ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਕੱਲਾ-ਕਹਿਰਾ ਆਦਮੀ

ਵਿਕੀਸਰੋਤ ਤੋਂ
Jump to navigation Jump to search

ਕੱਲਾ-ਕਹਿਰਾ ਆਦਮੀ

ਸਵੇਰ ਦੀ ਚਾਹ ਪੀ ਕੇ ਉਹ ਅਜੇ ਬਿਸਤਰੇ ਵਿੱਚ ਹੀ ਪਿਆ ਸੀ। ਉਹਦੀ ਪਤਨੀ ਬਾਹਰੋਂ ਗਲੀ ਵਿਚੋਂ ਆਈ ਤੇ ਦੱਸਿਆ ਕਿ ਗੁਆਂਢੀਆਂ ਦਾ ਕੁੱਤਾ ਮਰ ਗਿਆ ਹੈ। ਜਮਾਦਾਰਨੀ ਦੱਸਦੀ ਹੈ, ਕੁੱਤੇ ਨੂੰ ਸੱਪ ਨੇ ਡੰਗ ਮਾਰਿਆ ਸੀ।

ਸ਼ਕੁੰਤਲਾ ਦਾ ਇੱਕ ਹੱਥ ਆਪਣੀ ਵੱਖੀ ਉੱਤੇ ਹੈ ਤੇ ਉਹਦਾ ਸਾਹ ਨਾਲ ਸਾਹ ਨਹੀਂ ਰਲਦਾ। ਉਹ ਖ਼ੁਸ਼ ਹੈ ਕਿ ਗੁਆਂਢੀਆਂ ਦਾ ਕੁੱਤਾ ਮਰ ਗਿਆ। ਉਹਦੇ ਚਿਹਰੇ ਉੱਤੇ ਪੀੜ੍ਹ ਦੇ ਚਿੰਨ੍ਹ ਹਨ, ਅੱਖਾਂ ਡੁੱਬ ਰਹੀਆਂ ਹਨ। ਗਲੀ ਵਿਚੋਂ ਕਾਹਲ ਨਾਲ ਆਉਣ ਕਰਕੇ ਢਿੱਡ ਦੀ ਰਸੌਲੀ ਹਿੱਲ ਗਈ ਹੈ ਤੇ ਤਿੱਖਾ ਦਰਦ ਹੈ।

ਜੋਗਿੰਦਰਪਾਲ ਬੇਹੱਦ ਪ੍ਰਸੰਨ ਹੈ ਤੇ ਮੰਜੇ ਉੱਤੇ ਬੈਠੇ ਦਾ ਬੈਠਾ ਰਹਿ ਗਿਆ ਹੈ। ਉਹਦੇ ਮੂੰਹੋਂ ਬੋਲ ਨਹੀਂ ਸਕਿਆ। ਅੱਖਾਂ ਵਿੱਚ ਪੂਰੀ ਚਮਕ ਹੈ। ਜਿਵੇਂ ਕੋਈ ਵੱਡਾ ਚਮਤਕਾਰ ਹੋ ਗਿਆ ਹੋਵੇ। ਜਿਵੇਂ ਇਹ ਤਾਂ ਬੱਸ ਕਮਾਲ ਹੀ ਹੋ ਗਿਆ। ਜੋਗਿੰਦਰਪਾਲ ਨੇ ਸਾਰੀ ਉਮਰ ਸਕੂਲਾਂ ਵਿੱਚ ਕਲਰਕੀ ਕੀਤੀ। ਪੁੱਜ ਕੇ ਸ਼ਰੀਫ ਆਦਮੀ ਹੈ। ਸਕੂਲ ਦੇ ਕਲਰਕ ਨੂੰ ਰਿਸ਼ਵਤ ਵੀ ਕਿੱਥੇ? ਤਨਖ਼ਾਹ ਸਹਾਰੇ ਹੀ ਨੌਕਰੀ ਪੂਰੀ ਕਰ ਲਈ। ਇੱਕ ਬੱਸ ਮੁੰਡਾ ਪੜ੍ਹਾ ਲਿਆ, ਜੋ ਹੁਣ ਸਕੂਲ-ਮਾਸਟਰ ਹੈ। ਵਿਆਹ ਲਿਆ ਸੀ। ਹੁਣ ਦੂਰ ਕਿਸੇ ਪਿੰਡ ਦੇ ਹਾਈ ਸਕੂਲ ਵਿੱਚ ਹੈ। ਦੋ ਕੁੜੀਆਂ ਸਨ, ਦਸਵੀਂ-ਦਸਵੀਂ ਪੜ੍ਹਾ ਕੇ ਵਿਆਹ ਦਿੱਤੀਆਂ। ਹੁਣ ਆਪਣੇ ਘਰੀਂ ਵਸਦੀਆਂ-ਰਸਦੀਆਂ ਹਨ।

ਜੋਗਿੰਦਰਪਾਲ ਬਹੁਤ ਵਰ੍ਹੇ ਆਪਣੇ ਪਿੰਡ ਰਿਹਾ। ਰਿਟਾਇਰ ਹੋਣ ਤੋਂ ਦਸ ਕੁ ਸਾਲ ਪਹਿਲਾਂ ਏਧਰੋਂ-ਓਧਰੋਂ ਕੁਝ ਪੈਸਾ ਇਕੱਠਾ ਕੀਤਾ ਤੇ ਸ਼ਹਿਰ ਵਿੱਚ ਪਲਾਟ ਲੈ ਲਿਆ। ਫੇਰ ਸਰਕਾਰੀ ਕਰਜ਼ਾ ਲੈ ਕੇ ਮਕਾਨ ਬਣਾ ਲਿਆ। ਛੋਟਾ ਹੀ ਮਕਾਨ ਹੈ-ਬੱਸ ਦੋ ਕਮਰੇ। ਕਮਰਿਆਂ ਸਾਹਮਣੇ ਵਰਾਂਢਾ। ਇੱਕ ਪਾਸੇ ਰਸੋਈ-ਗੁਸਲਖਾਨੇ ਤੇ ਇੱਕ ਗੇਟ ਪਾਸੇ ਵਿਹੜਾ। ਗਲੀ ਵਿੱਚ ਖੁੱਲ੍ਹਦਾ ਉੱਚੀ ਦੇਹਲੀ ਵਾਲਾ ਛੋਟੇ ਆਕਾਰ ਦਾ ਲੋਹੇ ਦਾ ਗੇਟ।

ਮਕਾਨ ਚਾਹੇ ਛੋਟਾ ਹੈ, ਪਰ ਫ਼ਰਸ਼ ਪੱਕੇ-ਪੱਥਰ ਦੀਆਂ ਟੁਕੜੀਆਂ ਵਾਲੇ। ਵਿਹੜੇ ਵਿੱਚ ਵੀ ਚਿੱਟੇ-ਕਾਲ਼ੇ ਪੱਥਰ ਦੀਆਂ ਚੌਰਸ ਟੁਕੜੀਆਂ ਹਨ। ਕਮਰਿਆਂ ਦੀਆਂ ਕੰਧਾਂ ਤੇ ਛੱਤਾਂ ਉੱਤੇ ਚਿੱਟਾ ਪੇਂਟ।

ਸ਼ਕੁੰਤਲਾ ਬੜੀ ਸਫ਼ਾਈ-ਪਸੰਦ ਔਰਤ ਹੈ। ਕਮਰਿਆਂ ਤੇ ਵਰਾਂਢੇ ਵਿੱਚ ਨਿੱਤ ਪੋਚਾ ਲਾਵੇਗੀ। ਵਿਹੜਾ ਨਿੱਤ ਧੋਂਦੀ ਹੈ। ਜਿੰਨੀ ਦੇਰ ਤੱਕ ਘਰ ਸੰਭਰਿਆ-ਸੰਵਾਰਿਆ ਟਹਿ-ਟਹਿ ਨਾ ਕਰਨ ਲੱਗ ਪਵੇ, ਉਹਨੂੰ ਚੈਨ ਨਹੀਂ ਆਉਂਦੀ।ਹਾਏ-ਹਾਏ ਵੀ ਕਰਦੀ ਫ਼ਿਰਦੀ ਰਹਿੰਦੀ ਹੈ, ਟਿਕ ਕੇ ਬੈਠਦੀ ਵੀ ਨਹੀਂ। ਥੱਕ ਕੇ ਬਿੰਦ ਦੀ ਬਿੰਦ ਬੈਠ ਜਾਵੇ ਤਾਂ ਅਗਲੇ ਪਲ ਹੀ ਉੱਠ ਖੜ੍ਹੀ ਹੁੰਦੀ ਹੈ ਤੇ ਕੰਮ ਕਰਨ ਲੱਗਦੀ ਹੈ। ਕੰਮਾਂ-ਧੰਦਿਆਂ ਵਿੱਚ ਉਲਝੀ ਰਹੇ ਤਾਂ ਉਹਨੂੰ ਆਪਣੀ ਢਿੱਡ ਵਿਚਲੀ ਰਸੌਲੀ ਦਾ ਦਰਦ ਵੀ ਭੁੱਲਿਆ ਰਹਿੰਦਾ ਹੈ। ਨਾ-ਮਿੰਨਾ ਦਰਦ ਤਿੱਖਾ ਹੋ ਕੇ ਵੱਖੀ ਨੂੰ ਦੱਬ ਕੇ ਘੁੱਟਣ ਨਾਲ ਇਕ ਵੀ ਜਾਂਦਾ ਹੈ। ਪਰ ਢਿੱਡ ਦੀ ਰਸੌਲੀ ਨਾਲੋਂ ਉਹਨੂੰ ਸਭ ਤੋਂ ਵੱਡਾ ਦੁੱਖ ਗੁਆਂਢੀਆਂ ਦੇ ਕੁੱਤੇ ਦਾ ਸੀ, ਜੋ ਹੁਣ ਮਰ ਗਿਆ ਹੈ ਤੇ ਨਿੱਤ ਦਾ ਸਿਆਪਾ ਮੁੱਕ ਗਿਆ।

ਸਾਹਮਣੇ ਲੱਕੜ ਦੀ ਚੁਗਾਠ ਵਾਲਾ ਮੁਕਾਨ ਵਿਰਸਾ ਸਿੰਘ ਦਾ ਹੈ। ਉਹ ਨੇੜੇ ਦੇ ਇੱਕ ਪਿੰਡ ਵਿੱਚ ਆਰ.ਐਮ.ਪੀ. ਹੈ।ਉਹ ਆਪਣੇ ਆਪ ਨੂੰ ਡਾਕਟਰ ਕਹਾਉਂਦਾ ਹੈਡਾਕਟਰ ਵਿਰਸਾ ਸਿੰਘ ਸਿੱਧੂ।ਸਵੇਰੇ ਦੇਹਾਂ ਹੀ ਫਿਟ-ਫਿਟ ਕਰਦੀ ਸਕੂਟਰੀ ਲੈ ਕੇ ਤੇ ਢਾਠੀ ਬੰਨ੍ਹ ਕੇ ਤੁਰ ਜਾਂਦਾ ਹੈ। ਰਾਤ ਨੂੰ ਹਨੇਰੇ ਹੋਏ ਘਰ ਵੜਦਾ ਹੈ। ਓਥੇ ਡਾਕਟਰੀ ਕਿਹੜੀ ਕਰਦਾ ਹੈ, ਨਸ਼ੇ ਦੀਆਂ ਗੋਲੀਆਂ ਵੇਚਣ ਦਾ ਧੰਦਾ ਹੈ। ਅੰਨੀ ਕਮਾਈ ਹੈ। ਉਹਦੀ ਘਰ ਵਾਲੀ ਏਸੇ ਆਕੜ ਵਿੱਚ ਰਹਿੰਦੀ ਹੈ ਕਿ ਉਹਦਾ ਘਰ ਵਾਲਾ ਡਾਕਟਰ ਹੈ ਤੇ ਨਿੱਤ ਨੋਟਾਂ ਦੀ ਜੇਬ ਭਰਕੇ ਘਰ ਵੜਦਾ ਹੈ। ਡਾਕਟਰ ਵਿਰਸਾ ਸਿੰਘ ਸ਼ਰਾਬ ਪੀਂਦਾ ਹੈ। ਉਹਨਾਂ ਦੇ ਬੱਚਾ ਕੋਈ ਨਹੀਂ।ਉਹਦੀ ਘਰ ਵਾਲੀ ਨੇ ਕੁੱਤਾ ਪਾਲ ਰੱਖਿਆ ਸੀ। ਛੋਟੇ ਕੱਦ ਦਾ ਨਿੱਕਾ ਚਿੱਟਾ ਕੁੱਤਾ। ਉਹ ਉਹਨੂੰ ਸੰਗਲੀ ਪਾ ਕੇ ਅੰਦਰ ਬੰਕੇ ਰੱਖਦੀ। ਉਹ ਸਾਰਾ ਦਿਨ ਟਊਂ-ਟਊਂ ਕਰਦਾ ਰਹਿੰਦਾ। ਪਤਾ ਨਹੀਂ ਕਿਉਂ ਉਹ ਕੁੱਤੇ ਦੀ ਸੰਗਲੀ ਐਨ ਓਸ ਵੇਲੇ ਖੋਦੀ, ਜਦੋਂ ਸ਼ਕੁੰਤਲਾ ਪੋਚੇ ਲਾ ਕੇ ਤੇ ਵਿਹੜਾ ਧੋ ਕੇ ਕੋਠੇ ਉਤੇ ਬੈਠੀ ਦਮ ਲੈ ਰਹੀ ਹੁੰਦੀ। ਜੋਗਿੰਦਰਪਾਲ ਅੰਦਰ ਕਮਰੇ ਵਿੱਚ ਆਰਾਮ ਕੁਰਸੀ ਉੱਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਹੁੰਦਾ। ਕੁੱਤਾ ਭੱਜ ਕੇ ਗਲੀ ਵਿੱਚ ਆਉਂਦਾ ਤੇ ਸਿੱਧਾ ਜੋਗਿੰਦਰਪਾਲ ਦੇ ਘਰ ਅੱਗੇ ਖੜ੍ਹ ਕੇ ਪਿਛਲੀ ਇੱਕ ਟੰਗ ਚੁਕਦਾ ਤੇ ਬਾਰ ਦੇ ਕੌਲੇ ਉੱਤੇ ਪਿਸ਼ਾਬ ਦੀ ਘਰਾਲ ਚਲਾ ਦਿੰਦਾ। ਅੱਧਾ ਪਿਸ਼ਾਬ ਦੇਲੀਓਂ ਅੰਦਰ ਤੇ ਅੱਧਾ ਪਿਸ਼ਾਬ ਦੇਓਂ ਬਾਹਰ। ਪਿਸ਼ਾਬ ਉਹ ਆਪਣੇ ਅੰਦਰ ਪਤਾ ਨਹੀਂ ਕਦੋਂ ਕੁ ਦਾ ਰੋਕ ਕੇ ਰੱਖੀ ਬੈਠਾ ਹੁੰਦਾ ਤੇ ਪਿਸ਼ਾਬ ਉਹਦੇ ਅੰਦਰ ਕਿੰਨਾ ਸੜ ਚੁੱਕਿਆ ਹੁੰਦਾ, ਬਦਬੂ ਉੱਭਰ ਜਾਂਦੀ। ਜੋਗਿੰਦਰਪਾਲ ਨੂੰ ਅਖ਼ਬਾਰ ਪੜ੍ਹਨਾ ਭੁੱਲ ਜਾਂਦਾ।ਬਦਬੂ ਕਮਰਿਆਂ ਵਿੱਚ ਗੇੜੇ ਕੱਢਣ ਲੱਗਦੀ। ਕੋਠੇ ਉੱਤੇ ਬੈਠੀ ਸ਼ਕੁੰਤਲਾ ਵੀ ਬੈਚੇਨ ਹੋ ਉੱਠਦੀ। ਕੁੱਤੇ ਦੇ ਪਿਸ਼ਾਬ ਦੀ ਬਦਬੂ ਹੀ ਉਹਨੂੰ ਓਥੋਂ ਉਠਾਉਂਦੀ।ਵੱਖੀ ਨੂੰ ਹੱਥ ਪਾ ਕੇ ਉਹ ਹੌਲੀ-ਹੌਲੀ ਪੌੜੀਆਂ ਉੱਤਰਦੀ ਤੇ ਬੁੜਬੁੜ ਕਰਨ ਲੱਗਦੀ। ਕਦੇ ਗਲੀ ਵਿੱਚ ਜਾ ਕੇ ਗਾਲ੍ਹਾਂ ਕੱਢਦੀ। ਵਿਰਸਾ ਸਿੰਘ ਦੀ ਘਰਵਾਲੀਹਿੜ-ਹਿੜ ਕਰਕੇ ਦੰਦ ਕੱਢ ਰਹੀ ਹੁੰਦੀ। ਪਾਣੀ ਦੀ ਬਾਲਟੀ ਭਰਕੇ ਸ਼ਕੁੰਤਲਾ ਆਪਣੀ ਦੇਹਲੀ ਦੀ। ਇੱਕ ਹੱਥ ਨਾਲ ਨੱਕ ਘੁੱਟ ਕੇ ਥਾਂ ਦੀ ਥਾਂ ਪੋਚਾ ਲਾਉਂਦੀ। ਕੁੱਤੇ ਨੂੰ ਇਹ ਪਤਾ ਨਹੀਂ ਕਿ ਆਦਤ ਸੀ, ਸੰਗਲੀ ਖੁਲ੍ਹਦਿਆਂ ਹੀ ਉਹ ਇੱਕ ਦਮ ਗਲੀ ਵਿੱਚ ਆਉਂਦਾ ਤੇ ਇਹ ਕਾਰਾ ਕਰ ਦਿੰਦਾ।

ਜੋਗਿੰਦਰਪਾਲ ਅੰਦਰ ਬੈਠਾ ਹੀ ਕਚੀਚੀਆਂ ਵੱਟਦਾ ਰਹਿੰਦਾ। ਕੁੜ੍ਹਦਾਤੇ ਗੰਦੀਆਂ ਗਾਲ੍ਹਾਂ ਕੱਢਦਾ।ਪਰ ਉਹਦਾ ਬੋਲ ਗਲੀ ਤੱਕ ਨਹੀਂ ਜਾਂਦਾ ਸੀ। ਗਲੀ ਵਿੱਚ ਜਾ ਕੇ ਉਹ ਤੀਵੀਂ-ਮਾਨੀ ਨਾਲ ਕੀ ਆਢਾ ਲਾਉਂਦਾ ਤੇ ਫੇਰ ਤੀਵੀਂ ਕੀ ਪਤਾ ਉਹਨੂੰ ਕੀ ਬੋਲ ਉੱਠਦੀ। ਉਹ ਵਿਚਾਰ ਕਰਦਾ, ਬੰਦੇ ਦਾ ਤੀਵੀਂ ਨਾਲ ਕੀ ਬੋਲਣ ਬਣਦਾ ਹੈ? ਉਹ ਗੱਲ ਕਰੇ ਤਾਂ ਵਿਰਸਾ ਸਿੰਘ ਨਾਲ ਕਰੇ। ਪਰ ਉਹ ਤਾਂ ਸੰਦੇਹਾਂ ਹੀ ਢਾਠੀ ਬੰਨ੍ਹ ਕੇ ਘਰੋਂ ਨਿਕਲ ਜਾਂਦਾ ਹੈ ਤੇ ਸ਼ਰਾਬ ਪੀ ਕੇ ਹਨੇਰੇ ਹੋਏ ਘਰ ਵੜਦਾ ਹੈ। ਸ਼ਰਾਬੀ ਬੰਦੇ ਨਾਲ ਰਾਤ ਨੂੰ ਕੀ ਗੱਲ ਕਰਨੀ ਹੋਈ ਤੇ ਸਵੇਰੇ-ਸਵੇਰੇ ਕੁੱਤੇ ਦੇ ਪਿਸ਼ਾਬ ਦੀ ਗੱਲ, ਉਈਂ ਸਾਲੀ ਬਦਬੂ ਜਿਹੀ ਫ਼ੈਲਦੀ ਹੈ। ਜੋਗਿੰਦਰਪਾਲ ਜਿੱਚ ਰਹਿੰਦਾ।

ਉਹਦਾ ਜੀਅ ਕਰਦਾ, ਉਹ ਗੁਆਂਢੀਆਂ ਦੇ ਕੁੱਤੇ ਨੂੰ ਕੁਚਲੇ ਪਾ ਕੇ ਮਾਰ ਦੇਵੇ ਜਾਂ ਕੋਈ ਹੋਰ ਜ਼ਹਿਰ ਬਾਜ਼ਾਰੋਂ ਲੈ ਆਵੇ। ਕਦੇ ਉਹਨੂੰ ਗੁੱਸਾ ਆਉਂਦਾ ਤੇ ਉਹ ਵਿਹੜੇ ਦੇ ਖੂੰਜੇ ਵਿੱਚ ਪਿਆ ਡੰਡਾ ਚੁੱਕ ਲੈਂਦਾ।ਉਹ ਡੰਡਾ ਲੈ ਕੇ ਬਾਹਰ ਨਿਕਲਦਾ।ਪਰ ਕੁੱਤਾ ਕਿਧਰੇ ਨਾ ਹੁੰਦਾ, ਦੇਹਲੀ ਉੱਤੇ ਪਿਸ਼ਾਬ ਦੀਆਂ ਘਰਾਲਾਂ ਚੱਲੀਆਂ ਪਈਆਂ ਨਜ਼ਰ ਆਉਂਦੀਆਂ। ਸੜੇਹਾਣ ਉੱਭਰ ਚੁੱਕੀ ਹੁੰਦੀ।ਉਹਦਾ ਖਾਧਾ-ਪੀਤਾ ਬਾਹਰ ਨੂੰ ਆਉਣ ਲੱਗਦਾ। ਉਹਨੂੰ ਗੁੱਸਾ ਚੜਿਆ ਹੁੰਦਾ, ਉਹ ਕੁੱਤੇ ਦੇ ਸਿਰ ਵਿੱਚ ਟਿਕਾਅ ਕੇ ਡੰਡਾ ਮਾਰੇਗਾ ਤੇ ਉਹਨੂੰ ਥਾਂ ਦੀ ਥਾਂ ਤੜਫ਼ਾ ਕੇ ਰੱਖ ਦੇਵੇਗਾ। ਕਦੇ ਉਹਦਾ ਜੀਅ ਕਰਦਾ, ਉਹ ਕੁੱਤੇ ਦੇ ਕਿਉਂ, ਕੁੱਤਾ ਰੱਖਣ ਵਾਲੀ ਦੇ ਸਿਰ ਵਿੱਚ ਡੰਡਾ ਮਾਰੇ। ਸ਼ਕੁੰਤਲਾ ਉਹਨੂੰ ਕਿੰਨਾ ਕਹਿੰਦੀ ਹੈ, ਉਹ ਸਮਝਦੀ ਕਿਉਂ ਨਹੀਂ-ਪੀਪਣੀ ਜਿਹੀ। ਕੁੱਤਾ ਪਾਲ ਰੱਖਿਆ ਹੈ, ਧੀ ਦੇ ਯਾਰ ਦੀ ਨੇ। ਬਈ ਪਾਲਣਾ ਹੈ ਤਾਂ ਕਿਸੇ ਦਾ ਬੱਚਾ ਗੋਦ ਲੈ ਕੇ ਪਾਲ। ਆਪਣੇ ਵਿਹੜੇ ਨੂੰ ਸ਼ਿੰਗਾਰ। ਪੁੱਛਣ ਵਾਲਾ ਹੋਵੇ, ਇਹ ਕੁੱਤਾ ਤੇਰੇ ਵਿਹੜੇ ਦਾ ਕੀ ਸ਼ਿੰਗਾਰ ਹੋਇਆ ਬਈ? ਗੁਆਂਢੀਆਂ ਦੇ ਘਰ ਗੰਦੇ ਕਰਨ ਨੂੰ ਰੱਖ ਛੱਡਿਆ ਹੈ ਕੁੱਤਾ, ਕਮਜ਼ਾਤ ਨੇ।

ਉਹ ਬੜੀ ਸ਼ਿੱਦਤ ਨਾਲ ਸੋਚਦਾ ਕਿ ਜੇ ਉਹਨੇ ਕੁੱਤਾ ਮਾਰ ਦਿੱਤਾ, ਜ਼ਹਿਰ ਦੇ ਕੇ ਜਾਂ ਡੰਡਾ ਮਾਰਕੇ, ਤਾਂ ਝਗੜਾ ਖੜ੍ਹਾ ਹੋਵੇਗਾ। ਪਾਲਤੂ ਕੁੱਤਾ ਹੈ, ਵਿਰਸਾ ਸਿੰਘ ਮੁਕੱਦਮਾ ਕਰ ਸਕਦਾ ਹੈ।ਮੁਕੱਦਮਾ ਨਾ ਕਰੇ ਤਾਂ ਉਹ ਚਾਰ ਭਰਾ ਹਨ। ਸਾਲੇ ਉਂ ਡਾਂਗਾਂ ਚੁੱਕ ਕੇ ਬਾਰ ਮੁਹਰੇ ਨਾ ਆ ਖੜਨ। ਚਾਹੇ ਆਪਸ ਵਿੱਚ ਚਾਰਾਂ ਭਰਾਵਾਂ ਦੀ ਨਹੀਂ ਬਣੀ, ਇੱਕ-ਦੂਜੇ ਨਾਲ ਇੱਟ-ਕੁੱਤੇ ਦਾ ਵੈਰ ਹੈ, ਪਰ ਹੋਰ ਕਿਸੇ ਨਾਲ ਲੜਨ-ਝਗੜਨਾ ਹੋਵੇ ਤਾਂ ਚਾਰੇ ਭਰਾ ਇਕੱਠ ਬੰਨ੍ਹ ਲੈਂਦੇ ਹਨ। ਬੈਂਕ ਵਿੱਚ ਕੰਮ ਕਰਦਾ ਭਰਾ ਤਾਂ ਅਜੇ ਕੁਝ ਸਮਝਦਾਰ ਹੈ, ਪਰ ਦੂਜੇ ਜਮਾਂ ਉੱਜਡ ਨੇ। ਇੱਕ ਟਰੱਕ-ਡਰਾਈਵਰ ਹੈ ਤੇ ਦੂਜਾ ਮੱਝਾਂ ਦੀ ਮੰਡੀ ਦਾ ਦਲਾਲ। ਤੇ ਇਹ ਵਿਰਸਾ ਸਿੰਘ ਨਸ਼ੇ ਦੀਆਂ ਗੋਲੀਆਂ ਵੇਚ-ਵੇਚ ਆਪਣੇ ਆਪ ਨੂੰ ਅਮੀਰ ਸਮਝਣ ਲੱਗ ਪਿਆ ਹੈ। ਧੌਣ ਅਕੜਾ ਕੇ ਰੱਖਦਾ ਹੈ। ਗਲੀ ਵਿੱਚ ਕਿਸੇ ਨਾਲ ਸਿੱਧੇ ਮੁੰਹ ਗੱਲ ਨਹੀਂ ਕਰਦਾ।ਉਹਨੇ ਵਿਰਸਾ ਸਿੰਘ ਨੂੰ ਕੁੱਤੇ ਬਾਰੇ ਕੁਝ ਆਖਿਆ ਤਾਂ ਉਹ ਪਤਾ ਨਹੀਂ ਕੀ ਜਵਾਬ ਦੇਵੇਗਾ। ਉਹਦੀ ਤੀਵੀਂ ਦਾ ਇੱਕੋ ਜਵਾਬ ਹੁੰਦਾ ਹੈ, ਅਖੇ ‘ਅਸੀਂ ਕਿਹੜਾ ਕੁੱਤੇ ਨੂੰ ਸਿਖਾ ਕੇ ਤੋਰਦੇ ਆਂ, ਭੈਣ ਜੀ, ਬਈ ਜਾਹ-ਥੋਡੀ ਦੇ ਉੱਤੇ ਮੂਤ ਜਾ ਕੇ। ਗੰਨੇ ਦੀ ਸੁੱਕੀ ਪੋਰੀ ਜਿਹੀ ਦੇਹ ਵਾਲੀ ਤੀਵੀਂ ਨਾਲ ਦੀ ਨਾਲ ਹੱਸ ਵੀ ਪੈਂਦੀ ਹੈ। ਉਹਦੀ ਹਾਸੀ ਦੇਖ ਕੇ ਜੋਗਿੰਦਰਪਾਲ ਨੂੰ ਦੂਣਾ ਗੁੱਸਾ ਚੜ੍ਹਦਾ। ਉਹ ਕੱਲਾ-ਕਹਿਰਾ ਆਦਮੀ ਹੈ। ਇੱਕ ਮੁੰਡਾ, ਉਹ ਵੀ ਬਾਹਰ ਰਹਿੰਦਾ ਹੈ। ਉਹ ਸੋਚਦਾ, ਉਹਦੀਆਂ ਦੋਵੇਂ ਕੁੜੀਆਂ ਦੇ ਮੁੰਡੇ ਹੁੰਦੇ ਤਾਂ ਠੀਕ ਸੀ। ਤਿੰਨ ਮੁੰਡਿਆਂ ਦੇ ਹੁੰਦਿਆਂ ਉਹ ਕਿਉਂ ਕਿਸੇ ਤੋਂ ਡਰ ਕੇ ਰਹਿੰਦਾ? ਲੜਨਾ ਹੁੰਦਾ ਤਾਂ ਖੜ੍ਹ ਜਾਂਦੇ ਡਾਂਗਾਂ ਮੋਢੇ 'ਤੇ ਉਲਾਰ ਕੇ। ਕੀਹਦੀ ਹੈਂ ਮੰਨਣੀ ਸੀ ਫੇਰ ਉਹਨੇ? ਹੁਣ ਸਾਲਾ ਇਹ ਕੁੱਤਾ ਹੀ ਮਾਨ ਨਹੀਂ। ਆਉਂਦਾ ਹੈ ਤੇ ਟੰਗ ਚੁੱਕ ਕੇ......

ਇੱਕ ਦਿਨ ਉਹ ਹੌਸਲਾ ਕਰਕੇ ਗਲੀ ਵਿੱਚ ਆਇਆ ਤੇ ਵਿਰਸਾ ਸਿੰਘ ਦੀ ਘਰਵਾਲੀ ਨੂੰ ਬੜੀ ਹਲੀਮੀ ਨਾਲ ਕਹਿਣ ਲੱਗਿਆ-'ਭਾਈ ਬਹੂ, ਕੁੱਤੇ ਨੂੰ ਸੰਗਲੀ ਤੋਂ ਫ਼ੜ ਕੇ ਬਾਹਰ ਕੱਢਿਆ ਕਰੋ। ਕਿਸੇ ਖੁੱਲ੍ਹੇ ਥਾਂ ਲਿਜਾ ਕੇ ਕਰਾਇਆ ਕਰੋਂ ਇਹਨੂੰ ਟੱਟੀਪਿਸ਼ਾਬ। ਥੋਡੀ ਆਂਟੀ ਨੂੰ ਮੁੜ ਕੇ ਵਿਹੜਾ ਧੋਣਾ ਪੈਂਦੈ।'

ਸਹੁਰੀ ਚਾਰੇ ਪੈਰ ਚੁੱਕ ਕੇ ਪਈ- 'ਅਸੀਂ ਹੁਣ ਗਲੀ ਚੋਂ ਕਿੱਧਰ ਬਾਹਰ ਨਿੱਕਲ ਜੀਏ, ਬਾਬਾ ਜੀ। ਬੰਦਾ ਹੋਵੇ ਤਾਂ ਸਮਝਾ ਦੀਏ, ਕੁੱਤੇ ਨੂੰ ਕੀ ਸਮਝਾਵਾਂ ਮੈਂ??'

'ਛਿੱਟੇ ਮੂੰਹ! ਉਹ ਅੰਦਰੇ-ਅੰਦਰ ਤੜਫ਼ਿਆ-ਆਖਿਆ ਕੀਹ ਐ, ਜਵਾਬ ਕੀ ਦਿੰਦੀ ਐ।" ਉਹਨੇ ਘੁੱਟ ਵੱਟ ਲਈ।

ਉਹਦਾ ਪਿੰਡ ਹੁੰਦਾ ਤਾਂ ਆਂਢ-ਗੁਆਂਢ ਨੇ ਹੀ ਸਮਝਾ ਦੇਣਾ ਸੀ ਵਿਰਸਾ ਸਿੰਘ ਦੀ ਘਰਵਾਲੀ ਨੂੰ। ਇਹ ਸ਼ਹਿਰ ਹੈ। ਗਲੀ ਦੇ ਸਾਰੇ ਲੋਕ ਪਿੰਡਾਂ ਤੋਂ ਆ ਕੇ ਵਸੇ ਹੋਏ ਹਨ। ਕੋਈ ਕਿਸੇ ਪਿੰਡ ਦਾ ਹੈ ਤੇ ਕੋਈ ਕਿਸੇ ਪਿੰਡ ਦਾ। ਲੋਕਾਂ ਦੇ ਅੱਡੋ-ਅੱਡ ਕੰਮ ਹਨ। ਪਤਾ ਹੀ ਨਹੀਂ ਲੱਗਦਾ, ਕੋਈ ਕਿਸੇ ਸੁਭਾਓ ਦਾ ਮਾਲਕ ਹੈ। ਬਹੁਤੇ ਤਾਂ ਇੱਕ-ਦੂਜੇ ਨੂੰ ਬੁਲਾਉਂਦੇ ਹੀ ਨਹੀਂ। ਕੁਝ ਲੋਕ ਹੀ ਦੁਆ-ਸਲਾਮ ਕਰਦੇ ਹਨ।ਓਪਰਿਆਂ ਵਾਂਗ ਬਿਨਾਂ ਗੱਲ ਕੀਤੇ ਕੋਲ ਦੀ ਲੰਘ ਜਾਣਗੇ। ਗਲੀ ਦਾ ਭਾਈਚਾਰਾ ਹੀ ਕੋਈ ਨਹੀਂ। ਸ਼ਕੁੰਤਲਾ ਬਾਰ ਅੱਗੇ ਖੜੀ ਤੜਫ਼ਦੀ-ਬੋਲਦੀ ਰਹਿ ਜਾਂਦੀ ਹੈ। ਗੁਆਂਢੀ ਔਰਤਾਂ ਆਪਣੇ ਘਰਾਂ ਮੁਹਰੇ ਖੜੀਆਂ ਬਿਟਰ-ਬਿਟਰ ਝਾਕੀ ਜਾਣਗੀਆਂ। ਕੋਈ ਨਹੀਂ ਬੋਲਦੀ, ਕੋਈ ਨਹੀਂ ਕੁਝ ਆਖਦੀ। ਜਿਵੇਂ ਉਹ ਗੂੰਗੀਆਂ-ਬੋਲੀਆਂ ਹੋਣ। ਹੁੰਦੀ ਨਾ ਏਥੇ ਪਿੰਡ ਵਾਲੀ ਪੰਜਾਬ ਕੁਰ, ਫੱਟ ਲਾਹ-ਪਾਹ ਕਰ ਦਿੰਦੀ ਏਸ ਵਿਰਸਾ ਸੁੰ ਦੀ ਹਿੰਸਿਆਰੀ ਤੀਵੀਂ ਦੀ। ਦੁੱਖ ਤਾਂ ਇਹੀ ਹੈ ਕਿ ਗਲੀ ਵਿੱਚ ਪੰਜਾਬ ਕੁਰ ਕੋਈ ਨਹੀਂ। ਸਮਝਾ ਦੇਣ ਵਾਲੀ, ਝਿੜਕ ਦੇਣ ਵਾਲੀ, ਨਿਰਪੱਖ ਬੁੜੀ-ਪੰਚੈਤਣ।

ਵਿਰਸਾ ਸਿੰਘ ਦੀ ਤੀਵੀਂ ਨੇ ਜਮਾਦਾਰਨੀ ਨੂੰ ਪੰਜ ਰੁਪਏ ਦਿੱਤੇ ਹਨ ਤੇ ਉਹ ਕੁੱਤੇ ਦੀ ਲੱਤ ਨਾਲ ਰੱਸੀ ਬੰਨ੍ਹ ਕੇ ਉਹ ਨੂੰ ਘੜੀਸਦੀ ਹੋਈ ਬਾਹਰ ਐਫ.ਸੀ.ਆਈ. ਦੇ ਮਾਲ-ਗੋਦਾਮਾਂ ਵੱਲ ਸੁੱਟ ਆਈ ਹੈ।ਵਿਰਸਾ ਸਿੰਘ ਦੀ ਘਰਵਾਲੀ ਹੁਣ ਆਪਣੇ ਬਾਰ ਅੱਗੇ ਖੜ ਕੇ ਗਾਲਾਂ ਕੱਢ ਕੇ ਕਹਿ ਰਹੀ ਹੈ-ਲੋਕਾਂ ਦਾ ਠਰ ਗਿਆ ਕਾਲਜਾ ਹੁਣ ਬਚੜੇ-ਖਾਣਿਆਂ ਦਾ। ਮੇਰਾ ਪੁੱਤਾਂ ਵਾਂਗੂੰ ਪਾਲਿਆ ਕੁੱਤਾ ਬਿੰਦ ਵਿੱਚ ਦੀ ਲੈ ਲਿਆ। ਮੈਂ ਤਾਂ ਕਹਿਨੀ ਆਂ ਮੈਨੂੰ ਪਾਉਣ ਆਲੇ ਪਾਪੀਓ, ਤੁਸੀਂ ਵੀ ਐਂ ਈ ਸੱਪ ਲੜਕੇ ਮਰੋਂ॥ ਥੋਡੇ ਕਿਉਂ ਨੀ ਡੰਗ ਮਾਰਦਾ ਕੋਈ ਕਾਲਾ ਨਾਗ? ਨਿੱਤ ਦੰਦ ਵੱਢਦੇ ਸੀ, ਬੱਸ ਹੁਣ? ਹੁਣ ਪੈ ਗੀ ਠੰਢ? ਉਹ ਲਗਾਤਾਰ ਬੋਲੀ ਜਾ ਰਹੀ ਸੀ। ਬੋਲਦੀ-ਬੋਲਦੀ ਨੱਕ ਘੁੱਟਦੀ ਹੈ। ਇੱਕ ਬਿੰਦ ਚੁੱਪ ਹੋ ਕੇ ਫੇਰ ਬੋਲਣ ਲੱਗ ਪੈਂਦੀ ਹੈ। ਗੁਆਂਢੀ-ਔਰਤਾਂ ਆਪਣੇ ਘਰਾਂ ਦੇ ਬਾਰ ਮੂਹਰੇ ਖੜ੍ਹੀਆਂ ਚੁੱਪ-ਚਾਪ ਉਹਨੂੰ ਸੁਣ ਰਹੀਆਂ ਹਨ। ਨਾ ਹੱਸਦੀਆਂ, ਨਾ ਬੋਲਦੀਆਂ, ਬਸ ਸਣ ਰਹੀਆਂ ਹਨ। ਜੋਗਿੰਦਰਪਾਲ ਕਮਰੇ ਵਿੱਚ ਮੰਜੇ ਉੱਤੇ ਪਿਆ ਵਿਰਸਾ ਸਿੰਘ ਦੀ ਘਰ ਵਾਲੀ ਦੀ ਉੱਚੀ ਆਵਾਜ਼ ਸੁਣ ਰਿਹਾ ਹੈ। ਅੰਦਰੋਂ ਉਹ ਖੁਸ਼ ਹੈ ਕਿ ਚੰਗਾ ਹੋਇਆ-ਕੁੱਤਾ ਮਰ ਗਿਆ। ਹੁਣ ਉਹਨਾਂ ਨੂੰ ਆਪਣੀ ਦੇਹਲੀ ਦੁਬਾਰਾ ਨਹੀਂ ਧੋਣੀ ਪਿਆ ਕਰੇਗੀ। ਪਰ ਵਿਰਸਾ ਸਿੰਘ ਦੀ ਘਰਵਾਲੀ ਦੀਆਂ ਗਾਲ੍ਹਾਂ ਸੁਣ ਕੇ ਉਹ ਖਿੱਝ ਉੱਠਦਾ ਹੈ- ਮਰ ਗਿਆ ਤਾਂ ਮਰ ਗਿਆ ਸਹੀ। ਅਸੀਂ ਤਾਂ ਨਹੀਂ ਮਾਰ ਦਿੱਤਾ ਕੁੱਤੇ ਨੂੰ।

ਉਹ ਝਟਕੇ ਨਾਲ ਮੰਜੇ ਤੋਂ ਉੱਠਦਾ ਹੈ। ਸ਼ਕੁੰਤਲਾ ਬਾਰ ਵਿੱਚ ਖੜ੍ਹੀ ਵਿਰਸਾ ਸਿੰਘ ਦੀ ਘਰਵਾਲੀ ਦੀਆਂ ਗਾਲ੍ਹਾਂ ਸੁਣ ਰਹੀ ਹੈ। ਬੱਸ ਚੁੱਪ-ਚਾਪ ਸੁਣ ਰਹੀ ਹੈ, ਜਿਵੇਂ ਉਹਦੇ ਸਾਰੇ ਬੋਲ ਸੁਣ ਕੇ ਹੀ ਉਹ ਕੁਝ ਆਖੇਗੀ।ਜੋਗਿੰਦਰਪਾਲ ਕੜਕ ਕੇ ਬੋਲਦਾ ਹੈ- 'ਹਾਂ, ਉਹ ਸੱਪ ਮੇਰਾ ਐ। ਮੈਂ ਪਾਲਿਆ ਹੋਇਐ ਉਹਨੂੰ। ਤੂੰ ਕੁੱਤਾ ਪਾਲ ਸਕਦੀ ਐਂ ਤਾਂ ਅਸੀਂ ਸੱਪ ਨਹੀਂ ਪਾਲ ਸਕਦੇ? ਤੇਰੇ ਵਾਂਗੂੰ ਅਸੀਂ ਆਪਣੇ ਸੱਪ ਨੂੰ ਨਿੱਤ-ਨਿੱਤ ਨ੍ਹੀ ਗਲੀਆਂ 'ਚ ਛੱਡਦੇ ਫਿਰਦੇ। ਇੱਕ ਦਿਨ ਛੱਡਦੇ ਆਂ ਕਦੇ, ਲੋੜ ਵੇਲੇ।'