ਪੰਨਾ:ਕੂਕਿਆਂ ਦੀ ਵਿਥਿਆ.pdf/364

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੬o

ਕੂਕਿਆਂ ਦੀ ਵਿਥਿਆ

ਇਤਹਾਸ-ਵਿਰੁਧ ਲਾਲਸਾ ਨੇ ਆਮ ਸਿਖ ਪੰਥ ਵਿਚ ਆਪ ਲਈ ਵਿਰੋਧ ਖੜਾ ਕਰ ਦਿੱਤਾ ਤੇ ਤਖਤਾਂ ਤੋਂ ਕੂਕਿਆਂ ਦੇ ਵਿਰੁਧ ਹੁਕਮ-ਨਾਮੇ ਜਾਰੀ ਹੋ ਗਏ, ਅਤੇ ਕੁਝ ੧੮੫੭ ਦੇ ਗਦਰ ਤੋਂ ਡਰੀ ਹੋਈ ਸਰਕਾਰ ਨੇ ਆਪ ਅਤੇ ਆਪ ਦੇ ਮੁਖੀ ਸੂਬਿਆਂ ਨੂੰ ਦੇਸ-ਨਿਕਾਲਾ ਦੇ ਕੇ ਅਤੇ ਭੈਣੀ ਵਿਚ ਪੁਲਸੀ ਨਿਗਰਾਨੀ ਲਾ ਕੇ ਲਹਿਰ ਨੂੰ ਦਬਾ ਦਿਤਾ। ਇਸ ਤੋਂ ਇਲਾਵਾ ਆਪ ਨੇ ਜੇ ਹਵਨ ਅਤੇ ਵਿਆਹ ਸ਼ਾਦੀ ਵੇਲੇ ਯਾ ਮ੍ਰਿਤੂ ਤੋਂ ਬਾਦ ਬ੍ਰਾਹਮਣਾਂ ਦੀ ਵੇਦੀ, ਪਿੰਡ, ਪੱਤਲ, ਕਿਰਿਆ, ਗਊ ਪੁੰਨ ਆਦਿ ਹਿੰਦੂ ਰਸਮਾਂ ਦੀ ਆਗਿਆ ਦੇ ਦਿੱਤੀ ਅਤੇ ਹਿੰਦੂ ਤਿਓਹਾਰਾਂ ਦੀ ਮਨਾਹੀ ਨਹੀਂ ਸੀ ਕੀਤੀ ਉਸ ਨੇ ਸਿੱਖਾਂ ਨੂੰ ਬ੍ਰਾਹਮਣੀ ਜਾਲ ਤੋਂ ਪੂਰੀ ਤਰਾਂ ਆਜ਼ਾਦ ਨਾ ਹੋਣ ਦਿਤਾ। ਹਾਂ, ਪਰ ਇਹ ਗੱਲ ਠੀਕ ਹੈ ਕਿ ਆਪ ਦੀ ਜਗਾਈ ਹੋਈ ਜੋਤ ਮੱਧਮ ਤਾਂ ਭਾਵੇਂ ਪੈ ਗਈ ਪਰ ਉੱਕੀ ਹੀ ਬਝੀ ਨਾ, ਅਤੇ ਪਿੱਛੋਂ ਛੇਤੀ ਹੀ ਸਿੰਘ ਸਭਾ ਲਹਿਰ ਦੀ ਸ਼ਕਲ ਵਿਚ ਇਕ ਲਾਟ ਵਾਙੂ ਬਲ ਉਠੀ ਤੇ ਉਸ ਨੇ ਸਿਖਾਂ ਉਤੇ ਪਏ ਹੋਏ ਹਿੰਦੂ ਪਰਛਾਵੇਂ ਨੂੰ ਦੂਰ ਕਰਨ ਲਈ ਇਕ ਜ਼ੋਰਦਾਰ ਹੰਭਲਾ ਮਾਰਿਆ।

Digitized by Panjab Digital Library/ www.panjabdigilib.org