ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ/ਕਹਾਣੀਕਾਰ ਪ੍ਰੇਮ ਪ੍ਰਕਾਸ਼: ਚਿੰਤਨ ਅਤੇ ਕਲਾ ਦੀ ਸੀਮਾ

ਵਿਕੀਸਰੋਤ ਤੋਂ

ਕਹਾਣੀਕਾਰ ਪ੍ਰੇਮ ਪ੍ਰਕਾਸ਼:

ਚਿੰਤਨ ਅਤੇ ਕਲਾ ਦੀ ਸੀਮਾ

ਕਹਾਣੀਕਾਰ ਦੇ ਤੌਰ 'ਤੇ ਪ੍ਰੇਮ ਪ੍ਰਕਾਸ਼ ਦੀ ਰਚਨਾ ਨਾ ਗਿਣਤੀ ਵਿਚ ਬਹੁਤੀ ਹੈ, ਨਾ ਵਿਸ਼ੇ-ਵਸਤ ਵਿਚ ਵਿਸ਼ਾਲ। ਉਸ ਨੇ ਹੁਣ ਤਕ ਤਿੰਨ ਕਹਾਣੀ ਸੰਗ੍ਰਹਿ ਦਿੱਤੇ ਹਨ, ਜਿਨਾਂ ਵਿਚ 39 ਕਹਾਣੀਆਂ ਹਨ। ਅੱਧੀ ਕੁ ਦੇ ਦਰਜਨ ਤੋਂ ਘੱਟ ਕਹਾਣੀਆਂ ਇਹਨਾਂ ਸੰਗ੍ਰਹਿਆਂ ਤੋਂ ਮਗਰੋਂ ਦੀਆਂ ਹਨ। ਇਸ ਥੋੜ੍ਹੀ ਜਿਹੀ ਗਿਣਤੀ ਵਿਚੋਂ ਵੀ ਜੇ ਉਹ ਕਹਾਣੀਆਂ ਕੱਢ ਦੇਈਏ, ਜਿਨ੍ਹਾਂ ਵਿਚ ਕਾਫ਼ੀ ਜ਼ਿਆਦਾ ਦੁਹਰਾਅ ਮਿਲਦਾ ਹੈ, ਜਿਸ ਵੱਲ ਉਸ ਦੇ ਸੁਹਿਰਦ ਮਿੱਤਰ ਅਤੇ ਆਲੋਚਕ ਡਾ. ਅਮਰਜੀਤ ਸਿੰਘ ਨੇ ਵੀ ਧਿਆਨ ਦੁਆਇਆ ਹੈ, ਤਾਂ ਇਹਨਾਂ ਦੀ ਗਿਣਤੀ ਹੋਰ ਵੀ ਘਟ ਜਾਇਗੀ।

ਇੰਨੀ ਥੋੜ੍ਹੀ ਰਚਨਾ ਨਾਲ ਹੀ ਉਸ ਨੇ ਜਿਹੜਾ ਆਲੋਚਕਾਂ ਦਾ ਧਿਆਨ ਖਿੱਚਿਆ ਹੈ, ਉਹ ਉਸ ਦੀ ਪ੍ਰਾਪਤੀ ਹੈ। ਉਸ ਦੀਆਂ ਕਹਾਣੀਆਂ ਦੀ ਗਿਣਤੀ ਨਾਲੋਂ ਬਹੁਤੇ ਉਹਨਾਂ ਬਾਰੇ ਲੇਖ ਮਿਲ ਜਾਣਗੇ। ਵੱਖੋ ਵੱਖਰੇ ਲੇਖਾਂ ਵਿਚ ਉਹਨਾਂ ਬਾਰੇ ਟਿੱਪਣੀਆਂ ਤੇ ਰੀਵੀਊ ਵੀ ਜੇ ਨਾਲ ਮਿਲਾ ਦੇਈਏ ਤਾਂ ਡਾ. ਬਿਕਰਮ ਸਿੰਘ ਘੁੰਮਣ ਵਲੋਂ ਸੰਪਾਦਿਤ ਕੀਤੀ ਗਈ ਕਿਤਾਬ ਜਿੱਡੀ ਘੱਟੋ ਘੱਟ ਇਕ ਹੋਰ ਕਿਤਾਬ ਆਰ ਕੀਤੀ ਜਾ ਸਕਦੀ ਹੈ। ਮੈਂ ਇਸ ਗੱਲ ਨੂੰ ਪ੍ਰੇਮ ਪ੍ਰਕਾਸ਼ ਦੀ ਪ੍ਰਾਪਤੀ ਅੱਜ ਦੇ ਸਾਹਿਤਕ ਹਾਲਾਤ ਦੇ ਪਿਛੋਕੜ ਵਿਚ ਕਹਿੰਦਾ ਹਾਂ, ਜਦੋਂ ਪਾਠਕ ਘੱਟ ਤੇ ਲੇਖਕ ਵੱਧ ਹਨ, ਅਤੇ ਕਿਤਾਬਾਂ ਦਰਾਂ ਦੀ ਮਿਲਵੀਂ ਗਿਣਤੀ ਨਾਲੋਂ ਵੀ ਕਈ ਗੁਣਾਂ ਵੱਧ ਪੈਦਾ ਹੋ ਰਹੀਆਂ ਹਨ। ਅਤੇ ਰਾਤੋਂ ਰਾਤੇ ਬਣੇ ਅਤੇ ਸਭ ਕਾਸੇ ਬਾਰੇ ਜੋ ਕੁਝ ਵੀ ਕਹੋ, ਲਿਖਣ ਲਈ ਤਤਪਰ ਰਹਿੰਦੇ ਆਲੋਚਕਾਂ ਦੀ ਭਰਮਾਰ ਦੇ ਬਾਵਜੂਦ ਵੀ ਕਿੰਨਾ ਕੁਝ ਚੰਗਾ ਅਣਗੋਲਿਆ ਰਹਿ ਜਾਂਦਾ ਹੈ; ਅਣਗਾਇਆ, ਅਣਰੋਇਆ ਸਮੇਂ ਦੀ ਕਬਰ ਵਿਚ ਦਫ਼ਨ ਹੋ ਜਾਂਦਾ ਹੈ।

ਪ੍ਰੇਮ ਪ੍ਰਕਾਸ਼ ਦੀ ਦੂਜੀ ਪਾਪਤੀ ਇਹ ਹੈ ਕਿ ਉਸ ਬਾਰੇ ਪੇਸ਼ ਕੀਤੀਆਂ ਗਈਆਂ ਰਾਵਾਂ ਵਿਚ ਬੇਮੇਲ ਅਜੌੜਤਾ ਹੈ। ਇਕ ਪਾਸੇ ਉਸ ਨੂੰ ਆਪਣੀ ਪੀੜ੍ਹੀ ਦਾ ਮੋਢੀ, ਮਹਾਨ ਪ੍ਰਾਪਤੀਆਂ ਵਾਲਾ ਕਹਾਣੀਕਾਰ ਕਿਹਾ ਜਾਂਦਾ ਹੈ, ਤਾਂ ਦੂਜੀ ਥਾਂ ਉਸ ਨੂੰ ਸਿਰਫ਼ ਸੰਭਾਵਨਾਵਾਂ ਭਰਪੂਰ ਦਸਿਆ ਜਾਂਦਾ ਹੈ। ਉਸ ਦੇ ਆਲੋਚਕਾਂ ਦੀ ਇਕ ਪ੍ਰਧਾਨ ਚਿੰਤਾ ਇਹ ਨਿਸ਼ਚਤ ਕਰਨਾ ਲੱਗਦੀ ਹੈ ਕਿ ਉਹ ਕਿੰਨਾ ਕੁ ਨਕਸਲੀ, ਕਿੰਨਾ ਕੁ ਪ੍ਰਗਤੀਸ਼ੀਲ, ਅਤੇ ਕਿੰਨਾ ਕੁ ਪ੍ਰਤਿਗਾਮੀ, ਸਗੋਂ ਪੁਤਿਕਿਰਿਆਵਾਦੀ ਹੈ। ਕੁਝ ਆਲੋਚਕਾਂ ਨੇ ਤਾਂ ਉਸ ਦੇ ਹਿੱਸੇ ਬਣਾ ਕੇ ਵੀ ਦੱਸ ਦਿੱਤੇ ਹਨ ਕਿ ਉਸ ਦਾ ਫ਼ਲਾਂ ਹਿੱਸਾ ਪ੍ਰਤਿਗਾਮੀ ਹੈ, ਫ਼ਲਾਂ ਹਿੱਸਾ ਇਨਕਲਾਬੀ ਹੈ।

ਮੇਰੀ ਐਸੀ ਕੋਈ ਚਿੰਤਾ ਨਹੀਂ। ਮੈਂ ਕਿਸੇ ਨੂੰ ਇਸ ਕਰਕੇ ਨਹੀਂ ਪੜ੍ਹਦਾ, ਸਲਾਹੁੰਦਾ ਜਾਂ ਨਿੰਦਦਾ ਕਿ ਕੋਈ ਪ੍ਰਗਤੀਸ਼ੀਲ ਹੈ ਜਾਂ ਪ੍ਰਤਿਗਾਮੀ ਹੈ। ਨਾ ਹੀ ਆਲੋਚਨਾ ਦਾ ਮੰਤਵ ਇਹ ਮਿੱਥਣਾ ਅਤੇ ਸਿੱਧ ਕਰਨਾ ਹੀ ਹੈ ਕਿ ਕੋਈ ਪ੍ਰਗਤੀਸ਼ੀਲ ਹੈ ਜਾਂ ਨਹੀਂ। ਮੇਰੇ ਲਈ ਇਸ ਤਰਾਂ ਦੇ ਵਿਸ਼ੇਸ਼ਣ ਬਿਆਨ ਦੇ ਸਾਧਨ ਤਾਂ ਹੋ ਸਕਦੇ ਹਨ, ਕਦਰ ਦੀ ਕਸੌਟੀ ਨਹੀਂ। ਜਦ ਕਿ ਆਲੋਚਨਾ ਦਾ ਅਸਲ ਮੰਤਵ ਕਦਰ ਪਾਉਣਾ, ਕੀਮਤ ਨਿਸ਼ਚਿਤ ਕਰਨਾ ਹੈ, ਕੇਵਲ ਪਛਾਨਣਾ, ਬਿਆਨਣਾ ਅਤੇ ਸਮਝਾਉਣਾ ਹੈ ਨਹੀਂ।

ਤਾਂ ਇਹ ਕਦਰ ਦੀ ਕਸੌਟੀ ਕੀ ਹੋਵੇ? ਸਾਡੇ ਬਹੁਤੇ ਲਿਖਣ ਵਾਲੇ ਇਸ ਗੱਲ ਤੋਂ ਚੇਤਨ ਨਹੀਂ ਲੱਗਦੇ ਕਿ ਉਹ ਲਿਖਣ ਦੇ ਯਤਨ ਵਿਚ ਸਮੇਂ ਨੂੰ ਚੁਣੌਤੀ ਦੇ ਰਹੇ ਹੁੰਦੇ ਹਨ। ਉਸ ਦਾ ਹਾਣੀ ਹੋਣ ਦਾ, ਸਗੋਂ ਉਸ ਤੋਂ ਅੱਗੇ ਹੋਣ ਦਾ ਦਾਅਵਾ ਕਰ ਰਹੇ ਹੁੰਦੇ ਹਨ। ਕਿਸੇ ਲੇਖਕ ਦੀ ਇਸ ਤੋਂ ਵੱਧ ਪ੍ਰਸੰਸਾ ਨਹੀਂ ਹੋ ਸਕਦੀ ਕਿ ਉਸ ਨੂੰ ਸਮੇਂ ਦਾ ਹਾਣੀ ਕਹਿ ਦਿੱਤਾ ਜਾਏ ਅਤੇ ਜੇ ਉਹ ਸਮੇਂ ਨੂੰ ਵੀ ਅੱਗ ਦੀ ਹੋ ਕੇ ਮਿਲੇ ਤਾਂ ਉਹ ਰੱਬ ਹੋ ਜਾਂਦਾ ਹੈ। ਕਿਸੇ ਵੀ ਲੇਖਕ ਦੀ ਵਡਿੱਤਣ ਉਸੇ ਹਿਸਾਬ ਨਾਲ ਹੀ ਹੁੰਦੀ ਹੈ ਜਿਸ ਹਿਸਾਬ ਨਾਲ ਉਹ ਆਪਣੇ ਸਮੇਂ ਦੇ ਸਮਾਜਕ ਵਰਤਾਰਿਆਂ ਨੂੰ ਪੇਸ਼ ਕਰੇ ਸਕਿਆ ਹੁੰਦਾ ਹੈ; ਉਹਨਾਂ ਬਾਰੇ ਸਾਡੇ ਗਿਆਨ ਨੂੰ ਵਧਾ ਸਕਿਆ ਹੁੰਦਾ ਹੈ ਅਤੇ ਡੂੰਘਾ ਬਣਾ ਸਕਿਆ ਹੁੰਦਾ ਹੈ। ਅਤੇ ਇਹ ਸਾਰਾ ਕੁਝ ਕਰਦਾ ਹੋਇਆ, ਉਹ ਸਾਡੇ ਸੁਹਜ ਸੁਆਦ ਨੂੰ ਨਾ ਸਿਰਫ਼ ਤ੍ਰਿਪੁਤ ਹੀ ਕਰਦਾ ਹੈ, ਸਗੋਂ ਸਾਡੀ ਸੰਵੇਦਨਾ ਨੂੰ ਨਵਾਂ ਪਸਾਰ ਵੀ ਦੇਦਾ ਹੈ।

ਪੰਜਾਬੀ ਵਿਚ ਐਸਾ ਲੇਖਕ ਤਾਂ ਸ਼ਾਇਦ ਕੋਈ ਵੀ ਨਾ ਮਿਲ ਸਕੇ ਜਿਸ ਨੇ ਆਪਣੇ ਸਮੇਂ ਦੇ ਸਾਰੇ ਸਮਾਜਕ ਵਰਤਾਰਿਆਂ ਨੂੰ ਆਪਣੀ ਰਚਨਾ ਦੀ ਲਪੇਟ ਵਿਚ ਲੈਣ ਦਾ ਦਲੇਰ ਉਪਰਾਲਾ ਕੀਤਾ ਹੋਵੇ; ਤੇ ਇਹ ਕੋਈ ਲਾਜ਼ਮੀ ਵੀ ਨਹੀਂ। ਲਾਜ਼ਮੀ ਇਹ ਹੈ ਕਿ ਜੀਵਨ ਦੇ ਜਿਸ ਟੋਟੇ ਨੂੰ ਤੁਸੀਂ ਚੁਣਦੇ ਹੋ, ਉਸ ਪ੍ਰਤਿ ਤੁਹਾਡਾ ਗਿਆਨ ਸਰਬੰਗੀ, ਪੁਖ਼ਤਾ ਅਤੇ ਪ੍ਰਮਾਣਿਕ ਹੋਵੇ।

ਇਸ ਪੱਖੋਂ ਨਿੱਕੀ ਕਹਾਣੀ ਦੇ ਖੇਤਰ ਵਿਚ ਸਥਿਤੀ ਬਹੁਤੀ ਨਿਰਾਸ਼ਾਜਨਕ ਨਹੀਂ। ਜੇ ਅਸੀਂ ਆਪਣੇ ਸਥਾਪਤ ਕਹਾਣੀਕਾਰਾਂ - ਦੁੱਗਲ, ਸੇਖੋਂ ਅਤੇ ਵਿਰਕ - ਨੂੰ ਹੀ ਲਈਏ, ਤਾਂ ਉਹ ਆਪਣੇ ਸਮਿਆਂ ਦੇ ਸਾਰੇ ਸੱਚ ਨੂੰ ਭਾਵੇਂ ਬਿਆਨ ਨਹੀਂ ਕਰਦੇ ਪਰ ਉਹਨਾਂ ਦੀਆਂ ਸਮੁੱਚੀਆਂ ਕਿਰਤਾਂ ਵਿਚੋਂ ਸਾਨੂੰ ਸਮਾਜਕ ਗਤੀ ਦੇ ਰੁਖ਼ ਅਤੇ ਰਫ਼ਤਾਰ ਦਾ ਪਤਾ ਲੱਗ ਜਾਂਦਾ ਹੈ।

ਪ੍ਰੇਮ ਪ੍ਰਕਾਸ਼ ਸਾਡਾ ਹੁਣ ਲਗਭਗ ਸਥਾਪਤ ਕਹਾਣੀਕਾਰ ਹੈ, ਜਿਸ ਦੀ ਰਚਨਾ ਕਿਰਿਆ ਪਿੱਛਲੇ ਲਗਭਗ 30 ਸਾਲਾਂ ਉਤੇ (1954 ਤੋਂ ਸ਼ੁਰੂ ਕਰ ਕੇ) ਫੈਲੀ ਹੋਈ ਹੈ, ਪਰ ਉਸ ਬਾਰੇ ਉਪਰੋਕਤ ਗੱਲ ਕਹਿਣਾ ਅਜੇ ਸੰਭਵ ਨਹੀਂ ਲੱਗਦਾ। ਇਸ ਦਾ ਹੋਰ ਕਾਰਨਾਂ ਦੇ ਨਾਲ ਇਕ ਕਾਰਨ ਇਹ ਵੀ ਲੱਗਦਾ ਹੈ ਕਿ ਉਸ ਨੇ ਆਪਣੇ ਦੁਆਲੇ ਕਈ ਪ੍ਰਕਾਰ ਦੀਆਂ ਵਲਗਣਾਂ ਖੜੀਆਂ ਕਰ ਰੱਖੀਆਂ ਹਨ, ਜਿਨ੍ਹਾਂ ਨੂੰ ਉਹ ਪਾਰ ਨਹੀਂ ਕਰ ਸਕਦਾ, ਭਾਵੇਂ ਉਹ ਕਈ ਵਾਰੀ ਕੋਸ਼ਿਸ਼ ਕਰਦਾ ਲੱਗਦਾ ਹੈ।

ਪ੍ਰੇਮ ਪ੍ਰਕਾਸ਼ ਦੇ ਬਹੁਤੇ ਪਾਤਰ (ਸ਼ਾਇਦ ਅੱਜੀ ਫ਼ੀ ਸਦੀ ਤੋਂ ਵੀ ਵੱਧ) ਨੌਜਵਾਨ ਹਨ। ਬਜ਼ੁਰਗ ਬਹੁਤ ਘੱਟ ਹਨ। ਜਿਥੇ ਹਨ, ਉਹ ਪ੍ਰਾਥਮਿਕ ਮਹੱਤਤਾ ਨਹੀਂ ਰਖਦੇ। ਨੌਜਵਾਨਾਂ ਦੇ ਕਿਰਦਾਰ ਨੂੰ ਉਜਾਗਰ ਕਰਨ ਲਈ ਟਾਕਰੇ ਦਾ ਕੰਮ ਦੇਂਦੇ ਹਨ। ਔਰਤਾਂ ਖ਼ਿਆਲਾਂ ਵਿਚ ਹਾਵੀ ਹਨ, ਸਰੀਰਕ ਤੌਰ ਉਤੇ ਉਹਨਾਂ ਦੀ ਗਿਣਤੀ ਵੀ ਬਜ਼ੁਰਗਾਂ ਨਾਲੋਂ ਬਹੁਤੀ ਨਹੀਂ। ਬੱਚਆਂ ਦਾ ਸਿਰਫ਼ ਪਿਛੋਕੜ ਵਿਚ ਸ਼ੋਰ ਹੀ ਹੈ, ਕਿਤੇ ਕਿਤੇ। ਜਾਂ ਕਲਪਣਾ ਵਿਚ ਮੁਰਦਾ ਬੱਚੇ ਦਾ ਹੱਥ। ਇਹਨਾਂ ਤੱਥਾਂ ਤੋਂ ਵੀ ਸ਼ਾਇਦ ਕੋਈ ਮਨੋਂ ਵਿਗਿਆਨੀ ਕੁਝ ਸਿੱਟੇ ਕੱਢ ਸਕੇ। ਪਰ ਮੈਂ ਇਹ ਜ਼ਿਕਰ ਸਿਰਫ਼ ਵਿਸ਼ੇ-ਵਸਤੂ ਦਾ ਚੌਖਟਾ ਨਿਸ਼ਚਿਤ ਕਰਨ ਲਈ ਕਰ ਰਿਹਾ ਹਾਂ।

ਪਰ ਜੇ ਅਸੀਂ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਦੀ ਵੱਲੋਂ ਦੇ ਅੱਸੀ ਫ਼ੀ ਸਦੀ ਦੇ ਚਿਹਰੇ-ਮੁਹਰੇ ਨਿਖੇੜਣੇ ਚਾਹੀਏ ਤਾਂ ਉਸ ਵਿਚ ਬਹੁਤੀ ਸਫਲਤਾ ਨਹੀਂ ਮਿਲਦੀ - ਸਭ ਧੁੰਦਲੇ ਹਨ ਅਤੇ ਇਕ ਦੂਜੇ ਵਿਚ ਘੁਲ ਮਿਲ ਜਾਂਦੇ ਹਨ। ਉਹੀ ਪਿੰਡ ਤੋਂ ਉਠਿਆ ਪ੍ਰਾਇਮਰੀ ਦਾ ਮਾਸਟਰ, ਇਕੇ ਤੇ ਬਹੁਤੀ ਥਾਂ। ਉਹ ਉਸ ਦੀ ਚਾਰਯਾਰੀ — ਇਕ ਫ਼ਿਲਾਫ਼ਸਰ, ਇਕ ਕਵੀ, ਇਕ ਪ੍ਰੋਫ਼ੈਸਰ। ਇਹ ਨਾਂ ਬਦਲ ਵੀ ਸਕਦੇ ਹਨ, ਪਰ ਉਸ ਦਾ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਸਭ ਗੱਲਾਂ ਇਕੋ ਜਿਹੀਆਂ ਹੀ ਕਰਦੇ ਹਨ। ਇਕੋ ਗੱਲ ਕਿਸੇ ਦੇ ਮੂੰਹ ਵਿਚ ਪਾ ਦਿਓ, ਫਿੱਟ ਬੈਠ ਜਾਇਗੀ। ਖ਼ਾਸ ਕਰ ਕੇ ਕਹਾਣੀ-ਸੰਗ੍ਰਹਿ ਕਚਕੜੇ ਵਿਚ ਦੁਹਰਾਅ ਅਸਹਿ ਹੱਦ ਤਕ ਹੈ। ਸਭ ਦੀ ਬੋਧਿਕ ਬਣਤਰ ਇਕ ਹੈ। ਤਿੰਨ ਕਹਾਣੀਆਂ ਸ਼ਰਾਬ ਦੀ ਮਹਿਫ਼ਲ ਵਿਚ ਅਫ਼ਲਾਤੂਨੀ ਗੱਲਬਾਤ ਦਾ ਰੀਕਾਰਡ ਹਨ। ਸ਼ਰਾਬ ਇਹਨਾਂ ਨੌਜਵਾਨਾਂ ਦੀਆਂ ਅੱਖਾਂ ਵਿਚ ਲਿਸ਼ਕ ਪੈਦਾ ਕਰਨ ਲਈ ਹੈ। ਔਰਤ ਇਹਨਾਂ ਲਈ ਇੱਕੋ ਇੱਕ ਰਹੱਸ ਹੈ, ਇੱਕੋ ਇੱਕ ਪਾਪਤ ਕਰਨ ਯੋਗ ਟੀਚਾ ਹੈ। ਔਰਤ ਤੋਂ ਬਿਨਾਂ ਜ਼ਿੰਦਗੀ ਸਖਣੀ ਹੈ। ਔਰਤ ਮਿਲ ਜਾਏ ਤਾਂ ਉਸ ਨਾਲ ਉਹੋ ਕੁਝ ਕਰਦੇ ਹਨ, ਜੋ ਕੁਝ ਉਨਾਂ ਅਨੁਸਾਰ ਔਰਤ ਨਾਲ ਕੀਤਾ ਜਾਣਾ ਚਾਹੀਦਾ ਹੈ। ਅਤੇ ਜਿਸ ਵੇਲੇ ਉਹ ਕੁਝ ਕਰ ਲੈਂਦੇ ਹਨ ਤਾਂ ਤਲਿਸਮ ਟੁੱਟ ਜਾਂਦਾ ਹੈ। ਕਈਆਂ ਦੀ ਕਿਸਮਤੇ ਵਿਚ ਇਹ ਵੀ ਨਹੀਂ, ਤਾਂ ਵੀ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਕੂੜ ਕਲਪਣਾ, ਚੁਰਾਏ ਖ਼ਿਆਲਾਂ ਅਤੇ ਕਿਤਾਬੀ ਫ਼ਿਕਰਿਆਂ ਦਾ ਆਸਰਾ ਲੈਂਦੇ ਹਨ। ਪਿਆਰ ਕਰਨਾ ਉਹਨਾਂ ਲਈ ਭੋਗ ਕਰਨ ਦਾ ਸਮਾਨਾਰਥੀ ਹੈ। ਇਹਨਾਂ ਨੌਜਵਾਨਾਂ ਦਾ ਇਕ ਮੈਨੀਫ਼ੈਸਟੋ ਵੀ ਹੈ। ਕਚਕੜੇ ਵਿਚਲੀ ਕਹਾਣੀ "ਉਹਦੇ ਚਾਰਾਗਰ" ਦੀਆਂ ਕੁਝ ਸਤਰਾਂ ਇਸ ਪ੍ਰਕਾਰ ਹਨ: 'ਉਹਦਾ 'ਕੱਲੇ ਦਾ ਹੀ ਕੀ, ਕਿਸੇ ਦਾ ਵੀ ਕੋਈ ਇਲਾਜ ਨਹੀਂ।ਪ੍ਰੋਫ਼ੈਸ਼ਰ ਨੂੰ ਉਹਦੀ ਪ੍ਰੇਮਕਾ ਦੁਆ ਕੇ ਜੀਵਨ ਸਾਰਥਕ ਨਹੀਂ ਬਣਾਇਆ ਜਾ ਸਕਦਾ। ਰਾਜ ਨੂੰ ਜਗੀਰ ਨਹੀਂ ਲੁਆਈ ਜਾ ਸਕਦੀ ਕਿ ਖਾਵੇ, ਪੀਵੇ, ਰਿਆਜ਼ ਤੇ ਇਸ਼ਕ ਕਰੇ। ਨਿਰਮਲ ਨੂੰ ਕਾਵਿ ਦਾ ਗੁਆਚਾ ਭਵਿਖ ਲਭਾ ਕੇ ਮੌਤ ਤੋਂ ਨਹੀਂ ਬਚਾਇਆ ਜਾ ਸਕਦਾ, ਤੇ ਸੁਆਮੀ ਦੀ ਪ੍ਰਤਿਭਾ ਦਾ ਉਚਿਤ ਸਨਮਾਨ ਕਰਵਾ ਕੇ ਉਹਨੂੰ ਤਾਬੇਦਾਰੀ ਦੀ ਜ਼ਿੱਲਤ ਤੋਂ ਨਹੀਂ ਬਚਾਇਆ ਜਾ ਸਕਦਾ। ਸਾਰਾ ਮੈਨੀਫ਼ੈਸਟੋ ਮਧਕਾਲੀਨ ਮਨੁੱਖੀ ਵਿਹਾਰ ਦੇ ਪੈਟਰਨ ਦਾ ਸੂਚਕ ਹੈ ਅਤੇ ਇਹ ਸਾਰਾ ਕੁਝ ਨਾ ਮਿਲਣ ਦੀ ਸੂਰਤ ਵਿਚ ਪ੍ਰੋਟੈਸਟ ਦਾ ਢੰਗ ਵੀ ਮਧਕਾਲੀ ਹੀ ਹੈ - ਮਲਾਮਤੀ ਭੇਸ ਇਖ਼ਤਿਆਰ ਕਰ ਲਵੋ।

ਇਹੋ ਜਿਹੇ ਨੌਜਵਾਨਾਂ ਦੇ ਸਿਰਾਂ ਦੁਆਲੇ ਅਖਾਉਤੀ ਬੌਧਿਕਤਾ ਦਾ ਜਿੰਨਾ ਮਰਜ਼ੀ ਆਭਾ-ਮੰਡਲ ਸਿਰਜ ਦਿਓ, ਉਹ ਅਸਲ ਵਿਚ ਲੁੰਪਣ ਖ਼ਾਸਾ ਰਖਦੇ ਹਨ। ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਸਮਾਜ ਵਿਚ ਇਹ ਲੁੰਪਣ ਖ਼ਸਲਤ ਵਾਲੇ ਨੌਜਵਾਨੇ ਮੌਜੂਦ ਨਹੀਂ, ਜਾਂ ਇਹਨਾਂ ਨੂੰ ਚਿੱਤਰਿਆ ਨਹੀਂ ਜਾਣਾ ਚਾਹੀਦਾ। ਪਰ ਨਾਇਕ ਦੀ ਪਦਵੀ ਦੇ ਕੇ, ਇਹਨਾਂ ਨੂੰ ਏਨਾ ਕੁਝ ਅਰਪਿਤ ਕਰ ਦੇਣਾ ਇਕ ਅਸਾਹਿਤਕ ਉਲਾਰ ਹੈ।

ਲਿੰਗ ਇਕ ਹੋਰ ਧੁਰਾ ਹੈ, ਜਿਸ ਦੁਆਲੇ ਉਸ ਦੀਆਂ ਲਗਭਗ ਸਾਰੀਆਂ ਕਹਾਣੀਆਂ ਘੁੰਮਦੀਆਂ ਹਨ। ਇਹ ਗੱਲ ਸ਼ਾਇਦ ਉਹ ਆਧੁਨਿਕ ਅਤੇ ਖੁੱਲ੍ਹ-ਖ਼ਿਆਲੀਆ ਹੋਣ ਦਾ ਪ੍ਰਭਾਵ ਦੇਣ ਲਈ ਕਰਦਾ ਹੈ। ਲਿੰਗ-ਸੰਬੰਧਾਂ ਬਾਰੇ ਉਸ ਦੇ ਖ਼ਿਆਲ, ਮਧਕਾਲ ਜਿੰਨੇ ਤਾਂ ਨਹੀਂ ਪਰ 50 ਕੁ ਸਾਲ ਜ਼ਰੂਰ ਪੁਰਾਣੇ ਹਨ। ਬਲਬੀਰ ਸਿੰਘ ਪੂਨੀ ਦੇ ਇਸ ਸਵਾਲ ਦੇ ਜਵਾਬ ਵਿਚ ਕਿ ਤੁਹਾਡੀਆਂ ਕਹਾਣੀਆਂ ਵਿਚ ਸੈਕਸ ਦਾ ਖੁੱਲਾ ਵਰਨਣ ਹੈ। ਕਿਉਂ? ਉਹ ਜਵਾਬ ਦੇਦਾ ਹੈ - "ਸਾਡੇ ਸਮਾਜ ਵਿਚ ਸੈਕਸ ਬਾਰੇ ਕੁਝ ਬੰਧਨ ਹਨ ਜਿਹੜੇ ਕੁਝ ਟੁੱਟ ਰਹੇ ਹਨ। ਮੈਂ ਵੀ ਤੋੜ ਰਿਹਾ ਹਾਂ।" ਇਹ ਬੰਧਨ-ਮੁਕਤ ਸੈਕਸ ਦਾ ਨਾਅਰਾ, ਪੱਛਮ ਵਿਚ ਪਿਛਲੀਆਂ ਸਿਰਫ਼ ਦੋ ਕੁ ਸਦੀਆਂ ਤੋਂ ਸਮੇਂ ਸਮੇਂ ਦਿੱਤਾ ਜਾਂਦਾ ਰਿਹਾ ਹੈ, ਅਤੇ ਇਸ ਦੇ ਅਰਥਾਂ ਤੋਂ ਅਸੀਂ ਪੂਰੀ ਤਰ੍ਹਾਂ ਵਾਕਫ਼ ਹਾਂ। ਜੇ ਪ੍ਰੇਮ ਪ੍ਰਕਾਸ਼ ਦਾ ਸੱਚਮੁੱਚ ਮਤਲਬ ਬੰਧਨ-ਮਕਤ ਸੈਕਸ ਤੋਂ ਹੈ, ਤਾਂ ਉਸ ਨੂੰ ਦੋ ਸਦੀਆਂ ਪਿੱਛੇ ਜਾਣਾ ਮੁਬਾਰਕ! ਪਰ ਸਾਡਾ ਖ਼ਿਆਲ ਹੈ ਕਿ ਉਸ ਦਾ ਮਤਲਬ ਸੈਕਸ ਦੁਆਲੇ ਜੜੇ ਹੋਏ ਤਅੱਸਬ ਅਤੇ ਕੁੜ-ਅਡੰਬਰ ਤੋੜਨ ਤੋਂ ਹੈ, ਅਤੇ ਬਿਲਕੁਲ ਇਹਨਾਂ ਹੀ ਅਰਥਾਂ ਵਿਚ ਮੈਂ ਉਸ ਨੂੰ ਅੱਧੀ ਸਦੀ ਪਿਛੇ ਕਿਹਾ ਹੈ। ਕਿਉਂਕਿ ਇਸ ਸਦੀ ਦੇ ਚੌਥੇ ਦਹਾਕੇ ਵਿਚ ਜਦੋਂ ਪਹਿਲਾਂ ਗੁਰਬਖ਼ਸ਼ ਸਿੰਘ ਨੇ ਅਤੇ ਮਗਰੋਂ ਦੁੱਗਲ ਅਤੇ ਸਿੱਖਾਂ ਨੇ ਬਿਲਕੁਲ ਇਹੀ ਦਾਅਵਾ ਕੀਤਾ ਸੀ, ਤਾਂ ਇਸ ਦੀ ਸਮਝ ਆਉਂਦੀ ਸੀ। ਪਰ ਹੁਣ ਨੌਵੇਂ ਦਹਾਕੇ ਵਿਚ, ਖ਼ਾਸ ਕਰਕੇ ਬਾ ਮੁਲਾਹਜ਼ਾ ਹੋਸ਼ਿਆਰ ਨੂੰ ਕੌਮੀ ਇਨਾਮ ਮਿਲਣ ਤੋਂ ਅਤੇ ਨੰਗੀ ਧੁਪ ਨੂੰ ਕੌਮੀ ਪ੍ਰਸਿੱਧੀ ਮਿਲਣ ਤੋਂ ਕੁਝ ਸਾਲ ਪਿਛੋਂ ਇਹ ਦਾਅਵਾ, ਜੇ ਹੋਰ ਕੁਝ ਵੀ ਨਾ ਕਿਹਾ ਜਾਏ ਤਾਂ ਪਛੜਿਆ ਹੀ ਤਾਂ ਲੱਗਦਾ ਹੈ।

ਕਹਾਣੀਕਾਰ ਵਜੋਂ ਪ੍ਰੇਮ ਪ੍ਰਕਾਸ਼ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਵਾਲੀ ਪਹਿਲੀ ਕਹਾਣੀ ਏਸ ਜਨਮ ਵਿਚ ਸੀ, ਜਿਸ ਨੂੰ ਉਸ ਦੇ ਦੂਜੇ ਕਹਾਣੀ ਸੰਗ੍ਰਹਿ "ਨਮਾਜ਼ੀ" ਵਿਚ ਪਹਿਲੀ ਥਾਂ ਮਿਲੀ ਹੋਈ ਹੈ। ਆਰੰਭਕ ਨੁਕਤਾ ਭਾਵੇਂ ਇਸ ਕਹਾਣੀ ਦਾ ਵੀ ਲਿੰਗ-ਸੰਬੰਧ ਹੀ ਹਨ, ਪਰ ਇਹਨਾਂ ਨੂੰ ਕਹਾਣੀ ਵਿਚ ਕੇਂਦਰੀ ਸਥਾਨ ਪ੍ਰਾਪਤ ਨਹੀਂ। ਕੇਂਦਰ ਵਿਚ ਕਿਤੇ ਵੱਡਾ ਸਮਾਜਕ, ਅਨਿਆਂ ਹੈ, ਜਿਸ ਦੇ ਮੁਕਾਬਲੇ ਉਤੇ ਸੈਕਸ ਨਿਗੂਣੀ ਜਿਹੀ ਚੀਜ਼ ਬਣ ਕੇ ਰਹਿ ਜਾਂਦੀ ਹੈ। ਇਸੇ ਸੰਗ੍ਰਹਿ ਵਿਚਲੀ ਕਹਾਣੀ "ਮੁਰਦਾ" ਅੱਜ ਦੀ ਸਮਾਜਕ ਸਥਿਤ ਵਿਚ ਬਣ ਚੁੱਕੀ ਫ਼ਿਤਰਤ ਉਤੇ ਵਿਅੰਗਮਈ ਢੰਗ ਨਾਲ ਚਾਨਣ ਪਾਉਂਦੀ ਹੈ। ਦੋ ਹੋਰ ਕਹਾਣੀਆਂ -“ਫ਼ੈਸਲਾ (ਬਾਵਜੂਦ — ਇਸ ਦੇ ਮੈਂ ਕੀ ਕਰਾਂ ... ਪੈਰ, ਪੰਜਣੀਆਂ, ਪੱਟ, ਧੁੰਨੀ, ਛਾਤੀਆਂ, ਬਲ੍ਹ - ਬੁਲ਼, ਛਾਤੀਆਂ, ਧੁੰਨੀ, ਪੱਟ, ਪਿੰਜਣੀਆਂ ਪੈਰ ... ਨੰਗੇ, ਨੰਗੇ, ਨੰਗੇ ਦੇ) ਅਤੇ “ਬੇਵਤਨ" (ਬਾਵਜੂਦ - ਇਸ ਵਿਚਲੀ ਲੈਕਚਰਬਾਜ਼ੀ ਦੇ) — ਇਸ ਸੰਗ੍ਰਹਿ ਵਿਚ ਐਸੀਆਂ ਹਨ, ਜਿਹੜੀਆਂ ਵਿਲਖਣਤਾ ਕਰਕੇ ਬਰਦਾਸ਼ਤ ਕੀਤੀਆਂ ਜਾ ਸਕਦੀਆਂ ਹਨ। ਬਾਕੀ ਸਭ ਕਹਾਣੀਆਂ ਕਚਕੜੇ ਤੋਂ ਅੱਗੇ ਨਹੀਂ ਜਾਂਦੀਆਂ।

ਮੁਕਤੀ ਕਹਾਣੀ ਸੰਗ੍ਰਹਿ ਨੇ ਪਾਠਕਾਂ ਦਾ ਵੀ ਅਤੇ ਆਲੋਚਕਾਂ ਦਾ ਵੀ ਸਭ ਤੋਂ ਵਧ ਧਿਆਨ ਖਿੱਚਿਆ ਹੈ। ਇਸ ਦਾ ਮੁੱਖ ਕਾਰਨ ਤਾਂ ਇਸ ਵਿਚਲੀਆਂ ਕਹਾਣੀਆਂ ਦੀ ਜਟਿਲਤਾ ਲੱਗਦੀ ਹੈ, ਜਿਸ ਨੂੰ ਅੱਜ ਅਸੀਂ ਕਲਾ ਦਾ ਵੀ ਤੇ ਬੌਧਿਕਤਾ ਦਾ ਵੀ ਸਮਅਰਥਕ ਸਮਝਣ ਲੱਗ ਪਏ ਹਾਂ। ਇਸ ਤੋਂ ਇਲਾਵਾ ਇਹਨਾਂ ਕਹਾਣੀਆਂ ਵਿਚ ਭਾਵਕ ਤਣਾਅ ਦਾ ਵਾਤਾਵਰਣ ਬਹੁਤ ਪ੍ਰਬਲ ਹੈ, ਜਿਹੜਾ ਪਾਠਕ ਨੂੰ ਕੀਲ ਰਖਦਾ ਹੈ। ਅਤੇ ਤੀਜੇ, ਇਹਨਾਂ ਕਹਾਣੀਆਂ ਵਿਚਲੇ ਪਾਤਰਾਂ, ਘਟਨਾਵਾਂ ਅਤੇ ਵਿਚਾਰਾਂ ਦੀ ਸਮਾਜਕ ਸਾਪੇਖਤਾ ਅਤੇ ਪਛਾਣ ਵੀ ਹੈ, ਜਿਹੜੀ ਲੁੰਪਣ ਚੌਕੜੀ ਵਾਲੀਆਂ ਕਹਾਣੀਆਂ ਦੇ ਸਾਈਕਲ ਵਿਚ ਗੁੰਮ ਹੈ। ਇਹ ਇਹਨਾਂ ਕਹਾਣੀਆਂ ਦਾ ਦਿੱਸਦਾ ਰੂਪ ਹੈ।

ਪਰ ਜੇ ਇਸ ਦਿੱਸਦੇ ਰੂਪ ਦੇ ਅੰਦਰ ਜਾ ਕੇ ਅਸੀਂ ਕਹਾਣੀਆਂ ਦਾ ਵਿਸ਼ਲੇਸ਼ਣ ਕਰਨ ਲੱਗਏ ਤਾਂ ਇਹ ਨਿਸਚੇ ਨਾਲ ਕਹਿਣਾ ਮੁਸ਼ਕਲ ਹੋ ਜਾਂਦਾ ਹੈ ਕਿ ਕਹਾਣੀਆਂ ਦਾ ਸੱਚ ਉਹੀ ਹੈ ਜਿਹੜਾ ਪ੍ਰੇਮ ਪ੍ਰਕਾਸ਼ ਪੇਸ਼ ਕਰਨਾ ਚਾਹੁੰਦਾ ਹੈ ਅਤੇ ਉਸੇ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਉਹ ਪੇਸ਼ ਕਰਦਾ ਹੈ!

ਉਦਾਹਰਣ ਵਜੋਂ, ਪਹਿਲੀ ਕਹਾਣੀ "ਡੈੱਡ-ਲਾਈਨ" ਨੂੰ ਹੀ ਲਈਏ। ਕਹਾਣੀ ਵਿਚ ਤਣਾਅ ਦਾ ਸਿਖਰ ਉਦੋਂ ਆਉਂਦਾ ਹੈ ਜਦੋਂ “ਇਕ ਸ਼ਾਮ ਥੱਕੇ ਹਾਰੇ ਆਨੰਦ ਸਾਹਿਬ ਬੈਠੇ ਸੋਚਦੇ ਸੋਚਦੇ ਬੋਲੇ, "ਪਤਾ ਨਹੀਂ ਹੋਰ ਕਿੰਨਾ ਚਿਰ ਇਹ_ਨਰਕ -?" ਜਿਸ ਦੇ ਜਵਾਬ ਵਿਚ ਸ਼੍ਰੀਮਤੀ ਆਨੰਦ ਦੇ ਅਨਕਹੇ ਸ਼ਬਦ ਹਨ: “ਦਿਲ ਵਿਚ ਆਇਆ ਕਿ ਕਹਿ ਦਿਆਂ ਪਈ ਜੋ ਕੁਝ ਤੁਸੀਂ ਭੋਗ ਰਹੇ ਹੋ, ਜੇ ਉਹ ਨਰਕ ਹੈ ਤਾਂ ਉਹ ਕੀ ਹੈ ਜੋ ਮੈਂ ਭੋਗ ਰਹੀ ਹਾਂ?" ਲੇਖਕ ਨਾਇਕਾ ਤਿ ਸਾਡੀ ਹਮਦਰਦੀ ਜਗਾਉਣਾ ਚਾਹੁੰਦਾ ਹੈ, ਬਿਨਾਂ ਇਸ ਗੱਲ ਨੂੰ ਧਿਆਨ ਵਿਚ ਰਖਿਆਂ ਕਿ ਉਸੇ ਦੀ ਦੱਸੀ ਕਹਾਣੀ ਅਨੁਸਾਰ ਇਸ ਨਰਕ ਨੂੰ ਉਸਾਰਨ ਵਿਚ ਆਰੰਭਲੇ ਪੜਾਅ ਉਤੇ ਕੈਂਸਰ ਦੇ ਸ਼ਿਕਾਰ ਸੱਤੀ ਦਾ ਸ਼ਾਇਦ ਏਨਾ ਰੋਲ ਨਹੀਂ ਜਿੰਨਾ ਨਾਇਕਾ ਦਾ ਆਪਣਾ ਹੈ।

ਕਹਾਣੀ ਵਿਚ, ਜਿਸ ਵੇਲੇ ਸੱਤੀ ਅਜੇ ਤੰਤਵੀ-ਖੰਡਰ ਨਹੀਂ ਬਣਿਆ, ਆਪਣੀ ਸਥਿਤੀ ਨੂੰ ਸਮਝਣ ਅਤੇ ਉਸ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਭਾਬੀ ਵਲੋਂ 'ਮੇਰਾ ਸਭ ਕੁਝ ਤੈਨੂੰ ਅਰਪਨ ਹੈ। ਮੇਰੇ ਪਿਆਰੇ! " ਦੀ ਪੇਸ਼ਕਸ਼ ਸਾਨੂੰ ਚੌਕਾ ਦੇਂਦੀ ਹੈ। ਇਸ ਤੋਂ ਪਹਿਲਾਂ ਉਹ ਸੱਤੀ ਦੀਆਂ ਬੱਚਗਾਨਾ ਅਠਖੇਲੀਆਂ ਤੋਂ ਕਾਮੁਕ ਤਰੰਗਾਂ ਮਹਿਸੂਸ ਕਰਦੀ ਹੈ। ਫ਼ਿਲਮੀ ਅੰਦਾਜ਼ ਵਿਚ ਉਸ ਦੇ ਹੱਥ ਨੂੰ ਚੁੰਮਦੀ ਹੈ (ਯੂਰਪ ਤੋਂ ਪੰਜਾਬ ਤਕ ਪਹੁੰਚਦਿਆਂ ਐਟੀਕੇਟ ਦੇ ਰੋਲ ਇੰਜ ਉਲਟ ਜਾਂਦੇ ਹਨ!) ਅਤੇ ਚੋਰੀ ਚੋਰੀ ਇਸ ਦੇ ਪ੍ਰਭਾਵ ਨੂੰ ਵੇਖਦੀ ਹੈ। ਡਾਕਟਰ ਪੁਰੀ ਦੇ ਆਦੇਸ਼ - “ਜੋ ਕੁਝ ਮੰਗਦਾ ਹੈ, ਦਿਉ। ਉਹਦੀ ਆਤਮਾ ਤ੍ਰਿਪਤ ਰੱਖੋ"...' ਵਿਚ ਉਹ ਕੁਝ ਸ਼ਾਮਲ ਨਹੀਂ, ਜੇ ਕੁਝ ਭਾਬੀ ਸਮਝ ਲੈਂਦੀ ਹੈ। ਇਸ ਤੋਂ ਮਗਰੋਂ ਫ਼ਰਾਇਡੀਅਨੇ ਮਨੋ-ਗ੍ਰੰਥੀ ਖੁੱਲਣ ਲੱਗ ਪੈਂਦੀ ਹੈ - ਸੱਤੀ ਵਿਚ ਉਸ ਨੂੰ ਉਹ ਚਿਹਰਾ ਚੱਲਣਾ ਸ਼ੂਰੁ ਹੋ ਜਾਂਦਾ ਹੈ, ਜਿਸ ਨੂੰ ਉਹ ਮੁਟਿਆਰ-ਵਰੇਸ ਵਿਚ ਚੋਰੀ ਚੋਰੀ ਤਰਸੇਵੇਂ ਨਾਲ ਦੇਖਦੀ ਰਹੀ ਹੈ। ਸੱਤੀ ਉਸ ਨੂੰ ਬਦੋਬਦੀ ਪਿਆਉਣ ਲਈ ਸ਼ਰਾਬ ਉਲੱਦਦਾ ਹੈ ਤਾਂ ਇਹ ਵੀ ਉਸ ਦੀ ਲੁਕਵੀਂ ਇੱਛਾ ਹੀ ਪੂਰੀ ਹੋ ਰਹੀ ਹੈ। (ਪਤਾ ਨਹੀਂ ਉਹਨੂੰ ਮੇਰੇ ਦਿਲ ਦੀ ਗੱਲ ਦਾ ਪਤਾ ਕਿਵੇਂ ਲੱਗ ਗਿਆ!") ਫਿਰ, ਦਿਓਰ ਨਾਲ ਭੋਗ ਦਾ ਵਰਨਣ ਹਵਨ ਦੀ ਸ਼ਬਦਾਵਲੀ ਵਿਚ ਕਰਨਾ ਅਤੇ ਇਸ ਨੂੰ ਸ਼ਾਂਤੀ ਪਾਠ ਨਾਲ ਕਲਨਾ ਦੇਣਾ (ਸਾਰੀ ਕਹਾਣੀ ਭਾਬੀ ਖ਼ੁਦ ਹੀ ਸੁਣਾ ਰਹੀ ਹੈ, ਇਹ ਸਵਾਲ ਖੁੱਲਾ ਛੱਡ ਦੇਂਦਾ ਹੈ ਕਿ ਭਾਬੀ ਹਾਲਾਤ ਦਾ ਸ਼ਿਕਾਰ ਹੋ ਰਹੀ ਹੈ ਜਾਂ ਉਹਨਾਂ ਤੋਂ ਲਾਭ ਉਠਾ ਰਹੀ ਹੈ! ਕਹਾਣੀ ਵਿਚ ਮੁੜ ਮੁੜ ਕੇ ਕੀਤਾ ਜਾ ਰਿਹਾ ਸਵਾਲ - "ਮੈਂ ਉਹਦੀ ਭਾਬੀ ਸੀ, ਭੈਣ ਸੀ, ਮਾਂ ਸੀ ਜਾਂ ਪਤਨੀ?" ਕਹਾਣੀ ਦਾ ਅਸਲੀ ਸਵਾਲ ਨਹੀਂ। ਕਹਾਣੀ ਦਾ ਅਸਲੀ ਸਵਾਲ ਇਹ ਹੈ ਕਿ ਘੋਰ ਸੰਕਟ ਦੀ ਸਥਿਤੀ ਵਿਚ ਮਨੁੱਖੀ ਵਿਹਾਰ ਕਿਵੇਂ ਉਜਾਗਰ ਹੁੰਦਾ ਹੈ? ਅਤੇ ਇਸ ਪੱਖੋਂ ਕਹਾਣੀ ਵਿਚ ਉਹੋ ਪਾਤਰ ਮਾਰ ਖਾ ਜਾਂਦਾ ਹੈ, ਜਿਸ ਪ੍ਰਤੀ ਪ੍ਰੇਮ ਪ੍ਰਕਾਸ਼ ਸਾਡੀ ਹਮਦਰਦੀ ਜਗਾਉਣਾ ਚਾਹੁੰਦਾ ਹੈ। ਮੌਤ ਦੀ ਸੰਕਟ ਸਥਿਤੀ ਵਿਚ ਪਾ ਕੇ ਮਨੁੱਖੀ ਆਚਰਣ ਨੂੰ ਉਜਾਗਰ ਕਰਨਾ, ਇਕ ਬਹੁਤ ਵਧੀਆ ਸਾਹਿਤਕ ਜਗਤ ਹੈ। ਪਰ ਦ੍ਰਿਸ਼ਟੀ ਦੇ ਧੁੰਦਲਕੇ ਕਾਰਨ ਇਸ ਦੀਆਂ ਸੰਭਾਵਨਾਵਾਂ ਉਜਾਗਰ ਨਹੀਂ ਹੋ ਸਕੀਆਂ।

ਇਕ ਹੋਰ ਸਾਹਿਤਕ ਜਗਤ ਵਿਥ ਰਾਹੀਂ ਸੂਝ ਪੈਦਾ ਕਰਨ ਦੀ ਹੈ। ਸਾਰੀ ਘਟਨਾ ਵਾਪਰਣ ਤੋਂ ਇੱਕ ਸਾਲ ਮਗਰੋਂ ਯਾਦ ਕੀਤੀ ਜਾ ਰਹੀ ਹੈ। ਕਲਾ ਵਿਚ ਵਿਥ ਦੀ ਵਰਤੋਂ ਕੀਤੀ ਜਾਂਦੀ ਹੈ, ਸਪਸ਼ਟਤਾ ਲਿਆਉਣ ਲਈ। ਪਰ ਇਥੇ ਦ੍ਰਿਸ਼ਟੀ ਦੇ ਧੁੰਦਲਕੇ ਕਾਰਨ ਇਹ ਵਿੱਥ ਪਿਛਲੀ ਧੁੰਦ ਨੂੰ ਹੋਰ ਸੰਘਣਿਆਂ ਕਰ ਦੀ ਦੱਸਦੀ ਹੈ।

ਬੜੀ ਪ੍ਰਭਾਵਸ਼ਾਲੀ ਪੇਸ਼ਕਾਰ ਉਪਰ ਗਲਤ ਸਵਾਲ ਫੱਸ ਕੇ, ਪ੍ਰੇਮ ਪ੍ਰਕਾਸ਼ ਉਸ ਨੂੰ ਔਝੜ ਪਾ ਦੇਂਦਾ ਹੈ। ਇਹੀ ਗੱਲ ਮੁਕਤੀ (1) ਅਤੇ ਮੁਕਤੀ (2) ਨਾਲ ਵਾਪਰੀ ਹੈ। ਮੁਕਤੀ ਦੇ ਦੋ ਹੀ ਅਰਥ ਹੋ ਸਕਦੇ ਹਨ, ਇਕ ਅਧਿਆਤਮਿਕ (ਜਨਮ ਮਰਨ ਦੇ ਗੋੜ ਤੋਂ ਮੁਕਤੀ), ਦੂਜੇ ਸਮਾਜਕ (ਮਨੁੱਖ ਹਥੋਂ ਮਨੁੱਖ ਉਤੇ ਹੁੰਦੇ ਸਮਾਜਕ ਜਬਰ ਤੋਂ ਮੁਕਤੀ)। ਦੋਹਾਂ ਸੂਰਤਾਂ ਵਿਚ ਇਹ ਆਦਮੀ ਦਾ ਵੀ ਓਨਾ ਹੀ ਮਸਲਾ ਹੈ, ਜਿੰਨਾ ਔਰਤ ਦਾ ਹੈ। ਪਰ ਇਸ ਕਹਾਣੀ ਵਿਚ ਇਹ ਮਸਲਾ ਕੇਵਲ ਔਰਤ ਦਾ ਬਣ ਕੇ ਪੇਸ਼ ਹੋਇਆ ਹੈ। ਇਸ ਤੋਂ ਸ਼ੱਕ ਇਹ ਹੁੰਦਾ ਹੈ ਕਿ ਭਾਵੇਂ ਪ੍ਰੇਮ ਪ੍ਰਕਾਸ਼ ਨੇ 'ਮੁਕਤੀ' ਸ਼ਬਦ ਦੀ ਵਰਤੋਂ ਉਹਨਾਂ ਸਾਰੇ ਸੰਭਵ ਸੰਦਰਭਾਂ ਵਿਚ ਕੀਤੀ ਹੈ, ਜਿਨ੍ਹਾਂ ਵਿਚ ਇਹ ਕੀਤੀ ਜਾ ਸਕਦੀ ਹੈ, ਪਰ ਮਸਲਾ ਅਸਲ ਵਿਚ ਕੁਝ ਹੋਰ ਹੈ। ਮਸਲਾ ਸਿਰਫ਼ ਔਰਤ ਨਾਲ ਸੰਬੰਧਿਤ ਹੈ, ਇਸ ਲਈ ਇਹ ਮਸਲਾ ਵਿਅਕਤੀ ਦੇ ਤੌਰ ਉਤੇ ਉਸ ਦੀ ਸਮਾਜਕ ਹਸਤੀ ਨਿਸਚਤ ਕਰਨ ਦਾ ਹੈ। ਔਰਤ ਦੀ ਸਾਰੀ ਭਟਕਣਾ ਆਪਣੀ ਹਸਤੀ ਦਾ ਮੁੱਲ ਪੁਆਉਣ ਦੀ ਹੈ। ਪਰ ਦ੍ਰਿਸ਼ਟੀ ਧੁੰਦਲੀ ਤੇ ਸੋਚ ਕੁਰਾਹੇ ਪਈ ਹੋਈ ਹੈ, ਜਿਸ ਕਰਕੇ ਉਹ ਆਪਣੀ ਹਸਤੀ ਨੂੰ ਸਿਰਫ਼ ਮਰਦ ਦੇ ਅਤੇ ਉਹ ਵੀ ਭੈੜੇ ਮਰਦ ਦੇ ਮੁਕਾਬਲੇ ਉਤੇ ਰੱਖ ਕੇ, ਉਸ ਨੂੰ ਜ਼ਲੀਲ ਹੋਇਆ ਦੇਖ ਕੇ ਹੀ ਸੰਤੁਸ਼ਟਤਾ ਲੋਚਦੀ ਹੈ। ਔਰਤ ਦੀ ਅਜ਼ਾਦ ਹਸਤੀ ਇਸ ਵਿਚ ਨਹੀਂ ਕਿ ਉਹ ਇਕ ਬਿਸਤਰੇ ਤੋਂ ਟੈਸਟ ਕਰ ਕੇ ਉਠੇ ਤੇ ਦੂਜੇ ਬਿਸਤਰੇ ਉਤੇ ਜਾ ਪਵੇ। ਇਹ ਉਸ ਦੀ ਹੋਰ ਗੁਲਾਮੀ ਦਾ ਰਾਹ ਹੈ। ਇਹ ਧੁੰਦਲਕਾ ਕਾਫ਼ੀ ਹੱਦ ਤਕ ਸਾਡੀ ਫ਼ੈਮਿਨਿਸਟ (feminist) ਸੱਚ ਦਾ ਵੀ ਧੁੰਦਲਕਾ ਹੈ।

ਮੱਛੀ ਕਹਾਣੀ ਵਿਚ ਵੀ ਇਸੇ ਤਰ੍ਹਾਂ ਸਾਰੀ ਦਿਲਚਸਪੀ ਗ਼ਲਤ ਥਾਂ ਟਿਕੀ ਹੋਈ ਹੈ। ਆਪਣੇ ਆਦਰਸ਼ ਲਈ ਜਾਨ ਤਲੀ ਉਤੇ ਧਰ ਕੇ ਫਿਰ ਰਹੇ ਵਿਅਕਤੀ ਦਾ ਇਸ ਬਹਾਦਰੀ ਵਲ ਤਾਂ ਉਚਤ ਧਿਆਨ ਨਾ ਦੇਣਾ, ਪਰ ਕਿਸੇ ਅਵੇਸਲੇਪਣ ਦੀ ਸੂਰਤ ਵਚ ਕਾਮ ਨਾਲ ਸੰਬੰਧਤ ਉਸ ਦੀ ਉਕਾਈ ਨੂੰ ਪਹਿਲੀ ਥਾਂ ਦੇ ਦੇਣਾ ਅਤੇ ਉਛਾਲਣਾ ਇਕ ਤਰ੍ਹਾਂ ਦੀ ਵਿਕ੍ਰਿਤ ਦਿਲਚਸਪੀ ਹੈ।

ਕਹਾਣੀ ਦੇ ਅਖੀਰ ਵਿਚ ਸ਼ੀਲ ਦੇ ਇਹ ਲਫ਼ਜ਼ ਬੜੇ ਜ਼ੋਰਦਾਰ ਹਨ - ਨਾ ਸੁਣ ਕਾਮਰੇਡ, ਜੇਹਲ 'ਚ ਰਹਿ ਕੇ ਮੈਨੂੰ ਮਹਿਸੂਸ ਹੋਇਆ ਪਈ ਇਸ ਸਮਾਜ 'ਚ ਗਰੀਬੀ ਦੇ ਦੁਖ ਦੇ ਨਾਲ ਔਰਤ ਹੋਣ ਦਾ ਆਪਣਾ ਵੱਖਰਾ ਦੁੱਖ ਵੀ ਹੈ। ਇਸਤਰੀ ਦੋਹਰੀ ਚੱਕੀ 'ਚ ਪਿਸਦੀ ਹੈ, 'ਕਾਮਰੇਡਾਂ ਦੇ ਘਰਾਂ 'ਚ ਵੀ!" ਪਰ, ਕਾਸ਼ ਕਿ ਕਹਾਣੀ ਇਹਨਾਂ ਸ਼ਬਦਾਂ ਦੀ ਹਿਮਾਇਤ ਕਰਦੀ ਹੁੰਦੀ ਅਤੇ ਇਹ ਸ਼ਬਦ ਕਹਾਣੀ ਦਾ ਮੰਤਕੀ ਸਿਖਰ ਹੁੰਦੇ। ਅਸਲ ਵਿਚ ਇਹ ਗਿਆਨ ਉਸ ਨੂੰ ਜੇਲ੍ਹ ਵਿਚ ਹੋਇਆ ਹੈ ਅਤੇ ਜੇਲ੍ਹ ਵਿਚਲਾ ਜੀਵਨ ਕਹਾਣੀ ਵਿਚੋਂ ਗੁੰਮ ਹੈ।

ਕਲਾ ਦੇ ਪੱਖੋਂ ਮੈਂ ਤੁਹਾਡੇ ਵਿਚੋਂ ਹਾਂ ਕਹਾਣੀ ਵਿਅੰਗ ਨਹੀਂ, ਮਜ਼ਾਕ ਹੈ। ਲਛਮੀ ਕਹਾਣੀ ਵਿਚ ਆਮ ਗਿਆਨ ਵਿਚਲੇ ਅਤੇ ਚਿਰਾਂ ਤੋਂ ਚਰਚਿਤ ਵਿਸ਼ੇ ਨੂੰ ਦੁਹਰਾਅ ਦਿੱਤਾ ਗਿਆ ਹੈ। ਇਹੋ ਜਿਹੀਆਂ ਕਹਾਣੀਆਂ ਨਾ ਤਾਂ ਪਾਠਕ ਨੂੰ ਯਥਾਰਥ ਬਾਰੇ ਕੋਈ ਨਵੀਂ ਅੰਤਰ-ਦ੍ਰਿਸ਼ਟੀ ਦੇਂਦੀਆਂ ਹਨ, ਨਾ ਹੀ ਉਸ ਦੀ ਸੰਵੇਦਨਸ਼ੀਲਤਾ ਵਿਚ ਵਾਧਾ ਕਰਦੀਆਂ ਹਨ।

ਗੋਈ ਸਾਈਕਲ ਦੀਆਂ ਕਹਾਣੀਆਂ ("ਗੋਈ, “ਬੰਗਲਾ", "ਘਰ") ਵਿਚ ਪ੍ਰੇਮ ਪ੍ਰਕਾਸ਼ ਨਵੀਂ ਦਿਸ਼ਾ ਫੜਦਾ ਹੈ, ਜੋ ਸੱਚਮੁੱਚ ਹੀ ਸਾਡੇ ਅਜੋਕੇ ਜੀਵਨ ਦੀ ਭਖਵੀਂ ਸਮੱਸਿਆ ਨੂੰ ਛੁਹਦੀ ਹੈ। ਬਾਵਜੂਦ ਦੁਹਰਾਅ ਦੇ, ਇਹ ਕਹਾਣੀਆਂ ਸਾਡੇ ਜੀਵਨ ਵਿਚਲੇ ਵੱਖ ਵੱਖ ਤਣਾਵਾਂ ਨੂੰ ਪੇਸ਼ ਕਰਦੀਆਂ ਹਨ, ਜਿਨ੍ਹਾਂ ਦੀ ਬੁਨਿਆਦ ਅੰਤਰ-ਜਾਤੀ, ਅੰਤਰ-ਧਰਮ ਅਤੇ ਉਪ-ਸਭਿਆਚਾਰਕ ਤਣਾਵਾਂ ਵਿਚ ਹੈ। ਇਹਨਾਂ ਵਿਚ ਵਾਰਦਾ ਦੁਖਾਂਤ ਸਮਾਂ ਵਿਹਾ ਚੁੱਕੀਆਂ ਕੀਮਤਾਂ ਨੂੰ ਚੰਬੜੇ ਰਹਿਣ ਕਰਕੇ ਹੈ, ਜਾਂ ਨਵੀਆਂ ਪ੍ਰਸਥਿਤੀਆਂ ਨੂੰ ਨਾ ਸਮਝਣ ਕਰਕੇ। ਕਈ ਸਾਲਾਂ ਦੀ ਵਿੱਥ ਵੀ "ਘਰ" ਦੀ ਨਾਇਕਾ ਨੂੰ ਏਨੀ ਸੂਝ ਨਹੀਂ ਬਖ਼ਸ਼ ਦੀ ਕਿ ਉਸ ਨੇ ਜ਼ਿੰਦਗੀ ਵਿਚ ਕੀ ਕੀਤਾ ਹੈ ਅਤੇ ਉਸ ਦੀ ਕੀ ਮਹੱਤਾ ਹੈ।

"ਤੈ ਲਿਖਿਆ ਹੈ ਕਿ ਤੂੰ ਦੁਖੀ ਐਂ। ਤੂੰ ਜੋ ਕੁਝ ਚਾਹੁੰਦੀ ਸੀ ਉਹ ਮਿਲ ਨਹੀਂ ਸਕਿਆ। ਪਰ ਮੈਂ ਇਸ ਲਈ ਦੁਖੀ ਹਾਂ ਕਿ ਮੈਂ ਜੇ ਚਾਹਿਆ ਸੀ, ਉਹ ਮਿਲ ਗਿਆ। ਹੁਣ ਪਛਤਾਂਦੀ ਹਾਂ ਕਿ ਮੈਂ ਉਹ ਕਿਉਂ ਚਾਹਿਆ। ਇਸ ਤਰ੍ਹਾਂ ਦੇ ਫ਼ਿਲਮੀ ਵਾਰਤਾਲਾਪ ਨਾਇਕਾ ਦੀ ਮਾਨਸਿਕਤਾ ਨੂੰ ਪੇਸ਼ ਕਰਦੇ ਹਨ। ਇਹਨਾਂ ਤੋਂ ਹੀ ਲੱਗਦਾ ਹੈ ਕਿ ਅੰਤਰਬੜੀ ਅੰਤਰ-ਧਰਮ ਵਿਆਹ ਕਿਸੇ ਆਦਰਸ਼ ਦਾ ਜਾਂ ਸੋਚੇ-ਸਮਝੇ ਚੇਤੰਨ ਫ਼ੈਸਲੇ ਦਾ ਸਿੱਟਾ ਨਹੀਂ ਸੀ, ਸਗੋਂ ਜ਼ਿੰਦਗੀ ਵਿਚ ਫ਼ਿਲਮੀ ਤਰ੍ਹਾਂ ਦੀ ਉਤਸੁਕਤਾ ਜਗਾਈ ਰੱਖਣ ਦਾ ਸਿੱਟਾ ਸੀ। ਉਸ ਨੂੰ ਇਹ ਵੀ ਇਤਰਾਜ਼ ਹੈ ਕਿ "ਮੇਰਾ ਵਰਤਮਾਨ ਬੜਾ ਸੌਖਾ ਹੈ।"

ਪਰ ਇਸ ਫਿਲਮੀ ਸੌਚ ਦੀ ਵੀ ਸਮਾਜਕ ਸਾਪੇਖਤਾ ਹੈ, ਭਾਵੇਂ ਲੇਖਕ ਦਾ ਮੰਤਵ ਰੀਟਾ ਦੇ ਪਾਤਰ ਨੂੰ ਇਸ ਤਰ੍ਹਾਂ ਪੇਸ਼ ਕਰਨਾ ਨਹੀਂ। "ਗੋਈ" ਅਤੇ "ਬੰਗਲਾ" ਕਹਾਣੀਆਂ ਦੇ ਬਣਤਰੀ

ਅੰਸ਼ ਭਾਵੇਂ "ਘਰ" ਵਾਲੇ ਹੀ ਹਨ, ਪਰ ਫ਼ਿਲਮੀ ਵਿਰੋਧਾਭਾਸਾਂ ਉਤੇ ਜ਼ੋਰ ਨਾ ਹੋਣ ਕਰਕੇ "ਘਰ" ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹਨ। ਇਹਨਾਂ ਵਿਚ ਮੁੱਖ ਵਿਰੋਧ ਅੰਤਰ- ਜਾਤੀ ਉਪ-ਸਭਿਆਚਾਰਕ ਵਿਰੋਧ ਹਨ, ਅਤੇ ਇਹਨਾਂ ਨੂੰ ਵਧੇਰੇ ਯਥਾਰਥਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਅਸੀਂ ਕਹਿ ਸਕਦੇ ਹਾਂ ਕਿ ਗੋਈ ਸਾਈਕਲ ਦੀਆਂ ਕਹਾਣੀਆਂ ਏਸ ਜਨਮ ਵਿਚ ਤੋਂ ਅਗਲਾ ਕਦਮ ਹਨ।

ਪਰ ਇਸ ਨਾਲ ਵੀ ਪ੍ਰੇਮ ਪ੍ਰਕਾਸ਼ ਦੀ ਕਲਾ ਦੀ ਸੇਧ ਨਿਸਚਿਤ ਨਹੀਂ ਹੁੰਦੀ। ਇਹ ਅਜੇ ਪਤਾ ਲੱਗੇਗਾ ਕਿ ਉਹ ਸਮਾਜਕ ਯਥਾਰਥ ਦੀ ਪੇਸ਼ਕਾਰੀ ਨੂੰ ਆਪਣੀ ਪੱਕੀ ਸੂਰ ਬਣਾਉਂਦਾ ਹੈ, ਜਾਂ ਕਿ ਲਿੰਗ-ਦੁਆਲੇ ਕੋਈ ਰੋਮਾਂਸਿਕ-ਰਹੱਸਵਾਦੀ ਜਾਲ ਬੁਨਣ ਨੂੰ

(ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਚ, ਜਨਵਰੀ 1983 ਵਿਚ, ਪੜਿਆ ਗਿਆ।)