ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਲੋਹੇ ਦਾ ਗੇਟ

ਵਿਕੀਸਰੋਤ ਤੋਂ

ਲੋਹੇ ਦਾ ਗੇਟ

ਤੇ ਉਸ ਦਿਨ ਲੋਹੇ ਦਾ ਗੇਟ ਮੁਕੰਮਲ ਹੋ ਗਿਆ। ਮੈਂ ਸੁੱਖ ਦਾ ਸਾਹ ਲਿਆ। ਚੱਲ, ਅੱਜ ਤਾਂ ਲੱਗ ਹੀ ਜਾਵੇਗਾ ਗੇਟ। ਨਹੀਂ ਤਾਂ ਪਹਿਲਾਂ ਪੰਦਰਾਂ ਦਿਨਾਂ ਤੋਂ ਘਰ ਦਾ ਦਰਵਾਜ਼ਾ ਖੁੱਲਾ ਪਿਆ ਸੀ। ਚਾਹੇ ਦੋਹਾਂ ਥਮਲਿਆਂ ਵਿਚਕਾਰ ਆਦਮੀ ਦੇ ਮੋਢੇ ਤੱਕ ਇੱਟਾਂ ਦੀ ਆਰਜ਼ੀ ਦੀਵਾਰ ਬਣਾ ਦਿੱਤੀ ਗਈ ਸੀ, ਕੋਈ ਡੰਗਰ-ਪਸ਼ ਅੰਦਰ ਨਹੀਂ ਵੜਦਾ ਸੀ। ਗਲੀ ਦੇ ਸੁਰ ਨਹੀਂ ਆਉਂਦੇ ਸਨ। ਫੇਰ ਵੀ ਰਾਤ ਨੂੰ ਕੁੱਤੇ ਕੰਧ ਟੱਪ ਕੇ ਆ ਜਾਂਦੇ ਤੇ ਵਿਹੜੇ ਦੇ ਜੂਠੇ ਭਾਂਡੇ ਸੁੰਘਦੇ ਫਿਰਦੇ। ਕੁੱਤਿਆਂ ਨੂੰ ਛੱਡ, ਮੈਨੂੰ ਬਹੁਤਾ ਡਰ ਚੋਰ ਦਾ ਰਹਿੰਦਾ। ਕੰਧ ਟੱਪ ਕੇ ਕੋਈ ਆ ਸਕਦਾ ਸੀ। ਏਸ ਕਰਕੇ ਮੈਨੂੰ ਵਿਹੜੇ ਵਿੱਚ ਸੌਣਾ ਪੈਂਦਾ।ਗਰਮੀ ਦਾ ਮਹੀਨਾ, ਬੇਸ਼ੁਮਾਰ ਮੱਛਰ।ਗੇਟ ਬੰਦ ਹੋਵੇ ਤਾਂ ਅੰਦਰ ਬਿਜਲੀਪੱਖੇ ਹੇਠ ਮੌਜ ਨਾਲ ਸੁੱਤਾ ਜਾ ਸਕਦਾ ਸੀ। ਕਮਰਿਆਂ ਵਿੱਚ ਤਾਂ ਕੂਲਰ ਵੀ ਸੀ। ਹਰ ਰੋਜ਼ ਖਿੱਝ ਚੜ੍ਹਦੀ-ਇਹ ਪਾਪੀ ਮਿਸਤਰੀ ਗੇਟ ਬਣਾ ਕੇ ਦਿੰਦਾ ਕਿਉਂ ਨਹੀਂ? ਜਦੋਂ ਵੀ ਜਾਈਦਾ ਹੈ, ਨਵਾਂ ਲਾਰਾ ਲਾ ਦਿੰਦਾ ਹੈ। ਗੇਟ ਦਾ ਫਰੇਮ ਬਣਾ ਕੇ ਰੱਖ ਛੱਡਿਆ ਹੈ। ਕਹੇਗਾ-ਗੇਟ ਦਾ ਡਜੈਨ’ ਕਿਹਾ-ਜ਼ਾ ਰੱਖੀਏ?” ਮੈਨੂੰ ਅੱਗ ਲੱਗ ਜਾਂਦੀ।-ਬਾਬਿਓ , ਡਿਜ਼ਾਇਨ ਤਾਂ ਪਹਿਲੇ ਦਿਨ ਈ ਥੋਡੀ ਕਾਪੀ ’ਚ ਲਿਖਵਾ ਦਿੱਤਾ ਸੀ। ਹੁਣ ਇਹ ਪੁੱਛਣ ਦਾ ਕੀ ਮਤਲਬ? ਇਹ ਤਾਂ ਉਹ ਗੱਲ ਐ, ਕਿਸੇ ਦਰਜ਼ੀ ਕੋਲ ਤੁਸੀਂ ਇਕਰਾਰ ਵਾਲੇ ਦਿਨ ਆਪਣੀ ਕਮੀਜ਼ ਲੈਣ ਜਾਓ ਤੇ ਉਹ ਅੱਗੋਂ ਪੁੱਛਣ ਲੱਗ ਪਵੇ-ਕਾਰ ਕਿਹੋ-ਜ਼ੇ ਬਣਾਉਣੇ ਨੇ? ਬਟਨ ਨੇ ਲਾਈਏ? ਜੇਬਾਂ ਦੋ ਜਾ ਇੱਕ?'

ਅਸਲ ਵਿੱਚ ਗੱਲ ਇਹ ਸੀ ਕਿ ਉਹ ਆਲੇ-ਦੁਆਲੇ ਦੇ ਪਿੰਡਾਂ ਤੋਂ ਆਉਣ ਵਾਲੇ ਗਾਹਕਾਂ ਦਾ ਕੰਮ ਕਰਕੇ ਦੇਈ ਜਾ ਰਹੇ ਸਨ ਤੇ ਮੈਂ ਲੋਕਲ ਸਾਂ। ਮੈਂ ਕਿੱਧਰ ਜਾਣਾ ਸੀ। ਮੇਰਾ ਤਾਂ ਉਹ ਕਦੋਂ ਵੀ ਕਰਕੇ ਦੇ ਦਿੰਦੇ। ਮੇਰੀ ਤਾਂ ਉਹਨਾਂ ਨਾਲ ਕੁਝ ਜਾਣ-ਪਛਾਣ ਵੀ ਸੀ। ਹੋਰ ਕੋਈ ਹੁੰਦਾ→ਆਖ ਦਿੰਦਾ-ਨਹੀਂ ਬਣਾ ਕੇ ਦੇਣਾ ਗੇਟ ਨਾ ਬਣਾਓ। ਮੈਂ ਹੋਰ ਕਿਧਰੇ ਸਾਈਫ਼ੜਾ ਦਿੰਨਾ। ਪਰ ਉਹਨਾਂ ਅੱਗੇ ਅੱਖਾਂ ਦੀ ਸ਼ਰਮ ਮਾਰਦੀ।ਤੇ ਫੇਰ ਫਰੇਮ ਬਣਾ ਕੇ ਸਾਹਮਣੇ ਰੱਖਿਆਪਿਆ ਸੀ।

ਬੁੱਢਾ ਬਾਬਾ ਕੁਰਸੀ ਡਾਹ ਕੇ ਸਾਹਮਣੇ ਬੈਠਾ ਰਹਿੰਦਾ, ਕੰਮ ਚਾਰ ਬੰਦੇ ਕਰਦੇ। ਇਹਨਾਂ ਵਿਚੋਂ ਇੱਕ ਅੱਧਖੜ ਉਮਰ ਦਾ ਸੀ, ਤਿੰਨ ਨੌਜਵਾਨ। ਉਹ ਮਾਹਵਾਰੀ ਤਨਖ਼ਾਹ ਲੈਂਦੇ। ਬਾਬੇ ਦਾ ਮੁੰਡਾ ਵੀ ਸੀ, ਉਹ ਉੱਤਲੇ ਕੰਮ ਉੱਤੇ ਸਕੂਟਰ ਲੈ ਕੇ ਘੁੰਮਦਾ ਫਿਰਦਾ ਰਹਿੰਦਾ। ਵਰਕਸ਼ਾਪ ਵਿੱਚ ਲੋਹੇ ਦਾ ਗੇਟ ਤੇ ਖਿੜਕੀਆਂ ਦੇ ਨਾਪ ਲੈਂਦਾ। ਜਾਂ ਫੇਰ ਬਾਜ਼ਾਰ ਵਿਚੋਂ ਲੋਹਾ ਖਰੀਦ ਕੇ ਲਿਆਂਉਂਦਾ। ਕਦੇ ਕਦੇ ਵੱਡੇ ਸ਼ਹਿਰੀ ਵੀ ਜਾਂਦਾ। ਨੌਜਵਾਨ ਮਿਸਤਰੀਆਂ ਵਿਚੋਂ ਚਰਨੀ ਸਭ ਤੋਂ ਛੋਟਾ ਸੀ। ਸਾਰੇ ਉਹਨੂੰ ਮਖੌਲ ਕਰਦੇ। ਬਾਬਾ ਤਾਂ ਝਿੜਕ ਵੀ ਦਿੰਦਾ। ਪਰ ਚਰਨੀ ਹੱਸਦਾ ਰਹਿੰਦਾ। ਉਹ ਕਿਸੇ ਗੱਲ ਦਾ ਗੁੱਸਾ ਨਹੀਂ ਕਰਦਾ ਸੀ। ਬੁੱਢਾ ਬਾਬਾ ਬਹੁਤਾ ਤਾਂ ਉਹਦੇ ਉੱਤੇ ਉਦੋਂ ਖਿੱਝਦਾ, ਜਦੋਂ ਉਹ ਗੱਲੀਂ ਲੱਗ ਕੇ ਆਪਣਾ ਹੱਥਲਾ ਕੰਮ ਛੱਡ ਬੈਠਦਾ।

ਕੋਈ ਗਾਹਕ ਗੇਟ ਬਣਾਉਣ ਲਈ ਪੁੱਛਣ ਆਉਂਦਾ ਤਾਂ ਬਾਬਾ ਸਵਾਲ ਕਰਦਾ ਕਿੰਨਾ ਚੌੜਾ, ਕਿੰਨਾ ਉੱਚਾ?’ ਜਾਂ ਪੁੱਛਦਾ-ਐਥੇ ਈ ਐ ਮਕਾਨ ਜਾਂ ਪਾਸਲਾ ਪਿੰਡ ਐ ਕੋਈ?'

ਚਰਨੀ ਮੂੰਹ ਚੁੱਕ ਕੇ ਗਾਹਕ ਵੱਲ ਝਾਕਣ ਲੱਗਦਾ ਤੇ ਸਵਾਲ ਕਰ ਬੈਠਦਾ 'ਕਿੰਨੇ ਕਮਰੇ ਨੇ ਮਕਾਨ ਦੇ?'

ਬਾਬਾ ਟੁੱਟ ਕੇ ਪੈ ਜਾਂਦਾ-ਓਏ ਤੂੰ ਕਮਰਆਂ ਤੋਂ ਦੱਸ ਕੀ ਛਿੱਕੂ ਲੈਣੇ, ਆਪਾਂ ਨੂੰ ਤਾਂ ਗੇਟ ਤਾਈਂ ਮਤਲਬ ਐ। ਕਮਰਿਆਂ 'ਚ ਜਾ ਕੇ ਕੀ ਕਰਨੀਂ ਤੂੰ??

ਜਾਂ ਕੋਈ ਆਉਂਦਾ ਤੇ ਮਕਾਨ ਦੱਸ ਕੇ ਖਿੜਕੀਆਂ ਦੀ ਗੱਲ ਕਰਦਾ, ਚਰਨੀ ਪੁੱਛਦਾ-ਕਿੰਨੇ ਹਜ਼ਾਰ ਖਰਚ ਆ ਗਿਆ ਮਕਾਨ `ਤੇ?

'ਤੂੰ ਆਵਦਾ ਕੰਮ ਕਰ ਓਏ ।’ ਬਾਬਾ ਖਿੱਝਦਾ। ਦੂਜੇ ਮਿਸਤਰੀ ਗੁੱਝਾ ਗੁੱਝਾ ਹੱਸਦੇ। ਬਾਬੇ ਉੱਤੇ ਵੀ ਤੇ ਚਰਨੀ ਉੱਤੇ ਵੀ।

ਕਦੇ ਅੱਧਖੜ ਮਿਸਤਰੀ ਕੁੰਢਾ ਸਿੰਘ ਨੇ ਚਰਨੀ ਨੂੰ ਕੋਈ ਕੰਮ ਸਮਝਾਉਣਾ ਹੁੰਦਾ ਤਾਂ ਉਹਨੂੰ ‘ਜੰਡੂ ਸਾਅਬ’ ਕਹਿ ਕੇ ਬੁਲਾਉਂਦਾ। ਕਦੇ ਆਖਦਾ-ਮਿਸਤਰੀ ਗੁਰਚਰਨ ਸਿੰਘ ਜੀ, ਕਦੇ ਉਹ ਖਿਝਿਆ ਹੁੰਦਾ ਤਾਂ ਬੋਲ ਉੱਠਦਾ-ਪੱਤੀ ਘੁੱਟ ਕੇ ਫ਼ੜ ਓਏ, ਜੁੰਡਲਾ। ਮਾਯੂੰ ਸਾਲੇ ਦੇ ਚਾਂਟਾ।'

ਗੇਟ ਅੱਠ ਫੁੱਟ ਚੌੜਾ ਸੀ, ਸੱਤ ਫੁੱਟ ਉੱਚਾ। ਪੰਜ ਫੁੱਟ ਚੌੜਾ ਸੱਜਾ ਪੱਲਾ ਤੇ ਤਿੰਨ ਫੁੱਟ ਦਾ ਖੱਬਾ ਪੱਲਾ। ਪੰਜ ਫੁੱਟ ਵਾਲੇ ਪੱਲੇ ਉੱਤੇ ਮੈਂ ਕਹਿ ਕੇ ਲੋਹੇ ਦੀਪਲੇਟ ਵੱਖਰੀ ਲਵਾਈ ਤਾਂ ਕਿ ਇਸ ਉੱਤੇ ਆਪਣਾ ਨਾਉਂ ਲਿਖਵਾਇਆ ਜਾ ਸਕੇ। ਇਹ ਵੱਡਾ ਪੱਲਾ ਆਮ ਤੌਰ ਉੱਤੇ ਭਿੜਿਆ ਹੀ ਰਹਿਣਾ ਸੀ। ਘਰ ਦੇ ਦਰਵਾਜ਼ੇਉੱਤੇ ਨੇਮ-ਪਲੇਟ ਤਾਂ ਜ਼ਰੂਰੀ ਹੋਣੀ ਚਾਹੀਦੀ ਹੈ, ਨਹੀਂ ਤਾਂ ਨਵੇਂ ਬੰਦੇ ਨੂੰ ਸ਼ਹਿਰ ਵਿੱਚ ਮਕਾਨ ਲੱਭਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਹ ਨੇਮ-ਪਲੇਟ ਦੋ ਪੇਚਾਂ ਨਾਲ ਪੱਲੇ ਉੱਤੇ ਕਸੀ ਹੋਈ ਸੀ।ਪੇਚ ਕੱਢ ਕੇ ਇਕੱਲੀ ਪਲੇਟ ਮੈਂ ਪੇਂਟਰ ਕੋਲ ਲੈ ਜਾਣੀ ਸੀ ਤੇ ਉਸ ਉੱਤੇ ਨਾਉਂ ਲਿਖਵਾ ਕੇ ਪੇਚ ਓਵੇਂ ਜਿਵੇਂ ਫੇਰ ਕੱਸ ਦੇਣੇ ਸਨ।

ਗੇਟ ਕਿੱਟ ਕਰਨ ਦੋ ਮਿਸਤਰੀ ਆਏ।ਕੁੰਢਾ ਸਿੰਘ ਤੇ ਉਹ ਚਰਨੀ।ਅੱਧਾ ਘੰਟਾ ਉਹ ਪੱਲਿਆਂ ਨੂੰ ਉੱਤੇ-ਥੱਲੇ ਤੇ ਏਧਰ-ਓਧਰ ਕਰਦੇ ਰਹੇ। ਜਦੋਂ ਐਨ ਸਭ ਟਿਚਨ ਹੋ ਗਿਆ ਤਾਂ ਮੇਰੇ ਘਰ ਵਾਲੀ ਦੁਕਾਨ ਉੱਤੇ ਲੱਡੂ ਲੈਣ ਚਲੀ ਗਈ। ਮਕਾਨ ਦੀ ਛੱਬ ਤਾਂ ਗੇਟ ਲੱਗੇ ਤੋਂ ਹੀ ਬਣੀ ਸੀ।ਉਹ ਸੀ ਵੀ ਬਹੁਤ ਭਾਰੀ ਤੇ ਦੇਖਣ ਨੂੰ ਪੂਰਾ ਸਹਣਾ। ਗੇਟ ਨੇ ਤਾਂ ਮਕਾਨ ਨੂੰ ਕੋਠੀ ਬਣਾ ਦਿੱਤਾ। ਖ਼ੁਸ਼ੀ ਸੀ, ਲੱਡੂ ਤਾਂ ਜ਼ਰੂਰੀ ਸਨ। ਲੱਡੂਆਂ ਦੀ ਉਡੀਕ ਵਿੱਚ ਅਸੀਂ ਤਿੰਨੇ ਦੋ ਮੰਜੇ ਡਾਹ ਕੇ ਵਿਹੜੇ ਵਿੱਚ ਬੈਠ ਗਏ। ਸਾਡੇ ਜੁਆਕ ਏਧਰ-ਓਧਰ ਨੱਚਦੇ-ਟੱਪਦੇ ਫਿਰਦੇ ਸਨ। ਉਹ ਸਕੂਲੋਂ ਆਏ ਤੇ ਗੇਟ ਦੀ ਖ਼ੁਸ਼ੀ ਵਿੱਚ ਬਸਤੇ ਵਿਹੜੇ ਵਿੱਚ ਹੀ ਵਗਾਹ ਮਾਰੇ। ਕੁੰਢਾ ਸਿੰਘ ਚਰਨੀ ਨੂੰ ਨਿੱਕੇ-ਨਿੱਕੇ ਮਖੌਲ ਕਰ ਰਿਹਾ ਸੀ।ਉਹਦੇ ਮਖੌਲਾਂ ਵਿੱਚ ਗੁੱਝੇ-ਗੁੱਝੇ ਮੋਹ ਦਾ ਅੰਸ਼ ਵੀ ਹੁੰਦਾ। ਚਰਨੀ ਏਧਰ-ਓਧਰ ਕਮਰਿਆਂ ਵੱਲ ਝਾਕਦਾ ਤੇ ਅੱਖਾਂ-ਅੱਖਾਂ ਵਿੱਚ ਹੀ ਕੋਈ ਨਿਰਖ-ਪਰਖ ਜਿਹੀ ਕਰੀ ਜਾ ਰਿਹਾ ਸੀ। ਉਹਦਾ ਧਿਆਨ ਕੁੰਢਾ ਸਿੰਘ ਵੱਲ ਨਹੀਂ ਸੀ। ਫੇਰ ਉਹਨੇ ਮੈਨੂੰ ਪੁੱਛ ਹੀ ਲਿਆ-ਕਦੋਂ ਬਣਾਇਆ ਸੀ ਇਹ ਮਕਾਨ?'

'ਮਕਾਨ ਬਣੇ ਨੂੰ ਤਾਂ ਦਸ ਸਾਲ ਹੋ ਗੇ, ਗੁਰਚਰਨ ਸਿਆਂ, ਗੇਟ ਬੱਸ ਤੇਰੇ ਹੱਥੋਂ ਲੱਗਣਾ ਸੀ।’ ਜਿਵੇਂ ਮੈਂ ਵੀ ਉਹਨੂੰ ਮਿੱਠੀ ਮਸ਼ਕਰੀ ਕਰ ਬੈਠਾ ਹੋਵਾਂ।

‘ਕਮਰੇ ਤਿੰਨ ਨੇ?' ਉਹਨੇ ਏਧਰ-ਓਧਰ ਗਰਦਨ ਘੁਮਾਈ।

‘ਹਾਂ ਤਿੰਨ ਕਮਰੇ ਤੇ ਆਹ ਵਰਾਂਡਾ, ਬਾਥ-ਰੂਮ, ਸਟੋਰ ਤੇ ਰਸੋਈ, ਸਕੂਟਰ-ਸ਼ੈਡ, ਇਹ ਵੀ ਸਭ ਗਿਣੇ ਲੈ।

‘ਮਕਾਨ ਐਨਾ ਕੁ ਤਾਂ ਚਾਹੀਦਾ ਈ ਐ।’ ਚਰਨੀ ਬੋਲਿਆ।

ਕੁੰਢਾ ਸਿੰਘ ਫੇਰ ਮੁਸਕਰਾਇਆ, ਮੁੱਛਾਂ ਵਿੱਚ ਹੀ । ਕਹਿੰਦਾ-ਅਸਲ 'ਚ ਜੀ, ਜੰਝੂ ਸਾਅਬ ਨੇ ਆਪ ਬਣਾਉਣੈ ਹੁਣ ਇੱਕ ਮਕਾਨ।

ਉਹਦੀ ਗੱਲ 'ਤੇ ਚਰਨੀ ਦੀਆਂ ਅੱਖਾਂ ਦੇ ਚਿਰਾਗ ਜਿਵੇਂ ਲਟਲਟ ਬਲ ਉੱਠੇ ਹੋਣ। ਉਹਦੇ ਚਿਹਰੇ ਉੱਤੇ ਇੱਕ ਤਿੱਖੀ ਉਮੰਗ ਤੇ ਭਰਪੂਰ ਹਸਰਤ ਸੀ।

“ਕਿਉਂ, ਪਹਿਲਾਂ ਨੀ ਕੋਈ ਮਕਾਨ?” ਮੈਂ ਹੈਰਾਨੀ ਨਾਲ ਪੁੱਛਿਆ।

'ਪਹਿਲਾਂ ਕਿੱਥੇ ਜੀ, ਓਥੇ ਈ ਬੈਠਾ ਐ ਵਿਚਾਰਾ ਇਹ ਤਾਂ, ਖੋਲੇ 'ਚ।'

'ਕਿਉਂ, ਇਹ ਕੀ ਗੱਲ?'

ਚਰਨੀ ਨੇ ਆਪ ਦੱਸਣਾ ਸ਼ੁਰੂ ਕੀਤਾ-ਸਾਡਾ ਘਰ ਕਦੇ ਏਥੇ ਸਭ ਤੋਂ ਉੱਤੇ ਹੁੰਦਾ ਸੀ, ਹੁਣ ਥੱਲੇ ਲੱਗ ਪਏ ਆਂ, ਸਾਰਿਆਂ ਦੇ ਮੈਂ ’ਲਾਂ ਹੀ ਆਂ, ਇੱਕ ਮੇਰੀ ਮਾਂ ਐ। ਸਾਡੇ ਕਾਰਖਾਨੇ ਅਸੀਂ ਵੀ ਏਸੇ ਤਰਾਂ ਮਿਸਤਰੀ ਰੱਖੇ ਹੁੰਦੇ ਸੀ।

ਉਹਦੀ ਗੱਲ ਵਿਚਕਾਰ ਹੀ ਟੋਕ ਕੇ ਕੁੰਢਾ ਸਿੰਘ ਕਹਿੰਦਾ--ਇਹਦਾ ਬਾਪ, ਭਾਈ ਸਾਅਬ, ਸਿਰੇ ਦਾ ਮਿਸਤਰੀ ਸੀ। ਉਹ ਲੋਹੇ ਦੇ ਹਲ ਬਣਾਉਂਦਾ ਹੁੰਦਾ। ਉਹਨਾਂ ਦਿਨਾਂ ’ਚ ਲੋਹੇ ਦਾ ਹਲ ਨਵਾਂ ਨਵਾਂ ਈ ਚੱਲਿਆ ਸੀ। ਟਰੈਕਟਰ ਤਾਂ ਕਿਸੇ ਕਿਸੇ ਘਰ ਹੁੰਦਾ। ਹੁਣ ਆਲੀ ਗੱਲ ਨੀ ਸੀ। ਲੱਕੜ ਦਾ ਹੱਲ, ਪਰ ਚਊ ਦੀ ਥਾਂ ਲੋਹੇ ਦਾ ਸਾਰਾ ਢਾਂਚਾ ਵਿੱਟ ਕਰ ਤਾਂ, ਇਹਦੇ ਬਾਪ ਨੇ। ਟੁੱਟ ਕੇ ਪੈ ਗੇ, ਪਿੰਡਾਂ ਦੇ ਪਿੰਡ। ਬੱਸ ਇਹ ਦੇਖ ਲੋ, ਇੱਕ ਦਿਨ ’ਚ ਵੀਹ ਹੱਲ ਵੀ ਵਿਕ ਜਾਂਦੇ, ਤੀਹ ਵੀ, ਕਿਸੇ ਦਿਨ ਤਾਂ ਪੰਜਾਹ ਪੰਜਾਹ ਹਲ ਮੈਂ ਆਪ ਦੇਖੇ ਨੇ ਵਿਕਦੇ, ਆਪਣੀ ਅੱਖੀਂ। ਮੈਂ ਵੀ ਮਿਸਤਰੀ ਰਿਹਾਂ, ਇਹਨਾਂ ਦੇ ਕਾਰਖਾਨੇ। ਬਹੁਤ ਕਮਾਈ ਕੀਤੀ ਇਹਦੇ ਬਾਪ ਨੇ।ਪਰ ਜੀ, ਸਭ ਖੇਹ-ਖਰਾਬ ਗਈ।

“ਕਿਉਂ, ਉਹ ਕਿਵੇਂ? “ਉਹਨੂੰ ਜੀ ਸ਼ਰਾਬ ਪੀਣ ਦੀ ਧੱਤ ਪੈ ਗੀ ਸੀ। ਕੁੰਢਾ ਸਿੰਘ ਨੇ ਦੱਸਿਆ।

“ਅੱਛਾ??

‘ਸ਼ਰਾਬ ਵੀ ਢੰਗ-ਸਿਰ ਹੁੰਦੀ ਐ, ਭਾਈ ਸਾਅਬ। ਪਰ ਉਹ ਤਾਂ ਤੜਕੇ ਈ ਲੱਗ ਜਾਂਦਾ। ਦਿਨੇ ਵੀ, ਆਥਣੇ ਵੀ, ਕੰਮ ਕੰਨੀਂ ਧਿਆਨ ਘੱਟ ਗਿਆ। ਫੇਰ ਮਾਲ ਓਨਾ ਤਿਆਰ ਨਾ ਹੋਇਆ ਕਰੇ। ਹੋਰ ਮਿਸਤਰੀਆਂ ਨੇ ਕਰ ਤਾਂ ਸ਼ੁਰੂ ਇਹੀ ਕੰਮ।'

‘ਫੇਰ?’ 'ਫੇਜ ਜੀ, ਸਮਾਂ ਹੀ ਬਦਲ ਗਿਆ। ਟਰੈਕਟਰ ਵੱਧਣ ਲੱਗ ਪੇ। ਲੋਹੇ ਦੇ ਹਲਾਂ ਦੀ ਹੋ ’ਗੀ। ਤੇ ਇਹਦੇ ਬਾਪ ਦਾ ਕਾਰਖਾਨਾ ਸਮਝੋ ਬੰਦ ਈ ਹੋ ਗਿਆ। ਪਰ ਉਹਦੀ ਸ਼ਰਾਬ ਓਵੇਂ ਦੀ ਓਵੇਂ।ਮਰ ਗੇ ਬੰਦੇ ਦੀ ਬਦਖੋਈ ਨੀ ਕਰਨੀ ਚਾਹੀਦੀ, ਪਰ ਉਹਨੇ, ਭਾਈ ਸਾਅਬ, ਘਰ ਦਾ ਕੱਖ ਨੀ ਛੱਡਿਆ।ਗੱਲ ਮੁਕਾਓ, ਸੰਦ ਵੀ ਵੇਚ ’ਤੇ। ਚਰਨੀ ਦੀ ਮਾਂ, ਚਰਨੀ ਨੂੰ ਲੈ ਕੇ ਪੇਕੀਂ ਜਾ ਬੈਠੀ। ਚਾਰ-ਪੰਜ ਸਾਲ ਦਾ ਸੀ ਇਹ ਮਸਾਂ।'

ਚਰਨੀ ਸਾਡੇ ਮੁੰਡੇ ਦੇ ਬਸਤੇ ਵਿਚੋਂ ਇੱਕ ਸਲੇਟੀ ਲੈ ਕੇ ਵਿਹੜੇ ਦੇ ਫਰਸ਼ ਉੱਤੇ ਹਲ ਦੀ ਤਸਵੀਰ ਬਣਾ ਰਿਹਾ ਸੀ। ਐਨੇ ਨੂੰ ਘਰਵਾਲੀ ਲੱਡੂਆਂ ਦਾ ਲਿਫ਼ਾਫ਼ਾ ਲੈ ਕੇ ਆ ਖੜੀ। ਸਾਡੀਆਂ ਗੱਲਾਂ ਓਥੇ ਹੀ ਰਹਿ ਗਈਆਂ। ਸਾਨੂੰ ਦੋ-ਦੋ ਲੱਡੂ ਦੇ ਕੇ ਉਹਨੇ ਫੇਰ ਇੱਕ-ਇੱਕ ਲੱਡੂ ਘਰ ਦੇ ਜਵਾਕਾਂ ਨੂੰ ਦਿੱਤਾ। ਤੇ ਫੇਰ ਗੁਆਂਢ ਦੇ ਘਰਾਂ ਵਿੱਚ ਲੱਡੂ ਵੰਡਣ ਚਲੀ ਗਈ।

ਮਿਸਤਰੀਆਂ ਨੇ ਆਪਣੇ ਸੰਦ ਚੁੱਕੇ ਤੇ ਮੈਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਚਲੇ ਗਏ।

ਕੁਝ ਦੇਰ ਮੈਂ ਵਿਹੜੇ ਵਿੱਚ ਬੈਠਾ ਰਿਹਾ, ਫੇਰ ਬਾਹਰ ਗਲੀ ਵਿੱਚ ਜਾ ਖੜ੍ਹਾ, ਇਹ ਦੇਖਣ ਲਈ ਕਿ ਬਾਹਰੋਂ ਲੋਹੇ ਦਾ ਗੇਟ ਕਿਹੋ ਜਿਹਾ ਲੱਗਦਾ ਹੈ।

ਮੈਂ ਦੇਖਿਆ, ਗੇਟ ਦੀ ਨੇਮ-ਪਲੇਟ ਉੱਤੇ ਸਲੇਟੀ ਨਾਲ ਲਿਖਿਆ ਹੋਇਆ ਸੀ- ਗੁਰਚਰਨ ਸਿੰਘ ਜੰਡੂ। *