ਨਵਾਂ ਜਹਾਨ/ਆਦਰਸ਼ਵਾਦ
ਦਿੱਖ
ਆਦਰਸ਼ਵਾਦ.
੧.ਆਦਰਸ਼ਵਾਦ, ਆਦਰਸ਼ਵਾਦ,
ਨਾਟ ਦੇ ਪਾਤਰ ਅਤਿ ਅਨੂਪ,
ਕੰਨੀਆਂ ਵਲ੍ਹੇਟ ਕੇ ਤੁਰਨ ਫਿਰਨ,
ਦਿਉਤੇ ਅਕਾਸ਼ ਤੋਂ ਛਾਲ ਮਾਰ,
ਨਿਰਮਲ ਚਰਿਤ੍ਰ ਹਿਰਦੇ ਵਿਸ਼ਾਲ,
ਜੀ ਚਾਹੇ ਨੱਸ ਕੇ ਫੜਾਂ ਚਰਨ,
ਪਾ ਪਯਾਰ-ਨੀਝ, ਥਪਕੀ ਦੇ ਨਾਲ,
ਕਰ ਦੇਣ ਮੁਕਤ, ਹੋ ਜਾਂ ਨਿਹਾਲ।
੨.ਪਰ ਜਿਉਂ ਜਿਉਂ ਹੋਇਆ ਕੋਲ ਕੋਲ,
ਖਿਜ਼ਰੀ ਲਿਬਾਸ, ਨਾਰਦ ਨੁਹਾਰ,
ਅਖੀਆਂ ’ਚਿ ਲਾਜ, ਨਾ ਮੂੰਹ ’ਚਿ ਬੋਲ,
ਸਬਜ਼ੇ ਦੇ ਸੀਨੇ ਵਿਚ ਉਜਾੜ,
ਦਿਲ ਭੜਥਾ ਹੋ ਗਿਆ ਸੇਕ ਨਾਲ,
ਪੰਛੀ ਮੁੜ ਆਏ ਤਕ ਸੁਰਾਬ,
ਸਚ ਤੋਂ ਬਗੈਰ ਆਦਰਸ਼ਵਾਦ,
ਬੇਅਰਥ, ਬਿਲੋੜਾ, ਬੇ ਸੁਆਦ।