ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਜੈਲੇ ਦੀ ਮਾਮੀ

ਵਿਕੀਸਰੋਤ ਤੋਂ
ਜੈਲੇ ਦੀ ਮਾਮੀ

ਜੈਲਾ ਅੱਠ ਜਮਾਤਾਂ ਪਾਸ ਕਰਕੇ ਹੁਣ ਆਪਣੇ ਨਾਨਕੀਂ ਆ ਗਿਆ। ਉਨ੍ਹਾਂ ਦੇ ਪਿੰਡ ਤੋਂ ਸੱਤ ਸੱਤ, ਅੱਠ ਅੱਠ ਮੀਲ ’ਤੇ ਭਾਵੇਂ ਦੋ ਤਿੰਨ ਹਾਈ ਸਕੂਲ ਸਨ ਤੇ ਉਨ੍ਹਾਂ ਸਕੂਲਾਂ ਵਿੱਚ ਉਨ੍ਹਾਂ ਦੇ ਪਿੰਡ ਤੋਂ ਮੁੰਡੇ ਸਾਈਕਲ 'ਤੇ ਪੜ੍ਹਨ ਜਾਂਦੇ ਸਨ, ਪਰ ਜੈਲਾ ਸਾਈਕਲ ਨਹੀਂ ਸੀ ਖਰੀਦ ਸਕਦਾ। ਸਾਈਕਲ ਖਰੀਦਣ ਦੀ ਉਨ੍ਹਾਂ ਵਿੱਚ ਪਰੋਖੋਂ ਨਹੀਂ ਸੀ। ਪੈਰੀਂ ਨਿੱਤ ਐਨੀ ਵਾਟ ਕਰਨੀ ਔਖੀ ਸੀ।

ਜੈਲੇ ਦਾ ਪਿਓ ਦਮੇ ਦਾ ਮਰੀਜ਼ ਸੀ। ਫ਼ੀਮ ਖਾਂਦਾ ਸੀ। ਪਹਿਲੇ ਦਿਨਾਂ ਵਿੱਚ ਸ਼ਰਾਬ ਮੂੰਹੇ ਵੀ ਘਰ ਦੀ ਉਸ ਨੇ ਚਕਰੀ ਭੰਵਾ ਦਿੱਤੀ ਸੀ। ਦਮੇ ਨੇ ਉਸ ਦੇ ਸਾਰੇ ਹੱਡ ਚਰ ਲਏ ਸਨ। ਉਹ ਚਾਲੀ ਸਾਲ ਟੱਪਿਆ ਤੇ ਮਰ ਗਿਆ। ਜੈਲਾ ਇਕੱਲਾ ਹੀ ਮੁੰਡਾ ਸੀ। ਤਿੰਨ ਭੈਣਾਂ ਸਨ। ਦੋ ਵੱਡੀਆਂ ਵਿਆਹ ਕਾਹਨੂੰ ਉਸਦੇ ਵੈਲੀ ਪਿਉ ਨੇ ਵਾੜ ਵਿੱਚ ਸੁੱਟ ਦਿੱਤੀਆਂ ਸਨ। ਜੈਲੀ ਤੋਂ ਛੋਟੀ ਹੁਣ ਇੱਕ ਰਹਿੰਦੀ ਸੀ, ਜਿਸ ਨੂੰ ਉਹ ਦੀ ਮਾਂ ਕਹਿੰਦੀ ਹੁੰਦੀ ਸੀ- 'ਇਹ ਨੂੰ ਤਾਂ ਕਿਸੇ ਚੰਗੇ ਘਰ ਵਿਆਹਾਂਗੇ।' ਜੈਲੇ ਨੂੰ ਵੀ ਉਹ ਚਾਹੁੰਦੀ ਸੀ- 'ਦੋ ਅੱਖਰ ਢਿੱਡ 'ਚ ਪਾ ਲੇ ਤੇ ਕਿਸੇ ਨੌਕਰੀ ਦੇ ਸਿਰ ਹੋ ਜੇ।' ਢਿੱਡ ਬੰਨ੍ਹ ਕੇ ਜੈਲੇ ਨੂੰ ਉਸ ਦੀ ਮਾਂ ਨੇ ਅੱਠ ਜਮਾਤਾਂ ਪਾਸ ਕਰਵਾਈਆਂ ਸਨ ਤੇ ਹੁਣ ਆਪਣੇ ਭਰਾ ਨਾਲ ਮਿੱਠੀ ਪਿਆਰੀ ਹੋ ਕੇ ਜੈਲੇ ਨੂੰ ਉਸ ਕੋਲ ਛੱਡ ਦਿੱਤਾ ਸੀ। ਉਹ ਨੌਵੀ ਜਮਾਤ ਵਿੱਚ ਦਾਖ਼ਲ ਹੋ ਗਿਆ ਸੀ।

ਉਹਦਾ ਨਾਨਾ ਤੇ ਨਾਨੀ ਪੰਜ ਸਾਲ ਹੋਏ ਮਰ ਚੁੱਕੇ ਸਨ। ਉਹ ਦੇ ਦੋ ਮਾਮੇ ਜਿਨ੍ਹਾਂ ਵਿਚੋਂ ਇੱਕ ਫ਼ੌਜੀ ਸੀ-ਅਜੇ ਵੀ ਛੜਾ ਤੇ ਦੂਜਾ ਵਿਆਹਿਆ ਵਰ੍ਹਿਆ ਜੀਹਦੇ ਕੋਲ ਜੈਲਾ ਹੁਣ ਰਹਿੰਦਾ ਸੀ।

ਜੈਲੇ ਦੇ ਨਾਲ ਨੌਵੀਂ ਜਮਾਤ ਵਿੱਚ ਹੀ ਜੈਲੇ ਜਿੱਡਾ ਉਹ ਦੇ ਮਾਮੇ ਦਾ ਪੁੱਤ ਸੁਰਜੀਤ ਵੀ ਪੜ੍ਹਦਾ ਸੀ।

ਉਹ ਦੇ ਮਾਮੇ ਕੋਲ ਪੰਦਰਾਂ ਵੀਹ ਕਿੱਲੇ ਜ਼ਮੀਨ ਸੀ। ਸੀਰੀ ਰਲਾ ਕੇ ਉਹ ਨੇ ਵਾਹੀ ਦਾ ਕੰਮ ਵਧੀਆ ਤੋਰਿਆ ਹੋਇਆ ਸੀ। ਸੁਰਜੀਤ ਵੀ ਜਦੋਂ ਤੋਂ ਉਡਾਰ ਹੋਇਆ ਉਹ ਉਤਲੇ ਕੰਮ 'ਤੇ ਵਧੀਆ ਸਹਾਰਾ ਬਣ ਗਿਆ। ਛੁੱਟੀ ਵਾਲੇ ਦਿਨ ਖੇਤ ਰੋਟੀ ਲਿਜਾਣੀ ਹੁੰਦੀ, ਆਥਣੇ ਰੋਜ਼ ਸੀਰੀ ਟੋਕੇ ਵਾਲੀ ਮਸ਼ੀਨ ਫੇਰਦਾ ਤਾਂ ਬਹੁਤਾ ਕਰਕੇ ਸੁਰਜੀਤ ਹੀ ਰੁੱਗ ਲਾਉਂਦਾ।

ਜਿੱਦਣ ਦਾ ਜੈਲਾ ਉਸ ਘਰ ਵਿੱਚ ਆਇਆ, ਉਹ ਵੀ ਸੁਰਜੀਤ ਦੇ ਨਾਲ ਉਤਲੇ ਕੰਮ ਵਿੱਚ ਹੱਥ ਵਟਾਉਣ ਲੱਗ ਪਿਆ। ਜੈਲਾ ਭੱਜ ਭੱਜ ਕੰਮ ਕਰਦਾ। ਦਿਨੋਂ ਦਿਨ ਸੁਰਜੀਤ ਉਤਲੇ ਕੰਮ ਨੂੰ ਛੱਡਦਾ ਗਿਆ ਤੇ ਜੈਲਾ ਹੱਥ ਪਾਉਂਦਾ ਗਿਆ। ਸਰਜੀਤ ਦੀ ਮਾਂ ਵੀ ਹੁਣ ਜਿਵੇਂ ਸਰਜੀਤ ਤੋਂ ਡੱਕਾ ਦੂਹਰਾ ਨਹੀਂ ਸੀ ਕਰਵਾਉਣਾ ਚਾਹੁੰਦੀ। ਆਨੀ ਬਹਾਨੀ ਉਹ ਨਿੱਕੇ ਮੋਟੇ ਕੰਮ 'ਤੇ ਵੀ ਜੈਲੇ ਨੂੰ ਡੱਕਰੀਂ ਰੱਖਦੀ।

ਘਰ ਵਿੱਚ ਇੱਕ ਤੋਕੜ ਮੱਝ ਸੀ, ਜਿਸ ਨਾਲ ਚਾਹ ਦਾ ਪੂਰਾ ਪਟੀਂ ਜਾਂਦਾ ਸੀ। ਤੋਕੜ ਮਹਿੰ ਦਾ ਕੀ ਕਦੇ-ਕਦੇ ਦਿਨ ਵੀ ਭੰਨ ਦਿੰਦੀ ਸੀ। ਕਦੇ-ਕਦੇ ਚਾਹ ਕਰਕੇ ਵੀ ਜੋ ਕੁਝ ਦੁੱਧ ਬਚ ਰਹਿੰਦਾ ਤਾਂ ਸੁਰਜੀਤ ਦੀ ਮਾਂ ਉਸ ਨੂੰ ਤੱਤਾਂ ਕਰਕੇ ਰੱਖ ਛੱਡਦੀ। ਜੈਲੇ ਨੂੰ ਕਹਿੰਦੀ- ‘ਜਾਹ, ਬਾਹਰਲੇ ਘਰ ਆਪਣੇ ਮਾਮੇ ਨੂੰ ਉਸ ਨੂੰ ਦੇਖ ਕੇ ਆ, ਖੇਤੋਂ ਆ ਗਿਆ ਕਿ ਨਹੀਂ?' ਮਗਰੋਂ ਸੁਰਜੀਤ ਨੂੰ ਤੱਤਾ ਕੀਤਾ ਦੁੱਧ ਛੇਤੀ ਛੇਤੀ ਪੀਣ ਨੂੰ ਦਿੰਦੀ।

ਜੈਲੇ ਨੂੰ ਚਾਹ ਦਿੰਦੀ ਤਾਂ ਦੋ ਪਲੇ ਮਿਣ ਕੇ ਪਾਉਂਦੀ-ਪਲਾ ਵੀ ਊਣਾ ਰੱਖ ਕੇ।

ਇੱਕ ਦਿਨ ਜੈਲਾ ਹੱਥਾਂ 'ਤੇ ਹੀ ਦੋ ਰੋਟੀਆਂ ਰੱਖ ਕੇ ਲੱਸੀ ਵਿੱਚ ਰਲੀਆਂ ਲੂਣ ਮਿਰਚਾਂ ਨਾਲ ਬੁਰਕੀ ਟੇਮ ਟੇਮ ਖਾ ਰਿਹਾ ਸੀ। ਉਸ ਦੇ ਹੱਥੋਂ ਇੱਕ ਰੋਟੀ ਭੁੰਜੇ ਡਿੱਗ ਪਈ ਤੇ ਰੇਤੇ ਵਿੱਚ ਚੋਪੜੇ ਪਾਸਿਓਂ ਲਿੱਬੜ ਗਈ। ਜੈਲੇ ਨੇ ਉਹ ਰੋਟੀ ਭੌਰੂ ਕੁੱਤੇ ਮੂਹਰੇ ਵਘ੍ਹਾ ਮਾਰੀ। ਮਾਮੀ ਨੂੰ ਤਾਂ ਜਿਵੇਂ ਸੱਤੇ ਕੱਪੜੇ ਅੱਗ ਲੱਗ ਗਈ।ਕਹਿੰਦੀ- 'ਮਾਂ ਦਿਆਂ ਖਸਮਾਂ, ਕਣਕ ਪਤੈ ਸਿਉਨੇ ਨਾਲੋਂ ਮਹਿੰਗੀ ਹੋਈ ਪਈ ਐ ਤੇ ਤੂੰ ਕੁੱਤਿਆਂ ਬਿੱਲਿਆਂ ਮੂਹਰੇ ਚੱਕ ਚੱਕ ਸਿੱਟੀ ਜਾਨੈ। ਤੇਰਾ ਪਿਓ ਕੰਜਰ ਬੈਠੇ ਇੱਥੇ ਕਮਾਉਣ ਵਾਲਾ?' ਜੈਲੇ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਤੇ ਉਸ ਦੇ ਮੂੰਹ ਵਿਚਲੀ ਬੁਰਕੀ ਮੂੰਹ ਵਿੱਚ ਹੀ ਫੁਲ ਗਈ ਤੇ ਉਸ ਨੇ ਦੂਜੀ ਰੋਟੀ ਵੀ ਅੱਖ ਬਚਾ ਕੇ ਇੱਕ ਖੂੰਜੇ ਵਿੱਚ ਭੌਰੂ ਮੂਹਰੇ ਹੀ ਸਿੱਟ ਦਿੱਤੀ।

ਉਸ ਘਰ ਵਿੱਚ ਉਹ ਦਾ ਮਾਮਾ ਹੀ ਉਸ ਵਾਸਤੇ ਸਿਰਫ਼ ਇੱਕ ਸਹਾਰਾ ਸੀ। ਉਸ ਦੇ ਮੂੰਹੋਂ ਹੀ ਕਦੇ ਕਦੇ ਜੈਲੇ ਨੂੰ ਮੋਹ ਭਰਿਆ ਅੱਖਰ ਜੁੜਦਾ। ਜੈਲਾ ਪੜ੍ਹਾਈ ਵਿੱਚ ਬੜਾ ਹੁਸ਼ਿਆਰ ਸੀ। ਉਹ ਬਹੁਗੁਣਾ ਸੀ। ਭਾਵੇਂ ਸਬਕ ਆਦਿ ਯਾਦ ਕਰਨ ਵਿੱਚ ਉਹ ਨੂੰ ਬਹੁਤ ਘੱਟ ਸਮਾਂ ਮਿਲਦਾ, ਪਰ ਸਕੂਲ ਵਿੱਚ ਪ੍ਰਸ਼ਨਾਂ ਦੇ ਉੱਤਰ ਦੇਣ ਤੇ ਘਰ ਦਾ ਕੰਮ ਦਿਖਾਉਣ ਵਿਚ ਉਹ ਸਦਾ ਹੀ ਸੁਰਜੀਤ ਨਾਲੋਂ ਨਿੱਤਰਿਆ ਰਹਿੰਦਾ। ਇਸ ਕਰਕੇ ਸੁਰਜੀਤ ਵੀ ਉਸ ਨਾਲ ਈਰਖਾ ਰੱਖਦਾ ਸੀ। ਸੁਰਜੀਤ ਦੇ ਤੀਜੇ ਚੌਥੇ ਦਿਨ ਹੀ ਡੰਡੇ ਪੈ ਜਾਂਦੇ।ਉਸ ਦੀ ਮਾਂ ਨੂੰ ਜਦੋਂ ਇਹ ਪਤਾ ਲੱਗਦਾ ਤਾਂ ਉਹ ਬੜਾ ਕੁੜ੍ਹਦੀ ਤੇ ਜੈਲਾ ਉਸਨੂੰ ਅੱਖ ਤਿਣ ਰੜਕਦਾ ਰਹਿੰਦਾ।ਉਸਨੂੰ ਲੱਗਦਾ।ਜਿਵੇਂ ਜੈਲੇ ਦੇ ਹੁਸ਼ਿਆਰ ਹੋਣ ਕਰਕੇ ਹੀ ਸੁਰਜੀਤ ਦੇ ਡੰਡੇ ਪੈਂਦੇ ਹਨ।ਸੁਰਜੀਤ ਨੂੰ ਵੀ ਜੈਲਾ ਵਿਉਹ ਵਰਗਾ ਲੱਗਦਾ ਸੀ। ਇੱਕ ਦਿਨ ਸੁਰਜੀਤ ਨੇ ਜੈਲੇ ਦੀ ਅੰਗਰੇਜ਼ੀ ਦੇ ਲੇਖਾਂ ਵਾਲੀ ਕਾਪੀ ਚੋਰੀਓਂ ਚੁੱਕ ਲਈ ਤੇ ਚੁੱਲ੍ਹੇ ਵਿੱਚ ਡਾਹ ਦਿੱਤੀ। ਇੱਕ ਦਿਨ ਅਧਿਆਪਕ ਨੇ ਸਮਾਜਕ ਅਧਿਅਨ ਦਾ ਇੱਕ ਅਧਿਆਏ ਜ਼ਬਾਨੀ ਯਾਦ ਕਰਨ ਲਈ ਕਿਹਾ। ਸੁਰਜੀਤ ਕੋਲ ਸਮਾਜਕ ਅਧਿਐਨ ਦੀ ਕਿਤਾਬ ਕੋਈ ਨਹੀਂ ਸੀ ਤੇ ਜੈਲੇ ਦੀ ਸਮਾਜਕ ਅਧਿਅਨ ਦੀ ਕਿਤਾਬ ਚੁੱਕੀ ਤੇ ਗਵਾਂਢੀਆਂ ਦੀ ਖੂਹੀ ਵਿੱਚ ਸਿੱਟ ਦਿੱਤੀ ਜਦੋਂ ਕਿ ਜੈਲਾ ਬਾਹਰਲੇ ਘਰ ਸੀਰੀ ਨਾਲ ਕੁਤਰਾ ਕਰਵਾਉਣ ਗਿਆ ਹੋਇਆ ਸੀ।

ਸੁਰਜੀਤ ਇਹ ਸਾਰੀਆਂ ਘਤਿੱਤਾਂ ਜਦ ਆਪਣੀ ਮਾਂ ਨੂੰ ਦੱਸਦਾ ਤਾਂ ਉਹ ਬੜੀ ਖ਼ੁਸ਼ ਹੁੰਦੀ ਤੇ ਕਹਿੰਦੀ- 'ਪਚਿਊ ਲੱਗਿਆ ਹੋਇਐ ਇਹ ਮੁੰਡਾ ਤਾ। ਮੈਂ ਤਾਂ ਪਲੇਗ ਦੇ ਜਾਣੇ ਦਾ ਕਦੋਂ ਦਾ ਡੰਡਾ ਵੱਢ ਦਿੰਦੀ, ਪਰ ਤੇਰਾ ਪਿਓ ਕੰਜਰ ਪੱਟੀ ਨੀ ਬੰਨ੍ਹਣ ਦਿੰਦਾ।' ਹਾੜ ਹੁੰਦਾ ਜਾਂ ਸਿਆਲ, ਜੈਲਾ ਬਦਾਮੀ ਖੱਦਰ ਦੇ ਕੁੜਤੇ ਪਜਾਮੇ ਨਾਲ ਵਖ਼ਤ ਪੂਰਾ ਕਰੀਂ ਜਾਂਦਾ। ਸਿਆਲਾਂ ਵਿੱਚ ਖੱਦਰ ਉਸ ਨੂੰ ਠੰਡਾ ਨਹੀਂ ਸੀ ਲੱਗਦਾ ਤੇ ਹਾੜ੍ਹਾਂ ਵਿੱਚ ਮੁੜ੍ਹਕਾ ਨਹੀਂ ਸੀ ਲਿਆਉਂਦਾ। ਸਿਆਲਾਂ ਦੇ ਕੱਕਰਾਂ ਤੇ ਹਾੜ੍ਹੀ ਦੇ ਅੰਗਿਆਰਾਂ ਨਾਲ ਜਿਵੇਂ ਉਸ ਨੇ ਸਮਝੌਤਾ ਕੀਤਾ ਹੋਇਆ ਸੀ। ਸਿਆਲਾਂ ਵਿੱਚ ਨਹਾਉਣ ਨੂੰ ਕਦੇ ਉਸ ਨੂੰ ਕੋਸਾ ਪਾਣੀ ਨਹੀਂ ਸੀ ਮਿਲਿਆ। ਇਸ ਲਈ ਉਹ ਪੰਪ ਦੇ ਨਿੱਘੇ ਪਾਣੀ ਨਾਲ ਹੀ ਪੰਜ ਇਸ਼ਨਾਨਾ ਕਰਕੇ ਹੀ ਸਾਰ ਲੈਂਦਾ ਤੇ ਪਿੰਡੇ ਉਹ ਅੱਠਵੇਂ ਦਿਨ ਕੇਸੀ ਨਹਾਉਣ ਲੱਗਿਆ ਹੀ ਨਹਾਉਂਦਾ।

ਥਾਲੀ ਵਿੱਚ ਜਿੰਨੀਆਂ ਰੋਟੀਆਂ ਰੱਖ ਕੇ ਉਹ ਦੀ ਮਾਮੀ ਉਸ ਨੂੰ ਦੇ ਦਿੰਦੀ, ਉਹ ਓਨੀਆਂ ਹੀ ਖਾ ਕੇ ਖੜ੍ਹਾ ਹੋ ਜਾਂਦਾ ਤੇ ਆਪ ਮੂੰਹੋਂ ਕਦੇ ਹੋਰ ਰੋਟੀ ਨਹੀਂ ਸੀ ਮੰਗੀ। ਜਿੱਦਣ ਦਾ ਉਸ ਘਰ ਵਿੱਚ ਉਹ ਆਇਆ ਸੀ, ਦੁੱਧ ਕਦੇ ਮੂੰਹ ਨੂੰ ਲਾ ਕੇ ਨਹੀਂ ਸੀ ਦੇਖਿਆ। ਮੋਟੇ ਫੁੱਲ੍ਹੇ ਤੋ ਬੇਢਬੇ ਸਿਉਂਤੇ ਕੱਪੜੇ ਪਾ ਕੇ ਅਤੇ ਰੁੱਖੀ ਮਿੱਸੀ ਤੇ ਬੇਹੀ ਤਬੇਹੀ ਖਾ ਕੇ ਜੈਲਾ ਆਪਣੇ ਦਿਨ ਲੰਘਾਉਂਦਾ ਗਿਆ।

ਇੱਕ ਸਾਲ ਲੰਘ ਗਿਆ।ਜੈਲਾ ਤੇ ਸੁਰਜੀਤ ਦੋਵੇਂ ਦਸਵੀਂ ਵਿੱਚ ਹੋ ਗਏ।

ਭਾਵੇਂ ਘਰ ਦਾ ਉਤਲਾ ਕੰਮ ਉਸ ਦੇ ਸਿਰ ਚੜ੍ਹਿਆ ਹੀ ਰਹਿੰਦਾ, ਪਰ ਉਹ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਰੱਖਦਾ ਸੀ। ਜੈਲੇ ਦੀ ਮਾਂ ਕਦੇ ਚੌਥੇ ਪੰਜਵੇਂ ਮਹੀਨੇ ਗੇੜਾ ਮਾਰ ਜਾਂਦੀ ਤੇ ਉਸ ਦੀ ਸੁੱਖ ਸਾਂਦ ਲੈ ਜਾਂਦੀ। ਜੈਲਾ ਆਪ ਤਾਂ ਦੋ ਵਾਰ ਹੀ ਸਿਰਫ਼ ਪਿੰਡ ਗਿਆ ਸੀ। ਇੱਕ ਵਾਰੀ ਪਿਛਲੇ ਸਾਲ ਗਰਮੀ ਦੀਆਂ ਛੁੱਟੀਆਂ ਵਿੱਚ ਤੇ ਇੱਕ ਵਾਰੀ ਇਸ ਸਾਲ ਗਰਮੀ ਦੀਆਂ ਛੁੱਟੀਆਂ ਵਿੱਚ।

ਜੈਲੇ ਦੀ ਮਾਂ ਜਦ ਕਦੇ ਆਉਂਦੀ ਉਸ ਕੋਲ ਉਹ ਦੀ ਮਾਂਮੀ ਸੌ ਸੌ ਚਤਰਾਈਆਂ ਘੋਟਦੀ- ‘ਜੈਲੇ ਦਾ ਤਾਂ ਰਹਿਣ ਤੇ ਦੀਦਾ ਨੀ। ਨਣਦੇ, ਭਾਵੇਂ ਬੁਰਾ ਮਨਾਈ, ਧੀ ਭੈਣ ਦੀ ਆਣ ਤਾਂ ਇਹ ਨੂੰ ਡੱਕਾ ਨੀ।' ਜੈਲੇ ਦੀ ਮਾਂ ਕੌੜਾ ਕਸੈਲਾ ਕਰਕੇ ਸੁਣ ਲੈਂਦੀ ਤੇ ਮਾਮੀ ਹੋਰ ਕੁਫ਼ਰ ਤੋਲ ਦਿੰਦੀ- 'ਦਰਵਾਜ਼ੇ ਦੇ ਬਾਰ ਮੂਹਰੇ ਜਾ ਕੇ ਆਥਣੇ ਕੇਸ ਵਾਹੁਣ ਬੈਠ ਜਾਂਦੈ। ਕੁੜੀਆਂ ਮੁਟਿਆਰਾਂ ਲੰਘਦੀਆਂ ਨੇ ਤਾਂ ਅੱਖਾਂ ਪਾੜ ਪਾੜ ਦੇਖਦਾ ਘੰਟਾ ਘੰਟਾ ਉੱਥੇ ਈ ਖੜਾ ਰਹਿੰਦੈ, ਫੇਰ ਮੈਂ ਤਾਂ ਡਰਦੀਆਂ, ਕੋਈ ਉਲਾਂਭਾ ਨਾ ਖੱਟ ਦੇ।' ਤੇ ਫੇਰ ਆਪਣੇ ਪੁੱਤ ਦੀ ਵਡਿਆਈ ਮਾਰਦੀ- 'ਸੁਰਜੀਤ ਐ ਸਾਡਾ, ਧਰਤੀ ਉੱਤੋਂ ਅੱਖ ਨੀ ਚੁੱਕਦਾ। ਉਹਨੂੰ ਜਮਈਂ ਪਤਾ ਨਹੀਂ, ਬਈ ਇਹ ਕੀ ਗੱਲਾਂ ਹੁੰਦੀਐ।'

ਦਸਵੀਂ ਦੇ ਇਮਤਿਹਾਨ ਹੋਏ ਤੇ ਜੈਲਾ ਇਮਤਿਹਾਨ ਦੇ ਕੇ ਆਪਣੇ ਪਿੰਡ ਨੂੰ ਇਉਂ ਭੱਜ ਨਿਕਲਿਆ, ਜਿਵੇਂ ਜੇਲ੍ਹ ਵਿਚੋਂ ਕੈਦੀ।ਉਸ ਨੇ ਮਥ ਰੱਖੀ ਸੀ- 'ਭਾਵੇਂ ਫੇਲ੍ਹ ਹੋ ਜਾਵਾਂ, ਮੁੜਕੇ ਨਾਨਕੀ ਨੀ ਔਣਾ।' ਉਸ ਨੇ ਸਦਾ ਲਈ ਉਸ ਪਿੰਡ ਨੂੰ ਜਿਵੇਂ ਮੱਥਾ ਟੇਕ ਦਿੱਤਾ ਸੀ।

ਪਿੰਡ ਜਾ ਕੇ ਪੰਦਰਾਂ-ਵੀਹ ਦਿਨਾਂ ਪਿੱਛੋਂ ਹੀ ਜੈਲੇ ਨੇ ਪਿੰਡ ਦੀ ਕੋਆਪ੍ਰੇਟਿਵ ਬੈਂਕ ਵਿੱਚ ਕੱਚੀ ਨੌਕਰੀ ਕਰ ਲਈ। ਦਸਵੀਂ ਦੇ ਨਤੀਜੇ ਨਿਕਲੇ ਤਾਂ ਜੈਲਾ ਦੂਜੇ ਨੰਬਰ ਵਿੱਚ ਪਾਸ ਹੋਇਆ ਤੇ ਸੁਰਜੀਤ ਫੇਲ੍ਹ। ਉਸ ਨੂੰ ਮਹਿਸੂਸ ਹੋਇਆ, ਜਿਵੇਂ ਉਸ ਦੀ ਮਾਮੀ ਦੇ ਮਨ ਵਿੱਚ ਉਸ ਦਾ ਪਾਸ ਹੋ ਜਾਣਾ ਜੈਲੇ 'ਤੇ ਆਖ਼ਰੀ ਲਾਹਣਤ ਸੀ।