀਬਨ ਮਿਰਚਾਂ ਦੇ ਸਾਥੀ ਹੀ ਹੁੰਦੇ ਨੇ :-

ਕਾਲਾ ਸੀ ਕਲੱਤਰ ਸੀ,

ਕਾਲੇ ਪਿਉ ਦਾ ਪੁੱਤਰ ਸੀ।

ਆਡੋਂ ਪਾਣੀ ਪੀਂਦਾ ਸੀ,

ਬਰੂਟੀ ਛਾਵੇਂ ਬਹਿੰਦਾ ਸੀ।

(ਬਤਾਊਂ)

ਇਥੇ ਹੀ ਬੱਸ ਨਹੀਂ :

ਬਾਹਰੋਂ ਆਏ ਦੋ ਮਲੰਗ

ਹਰੀਆਂ ਟੋਪੀਆਂ ਨੀਲੇ ਰੰਗ

(ਬਤਾਊਂ)

ਪਿਆਜ਼ ਕਿਹੜਾ ਘੱਟ ਐ ਕਿਸੇ ਨਾਲੋਂ :-

ਬਾਤ ਦੀ ਬਤੇਈ

ਚਿੱਕੜ ਵਿਚ ਗਿੱਦੜ ਖੁੱਬਾ

ਪੂਛ ਨੰਗੀ ਰਹੀ

(ਪਿਆਜ਼)

ਪਿਆਜ਼ ਦੇ ਛਿਲਕੇ ਵੀ ਆਦਮੀ ਦੇ ਕਮੀਜ਼ ਹੀ ਜਾਪਦੇ ਨੇ :-

ਇੱਕ ਆਦਮੀ ਦੇ

ਸੱਠ ਝੱਗੇ

(ਪਿਆਜ਼)

ਜਮੈਣ ਵਧੇਰੇ ਪਿਆਜ਼ ਦੀਆਂ ਕਿਆਰੀਆਂ ਦੀਆਂ ਵੱਟਾਂ ਉਤੇ ਹੀ ਬੀਜੀ ਜਾਂਦੀ ਹੈ। ਪਿਆਜ਼ ਬਾਰੇ ਬੁਝਾਰਤ ਸੁਣ ਜਮੈਣ ਦਾ ਝੱਟ ਖਿਆਲ ਆ ਜਾਂਦਾ ਹੈ :-

ਹਰੀ ਝੰਡੀ ਸਬਜ਼ ਦਾਣਾ।

ਭੀੜ ਪਈ ਮੰਗ ਖਾਣਾ।

(ਜਮੈਣ)

ਇਹ ਆਮ ਦੇਖਣ ਵਿਚ ਆਇਆ ਹੈ ਕਿ ਖਰਬੂਜ਼ਿਆਂ ਦੀ ਰੁੱਤੇ ਪਿੰਡਾਂ ਵਿਚ ਕਈ ਆਦਮੀ ਕਈ ਕਈ ਡੰਗ ਖਰਬੂਜ਼ਿਆਂ ਨਾਲ ਹੀ ਟਪਾ ਲੈਂਦੇ ਹਨ। ਇਹੋ ਜਹੇ ਖਰਬੂਜ਼ਿਆਂ ਦੇ ਸ਼ੁਕੀਨ ਨੂੰ ਉਹ ਵਿਅਕਤੀ ਚੰਗਾ ਨਹੀਂ ਲਗਦਾ ਜਿਹੜਾ ਖਰਬੂਜ਼ਿਆਂ ਬਾਰੇ ਗਿਆਨ ਨਾ ਰਖਦਾ ਹੋਵੇ :-

ਗੋਲ ਮੋਲ ਝੱਕਰੀ



ਉੱਤੇ ਪੀਲਾ ਰੰਗ,

ਜਿਹੜਾ ਮੇਰੀ ਬਾਤ ਨੀ ਬੁੱਝੂ

ਉਹਦਾ ਪਿਓ ਨੰਗ।

(ਖਰਬੂਜ਼ਾ)

ਕਈ ਹਦਵਾਣਿਆਂ (ਤਰਬੂਜ਼ਾਂ) ਦੇ ਸ਼ੁਕੀਨ ਹੁੰਦੇ ਨੇ :-

ਮਾਂ ਲੀਰਾਂ ਕਚੀਰਾਂ

ਪੁਤ ਘੋਨ ਮੋਨ

(ਤਰਬੂਜ਼)

ਰੜੇ ਮੈਦਾਨ ਚੂਹਾ ਲੇਟੇ

(ਹਦਵਾਣਾ)

ਚਿੱਬ੍ਹੜਾਂ ਦੀ ਬੇਲ ਦਾ ਵੀ ਕਿਸੇ ਨੇ ਕਿਹਾ ਸੋਹਣਾ ਵਰਣਨ ਕੀਤਾ ਹੈ :-

ਬਹੂ ਆਈ ਆਪੇ

ਚਾਰ ਲਿਆਈ ਕਾਕੇ

ਇਕ ਗੋਦੀ, ਇਕ ਮੋਢੇ

ਇਕ ਬਾੜ ਕੰਨੀਂ ਝਾਕੇ

ਇਕ ਬਾਪੂ ਬਾਪੂ ਆਖੇ

(ਚਿਬ੍ਹੜਾਂ ਦੀ ਬੇਲ)

ਕਈ ਨਾਕੀ ਬੈਂਗਣਾਂ ਅਤੇ ਕੁੱਕੜੀਆਂ ਦੇ ਬਾੜੇ ਨੂੰ ਪਾਣੀ ਦੇਣ ਲੱਗਿਆਂ ਉਨ੍ਹਾਂ ਦੀਆਂ ਗੱਲਾਂ ਵੀ ਕਰਵਾ ਦੇਂਦੇ ਹਨ :-

ਜ਼ਮੀਨ ਤੇ ਪਈ ਕੱਕੜੀ ਪਾਣੀ ਆਉਣ ਦੀ ਆਵਾਜ਼ ਸੁਣਦੀ ਹੈ। ਉੱਚੇ ਲਟਕ ਰਹੇ ਬੈਂਗਣ ਤੋਂ ਖੜਾਕ ਬਾਰੇ ਪੁਛਦੀ ਹੈ :-

"ਵੇ ਲੜਕਦਾ"

'ਹਾਂ ਪਈ'

"ਆਹ ਕੀ ਆਉਂਦਾ ਖੜਕਦਾ?'"

‘ਤੂੰ ਪਈ’
‘ਮੈਂ ਲੜਕਦਾ'
'ਮੈਂ ਕੀ ਜਾਣਾ'
"ਆਹ ਕੀ ਆਉਂਦਾ ਖੜਕਦਾ"

(ਕੱਕੜੀ ਤੇ ਬੈਂਗਣ)



ਜੇ ਪਸ਼ੂ ਚਾਰਨ ਵਾਲੇ ਪਾਲੀ ਬੁਝਾਰਤਾਂ ਪਾਣ ਲੱਗ ਜਾਣ ਤਾਂ ਬੁੱਝਣ ਵਾਲੇ ਨੂੰ ਨਾਨੀ ਯਾਦ ਕਰਵਾ ਦੇਂਦੇ ਨੇ:
ਐਨੀ ਕੁ ਪਿੱਦੀ
ਪਿਦ ਪਿਦ ਕਰਦੀ
ਨਾ ਹੱਗੇ ਨਾ ਮੂਤੇ
ਕਿੱਲ੍ਹ ਕਿੱਲ੍ਹ ਮਰਦੀ

(ਛੋਲਿਆਂ ਦੀ ਟੁੱਟ)



ਬੁੱਝਣ ਵਾਲਾ ਤਾਂ ਕਿਸੇ ਜਾਨਵਰ ਦਾ ਖਿਆਲ ਕਰ ਰਿਹਾ ਹੁੰਦਾ ਏ, ਪਰ ਨਿੱਕਲ ਛੋਲਿਆਂ ਦੀ ਹਰੀ ਟਾਟ ਹੀ ਆਉਂਦੀ ਏ।

ਆਤਰ ਪੂਜਾਂ
ਪਾਤਰ ਪੂਜਾਂ
ਫੇਰ ਪੂਜਾਂ ਸਗਰੀ
ਬਿਨਾਂ ਪਾਤ ਕੋਈ ਛਟੀ ਲਿਆਵੇ
ਤਾਂ ਬੜੇ ਸਾਡੀ ਨਗਰੀ

(ਕੰਵਲ ਦੀ ਡੰਡੀ ਜਾਂ ਕਸੇਰ)



ਕੰਵਲ ਦੇ ਫੁੱਲ ਪਿੰਡਾਂ ਦੂਰ ਛਪੜਾਂ ਵਿਚ ਹੁੰਦੇ ਹਨ। ਪਾਲੀ ਹੀ ਪਸ਼ੂਆਂ ਨੂੰ ਪਾਣੀ ਪਿਲਾਣ ਗਏ ਦਰਸ਼ਨ ਕਰਦੇ ਹਨ ਇਨ੍ਹਾਂ ਦੇ।

ਬਾਹਰ ਪਾਲੀਆਂ ਦਾ ਕਈ ਪ੍ਰਕਾਰ ਦੇ ਬਿਛਾਂ ਨਾਲ ਵਾਹ ਪੈਂਦਾ ਹੈ। ਇਨ੍ਹਾਂ ਬ੍ਰਿਛਾਂ ਨੂੰ ਉਹ ਆਪਣੀਆਂ ਬੁਝਾਰਤਾਂ ਦਾ ਵਿਸ਼ਾ ਬਣਾ ਲੈਂਦੇ ਹਨ। ਕਿਸੇ ਨੇ ਪੱਤਿਆਂ ਤੋਂ ਬਿਨਾਂ ਕਰੀਰ ਦਾ ਦਰੱਖ਼ਤ ਵੇਖਿਆ, ਝਟ ਬੁਝਾਰਤ ਰਚ ਲਈ:-

ਹਰਾ ਫੁਲ, ਮੁਢ ਕੇਸਰੀ
ਬਿਨਾ ਪੱਤਾਂ ਦੇ ਛਾਂ
ਰਾਜਾ ਪੁੱਛੇ ਰਾਣੀ ਨੂੰ
ਕੀ ਬ੍ਰਿਛ ਦਾ ਨਾਂ?

(ਕਰੀਰ)

ਜਾਂ

ਜੜ ਹਰੀ ਫੁੱਲ ਕੇਸਰੀ
ਬਿਨ ਪੱਤਾਂ ਦੇ ਛਾਂ
ਜਾਂਦਾ ਰਾਹੀ ਸੌਂ ਗਿਆ
ਤੱਕ ਕੇ ਗੂੜ੍ਹੀ ਛਾਂ

(ਕਰੀਰ ਦਾ ਦਰਖਤ)

ਸਣ ਦੇ ਪੱਕ ਚੁਕੇ ਖੇਤ ਦੇ ਨਜ਼ਦੀਕ ਮੱਝਾਂ ਚਾਰਦਾ ਪਾਲੀ ਹਵਾ ਦੇ ਬੁੱਲੇ ਨਾਲ ਇਕ ਅਨੋਖਾ ਜਿਹਾ ਰਾਗ ਸੁਣਦਾ ਹੈ। ਝੱਟ ਬੁਝਾਰਤ ਸੁੱਝ ਜਾਂਦੀ ਹੈ:-

ਆਂਡੇ ਸੀ ਜਦ ਬੋਲਦੇ ਸੀ
ਬੱਚੇ ਬੋਲਣੋਂ ਰਹਿ ਗਏ
ਮੂਰਖਾਂ ਨੇ ਕੀ ਬੁੱਝਣੀ
ਚਤਰ ਬੁਝਣੋਂ ਰਹਿ ਗਏ

(ਸਣ ਦੇ ਬੀਜਾਂ ਦਾ ਗੁੱਛਾ)

ਬੇਰੀਆਂ ਤੇ ਪਸਰੀ ਹੋਈ ਅਮਰ-ਬੇਲ ਵੀ ਪਾਲੀ ਦੀਆਂ ਕਲਾਤਮਕ ਅੱਖਾਂ ਤੋਂ ਬਚਦੀ ਨਹੀਂ:-

ਇਕ ਦਰੱਖਤ ਕਲਕੱਤੇ
ਨਾ ਉਹਨੂੰ ਜੜ ਨਾ ਪੱਤੇ

(ਅਮਰ ਬੇਲ)

ਪਿੰਡੋਂ ਦੂਰ ਢੱਕੀ ਵਿਚ ਕੇਸੂ ਦੇ ਫੁੱਲ ਖਿੜ੍ਹਦੇ ਹਨ। ਖਿੜੇ ਫੁੱਲ ਮੱਝਾਂ ਚਾਰਦੇ ਪਾਲੀ ਨੂੰ ਚੰਗੇ ਲਗਦੇ ਹਨ। ਸਵਾਏ ਉਸ ਤੋਂ ਇਨ੍ਹਾਂ ਨੂੰ ਕੋਈ ਮਾਣਦਾ ਨਹੀਂ। ਢੱਕੀ ਵਿਚ ਜਾਣ ਤੋਂ ਬਹੁਤ ਲੋਕੀ ਡਰਦੇ ਹਨ। ਪਿੰਡ ਦਾ ਹਕੀਮ ਕਦੇ ਕਦੇ ਪਾਲੀ ਪਾਸੋਂ ਹੀ ਇਨ੍ਹਾਂ ਫੁੱਲਾਂ ਨੂੰ ਕਿਸੇ ਦਵਾਈ ਵਿੱਚ ਪਾਣ ਲਈ ਮੰਗਵਾਂਦਾ ਹੈ:-

ਉੱਚੀ ਟਾਹਲੀ ਤੋਤਾ ਬੈਠਾ
ਗਰਦਨ ਓਹਦੀ ਕਾਲੀ,
ਆਕੇ ਬੁੱਝੂ ਪੰਡਤ ਪਾਧਾ
ਜਾਂ ਬੁੱਝੂ ਕੋਈ ਪਾਲੀ।

(ਕੇਸੂ ਦੇ ਫੁੱਲ)

ਬਾਹਰ ਪਾਲੀ ਨੂੰ ਕਈ ਦਫਾ ਪੀਲੂਆਂ ਨਾਲ ਹੀ ਭੁੱਖ ਮਿਟਾਉਣੀ ਪੈਂਦੀ ਹੈ:-

ਰੜੇ ਮੈਦਾਨ ਸ਼ੀਂਹ ਡਿੱਠਾ
ਹੱਡੀਆਂ ਕੌੜੀਆਂ ਮਾਸ ਮਿੱਠਾ।

(ਪੀਲੂ)

ਖੇਤਾਂ ਵਿਚ ਖੜੀ ਬੱਬੜ ਅਤੇ ਕਾਹੀ ਵੀ ਬੁਝਾਰਤਾਂ ਦਾ ਵਿਸ਼ਾ ਬਣ ਜਾਂਦੀ ਹੈ:-

ਵਿੰਗ ਤੜਿੰਗੀ ਲਕੜੀ
ਉਤੇ ਬੈਠਾ ਕਾਜ਼ੀ
ਭੇਡਾਂ ਦਾ ਸਿਰ ਮੁੰਨਦਾ
ਮੀਢਾ ਹੋ ਗਿਆ ਰਾਜੀ।

(ਕਾਹੀ)

ਜਾਂ

ਰੜੇ ਮੈਦਾਨ ਵਿਚ
ਬੁੜ੍ਹੀ ਸਿਰ ਖੰਡਾਈ ਬੈਠੀ ਏ

(ਬੱਬੜ)

ਅੱਕ ਦਾ ਵਰਣਨ ਵੀ ਤਾਂ ਪ੍ਰਸੰਸਾ ਯੋਗ ਹੈ:-

ਅੰਬ ਅੰਬਾਲੇ ਦੇ
ਫੁਲ ਪਟਿਆਲੇ ਦੇ
ਰੂੰ ਜਗਰਾਂਵਾਂ ਦੀ
ਜੜ ਇੱਕੋ।

(ਅੱਕ)

ਬੇਰੀਆਂ ਨੂੰ ਬੂਰ ਪੈਣ ਸਮੇਂ ਮੋਤੀਆਂ ਦਾ ਭੁਲੇਖਾ ਪੈਂਦਾ ਹੈ। ਪਰ ਹਵਾ ਦਾ ਬੁੱਲਾ ਮੋਤੀ ਝਾੜ ਹੀ ਦੇਂਦਾ ਹੈ:-

ਬਾਤ ਪਾਵਾਂ
ਬਤੋਲੀ ਪਾਵਾਂ
ਬਾਤ ਨੂੰ ਲਾਵਾਂ ਮੋਤੀ
ਸਾਰੇ ਮੋਤੀ ਝੜ੍ਹ ਗਏ
ਬਾਤ ਰਹੀ ਖੜੀ ਖੜੋਤੀ

(ਬੇਰੀ)

ਬੇਰੀਆਂ ਨੂੰ ਲਾਲ ਲਾਲ ਬੇਰ ਲੱਗਣ ਸਮੇਂ ਸਾਰਾ ਜਹਾਨ ਇੱਟਾਂ ਪੱਥਰ ਲੈ ਇਨ੍ਹਾਂ ਦੀ ਪੇਸ਼ ਪੈ ਜਾਂਦਾ ਹੈ:-

ਹਰੀ ਸੀ ਮਨ ਭਰੀ ਸੀ
ਬਾਵਾ ਜੀ ਦੇ ਖੇਤ ਵਿਚ
ਦੁਸ਼ਾਲਾ ਲਈ ਖੜੀ ਸੀ,
ਜਦ ਤੋਂ ਪਹਿਨਿਆ ਸੂਹਾ ਬਾਣਾ

ਜੱਗ ਨੀ ਛਡਦਾ ਬੱਚੇ ਖਾਣਾ।

(ਬੇਰੀਆਂ ਦੇ ਬੇਰ)

ਜੇ ਕੋਈ ਨੰਗੇ ਪੈਰੀਂ ਭੱਤਾ ਲੈ ਕੇ ਜਾਵੇ ਤਾਂ ਕਈ ਵਾਰੀ ਖੇਤਾਂ ਵਿੱਚੋਂ ਭੱਖੜੇ ਦੇ ਕੰਡੇ ਮਲੂਕ ਪੈਰਾਂ ਵਿਚ ਚੁਭ੍ਹ ਜਾਂਦੇ ਹਨ। ਭੱਤੇ ਵਾਲੀ ਫੇਰ ਭਖੜੇ ਬਾਰੇ ਬੁਝਾਰਤ ਘੜ ਲੈਂਦੀ ਹੈ:-

ਗੱਭਰੂ ਜੁਆਨ
ਮੁੰਡਾ ਕੌਂਤਕੀ

(ਭੱਖੜਾ)

ਜਾਂ

ਨਿਕਾ ਜਿਹਾ ਬਹਿੜਕਾ
ਸਿੰਗਾਂ ਤੋਂ ਨਹਿੜਕਾ
ਦੇਖੋ ਬੁੜ੍ਹੀਓ ਮਾਰਦਾ
ਖੂਨ ਗੁਜਾਰਦਾ

(ਭੱਖੜਾ)

ਅਤੇ

ਛੋਟਾ ਜਿਹਾ ਬਹਿੜਕਾ
ਸਿੰਗਾਂ ਤੋਂ ਨਾਰਾ
ਜੇ ਮਾਰੇ ਤਾਂ ਕਰ ਦੇਵੇ ਕਾਰਾ

(ਭੱਖੜਾ)

ਜੇਕਰ ਬੁਝਾਰਤਾਂ ਪਾਉਣ ਵਾਲਾ ਕੋਈ ਅਫ਼ੀਮੀ ਹੋਵੇ ਤਾਂ ਉਸ ਨੂੰ ਪੋਸਤ ਬਾਰੇ ਹੀ ਬੁਝਾਰਤਾਂ ਸੁਝਦੀਆਂ ਹਨ:-

ਹਰਾ ਪੱਤ
ਪੀਲਾ ਪੱਤ
ਉੱਤੇ ਬੈਠਾ


ਘੁੱਕਰ ਜੱਟ

(ਪੋਸਤ ਦਾ ਡੋਡਾ)

ਜਾਂ

ਉਹ ਕਬੂਤਰ ਕੈਸਾ
ਜੀਹਦੀ ਚੁੰਝ ਉੱਤੇ ਪੈਸਾ

(ਪੋਸਤ ਦਾ ਡੋਡਾ)

ਹੱਥ ਕੁ ਟਾਂਡਾ
ਬਿਨ ਘੁਮਾਰ
ਘੜਿਆ ਭਾਂਡਾ,
ਐਸੀ ਘੜਨੀ ਕੋਈ ਨਾ ਘੜੇ
ਮਰਦ ਦੇ ਪੇਟ ਇਸਤਰੀ ਪੜੇ

(ਪੋਸਤ ਵਿਚ ਅਫੀਮ)

ਇਸੇ ਇਸਤਰੀ ਦੀ ਖਾਤਰ ਤਾਂ ਸਭ ਕੁਝ ਮਨਜ਼ੂਰ ਹੈ:-

ਪੰਜ ਕੋਹ ਪਟੜੀ
ਪੰਜਾਹ ਕੋਹ ਠਾਣਾ,
ਹੀਰ ਨਹੀਂ ਛੱਡਣੀ
ਕੈਦ ਹੋ ਜਾਣਾ।

ਡੋਡੇ ਪੀਣ ਵਾਲਿਆਂ ਨੂੰ ਤਾਂ ਕਮਲੇ ਹੀ ਸੱਦਿਆ ਜਾਂਦਾ ਹੈ:-

ਲਕੜੀ ਤੇ ਟੋਪੀ
ਤੇ ਟੋਪੀ ਵਿਚ ਚਾਵਲ,
ਚਾਵਲ ਖਾਂਦੇ ਰਮਲੇ
ਤੇ ਟੋਪੀ ਖਾਂਦੇ ਕਮਲੇ।

(ਪੋਸਤ ਦੇ ਡੋਡੇ)

ਇਸ ਸਚਾਈ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਪਿੰਡਾਂ ਵਿਚ ਫਲਾਂ ਨੂੰ ਬਹੁਤ ਘਟ ਥਾਂ ਦਿੱਤੀ ਗਈ ਹੈ। ਇਸ ਦਾ ਵੱਡਾ ਤੇ ਕੁਦਰਤੀ ਕਾਰਨ ਇਹ ਹੈ ਕਿ ਗੰਨਿਆ, ਗਾਜਰਾਂ ਖਰਬੂਜ਼ਿਆਂ ਤੇ ਮੂਲੀਆਂ ਆਦਿ ਨੇ ਇਨ੍ਹਾਂ ਦੀ ਥਾਂ ਨੂੰ ਪੂਰਾ ਕਰ ਦਿੱਤਾ ਹੈ। ਉਂਜ ਇਹ ਮਿਲ ਵੀ ਤਾਂ ਬਿਨਾਂ ਪੈਸਿਆਂ ਤੋਂ ਜਾਂਦੀਆਂ ਹਨ। ਅੱਜ ਕੱਲ੍ਹ ਸ਼ਹਿਰਾਂ ਦੇ ਨੇੜੇ ਦੇ ਪਿੰਡਾਂ ਵਿਚ ਛਾਬੜੀ ਵਾਲੇ ਫਲ ਲੈ ਕੇ ਤਾਂ ਜ਼ਰੂਰ ਜਾਂਦੇ ਹਨ, ਪਰ ਫਲ ਖਰੀਦੇ ਬਹੁਤ ਘੱਟ ਜਾਂਦੇ ਹਨ। ਇਹੀ ਕਾਰਨ ਹੈ ਕਿ ਫਲਾਂ ਬਾਰੇ ਬਹੁਤ ਘੱਟ ਬੁਝਾਰਤਾਂ ਮਿਲਦੀਆਂ ਹਨ।

ਸ਼ਾਇਦ ਅੰਬ ਇਕ ਅਜਿਹਾ ਫਲ ਹੈ ਜਿਹੜਾ ਦੂਸਰੇ ਫਲਾਂ ਦੀ ਨਿਸਬਤ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਹੈ। ਉਂਜ ਇਹ ਮਿਲ ਵੀ ਸਸਤਾ ਹੀ ਜਾਂਦਾ ਹੈ। ਅੰਬ ਬਾਰੇ ਦੋ ਬੁਝਾਰਤਾਂ ਹੇਠ ਦਿੱਤੀਆਂ ਜਾਂਦੀਆਂ ਹਨ:

ਅਸਮਾਨੋਂ ਡਿਗਿਆ ਬੱਕਰਾ
ਉਹਦੇ ਮੂੰਹ 'ਚੋਂ ਨਿਕਲੀ ਲਾਲ
ਢਿਡ ਪਾੜਕੇ ਦੇਖਿਆ
ਉਹਦੀ ਛਾਤੀ ਉੱਤੇ ਬਾਲ

(ਅੰਬ)

ਜਾਂ

ਕੱਲਰ ਪਿਆ ਪਟਾਕਾ
ਸੁਣ ਗਏ ਦੋ ਜਣੇ
ਜਿਨ੍ਹਾਂ ਨੇ ਸੁਣਿਆ
ਉਨ੍ਹਾਂ ਨੇ ਚੁਕਿਆ ਨਾ
ਚੁਕ ਲੈ ਗਏ ਦੋ ਹੋਰ ਜਣੇ
ਜਿਨ੍ਹਾਂ ਚੁਕਿਆ
ਉਨ੍ਹਾਂ ਖਾਧਾ ਨਾ
ਖਾ ਗਏ ਦੋ ਹੋਰ ਜਣੇ

(ਅੰਬ)

ਬਾਦਾਮਾਂ ਦੀ ਵਰਤੋਂ ਤਾਂ ਪਿੰਡਾਂ ਵਿਚ ਆਮ ਕੀਤੀ ਜਾਂਦੀ ਹੈ। ਔਰਤਾਂ ਦੇ ਜਨਮ ਸਮੇਂ ਜਿਹੜਾ ਦਾਬੜਾ ਆਦਿ ਰਲਾ ਕੇ ਦਿੱਤਾ ਜਾਂਦਾ ਹੈ ਉਸ ਵਿਚ ਵੀ ਬਾਦਾਮਾਂ ਦੀ ਗਿਰੀ ਪਾਈ ਜਾਂਦੀ ਹੈ। ਹੋਰ ਖਾਣ ਵਾਲੇ ਪਦਾਰਥਾਂ ਵਿਚ ਵੀ ਵਰਤਿਆ ਜਾਂਦਾ ਹੈ। ਗਰਮੀਆਂ ਦੀ ਰੁੱਤੇ ਲੋਕ ਇਨ੍ਹਾਂ ਦੀ ਸਰਦਾਈ ਬਣਾ ਕੇ ਪੀਂਦੇ ਹਨ। ਬਾਦਾਮ ਬਾਰੇ ਇਕ ਬੁਝਾਰਤ ਇਸ ਤਰ੍ਹਾਂ ਹੈ:-

ਹੇਠਾਂ ਕਾਠ
ਉੱਤੇ ਕਾਠ
ਗੱਭੇ ਬੈਠਾ
ਜਗਨ ਨਾਥ

(ਬਾਦਾਮ)

ਵਿਆਹ ਸ਼ਾਦੀਆਂ ਸਮੇਂ ਜਾਂ ਹੋਰ ਧਾਰਮਕ ਰਸਮਾਂ ਅਦਾ ਕਰਨ ਸਮੇਂ ਜਿਵੇਂ ਯਗ ਆਦਿ ਕਰਨ ਸਮੇਂ ਨਾਰੀਅਲ ਦੀ ਆਮ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਉਪਰੰਤ ਇਸ ਨੂੰ ਹੋਰਨਾਂ ਘਰੇਲੂ ਖਾਣ ਵਾਲੇ ਪਦਾਰਥਾਂ ਵਿਚ ਵੀ ਵਰਤ ਲਿਆ ਜਾਂਦਾ ਹੈ।

ਨਾਰੀਅਲ ਬਾਰੇ ਇਕ ਬੁਝਾਰਤ ਕਿਸੇ ਨੇ ਇਸ ਤਰ੍ਹਾਂ ਰਚੀ ਹੈ:-

ਵੇਖੋ ਯਾਰੋ
ਕਟੋਰੇ ਵਿਚ ਕਟੋਰਾ
ਪੁੱਤਰ ਪਿਓ ਤੋਂ ਵੀ ਗੋਰਾ

(ਨਾਰੀਅਲ)

ਜਦ ਕਿਸੇ ਨੇ ਪਹਿਲੀ ਵਾਰੀ ਅਨਾਰ ਨੂੰ ਤਕਿਆ। ਉਸ ਨੂੰ ਅਨਾਰ ਦੇ ਦੱਧ ਚਿੱਟੇ ਦਾਣੇ ਕਿਸੇ ਬੱਚੇ ਦੇ ਦੁੱਧ ਚਿੱਟੇ ਦੰਦ ਜਾਪੇ:-

ਮੂੰਹ ਬੰਦ
ਢਿੱਡ ਵਿਚ ਦੰਦ

(ਅਨਾਰ)

ਜਿੱਥੇ ਕੁਦਰਤ ਨੇ ਸੰਗਤਰਾ ਬਨਾਣ ਵਿਚ ਆਪਣਾ ਕਮਾਲ ਵਿਖਾਇਆ ਹੈ ਓਥੇ ਕਿਸੇ ਪੇਂਡੂ ਰਸਕ ਮਨ ਨੇ ਵੀ ਸੰਗਤਰੇ ਬਾਰੇ ਬੁਝਾਰਤ ਰਚਣ ਵਿਚ ਕਸਰ ਨਹੀਂ ਛੱਡੀ। ਦੋਨੋਂ ਹੀ ਪ੍ਰਸੰਸਾ ਯੋਗ ਹਨ:-

ਇਕ ਖੂਹ ਵਿਚ
ਨੌਂ ਦਸ ਪਰੀਆਂ
ਜਦ ਤੱਕੋ
ਸਿਰ ਜੋੜੀ ਖੜੀਆਂ
ਜਦੋਂ ਖੋਹਲਿਆ
ਖੂਹ ਦਾ ਪਾਟ
ਦਿਲ ਕਰਦੈ
ਸਭ ਕਰ ਜਾਂ ਚਾਟ

(ਸੰਗਤਰਾ)