ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ/ਗਲਪਕਾਰ ਜਸਟਿਸ ਮਹਿੰਦਰ ਸਿੰਘ ਜੋਸ਼ੀ

ਵਿਕੀਸਰੋਤ ਤੋਂ

ਗਲਪਕਾਰ ਜਸਟਿਸ

ਮਹਿੰਦਰ ਸਿੰਘ ਜੋਸ਼ੀ

ਦੋ ਨਾਵਲ, ਦੱਸ-ਕਹਾਣੀ-ਸੰਗ੍ਰਹਿ, ਇਕ ਆਤਮਕਥਾ, ਬਹੁਤ ਸਾਰੀਆਂ ਕਵਿਤਾਵਾਂ ਅਤੇ ਹੋਰ ਕਈ ਕੁਝ, ਜੋ ਕਿ ਕਿਸੇ ਭਵਿਖ ਦੇ ਸਾਹਿਤ-ਖੋਜੀ ਦੇ ਲੱਭਣ ਦਾ ਮਸਾਲਾ ਹੋਵੇਗਾ, ਲਿਖ ਚੁੱਕੇ ਜਸਟਿਸ ਮਹਿੰਦਰ ਸਿੰਘ ਜੋਸ਼ੀ ਨੂੰ ਪੜ੍ਹਨ ਤੋਂ ਮੈਂ ਬਹੁਤ ਸਮਾਂ ਕਤਰਾਉਂਦਾ ਰਿਹਾ ਹਾਂ। ਡਰ ਇਹ ਸੀ ਕਿ ਨਿੱਤ ਜ਼ਿੰਦਗੀ ਵਿਚ ਲੋਕਾਂ ਤੋਂ ਸਹੁੰਆਂ ਚੁਕਾਉਂਦਾ ਰਿਹਾ ਵਿਅਕਤੀ ਅਚੇਤ ਤੌਰ ਉਤੇ ਵੀ ਆਪਣੀ ਲਿਖਤ ਹੇਠਾਂ ਲੁਕੀ ਹੋਈ ਧਾਰਨਾ ਬਣਾ ਸਕਦਾ ਹੈ ਕਿ "ਮੈ ਕਲਮ ਦੀ ਸਹੁੰ ਖਾ ਕੇ ਕਹਿੰਦਾ ਹਾਂ ਕਿ ਜੋ ਕੁਝ ਕਹਾਂਗਾ, ਸੱਚ ਕਹਾਂਗਾ, ਸੱਚ ਤੋਂ ਸਿਵਾ ਕੁਝ ਨਹੀਂ ਕਹਾਂਗਾ।" ਤੇ ਉਸ ਸੂਰਤ ਵਿਚ ਫਿਰ ਇਸ ਤਰ੍ਹਾਂ ਦੇ ਸਾਹਿਤ ਬਾਰੇ ਕਹਿਣ ਜੋਗਾ ਕੀ ਰਹਿ ਜਾਂਦਾ ਹੈ? ਹਾਲਾਂਕਿ ਇਹ ਸਹੁੰ ਖਾ ਕੇ ਵੀ ਕਿਹੜਾ ਸਾਰੇ ਸੱਚ ਹੀ ਕਹਿ ਦੇਂਦੇ ਹਨ। ਤੇ ਜੇ ਸਹੁੰਆਂ ਨਾਲ ਹੀ ਸੱਚ ਨਿਕਲਣਾ ਹੋਵੇ ਤਾਂ ਨਾ ਕਚਹਿਰੀਆਂ ਦੀ ਲੋੜ ਰਹਿ ਜਾਏ, ਨਾ ਜੱਜਾਂ ਦੀ।

ਸਾਹਿਤਕਾਰ ਦੀ ਕਲਾ ਸਾਰਾ ਕੁਝ ਅਤੇ ਹੁਬਹੂ ਦੱਸਣ ਵਿਚ ਨਹੀਂ ਹੁੰਦੀ। ਸਗੋਂ ਲੇਖਕ ਅਤੇ ਪਾਠਕ ਵਿਚਕਾਰ ਰਚਣੇਈ ਰਾਬਤਾ ਹੈ ਉਥੇ ਕਾਇਮ ਹੁੰਦਾ ਹੈ ਜਿਥੇ ਕਿਸੇ ਵਿਸ਼ੇਸ਼ ਮੰਤਕ ਦੇ ਅਧੀਨ ਇਸ ਸਾਰੇ ਕੁਝ ਵਿਚ ਕੋਈ ਖ਼ਾਲੀ ਥਾਂ ਛੱਡ ਦਿੱਤੀ, ਜਾਂਦੀ ਹੈ, ਹੂਬਹੂ ਵਿਚ ਕੋਈ ਵਖਰੇਵਾਂ ਲੈ ਆਂਦਾ ਜਾਂਦਾ ਹੈ। ਹੂਬਹੂ ਤਾਂ ਪ੍ਰਤੱਖ ਹੀ ਹੁੰਦਾ ਹੈ, ਪਰ ਜ਼ਿੰਦਗੀ ਪ੍ਰਤੱਖ ਵਿਚ ਆਪਣਾ ਸਾਰ ਨਹੀਂ ਰੱਖਦੀ। ਕਲਾ ਕੁਝ ਵੀ ਨਹੀਂ ਜੇ ਹੂਬਹੂ ਵਿਚ ਉਲਝ ਕੇ ਰਹਿ ਜਾਏ ਅਤੇ ਸਾਰੇ ਤਕ ਨਾ ਪਹੁੰਚੇ।

ਸਭ ਤੋਂ ਵੱਡੀ ਗੱਲ, ਕਿ ਲੇਖਕ ਸਿਰਫ਼ ਜੱਜ ਨਹੀਂ ਹੁੰਦਾ, ਗਵਾਹ ਵੀ ਹੁੰਦਾ ਹੈ। ਅਤੇ ਆਪਣੇ ਨਿਰਣੇ ਅਨੁਸਾਰ ਗਵਾਹੀ ਭੁਗਤ ਚੁੱਕਣ ਪਿਛੋਂ ਉਹ ਲੋਕਾਂ ਦੇ ਦਰਬਾਰ ਵਚ ਖੜਾ ਹੋ ਜਾਂਦਾ ਹੈ, ਇਹ ਪਤਾ ਕਰਨ ਲਈ ਕਿ ਉਹ ਕੀਤੇ ਕਾਰਜ ਲਈ ਸਜ਼ਾ ਦਾ ਹੱਕਦਾਰ ਹੈ, ਜਾਂ ਇਨਾਮ ਦਾ। ਵੈਸੇ ਇਹ ਦਰਬਾਰ ਵੀ ਆਪਣੇ ਫ਼ੈਸਲਿਆਂ ਵਿਚ ਏਨਾ ਆਪਹੁਦਰਾ ਹੋ ਸਕਦਾ ਹੈ, ਕਿ ਲੇਖਕ ਨੂੰ ਹੱਕੀ ਇਨਾਮ ਲਈ ਵੀ ਕਈ ਪੀੜ੍ਹੀਆਂ ਉਡੀਕਣਾ ਪਵੇ। ਉਪਰੋਕਤ ਤੌਖ਼ਲਿਆਂ ਦੇ ਪਿਛੋਕੜ ਵਿਚ ਸਭ ਤੋਂ ਪਹਿਲਾਂ ਧਿਆਨ ਲੇਖਕ ਦੀ ਆਤਮ-ਕਥਾ ਵਲ ਜਾਂਦਾ ਹੈ, ਹਾਲਾਂਕਿ ਆਤਮ-ਕਥਾ ਜਾਂ ਸ੍ਵੈ-ਜੀਵਨੀ ਆਪਣੇ ਆਪ ਵਿਚ ਬੜਾ ਨੱਕ-ਚੜਿਆ ਸਾਹਿਤ-ਰੂਪ ਹੈ, ਜਿਸ ਨੂੰ ਪੜ੍ਹਦਿਆਂ ਇਹ ਖ਼ਿਆਲ ਕਦੀ ਤੁਹਾਡਾ ਪਿੱਛਾ ਨਹੀਂ ਛੱਡਦਾ ਕਿ ਲਿਖਣ ਵਾਲਾ ਨਾ ਸਿਰਫ਼ ਤੁਹਾਡੇ ਨਾਲੋਂ ਵੱਡਾ ਹੈ ਹੀ, ਸਗੋਂ ਉਹ ਆਪਣੇ ਆਪ ਨੂੰ ਵੱਡਾ ਸਮਝਦਾ ਵੀ ਹੈ (ਨਹੀਂ ਤਾਂ ਉਹ ਸ੍ਵੈ-ਜੀਵਨੀ ਲਿਖਣ ਦੀ ਦਲੇਰ ਹਿਮਾਕਤ ਨਾ ਕਰਦਾ)। ਸ੍ਵੈ-ਜੀਵਨੀ ਪੜ੍ਹਦਿਆਂ ਤੁਹਾਨੂੰ ਕਦਮ ਕਦਮ ਉਤੇ, ਹਰੇ ਵਾਕ ਵਿਚ ਅਗਲੇ ਦੀ 'ਮੈਂ-ਮੈਂ' ਸੁਣਨੀ ਪੈਂਦੀ ਹੈ, ਸ੍ਵੈ ਨੂੰ ਅਗਲੇ ਦੀ 'ਹਉਂ' ਦੇ ਅਧੀਨ ਕਰਨਾ ਪੈਂਦਾ ਹੈ। ਹਾਲਾਂਕਿ ਤੁਹਾਨੂੰ ਪਤਾ ਹੁੰਦਾ ਹੈ ਕਿ ਉਸ ਨੇ ਆਪਣੇ ਬਾਰੇ ਪੂਰਾ ਸੱਚ ਫਿਰ ਵੀ ਨਹੀਂ ਕਹਿਣਾ। ਆਪਣੇ ਦੋਸ਼ਾਂ ਨੂੰ ਵੀ ਇਸ ਤਰ੍ਹਾਂ ਨਾਲ ਪੇਸ਼ ਕਰਨਾ ਹੈ। ਕਿ ਅਗਲਾ ਇਹਨਾਂ ਨੂੰ ਵੀ ਗੁਣ ਸਮਝੇ ਅਤੇ ਅਸ਼ ਅਸ਼ ਕਰ ਉੱਠੇ।

'ਪੂਰਾ ਸੱਚ' ਜਸਟਿਸ ਜੋਸ਼ੀ ਦੀ ਆਤਮ-ਕਥਾ ਮੇਰੇ ਪੱਤੇ ਮੇਰੀ ਖੇਡ ਵੀ ਨਹੀਂ ਦੱਸਦੀ। ਜੇ ਬਹੁਤੇ ਵਿਸਥਾਰ ਵਿਚ ਨਾ ਜਾਇਆ ਜਾਏ ਤਾਂ ਕੇ. ਐਲ. ਗਰਗ ਦੀ ਟਿੱਪਣੀ ਥਾਂ ਸਿਰ ਵੀ ਹੈ ਅਤੇ ਰੌਚਕ ਵੀ ਕਿ ਜਸਟਿਸ ਜੋਸ਼ੀ ਦੀ ਤਾਸ਼ ਵਿਚ ਨੌਂ ਪੱਤੇ ਵੀ ਘੱਟ ਹਨ (ਆਤਮ-ਕਥਾ ਦੇ 43 ਕਾਂਡ ਹਨ), ਅਤੇ ਇਸ ਵਿਚੋਂ ਬੇਗਮਾਂ ਪੂਰੀ ਤਰ੍ਹਾਂ ਗਾਇਬ ਹਨ। ਇਸ ਟਿਪਣੀ ਵਿਚ ਵਾਧਾ ਇਹ ਕੀਤਾ ਜਾ ਸਕਦਾ ਹੈ ਕਿ ਇਸ ਵਿਚ ਉਸ ਬੇਗ਼ਮ ਦਾ ਵੀ ਜ਼ਿਕਰ ਨਹੀਂ, ਜਿਸ ਦਾ ਇਸ ਆਤਮ-ਕਥਾ ਵਿਚ ਕਾਨੂੰਨੀ, ਸੰਸਾਰਕ, ਸਦਾਚਾਰਕ ਅਤੇ ਰੂਹਾਨੀ - ਹਰ ਤਰ੍ਹਾਂ ਨਾਲ ਹੱਕੀ ਸਥਾਨ ਬਣਦਾ ਹੈ, ਸਿਵਾਇ ਇਕ ਅੱਧ ਵਾਕ ਵਿਚ ਅਸਿੱਧੇ ਜ਼ਿਕਰ ਦੇ। ਇਸੇ ਤਰ੍ਹਾਂ ਹੋਰ ਬੜੇ ਕੁਝ ਦਾ ਜ਼ਿਕਰ ਨਹੀਂ ਮਿਲਦਾ ਜਿਹੜਾ ਜੇ ਇਸ ਨਾਲੋਂ ਜ਼ਿਆਦਾ ਨਹੀਂ, ਤਾਂ ਘੱਟ ਵੀ ਮਹੱਤਾ ਨਹੀਂ ਸੀ ਰਖਦਾ, ਖ਼ਾਸ ਕਰਕੇ ਮੁਨਸਿਫ਼ੀ ਵਜੋਂ ਜੀਵਨ ਬਾਰੇ।

ਇਸ ਘਾਟ ਦਾ ਤਰਕ ਸਮਝ ਆ ਜਾਂਦਾ ਹੈ, ਜੇ ਇਹ ਪਤਾ ਹੋਵੇ ਕਿ ਇਸ ਆਤਮਕਥਾ ਦੇ ਕਾਂਡ ਕਿਸੇ ਰੋਜ਼ਾਨਾ ਅਖ਼ਬਾਰ ਦੇ ਸਪਤਾਹਕ ਕਾਲਮ ਵਜੋਂ ਲਿਖੇ ਗਏ ਸਨ, ਜਿਸ ਕਰਕੇ ਇਹਨਾਂ ਦੀ ਪੂਰਨਤਾ ਅਤੇ ਸਰਬ-ਪਖਤਾ ਨੂੰ ਅਗੇਤਾ ਪਲਾਨ ਕਰਨਾ ਸੰਭਵ ਨਹੀਂ ਸੀ। ਤਾਂ ਵੀ, ਬੇਗ਼ਮਾਂ ਦੀ ਘਾਟ ਵਾਲਾਂ ਤੱਥ ਜੋਸ਼ੀ ਹੋਰਾਂ ਦੀ ਕਲਾ ਅਤੇ ਦਿਸ਼ਟੀਕੋਣ ਨੂੰ ਸਮਝਣ ਲਈ ਮਹੱਤਵਪੂਰਨ ਹੋ ਸਕਦਾ ਹੈ।

ਜੇ ਆਤਮਕਥਾ ਵਿਚਲੇ ਘਾਪਿਆਂ ਦੀ ਉਕਤ ਵਿਆਖਿਆ ਨੂੰ ਮੰਨ ਲਿਆ ਜਾਏ. ਅਤੇ ਇਹਨਾਂ ਨੂੰ ਮੁਲਾਂਕਣ ਵਿਚ ਨਿਰਧਾਰਨੀ ਮਹੱਤਾ ਨਾ ਦਿੱਤੀ ਜਾਏ (ਜੋ ਕਿ ਹੈ ਵੀ ਨਹੀਂ ਅਤੇ ਬਣਦੀ ਵੀ ਨਹੀਂ) ਤਾਂ ਇਸੇ ਆਤਮਕਥਾ ਵਿਚ ਬੜਾ ਕੁਝ ਹੈ, ਜੋ ਇਸ ਨੂੰ ਸੈ-ਜੀਵਨੀ ਸਾਹਿਤ-ਰੂਪ ਵਿਚ ਨਿਵੇਕਲੀ ਥਾਂ ਦੁਆਉਂਦਾ ਹੈ। ਸਭ ਤੋਂ ਵੱਡੀ ਗੱਲ ਇਸ ਵਿਚ ਸਿਰਮੌਰਤਾ ਦੇ ਪੈਂਤੜੇ ਦੀ ਪੂਰਨ ਅਣਹੋਂਦ ਹੈ। ਸਗੋਂ ਲੇਖਕ ਇਸ ਤੋਂ ਉਲਟ ਪੈਂਤੜਾ ਅਪਣਾਉਣ ਲਈ ਯਤਨਸ਼ੀਲ ਹੈ। ਤਾਂ ਵੀ ਜੇ ਕਿਤੇ ਹਉਂ ਦਾ ਅਹਿਸਾਸ ਹੈ, ਜਿਵੇਂ ਕਿ ਜਿਸ ਵੇਲੇ ਉਹ ਆਪਣੀ ਲਿਖਤ ਬਾਰੇ ਗੱਲ ਕਰਦਾ ਹੈ, ਤਾਂ ਇਹ ਉਸ ਹੱਦ ਤੱਕ ਹੀ ਹੈ, ਜਿਸ ਹੱਦ ਤੱਕ ਹੋਰ ਵਿਅਕਤੀ ਵਿਚ, ਅਤੇ ਖਾਸ ਕਰਕੇ ਹਰ ਕਲਾਕਾਰ ਵਿਚ ਹੋਣਾ ਚਾਹੀਦਾ ਹੈ। ਆਤਮ-ਕਥਾ ਦੇ ਆਰੰਭਕ 'ਦੋ ਸ਼ਬਦ' ਹੀ ਪਾਠਕ ਦੇ ਤੌਖਲਿਆਂ ਨੂੰ ਵੀ ਸ਼ਾਂਤ ਕਰ ਦੇਂਦੇ ਹਨ ਅਤੇ ਲੇਖਕ ਦੀ ਦ੍ਰਿਸ਼ਟੀ ਬਾਰੇ ਵੀ ਬੜਾ ਕੁਝ ਦੱਸ ਜਾਂਦੇ ਹਨ। ਉਹ ਲਿਖਦਾ ਹੈ: "ਜ਼ਿੰਦਗੀ ਤਾਸ਼ ਦੀ ਖੇਡ ਹੈ। ਜਿਹਨਾਂ ਪੱਤਿਆਂ ਨਾਲ ਕਿਸੇ ਨੇ ਆਪਣੀ ਬਾਜ਼ੀ ਖੇਡਣੀ ਹੁੰਦੀ ਹੈ, ਉਹ ਪੱਤੇ ਉਹ ਆਪ ਨਹੀਂ ਚੁਣ ਸਕਦਾ। ਜੋ ਕੁਝ ਵੰਡ ਵਿਚ ਆ ਗਿਆ ਸੌ ਆ ਗਿਆ। ਹਾਂ, ਉਹ ਪੱਤੇ ਸੁੱਟਣੇ ਉਹਨੇ ਖੁਦ ਹੀ ਹੁੰਦੇ ਹਨ। ਸੂਝ ਬੂਝ ਨਾਲ ਵਰਤੇ ਜਾਣ ਤਾਂ ਜਿੱਤ ਵਧੇਰੇ ਸੰਭਵ ਹੋ ਜਾਂਦੀ ਹੈ, ਚਾਲ ਵਿਗੜ ਜਾਣ ਦੀ ਸੂਰਤ ਵਿਚ ਹਾਰ ਯਕੀਨੀ ਬਣ ਸਕਦੀ ਹੈ। ਕਦੇ ਕਦੇ ਖੇਡ ਅਜਿਹੇ ਰਾਹ ਪੈ ਜਾਂਦੀ ਹੈ, ਕਿ ਚੰਗੇ ਪੱਤੇ ਤੇ ਚਤੁਰਾਈ ਦੋਵੇਂ ਕੰਮ ਨਹੀਂ ਆਉਂਦੇ।

"ਮੇਰੇ ਪੱਤੇ ਤਾਂ ਸ਼ਾਇਦ ਗੁਜ਼ਾਰੇ ਜੋਗੇ ਹੀ ਸਨ, ਉਹਨਾਂ ਨੂੰ ਖੇਡਣਾ ਕਾਫ਼ੀ ਮਜ਼ੇਦਾਰ ਰਿਹਾ। ਆਸ ਹੈ ਮੇਰੀ ਬਾਜ਼ੀ ਤੇ ਪਾਈ ਝਾਤ ਪਾਠਕਾਂ ਲਈ ਵੀ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗੀ।"

ਸੋ, ਸੱਚ ਬੋਲਣ ਦੀ ਹਿੰਮਤ ਦੇਣ ਬਾਰੇ ਰੱਬ ਅੱਗੇ ਕੋਈ ਅਰਦਾਸਾਂ ਨਹੀਂ, ਨਾ ਹੀ ਸੱਚ ਬੋਲਣ ਦੇ ਕੋਈ ਦਾਅਵੇ ਹਨ; ਪਾਠਕ-ਲਈ ਨਾ ਸਦਾਚਾਰਕ ਵਖਿਆਣ ਹਨ, ਨਾ ਅਰਜੋਈਆਂ; ਨਾ ਭਾਗਵਾਦ ਹੈ, ਨਾ ਭਾਂਜਵਾਦ; ਨਾ ਬੀਤੇ ਉਤੇ ਅਫ਼ਸੋਸ ਹੈ, ਨਾ ਹਦੇ ਵੱਧ ਸਵੈਵਿਸ਼ਵਾਸ; ਨਾ ਕੋਈ ਤਲਿਸਮ ਪਾ ਚੁੱਕੇ ਹੋਣ ਦਾ ਅਹਿਸਾਸ। ਪਾਠਕ ਅੱਗੇ ਇਕ ਸਾਧਾਰਨ ਪ੍ਰਸਤਾਵ ਹੈ ਕਿ ਇਕ ਬਾਗ਼ ਮੈਂ ਦੇਖ ਚੁੱਕਾ ਹਾਂ, ਆ ਹੁਣ ਇਸਨੂੰ ਮਿਲ ਕੇ ਦੇਖੀਏ।

ਪਰ ਇਹ ਸਾਰੀ ਯਕੀਨ-ਦਹਾਨੀ ਵੀ ਪਾਠਕ ਨੂੰ ਇਕ ਕਦਮ ਜਾਂ ਇਕ ਕਾਂਡ ਤੋਂ ਅੱਗੇ ਜਾਣ ਲਈ ਪ੍ਰੇਰਨਾ ਨਾ ਦੇ ਸਕੇ, ਜੇ ਨਾਲ ਰੌਚਕ ਸਾਥ ਦਾ ਵੀ ਯਕੀਨ ਨਾ ਹੋਵੇ। ਅਤੇ ਪਹਿਲੇ ਵਾਕ ਤੋਂ ਹੀ ਇਹ ਸਾਥ ਏਨਾ ਰੌਚਕ ਹੈ ਕਿ ਜੇ ਪਾਠਕ ਨੇ ਸਹੁੰ ਵੀ ਖਾਧੀ ਹੋਵੇ ਕਿ ਮੂੰਹ ਉਤੇ ਮੁਸਕਾਹਟ ਤੱਕ ਨਹੀਂ ਆਉਣ ਦੇਣੀ, ਤਾਂ ਵੀ ਮੁੜ ਮੁੜ ਆਕਰਮਨਕਾਰੀ ਹੁੰਦੇ ਹਾਸੇ ਉਸਨੂੰ ਸਹੁੰ ਟੁੱਟਣ ਦੀ ਨਮੋਸ਼ੀ ਸਹਿਣ ਲਈ ਮਜਬੂਰ ਕਰ ਦੇਣਗੇ। ਇਸ ਹਾਸੇ ਦੀ ਸੁਹਿਰਦਤਾ ਇਸ ਗੱਲ ਵਿਚ ਦਿਸਦੀ ਹੈ ਕਿ ਲੇਖਕ ਪਾਠਕ ਦੇ ਸਵੈਮਾਨੇ ਨੂੰ ਕਿਤੇ ਠੇਸ ਨਹੀਂ ਲਾਉਂਦਾ। ਹਾਸੇ ਦਾ ਕੇਂਦਰ ਜਿੰਨਾ ਕਿਸੇ ਹੋਰ ਪਾਤਰ ਨੂੰ ਬਣਾਉਂਦਾ ਹੋ, ਓਨਾ ਆਪਣੇ ਆਪ ਨੂੰ ਵੀ ਬਣਾਉਂਦਾ ਹੈ। ਉਹ ਕਿਸੇ ਗ਼ਰੀਬ ਬ੍ਰਾਹਮਣ ਦੇ ਘਰੇ ਆਰ ਬਚਪਣ ਦੇ ਦਿਨਾਂ ਨੂੰ ਯਾਦ ਕਰਕੇ ਲਿਖਦਾ ਹੈ: "ਜਜ਼ਮਾਨਾਂ ਦੇ ਘਰ ਆਈਆਂ ਵੰਨ-ਸੁਵੰਨੀਆਂ ਬਾਸੀ ਰੋਟੀਆਂ ਤੇ ਦਾਲਾਂ ਭਾਜੀਆਂ ਦੀ ਅੰਨ-ਕੂਟ ਜਾਂ ਮੈਂ ਖਾਂਦਾ ਜਾਂ ਨਾ ਉਸਦੀ ਗਾਂ। ਮੇਰੇ ਤੇ ਗਾਂ ਵਿਚ ਏਨਾ ਫ਼ਰਕ ਸੀ ਕਿ ਉਹ ਜੋ ਚਾਹੇ ਜੂਠਾ ਛੱਡ ਸਕਦੀ ਸੀ, ਮੈਂ ਨਹੀਂ।" ਜਾਂ "ਸਾਲਾਨਾ ਇਮਤਿਹਾਨ ਵਿਚ ਸਾਨੂੰ ਦਸ ਸਵਾਲ ਪਾਏ ਗਏ ਸਨ, ਜਿਹਨਾਂ ਵਿਚੋਂ ਮੇਰੇ ਨੂੰ ਠੀਕ ਨਿਕਲੇ। ਦਸਵਾਂ ਵੀ ਤਜਾਰਤ ਦਾ, ਹੌਸਲੇ ਦੀ ਜ਼ਿਆਦਤੀ ਕਰਕੇ ਗ਼ਲਤ ਹੋ ਗਿਆ। ਦੱਸਣੀ ਸੀ ਖੰਡ ਦੀਆਂ ਪੱਚੀ ਬੋਰੀਆਂ ਦੀ ਕੀਮਤ, ਦੱਸ ਮਾਰੀ ਪੰਤਾਲੀ ਦੀ।" ਹਾਸਰਸ ਪੈਦਾ ਕਰਨ ਲਈ ਜੋਸ਼ੀ ਨੇ ਜਿੰਨੀਆਂ ਜੁਗਤਾਂ ਇਸ ਆਤਮ-ਕਥਾ ਵਿਚ ਵਰਤੀਆਂ ਹਨ, ਉਹ ਆਪਣੇ ਆਪ ਵਿਚ ਇਕ ਵੱਖਰੇ ਅਧਿਐਨ ਦੀ ਮੰਗ ਕਰਦੀਆਂ ਹਨ। ਭਾਸ਼ਾ ਦੇ ਸੰਜਮ ਅਤੇ ਮੁਹਾਵਰੇ ਦੀ ਜੋ ਕਮਾਂਡ ਜੋਸ਼ੀ ਨੇ ਇਸ ਪੁਸਤਕ ਵਿਚ ਦਰਸਾਈ ਹੈ, ਉਹ ਆਪਣੀ ਮਿਸਾਲ ਆਪ ਹੈ। ਇਸ ਵਿਚ ਉਸਨੇ ਆਪਣੀ ਮਲਵਈ ਉਪ-ਭਾਸ਼ਾ ਦੀ ਉਸੇ ਤਰਾਂ, ਸੁਯੋਗ ਅਤੇ ਕਲਾਤਮਕ ਵਰਤੋਂ ਕੀਤੀ ਹੈ, ਜਿਸ ਤਰ੍ਹਾਂ ਦੀ ਪੋਠੋਹਾਰੀ ਦੀ ਵਰਤੋਂ ਦੁੱਗਲ ਅਤੇ ਮੋਹਨ ਸਿੰਘ ਵਿਚ ਹੋਈ ਮਿਲਦੀ ਹੈ। ਸਥਾਨਕ ਰੰਗਣ ਦੱਸਦੀ ਹੈ ਕਿ ਦੋਸ਼ੀ ਦੇ ਪੈਰ ਆਪਣੇ ਉਪ-ਸਭਿਆਚਾਰ ਵਿਚ ਡੂੰਘੀ ਤਰਾਂ ਟਿਕੇ ਹੋਏ ਹਨ, ਜਿਥੇ ਉਹ ਸਾਰੀ ਤਾਕਤ ਲੈਂਦਾ ਹੈ। ਵਿਰਤਾਂਤ ਵਿਚ ਉਲਟ-ਝਾਉਣੀਆਂ ਦੀ ਉਸ ਨੇ ਬੜੀ ਸੁਯੋਗ ਵਰਤੋਂ ਕੀਤੀ ਹੈ। ਆਮ ਕਰਕੇ ਦੇਖਣ ਵਿਚ ਆਇਆ ਹੈ ਕਿ ਚੰਗਾ ਕਹਾਣੀਕਾਰ ਦੂਜੇ ਸਾਹਿਤ ਰੂਪਾਂ ਨੂੰ ਵੀ ' ਕਹਾਣੀਆਂ ਦੇ ਸਮੁੱਚ ਵਜੋਂ ਹੀ ਸਾਕਾਰ ਕਰਨ ਦਾ ਰੁਝਾਣ ਰੱਖਦਾ ਹੈ। ਮੇਰੇ ਪੱਤੇ ਮੇਰੀ ਖੇਡ ਦਾ ਵੀ ਹਰ ਕਾਂਡ ਇਕ ਸੈ-ਧੀਨ ਕਹਾਣੀ ਹੋ ਨਿਬੜਦਾ ਹੈ। ਕਈ ਥਾਵਾਂ ਉਤੇ ਦੇ ਤੋਂ ਦੱਸ ਸਤਰਾਂ ਦੇ ਪੈਰੇ ਆਪਣੇ ਆਪ ਵਿਚ ਪੂਰਨ ਮਿੰਨੀ ਕਹਾਣੀਆਂ ਹੋ ਨਿੱਬੜਦੇ ਹਨ, ਜਿਨਾਂ ਵਿਚ ਪੂਰੀਆਂ ਕਹਾਣੀਆਂ ਵਿਚ ਵਿਕਸਤ ਹੋਣ ਦੀ ਸਮਰੱਥਾ ਹੈ। ਇਸ ਤਰ੍ਹਾਂ ਨਾਲ ਮੇਰੇ ਪੱਤੇ ਮੇਰੀ ਖੇਡ ਜਸਟਿਸ ਜੋਸ਼ੀ ਦੀ ਕਹਾਣੀ ਹੋਣ ਦੇ ਨਾਲ ਨਾਲ, ਉਸ ਦੀਆਂ ਕਹਾਣੀਆਂ ਦੀ ਵੀ ਕਹਾਣੀ ਹੈ, ਸਗੋਂ ਇਹ ਇਕ ਦੂਜੇ ਦੀਆਂ ਪ੍ਰਸਪਰ ਤੌਰ ਉਤੇ ਪੂਰਕ ਹਨ। ਭਾਵੇਂ ਇਹ ਕਹਿਣਾ ਤਾਂ ਪਤਾ ਨਹੀਂ ਠੀਕ ਹੋਵੇ ਜਾਂ ਨਾ ਕਿ ਜਸਟਿਸ ਜੋਸ਼ੀ ਨਾਲ ਗਲਪ ਵਾਪਰਦੀ ਰਹੀ ਹੈ, ਪਰ ਉਹ ਯਕੀਨ ਦੁਆਉਂਦਾ ਹੈ ਕਿ ਕਈ ਕਹਾਣੀਆਂ ਹੂਬਹੂ ਉਸੇ ਤਰ੍ਹਾਂ ਅੰਕਿਤ ਕੀਤੀਆਂ ਗਈਆਂ ਹਨ, ਜਿਵੇਂ ਉਹ ਵਾਪਰੀਆਂ। ਜੋਸ਼ੀ ਹੋਰਾਂ ਦਾ ਕਹਿਣਾ ਇਹ ਹੈ ਕਿ ਉਹ ਦੁਖਾਂਤ ਨਹੀਂ ਬਰਦਾਸ਼ਤ ਕਰ ਸਕਦੇ। ਇਸੇ ਲਈ ਸ਼ਾਇਦ ਆਤਮ-ਕਥਾ ਵਿਚ ਉਹਨਾਂ ਨੇ ਹਰ ਘਟਨਾ ਨਾਲ, ਇਥੋਂ ਤਕ ਕਿ ਦੁਖਾਂਤਕ ਘਟਣਾ ਨਾਲ ਵੀ ਹਲਕੇ ਫੁਲਕੇ ਢੰਗ ਨਾਲ ਨਿਪਟਣਾ ਹੀ ਉਚਿਤ ਸਮਝਿਆ। ਪਰ ਰਚਣੇਈ ਸਾਹਿਤ ਵਿਚ ਇਸ ਦੁਖਾਂਤ ਤੱਤ ਦੀ ਘਾਟ ਨਹੀਂ। ਸਗੋਂ ਵਧੇਰੇ ਚੰਗੀਆਂ ਕਹਾਣੀਆਂ ਦੁਖਾਂਤ ਹੀ ਹਨ। ਜੋਸ਼ੀ ਦੇ ਦੋਵੇਂ ਨਾਵਲ ਤਾਰਿਆਂ ਦੇ ਪੈਰ ਚਿੰਨ ਅਤੇ ਮੋੜ ਤੋਂ ਪਾਰ ਕਾਫ਼ੀ ਹੱਦ ਤਕ ਦੁਖਾਂਤ ਹੀ ਕਹੇ ਜਾ ਸਕਦੇ ਹਨ, ਜੋ ਮੁੱਖ ਪਾਤਰ ਦੀ ਮੌਤ ਨੂੰ ਜ਼ਰੂਰੀ ਨਾ ਸਮਝਿਆ ਜਾਏ ਤਾਂ ਮੋਰੀਆਂ ਸੁਸ਼ਟ ਕਹਾਣੀਆਂ ਵਿਚਲੀਆਂ ਬਹੁਤੀਆਂ ਕਹਾਣੀਆਂ ਵੀ ਦੁਖਾਂਤ ਪ੍ਰਭਾਵ ਹੀ ਰੱਖਦੀਆਂ ਹਨ, ਭਾਵੇਂ ਵਰਨਣ ਦੀ ਰੌਚਕਤਾ ਅਤੇ ਤਾਜ਼ਗੀ ਇਸ ਪ੍ਰਭਾਵ ਨੂੰ ਬੋਝਲ ਨਹੀਂ ਹੋਣ ਦੇਂਦੀਆਂ।

ਵਿਸ਼ੈ, ਵਸਤੂ ਅਤੇ ਬਣਤਰੀ ਗੁਣਾਂ ਕਰਕੇ ਮੈਂ ਇਹਨਾਂ ਦੋਹਾਂ ਨਾਵਲਾਂ ਨੂੰ ਜੋਸ਼ੀ ਦੀ ਸਮੁੱਚੀ ਗਲਪ ਦੀ ਨਿਰੰਤਰਤਾ ਵਿਚ ਹੀ ਥਾਂ ਦੇਂਦਾ ਹਾਂ, ਕਿਸੇ ਵੱਖਰੇ ਪਸਾਰ ਵਜੋਂ ਨਹੀਂ। ਇਹ ਦੋਵੇਂ ਨਾਵਲ ਉਸ ਸੋਚਣੀ ਵਲ ਸੰਕੇਤ ਕਰਦੇ ਹਨ ਜਿਹੜੀ ਬਹੁ-ਗਿਣਤੀ ਕਹਾਣੀਆਂ ਵਿਚ ਵੀ ਜੋਸ਼ੀ ਦਾ ਮੁੱਖ ਰੁਝਾਣ ਹੈ, ਅਤੇ ਜਿਸ ਦੀ ਤਹਿ ਵਿਚ ਚੇਤਨ ਜਾਂ ਅਚੇਤ ਤੌਰ ਉਤੇ ਉਸ ਦਾ ਕਿੱਤਾ ਦੇਖਿਆ ਜਾ ਸਕਦਾ ਹੈ। ਇਹ ਰੁਝਾਣ ਹੈ ਜੁਰਮ ਅਤੇ ਦੰਡ ਵਿਚ ਕੋਈ ਅੰਤਕ ਲੱਭਣ ਦੀ ਕੋਸ਼ਿਸ਼ ਕਰਨਾ; ਇਹ ਰੁਝਾਣ ਇਹ ਦੇਖਣ ਦਾ ਹੈ ਕਿ ਕਸੂਰ ਕਰਨ ਵਾਲਾ ਅਤੇ ਸਜ਼ਾ ਭੁਗਤਣ ਵਾਲਾ ਦੇ ਅੱਡ ਅੱਡ ਵਿਅਕਤੀ ਕਿਉਂ ਹੋਣ? ਇਹ ਕਰਦਿਆਂ ਜਿਥੇ ਉਹ ਸਾਡੇ ਸਥਾਪਤ ਢਾਂਚੇ ਵਿਚਲੀਆਂ ਸੰਗਤੀਆਂ ਉਤੇ ਉਂਗਲ ਰਖਦਾ ਹੈ, ਉਥੇ ਨਾਲ ਹੀ ਇਹ ਵਿਸ਼ਵਾਸ ਵੀ ਪ੍ਰਗਟ ਕਰਦਾ ਹੈ ਕਿ ਕਸੂਰਵਾਰ ਨੂੰ ਸਜ਼ਾ ਤੋਂ ਬਚ ਕੇ ਨਹੀਂ ਨਿਕਲ ਜਾਣਾ ਚਾਹੀਦਾ ਹੈ। ਸਗੋਂ ਉਸ ਨੂੰ ਐਸੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਦੂਜਿਆਂ ਨੂੰ ਵੀ ਕੰਨ ਹੋ ਜਾਣ। ਉਸ ਦਾ ਕਹਿਣਾ ਹੈ ਕਿ ਮਨਫ਼ ਵਜੋਂ ਆਪਣੇ ਸਮੁੱਚੇ ਜੀਵਨ ਵਿਚ ਉਸ ਨੇ ਇਸੇ ਅਸੂਲ ਨੂੰ ਮੁੱਖ ਰਖਿਆ ਹੈ। ਇਸੇ ਅਸੂਲ ਦੀ ਪ੍ਰਤੀ ਉਹ ਜੇ ਜੀਵਨ ਵਿਚ ਨਹੀਂ ਤਾਂ ਘੱਟੋ ਘੱਟ ਆਪਣੀ ਗਲਪ ਵਿਚ ਜ਼ਰੂਰ ਹੋਈ ਦੇਖਣਾ ਚਾਹੁੰਦਾ ਹੈ। ਕਾਵਿ-ਇਨਸਾਫ਼ ਦੀ ਜੁਗਤ ਭਾਵੇਂ ਉੱਤਮ ਸਾਹਿਤਕ ਜੁਗਤਾਂ ਵਿਚ ਹੁਣ ਨਹੀਂ ਮੰਨੀ ਜਾਂਦੀ ਪਰ ਜੋਸ਼ੀ ਦੀ ਸਮੁੱਚੀ ਦ੍ਰਿਸ਼ਟੀ ਨਾਲ ਇਹ ਬੇਮੇਲ ਵੀ ਨਹੀਂ। ਤਾਂ ਵੀ ਉਸ ਦੀਆਂ ਉੱਤਮ ਸਾਹਿਤਕ ਰਚਨਾਵਾਂ ਉਹੀ ਹਨ ਜਿਨ੍ਹਾਂ ਵਿਚ ਕਰਵਾਰ ਨੂੰ ਸਜ਼ਾ ਭਾਵੇਂ ਮਿਲੇ ਨਾ ਮਿਲੇ, ਪਰ ਉਸ ਦਾ ਚਰਿਤ੍ਰ ਆਪਣੀ ਸਰਬੰਗਤਾਂ ਵਿਚ ਜ਼ਰੂਰ ਪ੍ਰਗਟ ਹੋ ਜਾਏ।

ਉਹ ਆਪਣੇ ਪਾਤਰਾਂ ਦੇ ਚਰਿਤ੍ਰ-ਨਿਰਮਾਨ ਦਾ ਵਿਸ਼ਲੇਸ਼ਣ ਵੀ ਜੁਰਮ ਅਤੇ ਦੰਡ ਦੇ ਮੰਤਕ ਦੇ ਪਿਛੋਕੜ ਵਿਚ ਹੀ ਕਰਦਾ ਹੈ। ਮੁਜਰਮ ਨੂੰ ਸਜ਼ਾ ਨਾ ਮਿਲਣਾ ਅਤੇ ਬੇਕਸੂਰ ਨੂੰ ਸਜ਼ਾ ਹੋ ਜਾਣਾ ਉਸ ਦੇ ਬਹੁਤ ਸਾਰੇ ਪਾਤਰਾਂ ਦੇ ਵਿਗੜੇ ਚਰਿਤ੍ਰ ਦਾ ਕਾਰਨ ਬਣਦਾ ਹੈ। ਦੋਹਾਂ ਨਾਵਲਾਂ ਵਿਚ ਵੀ ਅਤੇ ਕਈ ਕਹਾਣੀਆਂ ਵਿਚ ਵੀ ਇਹ ਮੰਤਕ ਉਸਦਾ ਦੇਖਿਆ ਜਾ ਸਕਦਾ ਹੈ। ਮੌੜ ਤੋਂ ਪਾਰ ਵਿਚ ਤਾਂ ਇਕ ਚੰਗਾ ਭਲਾ ਈਮਾਨਦਾਰ ਕਰਮਚਾਰੀ ਐਸੇ ਜੀਵਨ ਵਿਚ ਤਿਲਕ ਕੇ ਚਲਾ ਜਾਂਦਾ ਹੈ, ਜਿਹੜਾ ਉਸ ਦੀ ਇੱਛਾ ਦਾ ਨਹੀਂ ਸਗੋਂ ਉਸ ਦੇ ਅਣਗੌਲੇਪਣ ਅਤੇ ਦ੍ਰਿੜ੍ਹਤਾ ਦੀ ਘਾਟ ਦਾ ਫਲ ਹੁੰਦਾ ਹੈ।

ਅਜੇਹੀਆਂ ਕਹਾਣੀਆਂ ਦਾ ਹੀ ਇਕ ਲੱਛਣ ਇਹਨਾਂ ਦੇ ਇਸਤ੍ਰੀ ਪਾਤਰਾਂ ਵਿਚ ਮਿਲਦਾ ਹੈ, ਜਿਹੜੀਆਂ ਮਰਦਾਂ ਨਾਲੋਂ ਵਧੇਰੇ ਸਾਬਤ-ਕਦਮ ਹਨ, ਗੁਨਾਹ ਵਿਚ ਵੀ ਅਤੇ ਧਾਰਸਾਈ ਵਿਚ ਵੀ। ਇਹੋ ਜਿਹੀਆਂ ਔਰਤਾਂ ਪ੍ਰਕਿਰਤੀ ਦਾ ਪ੍ਰਤੀਕ ਹੋ ਨਿੱਬੜਦੀਆਂ ਹਨ, ਜਿਹੜੀ ਪੁਰਸ਼ ਦੁਬਿਧਾ, ਅਵੇਸਲੇਪਣ ਅਤੇ ਦ੍ਰਿੜਤਾ ਦੀ ਘਾਟ ਦਾ ਫਲ ਉਸ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਂਦੀ ਹੈ, ਭਾਵੇਂ ਅਕਸਰ ਉਹ ਆਪ ਵੀ ਇਸ ਦੀ ਜਟ ਵਿਚ ਆਉਣ ਤੋਂ ਨਹੀਂ ਬਚ ਸਕਦੀ।

ਜੋਸ਼ੀ ਦੇ ਦੋਹਾਂ ਨਾਵਲਾਂ ਵਿਚ ਵੀ ਅਤੇ ਕਹਾਣੀਆਂ ਵਿਚ ਵੀ ਉਸ ਥੀਮ ਦੀ ਕਾਫ਼ੀ ਬਹੁਲਤਾ ਹੈ, ਜਿਹੜੀ ਉਸ ਦੀ ਆਤਮ-ਕਥਾ ਵਿਚ ਬਿਲਕੁਲ ਨਹੀਂ ਮਿਲਦੀ - ਭਾਵ, ਪਿਆਰ, ਰੋਮਾਂਸ ਅਤੇ ਇਸਤ੍ਰੀ-ਪੁਰਸ਼ ਦੇ ਲਿੰਗ-ਸੰਬੰਧਾਂ ਦੀ। ਇਹਨਾਂ ਸੰਬੰਧਾਂ ਦੇ ਵੀ ਉਸ ਨੇ ਸਾਰੇ ਪੱਖ ਵੱਖ ਵੱਖ ਥਾਵਾਂ ਉਤੇ ਵੱਧ ਜਾਂ ਘੱਟ ਤੀਖਣਤਾ ਨਾਲ ਪੇਸ਼ ਕੀਤੇ ਹਨ - ਸੱਚਾ ਪਿਆਰ, ਹਿਰਸ, ਹਵਸ, ਸਭ ਕੁਝ। ਉਸ ਦੀ ਸ਼ੈਲੀ ਦੀ ਕਾਵਿਕਤਾ ਆਪਣੀਆਂ ਸਿਖਰਾਂ ਇਹੋ ਜਿਹੇ ਸੰਬੰਧਾਂ ਦੇ ਵਰਨਣ ਵੇਲੇ ਹੀ ਛੁਹੰਦੀ ਹੈ। ਉਹ ਸ਼ਾਇਦ ਆਪ ਵੀ ਚੇਤੰਨ ਹੈ ਕਿ ਇਹੋ ਜਿਹੀਆਂ ਥਾਵਾਂ ਤੇ ਇਹ ਕਾਵਿਕਤਾ ਉਸ ਦਾ ਗੁਣ ਹੈ, ਬਾਵਜੂਦ ਪ੍ਰੋਫ਼ੈਸਰ ਮੋਹਨ ਸਿੰਘ ਵਲੋਂ ਕਦੀ ਮਿਲੀ ਚੇਤਾਵਨੀ ਨੂੰ ਲਗਾਤਾਰ ਯਾਦ ਰੱਖਣ ਦੇ ਕਿ "ਉਪਮਾਵਾਂ ਘੱਟ ਵਰਤੋਂ।"

ਭਾਵੇਂ ਜੋਸ਼ੀ ਦਾ ਮੀਰੀ ਗੁਣ ਉਸ ਦੀ ਆਂਚਲਿਕਤਾ ਹੈ, ਪਰ ਉਸ ਨੇ ਮਾਲਵੇ ਤੋਂ ਬਾਹਰ ਦੇ ਜੀਵਨ ਨੂੰ ਵੀ ਆਪਣੀ ਗਲਪ ਵਿਚ ਯੋਗ ਥਾਂ ਦਿੱਤੀ ਹੈ। ਜਿਥੇ ਉਸ ਦਾ ਜੀਵਨ ਤਜਰਬਾ ਸਾਰਾ ਕਾਨੂੰਨੀ ਦਾਅ-ਪੇਚਾਂ ਨੂੰ ਸਮਝਣ ਤੇ ਸੁਲਝਾਉਣ ਤਕ ਹੀ ਸੀਮਿਤ ਨਹੀਂ, ਸਗੋਂ ਇਸ ਤੋਂ ਕਿਤੇ ਵਿਸ਼ਾਲ ਹੈ, ਇਸੇ ਤਰਾਂ, ਉਸ ਦੀਆਂ ਕਹਾਣੀਆਂ ਦੇ ਵਿਸ਼ੇ ਅਤੇ ਵਸਤ ਵਿਚ ਵੀ ਵੰਨ-ਸਵੰਨਤਾ ਮਿਲਦੀ ਹੈ, ਜਿਹੜੀ ਉਸ ਨੂੰ ਪੰਜਾਬੀ ਦੇ ਕੁਝ ਕੁ ਚੋਣਵੇਂ ਕਹਾਣੀਕਾਰਾਂ ਦੀ ਕਤਾਰ ਵਿਚ ਰਖਦੀ ਹੈ।

ਸਮੱਸਿਆ ਅਤੇ ਸਮਾਧਾਨ ਦੀ ਕਲਾਤਮਕ ਹੱਦਾਂ ਦੇ ਅੰਦਰ ਰਹਿ ਕੇ ਹੀ ਪੇਸ਼ਕਾਰੀ ਉਸ ਦੀ ਕਲਾ ਦਾ ਇਕ ਹੋਰ ਉਭਰਵਾਂ ਲੱਛਣ ਹੈ, ਸਿਵਾਇ ਦਰੋਪਦੀ ਦਾ ਦੋਸ਼ ਕਹਾਣੀ ਸੰਗ੍ਰਹਿ ਦੇ ਅਤੇ ਕੁਝ ਉਹਨਾਂ ਕਹਾਣੀਆਂ ਦੇ ਜਿਥੇ ਉਹ ਕਾਵਿਕ-ਨਿਆਇ ਨੂੰ ਸਾਹਿਤਕ ਜੁਗਤ ਵਜੋਂ ਵਰਤਦਾ ਹੈ। ਕਹਾਣੀ ਉਪ੍ਰੰਤ ਟਿੱਪਣੀ ਦਰੋਪਦੀ ਦਾ ਦੋਸ਼ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਦਾ ਅਨਿੱਖੜ ਅੰਗ ਹੈ। "ਜਿਹੜੇ ਜੀਅ ਆਪਣੀ ਜ਼ਿੰਦਗੀ ਤਾਂ ਜਿਉਂਦੇ ਹੀ ਹਨ, ਹੋਰਾਂ ਦੀ ਵੀ ਆਪਣੇ ਲੇਖੇ ਲਾ ਲੈਂਦੇ ਹਨ, ਕੀ ਉਨ੍ਹਾਂ ਨੂੰ ਵੀ ਇਨਸਾਨ ਹੀ ਆਖਿਆ ਜਾਂਦਾ ਹੈ, ਮੈਂ ਕਿੰਨਾ ਚਿਰ ਸਿਰ ਫੜ ਕੇ ਸੋਚਦਾ ਰਿਹਾ।" (ਚੌਰਾਹਾ) "ਦਰੋਪਦੀ ਦੇ ਹੱਥ ਸਿਰਫ਼ ਲਹੂ-ਮਾਸ ਦੇ ਹੀ ਬਣੇ ਹੋਣਗੇ। ਉਨ੍ਹਾਂ ਵਿਚ ਹੱਡੀ ਨਹੀਂ ਹੋਣੀ। ਹੁੰਦੀ ਤਾਂ ਕਿਸੇ ਕੌਰੋ ਦੀ ਅੱਖ ਉਹਦੇ ਬਸਤਰਾਂ ਵਲ ਨਾ ਉਠਦੀ। ਕਈ ਪਾਂਡਵੇ ਉਹਨੂੰ ਜੂਏ ਦੇ ਦਾਅ 'ਤੇ ਲਾਉਣ ਦਾ ਹੀਆ ਨਾ ਕਰਦਾ।" (ਦਰੋਪਦੀ ਦਾ ਦੋਸ਼) "ਇਹਨਾਂ ਬੱਚਿਆਂ ਦਾ ਰੋਣ-ਧੋਣ ਅਜੇ ਜਾਰੀ ਰਹੇਗਾ, ਸ਼ਾਇਦ ਚੋਖੀ ਦੇਰ, ਜਦ ਤਕ ਸਮਝ ਨਹੀਂ ਪੈਂਦੀ ਸਾਡਾ ਪੂੰਜੀ-ਪੂਜ ਸਮਾਜ ਕਿੰਨਾ ਬੇਹਿਸ ਹੈ, ਕਿੰਨਾ ਬੇਕਿਰਕ, ਕਿੰਨਾ ਬੇਰਹਿਮ ..." (ਹਤਿਆਰੇ) ਅਤੇ ਇਸੇ ਤਰ੍ਹਾਂ ਹੋਰ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਪਰ ਚੰਗੀ ਗੱਲ ਹੈ ਕਿ ਜੋਸ਼ੀ ਨੇ ਇਸ ਸੁਲਝਾਉਣੀ ਨੂੰ ਆਪਣੀ ਪੱਕੀ ਸੁਰ ਨਹੀਂ ਬਣਾਇਆ। ਸਿਰਫ਼ ਇਕ ਤਜਰਬਾ ਕੀਤਾ, ਅਤੇ ਛੱਡ ਦਿਤਾ ਲਗਦਾ ਹੈ। ਸਾਧਾਰਨ ਤੌਰ ਉਤੇ ਉਸ ਦੀਆਂ ਕਹਾਣੀਆਂ ਦੀ ਬਣਤਰ ਦੇ ਪੜਾਵਾਂ ਵਾਲੀ ਹੁੰਦੀ ਹੈ - ਸਹਿਜ ਵਿਕਾਸ ਅਤੇ ਤੁਰਤ ਅੰਤ। ਇਸੇ ਲਈ ਜੇ ਕਹਾਣੀ ਦੀਆਂ ਆਖ਼ਰੀ ਪੰਜ-ਸੱਤ ਸਤਰਾਂ ਪੜਨ ਵੇਲੇ ਪਾਠਕ ਅਵੇਸਲਾ ਰਹਿ ਜਾਏ, ਤਾਂ ਕਹਾਣੀ ਦੇ ਪਹਿਲੇ ਹਿੱਸੇ ਦੀ ਵੀ ਅਤੇ ਸਮੁੱਚੀ ਕਹਾਣੀ ਦੇ ਮੰਤਵ ਦੀ ਵੀ, ਸਮਝ ਤੋਂ ਉਹ ਵਾਂਝਿਆ ਜਾਇਗਾ।

ਉਸ ਦੀ ਸ਼ੈਲੀ ਦੇ ਲੱਛਣਾਂ ਨੂੰ ਲਗਭਗ ਹਰ ਆਲੋਚਕ ਨੇ ਇਕ ਆਵਾਜ਼ ਹੋ ਕੇ ਪਛਾਣਿਆ ਅਤੇ ਸਲਾਹਿਆ ਹੈ। ਡਾ. ਅਤਰ ਸਿੰਘ ਨੇ "ਸੰਵਾਰੀ-ਤਰਾਸ਼ੀ ਵਾਕ-ਬਣਤਰ ਅਤੇ ਅਤਿ ਸੰਕੇਤਕ ਸੂਖਮ ਵਿਅੰਗ" ਵਲ ਧਿਆਨ ਦੁਆਇਆ ਹੈ। ਡਾ. ਹਰਿਭਜਨ ਸਿੰਘ ਅਨੁਸਾਰ ਉਸ ਨੇ ਮਲਵਈ ਅਨੁਭਵ ਅਤੇ ਬੋਲੀ ਨੂੰ ਆਪਣੀ ਸਾਹਿਤਕ ਸਮਰਥਾਂ ਦੀ ਪਛਾਣ ਦਿਤੀ ਹੈ।" ਡਾ. ਉੱਪਲ ਨੇ ਉਸ ਦੀ ਢੁਕਵੀਂ ਫਬਵੀਂ ਸ਼ਬਦਾਵਲੀ ਅਤੇ ਸਜਰੇ ਤੇ ਢੁਕਵੇਂ ਅਲੰਕਾਰਾਂ ਦੀ ਪ੍ਰਸੰਸਾ ਕੀਤੀ ਹੈ। ਸ਼ੈਲੀ ਦੇ ਬਾਰੇ ਆਲੋਚਕਾਂ ਦੀ ਇਹ ਸਹਿਮਤੀ ਜੋਸ਼ੀ ਦੀ ਹੀ ਧਰਾਪਤੀ ਹੈ।

ਜਸਟਿਸ ਜੋਸ਼ੀ ਦੀ ਕਿਰਤ ਤੋਂ ਸਮੁੱਚੇ ਤੌਰ ਉਤੇ ਇਹ ਪ੍ਰਭਾਵ ਰਹਿ ਜਾਂਦਾ ਹੈ ਕਿ ਉਸ ਦੀਆਂ ਪਰਾਪਤੀਆਂ ਉਸ ਦੀਆਂ ਸਮਰੱਥਾਵਾਂ ਦੇ ਨਾਲ ਮੇਲ ਨਹੀਂ ਖਾਂਦੀਆਂ। ਸਮਰੱਥਾਵਾਂ ਦੀ ਹੋਰ ਵੀ ਜ਼ਿਆਦਾ ਵਰਤੋਂ ਦੀ ਕਾਮਨਾ ਉੱਠਦੀ ਹੈ। ਆਪਣੀ ਆਤਮਕਥਾ ਵਿਚ ਉਸ ਨੇ ਵਕਤ ਦੀ ਘਾਟ ਦਾ ਗਿਲਾ ਕੀਤਾ ਹੈ, ਜਿਹੜਾ ਸੇਵਾ-ਮੁਕਤ ਹੋਣ ਉਪਰੰਤ ਨਹੀਂ ਚਲਣਾ ਚਾਹੀਦਾ। ਬਲਰਾਜ ਸਾਹਨੀ ਦਾ ਕਹਿਣਾ ਸੀ ਕਿ ਜੋਸ਼ੀ ਦੀ ਇਕ ਇਕ ਕਹਾਣੀ ਚਾਰ ਚਾਰ ਨਾਵਲਾਂ ਨੂੰ ਸਮੋਈ ਬੈਠੀ ਹੁੰਦੀ ਹੈ। ਮੇਰੇ ਪੱਤੇ ਮੇਰੀ ਖੇਡ ਕਹਾਣੀਆਂ ਦੀ ਖਾਣ ਲੱਗਦੀ ਹੈ। ਆਤਮ-ਕਥਾ ਦਾ ਬਹੁਤਾ ਸਫ਼ਰ ਅਜੇ ਅੰਕਿਤ ਹੋਣ ਵਾਲਾ ਹੈ। ਪ੍ਰਤਿਨਿਧ ਜੋਸ਼ੀ-ਸ਼ੈਲੀ ਗਿਆਨ ਦੇ ਕਿਸੇ ਖੇਤਰ ਵਿਚ ਵੀ ਨਿੱਤਰੇ, ਉਹ ਰੌਚਕ ਰਚਨਾਵਾਂ ਦੇਣ ਦਾ ਯਕੀਨ ਦੁਆ ਸਕਦੀ ਹੈ। ਇਹ ਸਾਰਾ ਕੁਝ ਗਲਪਕਾਰ ਤੇ ਸ਼ੈਲੀਕਾਰ ਜੋਸ਼ੀ ਦੀ ਪੰਜਾਬੀ ਸਾਹਿਤ ਅਤੇ ਸਭਿਆਚਾਰ ਤੇ ਦੇਣਦਾਰੀ ਹੈ, ਜਿਸ ਨੂੰ ਨਿਪਟਾਏ ਤੋਂ ਬਿਨਾਂ ਉਹ ਸੁਰਖ਼ਰੂ ਹੋਇਆ ਨਹੀਂ ਮੰਨਿਆਂ ਜਾਇਗਾ।

( 30 ਅਪ੍ਰੈਲ, 1985 ਨੂੰ ਪੰਜਾਬੀ
ਅਕਾਡਮੀ, ਦਿੱਲੀ ਵੱਲ, 'ਸਨਮਾਨ
ਅਤੇ ਸਮੀਖਿਆ" ਗੋਸ਼ਟੀਆਂ ਦੀ
ਲੜੀ ਵਿਚ ਜਸਟਿਸ ਮਹਿੰਦਰ ਸਿੰਘ
ਜੋਸ਼ੀ ਬਾਰੇ ਕਰਵਾਈ ਗਈ ਗੋਸ਼ਟੀ
ਵਿਚ ਪੜ੍ਹਿਆ ਗਿਆ।)