ਪੰਜਾਬ ਦੇ ਲੋਕ ਨਾਇਕ/ਪੂਰਨ ਭਗਤ

ਵਿਕੀਸਰੋਤ ਤੋਂ
Jump to navigation Jump to search

ਪੂਰਨ ਭਗਤ

ਪੂਰਨ ਭਗਤ ਦੀ ਜੀਵਨ ਕਥਾ ਪੰਜਾਬੀਆਂ ਦੇ ਰੋਮ-ਰੋਮ ਵਿੱਚ ਰਮੀ ਹੋਈ ਹੈ। ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ ਜਿਸ ਨੇ ਪੂਰਨ ਭਗਤ ਦੇ ਜੀਵਨ ਤੋਂ ਪ੍ਰੇਰਨਾ ਨਾ ਪ੍ਰਾਪਤ ਨਾ ਕੀਤੀ ਹੋਵੇ।

ਗੱਲ ਮੱਧਕਾਲੀਨ ਸਮੇਂ ਦੀ ਹੈ। ਓਦੋਂ ਨਾਥ ਜੋਗੀਆਂ ਦਾ ਜਨ ਸਾਧਾਰਨ ਤੇ ਬਹੁਤ ਵੱਡਾ ਪ੍ਰਭਾਵ ਸੀ। ਪੱਛਮੀ ਪੰਜਾਬ ਦੇ ਸ਼ਹਿਰ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਦਾ ਰਾਜ ਸੀ। ਉਸ ਦੀ ਰਾਣੀ ਇਛਰਾਂ ਦੀ ਕੁੱਖੋਂ ਪੂਰਨ ਦਾ ਜਨਮ ਹੋਇਆ। ਜੋਗੀਆਂ ਤੇ ਨਜੂਮੀਆਂ ਨੇ ਸਲਵਾਨ ਨੂੰ ਸਲਾਹ ਦਿੱਤੀ--ਇਹ ਨਵ ਜਨਮਿਆ ਬੱਚਾ ਪੂਰੇ ਬਾਰਾਂ ਵਰ੍ਹੇ ਆਪਣੇ ਮਾਂ ਬਾਪ ਦੇ ਮੱਥੇ ਨਾ ਲੱਗੇ। ਨਹੀਂ ਰਾਜੇ ਤੋਂ ਉਸ ਦੇ ਪਰਿਵਾਰ ਤੇ ਦੁੱਖਾਂ ਦਾ ਕਹਿਰ ਟੁੱਟ ਪਵੇਗਾ।

ਪੂਰਨ ਨੂੰ ਜੰਮਦੇ ਨੂੰ ਹੀ ਭੋਰੇ ਵਿੱਚ ਪਾ ਦਿੱਤਾ ਗਿਆ.... ਉਸ ਦੀ ਮਾਂ ਇਛਰਾਂ ਤੜਪਦੀ ਰਹੀ, ਕੁਰਲਾਉਂਦੀ ਰਹੀ--ਉਹਦੀਆਂ ਰੋ ਰੋ ਕੇ ਅੱਖਾਂ ਚੁੰਨ੍ਹੀਆਂ ਹੋ ਗਈਆਂ ...

ਸਲਵਾਨ ਦੀ ਉਮਰ ਢਲ ਰਹੀ ਸੀ। ਇਸੇ ਢਲਦੀ ਉਮਰੇ ਉਹਨੇ ਐਸ਼ ਪ੍ਰਸੱਤੀ ਲਈ ਨਵ ਜੋਵਨ ਮੁਟਿਆਰ ਲੂਣਾ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ .... ਇਛਰਾਂ ਆਪਣੇ ਪੁੱਤ ਦੇ ਵਿਯੋਗ ਵਿੱਚ ਤੜਪਦੀ ਰਹੀ, ਪੂਰਨ ਆਪਣੇ ਮਾਂ ਬਾਪ ਦੇ ਪਿਆਰ ਤੋਂ ਸੱਖਣਾ ਜ਼ਿੰਦਗੀ ਦੀ ਪਾਉੜੀ ਤੇ ਚੜ੍ਹਦਾ ਰਿਹਾ।

ਸਮਾਂ ਆਪਣੀ ਤੋਰੇ ਤੁਰ ਰਿਹਾ ਸੀ..... ਪੂਰੇ ਬਾਰਾਂ ਵਰ੍ਹੇ ਬਤੀਤ ਹੋ ਗਏ। ਪੂਰਨ ਭੋਰਿਓਂ ਬਾਹਰ ਆਇਆ..... ਰੂਪ ਦੀ ਸਾਕਾਰ ਮੂਰਤ..... ਇਕ ਅਨੋਖੀ ਚਮਕ ਉਹਦੇ ਚਿਹਰੇ ਤੇ ਝਲਕਾਂ ਮਾਰ ਰਹੀ ਸੀ..... ਯੋਗ ਸਾਧਨਾ ਦਾ ਸੋਧਿਆ ਹੋਇਆ ਪੂਰਨ ਸਲਵਾਨ ਦੇ ਦਰਬਾਰ ਵਿੱਚ ਆਪਣੇ ਪਿਤਾ ਦੇ ਸਨਮੁਖ ਹੋਇਆ..... ਮਮਤਾ ਵਿਹੂਣੇ ਰਾਜੇ ਨੇ ਪਹਿਲਾਂ ਮਾਵਾਂ ਨੂੰ ਜਾ ਕੇ ਮਿਲਣ ਦਾ ਹੁਕਮ ਸੁਣਾ ਦਿੱਤਾ।

ਸ਼ਾਹੀ ਮਹਿਲਾਂ 'ਚ ਪਹਿਲਾ ਮਹਿਲ ਮਤ੍ਰੇਈ ਮਾਂ ਲੂਣਾਂ ਦਾ ਸੀ। ਲੂਣਾਂ ਨੂੰ ਢਲਦੀ ਉਮਰ ਦੇ ਸਲਵਾਨ ਪਾਸੋਂ ਕਦੀ ਵੀ ਕਾਮ ਸੰਤੁਸ਼ਟੀ ਪ੍ਰਾਪਤ ਨਹੀਂ ਸੀ ਹੋਈ। ਉਹ ਇਕ ਅਤ੍ਰਿਪਤ ਔਰਤ ਸੀ। ਪੂਰਨ ਨੂੰ ਵੇਖਦੇ ਸਾਰ ਹੀ ਉਹ ਆਪਣੀ ਸੁਧ ਬੁਧ ਗੁਆ ਬੈਠੀ। ਸਾਰੇ ਸ਼ਿਸ਼ਟਾਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਭੁੱਲ ਕੇ ਉਹਨੇ ਪੂਰਨ ਨਾਲ਼ ਆਪਣੀ ਸੇਜ ਸਾਂਝੀ ਕਰਨ ਦੇ ਅਨੇਕਾਂ ਯਤਨ ਕੀਤੇ। ਪੂਰਨ ਡੋਲਿਆ ਨਾ.... ਲੂਣਾਂ ਤਾਂ ਉਹਦੀ ਮਾਂ ਦਾ ਸਾਕਾਰ ਰੂਪ ਸੀ... ਇਸ ਤੋਂ ਚਿੜ ਕੇ ਲੂਣਾ ਨੇ ਉਲਟਾ ਪੂਰਨ ਤੇ ਤੋਹਮਤ ਲਾ ਦਿੱਤੀ ਕਿ ਉਹ ਉਹਦੇ ਵੱਲ ਮੈਲ਼ੀਆਂ ਨਜ਼ਰਾਂ ਨਾਲ਼ ਵੇਖਦਾ ਸੀ। ਉਹਨੇ ਸਲਵਾਨ ਨੂੰ ਪੂਰਨ ਵਿਰੁੱਧ ਭੜਕਾ ਦਿੱਤਾ... ਸਲਵਾਨ ਨੇ ਅੱਗੋਂ ਪੂਰਨ ਨੂੰ ਇਸ ਦੋਸ਼ ਬਦਲੇ ਕਤਲ ਕਰਨ ਦਾ ਹੁਕਮ ਦੇ ਦਿੱਤਾ।

ਜਲਾਦ ਪੂਰਨ ਨੂੰ ਕਤਲ ਕਰਨ ਲਈ ਲੈ ਤੁਰੇ... ਰਾਣੀ ਇਛਰਾਂ ਦਾ ਰੋਣ ਝਲਿਆ ਨਹੀਂ ਸੀ ਜਾਂਦਾ। ਜਲਾਦ ਪੂਰਨ ਦੀ ਮਾਸੂਮੀਅਤ ਤੋਂ ਜਾਣੂੰ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜਦੇ... ਜੰਗਲ 'ਚ ਜਾ ਕੇ ਉਹ ਉਹਨੂੰ ਇਕ ਵੈਰਾਨ ਖੂਹ 'ਚ ਧੱਕਾ ਦੇ ਆਏ... ਤੇ ਰਾਜੇ ਨੂੰ ਆਖ ਦਿੱਤਾ ਕਿ ਉਹ ਉਸ ਨੂੰ ਮਾਰ ਆਏ ਹਨ...

ਐਨ ਉਸੇ ਵੇਲ਼ੇ ਨਾਥ ਜੋਗੀਆਂ ਦਾ ਇਕ ਟੋਲਾ ਉਸ ਖੂਹ ਤੇ ਆ ਉਤਰਿਆ... ਇਕ ਜੋਗੀ ਨੇ ਪਾਣੀ ਭਰਨ ਲਈ ਜਦੋਂ ਖੂਹ ਵਿੱਚ ਡੌਲ ਫਰ੍ਹਾਇਆ... ਕਿਸੇ ਪੁਰਸ਼ ਦੀ ਆਵਾਜ਼ ਉਸ ਨੂੰ ਸੁਣਾਈ ਦਿੱਤੀ। ਉਹਨੇ ਜੋਗੀਆਂ ਕੋਲ਼ ਆ ਕੇ ਗੱਲ ਕੀਤੀ.. ਉਹਨਾਂ ਪੂਰਨ ਨੂੰ ਖੂਹ ਵਿੱਚੋਂ ਕੱਢ ਲਿਆ।

ਪੂਰਨ ਤਿਆਗ ਦੀ ਮੂਰਤ ਬਣਿਆ ਖੜੋਤਾ ਸੀ... ਉਹਨੇ ਗੋਰਖ ਨਾਥ ਦੇ ਚਰਨਾਂ 'ਚ ਆਪਣੇ ਆਪ ਨੂੰ ਅਰਪਣ ਕਰ ਦਿੱਤਾ... ਗੋਰਖ ਨੇ ਪੂਰਨ ਦੇ ਕੰਨਾਂ 'ਚ ਮੁੰਦਰਾਂ ਪੁਆ ਕੇ ਜੋਗੀ ਬਣਾ ਦਿੱਤਾ...

ਜੋਗੀ ਬਣਿਆਂ ਪੂਰਨ ਪਹਿਲੇ ਦਿਨ ਗਲ 'ਚ ਬਗਲੀ ਪਾ ਕੇ ਭਿੱਛਿਆ ਮੰਗਣ ਲਈ ਰਾਣੀ ਸੁੰਦਰਾਂ ਦੇ ਮਹਿਲੀਂ ਗਿਆ। ਗੋਲੀਆਂ ਪਾਸੋਂ ਜੋਗੀ ਦਾ ਰੂਪ ਝਲਿਆ ਨਾ ਗਿਆ.. ਉਹਨਾਂ ਰਾਣੀ ਸੁੰਦਰਾਂ ਨੂੰ ਆਪ ਜਾ ਕੇ ਖ਼ੈਰ ਪਾਉਣ ਲਈ ਆਖਿਆ.. ਰਾਣੀ ਹੀਰੇ ਮੋਤੀਆਂ ਦਾ ਥਾਲ ਭਰ ਕੇ ਲੈ ਆਈ ਤੇ ਪੂਰਨ ਦੀ ਬਗਲੀ 'ਚ ਉਲੱਦ ਦਿੱਤਾ।

ਹੀਰੇ ਮੋਤੀ ਭਲਾ ਜੋਗੀਆਂ ਦੇ ਕਿਸ ਕੰਮ ਹਨ--ਗੋਰਖ ਨੇ ਪੂਰਨ ਨੂੰ ਹੀਰੇ ਮੋਤੀਆਂ ਸਮੇਤ ਵਾਪਸ ਭੇਜ ਕੇ ਆਖਿਆ-- "ਰਾਣੀ ਨੂੰ ਆਖ ਸਾਨੂੰ ਤੇ ਪੱਕੀ ਰੋਟੀ ਚਾਹੀਦੀ ਹੈ... ਹੀਰੇ ਮੋਤੀ ਨਹੀਂ।"

ਰਾਣੀ ਸੁੰਦਰਾਂ ਪੂਰਨ ਨੂੰ ਵੇਖ ਕੇ ਪ੍ਰੇਮ ਦੀਵਾਨੀ ਹੋ ਗਈ। ਉਹਨੇ ਆਪਣੀ ਨਿਗਰਾਨੀ ਵਿੱਚ ਛੱਤੀ ਪ੍ਰਕਾਰ ਦੇ ਭੋਜਨ ਤਿਆਰ ਕਰਵਾਏ। ਨੰਗੇ ਪੈਰੀਂ... ਗੋਰਖ ਦੇ ਟਿਲੇ 'ਤੇ ਪੁੱਜ ਗਈ ਤੇ ਗੋਰਖ ਦੇ ਚਰਨਾਂ 'ਚ ਸੀਸ ਨਿਵਾ ਦਿੱਤਾ।

ਪਿਆਰ ਤੇ ਸ਼ਰਧਾ 'ਚ ਬਣਾਏ ਭੋਜਨ ਨੂੰ ਛੱਕ ਕੇ ਗੋਰਖ ਤਰੁੱਠ ਪਿਆ।

"ਰਾਣੀ ਮੰਗ ਜੋ ਮੰਗਣੈਂ... ਤੇਰੀ ਹਰ ਮੁਰਾਦ ਪੂਰੀ ਹੋਵੇਗੀ।"

"ਕਿਸੇ ਚੀਜ਼ ਦੀ ਲੋੜ ਨਹੀਂ ਨਾਥ ਜੀ।"

ਗੋਰਖ ਮੁੜ ਬੋਲਿਆ, "ਅਜੇ ਵੀ ਮੰਗ ਲੈ।"

"ਨਾਥ ਜੀ ਥੋਡੀ ਅਸ਼ੀਰਵਾਦ ਹੀ ਬਹੁਤ ਐ।"

ਸੁੰਦਰਾਂ ਭਾਵਕ ਹੋਈ ਆਖ ਰਹੀ ਸੀ।

"ਤੀਜਾ ਬਚਨ ਐ.... ਮੰਗ ਲੈ ਰਾਣੀਏਂ" ਸੁੰਦਰਾਂ ਲਈ ਇਹੀ ਯੋਗ ਅਵਸਰ ਸੀ। ਉਸ ਨੇ ਹੱਥ ਜੋੜ ਕੇ ਅਰਜ਼ ਗੁਜ਼ਾਰੀ, "ਮੇਰੇ ਨਾਥ ਜੇ ਤਰੁੱਠੇ ਹੀ ਹੋ ਤਾਂ ਮੈਨੂੰ ਪੂਰਨ ਦੇ ਦੇਵੋ।"

ਗੋਰਖ ਨਾਥ ਨੇ ਪੂਰਨ ਨੂੰ ਰਾਣੀ ਸੁੰਦਰਾਂ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ।

ਨਾਥ ਦਾ ਹੁਕਮ ਮੰਨ ਕੇ ਪੂਰਨ ਸੁੰਦਰਾਂ ਨਾਲ ਉਹਦੇ ਮਹਿਲਾਂ ਨੂੰ ਤੁਰ ਪਿਆ... ਰਾਣੀ ਨੇ ਉਹਦੀਆਂ ਸੈਆਂ ਖ਼ਾਤਰਾਂ ਕੀਤੀਆਂ ਪਰੰਤੂ ਪੂਰਨ ਨੂੰ ਰਾਣੀ ਸੁੰਦਰਾਂ ਦਾ ਹੁਸਨ, ਚੁਹਲ ਤੇ ਨਖ਼ਰੇ ਭਰਮਾ ਨਾ ਸਕੇ-- ਉਹ ਅਡੋਲ ਸਮਾਧੀ ਲਾਈ ਬੈਠਾ ਰਿਹਾ।

ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ 'ਚ ਜਾ ਕੇ ਜੰਗਲ ਪਾਣੀ ਜਾਣ ਦੀ ਚਾਹਨਾ ਪ੍ਰਗਟਾਈ। ਰਾਣੀ ਨੇ ਗੋਲੀਆਂ ਉਹਦੇ ਨਾਲ਼ ਤੋਰ ਦਿੱਤੀਆਂ ਤੇ ਆਪ ਮਹਿਲਾਂ ਤੇ ਖੜੋ ਕੇ ਜਾਂਦੇ ਪੂਰਨ ਨੂੰ ਵੇਖਣ ਲੱਗੀ। ਦਰੱਖ਼ਤਾਂ ਦੇ ਝੁੰਡ ਉਹਲੇ ਜਾ ਕੇ ਪੂਰਨ ਨੇ ਅਜਿਹੀ ਝਕਾਨੀ ਦਿੱਤੀ ਕਿ ਉਹ ਗੋਲੀਆਂ ਦੀਆਂ ਅੱਖਾਂ ਤੋਂ ਦੂਰ ਹੋ ਗਿਆ। ਸੁੰਦਰਾਂ ਪੂਰਨ ਦਾ ਓਹਲੇ ਹੋਣਾ ਬਰਦਾਸ਼ਤ ਨਾ ਕਰ ਸਕੀ... ਗੋਲੀਆਂ ਵਾਪਸ ਪਰਤ ਰਹੀਆਂ ਸਨ ਕੱਲੀਆਂ... ਸੰਦਰਾਂ ਨੇ ਵੇਖਦੇ-ਵੇਖਦੇ ਮਹਿਲ ਤੋਂ ਛਾਲ਼ ਮਾਰ ਦਿੱਤੀ ਤੇ ਆਪਣੀ ਜਾਨ ਗੁਆ ਲਈ।

ਪੂਰਨ ਜੋਗੀ ਬਣਿਆਂ ਜੋਗ ਦਾ ਚਾਨਣ ਵੰਡਦਾ-ਵੰਡਦਾ ਵੱਖ-ਵੱਖ ਥਾਵਾਂ ਤੇ ਘੁੰਮਦਾ ਰਿਹਾ ... ਸਲਵਾਨ ਨੇ ਤਾਂ ਆਪਣੇ ਵੱਲੋਂ ਪੂਰਨ ਨੂੰ ਮਰਵਾ ਦਿੱਤਾ ਸੀ... ਰਾਣੀ ਇਛਰਾਂ ਆਪਣੇ ਪੁੱਤ ਦੇ ਵਿਯੋਗ 'ਚ ਉਂਜ ਹੀ ਅੰਨ੍ਹੀ ਹੋ ਗਈ ਸੀ ਤੇ ਲੂਣਾ ਦੀ ਕੁੱਖ ਅਜੇ ਤੀਕ ਹਰੀ ਨਾ ਸੀ ਹੋਈ। ਸਲਵਾਨ ਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਉਹਦੇ ਰਾਜ ਦਾ ਵਾਰਸ ਕੋਈ ਨਹੀਂ।

ਪੂਰੇ ਬਾਰਾਂ ਵਰ੍ਹੇ ਮਗਰੋਂ ਪੂਰਨ ਜੋਗੀ ਦੇ ਰੂਪ ਵਿੱਚ ਆਪਣੇ ਸ਼ਹਿਰ ਸਿਆਲਕੋਟ ਪੁੱਜਾ... ਸ਼ਹਿਰੋਂ ਬਾਹਰ ਉਸਦੀ ਯਾਦ 'ਚ ਬਣੇ, ਉਜੜੇ ਹੋਏ ਬਾਗ਼ 'ਚ ਉਹਨੇ ਧੂਣਾ ਤਾਪ ਦਿੱਤਾ... ਬਾਗ਼ ਹਰਾ-ਭਰਾ ਹੋ ਗਿਆ-- ਸਾਰੇ ਸ਼ਹਿਰ ਵਿੱਚ ਜੋਗੀ ਦੀ ਚਰਚਾ ਸ਼ੁਰੂ ਹੋ ਗਈ। ਰਾਜੇ ਦੇ ਕੰਨੀਂ ਵੀ ਕਰਾਮਾਤੀ ਜੋਗੀ ਦੀ ਕਨਸੋ ਪਈ... ਉਹਨ ਆਪਣੀਆਂ ਰਾਣੀਆਂ ਸਮੇਤ ਜੋਗੀ ਪਾਸ ਜਾ ਕੇ ਵਰ ਮੰਗਣ ਦਾ ਫ਼ੈਸਲਾ ਕਰ ਲਿਆ।

ਸਲਵਾਨ ਰਾਣੀਆਂ ਸਮੇਤ ਧੂਣਾ ਤਾਪਦੇ ਜੋਗੀ ਪਾਸ ਪੁੱਜ ਗਿਆ। ਪੂਰਨ ਨੇ ਅੱਖੀਆਂ ਖੋਲ੍ਹ ਕੇ ਵੇਖਿਆ... ਉਹਦੇ ਮਾਂ ਬਾਪ ਉਹਦੇ ਸਾਹਮਣੇ ਸਵਾਲੀ ਬਣੇ ਖੜੋਤੇ ਸਨ... ਉਹਨੇ ਸਤਿਕਾਰ ਵਜੋਂ ਉੱਠ ਕੇ ਆਪਣੀ ਮਾਂ ਇਛਰਾਂ ਦੇ ਚਰਨ ਜਾ ਛੂਹੇ।

ਉਹਦੀ ਛੂਹ ਪ੍ਰਾਪਤ ਕਰਕੇ ਇਛਰਾਂ ਬੋਲੀ, "ਵੇ ਪੁੱਤ ਜੋਗੀਆ ਤੂੰ ਤਾਂ ਮੇਰਾ ਪੁੱਤ ਪੂਰਨ ਲਗਦੈਂ..."

ਕਹਿੰਦੇ ਹਨ ਆਪਣੇ ਪੁੱਤ ਪੂਰਨ ਦੀ ਛਹੁ ਪ੍ਰਾਪਤ ਕਰਦੇ ਹੀ ਇਛਰਾਂ ਦੀਆਂ ਅੱਖੀਆਂ ਵਿੱਚ ਮੁੜ ਜੋਤ ਆ ਗਈ ਅਤੇ ਉਹਦੀਆਂ ਛਾਤੀਆਂ ਵਿੱਚੋਂ ਮਮਤਾ ਦਾ ਦੁੱਧ ਛਲਕ ਪਿਆ। ਪੂਰਨ ਦੇ ਮੁਖੜੇ ਤੇ ਅਨੂਠਾ ਜਮਾਲ ਸੀ।

ਸਲਵਾਨ ਸੁੰਨ ਹੋਇਆ ਖੜੋਤਾ ਸੀ... ਉਸ ਦੇ ਬੁੱਲ੍ਹ ਫਰਕ ਰਹੇ ਸਨ ਪਰੰਤੂ ਬੋਲਾਂ ਦਾ ਰੂਪ ਨਹੀਂ ਸੀ ਧਾਰ ਰਹੇ। ਲੂਣਾ ਨੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ, "ਜੋਗੀ ਜੀ, ਸਾਡੇ ਤੇ ਦਿਆ ਕਰੋ ਰਾਜੇ ਨੂੰ ਇਕ ਪੁੱਤਰ ਦੀ ਦਾਤ ਬਖ਼ਸ਼ੋ।"

"ਪੁੱਤ ਤਾਂ ਰਾਜੇ ਦਾ ਹੈਗਾ-ਹੋਰ ਪੁੱਤ ਦੀ ਕੀ ਲੋੜ ਐ", ਜੋਗੀ ਬੁਲ੍ਹਿਆਂ 'ਚ ਮੁਸਕਰਾਇਆ।

"ਜੋਗੀ ਜੀ ਪੁੱਤ ਮੇਰਾ ਹੈ ਨਹੀਂ, ਸੀਗਾ ਪਰ ਕੁਕਰਮ ਕਰਕੇ ਇਸ ਦੁਨੀਆਂ 'ਚ ਨਹੀਂ ਰਿਹਾ।" ਰਾਜੇ ਦਾ ਗਲ਼ਾ ਭਰ ਆਇਆ। ਲੂਣਾ ਦੇ ਸਬਰ ਦਾ ਪਿਆਲਾ ਛਲਕ ਪਿਆ... ਉਹਦੀਆਂ ਅੱਖੀਆਂ 'ਚੋਂ ਪਛਤਾਵੇ ਦੇ ਹੰਝੂ ਵਹਿ ਟੁਰੇ। ਜੋਗੀ ਦੇ ਮਸਤਕ ਦਾ ਤੇਜ਼ ਹੀ ਐਨਾ ਸੀ ਕਿ ਉਸਨੇ ਆਪਣੇ ਜੁਰਮ ਦਾ ਇਕਬਾਲ ਕਰਦਿਆਂ ਆਖਿਆ, "ਜੋਗੀ ਜੀ ਕਸੂਰ ਤਾਂ ਮੇਰਾ ਹੀ ਹੈ ਮੇਰੇ ਪਾਸੋਂ ਪੂਰਨ ਦੇ ਹੁਸਨ ਦੀ ਝਾਲ ਝੱਲੀ ਨਹੀਂ ਸੀ ਗਈ--ਮੈਂ ਡੋਲ ਗਈ ਸਾਂ ਉਹਦਾ ਕੋਈ ਕਸੂਰ ਨਹੀਂ ਸੀ ਮੈਂ ਹੀ ਉਸ ਤੇ ਝੂਠੀ ਤੋਹਮਤ ਲਾਈ ਸੀ..."

ਇਹ ਸੁਣਦੇ ਸਾਰ ਹੀ ਸਲਵਾਨ ਨੇ ਮਿਆਨ ਵਿੱਚੋਂ ਤਲਵਾਰ ਧੂਹ ਲਈ ਤੇ ਲੂਣਾ ਦਾ ਗਲ਼ ਵੱਢਣ ਲਈ ਬਾਂਹ ਉਲਾਰੀ।

ਪੂਰਨ ਨੇ ਫੁਰਤੀ ਨਾਲ਼ ਰਾਜੇ ਦੀ ਬਾਂਹ ਫੜ ਲਈ ਤੇ ਆਖਿਆ, "ਇਹਨੂੰ ਖਿਮਾ ਕਰ ਦੇਵੋ... ਤੁਹਾਡਾ ਪੁੱਤ ਜਿਊਂਦਾ ਹੈ... ਮੈਂ ਹੀ ਆਂ ਤੁਹਾਡਾ ਪੁੱਤ ਪੂਰਨ।"

ਵੈਰਾਗ ਦੇ ਹੰਝੂ ਵਹਿ ਟੁਰੇ ... ਇਛਰਾਂ, ਲੂਣਾ ਤੇ ਸਲਵਾਨ ਪੂਰਨ ਨੂੰ ਚੁੰਮਦੇ-ਚੁੰਮਦੇ ਵਿਸਮਾਦੀ ਅਵਸਥਾ ਵਿੱਚ ਪੁੱਜ ਗਏ। ਉਹਨਾਂ ਨੇ ਪੂਰਨ ਨੂੰ ਆਪਣੇ ਮਹਿਲੀਂ ਚੱਲਣ ਲਈ ਆਖਿਆ... ਪਰੰਤੂ ਪੂਰਨ ਨੇ ਉਹਨਾਂ ਨਾਲ਼ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ... ਉਹ ਤਾਂ ਸਭ ਕੁਝ ਤਿਆਗ ਚੁੱਕਾ ਸੀ।

ਉਹਨੇ ਭਿਖਿਆ ਦੇ ਖੱਪਰ ਵਿਚੋਂ ਚੌਲ਼ ਦਾ ਇਕ ਦਾਣਾ ਚੁੱਕ ਕੇ ਲੂਣਾ ਦੀ ਹਥੇਲੀ ਤੇ ਰੱਖ ਕੇ ਆਖਿਆ, "ਮਾਤਾ ਘਰ ਨੂੰ ਮੁੜ ਜਾਵੋ, ਤੁਹਾਡੀ ਕੁੱਖ ਵੀ ਇਸ ਬਾਗ਼ ਵਾਂਗ ਹਰੀ ਹੋਵੇਗੀ... ਤੁਹਾਡੀ ਝੋਲੀ ਵਿੱਚ ਪੁੱਤਰ ਖੇਡੇਗਾ ਜੋ ਇਸ ਰਾਜੇ ਦਾ ਵਾਰਸ ਬਣੇਗਾ।"

ਪੁੱਤ ਦੀ ਦਾਤ ਦੀ ਬਖ਼ਸ਼ਸ਼ ਕਰਕੇ ਪੂਰਨ ਰੋਕਦਿਆਂ-ਰੋਕਦਿਆਂ ਅਗਾਂਹ ਟੁਰ ਗਿਆ... ਰਾਜਾ ਤੇ ਰਾਣੀਆਂ ਭਰੇ ਨੇਤਰਾਂ ਨਾਲ਼ ਜਾਂਦੇ ਪੁੱਤ ਦੀ ਪਿੱਠ ਵੇਖਦੇ ਰਹੇ...

ਸਮਾਂ ਪਾ ਕੇ ਲੂਣਾਂ ਦੀ ਕੁੱਖ਼ੋਂ ਪੁੱਤਰ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਂ ਨਾਲ ਪ੍ਰਸਿੱਧ ਹੋਇਆ ਜਿਸ ਦੀ ਬਹਾਦਰੀ ਦੀਆਂ ਅਨੇਕਾਂ ਕਹਾਣੀਆਂ ਪ੍ਰਚੱਲਤ ਹਨ।