ਪੰਜਾਬੀ ਕੈਦਾ/ਰਹਿਲ ਜੱਟ: ਚਰਨ ਪੁਆਧੀ

ਵਿਕੀਸਰੋਤ ਤੋਂ
Jump to navigation Jump to search

ਕਾਵਿਕ-ਸੰਪਾਦਿਕੀ

ਰਹਿਲ ਜੱਟ: ਚਰਨ ਪੁਆਧੀ

ਪਿੰਡ ਅਰਨੌਲੀ ਭਾਈ ਜੀ ਕੀ, ਸ਼ੋਭਾ ਪਾਵੇ, ਚਰਨ ਪੁਆਧੀ
ਰਹਿਲ ਜੱਟ ਹੈ, ਖੁਸ਼ਦਿਲ ਲੇਖਕ, ਰੰਗ ਜਮਾਵੇ, ਚਰਨ ਪੁਆਧੀ।

ਬਾਲ ਸਾਹਿਤ ਦੀਆਂ ਪੰਜ ਕਿਤਾਬਾਂ, ਇਸ ਤੋਂ ਪਹਿਲਾਂ ਛਾਪੀ ਬੈਠੈ,
ਛੇਵਾਂ ਇਹੇ 'ਪੰਜਾਬੀ ਕੈਦਾ', ਨਵਾਂ ਛਪਾਵੇ, ਚਰਨ ਪੁਆਧੀ।

"ਆਓ ਪੰਜਾਬੀ ਸਿੱਖੀਏ ਪੜੀਏ", "ਆਓ ਪੰਜਾਬੀ ਗੀਤ ਸੁਣਾਮਾਂ",
"ਮੋਘੇ ਵਿਚਲੀ ਚਿੜੀ" ਚੂਕਦੀ, ਗੀਤ ਸੁਣਾਵੇ, ਚਰਨ ਪੁਆਧੀ।

"ਏਕ ਬਾਰ ਕੀ ਬਾਤ ਹੈ" ਨਿਆਰੀ, ਪੁਆਧੀ ਭਾਸ਼ਾ ਮੇਂ ਲਿਖ ਮਾਰੀ,
"ਰੇਲੂ ਰਾਮ ਦੀ ਬੱਸ" ਚਲਾਈ, ਖੂਬ ਹਸਾਵੇ, ਚਰਨ ਪੁਆਧੀ।

ਤਿਆਰ ਪਏ ਇਕ ਦਰਜਨ ਖਰੜੇ, ਉਹ ਵੀ ਛਪ ਜਾਣੇ ਹਨ ਛੇਤੀ,
ਨਾਵਲ ਅਤੇ ਕਹਾਣੀ, ਕਵਿਤਾ, ਗੀਤ ਪੜ੍ਹਾਵੇ, ਚਰਨ ਪੁਆਧੀ।

ਊਠ, ਆਜੜੀ, ਇੰਜਣ, ਸੂਈ, ਹਾਰਾ, ਕੁੱਤਾ, ਖੁਰਲੀ, ਗੰਗਾ,
ਘੱਗਰ, ਙਿਆਨੀ, ਚੱਕੀ, ਛਾੱਬਾ, ਲਿਖਦਾ ਜਾਵੇ, ਚਰਨ ਪੁਆਧੀ।

ਜੁੱਤੀ, ਝਾੜੂ, ਞਿੰਆਣਾ, ਟਿੱਬਾ, ਠਾਕੁਰਦੁਆਰਾ, ਡੰਗਰਵਾੜਾ,
ਢਾਰਾ, ਣਾਣਾ-ਮਾਣਾ, ਤੂੰਬੀ, ਖੂਬ ਵਜਾਵੇ, ਚਰਨ ਪੁਆਧੀ।

ਦਾਤੀ, ਧਰਤੀ ਅਤੇ ਨਸੁਕੜਾ, ਪਲੰਘ, ਫੁੱਲ ਤੇ ਬੱਤਖ, ਭੇਲੀ,
ਮੰਜਾ, ਯੱਕਾ ਅਤੇ ਰਜਾਈ, ਗਰਮ ਭਰਾਵੇ, ਚਰਨ ਪੁਆਧੀ।

ਲੇਖਕ, ਵਰਖਾ, ੜਾੜਾ, ਸ਼ਹਿਰੀ, ਸਹਾ, ਗ਼ੁਬਾਰਾ, ਅਤੇ ਜ਼ੰਜੀਰੀ,
ਫ਼ੁਹਾਰਾ, ਲ਼ੱਲਾ, ਗੀਤ ਨਰਸਰੀ, ਤੁਰਤ ਬਣਾਏ, ਚਰਨ ਪੁਆਧੀ।

ਲਾਉਂਦਾ ਹੈ ਜਦ, ਸਾਧ-ਸਮਾਧੀ, ਕਵਿਤਾ ਰਚਦਾ, ਸਰਲ ਸੁਆਦੀ।
ਕਾਵਿ-ਮੂਰਤੀ, ਸਰਸਵਤੀ ਨੂੰ, ਅਰਘ ਚੜ੍ਹਾਵੇ, ਚਰਨ ਪੁਆਧੀ।

ਕਾਵਿਕ-ਚੱਕ, ਏਸ ਦਾ ਚੱਲੇ, ਚੱਲੇ, ਸੁੰਦਰ, ਭਾਂਡੇ ਘੱਲੇ,
ਘੱਲੇ ਕਾਵਿ-ਮਹਿਕ ਦੇ ਛੱਲੇ, ਛੱਲੇ ਪਾਵੇ, ਚਰਨ ਪੁਆਧੀ।

ਮਿਤੀ: ਅਕਤੂਬਰ 27, 2018

--ਜੰਗ ਸਿੰਘ ਸਿੱਧੂ (ਫੱਟੜ)
ਸੰਚਾਲਕ:- ਕਵਿਤਾ ਸਕੂਲ ਸ਼ੇਰਪੁਰ
ਸੰਗਰੂਰ-148025
ਮੋ: 93160-52038