ਸਮੱਗਰੀ 'ਤੇ ਜਾਓ

ਪੰਜਾਬ ਦੇ ਲੋਕ ਨਾਇਕ/ਰੋਡਾ ਜਲਾਲੀ

ਵਿਕੀਸਰੋਤ ਤੋਂ
ਵਾਚਨ - Jagseer S Sidhu
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਰੋਡਾ ਜਲਾਲੀ

ਰੋਡਾ ਜਲਾਲੀ ਹੁਸ਼ਿਆਰਪੁਰ ਦੇ ਇਲਾਕੇ ਦੀ ਪ੍ਰੀਤ ਕਹਾਣੀ ਹੈ। ਸਤਾਰ੍ਹਵੀਂ ਸਦੀ ਦੇ ਅੰਤ ਵਿੱਚ ਇਹ ਕਹਾਣੀ ਹੁਸ਼ਿਆਰਪੁਰ ਜ਼ਿਲੇ ਦੇ ਇਕ ਪਿੰਡ "ਲਾਲ ਸਿੰਙੀ" ਵਿੱਚ ਵਾਪਰੀ। ਕਿਸ਼ੋਰ ਚੰਦ ਅਤੇ ਬੂਟਾ ਗੁਜਰਾਤੀ ਨੇ ਇਸ ਬਾਰੇ ਦੋ ਕਿੱਸੇ ਜੋੜੇ ਹਨ। ਇਨ੍ਹਾਂ ਕਿੱਸਿਆਂ ਤੋਂ ਬਿਨਾਂ ਰੋਡਾ-ਜਲਾਲੀ ਬਾਰੇ ਪੰਜਾਬ ਦੀਆਂ ਤੀਵੀਆਂ ਕਈ ਇਕ ਲੋਕ ਗੀਤ ਵੀ ਗਾਉਂਦੀਆਂ ਹਨ।

ਬਲਖ ਬੁਖਾਰੇ ਦਾ ਜੰਮਪਲ ਆਪਣੀ ਮਾਂ ਦੀ ਮੌਤ ਦੇ ਵੈਰਾਗ ਵਿੱਚ ਫ਼ਕੀਰ ਹੋਇਆ ਰੋਡਾ ਪਾਕਪਟਣੋਂ ਹੁੰਦਾ ਹੋਇਆ ਹੁਸ਼ਿਆਰਪੁਰ ਜ਼ਿਲੇ ਦੇ ਇੱਕ ਪਿੰਡ 'ਲਾਲ ਸਿੰਙੀ' ਆ ਪੁੱਜਾ। ਪਿੰਡ ਤੋਂ ਅੱਧ ਕੁ ਮੀਲ ਦੀ ਦੂਰੀ ਤੇ ਪੂਰਬ ਵੱਲ ਦੇ ਪਾਸੇ ਸੁਹਾਂ ਨਦੀ ਦੇ ਕੰਢੇ ਇਕ ਸ਼ਾਨਦਾਰ ਬਾਗ ਸੀ, ਉਸ ਬਾਗ ਵਿੱਚ ਇਸ ਫ਼ਕੀਰ ਨੇ ਜਾ ਡੇਰੇ ਲਾਏ।

ਫ਼ਕੀਰ ਇੱਕੀ ਬਾਈ ਵਰ੍ਹੇ ਦਾ ਸੁਨੱਖਾ ਜੁਆਨ ਸੀ। ਗੇਰੂਏ ਕੱਪੜੇ ਉਹਦੇ ਸਿਓ ਜਹੇ ਦਗ਼ ਦਗ਼ ਕਰਦੇ ਸਰੀਰ ਤੇ ਬਣ ਬਣ ਪੈਂਦੇ ਸਨ। ਰੂਪ ਉਹਦਾ ਝਲਿਆ ਨਾ ਸੀ ਜਾਂਦਾ। ਇਕ ਅਨੋਖਾ ਜਲਾਲ ਉਹਦੇ ਮਸਤਕ ਤੇ ਟਪਕ ਰਿਹਾ ਸੀ, ਅੱਖੀਆਂ ਰੱਜ-ਰੱਜ ਜਾਂਦੀਆਂ ਸਨ।

ਪਿੰਡ ਵਿੱਚ ਨਵੇਂ ਫ਼ਕੀਰ ਦੀ ਆਮਦ ਦੀ ਚਰਚਾ ਸ਼ੁਰੂ ਹੋ ਗਈ, ਨਵੇਂ ਸ਼ਰਧਾਲੂ ਪੈਦਾ ਹੋ ਗਏ। ਬੜੀਆਂ ਪਿਆਰੀਆਂ ਕਰਾਮਾਤੀ ਕਥਾਵਾਂ ਉਸ ਬਾਰੇ ਘੜੀਆਂ ਜਾਣ ਲੱਗੀਆਂ। ਕਿਸੇ ਦੀ ਮੱਝ ਗੁਆਚ ਗਈ, ਰੋਡੇ ਮੰਤਰ ਪੜ੍ਹਿਆ, ਮੱਝ ਆਪਣੇ ਆਪ ਅਗਲੇ ਦੇ ਕੀਲੇ ਜਾ ਖੜੀ। ਕਿਸੇ ਦੀ ਗਊ ਨੇ ਦੁੱਧ ਨਾ ਦਿੱਤਾ, ਫ਼ਕੀਰ ਨੇ ਪੇੜਾ ਕੀਤਾ, ਗਊ ਧਾਰੀਂ ਪੈ ਗਈ। ਕਿਸੇ ਦਾ ਜੁਆਕ ਢਿੱਲਾ ਹੋ ਗਿਆ, ਰੋਡੇ ਝਾੜਾਂ ਝਾੜਿਆ, ਮੁੰਡਾ ਨੌਂ-ਬਰ ਨੌਂ। ਇਸ ਪ੍ਰਕਾਰ ਰੋਡੇ ਫ਼ਕੀਰ ਦੀ ਮਹਿਮਾ ਘਰ-ਘਰ ਹੋਣ ਲੱਗ ਪਈ। ਪਿੰਡ ਦੇ ਲੋਕੀਂ ਅਪਾਰ ਸ਼ਰਧਾ ਨਾਲ਼ ਰੋਡੇ ਨੂੰ ਪੂਜਣ ਲੱਗ ਪਏ। ਮਾਈਆਂ ਬਣ ਸੰਵਰ ਕੇ ਸੰਤਾਂ ਦੇ ਦਰਸ਼ਨਾਂ ਨੂੰ ਜਾਂਦੀਆਂ, ਆਪਣੇ ਮਨ ਦੀਆਂ ਮੁਰਾਦਾਂ ਲਈ ਰੋਡੇ ਪਾਸੋਂ ਅਸੀਸਾਂ ਮੰਗਦੀਆਂ, ਆਪਣੇ ਦੁੱਖ ਸੁੱਖ ਫੋਲਦੀਆਂ। ਰੋਡਾ ਬੜੇ ਧਿਆਨ ਨਾਲ਼ ਸੁਣਦਾ, ਸ਼ਹਿਦ ਜਹੇ ਮਿੱਠੇ ਬੋਲ ਬੋਲਦਾ, ਸਾਰਿਆਂ ਦੇ ਦਿਲ ਮੋਹੇ ਜਾਂਦੇ।

ਇਸੇ ਪਿੰਡ ਦੇ ਲੁਹਾਰਾਂ ਦੀ ਧੀ ਜਲਾਲੀ ਦੇ ਰੂਪ ਦੀ ਬੜੀ ਚਰਚਾ ਸੀ। ਕੋਈ ਗੱਭਰੂ ਅਜੇ ਤੀਕਰ ਉਹਨੂੰ ਜਚਿਆ ਨਹੀਂ ਸੀ, ਕਿਸੇ ਨੂੰ ਵੀ ਉਹ ਆਪਣੇ ਨੱਕ ਥੱਲੇ ਨਹੀਂ ਸੀ ਲਿਆਉਂਦੀ। ਸਾਰੇ ਜਲਾਲੀ ਨੂੰ ਪਿੰਡ ਦਾ ਸ਼ਿੰਗਾਰ ਸੱਦਦੇ ਸਨ, ਪਹਾੜਾਂ ਦੀ ਪਰੀ ਆਖਦੇ ਸਨ:-

ਜਲਾਲੀਏ ਲੁਹਾਰੀਏ ਨੀ
ਕੀ ਤੂੰ ਪਰੀ ਪਹਾੜ ਦੀ
ਕੀ ਅਸਮਾਨੀ ਹੂਰ
ਸੁਹਣੀ ਦਿੱਸੇ ਫੁੱਲ ਵਾਂਗ
ਤੈਥੋਂ ਮੈਲ਼ ਰਹੀ ਏ ਦੂਰ
ਤੈਨੂੰ ਵੇਖਣ ਆਉਂਦੇ
ਹੋ ਹੋ ਜਾਂਦੇ ਚੂਰ।
ਤਾਬ ਨਾ ਕੋਈ ਕੋਈ ਝੱਲਦਾ
ਤੇਰਾ ਏਡਾ ਚਮਕੇ ਨੂਰ
ਘਰ ਲੁਹਾਰਾਂ ਜੰਮੀਓਂ
ਜਿਵੇਂ ਕੱਲਰ ਉੱਗਾ ਰੁੱਖ
ਜੀਵਨ ਤੈਨੂੰ ਵੇਖ ਕੇ
ਤੇ ਭੁੱਲਣ ਸਾਰੇ ਦੁੱਖ
ਫਟਕਣ ਪੰਛੀ ਵੇਖ ਕੇ
ਤੇਰਾ ਸੁਹਣਾ ਮੁੱਖ
ਜੇ ਵੇਖੇਂ ਵਿੱਚ ਸੁਹਾਂ ਦੇ,
ਤੇਰੀ ਵੀ ਲਹਿਜੇ ਭੁੱਖ।

ਜਲਾਲੀ ਨੇ ਵੀ ਰੋਡੇ ਫ਼ਕੀਰ ਦੀ ਚਰਚਾ ਸੁਣੀ। ਉਹ ਇਕ ਦਿਨ ਆਪਣੀਆਂ ਸਹੇਲੀਆਂ ਨਾਲ਼ ਬਾਗ ਵਿੱਚ ਜਾ ਪੁੱਜੀ। ਰੋਡਾ ਸਮਾਧੀ ਲਾਈ ਸਿਮਰਨ ਕਰ ਰਿਹਾ ਸੀ। ਸਾਰੀਆਂ ਨਮਸਕਾਰ ਕਰਕੇ ਬੈਠ ਗਈਆਂ। ਰੋਡੇ ਅੱਖ ਨਾ ਝਮਕੀ : ਬਸ ਮਸਤ ਰਿਹਾ।

ਜਲਾਲੀ ਸਿਮਰਨ ਕਰੇਂਦੇ ਰੋਡੇ ਵੱਲ ਤਕਦੀ ਰਹੀ, ਮੁਸਕਾਨਾਂ ਬਖੇਰਦੀ ਰਹੀ। ਕੋਈ ਰਾਂਗਲਾ ਸੁਪਨਾ ਉਹਨੂੰ ਸਾਕਾਰ ਹੁੰਦਾ ਜਾਪਿਆ। ਹੁਸਨ ਦਾ ਬੁੱਤ ਬਣਿਆ ਰੋਡਾ ਜਲਾਲੀ ਦੇ ਧੁਰ ਅੰਦਰ ਦਿਲ ਵਿੱਚ ਲਹਿ ਗਿਆ। ਜਲਾਲੀ ਆਪਣੇ ਆਪ ਮੁਸਕਰਾਈ। ਉਹ ਸਾਰੀਆਂ ਜਾਣ ਲਈ ਖੜੋ ਗਈਆਂ। ਰੋਡੇ ਅੱਖ ਖੋਲ੍ਹੀ, ਸਾਹਮਣੇ ਜਲਾਲੀ ਹੱਥ ਜੋੜੀ ਖੜੀ ਸੀ।

ਸੂਰਜਮੁਖੀ ਦੇ ਫੁੱਲ ਵਾਂਗ ਖਿੜਿਆ ਜਲਾਲੀ ਦਾ ਪਿਆਰਾ ਮੁੱਖੜਾ ਰੋਡੇ ਦੀ ਬਿਰਤੀ ਉਖੇੜ ਗਿਆ। ਰੋਡਾ ਸੁਆਦ ਸੁਆਦ ਹੋ ਗਿਆ।

ਸਾਰੀ ਰਾਤ ਜਲਾਲੀ ਰੋਡੇ 'ਚ ਖੋਈ ਰਹੀ। ਸਵੇਰ ਹੁੰਦੇ ਸਾਰ ਹੀ ਉਸ ਬਾਗ ਵਿੱਚ ਆ ਰੋਡੇ ਨੂੰ ਸਿਜਦਾ ਕੀਤਾ। ਹੁਸਨ ਇਸ਼ਕ ਦੇ ਗੱਲ ਬਾਹੀਂ ਪਾ ਲਈਆਂ।

"ਰੋਡਿਆ ਤੂੰ ਮੇਰੇ ਤੇ ਕੀ ਜਾਦੂ ਧੂੜ ਦਿੱਤਾ ਹੈ, ਮੈਂ ਸਾਰੀ ਰਾਤ ਪਲ ਲਈ ਵੀ ਸੌਂ ਨਹੀਂ ਸਕੀ। ਤੇਰੇ ਖ਼ਿਆਲਾਂ 'ਚ ਮਗਨ ਰਹੀ ਆਂ।" ਹੁਸਨ ਮਚਲਿਆ।

"ਜਲਾਲੀਏ ਧੰਨੇ ਨੇ ਪੱਥਰ 'ਚੋਂ ਪਾ ਲਿਆ ਏ, ਮੇਰੀ ਭਗਤੀ ਪੂਰੀ ਹੋ ਗਈ ਏ! ਤੇਰੇ 'ਚ ਮੈਨੂੰ ਰੱਬ ਨਜ਼ਰੀਂ ਪਿਆ ਆਉਂਦਾ ਏ। ਜਦੋਂ ਦੀ ਤੂੰ ਮੇਰੇ ਪਾਸੋਂ ਗਈ ਏਂ ਮੈਨੂੰ ਚੈਨ ਨਹੀਂ ਆਇਆ। ਹੁਣ ਤੂੰ ਆ ਗਈ ਏਂ ਜਾਣੀ ਸੱਤੇ ਬਹਿਸ਼ਤਾਂ ਮੇਰੀ ਝੋਲੀ ਵਿੱਚ ਨੇ।" ਰੋਡਾ ਹੁਸੀਨ ਤੋਂ ਹੁਸੀਨ ਹੋ ਰਿਹਾ ਸੀ।

"ਰੋਡਿਆ ਅੱਜ ਅਸੀਂ ਦਿਲਾਂ ਦੇ ਸੌਦੇ ਕਰ ਲਏ ਨੇ, ਤੂੰ ਪੂਰਾ ਉਤਰੀਂ ਕਿਧਰੇ ਮੇਰਾ ਕੱਚ ਜਿਹਾ ਦਿਲ ਤੋੜ ਕੇ ਅਗਾਂਹ ਨਾ ਟੁਰ ਜਾਵੀਂ।"

"ਜਲਾਲੀਏ ਇਹ ਕੀ ਆਂਹਦੀ ਏਂ ਤੂੰ। ਮੈਂ ਏਥੋਂ ਟੁਰ ਜਾਵਾਂਗਾ? ਇਕੋ ਇਕ ਦਿਲ ਸੀ ਮੇਰਾ ਉਹ ਤੂੰ ਖੱਸ ਲਿਆ ਏ। ਹੋਰ ਕੀ ਏ ਇਸ ਦੁਨੀਆਂ 'ਚ ਮੇਰੇ ਲਈ? ਬਸ ਤੂੰ ਹੀ ਏਂ! ਭਲਾ ਮੈਂ ਤੈਨੂੰ ਕਿਵੇਂ ਛੱਡ ਸਕਦਾ ਹਾਂ। ਤੂੰ ਮੇਰੀ ਜ਼ਿੰਦਗੀ ਏਂ, ਮੇਰਾ ਇਸ਼ਟ ਏਂ! ਡਰ ਹੈ ਜਲਾਲੀਏ ਕਿਧਰੇ ਤੂੰ ਲੋਕਾਂ ਦੀ ਬਦਨਾਮੀ ਤੋਂ ਡਰਦੀ ਆਪਣਾ ਪਿਆਰਾ ਮੁੱਖ ਮੈਥੋਂ ਨਾ ਮੋੜ ਲਵੀਂ।"

"ਮੈਨੂੰ ਆਪਣੀ ਜਵਾਨੀ ਦੀ ਸਹੁੰ ਰੋਡਿਆ! ਮੈਂ ਲੱਗੀਆਂ ਤੋੜ ਨਿਭਾਵਾਂਗੀ ਮਰ ਜਾਵਾਂਗੀ ਪਰ ਪਿੱਛਾਂਹ ਨਹੀਂ ਪਰਤਾਂਗੀ। ਤੂੰ ਮੇਰਾ ਹਰ ਰੋਜ਼ ਤੜਕਸਾਰ ਸੁਹਾਂ ਦੇ ਕੰਢੇ ਇੰਤਜ਼ਾਰ ਕਰਿਆ ਕਰੀਂ। ਓਹ ਕੋਈ ਆਂਦਾ ਪਿਆ ਏ, ਆਹ ਸਾਂਭ ਲੈ ਮੇਰੀ ਪਿਆਰ ਨਿਸ਼ਾਨੀ.....।"

ਹੁਣ ਜਲਾਲੀ ਦਾ ਛੱਲਾ ਰੋਡੇ ਦੀ ਉਂਗਲ ਤੇ ਸੀ।

ਜਲਾਲੀ ਹਰ ਤੜਕੇ ਸੁਹਾਂ ਦੇ ਕੰਢੇ ਜਾ ਪੁੱਜਦੀ। ਸਾਰੀ ਦਿਹਾੜੀ ਪਿਆਰੇ ਦੀ ਯਾਦ ਵਿੱਚ ਤੜਪਦੀ, ਪਿਆਰੇ ਰੋਡੇ ਦਾ ਜਾ ਦੀਦਾਰ ਕਰਦੀ:

ਉੱਤੇ ਨਦੀ ਦੇ ਜਾਇਕੇ ਰੋਜ਼ ਮਿਲ਼ਦੀ,
ਬਿਨਾਂ ਮਿਲ਼ੇ ਦੇ ਨਹੀਂ ਅਧਾਰ ਹੈ ਜੀ,
ਹੋਏ ਘੜੀ ਵਿਛੋੜੇ ਦੇ ਵਾਂਗ ਸੂਲੀ,
ਜਾਨ ਹੋਂਵਦੀ ਜੋ ਆਵਾਜ਼ਾਰ ਹੈ ਜੀ,
ਬਿਨਾਂ ਲੱਗੀਆਂ ਕੋਈ ਨਾ ਜਾਣਦਾ ਹੈ,
ਜੀਹਨੂੰ ਲੱਗੀਆਂ ਓਸ ਨੂੰ ਸਾਰ ਹੈ ਜੀ।
ਹੋਈ ਭੁੱਜ ਮਨੂਰ ਲੁਹਾਰ ਬੱਚੀ,
ਬਣੇ ਘੜੀ ਦਾ ਵੀ ਜੁਗ ਚਾਰ ਹੈ ਜੀ।
ਹੁੰਦੇ ਨਾਗ ਮਲੂਮ ਨੇ ਪੂਣੀਆਂ ਦੇ,
ਜਦੋਂ ਕੱਤਣ ਜਾਏ ਭੰਡਾਰ ਹੈ ਜੀ।
ਪਾਇਆ ਭੱਠ ਕਸੀਦੇ ਦੇ ਕਢਣੇ ਨੂੰ,
ਪੈਂਦੀ ਭੁੱਲਕੇ ਨਾ ਇਕ ਤਾਰ ਹੈ ਜੀ
ਮਿਲੇ ਜਦੋਂ ਜਲਾਲੀ ਜਾ ਯਾਰ ਤਾਈਂ,
ਓਦੋਂ ਵਸਦਾ ਦਿਸੇ ਸੰਸਾਰ ਹੈ ਜੀ
ਕਿਸੇ ਕੰਮ ਦੇ ਵਿੱਚ ਨਾ ਚਿੱਤ ਲੱਗੇ
ਕਰੇ ਆਸ਼ਕੀ ਅਤੀ ਲਚਾਰ ਹੈ ਜੀ।(ਕਿਸ਼ੋਰ ਚੰਦ)

ਇਸ਼ਕ ਮੁਸ਼ਕ ਕਦੋਂ ਛੁਪਾਇਆਂ ਛੁਪਦੇ ਨੇ। ਜਲਾਲੀ ਅਤੇ ਰੋਡੇ ਦੇ ਇਸ਼ਕ ਦੀ ਚਰਚਾ ਪਿੰਡ ਵਿੱਚ ਛਿੜ ਪਈ। ਜਲਾਲੀ ਦੇ ਮਾਪਿਆਂ ਦੇ ਕੰਨੀਂ ਵੀ ਉਡਦੀ-ਉਡਦੀ ਭਿਣਕ ਜਾ ਪਈ। ਉਨ੍ਹਾਂ, ਉਨ੍ਹਾਂ ਦੇ ਇਸ਼ਕ ਨੂੰ ਪਰਵਾਨ ਨਾ ਕੀਤਾ। ਉਨ੍ਹਾਂ ਜਲਾਲੀ ਨੂੰ ਡਰਾਇਆ, ਧਮਕਾਇਆ ਅਤੇ ਆਪਣੀ ਨਗਰਾਨੀ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ।

ਹੁਣ ਰੋਡਾ ਆਪੂੰ, ਆਪਣੇ ਪਿਆਰੇ ਦੇ ਦੀਦਾਰ ਲਈ ਜਲਾਲੀ ਦੇ ਦਰ ਅੱਗੇ ਜਾ ਅਲਖ ਜਗਾਉਂਦਾ। ਉਹਦੇ ਹੱਥੋਂ ਖ਼ੈਰਾਤ ਲਏ ਬਿਨਾਂ ਅਗਾਂਹ ਇਕ ਕਦਮ ਨਾ ਪੁੱਟਦਾ। ਏਥੋਂ ਤੀਕਰ ਗੱਲ ਅੱਪੜ ਗਈ ਕਿ ਇਕ ਦਿਨ ਉਹਨੇ ਜਲਾਲੀ ਦੀ ਮਾਂ ਦੇ ਹੱਥੋਂ ਖ਼ੈਰਾਤ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਉਨ੍ਹਾਂ ਦੇ ਦਰਾਂ ਦੇ ਅੱਗੇ ਧੂਣਾ ਤਾਪ ਦਿੱਤਾ। ਜਲਾਲੀ ਨੇ ਆਪੂੰ ਵੀ ਉਹਨੂੰ ਬੜਾ ਸਮਝਾਇਆ, ਪਰ ਰੋਡਾ ਨਾ ਮੰਨਿਆ:-

"ਕਿੱਥੋਂ ਤੇ ਵੇ ਤੂੰ ਆਇਆ
ਜਾਣਾ ਕਿਹੜੇ ਦੇਸ਼
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।"

"ਪੱਛਮ ਤੋਂ ਨੀ ਮੈਂ ਆਇਆ
ਜਾਣਾ ਦੱਖਣ ਦੇਸ਼
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"

"ਜੇ ਤੂੰ ਭੁੱਖਾ ਰੋਟੀ ਦਾ ਵੇ
ਲੱਡੂਆਂ ਦਿੰਨੀ ਆਂ ਮੰਗਾ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।"

"ਨਾ ਮੈਂ ਭੁੱਖਾ ਰੋਟੀ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"

"ਜੇ ਤੂੰ ਪਿਆਸਾ ਪਾਣੀ ਦਾ ਵੇ
ਦੁਧੂਆ ਦਿੰਨੀਆਂ ਮੰਗਾ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।"

"ਨਾ ਮੈਂ ਪਿਆਸਾ ਪਾਣੀ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"

"ਜੇ ਤੂੰ ਨੰਗਾ ਬਸਤਰ ਦਾ ਵੇ
ਬਸਤਰ ਦਿੰਨੀ ਆਂ ਸਮਾ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।"

"ਨਾ ਮੈਂ ਨੰਗਾ ਬਸਤਰ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"

"ਜੇ ਤੂੰ ਭੁੱਖਾ ਰੰਨਾਂ ਦਾ ਵੇ
ਵਿਆਹ ਦਿੰਨੀ ਆਂ ਕਰਵਾ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।"

"ਨਾ ਮੈਂ ਭੁੱਖਾ ਰੰਨਾਂ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"

"ਦਰ ਵਿੱਚੋਂ ਧੂਣਾ ਚੱਕ ਲੈ ਵੇ
ਬਾਹਰੋਂ ਆਜੂ ਮੇਰਾ ਬਾਪ
ਵੇ ਫ਼ਕੀਰਾ
ਭਲਾ ਵੇ ਦਲਾਦਿਆ ਵੇ ਰੋਡਿਆ।"

"ਦਰ ਵਿੱਚੋਂ ਧੂਣਾ ਨਾ ਚੱਕਣਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"

ਪਰੰਤੂ ਰੋਡੇ ਨੇ ਜਲਾਲੀ ਦੇ ਦਰਾਂ ਅੱਗੋਂ ਧੂਣਾ ਨਾ ਚੁੱਕਿਆ। ਜਲਾਲੀ ਦੇ ਭਰਾਵਾਂ ਨੇ ਉਹਨੂੰ ਮਾਰ-ਮਾਰ ਕੇ ਅੱਧਮੋਇਆ ਕਰ ਸੁੱਟਿਆ ਅਤੇ ਰਾਤ ਸਮੇਂ ਸੁਹਾਂ ਨਦੀ ਵਿੱਚ ਹੜ੍ਹਾ ਆਏ। ਪਰ ਦੂਜੀ ਭਲ਼ਕ ਰੋਡੇ ਨੇ ਆ ਕੇ ਜਲਾਲੀ ਦੇ ਦਰਾਂ ਅੱਗੇ ਧੂਣਾ ਤਾਪ ਦਿੱਤਾ।

ਜਲਾਲੀ ਅੰਦਰ ਨਰੜੀ ਪਈ ਤੜਪਦੀ ਰਹੀ। ਕਹਿੰਦੇ ਨੇ ਜਲਾਲੀ ਦੇ ਭਰਾਵਾਂ ਨੂੰ ਰੋਡੇ ਦੇ ਦੋਬਾਰਾ ਮੁੜ ਆਣ ਤੇ ਐਨਾ ਗੁੱਸਾ ਚੜ੍ਹਿਆ ਕਿ ਉਨ੍ਹਾਂ ਨੇ ਉਹਦੇ ਟੁਕੜੇ ਟੁਕੜੇ ਕਰਕੇ ਖੂਹ ਵਿੱਚ ਸੁੱਟ ਦਿੱਤੇ ਅਤੇ ਮਗਰੋਂ ਜਲਾਲੀ ਨੂੰ ਵੀ ਮਾਰ ਮੁਕਾਇਆ।

ਇਸ ਪ੍ਰੀਤ ਕਥਾ ਦਾ ਅੰਤ ਇਸ ਪ੍ਰਕਾਰ ਵੀ ਦੱਸਿਆ ਜਾਂਦਾ ਹੈ ਕਿ ਜਲਾਲੀ ਦੀ ਮਾਂ ਨੇ ਰੋਡੇ ਨੂੰ ਗਲ਼ੋਂ ਲਾਹੁਣ ਲਈ ਧੂਣਾ ਤਾਪਦੇ ਰੋਡੇ ਕੋਲ ਆ ਕੇ ਆਖਿਆ, "ਰੋਡਿਆ ਤੇਰੀ ਜਲਾਲੀ ਕਈ ਦਿਨਾਂ ਦੀ ਅੰਦਰ ਬੀਮਾਰ ਪਈ ਹੈ, ਉਹ ਤਦ ਹੀ ਬਚ ਸਕਦੀ ਹੈ ਜੇ ਉਹਦੇ ਲਈ ਕਿਧਰੋਂ ਸ਼ੇਰਨੀ ਦਾ ਦੁੱਧ ਮਿਲ਼ ਜਾਵੇ। ਜੇ ਤੂੰ ਸ਼ੇਰਨੀ ਦਾ ਦੁੱਧ ਲਿਆ ਦੇਵੇਂ ਤਾਂ ਅਸੀਂ ਜਲਾਲੀ ਦਾ ਤੇਰੇ ਨਾਲ਼ ਵਿਆਹ ਕਰ ਦੇਵਾਂਗੇ।"

ਇਹ ਸੁਣਦੇ ਸਾਰ ਹੀ ਰੋਡਾ ਸ਼ੇਰਨੀ ਦੇ ਦੁੱਧ ਦੀ ਭਾਲ਼ ਵਿੱਚ ਜੰਗਲਾਂ ਵੱਲ ਨੂੰ ਨਸ ਟੁਰਿਆ।

ਜਦੋਂ ਜਲਾਲੀ ਨੇ ਆਪਣੇ ਮਾਂ ਦੀ ਰੋਡੇ ਨੂੰ ਸ਼ੇਰਾਂ ਕੋਲ਼ੋਂ ਮਰਵਾਉਣ ਦੀ ਇਹ ਵਿਊਂਤ ਸੁਣੀ ਤਾਂ ਉਹ ਵੀ ਰੋਡਾ-ਰੋਡਾ ਕੂਕਦੀ ਰੋਡੇ ਦੇ ਮਗਰੇ ਜੰਗਲ ਵਿੱਚ ਜਾ ਪੁੱਜੀ।

ਜੰਗਲ ਵਿੱਚ ਦੋਵੇਂ ਮਿਲ਼ ਪਏ ਜਾਂ ਦੋਵਾਂ ਨੂੰ ਜੰਗਲੀ ਜਾਨਵਰਾਂ ਨੇ ਮਾਰ ਮੁਕਾਇਆ ਇਸ ਬਾਰੇ ਕੋਈ ਕੁਝ ਨਹੀਂ ਜਾਣਦਾ ਪਰੰਤੂ ਇਸ ਪ੍ਰੀਤ ਕਥਾ ਨੂੰ ਪੰਜਾਬੀ ਲੋਕ ਮਨ ਨੇ ਅਜੇ ਤੀਕਰ ਨਹੀਂ ਵਸਾਰਿਆ। ਜਲਾਲੀ ਦਾ ਗੀਤ ਉਹਨਾਂ ਦੇ ਚੇਤਿਆਂ ਵਿੱਚ ਅੱਜ ਵੀ ਸੱਜਰਾ ਹੈ।

ਪੰਨਾ