ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਸਾਈਕਲ ਦੌੜ

ਵਿਕੀਸਰੋਤ ਤੋਂ

ਸਾਈਕਲ ਦੌੜ

ਓਸ ਦਿਨ ਦੁੱਧ ਚੋਣ ਵਾਲਿਆਂ ਦੀ ਹੜਤਾਲ ਸੀ ਪਰ ਹਾਕਮ ਸਿੰਘ ਫੇਰ ਵੀ ਸ਼ਹਿਰ ਆਇਆ।ਉਹਨੂੰ ਪੈਸਿਆਂ ਦੀ ਲੋੜ ਸੀ। ਛੋਟੇ ਭਾਈ ਨੇ ਖਾਦ ਦੀਆਂ ਬੋਰੀਆਂ ਚੁੱਕਣੀਆਂ ਸਨ। ਨਰਮੇ ਲਈ ਹੁਣ ਖਾਦ ਦੀ ਵੱਤ ਸੀ। ਹੋਟਲ ਵਾਲਿਆਂ ਦਾ ਅੱਜ ਦਾ ਵਾਅਦਾ ਸੀ। ਦੋ ਹੋਟਲਾਂ ਨੇ ਹਿਸਾਬ ਤੋਂ ਵੱਧ ਪੈਸੇ ਦੇ ਦਿੱਤੇ ਤੇ ਉਹਦਾ ਡੰਗ ਸਰ ਗਿਆ।

ਉਸ ਦਿਨ ਸਾਈਕਲ ਦੇ ਕੈਰੀਅਰ ਉੱਤੇ ਢੋਲ ਨਹੀਂ ਸਨ। ਪੁਰਾਣੀ ਟਿਊਬ ਦਾ ਸੁੰਡਕਾ ਜਿਹਾ ਮਾਰਿਆ ਹੋਇਆ ਸੀ ਬਸ ਢੋਲਾਂ ਬਗੈਰ ਸਾਈਕਲ ਸੜਕ ਉੱਤੇ ਇਉਂ ਤੁਰ ਰਿਹਾ ਸੀ ਜਿਵੇਂ ਟੋਭੇ ਦੇ ਪਾਣੀ ਉੱਤੇ ਕਾਤਰੀ ਚਲਦੀ ਹੋਵੇ। ਉਹ ਉਂਜ ਵੀ ਤਾਂ ਸਾਈਕਲ ਉੱਤੇ ਹੱਥ ਫਿਰਾ ਕੇ ਰੱਖਦਾ, ਸਾਈਕਲ ਹਮੇਸ਼ਾ ਹੀ ਨਵਾਂ ਨਰੋਆ ਰਹਿੰਦਾ। ਮਜਾਲ ਹੈ ਕੋਈ ਪੁਰਜ਼ਾ ਭੋਰਾ ਵੀ ਖੜਕਾ ਕਰਦਾ ਹੋਵੇ। ਮਜਾਲ ਹੈ ਭੋਰਾ ਵੀ ਜ਼ੋਰ ਲੱਗਦਾ ਹੋਵੇ।

ਗਰਮੀ ਦੇ ਦਿਨਾਂ ਦੀ ਤੇਜ਼ ਧੁੱਪ ਸੀ। ਪਰ ਅਜੇ ਲੂਅ ਨਹੀਂ ਵਗਣ ਲੱਗੀ ਸੀ। ਦੁਪਹਿਰ ਪਿੱਛੋਂ ਤਾਂ ਭੱਠ ਤਪਦਾ।ਲੋਕ ਬਾਰਸ਼ਾਂ ਦੀ ਉਡੀਕ ਵਿੱਚ ਸਨ। ਪਰ ਮੌਨਸਨ ਹਵਾਵਾਂ ਦੀ ਖ਼ਬਰ ਅਜੇ ਕਿਧਰੇ ਸੁਣੀ ਨਹੀਂ ਸੀ।

ਉਹ ਰੇਲਵੇ ਫਾਟਕ ਵਾਲੇ ਪੰਪ ਉੱਤੇ ਪਾਣੀ ਪੀਣ ਲਈ ਸਾਈਕਲ ਤੋਂ ਉਤਰ ਖੜਾ। ਫਾਟਕ ਕੋਲ ਹੀ ਕੱਸੀ ਵਗਦੀ ਹੋਣ ਕਰਕੇ ਪੰਪ ਦਾ ਪਾਣੀ ਬਹੁਤ ਠੰਡਾ ਸੀ। ਮਿੱਠਾ ਵੀ। ਦੰਦਾਂ ਨੂੰ ਠਾਰਦਾ ਤੇ ਜੀਭ ਉੱਤੇ ਸੁਆਦ ਦੀ ਡਲੀ ਧਰ ਦਿੰਦਾ। ਮੋਟਾ ਭਾਰਾ ਪੰਪ, ਪਾਣੀ ਦੀ ਧਾਰ ਇਉਂ ਡਿੱਗਦੀ ਜਿਵੇਂ ਮੋਘਾ ਖੁੱਲ੍ਹ ਜਾਂਦਾ ਹੋਵੇ।ਉਹਨੇ ਰੱਜ ਕੇ ਪਾਣੀ ਪੀਤਾ ਤੇ ਚੱਲ ਪਿਆ।ਉਹਨੇ ਆਪਣੀ ਇੱਕ ਅੱਖ ਦੀ ਲਿਸ਼ਕੋਰ ਜਿਹੀ ਮਾਰ ਕੇ ਦੇਖਿਆ, ਉਸ ਤੋਂ ਬਾਅਦ ਇੱਕ ਮੁੰਡਾ ਤੇ ਉਸ ਦੀ ਨਵੀਂ ਬਹੁ ਆਪਣਾ ਸਾਈਕਲ ਪਰ੍ਹਾਂ ਖੜਾ ਕੇ ਪੰਪ ਦਾ ਪਾਣੀ ਪੀਣ ਅਹੁਲੇ ਸਨ। ਸਾਈਕਲ ਉੱਤੇ ਚੜ੍ਹ ਕੇ ਵੀ ਉਹਨੇ ਗਰਦਨ ਭੰਵਾਈ। ਮੁੰਡਾ ਪੰਪ ਗੇੜ ਰਿਹਾ ਸੀ ਤੇ ਬਹੂ ਨੇ ਬੁੱਕ ਨੂੰ ਮੂੰਹ ਲਾ ਲਿਆ ਸੀ।

ਹਾਕਮ ਸਿੰਘ ਆਪਣੇ ਰਉਂ ਵਿੱਚ ਸਾਈਕਲ ਚਲਾਉਂਦਾ ਜਾ ਰਿਹਾ ਸੀ। ਉਹਦੇ ਕੋਲ ਦੀ ਇੱਕ ਸਾਈਕਲ ਸੂਟ ਵੱਟ ਕੇ ਲੰਘ ਗਿਆ। ਉਹਨੇ ਦੇਖਿਆ, ਇਹ ਤਾਂ ਓਹੀ ਨੇ ਜਿਹੜੇ ਫਾਟਕ ’ਤੇ ਪਾਣੀ ਪੀ ਰਹੇ ਸਨ। ਸਾਈਕਲ ਦੇ ਹੈਂਡਲ ਨਾਲ ਬੁਣਤੀਦਾਰ ਤਣੀਆਂ ਵਾਲਾ ਝੋਲਾ ਲਟਕ ਰਿਹਾ ਸੀ। ਬਹੂ ਕੈਰੀਅਰ ਉੱਤੇ ਬੈਠੀ, ਇੱਕ ਹੱਥ ਮੁੰਡੇ ਦੇ ਲੱਕ ਦੁਆਲੇ ਵਲਿਆ ਹੋਇਆ ਸੀ। ਉਹ ਹਾਕਮ ਸਿੰਘ ਵੱਲ ਝਾਕੀ ਵੀ ਜਿਵੇਂ ਖ਼ੁਸ਼ ਹੋਵੇ। ਤੇਜ਼ ਚਲਦੇ ਸਾਈਕਲ ਦਾ ਅਹਿਸਾਸ, ਪਤੀ ਦੇ ਜ਼ੋਰ ਉੱਤੇ ਫ਼ਖਰ ਤੇ ਦੂਜੇ ਸਾਈਕਲ ਨੂੰ ਕੱਟ ਜਾਣ ਦੀ ਜਿੱਤ ਦਾ ਜਸ਼ਨ।

ਗਰਮੀ ਬੜੀ ਸੀ। ਪਾਣੀ ਪੀ ਕੇ ਵੀ ਲੱਗਦਾ ਜਿਵੇਂ ਪੀਤਾ ਹੀ ਨਾ ਹੋਵੇ।ਢਿੱਡ ਭਰਿਆ-ਭਰਿਆ, ਬੁੱਲ ਸੁੱਕ-ਸੁੱਕੇ। ਚਾਰ ਸਾਢੇ ਚਾਰ ਮੀਲ ਲੰਘ ਕੇ ਕੈਂਚੀਆਂ ਆਈਆ। ਉਹ ਹੁਣ ਕੈਂਚੀਆਂ ਉੱਤੇ ਪਾਣੀ ਪੀ ਰਹੇ ਸਨ। ਪਾਣੀ ਪੀ ਕੇ ਉਹ ਦਮ ਲੈਣ ਲੱਗੇ। ਹਾਕਮ ਸਿੰਘ ਨੇ ਵੀ ਪਾਣੀ ਪੀਤਾ। ਉਹਦੀ ਇੱਕ ਅੱਖ ਦੀ ਲਿਸ਼ਕੋਰ ਫੇਰ ਦੋਵਾਂ ਨੂੰ ਤਾੜ ਗਈ। ਮਨ ਵਿੱਚ ਉਹ ਹੱਸਿਆ, 'ਦੇਖ ਸਾਲਾ ਟਿੱਡਾ ਜ਼ਾ, ਆਪਣੀ ਜਾਣ ਚ ਭੜਮੱਲ ਬਣ ਗਿਆ। ਟੰਗੜੀਆਂ ਜੀਆ ਮਾਰ ਕੇ ਕਿਵੇਂ ਮੂਹਰ ਦੀ ਕੱਢ ਲਿਆਇਆ ਸਾਈਕਲ। ਹੁਣ ਤੁਰ ਪੁੱਤ, ਹੁਣ ਦੇਖੀਂ ਤੈਨੂੰ।'

ਹਾਕਮ ਸਿੰਘ ਦੀ ਉਮਰ ਚਾਲੀ ਤੋਂ ਉੱਤੇ ਸੀ। ਉਨ੍ਹਾਂ ਕੋਲ ਜ਼ਮੀਨ ਥੋੜੀ ਸੀ।ਉਹ ਇੱਕ ਅੱਖੋਂ ਕਾਣਾ ਸੀ। ਉਹਨੂੰ ਤਾਂ ਸਾਕ ਨਾ ਹੋਇਆ ਪਰ ਦੁੱਧ ਚੋਣ ਦੀ ਕਮਾਈ ਕਰ ਕੇ ਉਹਨੇ ਛੋਟੇ ਭਾਈ ਨੂੰ ਵਿਆਹ ਲਿਆ। ਛੋਟਾ ਆਗਿਆਕਾਰ ਸੀ। ਮਾਂ ਚਾਹੇ ਅਜੇ ਜਿਉਂਦੀ ਸੀ। ਪਰ ਹਾਕਮ ਛੋਟੇ ਦੇ ਚੁੱਲ੍ਹੇ ਉੱਤੇ ਹੀ ਸੀ। ਤੜਕੇ-ਤੜਕੇ ਦੁੱਧ ਦਾ ਗੇੜਾ ਲਾਉਂਦਾ ਤੇ ਫੇਰ ਸ਼ਹਿਰੋਂ ਆ ਕੇ ਛੋਟੇ ਨਾਲ ਵਾਹੀ ਦਾ ਕੰਮ ਕਰਦਾ। ਉਨ੍ਹਾਂ ਨੇ ਥੋੜ੍ਹੀਘਣੀ ਗਹਿਣੇ ਦੀ ਜ਼ਮੀਨ ਵੀ ਲੈ ਰੱਖੀ ਸੀ। ਹਾਕਮ ਸਿੰਘ ਹੱਡਾਂ ਪੈਰਾਂ ਦਾ ਖੁੱਲ੍ਹਾ ਸੀ। ਕੰਮ ਨੂੰ ਵਾਹਣੀ ਪਾ ਦਿੰਦਾ। ਢੋਲਾਂ ਦੇ ਭਾਰ ਸਮੇਤ ਸਾਈਕਲ ਉਹਦੇ ਥੱਲੇ ਭੰਬੀਰੀ ਬਣ ਕੇ ਭੱਜਦਾ। ਤੇ ਅੱਜ ਢੋਲਾਂ ਬਗੈਰ ਸਾਈਕਲ ਉਹਨੂੰ ਇਉਂ ਲੱਗ ਰਿਹਾ ਸੀ ਜਿਵੇਂ ਸਾਈਕਲ ਖੰਭ ਹੋਣ ਤੇ ਉਹ ਹਵਾ-ਮੂਹਰੇ ਆਪ ਆਕਾਸ਼ ਵਿੱਚ ਉਡ ਰਿਹਾ ਹੋਵੇ।

ਕੈਂਚੀਆਂ ਤੋਂ ਅੱਧ ਕੁ ਮੀਲ ਅੱਗੇ ਜਾ ਕੇ ਬਹੂ ਵਾਲੇ ਮੁੰਡੇ ਨੇ ਆਪਣਾ ਸਾਈਕਲ ਉਹਦੇ ਕੋਲੋਂ ਅੱਗੇ ਕੱਢਣਾ ਚਾਹਿਆ।ਉਹ ਬਹੁਤ ਜ਼ੋਰ ਲਾ ਰਿਹਾ ਸੀ ਪਰ ਹਾਕਮ ਸਿੰਘ ਲਈ ਇਹ ਸਾਧਾਰਣ ਗੱਲ ਸੀ।ਉਹ ਮੁੰਡੇ ਦੇ ਨਾਲ-ਨਾਲ ਚਲਦਾ ਗਿਆ। ਕਦੇ ਅੱਗੇ ਨਿਕਲ ਜਾਂਦਾ, ਕਦੇ ਪਿੱਛੇ ਰਹਿ ਜਾਂਦਾ। ਜਿਵੇਂ ਉਹ ਮੁੰਡੇ ਦਾ ਜ਼ੋਰ ਜੋਹ ਰਿਹਾ ਹੋਵੇ। ਇੱਕ ਵਾਰ ਤਾਂ ਉਹਦਾ ਜੀਅ ਕੀਤਾ, ਉਹ ਐਨਾ ਤੇਜ਼ ਭਜਾਵੇ ਸਾਈਕਲ ਕਿ ਮੁੰਡੇ ਤੋਂ ਮੀਲ ਦੋ ਮੀਲ ਅੱਗੇ ਲੰਘ ਜਾਵੇ ਤਾਂ ਕਿ ਮੁੜ ਕੇ ਮੁੰਡੇ ਨੂੰ ਸਾਹਸ ਹੀ ਨਾ ਪਵੇ ਸਾਈਕਲ ਅੱਗੇ ਕੱਢਣ ਦਾ। ਉਹਦੇ ਮਨ ਅੰਦਰ ਮਜ਼ਾਕ ਦੀ ਲਹਿਰ ਜਿਹੀ ਵੀ ਉਠਦੀ, 'ਦੇਖ, ਮਗਰ ਬੈਠੀ ਕਾਟੋ ਜ਼ੀ ਐਂ ਸਮਝਦੀ ਐ ਜਿਵੇਂ ਦੁਨੀਆਂ ਚ ਉਹਦਾ ਮਰਦ ਈ ਸਭ ਤੋਂ ਬਲੀ ਐ।'

ਫੇਰ ਹਾਕਮ ਸਿੰਘ ਨੂੰ ਅਹਿਸਾਸ ਹੋਣ ਲੱਗਿਆ ਜਿਵੇਂ ਇਹ ਨਵਾਂ ਵਿਆਹਿਆ ਮੁੰਡਾ ਉਹਦਾ ਆਪਣਾ ਹੀ ਛੋਟਾ ਭਾਈ ਹੋਵੇ। ਉਹਦੇ ਮਨ ਵਿੱਚ ਇੱਕ ਰਹਿਮ ਜਿਹਾ ਪੈਦਾ ਹੋਣ ਲੱਗਿਆ, ਜੇ ਉਹਨੇ ਮੁੰਡੇ ਕੋਲੋਂ ਸਾਈਕਲ ਅੱਗੇ ਕੱਢ ਦਿੱਤਾ ਤਾਂ ਉਸ ਮੁੰਡੇ ਦੀ ਬਹੂ ਉੱਤੇ ਬਹੁਤ ਬੁਰਾ ਪ੍ਰਭਾਵ ਪਵੇਗਾ। ਤੀਵੀਂ ਦੀਆਂ ਨਜ਼ਰਾਂ ਵਿੱਚ ਉਹ ਤਾਂ ਨਿਤਾਣਾ ਹੋ ਕੇ ਰਹਿ ਜਾਵੇਗਾ। ਕੀ ਕਦਰ ਰਹਿ ਜਾਵੇਗੀ ਬਹੂ ਦੀ ਨਿਗਾਹ ਵਿੱਚ ਆਪਣੇ ਪਤੀ ਦੇ ਮਰਦਊਪਣ ਦੀ? ਹਾਕਮ ਸਿੰਘ ਸੋਚਣ ਲੱਗਿਆ, ਉਹਦੀ ਆਪਣੀ ਇਹ ਜਿੱਤ ਉਹਦੇ ਕਿਸ ਕੰਮ ਆਵੇਗੀ, ਮੁੰਡੇ ਦਾ ਨਾਸ ਹੋ ਜਾਏਗਾ। ਮੁੰਡੇ ਦੀ ਜਿੱਤ ਤਾਂ ਫੇਰ ਵੀ ਕੋਈ ਅਰਥ ਰੱਖਦੀ ਹੈ। ਉਹਨੂੰ ਮੁੰਡੇ ਉੱਤੇ ਤਰਸ ਆਉਣ ਲੱਗਿਆ।

ਕੈਂਚੀਆਂ ਤੋਂ ਉਹ ਦੋ ਮੀਲ ਅੱਗੇ ਲੰਘ ਆਏ। ਜਦੋਂ ਹਾਕਮ ਸਿੰਘ ਮੁੰਡੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ, ਬਹੁ ਦਾ ਚਿਹਰਾ ਗੰਭੀਰ ਹੋ ਜਾਂਦਾ। ਉਹਦੇ ਲਈ ਜਿਵੇਂ ਇਹ ਕੋਈ ਅਣਹੋਣੀ ਵਾਪਰ ਰਹੀ ਹੋਵੇ। ਹਾਕਮ ਸਿੰਘ ਉਨ੍ਹਾਂ ਦੇ ਖੱਬੇ ਹੁੰਦਾ, ਕਦੇ ਸੱਜੇ ਹੱਥ। ਪਰ ਬਹੂ ਦਾ ਮੂੰਹ ਹਾਕਮ ਸਿੰਘ ਵੱਲ ਹੀ ਰਹਿੰਦਾ। ਜਦੋਂ ਉਹ ਉਨ੍ਹਾਂ ਤੋਂ ਪਿੱਛੇ ਰਹਿ ਜਾਂਦਾ ਤਾਂ ਬਹੁ ਦੇ ਚਿਹਰੇ ਉੱਤੇ ਨੁਰਾਨੀ ਆ ਜਾਂਦੀ। ਉਹਦੀਆਂ ਅੱਖਾਂ ਹੱਸ ਰਹੀਆਂ ਹੁੰਦੀਆਂ। ਉਹ ਕੈਰੀਅਰ ਉੱਤੇ ਚੌੜੀ ਜਿਹੀ ਹੋ ਕੇ ਬੈਠੀ ਦਿੱਸਦੀ।

'ਮੁੰਡੇ ਦਾ ਦਮ ਤਾਂ ਦੇਖੀਏ, ਕਿੰਨਾ ਕੁ ਐ?' ਹਾਕਮ ਸਿੰਘ ਦੇ ਮਨ ਵਿੱਚ ਇੱਕ ਸ਼ਰਾਰਤ ਉਠੀ। ਪਰ ਮੁੰਡੇ ਦੇ ਮੱਥੇ ਉੱਤੇ ਮੁੜ੍ਹਕੇ ਦੀਆਂ ਕਣੀਆਂ ਦੇਖ ਕੇ ਉਹਨੇ ਅੰਦਾਜ਼ਾ ਲਾ ਲਿਆ ਕਿ ਦਮ ਤਾਂ ਮੁੰਡੇ ਦਾ ਨਿਕਲਿਆ ਹੀ ਸਮਝੋ ।ਐਵੇਂ ਨਾ ਬਹੂ ਨੂੰ ਖਤਾਨਾਂ ਵਿੱਚ ਲੈ ਡਿੱਗੇ। ਰਾਹ ਵਿੱਚ ਉਨ੍ਹਾਂ ਨੂੰ ਦੋ ਬੱਸਾਂ ਮਿਲੀਆਂ, ਇੱਕ ਆਉਂਦੀ ਤੇ ਇੱਕ ਜਾਂਦੀ।ਟਰੱਕ ਤਾਂ ਕਈ ਲੰਘ ਗਏ। ਏਧਰੋਂ ਵੀ ਤੇ ਉਧਰੋਂ ਵੀ। ਸੜਕ ਐਨੀ ਚੌੜੀ ਨਹੀਂ ਸੀ। ਕਈ ਵਾਰ ਦੋਵੇਂ ਸਾਈਕਲ ਕੱਚੇ ਉੱਤੇ ਚੱਲਣ ਲੱਗਦੇ।ਤੇ ਫੇਰ ਹੁਣ ਸਾਹਮਣੇ ਸਾਫ਼ ਸੜਕ ਸੀ। ਮਗਰੋਂ ਵੀ ਕੁਝ ਨਹੀਂ ਆ ਰਿਹਾ ਸੀ। ਹਾਕਮ ਸਿੰਘ ਨੇ ਸਾਈਕਲ ਨੂੰ ਮੁੰਡੇ ਦੇ ਬਰਾਬਰ ਕਰ ਲਿਆ। ਆਪਣੇ ਮੱਥੇ ਉਤੋਂ ਝੂਠੀ ਦਾ ਮੁਕਾ ਪੂੰਝਿਆ। ਝੂਠੀ ਮੂਠੀ ਦਾ ਹੀ ਆਪਣਾ ਖੱਬਾ ਹੱਥ ਆਪਣੀ ਕਮਰ ਉੱਤੇ ਧਰ ਲਿਆ ਜਿਵੇਂ ਸਾਰਾ ਜ਼ੋਰ ਲਾ ਰਿਹਾ ਹੋਵੇ।ਉਹਨੇ ਚੋਰ ਅੱਖ ਨਾਲ ਦੇਖਿਆ, ਤੀਵੀਂ ਮੁਸਕਰਾ ਰਹੀ ਸੀ। ਮੁੰਡੇ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ। ਜਿਵੇਂ ਉਹ ਮਰ ਮਿਟੇਗਾ ਪਰ ਆਪਣੀ ਸਾਈਕਲ ਨੂੰ ਪਿੱਛੇ ਨਹੀਂ ਰਹਿਣ ਦੇਵੇਗਾ।

ਹਾਕਮ ਸਿੰਘ ਹੌਲੀ-ਹੌਲੀ ਪਿੱਛੇ ਰਹਿ ਗਿਆ। ਫੇਰ ਤਾਂ ਉਹਨੇ ਸਾਈਕਲ ਖੜਾ ਹੀ ਲਿਆ।ਉਹ ਖਾਸੀ ਦੂਰ ਜਾ ਚੁੱਕੇ ਸਨ। ਪਰ ਹਾਕਮ ਸਿੰਘ ਨੂੰ ਤੀਵੀਂ ਦਾ ਖਿੜਿਆ ਚਿਹਰਾ ਸਾਫ਼ ਦਿਸ ਰਿਹਾ ਸੀ। ਹਾਕਮ ਸਿੰਘ ਨੇ ਨੀਵੀਂ ਪਾ ਲਈ ਜਦੋਂ ਉਹਨੇ ਦੇਖਿਆ ਕਿ ਉਹ ਦੂਜੇ ਹੱਥ ਨਾਲ ਮੁੰਡੇ ਦੀ ਪਿੱਠ ਉੱਤੇ ਥਾਪੀ ਦੇ ਰਹੀ ਸੀ।