ਸਮੱਗਰੀ 'ਤੇ ਜਾਓ

ਖੰਡ ਮਿਸ਼ਰੀ ਦੀਆਂ ਡਲ਼ੀਆਂ/ਧਰਤੀ ਦੇ ਲਾਲ

ਵਿਕੀਸਰੋਤ ਤੋਂ

91
ਕੱਚੀ ਕੈਲ ਉਮਰ ਦੀ ਨਿਆਣੀ
ਪੱਟੀ ਤੇਰੇ ਲੱਡੂਆਂ ਨੇ
92
ਕੱਚੀਆਂ ਕੈਲਾਂ ਨੂੰ
ਜੀ ਸਭਨਾਂ ਦਾ ਕਰਦਾ
93
ਚੰਨਣ
ਮੁੰਡਾ ਸੁੱਕ ਗਿਆ ਚੰਨਣ ਦਾ ਬੂਟਾ
ਤੇਰੇ ਪਿੱਛੇ ਗੋਰੀਏ ਰੰਨੇ
94
ਰੱਤਾ ਪਲੰਘ ਚੰਨਣ ਦੇ ਪਾਵੇ
ਤੋੜ ਤੋੜ ਖਾਣ ਹੱਡੀਆਂ
95
ਚੰਬਾ ਕਲੀ
ਹੱਸਦੀ ਨੇ ਫੁੱਲ ਮੰਗਿਆ
ਸਾਰਾ ਬਾਗ ਹਵਾਲੇ ਕੀਤਾ
96
ਜੇ ਨਾ ਮੁਕਲਾਵੇ ਜਾਂਦੀ
ਰਹਿੰਦੀ ਫੁੱਲ ਵਰਗੀ
97
ਝੁੱਕ ਕੇ ਚੱਕ ਲੈ ਪਤਲੀਏ ਨਾਰੇ
ਪਾਣੀ ਉੱਤੇ ਫੁੱਲ ਤਰਦਾ
98
ਤਾਹੀਓਂ ਕਲੀਆਂ ਸ਼ਰਮ ਨਾਲ ਝੁਕੀਆਂ
ਬਾਗ਼ ਵਿਚੋਂ ਲੰਘੀ ਹੱਸ ਕੇ
99
ਫੁੱਲ ਤੋੜ ਕੇ ਕਦੀ ਨਾ ਖਾਂਦੇ
ਭੌਰ ਭੁੱਖੇ ਵਾਸ਼ਨਾਂ ਦੇ
100
ਮੇਰਾ ਯਾਰ ਚੰਬੇ ਦੀ ਮਾਲ਼ਾ
ਦਿਲ ਵਿੱਚ ਰਹੇ ਮਹਿਕਦਾ
101
ਰੌਂ ਗਿਆ ਹੱਡਾਂ ਵਿੱਚ ਸਾਰੇ
ਸੁੰਘਿਆ ਸੀ ਫੁੱਲ ਕਰਕੇ

102
ਜੰਡ
ਮੈਨੂੰ ਕੱਲੀ ਨੂੰ ਚੁਬਾਰਾ ਪਾ ਦੇ
ਰੋਹੀ ਵਾਲਾ ਜੰਡ ਵੱਢ ਕੇ
103
ਮਰਗੀ ਨੂੰ ਰੁੱਖ ਰੋਣ ਗੇ
ਅੱਕ ਢੱਕ ਤੇ ਕਰੀਰ ਜੰਡ ਬੇਰੀਆਂ
104
ਤੂਤ
ਜੰਡ ਸਰੀਂਹ ਨੂੰ ਦੱਸੇ
ਤੂਤ ਨਹੀਓਂ ਮੂੰਹੋ ਬੋਲਦਾ
105
ਬੰਤੋ ਬਣ ਬੱਕਰੀ
ਜੱਟ ਬਣਦਾ ਤੂਤ ਦਾ ਟਾਹਲਾ
106
ਨੀ ਮੈਂ ਲਗਰ ਤੂਤ ਦੀ
ਲੜ ਮਧਰੇ ਦੇ ਲਾਈ
107
ਟਾਹਲੀ
ਕੱਲੀ ਹੋਵੇ ਨਾ ਬਣਾਂ ਵਿੱਚ ਟਾਹਲੀ
ਕੱਲਾ ਨਾ ਹੋਵੇ ਪੁੱਤ ਜੱਟ ਦਾ
108
ਨਿੰਮ
ਕੌੜੀ ਨਿੰਮ ਨੂੰ ਪਤਾਸੇ ਲੱਗਦੇ
ਵਿਹੜੇ ਛੜਿਆਂ ਦੇ
109
ਤੇਰੀ ਸਿਖਰੋਂ ਪੀਂਘ ਟੁੱਟ ਜਾਵੇ
ਨਿੰਮ ਨਾਲ ਝੂਟਦੀਏ
110
ਤੇਰੇ ਝੁਮਕੇ ਲੈਣ ਹੁਲਾਰੇ
ਨਿੰਮ ਨਾਲ ਝੂਟਦੀਏ
111
ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ
ਨਿੰਮ ਨਾਲ ਝੂਟਦੀਏ

112
ਨਿੰਮ ਦਾ ਕਰਾ ਦੇ ਘੋਟਣਾ
ਕਿਤੇ ਸੱਸ ਕੁਟਣੀ ਬਣ ਜਾਵੇ
113
ਨਿੰਬੂ
ਦੋ ਨਿੰਬੂ ਪੱਕੇ ਘਰ ਤੇਰੇ
ਛੁੱਟੀ ਲੈ ਕੇ ਆ ਜਾ ਨੌਕਰਾ
114
ਮੈਨੂੰ ਸਾਹਿਬ ਛੁੱਟੀ ਨਾ ਦੇਵੇ
ਨਿੰਬੂਆਂ ਨੂੰ ਬਾੜ ਕਰ ਲੈ
115
ਦੋ ਨਿੰਬੂਆਂ ਨੇ ਪਾੜੀ
ਕੁੜਤੀ ਮਲਮਲ ਦੀ
116
ਨਿੰਬੂ ਅੰਬ ਅਰ ਬਾਣੀਆਂ
ਗਲ ਘੁਟੇ ਰਸ ਦੇ
117
ਪਿੱਪਲ
ਪਿੱਪਲਾ ਦਸ ਦੇ ਵੇ
ਕਿਹੜਾ ਰਾਹ ਸੁਰਗਾਂ ਨੂੰ ਜਾਵੇ
118
ਬੋਹੜ
ਹੇਠ ਬਰੋਟੇ ਦੇ
ਦਾਤਣ ਕਰੇ ਸੁਨਿਆਰੀ
119
ਹੇਠ ਬਰੋਟੇ ਦੇ
ਸਾਨੂੰ ਰੱਬ ਦੇ ਦਰਸ਼ਨ ਹੋਏ
120
ਬੇਰ
ਚਿੱਤ ਬੱਕਰੀ ਲੈਣ ਨੂੰ ਕਰਦਾ
ਬੰਨੇ ਬੰਨੇ ਲਾ ਦੇ ਬੇਰੀਆਂ
121
ਬੇਰੀਆਂ ਦੇ ਬੇਰ ਮੁਕ ਗੇ
ਦਸ ਕਿਹੜੇ ਬਹਾਨੇ ਆਵਾਂ

122
ਸਾਨੂੰ ਬੇਰੀਆਂ ਦੇ ਬੇਰ ਪਿਆਰੇ
ਨਿਉਂ ਨਿਉਂ ਚੁਕ ਗੋਰੀਏ
123
ਮਿੱਠੇ ਬੇਰ ਫੇਰ ਨੀ ਥਿਆਉਣੇ
ਸਾਰਾ ਸਾਲ ਡੀਕਦੀ ਰਹੀਂ
124
ਮਿੱਠੇ ਬੇਰ ਬੇਰੀਏ ਤੇਰੇ
ਸੰਗਤਾਂ ਨੇ ਇੱਟ ਮਾਰਨੀ
125
ਮਿੱਠੇ ਬੇਰ ਸੁਰਗ ਦਾ ਮੇਵਾ
ਕੋਲੋ ਕੋਲ ਬੇਰ ਚੁਗੀਏ
126
ਮਿੱਠੇ ਯਾਰ ਦੇ ਬਰੋਬਰ ਬਹਿ ਕੇ
ਮਿੱਠੇ ਮਿੱਠੇ ਬੇਰ ਚੁਗੀਏ
127
ਬੇਰੀਆਂ ਦੇ ਬੇਰ ਪੱਕਗੇ
ਰੁਤ ਯਾਰੀਆਂ ਲਾਉਣ ਦੀ ਆਈ
128
ਭਾਬੀ ਤੇਰੀ ਗਲ੍ਹ ਵਰਗਾ
ਮੈਂ ਬੇਰੀਆਂ 'ਚੋਂ ਬੇਰ ਲਿਆਂਦਾ
129
ਬੇਰੀਆਂ ਦੇ ਬੇਰ ਖਾਣੀਏਂ
ਗੋਰੇ ਰੰਗ ਤੇ ਝਰੀਟਾਂ ਆਈਆਂ
130
ਬੇਰੀਆਂ ਨੂੰ ਬੇਰ ਲੱਗ ਗੇ
ਤੇਨੂੰ ਕੁਝ ਨਾ ਲੱਗਾ ਮੁਟਿਆਰੇ
131
ਵੇਲ
ਕੁੜੀ ਪੱਟ ਦੀ ਤਾਰ ਦਾ ਬਾਟਾ
ਦੂਹਰੀ ਹੋਈ ਵੇਲ ਦਿਸੇ
132
ਤੈਨੂੰ ਯਾਰ ਰੱਖਣਾ ਨਾ ਆਇਆ
ਵਧਗੀ ਵੇਲ ਜਹੀ

133
ਇੱਖ
ਗੰਨੇ ਚੂਪ ਲੈ ਜੱਟਾਂ ਦੇ ਪੋਲੇ
ਲੱਡੂ ਖਾਲੈ ਬਾਣੀਆਂ ਦੇ
134
ਕਾਲੀ ਤਿੱਤਰੀ ਕਮਾਦੋਂ ਨਿਕਲੀ
ਉਡਦੀ ਨੂੰ ਬਾਜ ਪੈ ਗਿਆ
135
ਅਲਸੀ
ਮੇਰੀ ਨਣਦ ਚੱਲੀ ਮੁਕਲਾਵੇ
ਅਲਸੀ ਦੇ ਫੁੱਲ ਵਰਗੀ
136
ਸਰ੍ਹੋਂ
ਸਰਵਾਂ ਫੁੱਲੀਆਂ ਤੋਂ
ਕਦੀ ਜਟ ਦੇ ਖੇਤ ਨਾ ਜਾਈਏ
137
ਕਿਹੜੀ ਐਂ ਨੀ ਸਾਗ ਤੋੜਦੀ
ਹੱਥ ਸੋਚ ਕੇ ਗੰਦਲ ਨੂੰ ਪਾਈਂ
138
ਕੀ ਲੈਣੇ ਸ਼ਹਿਰਨ ਬਣ ਕੇ
ਸਾਗ ਨੂੰ ਤਰਸੇਂ ਗੀ
139
ਕਾਹਨੂੰ ਆ ਗਿਐਂ ਸਰ੍ਹੋਂ ਦਾ ਫੁੱਲ ਬਣ ਕੇ
ਮਾਪਿਆਂ ਨੇ ਤੋਰਨੀ ਨਹੀਂ
140
ਤੈਨੂੰ ਗੰਦਲਾਂ ਦਾ ਸਾਗ ਤੁੜਾਵਾਂ
ਸਰ੍ਹੋਂ ਵਾਲੇ ਆ ਜੀਂ ਖੇਤ ਨੂੰ
141
ਜਦੋਂ ਰੰਗ ਸੀ ਸਰ੍ਹੋਂ ਦੇ ਫੁਲ ਵਰਗਾ
ਓਦੋਂ ਕਿਉਂ ਨਾ ਆਇਆ ਮਿੱਤਰਾ
142
ਯਾਰੀ ਪਿੰਡ ਦੀ ਕੁੜੀ ਨਾਲ ਲਾਈਏ
ਸਰ੍ਹਵਾਂ ਫੁੱਲੀਆਂ ਤੇ
143
ਕਪਾਹ
ਆਪੇ ਲਿਫ ਜਾਂ ਕਪਾਹ ਦੀਏ ਛਟੀਏ
ਪਤਲੋ ਦੀ ਬਾਂਹ ਥੱਕਗੀ

144
ਹਾੜ੍ਹੀ ਵਢ੍ਹ ਕੇ ਬੀਜਦੇ ਨਰਮਾ
ਚੁਗਣੇ ਨੂੰ ਮੈਂ ਤੱਕੜੀ
145
ਕੱਤੇ ਦੀ ਕਪਾਹ ਵੇਚ ਕੇ
ਮੇਰਾ ਮਾਮਲਾ ਨਾ ਹੋਇਆ ਪੂਰਾ
146
ਤਾਰੋ ਹੱਸਦੀ ਖੇਤ ਚੋਂ ਲੰਘਗੀ
ਜੱਟ ਦੀ ਕਪਾਹ ਖਿੜਗੀ
147
ਮਲਮਲ ਵਟ ਤੇ ਖੜ੍ਹੀ
ਚਿੱਟਾ ਚਾਦਰਾ ਕਪਾਰ ਨੂੰ ਗੋਡੀ ਦੇਵੇ
148
ਪਰੇ ਹਟ ਜਾ ਕਪਾਹ ਦੀਏ ਛਟੀਏ
ਪਤਲੋ ਨੂੰ ਲੰਘ ਜਾਣ ਦੇ
149
ਭਲਕੇ ਕਪਾਹ ਦੀ ਬਾਰੀ
ਵੱਟੋ ਵੱਟ ਆ ਜੀਂ ਮਿੱਤਰਾ
150
ਕਰੇਲੇ
ਗੰਢੇ ਤੇਰੇ ਕਰੇਲੇ ਮੇਰੇ
ਖੂਹ ਤੇ ਮੰਗਾ ਲੈ ਰੋਟੀਆਂ
151
ਗੰਢੇ ਤੇਰੇ ਕਰੇਲੇ ਮੇਰੇ
ਰਲ ਕੇ ਤੋੜਾਂਗੇ
152
ਕੱਦੂ
ਮੇਰੀ ਮਚਗੀ ਕੱਦੂ ਦੀ ਤਰਕਾਰੀ
ਆਇਆ ਨਾ ਪਰੇਟ ਕਰਕੇ
153
ਖਰਬੂਜ਼ਾ
ਗੋਰੀ ਗੱਲ੍ਹ ਦਾ ਬਣੇ ਖਰਬੂਜ਼ਾ
ਡੰਡੀਆਂ ਦੀ ਵੇਲ ਬਣਜੇ

154
ਚਰ੍ਹੀ
ਅੱਖ ਮਾਰ ਕੇ ਚਰ੍ਹੀ ਵਿੱਚ ਬੜਗੀ
ਐਡਾ ਕੀ ਜਰੂਰੀ ਕੰਮ ਸੀ
155
ਕਾਲਾ ਨਾਗ ਨੀ ਚਰ੍ਹੀ ਵਿੱਚ ਮੇਹਲੇ
ਬਾਹਮਣੀ ਦੀ ਗੁੱਤ ਵਰਗਾ
156
ਮੇਰੀ ਡਿਗਪੀ ਚਰ੍ਹੀ ਵਿੱਚ ਗਾਨੀ
ਚੱਕ ਲਿਆ ਮੋਰ ਬਣ ਕੇ
157
ਛੋਲੇ
ਚੰਦਰੇ ਜੇਠ ਦੇ ਛੋਲੇ
ਕਦੇ ਨਾ ਲਿਆਈ ਸਾਗ ਤੋੜਕੇ
158
ਬੱਲੀਏ ਕਣਕ ਦੀਏ
ਅਸੀਂ ਯਾਰ ਦੀ ਤਰੀਕੇ ਜਾਣਾ
ਕਣਕ ਦੇ ਲਾਹਦੇ ਫੁਲਕੇ
159
ਉਠ ਗਿਆ ਮਿਰਕਣ ਨੂੰ
ਕਣਕ ਵੇਚ ਕੇ ਸਾਰੀ
160
ਉਡਗੀ ਕਬੂਤਰ ਬਣ ਕੇ
ਹਰੀਆਂ ਕਣਕਾਂ ਚੋਂ
161
ਤੇਰੀ ਮੇਰੀ ਇਊਂ ਲੱਗ ਗੀ
ਜਿਊਂ ਲੱਗਿਆ ਕਣਕ ਦਾ ਦਾਣਾ
162
ਜੱਟ ਸ਼ਾਹਾਂ ਨੂੰ ਘੰਗੂਰੇ ਮਾਰੇ
ਕਣਕਾਂ ਨਿੱਸਰ ਦੀਆਂ
163
ਪਾਣੀ ਦੇਣਗੇ ਰੁਮਾਲਾਂ ਵਾਲੇ
ਬੱਲੀਏ ਕਣਕ ਦੀਏ
164
ਬੱਲੀਏ ਕਣਕ ਦੀਏ
ਤੈਨੂੰ ਖਾਣ ਗੇ ਨਸੀਬਾਂ ਵਾਲੇ

165
ਭੱਖੜਾ
ਗੋਦੀ ਚੁੱਕ ਲੈ ਮਲਾਜੇਦਾਰਾ1
ਪੈਰ ਖਾ ਲੇ ਭੱਖੜੇ ਨੇ
166
ਮੋਠ ਬਾਜਰਾ
ਮੀਂਹ ਪਾ ਦੇ ਲਾ ਦੇ ਝੜੀਆਂ
ਬੀਜ ਲਈਏ ਮੋਠ ਬਾਜਰਾ
167
ਰੁੱਤ ਗਿੱਧਾ ਪਾਉਣ ਦੀ ਆਈ
ਲੱਕ ਲੱਕ ਹੋ ਗੇ ਬਾਜਰੇ
168
ਮੂੰਗਰੇ
ਮੈਂ ਮੂੰਗਰੇ ਤੜਕ ਕੇ ਲਿਆਈ
ਰੋਟੀ ਖਾ ਲੈ ਔਤ ਟੱਬਰਾ
169
ਮੱਕੀ
ਦਾਣੇ ਚੱਬ ਲੈ ਪਤੀਲੇ ਦਿਆ ਢੱਕਣਾ
ਰੋਟੀ ਮੇਰਾ ਯਾਰ ਖਾ ਗਿਆ
170
ਪੱਲਾ ਕੀਤਾ ਲੱਡੂਆਂ ਨੂੰ
ਪੱਟੂ ਸੁੱਟ ਗਿਆ ਮੱਕੀ ਦੇ ਦਾਣੇ
171
ਮੇਰਾ ਯਾਰ ਮੱਕੀ ਦਾ ਰਾਖਾ
2ਡੱਬ ਵਿੱਚ ਲਿਆਵੇ ਛੱਲੀਆਂ
172
ਮੇਰੇ ਯਾਰ ਨੇ ਖਿੱਲਾਂ ਦੀ ਮੁੱਠ ਮਾਰੀ
ਚੁਗ ਲੌ ਨੀ ਕੁੜੀਓ
173
ਯਾਰੀ ਝਿਊਰਾਂ ਦੀ ਕੁੜੀ ਨਾਲ ਲਾਈਏ
ਤੱਤੀ ਤੱਤੀ ਖਿੱਲ ਚੱਬੀਏ


1. ਮਲਾਹਜ਼ੇਦਾਰ-ਮਿਤੱਰ।

2. ਡੱਬ-ਚਾਦਰੇ ਦਾ ਲਾਂਗੜ।

174
ਲੈ ਲੈ ਛੱਲੀਆਂ ਭੁਨਾ ਲੈ ਦਾਣੇ
ਘਰ ਤੇਰਾ ਦੂਰ ਮਿੱਤਰਾ
175
ਕਿਸੇ ਗਲ ਤੇ ਯਾਰ ਪਰਤਿਆਈਏ
ਛੱਲੀਆਂ ਤੇ ਰੁਸੇ ਨਾ ਬਹੀਏ
176
ਛੜੇ ਪੈਣਗੇ ਮੱਕੀ ਦੀ ਰਾਖੀ
ਰੰਨਾਂ ਵਾਲੇ ਘਰ ਪੈਣਗੇ
177
ਅਸੀਂ ਤੇਰੇ ਨਾ ਚੱਬਣੇ
ਖ਼ੁਸ਼ਕ ਮੱਕੀ ਦੇ ਦਾਣੇ

ਫੁੱਲ ਪਤਾਸੇ
178
ਥਾਲੀ ਵਿੱਚ ਨਾ ਪਤਾਸੇ ਲਿਆਇਆ
ਪਹਿਲੀ ਰਾਤ ਸ਼ਗਨਾਂ ਦੀ
179
ਮੇਰੇ ਵੀਰ ਨੇ ਪਤਾਸੇ ਲੈਣੇ
ਹੱਟੀ ਖੋਲ੍ਹ ਹੱਟੀ ਵਾਲਿਆ
180
ਲੰਮੀ ਦੀ ਕੀ ਥੰਮੀ ਗੱਡਣੀ
ਮੇਰੀ ਮਧਰੋ ਫੁੱਲ ਪਤਾਸਾ
181
ਮੇਰੇ ਯਾਰ ਨੇ ਜਲੇਬੀ ਮਾਰੀ
ਛਾਤੀ ਵਿੱਚ ਛੇਕ ਪੈ ਗਿਆ
182
ਕੱਚੀ ਯਾਰੀ ਲੱਡੂਆਂ ਦੀ
ਲੱਡੂ ਮੁਕਗੇ ਯਰਾਨੇ ਟੁਟਗੇ
183
ਗਿਝੀ ਹੋਈ ਲੱਡੂਆਂ ਦੀ
ਦਾਲ ਫੁਲਕਾ ਨਾ ਖਾਵੇ
184
ਤੇਰੀ ਮਾਂ ਨੇ ਬਾਣੀਆਂ ਕੀਤਾ
ਲੱਡੂਆਂ ਦੀ ਮੌਜ ਬੜੀ
185
ਤੇਰੀ ਚਾਲ ਨੇ ਪੱਟਿਆ ਪਟਵਾਰੀ
ਲੱਡੂਆਂ ਨੇ ਤੂੰ ਪਟਤੀ
186
ਗੋਰਾ ਰੰਗ ਨਾ ਗਵਾ ਲਈਂ ਕੁੜੀਏ
ਲਾਲਚ ਲੱਡੂਆਂ ਦੇ
187
ਤੇਰੇ ਲੱਡੂਆਂ ਤੋਂ ਨੀਂਦ ਪਿਆਰੀ
ਸੁੱਤੀ ਨਾ ਜਗਾਈਂ ਮਿੱਤਰਾ

188
ਧਾਹ ਮਾਰ ਕੇ ਰੇਲ ਚੜ੍ਹਾਇਆ
ਓਹਲੇ ਹੋ ਕੇ ਲੱਡੂ ਵੰਡਦੀ
189
ਲੱਡੂ ਵੰਡਦੀ ਤਸੀਲੋਂ ਆਵਾਂ
ਪਹਿਲੀ ਪੇਸ਼ੀ ਯਾਰ ਛੁਟ ਜੇ
190
ਲੱਡੂ ਖਾਂਦੀ ਚੁਬਾਰਿਉਂ ਨਿਕਲੀ
ਮੱਖੀਆਂ ਨੇ ਪੈੜ ਕਢ ਲੀ
191
ਲੱਡੂ ਖਾਂਦੀ ਨੂੰ ਸ਼ਰਮ ਨਾ ਆਵੇ
ਅੱਖ ਮਾਰੇ ਨੱਕ ਵੱਟਦੀ
192
ਗੰਨੇ ਚੂਪ ਲੈ ਜੱਟਾਂ ਦੇ ਪੋਲੇ
ਲੱਡੂ ਖਾ ਲੈ ਬਾਣੀਆਂ ਦੇ
193
ਲਾਲਾ ਲੱਡੂ ਘੱਟ ਨਾ ਦਈਂ
ਤੇਰੀ ਓ ਕੁੜੀ ਨੂੰ ਦੇਣੇ
194
ਲੱਡੂ ਭੁਰਗੇ ਬਨੇਰੇ ਨਾਲ ਲੱਗ ਕੇ
ਸੁੱਤੀਏ ਜਾਗ ਅਲ੍ਹੜੇ
195
ਲੱਡੂ ਲਿਆਵੇਂ ਤਾਂ ਭੋਰ ਕੇ ਖਾਵਾਂ
ਮਿਸ਼ਰੀ ਕੜੱਕ ਬੋਲਦੀ